“ਆਬਾਦੀ ਦੇ ਵਾਧੇ ਨੂੰ ਰੋਕਣ ਲਈ ਜਿੱਥੇ ਇਸ ਪਾਸੇ ਪ੍ਰਚਾਰ ਦੀ ਲੋੜ ਹੈ, ਉੱਥੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਆਪਣੇ ਪੈਰਾਂ ...”
(5 ਜੁਲਾਈ 2024)
ਇਸ ਸਮੇਂ ਪਾਠਕ: 470.
ਸਾਡਾ ਦੇਸ਼ ਇਸ ਸਮੇਂ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਗਿਆ ਹੈ ਕਿਉਂਕਿ ਅਸੀਂ 140 ਕਰੋੜ ਦੇ ਅੰਕੜੇ ਨੂੰ ਪਾਰ ਗਏ ਹਾਂ। ਚੀਨ ਨੂੰ ਅਸੀਂ ਪਿੱਛੇ ਛੱਡ ਦਿੱਤਾ ਹੈ। ਚੀਨ ਇੱਕ ਤਰ੍ਹਾਂ ਨਾਲ ਸਾਥੋਂ ਪਿੱਛੋਂ ਅਜ਼ਾਦ ਹੋਇਆ ਸੀ। ਇਸ ਸਮੇਂ ਉੱਥੇ ਸਨਅਤੀ ਅਤੇ ਖੇਤੀ ਵਿਕਾਸ ਸਿਖਰ ਉੱਤੇ ਹੈ ਅਤੇ ਦੁਨੀਆਂ ਦੀ ਵੱਡੀ ਸ਼ਕਤੀ ਬਣ ਗਿਆ ਹੈ। ਆਪਣੇ ਯਤਨਾਂ ਨਾਲ ਉਨ੍ਹਾਂ ਅਬਾਦੀ ਦੇ ਵਾਧੇ ਨੂੰ ਨੱਥ ਪਾ ਲਈ ਹੈ। ਚੀਨ ਅਤੇ ਅਮਰੀਕਾ ਪਿੱਛੋਂ ਸਾਡਾ ਮੁਕਾਬਲਾ ਇੰਗਲੈਂਡ, ਜਰਮਨੀ ਅਤੇ ਜਪਾਨ ਨਾਲ ਹੈ, ਜਿਨ੍ਹਾਂ ਦੇਸ਼ਾਂ ਦੀ ਅਬਾਦੀ 10 ਕਰੋੜ ਦੇ ਨੇੜੇ ਤੇੜੇ ਹੈ। ਉਨ੍ਹਾਂ ਨਾਲ ਮੁਕਾਬਲਾ ਕਰਕੇ ਅਸੀਂ ਆਪਣੇ ਆਪ ਨੂੰ ਖੁਸ਼ਹਾਲ ਦੇਸ਼ ਨਹੀਂ ਆਖ ਸਕਦੇ। ਕਰੋਨਾ ਤੋਂ ਪਿੱਛੋਂ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਸੀ, ਜਿਹੜਾ ਹੁਣ ਵੀ ਜਾਰੀ ਹੈ। ਇਸੇ ਕਾਰਨ ਗਰੀਬੀ ਵਿੱਚ ਵਾਧਾ ਹੋਇਆ ਤੇ ਸਰਕਾਰ ਨੂੰ ਮਜਬੂਰ ਹੋ ਕੇ ਦੇਸ਼ ਦੀ ਅੱਧੀਉਂ ਵੱਧ ਅਬਾਦੀ ਨੂੰ ਮੁਫ਼ਤ ਰਾਸ਼ਨ ਦੇਣਾ ਪੈ ਰਿਹਾ ਹੈ। ਇਸ ਵਰਗੇ ਦੇ ਲੋਕਾਂ ਲਈ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣਾ ਜਾਂ ਸਿਹਤ ਸਹੂਲਤਾਂ ਲੈਣੀਆਂ ਸੁਪਨੇ ਵਾਂਗ ਹੈ। ਅੰਨ ਦੇ ਨਾਲੋ ਨਾਲ ਪੀਣ ਵਾਲੇ ਪਾਣੀ ਦੀ ਵੀ ਤੇਜੀ ਨਾਲ ਘਾਟ ਵਧ ਰਹੀ ਹੈ।
ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਆਬਾਦੀ ਕੇਵਲ 33 ਕਰੋੜ ਸੀ। ਤੇਜ਼ੀ ਨਾਲ ਹੋਏ ਆਬਾਦੀ ਦੇ ਇਸ ਵਾਧੇ ਦੀਆਂ ਤਿੰਨ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਦੀ ਪੂਰਤੀ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਵੀ ਤੇਜ਼ੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਲਈ ਮਕਾਨ ਬਣਾਉਣ ਵਾਸਤੇ ਲੱਖਾਂ ਪਿੰਡ ਉਜਾੜਨੇ ਪਏ ਹਨ। ਇੰਝ ਵਾਹੀ ਹੇਠ ਧਰਤੀ ਘਟ ਰਹੀ ਹੈ ਜਦੋਂ ਕਿ ਭੋਜਨ ਦੀਆਂ ਲੋੜਾਂ ਵਧ ਰਹੀਆਂ ਹਨ। ਜਦੋਂ ਵਸੋਂ ਕੇਵਲ 33 ਕਰੋੜ ਸੀ ਉਦੋਂ ਲੋਕੀਂ ਪਾਣੀ ਦੀ ਸੰਕੋਚਵੀਂ ਵਰਤੋਂ ਕਰਦੇ ਸਨ ਕਿਉਂਕਿ ਪਾਣੀ ਬਿਨਾਂ ਧਰਤੀ ਉੱਤੇ ਜੀਵਨ ਸੰਭਵ ਨਹੀਂ ਹੈ। ਹੁਣ ਜਦੋਂ ਅਬਾਦੀ ਇੰਨੀ ਵਧ ਗਈ ਹੈ ਤਾਂ ਪਾਣੀ ਦੀਆਂ ਲੋੜਾਂ ਵੀ ਉਸੇ ਅਨੁਪਾਤ ਵਿੱਚ ਵਧੀਆਂ ਹਨ। ਇਸਦੇ ਨਾਲ ਹੀ ਲੋਕਾਂ ਵਿੱਚ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਅਤੇ ਪਾਣੀ ਨੂੰ ਦੇਵਤਾ ਸਮਝ ਸਤਿਕਾਰ ਖਤਮ ਹੋ ਗਿਆ ਹੈ। ਲੋਕ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਪਾਣੀ ਬਿਨਾਂ ਫ਼ਸਲਾਂ, ਪਸ਼ੂ, ਪੰਛੀ, ਰੁੱਖ, ਬੂਟੇ ਕੋਈ ਵੀ ਜੀਵਤ ਨਹੀਂ ਰਹਿ ਸਕਦਾ। ਇੰਝ ਦੇਸ਼ ਵਿੱਚ ਪਾਣੀ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅਸੀਂ ਆਪਣੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦੀ ਬੜੀ ਬੇਦਰਦੀ ਨਾਲ ਵਰਤੋਂ ਕਰ ਰਹੇ ਹਾਂ। ਇਸ ਨਾਲ ਧਰਤੀ ਹੇਠਲਾ ਪਾਣੀ ਮੁੱਕਣ ਦੇ ਨੇੜੇ ਹੈ ਅਤੇ ਦਰਿਆ ਸੁੱਕਣ ਵਾਲੇ ਹਨ। ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠ ਇਸਦੀ ਭਰਪਾਈ ਵਲ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ। ਸਾਰੀਆਂ ਗਲੀਆਂ, ਸੜਕਾਂ ਪੱਕੀਆਂ ਹੋ ਗਈਆਂ ਹਨ। ਛੱਪੜ ਅਤੇ ਤਲਾਬ ਪੂਰ ਦਿੱਤੇ ਗਏ ਹਨ। ਦਰਿਆ, ਨਦੀਆਂ ਅਤੇ ਨਾਲਿਆਂ ਦੇ ਵਹਿਣ ਮੋੜ ਦਿੱਤੇ ਗਏ ਹਨ। ਇੰਝ ਧਰਤੀ ਹੇਠ ਬਹੁਤ ਘਟ ਪਾਣੀ ਜਾ ਰਿਹਾ ਹੈ।
ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਸਿੰਚਾਈ ਲਈ ਸਾਲਾਨਾ 20 ਕਰੋੜ ਏਕੜ ਫੁੱਟ ਪਾਣੀ ਧਰਤੀ ਹੇਠੋਂ ਖਿੱਚਿਆ ਜਾਂਦਾ ਹੈ ਜਦੋਂ ਕਿ ਮੀਂਹ ਇਸ ਨਾਲੋਂ ਮਸਾਂ ਅੱਧੀ ਮਾਤਰਾ ਵਿੱਚ ਹੀ ਪੈਂਦੇ ਹਨ। ਪੰਜਾਬ ਵਿੱਚ ਕਦੇ ਖੂਹਾਂ ਵਿੱਚ ਪਾਣੀ ਚਰਸ ਨਾਲ ਕੱਢਿਆ ਜਾਂਦਾ ਸੀ। ਇਹ ਚਮੜੇ ਦਾ ਵੱਡਾ ਬੋਕਾ ਹੁੰਦਾ ਸੀ। ਇਸ ਨੂੰ ਖੂਹ ਵਿੱਚ ਸੁੱਟਿਆ ਜਾਂਦਾ ਸੀ ਜਦੋਂ ਇਹ ਪਾਣੀ ਨਾਲ ਭਰ ਜਾਂਦਾ ਸੀ ਤਾਂ ਬਲਦਾਂ ਦੀ ਜੋੜੀ ਇਸ ਨੂੰ ਬਾਹਰ ਖਿੱਚਦੀ ਸੀ। ਇਸ ਨਾਲ ਬਹੁਤ ਘਟ ਧਰਤੀ ਦੀ ਸਿੰਚਾਈ ਹੁੰਦੀ ਸੀ। ਫਿਰ ਬਲਦਾਂ ਨਾਲ ਚੱਲਣ ਵਾਲੇ ਹਲਟ ਆ ਗਏ। ਖੂਹਾਂ ਵਿੱਚੋਂ ਕੋਈ 30-40 ਫੁੱਟ ਡੁੰਘਾਈ ਤੋਂ ਟਿੰਡਾਂ ਰਾਹੀਂ ਪਾਣੀ ਖਿੱਚਿਆ ਜਾਂਦਾ ਸੀ। ਪਰ ਹੁਣ ਟਿਊਬਵੈਲ ਬੋਰ ਹਰੇਕ ਸਾਲ ਡੂੰਘੇ ਕਰਨੇ ਪੈ ਰਹੇ ਹਨ। ਮੋਟਰਾਂ ਵੀ ਵੱਡੀਆਂ ਲੱਗ ਰਹੀਆਂ ਹਨ, ਇੰਝ ਬਿਜਲੀ ਦੀ ਖਪਤ ਵਿੱਚ ਵੀ ਵਾਧਾ ਹੋਇਆ ਹੈ।
ਹਰੀ ਕ੍ਰਾਂਤੀ ਨੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਪਾਣੀ ਦੇ ਸੋਮੇ ਖਾਲੀ ਕਰ ਦਿੱਤੇ। ਆਬਾਦੀ ਦਾ ਢਿੱਡ ਤਾਂ ਭਰ ਦਿੱਤਾ ਪਰ ਪਹਿਲਾਂ ਨਾਲੋਂ ਕੋਈ ਤਿੰਨ ਗੁਣਾ ਵਧੇਰੇ ਪਾਣੀ ਖਰਚ ਹੋਇਆ। ਅਜਿਹਾ ਕਰਨਾ ਮਜਬੂਰੀ ਹੈ। ਭੋਜਨ ਮਨੁੱਖ ਦੀ ਮੁਢਲੀ ਲੋੜ ਹੈ, ਇਸ ਕਰਕੇ ਰੋਟੀ ਦੇਣਾ ਤਾਂ ਹਰੇਕ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ। ਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉੱਤੇ ਲਗਾਮ ਲਗਾਉਣ ਦੀ ਲੋੜ ਹੈ। ਦੇਸ਼ ਵਿੱਚ ਲੋਕ ਰਾਜ ਵੋਟ ਰਾਜ ਬਣ ਰਿਹਾ ਹੈ। ਵੋਟ ਰਾਜ ਵਿੱਚ ਆਬਾਦੀ ਦੇ ਵਾਧੇ ਨੂੰ ਰੋਕਣ ਵਲ ਕੋਈ ਸਰਕਾਰ ਵੀ ਧਿਆਨ ਨਹੀਂ ਦੇ ਰਹੀ।
ਇਸ ਸਮੇਂ ਸਾਡਾ ਦੇਸ਼ ਸਭ ਤੋਂ ਸੰਘਣੀ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਵਾਹੀ ਹੇਠ ਰਕਬਾ ਘਟ ਰਿਹਾ ਹੈ, ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ, ਜੰਗਲ ਖਤਮ ਹੋ ਰਹੇ ਹਨ, ਜਦੋਂ ਕਿ ਲੋੜਾਂ ਵਿੱਚ ਵਾਧਾ ਹੋ ਰਿਹਾ ਹੈ। ਹਰ ਖੇਤਰ ਵਿੱਚ ਸਵੈਚਾਲਕ ਮਸ਼ੀਨਾਂ, ਕੰਪਿਊਟਰਾਂ ਤੇ ਹੁਣ ਨਕਲੀ ਸਿਆਣਪ ਨਾਲ ਰੋਜ਼ਗਾਰ ਵਿੱਚ ਵਾਧਾ ਹੋਣ ਦੀ ਥਾਂ ਕਾਮਿਆਂ ਦੀ ਲੋੜ ਘਟ ਰਹੀ ਹੈ। ਜਿੱਥੇ ਆਬਾਦੀ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਦੀ ਲੋੜ ਹੈ ਉੱਥੇ ਸਨਅਤੀ ਨੀਤੀ ਅਜਿਹੀ ਬਣੇ ਜਿੱਥੇ ਵੱਧ ਤੋਂ ਵੱਧ ਕਾਮਿਆਂ ਦੀ ਲੋੜ ਹੋਵੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿੱਚੋਂ ਗਰੀਬੀ ਦੂਰ ਕਰਨ ਲਈ ਯਤਨਾਂ ਦੀ ਲੋੜ ਹੈ ਪਰ ਇਸ ਯਤਨ ਅਜਿਹੇ ਹੋਣੇ ਚਾਹੀਦੇ ਹਨ ਕਿ ਲੋਕੀਂ ਆਪਣੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋਣ ਪਰ ਬਹੁਤੀਆਂ ਸਰਕਾਰਾਂ ਇਸ ਵਰਗ ਨੂੰ ਮੁਫ਼ਤ ਦੀਆਂ ਰਿਊੜੀਆਂ ਇਨ੍ਹਾਂ ਦੇ ਵਿਕਾਸ ਲਈ ਨਹੀਂ ਸਗੋਂ ਵੋਟਾਂ ਲੈਣ ਲਈ ਦਿੰਦੀਆਂ ਹਨ। ਮੁਫ਼ਤ ਜ਼ਰੂਰ ਦੇਵੋ ਪਰ ਇਹ ਵਿੱਦਿਆ ਅਤੇ ਸਿਹਤ ਸਹੂਲਤਾਂ ਦੇ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ। ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣ ਜਿਹੜੀਆਂ ਗਰੀਬਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਵਿੱਚ ਸਹਾਈ ਹੋ ਸਕਣ। ਤੁਸੀਂ ਇੱਕ ਚੀਨੀ ਕਹਾਵਤ ਤਾਂ ਸੁਣੀ ਹੋਵੇਗੀ ਕਿ ਜੇਕਰ ਕਿਸੇ ਨੂੰ ਇੱਕ ਡੰਗ ਦੀ ਰੋਟੀ ਦੇਣੀ ਹੈ ਤਾਂ ਇੱਕ ਮੱਛੀ ਦੇ ਦੇਵੋ ਪਰ ਜੇਕਰ ਉਮਰ ਦੀਆਂ ਰੋਟੀਆਂ ਦੇਣੀਆਂ ਹਨ ਤਾਂ ਉਸ ਨੂੰ ਮੱਛੀ ਫੜਨਾ ਸਿਖਾਇਆ ਜਾਵੇ। ਜਦੋਂ ਮੱਛੀ ਫੜਨਾ ਸਿਖਾਇਆ ਜਾਵੇਗਾ ਭਾਵ ਹੁਨਰਮੰਦ ਬਣਾਇਆ ਜਾਵੇਗਾ ਤਾਂ ਲੋਕਾਂ ਵਿੱਚ ਆਤਮ-ਵਿਸ਼ਵਾਸ ਵਧੇਗਾ, ਉਹ ਚੰਗੇ ਭਵਿੱਖ ਲਈ ਯਤਨ ਹੋਰ ਤੇਜ਼ ਕਰਨਗੇ। ਬੱਚਿਆਂ ਦੇ ਉਜਲੇ ਭਵਿੱਖ ਲਈ ਉਹ ਪਰਿਵਾਰ ਛੋਟਾ ਰੱਖਣ ਵਲ ਧਿਆਨ ਦੇਣਗੇ।
ਦੇਸ਼ ਵਿੱਚ ਲੋਕਰਾਜ ਹੈ। ਲੋਕਰਾਜ ਵਿੱਚ ਆਗੂਆਂ ਦਾ ਮੁੱਖ ਮੰਤਵ ਲੋਕਾਂ ਦੇ ਭਲੇ ਬਾਰੇ ਸੋਚਣਾ ਹੁੰਦਾ ਹੈ ਪਰ ਸਾਡੇ ਬਹੁਤੇ ਆਗੂ ਲੋਕਾਂ ਦੇ ਵਿਕਾਸ ਬਾਰੇ ਨਹੀਂ ਸਗੋਂ ਆਪਣੇ ਲਈ ਵੋਟ ਪ੍ਰਾਪਤੀ ਬਾਰੇ ਸੋਚਦੇ ਹਨ। ਰਾਜਸੀ ਪਾਰਟੀਆਂ ਦਾ ਵੀ ਮੁੱਖ ਮੰਤਵ ਵੋਟਾਂ ਪ੍ਰਾਪਤ ਕਰਨੀਆਂ ਹੀ ਬਣ ਗਿਆ ਹੈ। ਵੋਟ ਰਾਜਨੀਤੀ ਦੀ ਸੌੜੀ ਸੋਚ ਦੇਸ਼ ਲਈ ਘਾਤਕ ਸਿੱਧ ਹੋ ਰਹੀ ਹੈ। ਆਗੂਆਂ ਨੂੰ ਚੋਣਾਂ ਜਿੱਤਣ ਲਈ ਵੋਟ ਚਾਹੀਦੇ ਹਨ ਅਤੇ ਜਿਹੜੇ ਉਨ੍ਹਾਂ ਦੇ ਵੋਟ ਬੈਂਕ ਹਨ, ਉੱਥੇ ਹੀ ਆਬਾਦੀ ਵਿੱਚ ਵਾਧਾ ਹੋ ਰਿਹਾ ਹੈ। ਉਤਲੇ ਅਤੇ ਵਿਚਕਾਰਲੇ ਤਬਕੇ ਦੇ ਬਹੁਤੇ ਪਰਿਵਾਰ ਟੱਬਰ ਨੂੰ ਛੋਟਾ ਰੱਖਣ ਲਈ ਜਾਗਰੂਕ ਹੋ ਗਏ ਹਨ। ਇਨ੍ਹਾਂ ਦੇ ਬਹੁਤੇ ਪਰਿਵਾਰਾਂ ਵਿੱਚ ਇੱਕ ਜਾਂ ਦੋ ਬੱਚਿਆਂ ਦਾ ਰਿਵਾਜ਼ ਪੈਂਦਾ ਜਾ ਰਿਹਾ ਹੈ। ਗਰੀਬ ਲੋਕਾਂ ਵਿੱਚ ਬੱਚਿਆਂ ਦੇ ਵਿਆਹ ਆਮ ਕਰਕੇ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਹਨ ਤੇ ਇਹ ਹੀ ਮਨੋਰੰਜਨ ਦਾ ਮੁੱਖ ਸੋਮਾ ਹੈ। ਬਹੁਤੇ ਗਰੀਬ ਪਰਿਵਾਰ ਪਰਿਵਾਰ ਛੋਟਾ ਰੱਖਣ ਬਾਰੇ ਨਹੀਂ ਸੋਚਦੇ ਕਿਉਂਕਿ ਬੱਚੇ ਹੋਸ਼ ਸੰਭਾਲਦਿਆਂ ਹੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਇੰਝ ਗਰੀਬਾਂ ਦੀ ਗਿਣਤੀ ਘੱਟ ਹੋਣ ਦੀ ਥਾਂ ਇਸ ਵਿੱਚ ਵਾਧਾ ਹੋ ਰਿਹਾ ਹੈ। ਅਨਾਜ ਵਿੱਚ ਆਤਮ ਨਿਰਭਰ ਸਮਝੇ ਜਾਂਦੇ ਦੇਸ਼ ਵਿੱਚ 30 ਕਰੋੜ ਨੂੰ ਰੱਜਵੀਂ ਰੋਟੀ ਨਸੀਬ ਨਹੀਂ ਹੈ ਅਤੇ ਅੱਧੀ ਵਸੋਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ। ਵਧ ਰਹੀ ਅਬਾਦੀ ਕਾਰਨ ਗਰੀਬ ਜੇਕਰ ਚਾਹੁਣ ਤਾਂ ਵੀ ਦੁੱਧ, ਫ਼ਲ ਤੇ ਸਬਜ਼ੀਆਂ ਦੀ ਲੋੜ ਅਨੁਸਾਰ ਵਰਤੋਂ ਨਹੀਂ ਕਰ ਸਕਦੇ।
ਕਈਆਂ ਵਿਦਵਾਨਾਂ ਦਾ ਵਿਚਾਰ ਹੈ ਕਿ ਆਬਾਦੀ ਤਾਂ ਕਿਸੇ ਵੀ ਦੇਸ਼ ਲਈ ਵਰਦਾਨ ਹੁੰਦਾ ਹੈ। ਅਜਿਹਾ ਉਦੋਂ ਹੀ ਹੈ ਜਦੋਂ ਇਹ ਦੇਸ਼ ਵਿੱਚ ਪ੍ਰਾਪਤ ਵਸੀਲਿਆਂ ਅਨੁਸਾਰ ਹੋਵੇ। ਆਮ ਆਦਮੀ ਦੀ ਤਾਂ ਕੋਈ ਕਦਰ ਹੀ ਨਹੀਂ ਜਦੋਂ ਕਿ ਲੋਕਰਾਜ ਵਿੱਚ ਲੋਕੀਂ ਹੀ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਆਗੂ ਛੋਟੇ ਪਰਿਵਾਰ ਦਾ ਪ੍ਰਚਾਰ ਨਹੀਂ ਕਰਦੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਵੋਟ ਬੈਂਕ ਨੂੰ ਖ਼ਤਰਾ ਪੈਦਾ ਹੁੰਦਾ ਹੈ।
ਆਬਾਦੀ ਦੇ ਵਾਧੇ ਨੂੰ ਰੋਕਣ ਲਈ ਜਿੱਥੇ ਇਸ ਪਾਸੇ ਪ੍ਰਚਾਰ ਦੀ ਲੋੜ ਹੈ, ਉੱਥੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਵਿੱਚ ਸਹਾਇਤਾ ਕੀਤੀ ਜਾਵੇ। ਉਨ੍ਹਾਂ ਲਈ ਅਜਿਹੀ ਵਿੱਦਿਆ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇ ਜਿਹੜੀ ਕੇਵਲ ਉਨ੍ਹਾਂ ਦੇ ਗਿਆਨ ਵਿੱਚ ਹੀ ਵਾਧਾ ਨਾ ਕਰੇ ਸਗੋਂ ਉਨ੍ਹਾਂ ਨੂੰ ਹੁਨਰੀ ਬਣਾਵੇ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣਾ ਸਿਖਾਵੇ ਇਸਦੇ ਨਾਲ ਹੀ ਉਨ੍ਹਾਂ ਨੂੰ ਵਧੀਆ ਇਨਸਾਨ ਵੀ ਬਣਾਵੇ। ਹੁਣ ਦੀ ਵਿੱਦਿਆ ਇਨਸਾਨੀਅਤ ਦਾ ਪਾਠ ਨਹੀਂ ਪੜ੍ਹਾ ਰਹੀ ਕਿਉਂਕਿ ਬੇਈਮਾਨਾਂ ਅਤੇ ਲੋਕ ਹਮਦਰਦੀ ਤੋਂ ਸੱਖਣੇ ਮਨੁੱਖਾਂ ਵਿੱਚ ਬਹੁਗਿਣਤੀ ਪੜ੍ਹੇ ਲਿਖੇ ਵਰਗ ਦੀ ਹੀ ਹੈ।
ਸਾਰੇ ਸੰਸਾਰ ਵਿੱਚ 11 ਜੁਲਾਈ ਦਾ ਦਿਨ ਆਬਾਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸਦਾ ਮੰਤਵ ਨਿਰਾ ਆਬਾਦੀ ਦੇ ਵਾਧੇ ਨੂੰ ਹੀ ਰੋਕਣਾ ਨਹੀਂ ਸਗੋਂ ਲੋਕਾਂ ਨੂੰ ਇਮਾਨਦਾਰੀ, ਮਿਹਨਤ ਅਤੇ ਆਪਸੀ ਪਿਆਰ ਦਾ ਸਬਕ ਵੀ ਸਿਖਾਉਣਾ ਹੈ। ਇਸ ਸੰਬੰਧੀ ਫ਼ੈਸਲਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ 45/216 ਮਤੇ ਰਾਹੀਂ ਇਸ ਦਿਨ ਬਾਰੇ ਫ਼ੈਸਲਾ ਕੀਤਾ ਗਿਆ ਸੀ। ਇਸ ਦਿਨ ਇਹ ਪ੍ਰਚਾਰਿਆ ਜਾਂਦਾ ਹੈ ਕਿ ਆਪਣੇ ਬੱਚੇ ਦੀ ਥਾਂ ਕਿਸੇ ਗਰੀਬ ਬੱਚੇ ਨੂੰ ਗੋਦ ਲਵੋ। ਛੋਟੇ ਪਰਿਵਾਰਾਂ ਨਾਲ ਧਰਤੀ ’ਤੇ ਬੋਝ ਘਟਾਵੋ ਅਤੇ ਭੋਜਨ ਦੀ ਥੁੜ ਦੂਰ ਕਰੋ। ਵਿਆਹ ਦੀ ਉਮਰ ਵਿੱਚ ਵਾਧਾ, ਵਿੱਦਿਆ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਵੀ ਜਾਗਰੂਕਤਾ ਵਧਾਈ ਜਾਵੇ। ਅਬਾਦੀ ਦੇ ਵਾਧੇ ਦੀ ਰੋਕ ਨਾਲ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਵਾਤਾਵਰਣ ਦੀ ਸੰਭਾਲ ਵੀ ਹੋ ਸਕੇਗੀ। ਨਵੀਂ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਜੇਕਰ ਅਬਾਦੀ ਵਿੱਚ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਡਾ ਦੇਸ਼ ਕਦੇ ਵੀ ਖੁਸ਼ਹਾਲ ਅਤੇ ਵਿਕਸਿਤ ਨਹੀਂ ਬਣ ਸਕਦਾ। ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਵੋਟਾਂ ਬਾਰੇ ਸੋਚਣ ਦੀ ਥਾਂ ਦੇਸ਼ ਦੇ ਚੰਗੇ ਭਵਿੱਖ ਬਾਰੇ ਸੋਚਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5110)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.