“ਜਦੋਂ ਲੋਕ ਜਾਗਦੇ ਹਨ ਤਾਂ ਵੱਡੀ ਤੋਂ ਵੱਡੀ ਤਾਕਤ ਵੀ ਮੁਕਾਬਲਾ ਨਹੀਂ ਕਰ ਸਕਦੀ। ਲੋਕਾਂ ਦੇ ਹੱਥ ...”
(19 ਦਸੰਬਰ 2025)
ਪੋਹ ਦੇ ਮਹੀਨੇ ਦੀ ਕੇਵਲ ਸਿੱਖ ਇਤਿਹਾਸ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਇਤਿਹਾਸ ਵਿੱਚ ਵੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਪਹਿਲੀ ਵਾਰ ਕਿਸੇ ਰਹਿਬਰ ਨੇ ਜ਼ੁਲਮ, ਜਬਰ, ਊਚ ਨੀਚ ਅਤੇ ਸੰਸਾਰਿਕ ਵੰਡੀਆਂ ਨੂੰ ਮੇਟਣ ਲਈ ਕੇਵਲ ਆਪਣੇ ਪੈਰੋਕਾਰਾਂ ਭਾਵ ਸਿੰਘਾਂ ਦੀ ਸ਼ਹੀਦੀ ਹੀ ਨਹੀਂ ਦਿੱਤੀ ਸਗੋਂ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਸਾਰੇ ਸੰਸਾਰਿਕ ਰਸਮਾਂ ਨੂੰ ਖਿੜੇ ਮੱਥੇ ਆਪਣੇ ਪਿੰਡੇ ਉੱਤੇ ਸਹਾਰਿਆ। ਇਸੇ ਕਰਕੇ ਹੀ ਅੱਜ ਤਕ ਜ਼ੁਲਮ ਦੇ ਵਿਰੁੱਧ ਲੜਦਿਆਂ ਕਰਦਿਆਂ ਕਦੇ ਵੀ ਕਿਸੇ ਗੁਰੂ ਦੇ ਸਿੰਘ ਨੇ ਪਿੱਠ ਨਹੀਂ ਵਿਖਾਈ ਸਗੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਆਪਣਾ ਬਲੀਦਾਨ ਦਿੱਤਾ।
ਖਾਲਸਾ ਪੰਥ ਦੇ ਸਿਰਜਕ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਵੀ ਆਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸਿੰਘਾਂ ਨੂੰ ਹੀ ਸਿਰ ਤਲੀ ਉੱਤੇ ਰੱਖਣ ਲਈ ਨਹੀਂ ਆਖਿਆ ਸਗੋਂ ਸਾਰੇ ਪਰਿਵਾਰ ਦੀ ਵੀ ਕੁਰਬਾਨੀ ਦਿੱਤੀ। ਸਿੱਖੀ ਵਿੱਚ ਸਭ ਤੋਂ ਪਹਿਲੀ ਸ਼ਹਾਦਤ ਦਸ਼ਮੇਸ਼ ਪਿਤਾ ਜੀ ਦੇ ਪੜਦਾਦਾ ਜੀ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ। ਉਨ੍ਹਾਂ ਪਿੱਛੋਂ ਦਸ਼ਮੇਸ਼ ਜੀ ਦੇ ਪਿਤਾ ਜੀ ਨੌਂਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ। ਗੁਰੂ ਸਾਹਿਬ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਤਾਂ ਇਹੋ ਆਖਿਆ ਸੀ ਕਿ ਜਿਸਨੇ ਮੇਰਾ ਸਿੰਘ ਸਜਣਾ ਹੈ, ਅਰਥਾਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਉਸ ਨੂੰ ਪਹਿਲਾਂ ਆਪਣਾ ਸੀਸ ਭੇਟ ਕਰਨਾ ਪਵੇਗਾ।
ਗੁਰੂ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦੀਵਾਨ ਵਿੱਚ ਮਿਆਨ ਵਿੱਚੋਂ ਲਿਸ਼ਕਦੀ ਤਲਵਾਰ ਕੱਢ ਕੇ ਇੱਕ ਸਿਰ ਦੀ ਮੰਗ ਕੀਤੀ, ਜਿਹੜਾ ਉਨ੍ਹਾਂ ਦੀ ਤਲਵਾਰ ਦੀ ਆਪਣੇ ਖੂਨ ਨਾਲ ਪਿਆਸ ਮਿਟਾਵੇ। ਇੰਝ ਉਨ੍ਹਾਂ ਨੇ ਪੰਜ ਜਿੰਦਾ-ਸ਼ਹੀਦਾਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਸਿੰਘ ਸਜਾ ਕੇ ਪੰਜ ਪਿਆਰਿਆਂ ਦਾ ਨਾਮ ਦਿੱਤਾ। ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਆਪਣੇ ਆਪ ਨੂੰ ਉਸੇ ਪੰਗਤੀ ਵਿੱਚ ਖੜ੍ਹਾ ਕਰ ਦਿੱਤਾ। ਗੁਰੂ ਸਾਹਿਬ ਨੇ ਸਮਾਜ ਵਿੱਚੋਂ ਊਚਨੀਚ ਅਤੇ ਜਾਤ ਪਾਤ ਦੇ ਫਰਕ ਨੂੰ ਮੇਟ ਸਭਨਾਂ ਨੂੰ ਬਰਾਬਰੀ ਬਖਸ਼ੀ। ਗੁਰੂ ਦਾ ਸਿੰਘ ਕੇਵਲ ਆਪਣੇ ਹੱਕਾਂ ਦੀ ਰਾਖੀ ਨਹੀਂ ਕਰਦਾ ਸਗੋਂ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਵੀ ਕਰਦਾ ਹੈ। ਉਹ ਕਿਰਤ ਕਰਦਾ ਹੈ, ਵੰਡ ਛਕਦਾ ਹੈ ਅਤੇ ਨਾਮ ਜਪਦਾ ਹੈ। ਉਹ ਮਿਠ ਬੋਲੜਾ ਹੈ ਤੇ ਉੱਚੇ ਆਚਰਣ ਵਾਲਾ ਹੈ।
ਇਸ ਇਨਕਲਾਬੀ ਤਬਦੀਲੀ ਨੇ ਮੌਕੇ ਦੇ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਭੀਤ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਇਹ ਚੰਗਿਆੜੀ ਭਾਂਬੜ ਦਾ ਰੂਪ ਧਾਰ ਲਵੇ, ਸ਼ਾਸਕਾਂ ਨੇ ਇਸ ਨੂੰ ਬੁਝਾਉਣ ਦੇ ਲਈ ਭਾਰੀ ਫੌਜਾਂ ਨਾਲ ਦਸਮੇਸ਼ ਦੇ ਗੜ੍ਹ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫੌਜਾਂ ਨੇ 1701 ਤੋਂ 1704 ਦੇ ਵਿਚਕਾਰ ਅਨੰਦਪੁਰ ਸਾਹਿਬ ਉੱਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿੱਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫੌਜ ਨਾਲ ਸ਼ਾਹੀ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਇਹ ਘੇਰਾ ਛੇ ਮਹੀਨੇ ਚਲਦਾ ਰਿਹਾ। ਸ਼ਾਹੀ ਫੌਜਾਂ ਨੇ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਲੜਾਈ ਬੰਦ ਕਰਕੇ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਘੇਰਾ ਚੁੱਕ ਲਿਆ ਜਾਵੇ ਜਾਵੇਗਾ। ਗੁਰੂ ਸਾਹਿਬ ਨੇ ਆਪਣੇ ਸਿੰਘਾਂ ਦਾ ਹੁਕਮ ਮੰਨਦੇ ਹੋਇਆ ਕਿਲਾ ਛੱਡਣ ਦਾ ਫੈਸਲਾ ਕੀਤਾ। ਗੁਰੂ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਕੀਰਤਪੁਰ ਵੱਲ ਤੁਰ ਪਏ। ਦੁਸ਼ਮਣ ਆਪਣੇ ਵਾਅਦੇ ਤੋਂ ਮੁੱਕਰ ਗਏ ਅਤੇ ਉਨ੍ਹਾਂ ਨੇ ਗੁਰੂ ਜੀ ਉੱਤੇ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਸੀ, ਜਿਸ ਵਿੱਚ ਹੜ੍ਹ ਆਇਆ ਹੋਇਆ ਸੀ। ਵੈਰੀ ਨੂੰ ਰੋਕ ਕੇ ਰੱਖਣ ਲਈ ਸਿੰਘਾਂ ਦੇ ਛੋਟੇ ਜਥੇ ਬਣਾਏ ਗਏ। ਪਿੱਛੋਂ ਵੈਰੀ ਦਾ ਹਮਲਾ, ਅੱਗੇ ਹੜ੍ਹ, ਸਾਰੀ ਵਹੀਰ ਨਿੱਖੜ ਗਈ। ਗੁਰੂ ਜੀ ਦਾ ਪਰਿਵਾਰ ਵੀ ਨਿੱਖੜ ਗਿਆ। ਜਦੋਂ ਗੁਰੂ ਜੀ ਨੇ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਡੇਢ ਸੌ ਦੇ ਕਰੀਬ ਸਿੰਘ ਰਹਿ ਗਏ।
ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਨ੍ਹਾਂ ਉੱਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇੱਥੋਂ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ। ਬਾਕੀ ਸ਼ਹੀਦੀਆਂ ਪਾ ਗਏ। ਉਸ ਦਿਨ ਸੱਤ ਪੋਹ ਸੀ ਤੇ ਕੜਾਕੇ ਦੀ ਠੰਢ ਪੈ ਰਹੀ ਸੀ। ਇੱਥੇ ਗੁਰੂ ਜੀ ਨੇ ਇੱਕ ਵੱਡੀ ਹਵੇਲੀ ਵਿੱਚ ਟਿਕਾਣਾ ਕੀਤਾ, ਜਿਸ ਨੂੰ ਗੜ੍ਹੀ ਆਖਿਆ ਜਾਂਦਾ ਹੈ। ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇੱਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਪਰ ਦੁਪਹਿਰ ਤੀਕ ਸਿੰਘਾਂ ਦੇ ਤੀਰ ਅਤੇ ਗੋਲੀ ਸਿੱਕਾ ਖਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ। ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜ੍ਹੀ ਵਿੱਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ। ਦੋ ਜੱਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਬਾਬਾ ਅਜੀਤ ਸਿੰਘ ਦੀ ਉਸ ਵੇਲੇ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ 15 ਸਾਲ ਸੀ। ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਜਾਮ ਪੀ ਲੈਂਦਾ। ਵਾਰੀ ਆਉਣ ’ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋਰਿਆ। ਪੁੱਤਰ ਦੀ ਬਹਾਦਰੀ ਨੂੰ ਆਪ ਗੜ੍ਹੀ ਦੀ ਕੰਧ ’ਤੇ ਖੜ੍ਹੇ ਹੋ ਕੇ ਦੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਆਪ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਯੁੱਧ ਵਿੱਚ ਭੇਜ ਦਿੱਤਾ। ਜਿਸ ਫੁਰਤੀ ਅਤੇ ਸਿਆਣਪ ਨਾਲ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਯੁੱਧ ਕੀਤਾ, ਉਸਨੇ ਵੈਰੀਆਂ ਨੂੰ ਵੀ ਦੰਗ ਕਰ ਦਿੱਤਾ। ਰਾਤ ਪੈਣ ਤੀਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।
ਸੰਸਾਰ ਵਿੱਚ ਕੋਈ ਵੀ ਗੁਰੂ, ਰਹਿਬਰ, ਬਾਦਸ਼ਾਹ ਅਜਿਹਾ ਨਹੀਂ ਹੋਇਆ ਜਿਸਨੇ ਮਜ਼ਲੂਮਾਂ ਦੀ ਰਾਖੀ ਖਾਤਰ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ। ਰਾਤ ਨੂੰ ਖਾਲਸੇ ਦਾ ਹੁਕਮ ਮੰਨ ਕੇ ਗੁਰੂ ਜੀ ਤਿੰਨ ਸਿੰਘਾਂ ਦੇ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲ ਗਏ। ਬਾਕੀ ਸਿੰਘਾਂ ਨੇ ਸ਼ਾਹੀ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਜਦੋਂ ਘੋੜੇ ਉੱਤੇ ਚੜ੍ਹੇ ਜਾ ਰਹੇ ਸਨ ਤਾਂ ਇੱਕ ਥਾਂ ਘੋੜਾ ਰੁਕ ਗਿਆ। ਜਦੋਂ ਦੇਖਿਆ ਗਿਆ ਤਾਂ ਅੱਗੇ ਸਾਹਿਬਜਾਦੇ ਦਾ ਸਰੀਰ ਪਿਆ ਸੀ। ਭਾਈ ਦਇਆ ਸਿੰਘ ਆਪਣਾ ਕਮਰਕੱਸਾ ਖੋਲ੍ਹ ਸਾਹਿਬਜਾਦੇ ਉੱਤੇ ਪਾਉਣ ਲੱਗੇ ਤਾਂ ਗੁਰੂ ਜੀ ਨੇ ਰੋਕ ਦਿੱਤਾ। ਆਖਿਆ, ਇਹ ਸਾਰੇ ਮੇਰੇ ਹੀ ਸਾਹਿਬਜਾਦੇ ਹਨ, ਕੋਈ ਆ ਕੇ ਆਪੇ ਹੀ ਇਨ੍ਹਾਂ ਦਾ ਸੰਸਕਾਰ ਕਰ ਦੇਵੇਗਾ। ਗੁਰੂ ਜੀ ਨੇ ਆਪਣੇ ਪੈਰੋਂ ਜੁੱਤੀ ਵੀ ਲਾਹ ਦਿੱਤੀ, ਕਿਤੇ ਇਹ ਕਿਸੇ ਸ਼ਹੀਦ ਨੂੰ ਛੂਹ ਨਾ ਜਾਵੇ। ਗੁਰੂ ਨੰਗੇ ਪੈਰੀਂ ਪੈਦਲ ਸਾਰੀ ਰਾਤ ਜੰਗਲ ਵਿੱਚ ਤੁਰਦੇ ਹੋਏ ਮਾਛੀਵਾੜੇ ਪੁੱਜੇ। ਕਕਰੀਲੀ ਰਾਤ ਵਿੱਚ ਠੰਢੇ ਫਰਸ਼ ’ਤੇ ਬੈਠ ਕੇ ਵੀ ਪ੍ਰਮਾਤਮਾ ਦਾ ਸ਼ੁਕਰ ਕੀਤਾ।
ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਮਰ ਨੌ ਸਾਲ ਤੇ ਬਾਬਾ ਫਤਹਿ ਸਿੰਘ ਉਮਰ ਸੱਤ ਸਾਲ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਸਿਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਤੋਂ ਵਿਛੜ ਗਏ ਸਨ। ਉਨ੍ਹਾਂ ਨਾਲ ਕੇਵਲ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਸੀ। ਉਹ ਇਨ੍ਹਾਂ ਨੂੰ ਮੋਰਿੰਡੇ ਲਾਗੇ ਪੈਂਦੇ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫੌਜ ਦਾ ਡਰ ਅਤੇ ਕੁਝ ਇਨਾਮ ਮਿਲਣ ਦੇ ਲਾਲਚ ਨਾਲ ਉਸਦੀ ਨੀਅਤ ਵਿਗੜ ਗਈ। ਉਸਨੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇੱਕ ਬਜ਼ੁਰਗ ਔਰਤ ਅਤੇ ਦੋ ਮਾਸੂਮ ਬੱਚੇ, ਮੁਲਜ਼ਮਾਂ ਦੇ ਰੂਪ ਵਿੱਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤੇ ਗਏ। ਇਸਲਾਮ ਕਬੂਲਣ ਲਈ ਉਨ੍ਹਾਂ ਨੂੰ ਕੜਾਕੇ ਦੀ ਠੰਢ ਵਿੱਚ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ ਅਤੇ ਡਰਾਇਆ, ਧਮਕਾਇਆ ਗਿਆ। ਜਦੋਂ ਡਰ ਅਤੇ ਤਸੀਹੇ ਇਨ੍ਹਾਂ ਮਹਾਨ ਸੂਰਬੀਰਾਂ ਰੂਹਾਂ ਨੂੰ ਡਰਾ ਨਾ ਸਕੇ ਤਾਂ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਅਟੱਲ ਰਹੇ। ਇਸ ਤੋਂ ਵੱਡੀ ਸਿਰੜ ਅਤੇ ਸਿਦਕ ਦੀ ਕੋਈ ਹੋਰ ਮਿਸਾਲ ਨਹੀਂ ਹੋ ਸਕਦੀ। ਸੂਬੇਦਾਰ ਨੇ ਗੁੱਸੇ ਵਿੱਚ ਆ ਕੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਵਾਉਣ ਦਾ ਹੁਕਮ ਸੁਣਾ ਦਿੱਤਾ।
ਸੂਬੇਦਾਰ ਨੂੰ ਉਮੀਦ ਸੀ ਕਿ ਸਜ਼ਾ ਸੁਣ ਕੇ ਬੱਚੇ ਡੋਲ ਜਾਣਗੇ ਅਤੇ ਇਸਲਾਮ ਕਬੂਲ ਕਰ ਲੈਣਗੇ ਪਰ ਬੱਚਿਆਂ ਦੇ ਮੁੱਖ ਉੱਤੇ ਇੱਕ ਇਲਾਹੀ ਨੂਰ ਸੀ। ਉਹ ਚੜ੍ਹਦੀ ਕਲਾ ਵਿੱਚ ਸਨ ਤੇ ਸ਼ਹੀਦੀ ਦਾ ਜਾਮ ਪੀਣ ਲਈ ਤਿਆਰ ਸਨ। ਬੱਚੇ ਅਡੋਲ ਖੜ੍ਹੇ ਸਨ ਤੇ ਰਾਜ ਇੱਟਾਂ ਚਿਣ ਰਿਹਾ ਸੀ। ਇਸ ਤੋਂ ਵੱਡਾ ਸ਼ਾਇਦ ਕੋਈ ਹੋਰ ਜ਼ੁਲਮ ਹੋ ਹੀ ਨਹੀਂ ਸਕਦਾ। ਜਦੋਂ ਇਹ ਖਬਰ ਮਾਤਾ ਗੁਜ਼ਰੀ ਜੀ ਕੋਲ ਪੁੱਜੀ ਤਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਕੁਝ ਇਤਿਹਾਸਕਾਰ ਆਖਦੇ ਹਨ ਕਿ ਮਾਤਾ ਜੀ ਬੁਰਜ ਦੇ ਬਾਹਰ ਖੜ੍ਹੇ ਪੋਤਰਿਆਂ ਨੂੰ ਜਾਂਦੇ ਦੇਖ ਰਹੇ ਸਨ। ਜ਼ਾਲਮ ਸਿਪਾਹੀਆਂ ਨੇ ਉਨ੍ਹਾਂ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ। ਹੇਠ ਡਿਗਦਿਆਂ ਹੀ ਬਜ਼ੁਰਗ ਸਰੀਰ ਨੇ ਪ੍ਰਾਣ ਤਿਆਗ ਦਿੱਤੇ। ਇਸ ਖਬਰ ਨੂੰ ਸੁਣ ਕੇ ਗੁਰੂ ਜੀ ਨੇ ਆਖਿਆ, “ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜਬਰ ਅਤੇ ਜ਼ੁਲਮ ਦਾ ਬੂਟਾ ਪੁੱਟਿਆ ਜਾਵੇਗਾ।”
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਜਦੋਂ ਸੰਗਤ ਕੋਲ ਪੁੱਜੀ ਤਾਂ ਉਨ੍ਹਾਂ ਦਾ ਗੁੱਸਾ ਜਾਗਿਆ। ਜਦੋਂ ਲੋਕ ਜਾਗਦੇ ਹਨ ਤਾਂ ਵੱਡੀ ਤੋਂ ਵੱਡੀ ਤਾਕਤ ਵੀ ਮੁਕਾਬਲਾ ਨਹੀਂ ਕਰ ਸਕਦੀ। ਲੋਕਾਂ ਦੇ ਹੱਥ ਜਿਹੜਾ ਵੀ ਹਥਿਆਰ ਆਇਆ, ਚੁੱਕ ਆਪਣੇ ਗੁਰੂ ਦਾ ਸਾਥ ਦੇਣ ਲਈ ਵਹੀਰਾਂ ਘੱਤ ਕੇ ਘਰਾਂ ਵਿੱਚੋਂ ਨਿਕਲੇ। ਗੁਰੂ ਜੀ ਰਾਹ ਦੇ ਦੁੱਖਾਂ-ਤਕਲੀਫ਼ਾਂ ਨੂੰ ਝੱਲਦੇ ਹੋਏ ਖਿਦਰਾਣੇ ਦੀ ਢਾਬ, ਜਿਸ ਨੂੰ ਹੁਣ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪੁੱਜੇ। ਉਦੋਂ ਤੀਕ ਵਿਛੜੇ ਕੁਝ ਸਾਥੀ ਅਤੇ ਇਲਾਕੇ ਦੀ ਸੰਗਤ ਉਨ੍ਹਾਂ ਦੇ ਨਾਲ ਹੋ ਗਈ। ਜ਼ਾਲਮ ਫੌਜ ਵੀ ਪਿੱਛਾ ਕਰਦੀ ਇੱਥੇ ਪੁੱਜ ਗਈ। ਘਮਸਾਣ ਦਾ ਯੁੱਧ ਹੋਇਆ। ਮਜ਼ਲੂਮ ਸਮਝੀਆਂ ਜਾਂਦੀਆਂ ਚਿੜੀਆਂ ਨੇ ਜ਼ਾਲਮ ਬਾਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ। ਮਰਜੀਵੜਿਆਂ ਦੀ ਇਸ ਥੋੜ੍ਹੀ ਜਿਹੀ ਗਿਣਤੀ ਨੇ ਸ਼ਾਹੀ ਫੌਜਾਂ ਨੂੰ ਮੁੜਨ ਲਈ ਮਜਬੂਰ ਕਰ ਦਿੱਤਾ। ਮੁੜ ਸ਼ਾਹੀ ਫੌਜ ਦਾ ਗੁਰੂ ਜੀ ਉੱਤੇ ਹਮਲਾ ਕਰਨ ਦਾ ਕਦੇ ਵੀ ਹੌਸਲਾ ਨਹੀਂ ਹੋਇਆ। ਇਸ ਯੁੱਧ ਵਿੱਚ ਉਨ੍ਹਾਂ ਚਾਲੀ ਸਿੰਘਾਂ ਨੇ ਵੀ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ, ਜਿਹੜੇ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਇਸੇ ਕਰਕੇ ਇਸ ਧਰਤੀ ਨੂੰ ਮੁਕਤਸਰ ਸਾਹਿਬ ਦਾ ਨਾਮ ਦਿੱਤਾ ਗਿਆ।
ਇੱਥੇ ਭਾਈ ਮੋਤੀ ਰਾਮ ਮਹਿਰਾ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਦੀ ਚਰਚਾ ਜ਼ਰੂਰੀ ਹੈ ਕਿਉਂਕਿ ਅਜਿਹੀ ਕੁਰਬਾਨੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਈ ਸੀ ਅਤੇ ਨਾ ਹੀ ਮੁੜ ਹੋਵੇਗੀ। ਭਾਈ ਮੋਤੀ ਰਾਮ ਨੂੰ ਜਦੋਂ ਪਤਾ ਲੱਗਾ ਕਿ ਮਾਸੂਮ ਸਹਿਬਜਾਦੇ ਅਤੇ ਮਾਤਾ ਜੀ ਨੂੰ ਭੁੱਖੇ ਭਾਣੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ ਤਾਂ ਉਹ ਉਨ੍ਹਾਂ ਲਈ ਗਰਮ ਦੁੱਧ ਲੈ ਕੇ ਗਿਆ। ਮਾਤਾ ਜੀ ਨੇ ਆਖਿਆ ਮੋਤੀ ਰਾਮ, ਤੈਨੂੰ ਪਤਾ ਇਸਦੀ ਤੈਨੂੰ ਕਿੰਨੀ ਕੀਮਤ ਚੁਕਾਉਣੀ ਪਵੇਗੀ? ਭਾਈ ਸਾਹਿਬ ਨੇ ਮਾਤਾ ਜੀ ਦੇ ਚਰਨ ਸਪਰਸ਼ ਕਰਦੇ ਹੋਇਆਂ ਉੱਤਰ ਦਿੱਤਾ, ਮੈਨੂੰ ਪਤਾ ਹੈ ਕਿ ਜਦੋਂ ਇਹ ਖਬਰ ਸੂਬੇਦਾਰ ਨੂੰ ਪਤਾ ਲੱਗੇਗੀ ਤਾਂ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦੇਵੇਗਾ। ਮਾਤਾ ਜੀ ਨੇ ਆਖਿਆ, ਫਿਰ ਤੂੰ ਇਹ ਖਤਰਾ ਕਿਉਂ ਸਹੇੜਿਆ ਹੈ? ਭਾਈ ਜੀ ਦਾ ਉੱਤਰ ਸੀ, ਮਾਤਾ ਜੀ, ਮੇਰੇ ਧੰਨਭਾਗ ਮੈਨੂੰ ਇਹ ਸਭ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਤੁਹਾਡਾ ਅਸ਼ੀਰਵਾਦ ਸ਼ਹਾਦਤ ਵੇਲੇ ਮੈਨੂੰ ਡੋਲਣ ਨਹੀਂ ਦੇਵੇਗਾ। ਇਹ ਸਰੀਰ ਤਾਂ ਨਾਸ਼ਵਾਨ ਹੈ, ਇਸਨੇ ਤਾਂ ਨਸ਼ਟ ਹੋਣਾ ਹੀ ਹੈ ਪਰ ਤੁਹਾਡੀ ਸੇਵਾ ਦਾ ਮੌਕਾ ਤਾਂ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ। ਖਬਰ ਮਿਲਣ ਉੱਤੇ ਸੂਬਾ ਸਰਹਿੰਦ ਨੇ ਭਾਈ ਮੋਤੀ ਰਾਮ ਮਹਿਰਾ ਨੂੰ ਆਪਣੇ ਸਾਹਮਣੇ ਪਰਿਵਾਰ ਸਮੇਤ ਪੇਸ਼ ਹੋਣ ਦਾ ਹੁਕਮ ਸੁਣਾਇਆ। ਸੂਬੇਦਾਰ ਨੇ ਆਖਿਆ, ਤੇਰਾ ਗੁਨਾਹ ਮੁਆਫ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਤੂੰ ਇਸਲਾਮ ਕਬੂਲ ਕਰ ਲਵੇਂ ਤਾਂ ਮੁਆਫ ਕੀਤਾ ਜਾ ਸਕਦਾ ਹੈਂ। ਭਾਈ ਸਾਹਿਬ ਦਾ ਉੱਤਰ ਸੀ, ਮਾਤਾ ਜੀ ਵੱਲੋਂ ਮਿਲੇ ਅਸ਼ੀਰਵਾਦ ਸਦਕਾ ਮੈਂ ਸਾਰੇ ਕਸ਼ਟ ਸਹਾਰ ਸਕਦਾ ਹਾਂ ਪਰ ਆਪਣਾ ਧਰਮ ਨਹੀਂ ਛੱਡ ਸਕਦਾ। ਨਵਾਬ ਨੇ ਹੁਕਮ ਕੀਤਾ ਕਿ ਉਸਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਉਸਦੇ ਮਾਸੂਮ ਪੁੱਤਰ ਨੂੰ ਪੀੜਿਆ ਗਿਆ। ਭਾਈ ਸਾਹਿਬ ਅਡੋਲ ਰਹੇ। ਇਸਲਾਮ ਕਬੂਲਣ ਤੋਂ ਨਾਂਹ ਕਰ ਦਿੱਤੀ। ਸਾਰੇ ਪਰਿਵਾਰ ਨੂੰ ਸ਼ਹੀਦ ਕਰਕੇ ਮੁੜ ਪੁੱਛਿਆ ਗਿਆ ਕਿ ਅਜੇ ਵੀ ਮੌਕਾ ਹੈ, ਇਸਲਾਮ ਕਬੂਲ ਲਰ ਲਵੋ। ਭਾਈ ਸਾਹਿਬ ਦਾ ਉੱਤਰ ਸੀ, ਪਰਿਵਾਰ ਤਾਂ ਸਾਰਾ ਸ਼ਹੀਦ ਹੋ ਗਿਆ, ਹੁਣ ਜੀਵਨ ਦੀ ਲੋੜ ਨਹੀਂ। ਗੁਰੂ ਜੀ ਦੀ ਕ੍ਰਿਪਾ ਕਿ ਮੈਂ ਸਿਰੜ ਨਿਭਾ ਸਕਿਆ ਹਾਂ।
ਇੰਝ ਦਸਮੇਸ਼ ਪਿਤਾ ਨੇ ਖਾਲਸੇ ਦੀ ਸਿਰਜਣਾ ਸ਼ਹੀਦੀ ਰੂਪੀ ਇੱਟਾਂ ਨਾਲ ਕੀਤੀ। ਗੁਰੂ ਜੀ ਦੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਆਪਣੇ ਸਿਰਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਪੰਜ ਸਾਲਾਂ ਪਿੱਛੋਂ ਹੀ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਜ਼ਾਲਮ ਰਾਜ ਦਾ ਅੰਤ ਕਰ ਦਿੱਤਾ ਅਤੇ ਖਾਲਸਾ ਰਾਜ ਦੀ ਨੀਂਹ ਰੱਖੀ। ਸੰਸਾਰ ਵਿੱਚ ਪਹਿਲੀ ਵਾਰ ਲੋਕ ਰਾਜ ਸਥਾਪਿਤ ਹੋਇਆ। ਹੁਣ ਵੀ ਸੰਸਾਰ ਵਿੱਚ ਜਿੱਥੇ ਕਿਤੇ ਵੀ ਮੁਸੀਬਤ ਆਉਂਦੀ ਹੈ ਤਾਂ ਗੁਰੂ ਦੇ ਸਿੰਘ ਸਭ ਤੋਂ ਪਹਿਲਾਂ ਸਹਾਇਤਾ ਲਈ ਪੁੱਜਦੇ ਹਨ। ਅਜਿਹਾ ਸੰਸਾਰ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਤੇ ਸ਼ਾਇਦ ਮੁੜ ਕਦੇ ਵੀ ਨਹੀਂ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (