RanjitSinghDr7ਪੜ੍ਹਨ ਦਾ ਸ਼ੌਕ ਪਾਲੋ। ਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ...
(17 ਨਵੰਬਰ 2021)

 

ਕੰਮਕਾਜੀ ਮਜਬੂਰੀਆਂ ਤੇ ਕੁਝ ਆਧੁਨਿਕਤਾ ਦੇ ਪ੍ਰਭਾਵ ਕਾਰਣ ਸਾਂਝੇ ਪਰਿਵਾਰ ਟੁੱਟ ਰਹੇ ਹਨਇਸ ਨਾਲ ਬਜ਼ੁਰਗਾਂ ਨੂੰ ਪਿਛਲੀ ਉਮਰੇ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਜਿਹੜੇ ਬੱਚੇ ਨੌਕਰੀ ਲਈ ਦੂਜੇ ਸ਼ਹਿਰਾਂ ਜਾਂ ਸੂਬਿਆਂ ਵਿੱਚ ਜਾਂਦੇ ਹਨ, ਉਹ ਉੱਥੇ ਆਪਣੇ ਪਰਿਵਾਰ ਨਾਲ ਉਸੇ ਸ਼ਹਿਰ ਵਿੱਚ ਘਰ ਵਸਾ ਲੈਂਦੇ ਹਨਪਿਛਲੇ ਸਮਿਆਂ ਵਿੱਚ ਨੌਕਰੀਆਂ ਥੋੜ੍ਹੀਆਂ ਸਨ ਪਰ ਆਬਾਦੀ ਵੀ ਥੋੜ੍ਹੀ ਹੀ ਸੀਜੇਕਰ ਨੌਕਰੀ ਲਈ ਆਪਣੇ ਪਿੰਡ ਜਾਂ ਸ਼ਹਿਰ ਨੂੰ ਛੱਡ ਕੇ ਕੋਈ ਜਾਂਦਾ ਸੀ ਤਾਂ ਆਪਣਾ ਟੱਬਰ ਪਿੱਛੇ ਛੱਡ ਜਾਂਦਾ ਸੀਇੰਝ ਬਜ਼ੁਰਗਾਂ ਨੂੰ ਕੋਈ ਦਿੱਕਤ ਨਹੀਂ ਸੀ ਆਉਂਦੀਹੁਣ ਤਾਂ ਪੰਜਾਬ ਵਿੱਚ ਪ੍ਰਦੇਸਾਂ ਨੂੰ ਜਾਣ ਦੇ ਰੁਝਾਨ ਵਿੱਚ ਤੇਜ਼ੀ ਨਾਲ ਵਾਧਾ ਹੋ ਗਿਆ ਹੈ, ਜਿਸ ਕਾਰਣ ਬਜ਼ੁਰਗ ਪਿੱਛੇ ਇਕੱਲੇ ਰਹਿ ਜਾਂਦੇ ਹਨਬੇਸ਼ਕ ਉਨ੍ਹਾਂ ਕੋਲ ਵਧੀਆ ਘਰ ਹਨ ਪਰ ਇਕੱਲਤਾ ਤਾਂ ਸਤਾਉਂਦੀ ਹੀ ਹੈਸ਼ਹਿਰਾਂ ਵਿੱਚ ਨੌਕਰੀ ਕਰ ਰਹੇ ਬੰਦਿਆਂ ਨੇ ਆਪਣਾ ਅਜਿਹਾ ਮਾਹੌਲ ਸਿਰਜ ਲਿਆ ਹੁੰਦਾ ਹੈ ਕਿ ਉਹ ਮਾਪਿਆਂ ਨੂੰ ਆਪਣੇ ਕੋਲ ਬੁਲਾਉਣ ਤੋਂ ਕੰਨੀ ਕਤਰਾਉਂਦੇ ਹਨਜੇਕਰ ਬਜ਼ੁਰਗ ਚਲੇ ਵੀ ਜਾਣ ਤਾਂ ਉਨ੍ਹਾਂ ਲਈ ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਢਾਲਣਾ ਔਖਾ ਹੋ ਜਾਂਦਾ ਹੈਉਹ ਇਸ ਨੂੰ ਮਿੱਠੀ ਜੇਲ੍ਹ ਸਮਝਣ ਲੱਗ ਪੈਂਦੇ ਹਨਜਿਹੜੇ ਮਾਪੇ ਪ੍ਰਦੇਸਾਂ ਵਿੱਚ ਆਪਣੇ ਬੱਚਿਆਂ ਕੋਲ ਜਾਂਦੇ ਹਨ ਉਨ੍ਹਾਂ ਲਈ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ ਹੈਨਵੀਂ ਧਰਤੀ, ਵੱਖਰੀ ਬੋਲੀ, ਸਭੋ ਕੁਝ ਵੱਖਰਾ, ਉਹ ਆਪਣੇ ਆਪ ਨੂੰ ਗੁਆਚੇ-ਗੁਆਚੇ ਮਹਿਸੂਸ ਕਰਦੇ ਹਨਜੇਕਰ ਸਿਹਤ ਥੋੜ੍ਹੀ ਠੀਕ ਹੈ ਤਾਂ ਉਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ, ਜਿਸ ਕਰਕੇ ਉਹ ਹੋਰ ਵੀ ਝੂਰਦੇ ਹਨ

ਬਦਲਦੇ ਸਮੇਂ ਅਨੁਸਾਰ ਬਦਲਣ ਦੀ ਲੋੜ ਹੈਆਪਣੇ ਬੁਢਾਪੇ ਨੂੰ ਸੁਖੀ ਰੱਖਣ ਲਈ ਇਸਦਾ ਪ੍ਰਬੰਧ ਕਰੀਏਕਿਸੇ ਦੀ ਮੁਥਾਜੀ ਲਈ ਝੂਰ ਝੂਰ ਕੇ ਮਰਨ ਨਾਲੋਂ ਚੰਗਾ ਹੈ ਇਕੱਲਤਾ ਨਾਲ ਸਾਂਝ ਪਾਈਏਦੋਸਤੀਆਂ ਪਾਲੀਏ, ਆਪਣਾ ਸਹਾਰਾ ਖੜ੍ਹਾ ਕਰੀਏ

ਜਦੋਂ ਇਨਸਾਨ 60ਵਿਆਂ ਨੂੰ ਟੱਪਦਾ ਹੈ ਤਾਂ ਉਸ ਨੂੰ ਬੁਢਾਪੇ ਰੂਪੀ ਦੈਂਤ ਦਾ ਡਰ ਸਤਾਉਣ ਲਗਦਾ ਹੈਸਮਾਂ ਤਾਂ ਆਪਣੀ ਤੋਰੇ ਤੁਰਦਾ ਹੀ ਹੈ ਪਰ ਸਾਡੇ ਸਮਾਜ ਵਿੱਚ ਅਜਿਹੀ ਸੋਚ ਪੈਦਾ ਕਰ ਦਿੱਤੀ ਗਈ ਹੈ ਜਿਵੇਂ ਬੁਢਾਪਾ ਕੋਈ ਸਰਾਪ ਹੋਵੇਇਸ ਤਾਂ ਆਉਣਾ ਹੀ ਹੈ, ਲੋੜ ਇਸ ਪਤਝੜ ਦੀ ਰੁੱਤ ਦਾ ਅਨੰਦ ਮਾਨਣ ਦੀ ਜਾਚ ਸਿੱਖਣ ਦੀ ਹੈ ਜਿੱਥੇ ਮਨੁੱਖ ਨੂੰ ਇਸਦਾ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ ਉੱਥੇ ਸਮਾਜ ਵਿੱਚ ਵੀ ਇਹ ਸੋਚ ਬਦਲੀ ਜਾਵੇ ਕਿ ਪਿਛਲੀ ਉਮਰ ਵਿੱਚ ਕੋਈ ਤਰਸ ਦਾ ਪਾਤਰ ਨਹੀਂ ਬਣ ਜਾਂਦਾ ਸਗੋਂ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ

ਜਿਸ ਤਰ੍ਹਾਂ ਚੜ੍ਹਦੀ ਜਵਾਨੀ ਦਾ ਅਹਿਸਾਸ ਸਰੀਰ ਨੂੰ ਨਸ਼ਿਆ ਜਾਂਦਾ ਹੈ, ਉਸੇ ਤਰ੍ਹਾਂ ਇਕਦਮ ਹੋਏ ਬੁਢਾਪੇ ਦਾ ਅਹਿਸਾਸ ਸਰੀਰ ਨੂੰ ਨਿੰਮੋਝੂਣਾ ਕਰ ਦਿੰਦਾ ਹੈਨਾ ਚਾਹੁੰਦਿਆਂ ਹੋਇਆਂ ਵੀ ਤੁਹਾਨੂੰ ਆਪਣੇ ਆਪ ਉੱਤੇ ਬੰਧਨ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈਘੁੰਮਣ ਫਿਰਨ ਉੱਤੇ ਰੋਕ ਲਗਾਉਣੀ ਪੈਂਦੀ ਹੈਆਪਣੀ ਜ਼ਬਾਨ ਅਤੇ ਸਰੀਰ ਨੂੰ ਕਾਬੂ ਕਰਨਾ ਪੈਂਦਾ ਹੈਆਪਣੇ ਹਰ ਪਾਸੇ ਬੰਦਸ਼ਾਂ ਹੀ ਬੰਦਸ਼ਾਂ ਉਸਾਰਨੀਆਂ ਪੈਂਦੀਆਂ ਹਨਜਦੋਂ ਬੱਚੇ ਬਾਬਾ ਜੀ ਆਖ ਬੁਲਾਉਣ ਲਗਦੇ ਹਨ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਅਪ ਨੂੰ ਬੁੱਢਾ ਤਸਲੀਮ ਕਰਨਾ ਪੈਂਦਾ ਹੈ

ਪਤਝੜ ਦੇ ਇਸ ਮੌਸਮ ਦਾ ਅਨੰਦ ਮਾਨਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕਰਨ ਦੀ ਲੋੜ ਹੈਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਫੁੱਟਦੀਆਂ ਕਰੂੰਬਲਾਂ ਦਾ ਅਨੰਦ ਲੈਣ ਦੀ ਥਾਂ ਝੜੇ ਹੋਏ ਪੱਤਿਆਂ ਵਾਂਗ ਹਵਾ ਦੇ ਰੁਖ ਰੁੜ੍ਹਨਾ ਪੈਂਦਾ ਹੈ ਜਿੱਥੇ ਸੋਹਲਵੇਂ ਸਾਲ ਦੇ ਚੜ੍ਹਦਿਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਇਕਾਠਵੇਂ ਸਾਲ ਪ੍ਰਾਪਤੀਆਂ ਦੇ ਨਿੱਘ ਨੂੰ ਮਾਨਣ ਦਾ ਮੌਕਾ ਮਿਲਦਾ ਹੈਚੜ੍ਹਦੀ ਜਵਾਨੀ ਵਿੱਚ ਜੇਕਰ ਸਵੈ ਕਾਬੂ ਰੱਖਦਿਆਂ ਜੀਵਨ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜਾਵੇ ਤਾਂ ਮੰਜ਼ਿਲ ਦੀ ਪ੍ਰਾਪਤੀ ਯਕੀਨੀ ਹੋ ਜਾਂਦੀ ਹੈਇਸੇ ਤਰ੍ਹਾਂ ਬੁਢਾਪੇ ਦੀ ਸਹੀ ਸੰਭਾਲ ਆਖਰੀ ਸਮੇਂ ਨੂੰ ਆਨੰਦਮਈ ਬਣਾ ਸਕਦੀ ਹੈ

ਜੀਵਨ ਦੇ ਆਖਰੀ ਪੜਾਅ ਨੂੰ ਸੁੰਦਰ ਬਣਾਉਣ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸਦਾ ਖਿੜੇ ਮੱਥੇ ਸਵਾਗਤ ਕਰੇਜਵਾਨੀ ਦੇ ਦਿਨਾਂ ਵਿੱਚ ਕਾਰੋਬਾਰੀ ਅਤੇ ਘਰੋਗੀ ਰੁਝੇਵਿਆਂ ਵਿੱਚ ਘਿਰਿਆ ਮਨੁੱਖ ਆਪਣੇ ਮਨ ਦੀਆਂ ਖਾਹਿਸ਼ਾਂ ਅਤੇ ਲੋੜਾਂ ਨੂੰ ਪਾਸੇ ਰੱਖ ਦਿਨ ਰਾਤ ਮਿਹਨਤ ਕਰਦਾ ਹੈਬੁਢਾਪਾ ਅਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਦੋਂ ਅਸੀਂ ਆਪਣੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਾਂਆਪਣੀਆਂ ਦੱਬੀਆਂ ਕ੍ਰਿਆਤਮਿਕ ਤੇ ਕਲਾਤਮਿਕ ਖਾਹਿਸ਼ਾਂ ਦੀ ਪੂਰਤੀ ਵਲ ਧਿਆਨ ਦੇ ਸਕਦੇ ਹਾਂਜਿਹੜੇ ਸ਼ੌਕ ਸਮੇਂ ਦੀ ਘਾਟ ਕਾਰਨ ਪਹਿਲਾਂ ਪੂਰੇ ਨਹੀਂ ਹੋ ਸਕੇ, ਉਨ੍ਹਾਂ ਵਲ ਮੁੜ ਧਿਆਨ ਦਿੱਤਾ ਜਾ ਸਕਦਾ ਹੈਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਪਤਝੜ ਦੀ ਰੁੱਤ ਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਰੁੱਤ ਲਈ ਤਿਆਰ ਕਰ ਲਈਏਜੀਵਨ ਦੇ ਸਮਾਜਿਕ, ਮਾਇਕ ਅਤੇ ਘਰੋਗੀ ਮਸਲਿਆਂ ਅਤੇ ਵਸੀਲਿਆਂ ਦੀ ਵਿਉਂਤ ਇਸ ਢੰਗ ਨਾਲ ਕਰੀਏ ਕਿ ਇਨ੍ਹਾਂ ਬਾਰੇ ਚਿੰਤਾ ਤੋਂ ਮੁਕਤੀ ਮਿਲ ਸਕੇ

ਨੌਕਰੀ ਕਰ ਰਹੇ ਲੋਕਾਂ ਦਾ ਇਹ ਪੜਾਅ ਸੇਵਾ ਮੁਕਤੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਕਾਰੋਬਾਰੀ ਇਨਸਾਨ ਹੌਲੀ ਹੌਲੀ ਆਪਣੇ ਆਪ ਨੂੰ ਕਾਰੋਬਾਰ ਤੋਂ ਅੱਡ ਕਰਦੇ ਜਾਂਦੇ ਹਨਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਹਨਹਰ ਇਨਸਾਨ ਨੂੰ ਬੁਢਾਪਾ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈਜੇਕਰ ਇਨ੍ਹਾਂ ਪਾਸੋਂ ਨਿਸ਼ਚਿੰਤਤਾ ਹੋਵੇਗੀ ਫਿਰ ਬੁਢਾਪੇ ਦਾ ਡਰ ਤੰਗ ਨਹੀਂ ਕਰੇਗਾਸੇਵਾ ਮੁਕਤੀ ਤੋਂ ਪਹਿਲਾਂ ਹਰ ਇਨਸਾਨ ਨੂੰ ਆਪਣੇ ਰਹਿਣ ਲਈ ਮਕਾਨ ਦਾ ਜ਼ਰੂਰ ਪ੍ਰਬੰਧ ਕਰ ਲੈਣਾ ਚਾਹੀਦਾ ਹੈਮਾਇਕ ਵਸੀਲੇ ਵੀ ਇੰਨੇ ਕੁ ਕਰ ਲੈਣੇ ਚਾਹੀਦੇ ਹਨ ਕਿ ਬੁਢਾਪੇ ਵਿੱਚ ਰੋਟੀ ਕੱਪੜੇ ਦੀ ਲੋੜ ਪੂਰੀ ਹੁੰਦੀ ਰਹੇਕਈ ਇਨਸਾਨ ਇਸ ਪਾਸਿਉਂ ਲਾਪਰਵਾਹੀ ਵਰਤ ਜਾਂਦੇ ਹਨਉਨ੍ਹਾਂ ਲਈ ਕਿਰਾਏ ਦਾ ਮਕਾਨ ਹੀ ਵਧੀਆ ਹੁੰਦਾ ਹੈਪਿਛਲੇ ਦਿਨਾਂ ਲਈ ਉਹ ਬੱਚਤ ਕਰਨ ਬਾਰੇ ਵੀ ਨਹੀਂ ਸੋਚਦੇਉਨ੍ਹਾਂ ਦੀ ਦਲੀਲ ਹੁੰਦੀ ਹੈ ਕਿ ਜਿਸ ਪੈਦਾ ਕੀਤਾ ਹੈ, ਉਹ ਆਪਣੇ ਆਪ ਕੋਈ ਨਾ ਕੋਈ ਪ੍ਰਬੰਧ ਕਰ ਦੇਵੇਗਾਕਈ ਲੋਕ ਵਧੇਰੇ ਭਾਵਨਾਤਮਕ ਹੁੰਦੇ ਹਨਉਹ ਘਰ ਨੂੰ ਆਪਣੇ ਬੱਚਿਆਂ ਦੇ ਨਾਂ ਲੁਆ ਦਿੰਦੇ ਹਨਪਿਆਰ ਆਪਣੀ ਥਾਂ ਹੈ, ਪਰ ਦੂਜਿਆਂ ਦੀ ਮੁਥਾਜੀ ਭੈੜੀ ਹੁੰਦੀ ਹੈਆਪਣੇ ਕੋਲ ਘਰ ਦਾ ਹੋਣਾ ਇੱਕ ਆਤਮਿਕ ਵਿਸ਼ਵਾਸ ਹੁੰਦਾ ਹੈ ਜਿਸ ਨਾਲ ਮਨ ਅੰਦਰ ਕਿਤੇ ਲੁਕਿਆ ਹੋਇਆ ਡਰ ਹਮੇਸ਼ਾ ਲਈ ਦੂਰ ਹੋ ਜਾਂਦਾ ਹੈਸੇਵਾ ਮੁਕਤੀ ਸਮੇਂ ਹਰ ਮੁਲਾਜ਼ਮ ਨੂੰ ਕੁਝ ਰਕਮ ਮਿਲਦੀ ਹੈਇਸ ਰਕਮ ਦੀ ਇਸ ਢੰਗ ਨਾਲ ਵਿਉਂਤਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਲਗਾਤਾਰ ਆਮਦਨ ਮਿਲਦੀ ਰਹੇਕਈ ਵੇਰ ਅਸੀਂ ਇਹ ਰਕਮ ਬੱਚਿਆਂ ਦੇ ਕਾਰੋਬਾਰ ਵਿੱਚ ਜਾਂ ਘਰ ਵਿੱਚ ਖਰਚ ਕਰ ਦਿੰਦੇ ਹਾਂ ਪਰ ਪਿੱਛੋਂ ਇਸ ਗਲਤੀ ਦਾ ਅਹਿਸਾਸ ਹੁੰਦਾ ਹੈ ਜਦੋਂ ਤੁਹਾਨੂੰ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਹਨ

ਆਪਣੇ ਨਿੱਤ ਦੇ ਰੁਝੇਵੇਂ ਬਣਾਵੋਘਰ ਵਿਹਲਾ ਬੈਠਾ ਬੰਦਾ ਤਾਂ ਉਂਝ ਹੀ ਘਾਬਰ ਜਾਂਦਾ ਹੈ ਜਾਂ ਫਿਰ ਘਰ ਦੇ ਬਾਕੀ ਮੈਂਬਰਾਂ ਦੇ ਨੁਕਸ ਕੱਢਣ ਲੱਗ ਪੈਂਦਾ ਹੈਨੁਕਸ ਕੱਢਣ ਦੀ ਥਾਂ ਸਾਰਿਆਂ ਨੂੰ ਹੱਲਾਸ਼ੇਰੀ ਦੇਵੋਪਰਿਵਾਰ ਨੂੰ ਚੰਗੇ ਸੰਸਕਾਰ ਦੇਵੋਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ਸੁੱਚੀ ਕਿਰਤ ਦਾ ਸਬਕ ਪੜ੍ਹਾਵੋਪਰ ਅਜਿਹਾ ਤੁਸੀਂ ਤਦ ਹੀ ਕਰ ਸਕਦੇ ਹੋ ਜੇਕਰ ਤੁਸੀਂ ਸੁੱਚੀ ਕਿਰਤ ਕੀਤੀ ਹੋਵੇਗੀ

ਸਵੇਰੇ ਸ਼ਾਮ ਸੈਰ ਕਰੋ ਤੇ ਗੁਰੂ ਘਰ ਹਾਜ਼ਰੀਆਂ ਭਰੋਤੁਹਾਡੇ ਆਪਣੇ ਕੁਝ ਸ਼ੌਕ ਹੋਣਗੇ ਜਿਹੜੇ ਜਵਾਨੀ ਸਮੇਂ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪੂਰੇ ਨਹੀਂ ਹੋ ਸਕੇ, ਉਨ੍ਹਾਂ ਵਲ ਧਿਆਨ ਦੇਵੋਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਹਨ ਜਿਹੜੀਆਂ ਸਮਾਜ ਸੇਵਾ ਦੇ ਕਾਰਜ ਕਰਦੀਆਂ ਹਨਆਪਣੀ ਰੁਚੀ ਅਨੁਸਾਰ ਉਨ੍ਹਾਂ ਵਿੱਚ ਸ਼ਾਮਿਲ ਹੋ ਕੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਸ਼ੁਰੂ ਕਰੋਸੇਵਾ ਕੀਤਿਆਂ ਜੋ ਅਨੰਦ ਮਿਲਦਾ ਹੈ, ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾਜੇਕਰ ਪਰਿਵਾਰ ਨਾਲ ਰਹਿੰਦਾ ਹੈ ਤਾਂ ਪਰਿਵਾਰ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੋਰੁਝੇਵੇਂ ਜੀਵਨ ਨੂੰ ਤਾਜ਼ਗੀ ਬਖਸ਼ਦੇ ਹਨ ਜਦੋਂ ਕਿ ਵਿਹਲ ਨਿਰਾਸ਼ਾ ਦਾ ਕਾਰਨ ਬਣਦੀ ਹੈ

ਪੜ੍ਹਨ ਦਾ ਸ਼ੌਕ ਪਾਲੋਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਵੋਉਸਾਰੂ ਰੁਝੇਵਿਆਂ ਕਾਰਨ ਤੁਹਾਨੂੰ ਕਦੇ ਵੀ ਬੁਢਾਪੇ ਦਾ ਅਹਿਸਾਸ ਨਹੀਂ ਹੋਵੇਗਾਸੂਝਵਾਨ ਲੋਕ ਪਤਝੜ ਦੇ ਮੌਸਮ ਦਾ ਵੀ ਬਹਾਰ ਦੇ ਮੌਸਮ ਵਾਂਗ ਹੀ ਅਨੰਦ ਮਾਣਦੇ ਹਨਉਹ ਤਾਂ ਸਗੋਂ ਮਹਿਸੂਸ ਕਰਦੇ ਹਨ ਕਿ ਅਸਲੀ ਜੀਵਨ ਤਾਂ ਹੁਣ ਵੀ ਸ਼ੁਰੂ ਹੋਇਆ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਕਾਰਜ ਕਰ ਸਕਦੇ ਹੋ

ਆਪਣੇ ਜੀਵਨ ਸਾਥੀ ਨਾਲ ਨੇੜਤਾ ਵਧਾਵੋਘੁੰਮਣ ਫਿਰਨ ਦਾ ਪ੍ਰੋਗਰਾਮ ਉਲੀਕੋਜੇਕਰ ਇਕੱਲੇ ਹੋ ਤਾਂ ਘਰ ਵਿੱਚ ਕੋਈ ਭਰੋਸੇਮੰਦ ਸਹਾਇਕ ਰੱਖੋਬੱਚਿਆਂ ਕੋਲ ਜ਼ਰੂਰ ਜਾਵੋ, ਪਰ ਜਦੋਂ ਅਕੇਵਾਂ ਮਹਿਸੂਸ ਕਰੋਂ ਤਾਂ ਆਪਣੇ ਘਰ ਆ ਜਾਵੋਸਵੈ ਨਿਰਭਰਤਾ ਬਹੁਤ ਜ਼ਰੂਰੀ ਹੈਜੇਕਰ ਸੁਚੱਜੇ ਢੰਗ ਨਾਲ ਵਿਉਂਬੰਦੀ ਕੀਤੀ ਹੋਵੇਗੀ ਤਾਂ ਦੂਜਿਆਂ ਦੇ ਸਹਾਰੇ ਜੀਉਣ ਲਈ ਮੁਥਾਜ ਨਹੀਂ ਹੋਣਾ ਪਵੇਗਾ, ਬਜ਼ੁਰਗ ਆਸ਼ਰਮ ਵਿੱਚ ਵੀ ਜਾਣ ਦੀ ਲੋੜ ਨਹੀਂ ਪਵੇਗੀਆਪਣੇ ਯਤਨਾਂ ਨਾਲ ਇਸ ਪਤਝੜ ਦੀ ਰੁੱਤ ਨੂੰ ਬਹਾਰ ਵਿੱਚ ਬਦਲਿਆ ਜਾ ਸਕਦਾ ਹੈਬੁਢਾਪੇ ਦਾ ਸੰਤਾਪ ਨਹੀਂ ਸਗੋਂ ਨਿੱਘ ਮਾਣੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3152)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author