“ਦੱਸਿਆ ਜਾਂਦਾ ਹੈ ਕਿ ਇਸ ਥਾਂ ਦੀ ਨਿਸ਼ਾਨਦੇਹੀ ਪਹਿਲੇ ਸੰਸਾਰ ਯੁੱਧ ਸਮੇਂ ਹੋਈ ਸੀ। ਅੰਗਰੇਜ਼ ਫ਼ੌਜ ਵਿੱਚ ...”
(13 ਅਪਰੈਲ 2024)
ਇਸ ਸਮੇਂ ਪਾਠਕ: 435.
ਹਵਾਈ ਸਫ਼ਰ ਦਾ ਪਹਿਲਾ ਅਨੁਭਵ 1974 ਦੇ ਜੁਲਾਈ ਮਹੀਨੇ ਹੋਇਆ ਜਦੋਂ ਪਰਿਵਾਰ ਸਮੇਤ ਇਰਾਕੀ ਏਅਰਵੇਜ਼ ਰਾਹੀਂ ਨਵੀਂ ਦਿੱਲੀ ਤੋਂ ਬਗਦਾਦ ਜਾਣ ਦਾ ਸਬੱਬ ਬਣਿਆ। ਸਾਡੀ ਉਡਾਣ ਅਬੂ ਢਾਬੀ ਰੁਕਣ ਪਿੱਛੋਂ ਬਗਦਾਦ ਪੁੱਜ ਗਈ। ਇੱਥੋਂ ਹਵਾਈ ਜਹਾਜ਼ ਰਾਹੀਂ ਹੀ ਅਸੀਂ ਆਪਣੀ ਨੌਕਰੀ ਵਾਲੀ ਥਾਂ ਮੌਸੂਲ ਜਾਣਾ ਸੀ। ਪਰ ਉਹ ਉਡਾਣ ਸਾਡੇ ਬਗਦਾਦ ਪੁੱਜਣ ਤੋਂ ਪਹਿਲਾਂ ਹੀ ਨਿਕਲ ਗਈ ਸੀ। ਹਵਾਈ ਕੰਪਨੀ ਨੇ ਸਾਡੇ ਰਹਿਣ ਦਾ ਪ੍ਰਬੰਧ ਇੱਕ ਹੋਟਲ ਵਿੱਚ ਕਰ ਦਿੱਤਾ ਤੇ ਦੂਜੇ ਦਿਨ ਲੈ ਕੇ ਜਾਣ ਦਾ ਸਮਾਂ ਵੀ ਦੱਸ ਦਿੱਤਾ। ਨਵੀਂ ਦਿੱਲੀ ਤੋਂ ਇਹ ਉਡਾਣ ਹਫ਼ਤੇ ਵਿੱਚ ਕੇਵਲ ਇੱਕ ਵਾਰ ਹੀ ਜਾਂਦੀ ਸੀ। ਹਰੇਕ ਉਡਾਣ ਵਿੱਚ ਭਾਰਤੀ ਮਾਹਿਰ ਜਾਂ ਕਾਮੇ ਹੀ ਹੁੰਦੇ ਸਨ ਕਿਉਂਕਿ ਇਰਾਕ ਵਿੱਚ ਪੱਕੇ ਤੌਰ ਉੱਤੇ ਕੋਈ ਵੀ ਭਾਰਤੀ ਮੂਲ ਦਾ ਪਰਿਵਾਰ ਨਹੀਂ ਰਹਿੰਦਾ ਸੀ। ਇਸ ਕਰਕੇ ਪਹਿਲਾਂ ਪਹੁੰਚੇ ਹੋਏ ਮਾਹਿਰਾਂ ਵਿੱਚੋਂ ਕੋਈ ਨਾ ਕੋਈ ਹਵਾਈ ਉੱਤੇ ਉੱਤੇ ਆ ਹੀ ਜਾਂਦਾ ਸੀ। ਸਾਡੇ ਵੇਲੇ ਵੀ ਮੇਰੀ ਯੂਨੀਵਰਸਿਟੀ ਦੇ ਅਧਿਆਪਕ, ਜਿਹੜੇ ਮੇਰੇ ਵਿਦਿਆਰਥੀ ਰਹੇ ਸਨ ਤੇ ਪਰਿਵਾਰਿਕ ਮਿੱਤਰ ਸਨ, ਉਹ ਅੱਡੇ ਉੱਤੇ ਸਾਡੇ ਸਵਾਗਤ ਲਈ ਪਹੁੰਚੇ ਹੋਏ ਸਨ। ਕਿਉਂਕਿ ਸਾਡੇ ਰਹਿਣ ਦਾ ਪ੍ਰਬੰਧ ਹਵਾਈ ਕੰਪਨੀ ਵੱਲੋਂ ਹੀ ਕੀਤਾ ਗਿਆ ਸੀ, ਇਸ ਕਰਕੇ ਫ਼ੈਸਲਾ ਹੋਇਆ ਕਿ ਉਹ ਹੋਟਲ ਵਿੱਚ ਸਾਨੂੰ ਮਿਲਣ ਆਉਣਗੇ। ਦੋ ਕੁ ਘੰਟੇ ਪਿੱਛੋਂ ਮੇਰਾ ਦੋਸਤ ਆਪਣੇ ਨਾਲ ਡਾ. ਗੁਰਸ਼ਾਮ ਸਿੰਘ ਹੋਰਾਂ ਨੂੰ ਲੈ ਕੇ ਆ ਗਿਆ। ਡਾ. ਸਾਹਿਬ ਯੂਨੀਵਰਸਿਟੀ ਬਣਨ ਪਿੱਛੋਂ ਖੇਤੀ ਕਾਲਜ ਦੇ ਪਹਿਲੇ ਡੀਨ ਬਣੇ ਸਨ ਤੇ ਮੈਨੂੰ ਉਦੋਂ ਤੋਂ ਜਾਣਦੇ ਸਨ, ਜਦੋਂ ਮੈਂ ਵਿਦਿਆਰਥੀ ਹੁੰਦਾ ਸੀ। ਇੱਥੇ ਉਹ ਐੱਫ ਏ ਓ (Food & Agriculture Organization of UN) ਦੇ ਮਾਹਿਰ ਵਜੋਂ ਕੰਮ ਕਰ ਰਹੇ ਸਨ। ਆਪਣੀ ਕਾਰ ਉਹ ਆਪ ਹੀ ਚਲਾ ਰਹੇ ਸਨ।
ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਦੀ ਫੇਰੀ ਬਾਰੇ ਬਹੁਤ ਪੜ੍ਹਿਆ ਸੀ। ਉਸ ਧਰਤੀ ਨੂੰ ਵੇਖਣ ਦੀ ਮੇਰੀ ਬਹੁਤ ਤਮੰਨਾ ਸੀ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਉਸ ਥਾਂ ਦੇ ਦਰਸ਼ਨ ਕਰਵਾਏ ਜਾਣ। ਗੁਰੂ ਜੀ ਮੱਕੇ ਤੋਂ ਬਗਦਾਦ ਆਏ ਸਨ ਕਿਉਂਕਿ ਬਗਦਾਦ ਨੂੰ ਉਦੋਂ ਇਸਲਾਮ ਧਰਮ ਦਾ ਇੱਕ ਵੱਡਾ ਕੇਂਦਰ ਮੰਨਿਆ ਜਾਂਦਾ ਸੀ। ਗੁਰੂ ਜੀ ਦਾ ਪਹਿਲਾਂ ਇੱਥੇ ਵਿਰੋਧ ਵੀ ਹੋਇਆ ਸੀ ਪਰ ਪਿੱਛੋਂ ਸਾਰੇ ਉਨ੍ਹਾਂ ਦੇ ਸ਼ਰਧਾਲੂ ਬਣ ਗਏ ਸਨ। ਇੱਥੋਂ ਦੇ ਪ੍ਰਸਿੱਧ ਫ਼ਕੀਰ ਸ਼ਾਹ ਬਹਿਲੋਲ ਨੇ ਉਨ੍ਹਾਂ ਨੂੰ ਆਪਣਾ ਵਿਸ਼ੇਸ਼ ਮਹਿਮਾਨ ਬਣਾ ਕੇ ਕੋਲ ਰੱਖਿਆ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਫਗਾਨਿਸਤਾਨ ਅਤੇ ਇਰਾਕ ਵਿੱਚ ਕਾਫੀ ਸਿੱਖ ਨਾਗਰਿਕ ਸਨ ਪਰ ਹੁਣ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਹੋਏ ਰਾਜ ਪਲਟੇ ਕਾਰਨ ਬਹੁਤੇ ਸਿੱਖ ਪਰਿਵਾਰ ਇਨ੍ਹਾਂ ਦੋਵਾਂ ਦੇਸ਼ਾਂ ਵਿੱਚੋਂ ਚਲੇ ਗਏ ਹਨ ਪਰ ਇੱਥੇ ਗੁਰੂਘਰ ਜ਼ਰੂਰ ਮੌਜੂਦ ਹਨ। ਪਰ ਇਰਾਕ ਵਿੱਚ ਕੋਈ ਸਿੱਖ ਨਾਗਰਿਕ ਜਾਂ ਭਾਰਤੀ ਮੂਲ ਦਾ ਨਾਗਰਿਕ ਨਹੀਂ ਹੈ।
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਗੁਰੂ ਸਾਹਿਬ ਦੇ ਮੱਕਾ ਮਦੀਨਾ ਅਤੇ ਬਗਦਾਦ ਜਾਣ ਬਾਰੇ ਜਿੱਥੇ ਜਾਣਕਾਰੀ ਦਿੱਤੀ ਹੈ, ਉੱਥੇ ਬਗਦਾਦ ਵਿਖੇ ਗੁਰੂ ਜੀ ਵੱਲੋਂ ਕੀਤੀਆਂ ਬਖਸ਼ਿਸ਼ਾਂ ਦਾ ਵੀ ਉਲੇਖ ਕੀਤਾ ਹੈ। ਉਹ ਲਿਖਦੇ ਹਨ:
ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ।
ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ।
ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ।
ਫਿਰ ਦੁਰਾਇਣ ਦਸਤਗੀਰ ਅਸੀਂ ਭਿ ਵੇਖਾਂ ਜੋ ਤੁਹਿ ਪਾਈ।
ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਾਵਾਈ।
ਲੱਖ ਆਕਾਸ਼ ਪਾਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ।
ਭਰ ਕਚਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ।
ਜ਼ਾਹਰ ਕਲਾ ਨ ਛਪੈ ਛਪਾਈ।
ਬਗਦਾਦ ਦਜਲਾ ਦਰਿਆ ਦੇ ਕਿਨਾਰੇ ਕੰਢੇ ਵਸਿਆ ਹੋਇਆ ਪੁਰਾਣਾ ਸ਼ਹਿਰ ਹੈ। ਇਰਾਕ ਵਿੱਚ ਦੋ ਦਰਿਆ ਵਗਦੇ ਹਨ, ਦਜਲਾ ਅਤੇ ਫਰਾਤ। ਇਸੇ ਕਰਕੇ ਇਸ ਇਲਾਕੇ ਨੂੰ ਮੈਸੋਪੋਨੇਮੀਆ ਵੀ ਆਖਿਆ ਜਾਂਦਾ ਹੈ, ਜਿਸਦਾ ਅਰਥ ਦੋਆਬਾ ਹੁੰਦਾ ਹੈ। ਸੰਸਾਰ ਵਿੱਚ ਇਸ ਨੂੰ ਦੁਨੀਆਂ ਦੇ ਉਨ੍ਹਾਂ ਮੁਢਲੇ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ, ਜਿੱਥੇ ਮਨੁੱਖੀ ਸਭਿਅਤਾ ਵਿਕਸਿਤ ਹੋਈ।
ਗੁਰੂ ਜੀ ਨੇ ਬਗਦਾਦ ਦੇ ਬਾਹਰ ਠਿਕਾਣਾ ਕੀਤਾ ਤੇ ਕੀਰਤਨ ਸ਼ੁਰੂ ਕਰ ਦਿੱਤਾ। ਉੱਥੋਂ ਦੇ ਪੀਰ ਦਸਤਗੀਰ ਨੂੰ ਬੜਾ ਗੁੱਸਾ ਆਇਆ ਕਿਉਂਕਿ ਇਸਲਾਮ ਵਿੱਚ ਇਸਦੀ ਮਨਾਹੀ ਹੈ। ਪੀਰ ਦੇ ਡੇਰੇ ਦੇ ਬਹੁਤ ਸਾਰੇ ਮੁਰੀਦ ਉੱਧਰ ਦੌੜੇ ਜਿਧਰੋਂ ਆਵਾਜ਼ ਆ ਰਹੀ ਹੈ। ਉਨ੍ਹਾਂ ਨੇ ਗੁਰੂ ਜੀ ਨੂੰ ਮਾਰਨ ਲਈ ਪੱਥਰ ਚੁੱਕੇ ਕਿਉਂਕਿ ਇਸਲਾਮ ਵਿੱਚ ਪੱਥਰ ਮਾਰ ਕੇ ਮਾਰਨਾ ਇੱਕ ਵੱਡੀ ਸਜ਼ਾ ਮੰਨੀ ਜਾਂਦੀ ਹੈ। ਪਰ ਇਹ ਆਖਿਆ ਜਾਂਦਾ ਹੈ ਕਿ ਲੋਕਾਂ ਦੇ ਹੱਥਾਂ ਵਿੱਚ ਹੀ ਪੱਥਰ ਫੜੇ ਰਹਿ ਗਏ। ਉਨ੍ਹਾਂ ਨੂੰ ਯਕੀਨ ਹੋ ਗਿਆ ਇਹ ਕੋਈ ਪਹੁੰਚਿਆ ਹੋਇਆ ਫ਼ਕੀਰ ਹੈ। ਪੀਰ ਦਸਤਗੀਰ ਕੋਲ ਗੁਰੂ ਜੀ ਵੱਲੋਂ ਮੱਕੇ ਕੀਤੀਆਂ ਬਖਸ਼ਿਸ਼ਾਂ ਦੀ ਖਬਰ ਵੀ ਪੁੱਜ ਚੁੱਕੀ ਸੀ। ਉਹ ਉਨ੍ਹਾਂ ਨੂੰ ਆਪਣੇ ਡੇਰੇ ਲੈ ਗਿਆ ਅਤੇ ਪਰਖ ਲਈ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗਾ। ਉਸ ਆਖਿਆ ਕਿ ਇਸਲਾਮ ਅਨੁਸਾਰ ਸੱਤ ਧਰਤੀਆਂ ਅਤੇ ਸੱਤ ਹੀ ਅਕਾਸ਼ ਹਨ। ਤੁਸੀਂ ਲੱਖਾਂ ਆਖ ਰਹੇ ਹੋ। ਗੁਰੂ ਜੀ ਦਾ ਉੱਤਰ ਸੀ, ਜਿਸਦੀ ਜਿੰਨੀ ਪਹੁੰਚ ਹੁੰਦੀ ਹੈ, ਉਹ ਉੰਨੀ ਹੀ ਜਾਣਕਾਰੀ ਦੇ ਸਕਦਾ ਹੈ। ਪੀਰ ਦੇ ਪੁੱਤਰ ਨੇ ਆਖਿਆ ਜੇਕਰ ਤੁਸੀਂ ਸੱਚ ਬੋਲਦੇ ਹੋ ਤਾਂ ਮੈਨੂੰ ਦਰਸ਼ਨ ਕਰਵਾਓ। ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ ਉਸ ਨੂੰ ਅੱਖਾਂ ਬੰਦ ਕਰਨ ਲਈ ਆਖ ਉਸ ਦੇ ਸਿਰ ਉੱਤੇ ਹੱਥ ਰੱਖਿਆ ਤਾਂ ਉਸ ਨੂੰ ਇੰਝ ਜਾਪਿਆ ਜਿਵੇਂ ਉਹ ਬ੍ਰਹਿਮੰਡ ਵਿੱਚ ਘੁੰਮ ਰਿਹਾ ਹੈ, ਜਿੱਥੇ ਧਰਤੀਆਂ ਤੇ ਆਕਾਸ਼ ਘੁੰਮ ਰਹੇ ਸਨ। ਇਹ ਮੰਨਿਆ ਜਾਂਦਾ ਹੈ ਕਿ ਬਾਬਾ ਜੀ ਨੇ ਉਸ ਨੂੰ ਇੱਕ ਧਰਤੀ ਤੋਂ ਪ੍ਰਸ਼ਾਦ ਵੀ ਦੁਆਇਆ ਤਾਂ ਜੋ ਉਹ ਅੱਖੀਂ ਵੇਖ ਕੇ ਵਿਸ਼ਵਾਸ ਕਰ ਸਕੇ। ਕਈ ਵਿਦਵਾਨ ਇਹ ਮੰਨਦੇ ਹਨ ਕਿ ਗੁਰੂ ਜੀ ਨੇ ਉੱਥੇ ਹਾਜ਼ਰ ਸਾਰੀ ਸੰਗਤ ਲਈ ਉਹੋ ਜਿਹਾ ਹੀ ਪ੍ਰਸ਼ਾਦਿ ਤਿਆਰ ਕਰਵਾਇਆ ਜਿਹੜਾ ਪੀਰ ਦਾ ਪੁੱਤਰ ਲੈ ਕੇ ਆਇਆ ਸੀ। ਇੰਝ ਕੜਾਹ ਪ੍ਰਸ਼ਾਦਿ ਦੀ ਸ਼ੁਰੂਆਤ ਬਗਦਾਦ ਤੋਂ ਹੋਈ ਮੰਨੀ ਜਾਂਦੀ ਹੈ।
ਇਹ ਵੀ ਆਖਿਆ ਜਾਂਦਾ ਹੈ ਕਿ ਪੀਰ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਆਖਦੇ ਹੋ ਰੱਬ ਇੱਕ ਹੈ, ਉਹ ਹੀ ਸਭੋ ਕੁਝ ਕਰਨ ਕਰਾਵਣ ਵਾਲਾ ਹੈ ਪਰ ਇਹ ਦੱਸੋ ਇਸ ਇੱਕ ਤੋਂ ਪਹਿਲਾਂ ਕੌਣ ਸੀ। ਗੁਰੂ ਜੀ ਨੇ ਆਖਿਆ ਇੱਕ ਥਾਲ ਵਿੱਚ ਮੋਤੀ ਲੈ ਕੇ ਆਵੋ। ਪੀਰ ਨੇ ਸੋਚਿਆ ਇਹ ਫ਼ਕੀਰ ਤਾਂ ਲਾਲਚੀ ਹੈ। ਪਹਿਲਾਂ ਹੀ ਫੀਸ ਮੰਗਣ ਲੱਗ ਪਿਆ ਹੈ, ਪਰ ਉਸ ਨੇ ਮੋਤੀਆਂ ਦਾ ਥਾਲ ਮੰਗਵਾਇਆ। ਗੁਰੂ ਜੀ ਨੇ ਆਖਿਆ ਇਨ੍ਹਾਂ ਦੀ ਗਿਣਤੀ ਕਰੋ। ਪੀਰ ਗਿਣਨ ਲੱਗੇ ਇੱਕ, ਦੋ, ਤਿੰਨ, ਚਾਰ। ਗੁਰੂ ਜੀ ਨੇ ਕਿਹਾ ਕਿ ਤੁਸੀਂ ਗਲਤ ਗਿਣਤੀ ਕਰ ਰਹੇ ਹੋ, ਮੁੜ ਗਿਣਤੀ ਕਰੋ। ਪੀਰ ਨੇ ਫਿਰ ਇੱਕ ਦੋ ਤਿੰਨ ਚਾਰ ਗਿਣਨੇ ਸ਼ੁਰੂ ਕੀਤੇ। ਗੁਰੂ ਜੀ ਨੇ ਫਿਰ ਟੋਕਿਆ ਕਿ ਨਹੀਂ ਗਿਣਤੀ ਗਲਤ ਹੋ ਰਹੀ ਹੈ। ਪੀਰ ਥੋੜ੍ਹਾ ਗੁੱਸੇ ਵਿੱਚ ਆ ਗਿਆ ਤੇ ਆਖਣ ਲੱਗਾ ਤੁਸੀਂ ਇਹ ਕਿਵੇਂ ਆਖ ਸਕਦੇ ਹੋ ਕਿ ਮੈਂ ਗਲਤ ਗਿਣ ਰਿਹਾ ਹਾਂ। ਗੁਰੂ ਜੀ ਨੇ ਆਖਿਆ ਤੁਸੀਂ ਗਿਣਤੀ ਇੱਕ ਤੋਂ ਸ਼ੁਰੂ ਕਰਦੇ ਹੋ ਪਰ ਇੱਕ ਤੋਂ ਪਹਿਲਾਂ ਕੀ ਹੈ, “ਪੀਰ ਨੂੰ ਗੁਰੂ ਜੀ ਦੀ ਰਮਜ਼ ਸਮਝ ਆ ਗਈ ਤੇ ਉਸ ਨੇ ਗੁਰੂ ਜੀ ਤੋਂ ਮੁਆਫ਼ੀ ਮੰਗੀ।
ਇੱਕ ਹੋਰ ਸਵਾਲ ਰਾਹੀਂ ਪੀਰ ਨੇ ਪੁੱਛਿਆ, “ਤੁਸੀਂ ਕਹਿੰਦੇ ਹੋ ਰੱਬ ਸਰਵਸ਼ਕਤੀਮਾਨ ਹੈ, ਉਹ ਕੀ ਕਰ ਸਕਦਾ ਹੈ?”
ਗੁਰੂ ਜੀ ਨੇ ਆਖਿਆ, “ਪੀਰ ਜੀ, ਜ਼ਰਾ ਆਪਣੀ ਗੱਦੀ ਤੋਂ ਉੱਤਰ ਕੇ ਹੇਠਾਂ ਆਵੋਗੇ?”
ਪੀਰ ਆਪਣੀ ਗੱਦੀ ਤੋਂ ਉੱਤਰ ਗਿਆ ਤੇ ਗੁਰੂ ਜੀ ਉਸ ਦੀ ਥਾਂ ਗੱਦੀ ਉੱਤੇ ਬੈਠ ਗਏ ਅਤੇ ਆਖਣ ਲੱਗੇ, “ਉਹ ਕੁਝ ਵੀ ਕਰ ਸਕਦਾ ਹੈ। ਜਿਸ ਨੂੰ ਚਾਹੇ ਗੱਦੀ ਦੇ ਸਕਦਾ ਹੈ ਤੇ ਜਿਸ ਨੂੰ ਚਾਹੇ ਗੱਦੀਉਂ ਲਾਹ ਸਕਦਾ ਹੈ।”
ਇਸੇ ਤਰ੍ਹਾਂ ਪੀਰ ਦੀ ਗੁਰੂ ਜੀ ਨਾਲ ਚਰਚਾ ਹੁੰਦੀ ਰਹੀ ਤੇ ਉਹ ਗਰੂ ਜੀ ਦਾ ਮੁਰੀਦ ਬਣ ਗਿਆ। ਬਗਦਾਦ ਵਿੱਚ ਹੀ ਇੱਕ ਹੋਰ ਪਹੁੰਚਿਆ ਹੋਇਆ ਸੂਫ਼ੀ ਫ਼ਕੀਰ ਬਹਿਲੋਲ ਦਾਨਾ ਰਹਿੰਦਾ ਸੀ। ਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਖੂਬ ਸੇਵਾ ਕੀਤੀ। ਆਖਿਆ ਜਾਂਦਾ ਹੈ, ਜਿਸ ਥਾਂ ਗੁਰੂ ਜੀ ਬੈਠਦੇ ਸਨ, ਉਸ ਥਾਂ ਬੈਠ ਉਹ ਸਾਰੀ ਉਮਰ ਗੁਰੂ ਜੀ ਨੂੰ ਯਾਦ ਕਰਦਾ ਰਿਹਾ।
ਬਗਦਾਦ ਵਿੱਚ ਇਹ ਇਤਿਹਾਸਕ ਸਥਾਨ ਰੇਲਵੇ ਸੇਟਸ਼ ਦੇ ਲਾਗੇ ਇੱਕ ਪੁਰਾਣੇ ਕਬਰਿਸਤਾਨ ਵਿੱਚ ਸਥਿਤ ਹੈ। ਇਸ ਕਬਰਿਸਤਾਨ ਦੇ ਇੱਕ ਕੋਨੇ ਵਿੱਚ ਦੋ ਛੋਟੇ ਜਿਹੇ ਕਮਰੇ ਸਨ ਅਤੇ ਇਨ੍ਹਾਂ ਦੇ ਚੌਗਿਰਦੇ ਚਾਰ ਦਿਵਾਰੀ ਬਣੀ ਹੋਈ ਸੀ। ਇੱਕ ਕਮਰੇ ਵਿੱਚ ਸ਼ਾਹ ਬਹਿਲੋਲ ਦੀ ਕਬਰ ਹੈ ਅਤੇ ਦੂਜੇ ਵਿੱਚ ਇੱਕ ਥੜ੍ਹਾ ਬਣਿਆ ਹੋਇਆ ਹੈ। ਇਸ ਕਮਰੇ ਵਿੱਚ ਇੱਕ ਪੱਥਰ ਵੀ ਲੱਗਾ ਹੋਇਆ ਹੈ ਜਿਸ ਉੱਤੇ ਅਰਬੀ ਭਾਸ਼ਾ ਵਿੱਚ ਗੁਰੂ ਜੀ ਦੀ ਆਮਦ ਦਾ ਵੇਰਵਾ ਅੰਕਿਤ ਹੈ। ਚਾਰ ਦਿਵਾਰੀ ਦਾ ਗੇਟ ਹਮੇਸ਼ਾ ਬੰਦ ਰਹਿੰਦਾ ਹੈ। ਇਸ ਥਾਂ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਲੋੜ ਪੈਣ ਉੱਤੇ ਹੀ ਗੇਟ ਖੋਲ੍ਹਦਾ ਹੈ। ਉਸ ਨੂੰ ਸਤਿ ਸ੍ਰੀ ਅਕਾਲ ਤੇ ਕੁਝ ਹੋਰ ਪੰਜਾਬੀ ਦੇ ਸ਼ਬਦ ਆਉਂਦੇ ਸਨ। ਇਹ ਦੱਸਿਆ ਜਾਂਦਾ ਹੈ ਕਿ ਇਸ ਥਾਂ ਦੀ ਨਿਸ਼ਾਨਦੇਹੀ ਪਹਿਲੇ ਸੰਸਾਰ ਯੁੱਧ ਸਮੇਂ ਹੋਈ ਸੀ। ਅੰਗਰੇਜ਼ ਫ਼ੌਜ ਵਿੱਚ ਬਹੁਤ ਸਾਰੇ ਪੰਜਾਬੀ ਅਤੇ ਸਿੱਖ ਭਰਤੀ ਹੋਏ ਸਨ, ਜਿਹੜੇ ਬਸਰੇ ਦੀ ਬੰਦਰਗਾਹ ਰਾਹੀਂ ਇਰਾਕ ਪੁੱਜੇ ਸਨ। ਬਸਰੇ ਦੀਆਂ ਹੂਰਾਂ ਅਤੇ ਖਜੂਰਾਂ ਦੀ ਸੁੰਦਰਤਾ ਦੀ ਵੀ ਚਰਚਾ ਉਨ੍ਹਾਂ ਹੀ ਕੀਤੀ ਸੀ। ਉਸੇ ਲੜਾਈ ਸਮੇਂ ਸੈਨਿਕਾਂ ਦੀਆਂ ਪੰਜਾਬੀ ਘਰਵਾਲੀਆਂ ਨੇ ਇਸ ਬੋਲੀ ਦੀ ਰਚਨਾ ਕੀਤੀ ਸੀ- “ਬਸਰੇ ਦੀ ਲਾਮ ਟੁੱਟ ਜਾਏ, ਮੈਂ ਰੰਡੀਓਂ ਸੁਹਾਗਣ ਹੋਵਾਂ।”
ਜਿੱਤ ਪ੍ਰਾਪਤ ਕਰਦੇ ਹੋਏ ਜਦੋਂ ਇਹ ਫੌਜੀ ਬਗਦਾਦ ਪੁੱਜੇ ਤਾਂ ਇਨ੍ਹਾਂ ਨੇ ਗੁਰੂ ਜੀ ਦੀ ਯਾਦਗਾਰ ਲੱਭਣ ਦਾ ਯਤਨ ਕੀਤਾ। ਅੰਗਰੇਜ਼ ਅਫਸਰਾਂ ਨੇ ਇਸ ਸਥਾਨ ਨੂੰ ਲੱਭਣ ਵਿੱਚ ਸਹਾਇਤਾ ਕੀਤੀ ਸੀ। ਇਹ ਵੀ ਆਖਿਆ ਜਾਂਦਾ ਹੈ ਕਿ ਕਮਰੇ ਅਤੇ ਚਾਰ ਦਿਵਾਰੀ ਦੀ ਸੇਵਾ ਇਨ੍ਹਾਂ ਫੌਜੀਆਂ ਵੱਲੋਂ ਹੀ ਕਰਵਾਈ ਗਈ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸੇਵਾ ਦੇ ਮੋਹਰੀ ਪਾਰਲੀਮੈਂਟ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਵਡੇਰੇ ਸੂਬੇਦਾਰ ਮੇਜਰ ਫ਼ਤਹਿ ਸਿੰਘ ਸਨ। ਅੰਗਰੇਜ਼ ਧਾਰਮਿਕ ਭਾਵਨਾਵਾਂ ਦਾ ਪੂਰਾ ਲਾਭ ਉਠਾਉਣ ਵਿੱਚ ਮਾਹਿਰ ਸਨ। ਮੇਰੇ ਇੱਕ ਰਿਸ਼ਤੇਦਾਰ ਇਸ ਲੜਾਈ ਵਿੱਚ ਸਿਪਾਹੀ ਸਨ, ਜਿਨ੍ਹਾਂ ਨੂੰ ਪਿੱਛੋਂ ਬਾਰ ਵਿੱਚ ਮੁਰੱਬੇ ਵੀ ਮਿਲੇ ਸਨ। ਉਹ ਦੱਸਦੇ ਸਨ ਕਿ ਸਾਡੀ ਯੂਨਿਟ ਜਿੰਨੇ ਦਿਨ ਬਗਦਾਦ ਰਹੀ, ਸਾਨੂੰ ਇਸ ਥਾਂ ਉੱਤੇ ਦੀਵਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਰੁੱਖ ਦੀ ਟਾਹਣੀ ਦੀ ਦਾਤਣ ਕਰਨ ਦੇ ਆਦੀ ਸਾਂ। ਅੰਗਰੇਜ਼ ਨੇ ਆਖਿਆ ਤੁਸੀਂ ਸਾਰੇ ਸਵੇਰੇ ਦਾਤਣ ਕਰੋ। ਸਾਨੂੰ ਦਾਤਣਾਂ ਲਿਆ ਕੇ ਦਿੱਤੀਆਂ ਜਾਂਦੀਆਂ। ਇਹ ਵੀ ਹਿਦਾਇਤ ਸੀ ਕਿ ਦਾਤਣ ਦੀ ਥੋੜ੍ਹੀ ਲਕੜੀ ਨੂੰ ਖਾ ਵੀ ਲਿਆ ਕਰੋ। ਉਹ ਦੁਸ਼ਮਣ ਦੀ ਫੌਜ ਵਿੱਚ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਸਨ ਕਿ ਇਹ ਦਾਹੜੀ ਪਗੜੀ ਵਾਲੇ ਫੌਜੀ ਤਾਂ ਲੱਕੜੀਆਂ ਤਕ ਖਾ ਲੈਂਦੇ ਹਨ।
ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਗੁਆਂਢੀ ਦੇਸ਼ਾਂ, ਵਿਸ਼ੇਸ਼ ਕਰਕੇ ਇਰਾਕ ਅਤੇ ਕੁਵੈਤ ਵਿੱਚ ਰਹਿੰਦੇ ਸਿੱਖਾਂ ਨੇ ਇੱਥੇ ਗੁਰਦਵਾਰਾ ਸਾਹਿਬ ਦੀ ਉਸਾਰੀ ਕਰਨ ਦਾ ਯਤਨ ਕੀਤਾ ਪਰ ਉਦੋਂ ਦੀ ਇਰਾਕੀ ਸਰਕਾਰ ਨੇ ਆਗਿਆ ਨਹੀਂ ਦਿੱਤੀ। ਜਦੋਂ ਸ. ਸਵਰਨ ਸਿੰਘ ਭਾਰਤ ਦੇ ਵਿਦੇਸ਼ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੀ ਇਰਾਕ ਫੇਰੀ ਸਮੇਂ ਇਹ ਮਾਮਲਾ ਫਿਰ ਉਠਾਇਆ ਪਰ ਉਹ ਵੀ ਇਰਾਕ ਸਰਕਾਰ ਤੋਂ ਕੋਈ ਵਾਅਦਾ ਨਾ ਲੈ ਸਕੇ। ਗਿਆਨੀ ਜ਼ੈਲ ਸਿੰਘ ਹੋਰਾਂ ਦੀ ਫੇਰੀ ਵੇਲੇ ਵੀ ਚਰਚਾ ਹੋਈ। ਜਦੋਂ ਅਸੀਂ ਉੱਥੇ ਸਾਂ ਤਾਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਇਰਾਕ ਆਏ। ਅਸੀਂ ਉਨ੍ਹਾਂ ਨੂੰ ਵੀ ਬੇਨਤੀ ਕੀਤੀ। ਉਦੋਂ ਮਿ. ਭੰਡਾਰੀ ਭਾਰਤੀ ਰਾਜਦੂਤ ਸਨ। ਸਰਕਾਰ ਨੇ ਇੰਨੀ ਆਗਿਆ ਜ਼ਰੂਰ ਦੇ ਦਿੱਤੀ ਕਿ ਹਿੰਦੀ (ਇੱਥੇ ਇਰਾਕ ਵਿੱਚ ਭਾਰਤ ਵਾਸੀਆਂ ਨੂੰ ਹਿੰਦੀ ਆਖਿਆ ਜਾਂਦਾ ਹੈ।) ਛੁੱਟੀ ਵਾਲੇ ਦਿਨ ਭਾਵ ਸ਼ੁੱਕਰਵਾਰ ਨੂੰ ਇਕੱਠੇ ਹੋ ਸਕਦੇ ਹਨ। ਇਹ ਸਿਲਸਿਲਾ ਕੁਝ ਸਮਾਂ ਚੱਲਿਆ ਪਰ ਪਿੱਛੋਂ ਸਰਕਾਰ ਨੇ ਇਸਦੀ ਵੀ ਮਨਾਹੀ ਕਰ ਦਿੱਤੀ। ਕੁਵੈਤ ਅਤੇ ਹੋਰ ਅਰਬ ਦੇਸ਼ਾਂ ਵਿੱਚ ਜਿੱਥੇ ਸਿੱਖ ਰਹਿੰਦੇ ਹਨ, ਗੁਰਦਵਾਰਾ ਸਾਹਿਬ ਹਨ ਪਰ ਇਰਾਕ ਸਰਕਾਰ ਨੇ ਇਸਦੀ ਆਗਿਆ ਨਹੀਂ ਦਿੱਤੀ।
ਪਰ ਹੁਣੇ ਆਈ ਖ਼ਬਰ ਤੋਂ ਪਤਾ ਲਗਦਾ ਹੈ ਕਿ ਇਰਾਕ ਦੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਅਜਿਕ ਉਲ ਇਸ਼ਾਇਕਾਰ ਵੱਲੋਂ ਇਸ ਥਾਂ ਉੱਤੇ ਗੁਰੂ ਘਰ ਦੀ ਉਸਾਰੀ ਲਈ 7500 ਵਰਗ ਮੀਟਰ ਥਾਂ ਅਲਾਟ ਕਰ ਦਿੱਤੀ ਗਈ ਹੈ। ਇਸ ਸੇਵਾ ਦੀ ਮੋਹਰੀ ਬਾਬਾ ਨਾਨਕ ਮਿਸ਼ਨ ਸੰਸਥਾ ਹੋਵੇਗੀ। ਇਰਾਕ ਸਰਕਾਰ ਵੱਲੋਂ ਇਸਦੇ ਨਾਲ ਹੀ ਮੈਡੀਕਲ ਸੇਵਾ ਕੇਂਦਰ ਅਤੇ ਲੰਗਰ ਘਰ ਬਣਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਜਿੱਥੇ ਦੋਵਾਂ ਦੇਸ਼ਾਂ ਦੇ ਸੰਬੰਧ ਹੋਰ ਚੰਗੇ ਹੋਣਗੇ, ਉੱਥੇ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਥਾਂ ਦੇ ਦਰਸ਼ਨਾਂ ਲਈ ਆਇਆ ਕਰੇਗੀ। ਅਮਰੀਕਾ ਦੀਆਂ ਸਿੱਖ ਸੰਗਤਾਂ ਵਧਾਈ ਦੀਆਂ ਪਾਤਰ ਹਨ ਜਿਨ੍ਹਾਂ ਉਹ ਪ੍ਰਾਪਤੀ ਕਰ ਵਿਖਾਈ, ਜਿਸ ਨੂੰ ਸਰਕਾਰ ਵੀ ਨਾ ਕਰ ਸਕੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4885)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)