“ਗੁਰਮੀਤ ਸਿੰਘ ਪਲਾਹੀ ਇਹ ਵੀ ਲਿਖਦਾ ਹੈ ਕਿ ਪੰਜਾਬ ਦੀ ਤਬਾਹੀ ਕਰਨ ਵਾਲੇ ...”
(8 ਅਪਰੈਲ 2026)
ਗੁਰਮੀਤ ਸਿੰਘ ਪਲਾਹੀ ਸੰਵੇਦਨਸ਼ੀਲ ਤੱਥਾਂ ਦੀ ਗਵਾਹੀ ਨਾਲ ਲਿਖਣ ਵਾਲਾ ਲੇਖਕ ਹੈ। ਉਹ ਸਥਾਪਤ, ਇਨਸਾਫ ਪਸੰਦ, ਦਲੇਰ ਅਤੇ ਧੜੱਲੇਦਾਰ ਵਿਦਵਾਨ ਲੇਖਕ ਹੈ। ਉਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਾਲਮ ਨਵੀਸ ਹੈ। ਉਸਦੀਆਂ ਹੁਣ ਤਕ 13 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। “ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ” ਉਸਦੀ 14ਵੀਂ ਲੇਖ ਸੰਗ੍ਰਿਹਾਂ ਦੀ ਪੁਸਤਕ ਹੈ। ਇਸ ਪੁਸਤਕ ਨੂੰ ਪਰਵਿੰਦਰਜੀਤ ਸਿੰਘ ਅਤੇ ਕਮਲੇਸ਼ ਸੰਧੂ ਨੇ ਸੰਪਾਦਿਤ ਕੀਤਾ ਹੈ। ਦੋਹਾਂ ਸੰਪਾਦਕਾਂ ਨੇ ਇਸ ਪੁਸਤਕ ਵਿੱਚ ਉਸਦੇ ਵੱਖ-ਵੱਖ ਵਿਸ਼ਿਆਂ ’ਤੇ ਵੱਖ-ਵੱਖ ਸਮੇਂ ਲਿਖੇ 51 ਲੇਖ ਸ਼ਾਮਲ ਕੀਤੇ ਹਨ, ਜਿਹੜੇ ਦੇਸ਼ ਵਿਦੇਸ਼ ਵਿੱਚ ਪ੍ਰਕਾਸ਼ਤ ਹੋਣ ਵਾਲੇ ਅਖਬਾਰਾਂ ਅਤੇ ਵੈੱਬ ਸਾਈਟਾਂ ਦਾ ਸ਼ਿੰਗਾਰ ਬਣ ਚੁੱਕੇ ਹਨ। ਇਨ੍ਹਾਂ ਲੇਖਾਂ ਦੇ ਵਿਸ਼ੇ ਲੋਕਾਈ ਦੇ ਦਰਦ ਦੀ ਦਾਸਤਾਂ ਹਨ।
ਦੇਸ਼ ਵਿਦੇਸ਼ ਖਾਸ ਤੌਰ ’ਤੇ ਪੰਜਾਬ ਵਿੱਚ ਵਾਪਰਨ ਵਾਲੀਆਂ ਤੱਤਕਾਲੀ ਘਟਨਾਵਾਂ ਬਾਰੇ ਗੁਰਮੀਤ ਸਿੰਘ ਪਲਾਹੀ ਦੇ ਬੇਬਾਕੀ ਨਾਲ ਲਿਖੇ ਲੇਖ ਇਸ ਲੇਖ ਸੰਗ੍ਰਹਿ ਵਿੱਚ ਸ਼ਾਮਲ ਕੀਤੇ ਗਏ ਹਨ। ਲੇਖ ਸੰਗ੍ਰਹਿ ਦੇ ਨਾਮ ਵਾਲਾ ਪਹਿਲਾ ਲੇਖ “ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ” ਵਿੱਚ ਦੇਸ਼ ਦੀ ਗ਼ਰੀਬੀ, ਕੰਗਾਲੀ, ਦਰਿੱਦਰਤਾ ਅਤੇ ਥੁੜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖ ਵਿੱਚ ਸਵਾਰਥੀ ਸਿਆਸਤਦਾਨਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ’ਤੇ ਕੀਤੇ ਕਬਜ਼ਿਆਂ ਦਾ ਬ੍ਰਿਤਾਂਤ ਦਿੱਤਾ ਗਿਆ ਹੈ। ਲੋਕਾਂ ਨੂੰ ਮੁਫਤਖ਼ੋਰੇ ਬਣਾ ਦਿੱਤਾ ਹੈ। “ਪੱਤਰਕਾਰਾਂ ਦੀ ਹੱਤਿਆਵਾਂ ਪ੍ਰੈੱਸ ਦੀ ਅਜ਼ਾਦੀ ਲਈ ਖਤਰਾ” ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਔਸਤਨ ਹਰ ਰੋਜ਼ 91 (? --- ਸੰਪਾਦਕ) ਪੱਤਰਕਾਰਾਂ ਦੇ ਕਤਲ ਹੋ ਰਹੇ ਹਨ। ਲੋਕ-ਹਿਤੈਸ਼ੀ ਪੱਤਰਕਾਰਾਂ ਲਈ ਚੁਣੌਤੀਆਂ ਬਰਕਰਾਰ ਹਨ। “ਨਫਰਤ ਦੇ ਅੰਗ-ਸੰਗ ਦੇਸ਼ ਮਹਾਨ” ਲੇਖ ਵਿੱਚ ਨਸਲਵਾਦ, ਨਫਰਤੀ ਭਾਸ਼ਣਾਂ ਅਤੇ ਬਿਆਨਾਂ ਦੀ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। 2023 ਦੀ ਰਿਪੋਰਟ ਅਨੁਸਾਰ 107 ਵਿਧਾਇਕ ਅਤੇ ਸੰਸਦ ਮੈਂਬਰਾਂ ਵੱਲੋਂ ਨਫਰਤੀ ਭਾਸ਼ਣ ਕੀਤੇ ਗਏ। ਇਨ੍ਹਾਂ ’ਤੇ ਐੱਫਆਈ.ਆਰ. ਸੁਪਰੀਮ ਕੋਰਟ ਦੇ ਹੁਕਮਾਂ ਨਾਲ ਕਰਵਾਉਣੀਆਂ ਪਈਆਂ ਹਨ। “ਸੁਪਨਿਆਂ ਅਤੇ ਹਕੀਕਤ ਦਰਮਿਆਨ” ਲੇਖ ਵਿੱਚ ਕਹਿਣੀ ਅਤੇ ਕਰਨੀ ਦੇ ਅੰਤਰ ਬਾਰੇ ਦੱਸਿਆ ਗਿਆ ਹੈ। ਨੇਤਾ ਜੋ ਕਹਿੰਦੇ ਹਨ, ਉਹ ਅਸਲ ਵਿੱਚ ਨਹੀਂ ਹੁੰਦਾ। ਦੂਸ਼ਿਤ ਪਾਣੀ ਨਾਲ ਲੋਕ ਮਰ ਰਹੇ ਹਨ। 2047 ਤਕ ਵਿਕਸਿਤ ਹੋਣ ਦਾ ਸੁਪਨਾ ਹਕੀਕਤਾਂ ਤੋਂ ਦੂਰ ਹੈ। “ਲੋਕਤੰਤਰ, ਭਾਰਤੀ ਸਿਆਸਤ ਅਤੇ ਚੀਜ਼ਾਂ ਦੀ ਮੁਫਤ ਵੰਡ” ਲੇਖ ਵਿੱਚ ਦੱਸਿਆ ਹੈ ਕਿ ਵੋਟਾਂ ਮੁਫਤ ਚੀਜ਼ਾਂ ਦੇ ਕੇ ਖ੍ਰੀਦੀਆਂ ਜਾਂਦੀਆਂ ਹਨ। “ਨਸ਼ਿਆਂ ਦੀ ਦਲਦਲ-ਵੱਡੀ ਚੁਣੌਤੀ” ਵਿੱਚ ਦੱਸਿਆ ਕਿ ਨਸ਼ਿਆਂ ਦੇ ਮਾਫ਼ੀਏ ਸਰਗਰਮ ਹਨ। ਨਸ਼ਿਆਂ ਦੀ ਤਸਕਰੀ ਜ਼ੋਰਾਂ ’ਤੇ ਹੈ। “ਵਧਦੇ ਆਰਥਿਕ ਪਾੜੇ ਦੇ ਵਿਚਕਾਰ ‘ਜੀ ਰਾਮ ਜੀ?” ਵਿੱਚ ਦੱਸਿਆ ਹੈ ਕਿ ਮਨਰੇਗਾ ਦਾ ਨਾਮ ਬਦਲਕੇ ਕੇਂਦਰ ਤੇ ਰਾਜ ਸਰਕਾਰ ਦਾ ਹਿੱਸਾ 60:40 ਕਰ ਦਿੱਤਾ। ਰਾਜਾਂ ਨੇ ਆਪਣਾ ਹਿੱਸਾ ਦੇ ਨਹੀਂ ਸਕਣਾ। ਕੇਂਦਰ ਨੇ ਆਪਣੇ ਗਲੋਂ ਲਾਹ ਦਿੱਤਾ। ਰੋਜ਼ਗਾਰ 100 ਤੋਂ 150 ਦਿਨ ਕਰ ਦਿੱਤਾ, ਜਦੋਂ ਕਿ 40 ਦਿਨਾਂ ਤੋਂ ਵੱਧ ਰੋਜ਼ਗਾਰ ਕਦੇ ਦਿੱਤਾ ਹੀ ਨਹੀਂ ਗਿਆ। “ਬੰਦੇ ਮਾਤਰਮ ਬਨਾਮ ਜਨ ਗਣ ਮਨ” ਲੇਖ ਅਨੁਸਾਰ ਰਾਜਨੀਤਕ ਸਟੰਟ ਹੈ। ਜਨ ਗਣ ਮਨ 1937 ਤੋਂ ਚੱਲ ਰਿਹਾ ਹੈ।
ਇਨ੍ਹਾਂ ਤੋਂ ਇਲਾਵਾ ਜਿਹੜੇ ਲੇਖ ਇਸ ਪੁਸਤਕ ਦਾ ਮਾਣ ਵਧਾ ਰਹੇ ਹਨ, ਉਹ ਸਾਰੇ ਵੰਨ-ਸਵੰਨੇ ਵਿਸ਼ਿਆਂ ’ਤੇ ਹਨ। ਕਹਿਣ ਦਾ ਭਾਵ ਹੈ ਕਿ ਕੋਈ ਅਜਿਹਾ ਵਿਸ਼ਾ, ਭਾਵੇਂ ਉਹ ਕਿਸੇ ਕੁਰੀਤੀ ਨਾਲ ਸੰਬੰਧਤ ਹੋਵੇ ਤੇ ਭਾਵੇਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਮਾਨਵਤਾ ਦੇ ਹਿਤਾਂ ਦੀ ਅਣਵੇਖੀ ਹੋ ਰਹੀ ਹੋਵੇ, ਉਸਤੇ ਗੁਰਮੀਤ ਸਿੰਘ ਪਲਾਹੀ ਦੀ ਕਲਮ ਆਪ ਮੁਹਾਰੇ ਲਿਖਣ ਲੱਗ ਜਾਂਦੀ ਹੈ। ਉਹ ਆਪਣੇ ਲੇਖਾਂ ਵਿੱਚ ਗੋਦੀ ਮੀਡੀਆ ਨੂੰ ਵੀ ਆੜ੍ਹੇ ਹੱਥੀਂ ਲੈਂਦਾ ਹੈ। ਉਸਦੇ ਬਹੁਤੇ ਲੇਖ ਪੰਜਾਬ ਹਿਤੈਸ਼ੀ ਹਨ। ਪੰਜਾਬ ਦੇ ਵਿਕਾਸ ਨਾਲ ਸੰਬੰਧਤ ਉਹ ਹਰ ਮੁੱਦੇ ਬਾਰੇ ਲੇਖ ਲਿਖਦਾ ਹੈ। ਗੁਰਮੀਤ ਸਿੰਘ ਪਲਾਹੀ ਘੱਟ ਗਿਣਤੀਆਂ, ਮੁਸਲਮਾਨਾਂ, ਸਿੱਖ ਕੈਦੀਆਂ, ਸੀ.ਬੀ.ਆਈ. ਅਤੇ ਈ.ਡੀ. ਮਨੀਪੁਰ, ਸੰਚਾਰ ਸਾਥੀ, ਵੋਟ ਚੋਰੀ, ਗ਼ਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਪੈਨਸ਼ਨ, ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਉਸਦੇ ਵਾਦ-ਵਿਵਾਦ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਉਹ ਲਿਖਦਾ ਰਹਿੰਦਾ ਹੈ।
ਗੁਰਮੀਤ ਸਿੰਘ ਪਲਾਹੀ ਨੇ ਇਸ ਪੁਸਤਕ ਵਿੱਚ ਸਿਰਫ ਭਾਰਤ ਵਿੱਚ ਹੋ ਰਹੀਆਂ ਸਰਗਰਮੀਆਂ/ਘਟਨਾਵਾਂ ਬਾਰੇ ਹੀ ਨਹੀਂ ਲਿਖਿਆ, ਸਗੋਂ ਸੰਸਾਰ ਵਿੱਚ ਖਾਸ ਤੌਰ ’ਤੇ ਡੌਨਲਡ ਟਰੰਪ ਦੀਆਂ ਆਪ ਹੁਦਰੀਆਂ ਬਾਰੇ ਵੀ ਲਗਾਤਾਰ ਲਿਖਿਆ ਹੈ। ਉਹ “ਜੰਗ ਬਨਾਮ ਟਰੰਪ ਕਾਰਡ”, “ਕੌਤਕੀ ਟਰੰਪ: ਦੁਨੀਆਂ ਲਈ ਖਤਰਾ”, “ਉਜਾੜਾ ਅਤੇ ਪਰਵਾਸ ਅਤਿਅੰਤ ਪੀੜਦਾਇਕ”, “ਵਪਾਰਕ ਹਥੌੜੇ ਦੀ ਮਾਰ ਅਤੇ ਚੂਰ-ਚੂਰ ਹੋ ਰਹੇ ਲੋਕ ਸੁਪਨੇ” ਲੇਖਾਂ ਵਿੱਚ ਟਰੰਪ ਦੇ ਏਕਾ ਅਧਿਕਾਰ ਦੇ ਹੁਕਮ, ਧੱਕੇਸ਼ਾਹੀ, ਪਨਾਮਾ ਨਹਿਰ, ਕੈਨੇਡਾ, ਗ੍ਰੀਨਲੈਂਡ ਅਤੇ ਗਾਜ਼ਾਪੱਟੀ ਹਥਿਆਉਣ ਦੀਆਂ ਚਾਲਾਂ, ਪਰਵਾਸੀਆਂ ਨੂੰ ਹੱਥਕੜੀਆਂ ਲਾਕੇ ਵਾਪਸ ਭੇਜਣ, ਸੀਰੀਆ ਦਾ ਉਜਾੜਾ, ਯੁਕਰੇਨ ਜੰਗ, ਟਰੰਪ ਦੀ ਥਾਣੇਦਾਰੀ, ਰਾਸ਼ਟਰਵਾਦ, ਜੰਗਾਂ ਲਵਾਉਣ ਤੇ ਬੰਦ ਕਰਵਾਉਣ ਦੇ ਪਾਜ ਖੋਲ੍ਹਦਾ ਹੈ। ਯੂਰਪ ਵਿੱਚ ਕੱਟੜਪੰਥੀ ਦਲ ਅਤੇ ਫਾਸ਼ੀਵਾਦ ਵਿਚਾਰਾਂ ਵਾਲੇ ਲੋਕਾਂ ਦਾ ਬੋਲਬਾਲਾ ਹੋ ਰਿਹਾ ਹੈ। ਕੈਨੇਡਾ ਨੇ ਇੰਮੀਗਰੇਸ਼ਨ ਰੂਲਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਨ੍ਹਾਂ ਦੇਸ਼ਾਂ ਵਿੱਚ ਧਰੁਵੀਕਰਨ ਵਧ ਰਿਹਾ ਹੈ। ਵਿਸ਼ਵ ਦੀ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਨਾਗਰਿਕ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਚੋਣਾਂ ਜਿੱਤਕੇ ਉੱਚ ਅਹੁਦਿਆਂ ’ਤੇ ਪਹੁੰਚੇ ਹੋਏ ਹਨ। ਭਾਰਤ ਵਿੱਚ ਅੰਨ੍ਹਾ ਹਜ਼ਾਰੇ ਅੰਦੋਲਨ, ਆਪ ਪਾਰਟੀ ਦਾ ਅਚਾਨਕ ਦਿੱਲੀ ਵਿੱਚ ਆਉਣਾ ਤੇ ਜਾਣਾ, ਸੰਸਦਾਂ ਅਤੇ ਵਿਧਾਇਕਾਂ ਦੇ ਕਾਰਨਾਮੇ, ਅਪ੍ਰਾਧਿਕ ਪਿਛੋਕੜ, ਜਵਾਬਦਾਹੀ ਗਾਇਬ ਹੋਣਾ, ਮੁਫਤਖ਼ੋਰੀ ਲੌਲੀਪਾਪ, ਤ੍ਰੈ-ਭਾਸ਼ਾਈ ਫਾਰਮੂਲਾ ਲਾਗੂ ਕਰਕੇ ਰਾਜਾਂ ਦਾ ਗਲਾ ਘੁੱਟਣਾ, ਵਿਵਾਦਿਤ ਸਿੱਖਿਆ ਨੀਤੀ, ਵਕਫ ਸੋਧ ਕਾਨੂੰਨ ਰਾਹੀਂ ਘੱਟ ਗਿਣਤੀਆਂ ਨੂੰ ਤੰਗ ਕਰਨਾ, ਪਹਿਲਗਾਮ ਘਟਨਾ ਆਦਿ ਬਾਰੇ ਵਿਸਤਾਰ ਨਾਲ ਲਿਖਕੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੇ ਵਰਤਮਾਨ ਹਾਲਾਤ ਨੂੰ ਔਰੰਗਜ਼ੇਬ ਦੇ ਬਰਾਬਰ ਕਹਿਕੇ ਨਿੰਦਿਆ ਹੈ।
ਗੁਰਮੀਤ ਸਿੰਘ ਪਲਾਹੀ ਇਹ ਵੀ ਲਿਖਦਾ ਹੈ ਕਿ ਪੰਜਾਬ ਦੀ ਤਬਾਹੀ ਕਰਨ ਵਾਲੇ ਕਾਰਨਾਂ ਨੂੰ ਲੱਭਕੇ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਚਾਹੀਦੀ ਹੈ। ਪੰਜਾਬੀਆਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਸਿੱਖਿਆ ਨੀਤੀ ਵਿੱਚ ਸੋਧ ਜ਼ਰੂਰੀ ਹੈ। ਅਧਿਆਪਕਾਂ ਦੀ ਘਾਟ ਹੈ, ਪ੍ਰੰਤੂ ਆਈਲੈਟ ਸੈਂਟਰਾਂ ਦੀ ਗਿਣਤੀ ਜ਼ਿਆਦਾ ਹੈ। ਜਾਤੀਵਾਦ ਮਰਦਮਸ਼ੁਮਾਰੀ ਸਿਆਸਤ ਤੋਂ ਪ੍ਰੇਰਿਤ ਹੈ। ਸਿਆਸੀ ਲੋਕ ਮਹਾਰਾਜਿਆਂ ਦੀ ਤਰ੍ਹਾਂ ਵਿਚਰ ਰਹੇ ਹਨ, ਉਨ੍ਹਾਂ ਨੂੰ ਆਪਣਾ ਵਿਵਹਾਰ ਬਦਲਣਾ ਪਵੇਗਾ। ਗੁਰਮੀਤ ਸਿੰਘ ਪਲਾਹੀ ਨੇ ਆਪਣੇ ਇੱਕ ਲੇਖ ਵਿੱਚ ਚਿੰਤਾ ਪ੍ਰਗਟ ਕੀਤੀ ਹੈ ਕਿ ਜਿਸ ਪ੍ਰਕਾਰ ਸੰਵਿਧਾਨ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਇਉਂ ਲਗਦਾ ਹੈ ਕਿ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਸੰਵਿਧਾਨ ਵਿੱਚੋਂ ਕੱਢ ਦਿੱਤੇ ਜਾਣਗੇ। ਭਾਰਤੀ ਕਿਸਾਨਾਂ ਦੀ ਸਥਿਤੀ ਬਾਰੇ ਲਿਖਦਿਆਂ ਲੇਖਕ ਨੇ ਦੱਸਿਆ ਹੈ ਕਿ ਕਾਗਜ਼ਾਂ ਵਿੱਚ ਛੋਟੇ ਮੋਟੇ ਲਾਭ ਕਿਸਾਨਾਂ ਨੂੰ ਦਿੱਤੇ ਗਏ, ਪ੍ਰੰਤੂ ਅਮਲੀ ਤੌਰ ’ਤੇ ਕਿਸਾਨ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਹੁਤੀ ਸਫਲ ਨਹੀਂ ਹੋਈ, ਸਗੋਂ ਗ਼ਰੀਬ ਅਤੇ ਅਮੀਰ ਦਾ ਪਾੜਾ ਵਧ ਰਿਹਾ ਹੈ। ਜਿਸ ਬਦਲਾਅ ਦੀ ਉਮੀਦ ਸੀ, ਉਹ ਬਦਲਾਅ ਆਉਣ ਵਿੱਚ ਅਜੇ ਸਮਾਂ ਲੱਗੇਗਾ। ਸੜਕਾਂ ਦਾ ਨਿਰਮਾਣ ਚੰਗੇ ਢੰਗ ਨਾਲ ਹੋ ਗਿਆ ਹੈ।
ਗੁਰਮੀਤ ਸਿੰਘ ਪਲਾਹੀ ਲਿਖਦੇ ਹਨ ਕਿ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਦਲਣ ਸੰਬੰਧੀ ਕਾਂਗਰਸ ਨੂੰ ਇੱਕ ਹੋਰ ਅੰਦੋਲਨ, ਜਿਸਦਾ ਨਾਮ ਦੂਜੀ ਅਜ਼ਾਦੀ ਦੀ ਲੜਾਈ, ਰੱਖਕੇ ਚਲਾਉਣਾ ਪਵੇਗਾ। ਬਿਹਾਰ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਵਰਤੇ ਗਏ ਹੱਥਕੰਡਿਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਬਿਹਾਰ ਜਿੱਤਿਆ ਨਹੀਂ, ਸਗੋਂ ਹਥਿਆਇਆ ਗਿਆ ਹੈ। ਰਾਜਪਾਲ ਰਾਜ ਸਰਕਾਰਾਂ ਦੀ ਕਾਰਗੁਜ਼ਾਰੀ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ। ਪੰਜਾਬ ਵਿੱਚੋਂ ਰੀਜਨਲ ਪਾਰਟੀਆਂ ਦੀ ਸਥਿਤੀ ਡਾਵਾਂਡੋਲ ਹੈ। ਕੇਂਦਰ ਨੂੰ ਪੰਜਾਬ ਦੇ ਹਿਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪੰਜਾਬ ਨੂੰ ਹੜ੍ਹਾਂ ਦੀ ਮਾਰ ਨੇ ਨੁਕਸਾਨ ਪਹੁੰਚਾਇਆ ਹੈ, ਪ੍ਰੰਤੂ ਕੇਂਦਰ ਦੀ ਮਦਦ ਬਹੁਤ ਘੱਟ ਹੈ। ਇਸ ਲਈ ਕੇਂਦਰ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ।
ਲੇਖਕ ਨੇ ਇਹ ਵੀ ਲਿਖਿਆ ਹੈ ਕਿ ਕੇਂਦਰ ਸਰਕਾਰ ਆਪਣੀ ਰਾਜਨੀਤੀ ਲਈ ਕਾਨੂੰਨਾਂ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਪੰਜਾਬ ਵਿੱਚ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਦੀ ਖੁਦਮੁਖਤਾਰੀ ਨੂੰ ਖੋਹਿਆ ਜਾ ਰਿਹਾ ਹੈ, ਜੋ ਪਰਜਾਤੰਤਰਿਕ ਪ੍ਰਣਾਲੀ ਵਿੱਚ ਖਤਰਨਾਕ ਰੁਝਾਨ ਹੈ। ਲੇਖਕ ਇੱਕ ਲੇਖ ਵਿੱਚ ਲਿਖਦਾ ਹੈ ਕਿ ਸਿਆਸੀ ਖਚਰੇਪਣ ਨੇ ਲੋਕਾਈ ਦਾ ਨੁਕਸਾਨ ਕੀਤਾ ਹੈ, ਪ੍ਰੰਤੂ ਸਾਹਿਤ ਨੇ ਸਮਾਜਿਕ ਅਤੇ ਸਿਆਸੀ ਤਬਦੀਲੀ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ। ਉਹ ਚੋਣਾਂ ਜਿੱਤਣ ਲਈ ਮੁਫਤਖ਼ੋਰੀ ਦੀ ਪ੍ਰਵਿਰਤੀ ਨੂੰ ਵੀ ਪਰਜਾਤੰਤਰ ਲਈ ਘਾਤਕ ਸਮਝਦਾ ਹੈ। ਆਰ.ਟੀ.ਆਈ. ਕਾਨੂੰਨਾਂ ਵਿੱਚ ਸਰਕਾਰ ਤਬਦੀਲੀਆਂ ਕਰਕੇ ਲੋਕਾਂ ਦੇ ਹਿਤਾਂ ਦਾ ਨੁਕਸਾਨ ਕਰਕੇ ਆਪਣੀ ਮਨਮਰਜ਼ੀ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਭਾਰਤ ਵਿੱਚ ਇਨਸਾਫ ਮਿਲਣਾ ਦੂਰ ਦੀ ਗੱਲ ਬਣ ਗਈ ਹੈ। ਪੰਜਾਬ ਦੇ ਜ਼ਖਮ ਹਮੇਸ਼ਾ ਲਈ ਅੱਲ੍ਹੇ ਹਨ, ਕਿਉਂਕਿ ਪੰਜਾਬ ਨਾਲ ਹੋਈਆਂ ਜ਼ਿਆਦਤੀਆਂ ਦਾ ਕਦੀ ਵੀ ਇਨਸਾਫ ਨਹੀਂ ਮਿਲਿਆ। ਪਾਣੀਆਂ ਦੇ ਮਸਲੇ ’ਤੇ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ, ਕਿਉਂਕਿ ਕੇਂਦਰ ਸਰਕਾਰ ਮਨਮਰਜ਼ੀ ਕਰ ਰਹੀ ਹੈ।
240 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਲੇਖ ਸੰਗ੍ਰਹਿ ਪੰਜਾਬੀ ਵਿਰਸਾ ਟ੍ਰਸਟ (ਰਜਿ:) ਪਲਾਹੀ ਫਗਵਾੜਾ ਨੇ ਪ੍ਰਕਾਸ਼ਤ ਕੀਤਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































