“ਜੇ ਅਸੀਂ ਆਪਣੀ ਅਸੀਮ ਸ਼ਕਤੀ ਉੱਤੇ ਭਰੋਸਾ ਰੱਖਕੇ ਦ੍ਰਿੜ੍ਹ ਇਰਾਦੇ ਨਾਲ ਯਤਨ ਕਰੀਏ, ਮੰਜ਼ਿਲ ਹਮੇਸ਼ਾ ...”
(25 ਸਤੰਬਰ 2025)
ਤੁਸੀਂ ਅਲਾਦੀਨ ਦੇ ਚਿਰਾਗ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ। ਇਸੇ ਤਰ੍ਹਾਂ ਅਲਫ਼ਲੈਲਾ ਅਤੇ ਅਲੀਬਾਬਾ ਚਾਲੀ ਚੋਰ ਬਾਰੇ ਵੀ ਜਾਣਿਆ ਹੋਵੇਗਾ। ਇਨ੍ਹਾਂ ਕਹਾਣੀਆਂ ਦੀ ਸਿਰਜਣਾ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਹੋਈ। ਬਗਦਾਦ ਨੂੰ ਦੁਨੀਆਂ ਦੇ ਉਨ੍ਹਾਂ ਕੁਝ ਕੇਂਦਰਾਂ ਵਿੱਚੋਂ ਜਾਣਿਆ ਜਾਂਦਾ ਹੈ, ਜਿੱਥੇ ਸੱਭਿਆਚਾਰ ਵਿਕਸਿਤ ਹੋਇਆ। ਬਗਦਾਦ ਨੂੰ ਗਿਆਨ ਦਾ ਮਹਾਨ ਕੇਂਦਰ ਮੰਨਿਆ ਜਾਂਦਾ ਸੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਵੀ ਇੱਥੇ ਗਏ ਸਨ। ਇਨ੍ਹਾਂ ਕਹਾਣੀਆਂ ਵਿੱਚ ਮਨੁੱਖੀ ਸਿਆਣਪ ਝਲਕ ਮਾਰਦੀ ਹੈ। ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਮਨੁੱਖ ਨੂੰ ਕੁਦਰਤ ਨੇ ਅਸੀਮਤ ਸਿਆਣਪ ਦੀ ਬਖਸ਼ਿਸ਼ ਕੀਤੀ ਹੈ ਜਿਸਦੀ ਵਰਤੋਂ ਕਰਕੇ ਉਹ ਵੱਡੀ ਪ੍ਰਾਪਤੀ ਕਰ ਸਕਦਾ ਹੈ। ਜੇਕਰ ਮਨੁੱਖੀ ਦਿਮਾਗ ਦੀ ਸ਼ਕਤੀ ਦਾ ਅੰਕੜਾ 100 ਮੰਨ ਲਿਆ ਜਾਵੇ ਤਾਂ ਆਮ ਆਦਮੀ ਮਸਾਂ 20% ਤੋਂ ਵੀ ਘੱਟ ਇਸ ਸ਼ਕਤੀ ਦੀ ਵਰਤੋਂ ਕਰਦਾ ਹੈ। ਸਾਡੇ ਦੇਸ਼ ਵਿੱਚ ਇਸ ਨੂੰ 16 ਕਲਾਂ ਆਖਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸੋਲਾਂ ਕਲਾਂ ਕੇਵਲ ਪ੍ਰਮਾਤਮਾ ਕੋਲ ਹੀ ਹਨ। ਇਹ ਸ਼ਕਤੀ ਰੂਪੀ ਚਿਰਾਗ ਸਾਰਿਆਂ ਕੋਲ ਹੈ। ਅਸੀਂ ਇਸ ਚਿਰਾਗ ਤੋਂ ਜੋ ਚਾਹੁੰਦੇ ਹਾਂ ਉਹ ਹੀ ਪ੍ਰਾਪਤ ਹੋ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਜਦੋਂ ਅਸੀਂ ਸੋਚਦੇ ਹਾਂ, ਬਹੁਤ ਥੱਕ ਗਏ ਹਾਂ, ਹੁਣ ਸੌ ਜਾਣਾ ਚਾਹੀਦਾ ਹੈ, ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। ਤੁਸੀਂ ਕੋਈ ਪ੍ਰੋਗਰਾਮ ਦੇਖਦੇ ਹੋ ਤਾਂ ਜੇਕਰ ਤੁਹਾਨੂੰ ਪਸੰਦ ਹੋਵੇਗਾ ਤਾਂ ਤੁਸੀਂ ਬਿਲਕੁਲ ਅਕੇਵਾਂ ਜਾਂ ਸੁਸਤੀ ਮਹਿਸੂਸ ਨਹੀਂ ਕਰੋਗੇ। ਜੇਕਰ ਤੁਸੀਂ ਦ੍ਰਿੜ੍ਹ ਇਰਾਦਾ ਬਣ ਲਿਆ ਹੈ ਕਿ ਮੈਂ ਸਾਰਾ ਕੰਮ ਖਤਮ ਕਰਕੇ ਹੀ ਸੌਵਾਂਗਾ ਤਾਂ ਨੀਂਦ ਤੁਹਾਡੇ ਨੇੜੇ ਨਹੀਂ ਢੁੱਕੇਗੀ। ਤੁਸੀਂ ਸਵੇਰੇ ਸੈਰ ਕਰਕੇ ਥੱਕ ਕੇ ਕਿਸੇ ਬੈਂਚ ਉੱਤੇ ਆਰਾਮ ਕਰਨ ਲਈ ਬੈਠੇ ਹੋ ਅਚਾਨਕ ਤੁਹਾਨੂੰ ਉੱਥੇ ਤੁਹਾਡੇ ਵਲ ਆਉਂਦੇ ਇੱਕ ਸੱਪ ਨਜ਼ਰ ਆ ਗਿਆ ਤਾਂ ਤੁਸੀਂ ਇਹ ਆਖ, ਚਲੋ ਭੱਜੋ, ਭੱਜਣਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਤਾਂ ਥੱਕੇ ਹੋਏ ਸੀ ਫਿਰ ਇੰਨੀ ਸ਼ਕਤੀ ਕਿੱਥੋਂ ਆ ਗਈ। ਇਹ ਸ਼ਕਤੀ ਤੁਹਾਡੇ ਗ਼ੁਲਾਮ ਜਿੰਨ ਨੇ ਦਿੱਤੀ ਹੈ। ਜਿਹੜੇ ਲੋਕ ਛੇਤੀ ਹੀ ਢੇਰੀ ਢਾਹ ਬੈਠਦੇ ਹਨ, ਉਹ ਆਪਣੀ ਸ਼ਕਤੀ ਦੀ ਗਲਤ ਵਰਤੋਂ ਕਰਦੇ ਹਨ। ਜਦੋਂ ਤੁਸੀਂ ਇਹ ਆਖਦੇ ਹੋ, ਚਲੋ ਛੱਡੋ, ਇਹ ਮੇਰੇ ਵੱਸ ਦਾ ਕੰਮ ਨਹੀਂ, ਤਾਂ ਤੁਹਾਡਾ ਜਿੰਨ ਹੁਕਮ ਮੰਨਦੇ ਹੋਏ ਤੁਹਾਨੂੰ ਨਿਢਾਲ ਕਰ ਦਿੰਦਾ ਹੈ। ਇਸ ਸ਼ਕਤੀ ਦਾ ਚਮਤਕਾਰ ਉਹ ਵਿਅਕਤੀ ਹੀ ਦੇਖਦੇ ਹਨ, ਜਿਨ੍ਹਾਂ ਦੇ ਇਰਾਦੇ ਦ੍ਰਿੜ੍ਹ ਹੁੰਦੇ ਹਨ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ।
ਆਪਣੇ ਅੰਦਰ ਦੀ ਸ਼ਕਤੀ ਤੋਂ ਬਹੁਤ ਵਾਰ ਅਸੀਂ ਅਣਜਾਣ ਹੁੰਦੇ ਹਾਂ ਪਰ ਕਈ ਵਾਰ ਸਾਡੇ ਮਾਪੇ ਜਾਂ ਅਧਿਆਪਕ ਇਸ ਤੋਂ ਜਾਣੂ ਕਰਵਾ ਕੇ ਸਫ਼ਲਤਾ ਦੇ ਰਾਹੇ ਤੋਰ ਦਿੰਦੇ ਹਨ। ਮੇਰੇ ਇੱਕ ਜਾਣੂ ਦੇ ਬੇਟੇ ਦੇ ਇਮਤਿਹਾਨ ਵਿੱਚ 60% ਅੰਕ ਆਏ। ਪਿਤਾ ਨੇ ਉਸ ਨੂੰ ਝਿੜਕ ਦੀ ਥਾਂ ਉਸਦੀ ਪ੍ਰਸ਼ੰਸਾ ਕੀਤੀ ਤੇ ਆਖਿਆ ਸ਼ਾਬਾਸ਼ ਬਹੁਤ ਵਧੀਆ, ਇਸੇ ਤਰ੍ਹਾਂ ਥੋੜ੍ਹੀ ਹੋਰ ਮਿਹਨਤ ਕਰ ਤੇਰੇ 80% ਨੰਬਰ ਆ ਜਾਣੇ ਹਨ, ਫਿਰ ਆਪਣੀ ਮਰਜ਼ੀ ਦੇ ਕਿਸੇ ਵੀ ਕਾਲਿਜ ਵਿੱਚ ਦਾਖਲਾ ਹੋ ਜਾਵੇਗਾ। ਸੱਚਮੁੱਚ ਉਹ ਅਗਲੀ ਵਾਰ 80% ਅੰਕ ਲੈ ਗਿਆ ਤੇ ਆਪਣੀ ਮਰਜ਼ੀ ਦੇ ਕਾਲਿਜ ਅਤੇ ਵਿਸ਼ੇ ਵਿੱਚ ਦਾਖਲ ਹੋ ਗਿਆ। ਉਸਦਾ ਇੱਕ ਮਿੱਤਰ ਸੀ ਜਿਹੜਾ ਹਮੇਸ਼ਾ ਉਸ ਤੋਂ ਅੱਗੇ ਰਹਿੰਦਾ ਸੀ, ਉਸਦੇ 65% ਅੰਕ ਆਏ ਸਨ। ਉਸਦੇ ਪਿਤਾ ਨੇ ਅੰਕ ਦੇਖ ਕੇ ਝਿੜਕਣਾ ਸ਼ੁਰੂ ਕਰ ਦਿੱਤਾ, “ਅਸੀਂ ਤੇਰੇ ਉੱਤੇ ਇੰਨੇ ਪੈਸੇ ਖਰਚ ਕੀਤੇ ਤੇ ਤੂੰ ਕੇਵਲ 65% ਨੰਬਰ ਲੈ ਕੇ ਆਇਆ। ਪੜ੍ਹਾਈ ਤੇਰੇ ਬੱਸ ਦੀ ਨਹੀਂ, ਇਹ ਤੈਥੋਂ ਨਹੀਂ ਹੋਣੀ, ਅਸੀਂ ਤਾਂ ਪੈਸੇ ਬਰਬਾਦ ਕਰ ਰਹੇ ਹਾਂ।” ਉਸ ਬੱਚੇ ਦੇ ਮਨ ਉੱਤੇ ਅਜਿਹਾ ਅਸਰ ਹੋਇਆ ਕਿ ਅਗਲੀ ਵਾਰ ਉਹ ਤੀਜੇ ਦਰਜੇ ਵਿੱਚ ਪਾਸ ਹੋਇਆ।
ਮੈਂ ਆਪਣੇ ਇੱਕ ਅਧਿਆਪਕ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਉਦੋਂ ਬਹੁਤ ਘੱਟ ਸਕੂਲ ਹੁੰਦੇ ਸਨ। ਸਕੂਲ ਵੀ ਸਰਕਾਰੀ ਹੀ ਹਨ। ਮੇਰੇ ਅਧਿਆਪਕ ਨੂੰ ਲਾਗਲੇ ਪਿੰਡ ਪੜ੍ਹਨ ਜਾਣਾ ਪੈਂਦਾ ਸੀ। ਪੰਜਵੀਂ ਤਕ ਠੀਕ ਰਿਹਾ ਜਦੋਂ ਹਾਈ ਸਕੂਲ ਵਿੱਚ ਗਿਆ ਤਾਂ ਬੁਰੀ ਸੰਗਤ ਵਿੱਚ ਪੈ ਗਿਆ। ਕਈ ਵਾਰ ਸਕੂਲ ਪਹੁੰਚਦਾ ਹੀ ਨਹੀਂ ਸੀ। ਰਾਹ ਵਿੱਚ ਹੀ ਖੇਲਦੇ ਰਹਿਣਾ, ਸਕੂਲ ਦਾ ਕੰਮ ਕਰਨਾ ਹੀ ਨਹੀਂ। ਉਦੋਂ ਅਧਿਆਪਕਾਂ ਕੋਲ ਸੋਟੀ ਹੁੰਦੀ ਸੀ। ਜਿਹੜਾ ਕੰਮ ਨਾ ਕਰ ਕੇ ਆਵੇ ਤਾਂ ਹੱਥਾਂ ਉੱਤੇ ਜ਼ੋਰ ਨਾਲ ਸੋਟੀ ਮਾਰਦੇ ਸਨ। ਉਹ ਸੋਟੀਆਂ ਖਾਣ ਦਾ ਇੰਨਾ ਆਦੀ ਹੋ ਗਿਆ ਕਿ ਜਦੋਂ ਵੀ ਮਾਸਟਰ ਨੇ ਖੜ੍ਹਾ ਕਰਕੇ ਕੰਮ ਬਾਰੇ ਪੁੱਛਣਾ ਤਾਂ ਉਸ ਸੋਟੀ ਖਾਣ ਲਈ ਹੱਥ ਅੱਗੇ ਕਰ ਦੇਣੇ। ਉਹ ਸੱਤਵੀਂ ਵਿੱਚੋਂ ਫੇਲ ਹੋ ਗਿਆ ਤੇ ਉਸਨੇ ਆਪਣੇ ਬਾਪੂ ਨੂੰ ਆਖਿਆ, ਮੈਂ ਹੋਰ ਨਹੀਂ ਪੜ੍ਹਨਾ, ਤੁਹਾਡੇ ਨਾਲ ਖੇਤੀ ਕਰਾਂਗਾ। ਬਾਪੂ ਆਪ ਅਨਪੜ੍ਹ ਸੀ, ਉਨ੍ਹਾਂ ਦਾ ਇੱਕੋ ਇੱਕ ਪੁੱਤਰ ਸੀ ਤੇ ਉਹ ਚਾਹੁੰਦੇ ਸਨ ਕਿ ਘੱਟੋ ਘੱਟ ਅੱਠ ਜਮਾਤਾਂ ਤਾਂ ਪਾਸ ਕਰ ਲਵੇ। ਉਦੋਂ ਅੱਠਵੀਂ ਪਾਸ ਨੂੰ ਵੱਡਾ ਸਮਝਿਆ ਜਾਂਦਾ ਸੀ। ਤੁਸੀਂ ਇਹ ਲੋਕ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ, “ਉਸ ਨਾਲ ਕੀ ਬੋਲਣਾ ਜਿਸ ਮਿਡਲ ਪਾਸ ਨਾ ਕੀਤਾ।” ਬਾਪੂ ਦੇ ਜ਼ੋਰ ਦੇਣ ਉੱਤੇ ਉਹ ਸਕੂਲ ਜਾਣ ਲਈ ਰਾਜ਼ੀ ਹੋ ਗਿਆ ਪਰ ਸ਼ਰਤ ਰੱਖ ਦਿੱਤੀ, ਮੈਂ ਉਸ ਸਕੂਲ ਵਿੱਚ ਨਹੀਂ ਜਾਵਾਂਗਾ। ਕੁਦਰਤੀ ਉਨ੍ਹਾਂ ਦੇ ਪਿੰਡ ਦੇ ਲਾਗੇ ਇੱਕ ਹੋਰ ਮਿਡਲ ਸਕੂਲ ਸੀ। ਉਸ ਨੂੰ ਉੱਥੇ ਦਾਖਲ ਕਰਵਾ ਦਿੱਤਾ।
ਉਦੋਂ ਸਕੂਲਾਂ ਵਿੱਚ ਉਰਦੂ ਅਤੇ ਫਾਰਸੀ ਪੜ੍ਹਾਈ ਜਾਂਦੀ ਸੀ। ਫਾਰਸੀ ਦੇ ਅਧਿਆਪਕ ਨੇ ਸਬਕ ਪੜ੍ਹਾਇਆ ਤੇ ਅਗਲੇ ਦਿਨ ਯਾਦ ਕਰਕੇ ਆਉਣ ਨੂੰ ਆਖਿਆ। ਸਾਡੇ ਇਹ ਅਧਿਆਪਕ ਸਰੀਰਕ ਤੌਰ ਉੱਤੇ ਦਰਸ਼ਨੀ ਸਨ। ਦੂਜੇ ਦਿਨ ਮੌਲਵੀ ਸਾਹਿਬ ਨੇ ਉਸ ਨੂੰ ਆਖਿਆ ਚੱਲ ਬਈ ਸਬਕ ਸੁਣਾ। ਇਸਨੇ ਦੋਵੇਂ ਹੱਥ ਅੱਗੇ ਕਰਦੇ ਹੋਇਆਂ ਉੱਤਰ ਦਿੱਤਾ ਜੀ, “ਆਉਂਦਾ ਨਹੀਂ।” ਅਧਿਆਪਕ ਨੇ ਸੋਟੀ ਮਾਰਨ ਦੀ ਥਾਂ ਆਖਿਆ, “ਗੱਲ ਸੁਣ, ਸਾਰੀ ਜਮਾਤ ਵਿੱਚੋਂ ਤੂੰ ਸਭ ਤੋਂ ਉੱਚਾ ਅਤੇ ਤਕੜਾ ਮੁੰਡਾ ਹੈਂ, ਤੇਰੇ ਲਈ ਇਹ ਸਬਕ ਯਾਦ ਕਰਨਾ ਕੀ ਮੁਸ਼ਕਿਲ ਹੈ? ਚੱਲ ਬੈਠ, ਕੱਲ੍ਹ ਨੂੰ ਯਾਦ ਕਰ ਕੇ ਆਵੀਂ।” ਤੇ ਅਧਿਆਪਕ ਨੇ ਅਗਲਾ ਸਬਕ ਪੜ੍ਹਾ ਦਿੱਤਾ। ਅਧਿਆਪਕ ਦੇ ਇਨ੍ਹਾਂ ਸ਼ਬਦਾਂ ਨੇ ਅੰਦਰ ਬੈਠੇ ਜਿੰਨ ਨੂੰ ਸੁਚੇਤ ਕਰ ਦਿੱਤਾ। ਘਰ ਜਾ ਕੇ ਰਟਾ ਮਾਰਿਆ ਅਤੇ ਸਬਕ ਯਾਦ ਕਰ ਲਿਆ। ਦੂਜੇ ਦਿਨ ਅਧਿਆਪਕ ਨੇ ਉਸ ਨੂੰ ਸਬਕ ਸੁਣਾਉਣ ਲਈ ਆਖਿਆ ਤੇ ਸਾਡੇ ਨਾਇਕ ਨੇ ਫਟਾਫ਼ਟ ਸਾਰਾ ਸਬਕ ਸੁਣਾ ਦਿੱਤਾ। ਅਧਿਆਪਕ ਨੇ ਇਹ ਨਹੀਂ ਆਖਿਆ ਕਿ ਕੱਲ੍ਹ ਵਾਲਾ ਸਬਕ ਯਾਦ ਕਰਨਾ ਸੀ ਸਗੋਂ ਆਖਣ ਲੱਗੇ, “ਸ਼ਾਬਾਸ਼, ਜੇਕਰ ਇਸੇ ਤਰ੍ਹਾਂ ਮਿਹਨਤ ਕਰੇਂਗਾ ਤਾਂ ਤੈਨੂੰ ਅੱਠਵੀਂ ਵਿੱਚੋਂ ਵਜ਼ੀਫ਼ਾ ਮਿਲ ਜਾਵੇਗਾ।” ਤੇ ਸੱਚਮੁੱਚ ਉਸ ਨੂੰ ਅੱਠਵੀਂ ਵਿੱਚੋਂ ਵਜ਼ੀਫਾ ਮਿਲ ਗਿਆ। ਉਹ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਉੱਚੇ ਅਹੁਦਿਆਂ ’ਤੇ ਰਹੇ। ਉਨ੍ਹਾਂ ਦਾ ਸ਼ੁਮਾਰ ਦੇਸ਼ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਚੋਟੀ ਦੇ ਖੇਤੀ ਅਰਥਸ਼ਾਸਤਰੀਆਂ ਵਿੱਚ ਕੀਤਾ ਜਾਂਦਾ ਹੈ।
ਤੁਸੀਂ ਐਡੀਸਨ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ, ਜਿਸਨੇ ਬਲਬ ਬਣਾ ਕੇ ਹਨੇਰੇ ਵਿੱਚ ਰੌਸ਼ਨੀ ਕੀਤੀ। ਉਸਨੇ ਸਭ ਤੋਂ ਵੱਧ ਵਿਗਿਆਨਕ ਖੋਜਾਂ ਕੀਤੀਆਂ ਹਨ। ਇਹ ਉਸਦੇ ਦ੍ਰਿੜ੍ਹ ਇਰਾਦੇ ਅਤੇ ਸਫਲਤਾ ਦੇ ਯਕੀਨ ਕਾਰਨ ਹੀ ਹੋ ਸਕਿਆ ਹੈ। ਆਖਿਆ ਜਾਂਦਾ ਹੈ ਕਿ ਬਲਬ ਬਣਾਉਣ ਸਮੇਂ ਉਹ ਕੋਈ ਇੱਕ ਹਜ਼ਾਰ ਵਾਰ ਫੇਲ ਹੋਇਆ ਪਰ ਉਸਨੇ ਇਸ ਨੂੰ ਸਫ਼ਲਤਾ ਵਲ ਪੁਟਿਆ ਇੱਕ ਹੋਰ ਕਦਮ ਆਖਿਆ। ਇਨ੍ਹਾਂ ਪ੍ਰਾਪਤੀਆਂ ਲਈ ਉਸਦੀ ਮਾਂ ਦੀ ਅਹਿਮ ਭੂਮਿਕਾ ਸੀ। ਇੱਕ ਦਿਨ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਉਸਦੀ ਟੀਚਰ ਨੇ ਇੱਕ ਚਿੱਠੀ ਦਿੱਤੀ ਕਿ ਆਪਣੀ ਮਾਂ ਨੂੰ ਦੇ ਦੇਵੀਂ। ਮਾਂ ਨੇ ਜਦੋਂ ਚਿੱਠੀ ਪੜ੍ਹੀ ਤਾਂ ਪਹਿਲਾਂ ਉਹ ਕੁਝ ਘਬਰਾ ਗਈ ਪਰ ਛੇਤੀ ਸੰਭਲ ਗਈ। ਚਿੱਠੀ ਵਿੱਚ ਲਿਖਿਆ ਸੀ ਕਿ ਤੁਹਾਡਾ ਬੱਚਾ ਮੰਦਬੁੱਧੀ ਹੈ। ਇਹ ਸਾਡੇ ਸਕੂਲ ਵਿੱਚ ਪੜ੍ਹਨ ਦੇ ਕਾਬਲ ਨਹੀਂ ਹੈ। ਐਡੀਸਨ ਨੇ ਜਦੋਂ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਹੈ ਤਾਂ ਮਾਂ ਆਖਣ ਲੱਗੀ, “ਤੁਹਾਡਾ ਬੱਚਾ ਆਮ ਬੱਚਿਆਂ ਨਾਲੋਂ ਵੱਧ ਹੁਸ਼ਿਆਰ ਹੈ, ਇੱਥੇ ਕਲਾਸ ਵਿੱਚ ਤਾਂ ਉਸਦਾ ਸਮਾਂ ਬਰਬਾਦ ਹੀ ਹੋਵੇਗਾ, ਉਸ ਨੂੰ ਘਰ ਆਪਣੇ ਆਪ ਪੜ੍ਹਨ ਦਿੱਤਾ ਜਾਵੇ।” ਮਾਂ ਦੇ ਇਨ੍ਹਾਂ ਬੋਲਾਂ ਨੇ ਬੱਚੇ ਅੰਦਰ ਸੁੱਤੇ ਪਏ ਜਿੰਨ ਨੂੰ ਜਗਾ ਦਿੱਤਾ ਤੇ ਬੱਚੇ ਨੇ ਪੂਰੀ ਲਗਨ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ ਅਤੇ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਵਿਗਿਆਨੀ ਬਣਿਆ।
ਕੁਝ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਆਪਣੀ ਤਾਕਤ ਉੱਤੇ ਭਰੋਸਾ ਨਹੀਂ ਹੁੰਦਾ ਜਾਂ ਉਹ ਅਣਜਾਣ ਹੁੰਦੇ ਹਨ। ਉਹ ਹਮੇਸ਼ਾ ਸ਼ਿਕਾਇਤ ਕਰਦੇ ਹਨ ਤੇ ਦੂਜਿਆਂ ਦੀ ਸਫ਼ਲਤਾ ਦੇਖ ਕੇ ਝੂਰਦੇ ਹਨ। ਉਨ੍ਹਾਂ ਦੇ ਅੰਦਰਲਾ ਜਿੰਨ ਇਨ੍ਹਾਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਵਿੱਚ ਸਹਾਇਤਾ ਕਰਦਾ ਹੈ ਤੇ ਉਹ ਸਾਰੀ ਜ਼ਿੰਦਗੀ ਦੁਖੀ ਹੀ ਰਹਿੰਦੇ ਹਨ।
ਜੇਕਰ ਤੁਹਾਨੂੰ ਆਪਣੇ ਆਪ ਉੱਤੇ ਭਰੋਸਾ ਹੋਵੇ ਅਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਜੰਗ ਵੀ ਜਿੱਤੀ ਜਾ ਸਕਦੀ ਹੈ। ਤੁਸੀਂ ਪੋਰਸ ਅਤੇ ਸਿਕੰਦਰ ਦੀ ਕਹਾਣੀ ਜ਼ਰੂਰ ਪੜ੍ਹੀ ਹੋਵੇਗੀ। ਉਸ ਅਨੁਸਾਰ ਸਿਕੰਦਰ ਨੂੰ ਮਹਾਨ ਅਤੇ ਪੋਰਸ ਨੂੰ ਹਾਰਿਆ ਹੋਇਆ ਦੱਸਿਆ ਗਿਆ ਹੈ। ਸਿਕੰਦਰ ਨੇ ਪੋਰਸ ਉੱਤੇ ਹਮਲਾ ਕੀਤਾ, ਕੁਝ ਬੁੱਕਲ ਦੇ ਸੱਪ ਸਿਕੰਦਰ ਨਾਲ ਜਾ ਰਲੇ ਅਤੇ ਪੋਰਸ ਫੜਿਆ ਗਿਆ। ਸਿਕੰਦਰ ਨੇ ਜਦੋਂ ਪੋਰਸ ਨੂੰ ਪੁੱਛਿਆ, ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਤਾਂ ਉਸ ਸਿਰ ਉੱਚਾ ਕਰ ਕੇ ਆਖਿਆ ਕਿ ਮੇਰੇ ਨਾਾਲ ਉਹ ਹੀ ਸਲੂਕ ਕਰੋ ਜੋ ਇੱਕ ਬਾਦਸ਼ਾਹ ਦੂਜੇ ਬਾਦਸ਼ਾਹ ਨਾਲ ਕਰਦਾ ਹੈ। ਇਹ ਸੁਣ ਸਿਕੰਦਰ ਨੂੰ ਗੁੱਸਾ ਆ ਗਿਆ ਤੇ ਪੋਰਸ ਨੂੰ ਕੈਦ ਕਰ ਲਿਆ। ਪੋਰਸ ਨੂੰ ਭਰੋਸਾ ਸੀ ਕਿ ਉਸਦੇ ਵਫ਼ਾਦਾਰ ਸਾਥੀ ਜ਼ਰੂਰ ਕੈਦ ਵਿੱਚੋਂ ਕੱਢ ਲੈਣਗੇ। ਇੰਝ ਹੀ ਹੋਇਆ। ਉਸਦੇ ਵਫ਼ਾਦਾਰਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਰਾਤ ਦੇ ਹਨੇਰੇ ਵਿੱਚ ਪੋਰਸ ਨੂੰ ਕੈਦ ਵਿੱਚੋਂ ਕੱਢ ਲਿਆ। ਪੋਰਸ ਨੇ ਮੁੜ ਆਪਣੀ ਫੌਜ ਇਕੱਠੀ ਕੀਤੀ ਅਤੇ ਸਿਕੰਦਰ ਦੀ ਫੌਜ ਉੱਤੇ ਗੋਰੀਲੇ ਹਮਲੇ ਸ਼ੁਰੂ ਕਰ ਦਿੱਤੇ। ਸਿਕੰਦਰ ਦੇ ਸਿਪਾਹੀ ਜਦੋਂ ਬਿਆਸ ਦਰਿਆ ਨੂੰ ਪਾਰ ਕਰਨ ਦਾ ਯਤਨ ਕਰਦੇ ਤਾਂ ਉਨ੍ਹਾਂ ਨੂੰ ਡੋਬ ਦਿੱਤਾ ਜਾਂਦਾ। ਬਰਸਾਤ ਸ਼ੁਰੂ ਹੋ ਗਈ। ਪੋਰਸ ਦੀ ਫੌਜ ਅਤੇ ਮੱਛਰਾਂ ਨੇ ਸਿਕੰਦਰ ਦੇ ਫੌਜੀਆਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਨ੍ਹਾਂ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ। ਸਿਕੰਦਰ ਨੇ ਬਹੁਤ ਸਮਝਾਇਆ ਪਰ ਫੌਜ ਅੱਗੇ ਨਾ ਵਧੀ ਤੇ ਵਾਪਸ ਮੁੜ ਪਈ। ਸਾਰੀ ਦੁਨੀਆਂ ਨੂੰ ਫ਼ਤਿਹ ਕਰਨ ਲਈ ਤੁਰੇ ਸਿਕੰਦਰ ਤੋਂ ਇਹ ਨਮੋਸ਼ੀ ਝੱਲੀ ਨਾ ਗਈ ਤੇ ਰਾਹ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਕੇਵਲ 12 ਸਾਲ ਦਾ ਸੀ ਜਦੋਂ ਉਹ ਆਪਣੀ ਮਿਸਲ ਦਾ ਸਰਦਾਰ ਬਣਿਆ। ਇਹ ਮਿਸਲ ਸਭ ਤੋਂ ਛੋਟੀ ਸੀ। ਅਬਦਾਲੀ ਦੇ ਪੋਤਰੇ ਨੇ ਸੋਚਿਆ ਕਿ ਹੁਣ ਮੁੜ ਹਿੰਦੋਸਤਾਨ ਨੂੰ ਲੁੱਟਣ ਦਾ ਸੁਨਹਿਰੀ ਮੌਕਾ ਹੈ, ਇਹ ਇੱਕ ਅੱਖ ਵਾਲਾ 12 ਸਾਲ ਦਾ ਲੜਕਾ ਮੇਰਾ ਕੀ ਮੁਕਾਬਲਾ ਕਰੇਗਾ। ਰਣਜੀਤ ਸਿੰਘ ਨੂੰ ਆਪਣੇ ਆਪ ’ਤੇ ਭਰੋਸਾ ਸੀ। ਚੜ੍ਹਦੀ ਕਲਾ ਵਾਲੇ ਲੀਡਰ ਦੀ ਅਗਵਾਈ ਵਿੱਚ ਹੀ ਫੌਜਾਂ ਜਿੱਤਦੀਆਂ ਹਨ। ਅਬਦਾਲੀ ਦੇ ਪੋਤਰੇ ਨੂੰ ਅਜਿਹੀ ਹਾਰ ਹੋਈ ਕਿ ਮੁੜ ਇਸ ਪਾਸਿਉਂ ਭਾਰਤ ਉੱਤੇ ਕਿਸੇ ਦਾ ਵੀ ਹਮਲਾ ਕਰਨ ਦਾ ਹੌਸਲਾ ਨਹੀਂ ਪਿਆ।
ਕੁਝ ਸਾਲ ਪਹਿਲਾਂ ਆਈ ਏ ਐੱਸ ਵਿੱਚ ਪਹਿਲੇ ਨੰਬਰ ਉੱਤੇ ਕੇਰਲਾ ਦੀ ਇੱਕ ਕੁੜੀ ਆਈ ਸੀ। ਆਪਣੀ ਕਹਾਣੀ ਸਣਾਉਂਦਿਆਂ ਉਸਨੇ ਦੱਸਿਆ ਕਿ ਮੈਂ ਬੈਂਕ ਵਿੱਚ ਨੌਕਰੀ ਕਰਦੀ ਸੀ ਤੇ ਮੇਰੀ ਇੱਛਾ ਆਈ ਏ ਐੱਸ ਅਫਸਰ ਬਣਨ ਦੀ ਸੀ। ਤਿਆਰੀ ਕਰਕੇ ਇਮਤਿਹਾਨ ਦਿੱਤਾ ਪਰ ਫੇਲ ਹੋ ਗਈ। ਦੂਜੇ ਸਾਲ ਫਿਰ ਇਮਤਿਹਾਨ ਦਿੱਤਾ ਪਰ ਇੰਟਰਵਿਊ ਵਿੱਚ ਰਹਿ ਗਈ ਤੇ ਮੈਂ ਮੁੜ ਕੋਸ਼ਿਸ਼ ਨਾ ਕਰਨ ਦਾ ਫੈਸਲਾ ਕਰ ਲਿਆ। ਇੱਕ ਦਿਨ ਮੈਂ ਦਫਤਰ ਤੋਂ ਘਰ ਆਕੇ ਬਾਹਰ ਬੈਠੀ ਚਾਹ ਪੀ ਰਹੀ ਸੀ ਕਿ ਮੈਥੋਂ ਖੰਡ ਦੇ ਕੁਝ ਕਿਣਕੇ ਹੇਠਾਂ ਡਿਗ ਪਏ। ਉੱਥੇ ਇੱਕ ਕੀੜੀ ਆਈ। ਉਸ ਖੰਡ ਦਾ ਇੱਕ ਕਿਣਕਾ ਚੁੱਕਿਆ ਤੇ ਤੁਰ ਪਈ। ਥੋੜ੍ਹੀ ਦੂਰ ਜਾਣ ’ਤੇ ਕਿਣਕਾ ਹੇਠਾਂ ਡਿਗਿਆ ਪਰ ਕੀੜੀ ਨੇ ਮੁੜ ਚੁੱਕਿਆ। ਕਿਣਕਾ ਕਈ ਵਾਰ ਹੇਠਾਂ ਡਿਗਿਆ ਪਰ ਕੀੜੀ ਨੇ ਹਿੰਮਤ ਨਹੀਂ ਹਾਰੀ, ਆਖਰ ਆਪਣੀ ਖੁੱਡ ਵਿੱਚ ਲੈ ਗਈ। ਮੇਰੇ ਅੰਦਰੋਂ ਆਵਾਜ਼ ਆਈ, “ਮੈਂ ਐਵੇਂ ਹੌਸਲਾ ਛੱਡ ਬੈਠੀ ਹਾਂ, ਇੱਕ ਵਾਰ ਹੋਰ ਕੋਸ਼ਿਸ਼ ਕਰਾਂਗੀ। ਮੈਂ ਪੂਰੀ ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਤਿਆਰੀ ਕੀਤੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ।”
ਸਾਡੇ ਸਭਨਾਂ ਕੋਲ ਅਲਾਦੀਨ ਵਾਲਾ ਚਿਰਾਗ ਹੈ। ਇਸਦੇ ਜਿੰਨ ਤੋਂ ਜੋ ਅਸੀਂ ਮੰਗਦੇ ਹਾਂ, ਉਹ ਉਹੀਓ ਸਾਨੂੰ ਦੇਣ ਦਾ ਯਤਨ ਕਰਦਾ ਹੈ। ਜੇ ਅਸੀਂ ਆਪਣੀ ਅਸੀਮ ਸ਼ਕਤੀ ਉੱਤੇ ਭਰੋਸਾ ਰੱਖਕੇ ਦ੍ਰਿੜ੍ਹ ਇਰਾਦੇ ਨਾਲ ਯਤਨ ਕਰੀਏ, ਮੰਜ਼ਿਲ ਹਮੇਸ਼ਾ ਪ੍ਰਾਪਤ ਹੁੰਦੀ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (