“ਅਸਲ ਵਿੱਚ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰਾਂ ਦੀਆਂ ...”
(9 ਮਈ 2026)
ਚਾਰ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੋ ਰਾਜਾਂ ਪੱਛਮੀ ਬੰਗਾਲ, ਆਸਾਮ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਆਸਾਮ ਵਿੱਚ ਮੁੱਖ ਮੰਤਰੀ ਹਿਮੰਤਾ ਵਿਸਵਾ ਸਰਮਾ ਦੀ ਅਗਵਾਈ ਦੁਬਾਰਾ ਕਮਲ ਦਾ ਫੁੱਲ ਖਿੜਿਆ ਹੈ। ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ 15 ਸਾਲ ਪੁਰਾਣੀ ਸਰਕਾਰ ਨੂੰ ਹਰਾਕੇ ਕਮਲ ਦਾ ਫੁੱਲ ਖਿਲਾਉਣ ਨਾਲ ਪੱਛਮੀ ਬੰਗਾਲ ਵਿੱਚ ਇੱਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਦੀ ਵੀ ਪੈਰ ਜੰਮ ਨਹੀਂ ਸਕੇ। ਤ੍ਰਿਣਮੂਲ ਕਾਂਗਰਸ ਤੋਂ ਪਹਿਲਾਂ ਕਮਿਊਨਿਸਟਾਂ ਦਾ ਪੱਛਮੀ ਬੰਗਾਲ ’ਤੇ 2011 ਤਕ 34 ਸਾਲ ਕਬਜ਼ਾ ਰਿਹਾ। ਉਦੋਂ 2011 ਵਿੱਚ ਮਮਤਾ ਬੈਨਰਜੀ ਨੇ ਕਮਿਊਨਿਸਟਾਂ ਦਾ ਤਖਤ ਹਿਲਾਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਮਮਤਾ ਬੈਨਰਜੀ ਦਾ ਤਖਤ ਹਿਲਾਕੇ ਭਾਰਤੀਆਂ ਨੂੰ ਹੈਰਾਨ ਅਤੇ ਨਾਲ ਹੀ ਪਰੇਸ਼ਾਨ ਵੀ ਕਰ ਦਿੱਤਾ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਵਿਕਾਸ ਕਰਨ ਲਈ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਦਾ ਹਥਿਆਰ ਪੱਛਮੀ ਬੰਗਾਲ ਵਿੱਚ ਸਫਲ ਹੋ ਗਿਆ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 207 ਸੀਟਾਂ ਜਿੱਤਕੇ ਆਪਣੀ ਸਰਕਾਰ ਬਣਾਉਣ ਦਾ ਝੰਡਾ ਗੱਡ ਦਿੱਤਾ ਹੈ, ਜਦੋਂਕਿ ਬਹੁਮਤ ਪ੍ਰਾਪਤ ਕਰਨ ਲਈ 147 ਸੀਟਾਂ ਦੀ ਹੀ ਜ਼ਰੂਰਤ ਸੀ। ਭਾਰਤੀ ਜਨਤਾ ਪਾਰਟੀ ਨੇ ਦੋ ਤਿਹਾਈ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ 80 ਸੀਟਾਂ ਹੀ ਜਿੱਤ ਸਕੀ, ਇੱਥੋਂ ਤਕ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਭਾਰਤੀ ਜਨਤਾ ਪਾਰਟੀ ਦੇ ਸੁਵੇਂਦੂ ਅਧਿਕਾਰੀ ਤੋਂ 15 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਚੋਣ ਹਾਰ ਗਈ ਹੈ। ਸੁਵੇਂਦੂ ਅਧਿਕਾਰੀ ਵੀ ਤ੍ਰਿਣਮੂਲ ਕਾਂਗਰਸ ਵਿੱਚੋਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਗਿਆ ਸੀ। ਕਾਂਗਰਸ ਪਾਰਟੀ ਨੂੰ ਸਿਰਫ 2 ਸੀਟਾਂ ਹੀ ਮਿਲੀਆਂ ਹਨ ਅਤੇ ਦੋ ਸੀਟਾਂ ’ਤੇ ਏ ਜੇ ਯੂ ਪੀ ਨੇ ਜਿੱਤੀਆਂ ਹਨ।
ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਆਰ ਐੱਸ ਐੱਸ ਨੇ ਆਪਣੇ ਅਮਲੇ ਫੈਲੇ ਨਾਲ ਇੱਕ ਸਾਲ ਤੋਂ ਪੱਛਮੀ ਬੰਗਾਲ ਵਿੱਚ ਤਾਣਾਬਾਣਾ ਬੁਣਿਆ ਹੋਇਆ ਸੀ। ਹਰ ਘਰ ਵਿੱਚ ਜਾ ਕੇ ਵੋਟਰਾਂ ਤਕ ਪਹੁੰਚ ਕੀਤੀ ਸੀ। ਅਖ਼ੀਰ ਆਰ ਐੱਸ ਐੱਸ ਦੀ ਮਿਹਨਤ ਭਾਰਤੀ ਜਨਤਾ ਪਾਰਟੀ ਨੂੰ ਰਾਸ ਆ ਗਈ ਹੈ। ਭਾਰਤੀ ਜਨਤਾ ਪਾਰਟੀ ਹਿੰਦੂਤੱਵ ਦਾ ਪੱਤਾ ਵਰਤਣ ਵਿੱਚ ਸਫਲ ਰਹੀ ਹੈ। ਮਮਤਾ ਬੈਨਰਜੀ ਇਲਜ਼ਾਮ ਲਗਾ ਰਹੀ ਹੈ ਕਿ ਉਸਦੀਆਂ 90 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਬੰਗਲਾ ਦੇਸ਼ ਤੋਂ ਆਏ ਘੁਸਪੈਠੀਆਂ ਦੀਆਂ ਵੋਟਾਂ ਚੋਣ ਕਮਿਸ਼ਨ ਨੇ ਕੱਟੀਆਂ ਹਨ, ਕਿਉਂਕਿ ਉਹ ਭਾਰਤੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ। ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਐੱਨ ਡੀ ਏ ਨੇ ਦੂਜੀ ਵਾਰ ਮੁੱਖ ਮੰਤਰੀ ਹਿਮੰਤਾ ਵਿਸਵਾ ਸਰਮਾ ਦੀ ਸਰਕਾਰ ਨੇ ਜਿੱਤ ਪ੍ਰਾਪਤ ਕੀਤੀ ਹੈ। ਅਸਾਮ ਵਿੱਚ ਐੱਨ ਡੀ ਏ ਨੇ 126 ਸੀਟਾਂ ਵਾਲੀ ਵਿਧਾਨ ਸਭਾ ਦੀਆਂ 101 ਸੀਟਾਂ ਜਿੱਤਕੇ ਬਹੁਮਤ ਪ੍ਰਾਪਤ ਕੀਤਾ ਹੈ। ਐੱਨ ਡੀ ਏ ਨੇ ਦੋ ਤਿਹਾਈ ਬਹੁਮਤ ਪ੍ਰਾਪਤ ਕੀਤਾ ਹੈ। ਇਨ੍ਹਾਂ ਵਿੱਚੋਂ 80 ਸੀਟਾਂ ਇਕੱਲੀ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਹਨ। ਕਾਂਗਰਸ ਪਾਰਟੀ ਨੂੰ 19 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਹੋਰ ਉਮਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ। ਤੀਜੀ ਵਾਰ ਐੱਨ ਡੀ ਏ ਦੀ ਸਰਕਾਰ ਬਣਨ ਜਾ ਰਹੀ ਹੈ। ਇਸੇ ਤਰ੍ਹਾਂ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਵਿੱਚੋਂ ਐੱਨ ਡੀ ਏ ਨੇ 18 ਸੀਟਾਂ ਜਿੱਤ ਲਈਆਂ ਹਨ। ਕਾਂਗਰਸ ਪਾਰਟੀ ਨੇ ਤਿੰਨ ਅਤੇ ਅਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ। ਇਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਚਾਰਾਂ ਵਿੱਚੋਂ ਦੋ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਸਫਲ ਹੋਈ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ, ਕਿਉਂਕਿ ਉਨ੍ਹਾਂ ਦੋਹਾਂ ਨੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਹੈ। ਐਂਟੀ ਇਨਕੁਬੈਂਸੀ ਫੈਕਟਰ ਵੀ ਮਮਤਾ ਬੈਨਰਜੀ ਦੇ ਵਿਰੁੱਧ ਗਿਆ ਹੈ। ਪੰਜਾਬ ਦੀ ਤਰ੍ਹਾਂ ਹੀ ਮਮਤਾ ਬੈਨਰਜੀ ਦੇ ਰਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਤੂਤੀ ਬੋਲਦੀ ਰਹੀ। ਕੇਂਦਰ ਸਰਕਾਰ ਦੇ ਬਹੁਤੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਵਿੱਚ ਲਗਭਗ ਸਾਰੇ ਅਹੁਦੇਦਾਰਾਂ ਨੇ ਜ਼ਿੰਦਗੀ ਮੌਤ ਦਾ ਸਵਾਲ ਬਣਾਕੇ ਚੋਣ ਪ੍ਰਚਾਰ ਕੀਤਾ ਸੀ। ਭਾਰਤੀ ਜਨਤਾ ਪਾਰਟੀ ਦੀ ਇਸ ਜਿੱਤ ਨੇ ਵਰਕਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਸਮੁੱਚੇ ਦੇਸ ਵਿੱਚ ਇਸ ਜਿੱਤ ਦੇ ਜਸ਼ਨ ਮਨਾਏ ਗਏ ਹਨ।
ਤਾਮਿਲ ਨਾਢੂ ਵਿੱਚ ਵਿਧਾਨ ਸਭਾ ਦੀਆਂ ਕੁੱਲ 234 ਸੀਟਾਂ ਵਿੱਚੋਂ ਫਿਲਮ ਸਟਾਰ ਵਿਜੇ ਦੀ ਅਗਵਾਈ ਵਾਲੀ ਨਵੀਂ (ਟੀ ਵੀ ਕੇ) ਤਮਿਲਗਾ ਵੇਟਰੀ ਕੜਗਮ ਪਾਰਟੀ ਨੇ 107 ਸੀਟਾਂ ਜਿੱਤਕੇ ਬਹੁਮਤ ਪ੍ਰਾਪਤ ਕਰ ਲਿਆ ਹੈ। ਤਾਮਿਲ ਨਾਢੂ ਦੇ ਲੋਕ ਹਮੇਸ਼ਾ ਕਲਾਕਾਰਾਂ ਦੀ ਸਰਕਾਰ ਬਣਾਉਂਦੇ ਆ ਰਹੇ ਹਨ। ਇਸੇ ਲੜੀ ਵਿੱਚ ਡੀ ਐੱਮ ਕੇ ਅਤੇ ਏ ਡੀ ਐੱਮ ਕੇ ਨੂੰ ਪਛਾੜਕੇ ਸੁਪਰ ਸਟਾਰ ਵਿਜੇ ਦੀ ਪਾਰਟੀ ਟੀ ਵੀ ਕੇ ਨੇ ਜਿੱਤ ਪ੍ਰਾਪਤ ਕੀਤੀ ਹੈ। ਡੀ ਐੱਮ ਕੇ ਨੂੰ 60 ਸੀਟਾਂ, ਏ ਡੀ ਐੱਮ ਕੇ ਨੂੰ 47 ਸੀਟਾਂ, ਕਾਂਗਰਸ ਨੂੰ ਪੰਜ ਸੀਟਾਂ ਅਤੇ ਪੀ ਐੱਮ ਕੇ ਨੂੰ ਚਾਰ ਸੀਟਾਂ ਮਿਲੀਆਂ ਹਨ। ਟੀ ਵੀ ਕੇ ਨੇ ਚੋਣਾਂ ਜਿੱਤਕੇ ਦ੍ਰਾਵੜ ਸਿਆਸਤ ਨੂੰ ਹਿਲਾਕੇ ਰੱਖ ਦਿੱਤਾ ਹੈ। ਕੇਰਲ ਵਿੱਚ ਖੱਬੇ ਪੱਖੀ ਲਹਿਰ ਨੂੰ ਪਹਿਲੀ ਵਾਰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਕੁੱਲ 140 ਸੀਟਾਂ ਵਿੱਚੋਂ ਯੂ ਡੀ ਐੱਫ ਨੇ 102 ਸੀਟਾਂ ਜਿਤਕੇ ਬਹੁਮਤ ਪ੍ਰਾਪਤ ਕੀਤਾ ਹੈ। ਐੱਲ ਡੀ ਐੱਫ ਨੂੰ 35 ਸੀਟਾਂ ਅਤੇ ਐੱਨ ਡੀ ਏ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਹਨ। ਇਹ ਭਾਰਤ ਦੀ ਇੱਕੋ ਇੱਕ ਸਟੇਟ ਸੀ, ਜਿਸ ਵਿੱਚ ਖੱਬੇ ਪੱਖੀਆਂ ਦੀ ਸਰਕਾਰ ਸੀ।
ਦੋ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿੱਤਣ ਦਾ ਆਉਂਦੇ ਸਾਲ ਫਰਵਰੀ 2027 ਵਿੱਚ ਹੋਣ ਵਾਲੀਆਂ ਉੱਤਰ ਪ੍ਰਦੇਸ, ਉਤਰਾਖੰਡ ਅਤੇ ਪੰਜਾਬ ਵਿਧਾਨ ਦੀਆਂ ਚੋਣਾਂ ’ਤੇ ਗਹਿਰਾ ਪ੍ਰਭਾਵ ਪੈਣ ਦੀ ਉਮੀਦ ਹੈ। ਖਾਸ ਤੌਰ ’ਤੇ ਪੱਛਮੀ ਬੰਗਾਲ ਅਤੇ ਪੰਜਾਬ ਦਾ ਕਰੂਰਾ ਇੱਕੋ ਜਿਹਾ ਹੈ। ਇਹ ਦੋਵੇਂ ਸੂਬੇ ਦੇਸ ਦੇ ਮਹੱਤਵਪੂਰਨ ਅਤੇ ਵੱਖਰੀ ਵਿਚਾਰਧਾਰਾ ਵਾਲੇ ਅਤੇ ਦੋਵੇਂ ਸਰਹੱਦੀ ਸੂਬੇ ਹਨ। ਦੇਸ ਦੀ ਵੰਡ ਸਮੇਂ ਵੱਢ ਟੁੱਕ ਵੀ ਦੋਹਾਂ ਸੂਬਿਆਂ ਵਿੱਚ ਹੋਈ ਸੀ। ਦੋਵੇਂ ਸੂਬੇ ਅਣਖੀ ਅਤੇ ਗੈਰਤਮੰਦ ਹਨ, ਪ੍ਰੰਤੂ ਇਹ ਹਮੇਸ਼ਾ ਬਾਕੀ ਦੇਸ ਦੇ ਲੋਕਾਂ ਨਾਲੋਂ ਵੱਖਰਾ ਹੀ ਕੰਮ ਕਰਦੇ ਹਨ। ਹੁਣ ਤਕ ਨਾ ਤਾਂ ਪੱਛਮੀ ਬੰਗਾਲ ਅਤੇ ਨਾ ਹੀ ਪੰਜਾਬ ਵਿੱਚ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਜਮਾ ਸਕੀ ਹੈ। ਇਨ੍ਹਾਂ ਦੀ ਵੱਖਰੀ ਪਛਾਣ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੀ ਸਰਕਾਰ ਤਾਂ ਰਹੀ ਹੈ, ਪ੍ਰੰਤੂ ਇਕੱਲੀ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣਾ ਸਕੀ। ਭਾਰਤੀ ਜਨਤਾ ਪਾਰਟੀ ਦਾ ਹੁਣ ਪੂਰਾ ਧਿਆਨ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਵੱਲ ਕੇਂਦਰਤ ਰਹੇਗਾ। ਇਸ ਕਰਕੇ ਪੰਜਾਬ ਦੀਆਂ ਤਿੰਨੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਵਿੱਚ ਘਬਰਾਹਟ ਦਾ ਵਾਤਾਵਰਣ ਬਣਿਆ ਹੋਇਆ ਹੈ। ਉਹ ਡਰ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰੇਗੀ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹਿੰਦੂ ਵੋਟਰਾਂ ਵਿੱਚ ਆਪਣਾ ਅਸਰ ਰਸੂਖ ਬਣਾ ਰੱਖਿਆ ਹੈ। ਸਿੱਖ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਸਾਰੇ ਸਿੱਖ ਚਿਹਰੇ ਸ਼ਾਮਲ ਕਰ ਲਏ ਹਨ। ਇੱਥੋਂ ਤਕ ਕਿ ਅੱਧ ਤੋਂ ਵੱਧ ਜ਼ਿਲ੍ਹਿਆਂ ਦੇ ਪ੍ਰਧਾਨ ਸਿੱਖ ਬਣਾਏ ਹੋਏ ਹਨ। ਹੋਰ ਵੀ ਬਹੁਤ ਸਾਰੇ ਅਹੁਦੇ ਸਿੱਖ ਨੇਤਾਵਾਂ ਨੂੰ ਦਿੱਤੇ ਹੋਏ ਹਨ। ਭਾਰਤੀ ਜਨਤਾ ਪਾਰਟੀ ਨੇ ਮਈ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਇਕੱਲਿਆਂ ਹੀ ਲੜੀਆਂ ਸਨ। ਉਨ੍ਹਾਂ ਚੋਣਾਂ ਵਿੱਚ ਭਾਵੇਂ ਉਹ ਕੋਈ ਸੀਟ ਜਿੱਤ ਨਹੀਂ ਸਕੇ, ਪ੍ਰੰਤੂ 5200 ਬੂਥਾਂ ’ਤੇ ਉਨ੍ਹਾਂ ਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਪਾਰਟੀ ਨੇ ਭਾਵੇਂ ਸੱਤ ਲੋਕ ਸਭਾ ਸੀਟਾਂ ਜਿੱਤ ਲਈਆਂ ਸਨ, ਪ੍ਰੰਤੂ ਸਿਰਫ 6900 ਬੂਥਾਂ ’ਤੇ ਜਿੱਤ ਹੋਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਜਿੱਤੀ ਸੀ ਤੇ 6700 ਬੂਥਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਕਰਕੇ ਸਿਆਸੀ ਪੜਚੋਲਕਾਂ ਦਾ ਵਿਚਾਰ ਹੈ ਕਿ ਭਾਰਤੀ ਜਨਤਾ ਪਾਰਟੀ ਕਾਂਟੇ ਦੀ ਟੱਕਰ ਦੇਵੇਗੀ। ਅਸਲ ਵਿੱਚ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰਾਂ ਦੀਆਂ ਰਣਨੀਤੀਆਂ ਤੋਂ ਵੀ ਖਤਰਾ ਮਹਿਸੂਸ ਕਰ ਰਹੀਆਂ ਹਨ। ਤੇਲ ਦੇਖੋ, ਤੇਲ ਦੀ ਧਾਰ ਦੇਖੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































