“ਸੰਸਾਰ ਦੇ ਧਰਮਾਂ ਵਿੱਚ ਜਿਸ ਸਵਰਗ ਦੀ ਕਲਪਨਾ ਕੀਤੀ ਜਾਂਦੀ ਹੈ, ਉਹ ਹੋਰ ਕਿਤੇ ਵੀ ਨਹੀਂ ...”
(22 ਸਤੰਬਰ 2023)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਨੇ ਕਈ ਪੱਖਾਂ ਤੋਂ ਤਰੱਕੀ ਕੀਤੀ ਹੈ। ਸਾਡੇ ਵਿਗਿਆਨੀਆਂ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਚੰਨ ਉੱਤੇ ਪੁੱਜਣ ਵਾਲਾ ਭਾਰਤ ਸੰਸਾਰ ਦਾ ਚੌਥਾ ਦੇਸ਼ ਬਣ ਗਿਆ ਹੈ। ਜਿਹੜੇ ਪਾਸੇ ਸਾਡਾ ਯਾਨ ਪਹੁੰਚਿਆ ਹੈ, ਉੱਥੇ ਪਹਿਲਾਂ ਹੋਰ ਕੋਈ ਨਹੀਂ ਪਹੁੰਚਿਆ। ਇਹ ਵੱਡੀ ਪ੍ਰਾਪਤੀ ਹੈ ਪਰ ਸਾਰੇ ਦੇਸ਼ਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਧਰਤੀ ਦਾ ਤਾਂ ਬੁਰਾ ਹਾਲ ਕਰ ਦਿੱਤਾ ਹੈ, ਇੱਥੋਂ ਦੀ ਹਵਾ, ਪਾਣੀ ਅਤੇ ਮਿੱਟੀ ਅਸੀਂ ਪਲੀਤ ਕਰ ਦਿੱਤੀ ਹੈ। ਕੁਦਰਤੀ ਵਸੀਲਿਆਂ ਨੂੰ ਤੇਜ਼ੀ ਨਾਲ ਤਬਾਹ ਕਰ ਰਹੇ ਹਾਂ ਤੇ ਆਲਮੀ ਤਪਸ਼ ਵਿੱਚ ਵਾਧਾ ਕਰ ਲਿਆ ਹੈ। ਅਜੇ ਵੀ ਸੰਸਾਰ ਦੀ ਅੱਧੀ ਵਸੋਂ ਨੂੰ ਜੀਵਨ ਦੀਆਂ ਮੁਢਲੀਆਂ ਲੋੜਾਂ ਪ੍ਰਾਪਤ ਨਹੀਂ ਹਨ। ਅਸੀਂ ਆਪਣੇ ਘਰ ਨੂੰ ਠੀਕ ਕਰਨ ਦੀ ਥਾਂ ਚੰਨ ਵਿਚਾਰੇ ਦੀ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਸਾਡੇ ਦੇਸ਼ ਵਿੱਚ ਤਾਂ ਚੰਨ ਦੀ ਵਿਸ਼ੇਸ਼ ਮਹੱਤਤਾ ਹੈ। ਉਹ ਸਾਡੇ ਬੱਚਿਆਂ ਦਾ ਮਾਮਾ ਹੈ। ਔਰਤਾਂ ਦਾ ਵੀਰ ਹੈ ਤੇ ਸੁਹੱਪਣ ਦਾ ਪ੍ਰਤੀਕ ਹੈ।
ਇਸ ਧਰਤੀ ਦਾ ਚੈਨ ਤਾਂ ਖਤਮ ਹੋ ਰਿਹਾ ਹੈ, ਮਾਰੂ ਹਥਿਆਰਾਂ ਨਾਲ ਸਾਰੇ ਦੇਸ਼ਾਂ ਦੇ ਜਖੀਰੇ ਭਰੇ ਪਏ ਹਨ ਪਰ ਹੁਣ ਅਸੀਂ ਦੂਜੇ ਗ੍ਰਹਿ ਦੀ ਵੀ ਮਿੱਟੀ ਪਲੀਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਉੱਥੇ ਜੀਵਨ ਹੋਣਾ ਨਹੀਂ ਹੈ, ਜੇਕਰ ਹੋਇਆ ਤਾਂ ਅਸੀਂ ੳੇਥੇ ਪੁੱਜ ਕੇ ਉਨ੍ਹਾਂ ਦਾ ਚੈਨ ਵੀ ਖਰਾਬ ਕਰ ਦੇਣਾ ਹੈ। ਜਿਹੜਾ ਧਨ ਚੰਨ ਉੱਤੇ ਪੁੱਜਣ ਲਈ ਵਰਤਿਆ ਜਾ ਰਿਹਾ ਹੈ, ਉਸ ਨਾਲ ਇਸ ਸੰਸਾਰ ਵਿੱਚੋਂ ਭੁੱਖ ਅਤੇ ਗਰੀਬੀ ਦੂਰ ਕੀਤੀ ਜਾ ਸਕਦੀ ਸੀ। ਸਾਡੇ ਆਪਣੇ ਦੇਸ਼ ਵਿੱਚ ਲੋਕਾਂ ਦੀ ਭੁੱਖ ਮਿਟਾਉਣ ਲਈ ਸਰਕਾਰ ਵੱਲੋਂ 80 ਕਰੋੜ ਲੋਕਾਂ ਨੂੰ ਮੁਫ਼ਤ ਆਟਾ-ਦਾਲ ਦਿੱਤੇ ਜਾ ਰਹੇ ਹਨ। ਸਾਡੇ ਕੋਲ ਸੰਸਾਰ ਦੇ ਕਿਸੇ ਹੋਰ ਦੇਸ਼ ਦੇ ਮੁਕਾਬਲੇ ਵੱਧ ਯੁਵਾ ਸ਼ਕਤੀ ਹੈ। ਪਰ ਇਹ ਵੀ ਸੱਚ ਹੈ ਕਿ ਇਨ੍ਹਾਂ ਵਿੱਚ ਘੱਟੋ ਘੱਟ ਅੱਧੇ ਅਨਪੜ੍ਹ ਅਤੇ ਬੇਰੁਜ਼ਗਾਰ ਹਨ। ਉਨ੍ਹਾਂ ਦੇ ਪੱਲੇ ਕੋਈ ਹੁਨਰ ਵੀ ਨਹੀਂ ਹੈ ਜਿਸ ਸਦਕਾ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ। ਅਜਿਹੇ ਨੌਜਵਾਨਾਂ ਵਿੱਚ ਬੇਚੈਨੀ ਵਧਦੀ ਹੈ। ਉਹ ਜਾਂ ਨਸ਼ਿਆਂ ਦੀ ਵਰਤੋਂ ਕਰਦੇ ਹਨ, ਅਪਰਾਧੀ ਰਾਹ ਚੁਣਦੇ ਹਨ ਜਾਂ ਬੇਚੈਨੀ ਵਿੱਚ ਆਪਣੇ ਆਪ ਨੂੰ ਹੀ ਖਤਮ ਕਰ ਲੈਂਦੇ ਹਨ।
ਚੰਨ ਉੱਤੇ ਜਾਣ ਦੀ ਇਹ ਦੌੜ ਸੰਸਾਰ ਦੇ ਕੁਝ ਵੱਡੇ ਦੇਸ਼ਾਂ ਵੱਲੋਂ ਆਪਣੇ ਆਪ ਨੂੰ ਮਹਾਂਸ਼ਕਤੀ ਸਿੱਧ ਕਰਨ ਲਈ ਲਗਾਈ ਜਾ ਰਹੀ ਹੈ। ਅਮਰੀਕਾ, ਰੂਸ ਅਤੇ ਚੀਨ ਪਹਿਲਾਂ ਹੀ ਚੰਨ ਦੀ ਮਿੱਟੀ ਪੁੱਟ ਚੁੱਕੇ ਹਨ, ਹੁਣ ਭਾਰਤ ਵੀ ਇਸੇ ਦੌੜ ਵਿੱਚ ਸ਼ਾਮਿਲ ਹੋ ਗਿਆ ਹੈ। ਅਗਲੇ ਕੁਝ ਸਾਲਾਂ ਵਿੱਚ ਭਾਰਤ ਸੰਸਾਰ ਦੀ ਤੀਜੀ ਮਹਾਂਸਕਤੀ ਬਣਨ ਦੇ ਸੁਪਨੇ ਵੇਖ ਰਿਹਾ ਹੈ। ਉਹ ਅਮਰੀਕਾ ਨੂੰ ਵੀ ਪਿੱਛੇ ਛੱਡ ਕੇ ਚੀਨ ਦਾ ਮੁਕਾਬਲਾ ਕਰਨ ਦਾ ਯਤਨ ਕਰ ਰਿਹਾ ਹੈ। ਇਨ੍ਹਾਂ ਚਾਰੇ ਦੇਸ਼ਾਂ ਕੋਲ ਐਟਮੀ ਬੰਬ ਵਰਗੇ ਮਾਰੂ ਹਥਿਆਰਾਂ ਦਾ ਵੀ ਭੰਡਾਰ ਹੈ। ਜੇਕਰ ਕਿਤੇ ਉਸ ਭੰਡਾਰ ਨੂੰ ਪਲੀਤਾ ਲੱਗ ਜਾਵੇ ਤਾਂ ਸਾਡਾ ਸਾਰਾ ਸੰਸਾਰ ਤਬਾਹ ਹੋ ਜਾਵੇਗਾ ਤੇ ਮੁੜ ਸਦੀਆਂ ਤਕ ਇੱਥੇ ਜੀਵਨ ਖਤਮ ਹੋ ਜਾਵੇਗਾ। ਹਊਮੈਂ ਹੀ ਸੰਸਾਰ ਵਿੱਚ ਸਾਰੀਆਂ ਲੜਾਈਆਂ ਨੂੰ ਜਨਮ ਦਿੰਦੀ ਹੈ। ਅਮਰੀਕਾ ਇਸ ਖੇਡ ਵਿੱਚ ਹੁਣ ਤਕ ਮੋਹਰੀ ਰਿਹਾ ਹੈ। ਦੋਵੇਂ ਸੰਸਾਰ ਯੁੱਧ, ਵੀਅਤਨਾਮ, ਅਫ਼ਗਾਨਿਸਤਾਨ, ਇਰਾਕ ਤੇ ਹੁਣ ਰੂਸ-ਯੁਕਰੇਨ ਯੁੱਧ ਇਸ ਦੀਆਂ ਮਿਸਾਲਾਂ ਹਨ। ਯੋਰੋਪ ਅਤੇ ਅਮਰੀਕਾ ਦਾ ਮੁੱਖ ਕਾਰੋਬਾਰ ਤਾਂ ਹਥਿਆਰਾਂ ਦੀ ਵਿਕਰੀ ਉੱਤੇ ਹੀ ਨਿਰਭਰ ਕਰਦਾ ਹੈ। ਅਮਰੀਕਾ ਅਤੇ ਭਾਰਤ ਆਪਣੇ ਆਪ ਨੂੰ ਸੰਸਾਰ ਦੇ ਵੱਡੇ ਲੋਕਰਾਜ ਸਮਝਦੇ ਹਨ। ਜਿੱਥੇ ਲੋਕਰਾਜ ਹੈ, ਉੱਥੇ ਲੋਕ ਤਾਂ ਕਦੇ ਨਹੀਂ ਚਾਹੁਣਗੇ ਕਿ ਕਿਸੇ ਉੱਤੇ ਯੁੱਧ ਨੂੰ ਥੋਪਿਆ ਜਾਵੇ ਜਾਂ ਕਿਸੇ ਦੂਸਰੇ ਗ੍ਰਹਿ ਦੀ ਮਿੱਟੀ ਪਲੀਤ ਕੀਤੀ ਜਾਵੇ। ਰੂਸ ਅਤੇ ਚੀਨ ਆਪਣੇ ਆਪ ਨੂੰ ਸਮਾਜਵਾਦੀ ਮੰਨਦੇ ਹਨ। ਇੱਥੇ ਵੀ ਲੋਕਾਂ ਦੀ ਹੀ ਚੌਧਰ ਹੋਣੀ ਚਾਹੀਦੀ ਹੈ। ਫਿਰ ਇਹ ਦੇਸ਼ ਸੰਸਾਰ ਵਿੱਚੋਂ ਊਚ-ਨੀਚ ਦੇ ਫ਼ਰਕ ਨੂੰ ਮੇਟਣ ਦੀ ਥਾਂ ਇੱਕ ਦੂਜੇ ਨੂੰ ਮੇਟਣ ਦਾ ਯਤਨ ਕਿਉਂ ਕਰਦੇ ਹਨ? ਸੰਸਾਰ ਵਿੱਚ ਲਗਭਗ ਸਾਰੀਆਂ ਹੀ ਲੜਾਈਆਂ ਕਿਸੇ ਮੁੱਦੇ ਕਰਕੇ ਨਹੀਂ, ਸਗੋਂ ਆਪੋ ਆਪਣੀ ਹਊਮੈਂ ਨੂੰ ਪੱਠੇ ਪਾਉਣ ਅਤੇ ਆਪਣੀ ਚੌਧਰ ਸਥਾਪਿਤ ਕਰਨ ਲਈ ਹੀ ਹੁੰਦੀਆਂ ਹਨ। ਕਿਸੇ ਵੀ ਦੇਸ਼ ਦੇ ਲੋਕ ਨਹੀਂ ਚਾਹੁੰਦੇ ਕਿ ਜੰਗ ਹੋਵੇ ਕਿਉਂਕਿ ਇਸਦੀ ਸਜ਼ਾ ਤਾਂ ਬੇਕਸੂਰ ਲੋਕਾਂ ਨੂੰ ਹੀ ਭੁਗਤਣੀ ਪੈਂਦੀ ਹੈ। ਜਿਹੜੇ ਲੋਕ ਮਰਦੇ ਹਨ, ਉਨ੍ਹਾਂ ਤਾਂ ਕੋਈ ਗੁਨਾਹ ਨਹੀਂ ਕੀਤਾ ਹੁੰਦਾ, ਉਹ ਬੇਕਸੂਰੇ ਮਰਦੇ ਹਨ ਅਤੇ ਲੀਡਰ ਰਾਜ ਕਰਦੇ ਹਨ। ਇਹ ਲੀਡਰ ਪੁਰਾਣੇ ਜ਼ਮਾਨੇ ਦੇ ਰਾਜਿਆਂ ਮਹਾਰਾਜਿਆਂ ਤੋਂ ਕਿਤੇ ਵੱਧ ਸਹੂਲਤਾਂ ਨਾਲ ਲੋਕਾਂ ਉੱਤੇ ਰਾਜ ਕਰਦੇ ਹਨ। ਜਦੋਂ ਲੋਕਾਂ ਨੂੰ ਕੋਈ ਸਹੂਲਤ ਜਾਂ ਰਿਆਇਤ ਦਿੰਦੇ ਹਨ ਤਾਂ ਅਜਿਹਾ ਵਿਖਾਵਾ ਅਤੇ ਪ੍ਰਚਾਰ ਕਰਦੇ ਹਨ ਜਿਵੇਂ ਕੋਈ ਵੱਡਾ ਉਪਕਾਰ ਕਰ ਰਹੇ ਹੋਣ। ਉਹ ਇਹ ਯਾਦ ਨਹੀਂ ਰੱਖਦੇ ਕਿ ਇਹ ਸਾਰਾ ਕੁਝ ਲੋਕਾਂ ਵੱਲੋਂ ਦਿੱਤੇ ਪੈਸੇ ਕਰਕੇ ਹੀ ਹੈ, ਉਹ ਤਾਂ ਸਗੋਂ ਉਹ ਆਪ ਲੋਕਾਂ ਦੇ ਪਸੀਨੇ ਦੀ ਕਮਾਈ ਉੱਤੇ ਐਸ਼ ਕਰਦੇ ਹਨ।
ਚੰਦ ਸਾਰੇ ਸੰਸਾਰ ਦੇ ਲੋਕਾਂ ਦਾ ਪਿਆਰਾ ਅਤੇ ਦੁਲਾਰਾ ਹੈ, ਸਾਰੇ ਹੀ ਉਸ ਨੂੰ ਪਿਆਰ ਕਰਦੇ ਹਨ ਅਤੇ ਚਾਨਣੀਆਂ ਰਾਤਾਂ ਦਾ ਨਿੱਘ ਮਾਨਣ ਲਈ ਉਡੀਕ ਕਰਦੇ ਹਨ। ਸਾਡੇ ਦੇਸ਼ ਦੇ ਤਾਂ ਸਾਰੇ ਤਿਉਹਾਰ ਅਤੇ ਧਾਰਮਿਕ ਦਿਵਸ ਚੰਦ ਉੱਤੇ ਨਿਰਭਰ ਕਰਦੇ ਹਨ। ਮੱਸਿਆ, ਪੂਰਨਮਾਸ਼ੀ, ਦਸਵੀਂ, ਨੌਂਵੀਂ, ਅੱਠਵੀਂ, ਪੰਜਵੀਂ ਆਦਿ ਚੰਨ ਦੇ ਮੱਸਿਆ ਤੋਂ ਪੂਰਨਮਾਸ਼ੀ ਵਲ ਜਾਣ ਦੇ ਹੀ ਦਿਨ ਹਨ। ਜਿਹੜੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਅਨੁਸਾਰ ਚੰਦਰਮਾ ਇੱਕ ਬੰਜਰ ਧਰਤੀ ਹੈ। ਉਸ ਉੱਤੇ ਟੋਏ ਵੀ ਪਏ ਹੋਏ ਹਨ। ਇਹ ਦੇਖ ਮੁੱਢ ਕਦੀਮ ਤੋਂ ਕੀਤੀ ਜਾ ਰਹੀ ਚੰਦਰਮਾ ਦੀ ਸੁੰਦਰਤਾ ਦੀ ਕਲਪਨਾ ਦਾ ਕੀ ਬਣੇਗਾ।
ਅਸੀਂ ਤਾਂ ਪਹਿਲਾਂ ਹੀ ਕੁਦਰਤ ਤੋਂ ਦੂਰ ਹੋ ਰਹੇ ਹਾਂ। ਸਾਨੂੰ ਰੁੱਖਾਂ, ਪਾਣੀ, ਹਵਾ ਆਦਿ ਨਾਲ ਕੋਈ ਲਗਾਵ ਨਹੀਂ ਰਹਿ ਗਿਆ। ਜਦੋਂ ਤਕ ਰੁੱਖ, ਪਾਣੀ, ਹਵਾ, ਧਰਤੀ ਦੀ ਪੂਜਾ ਹੁੰਦੀ ਸੀ ਉਦੋਂ ਉਨ੍ਹਾਂ ਦੇ ਰੱਖ ਰਖਾਵ ਵਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਸੀ, ਜਦੋਂ ਤੋਂ ਉਨ੍ਹਾਂ ਨੂੰ ਦੇਵਤੇ ਮੰਨਣ ਦੀ ਥਾਂ ਵਸਤਾਂ ਬਣਾ ਦਿੱਤਾ ਗਿਆ ਹੈ ਤਾਂ ਇਨ੍ਹਾਂ ਦੀ ਬੇਰਹਿਮੀ ਨਾਲ ਵਰਤੋਂ ਹੋਣ ਲੱਗ ਪਈ ਹੈ। ਰੁੱਖਾਂ ਨੂੰ ਬੇਦਰਦੀ ਨਾਲ ਕੱਟਿਆ ਜਾ ਰਿਹਾ ਹੈ। ਹਵਾ ਪਾਣੀ ਅਤੇ ਧਰਤੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਆਪਣੇ ਸੁਖ ਆਰਾਮ ਲਈ ਇਨ੍ਹਾਂ ਦਾ ਘਾਣ ਹੀ ਨਹੀਂ ਕੀਤਾ ਸਗੋਂ ਆਲਮੀ ਤਪਸ਼ ਵਿੱਚ ਵੀ ਵਾਧਾ ਕੀਤਾ ਹੈ। ਕੁਦਰਤ ਨਾਲ ਕੀਤੇ ਜਾ ਰਹੇ ਇਸ ਖਿਲਵਾੜ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਇਹੋ ਕੁਝ ਅਸੀਂ ਚੰਦਰਮਾ ਨਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਚੰਦਰਮਾ ਦੀ ਯਾਤਰਾ ਨਾਲ ਪਤਾ ਲੱਗ ਸਕੇਗਾ ਕਿ ਉੱਥੇ ਕੋਈ ਜੀਵਨ ਧੜਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਮਨੁੱਖ ਦਾ ਉੱਥੇ ਰਹਿਣਾ ਸੰਭਵ ਹੋ ਸਕੇਗਾ। ਅਸੀਂ ਆਪਣੀ ਧਰਤੀ ਦਾ ਤਾਂ ਸਤਿਆਨਾਸ ਕਰ ਦਿੱਤਾ ਹੈ ਹੁਣ ਚੰਦਰਮਾ ਦਾ ਵੀ ਬੁਰਾ ਹਾਲ ਕਰਨਾ ਲੋੜਦੇ ਹਾਂ।
ਚੰਦਰਮਾ ਦੀ ਵੱਧ ਤੋਂ ਵੱਧ ਧਰਤੀ ਉੱਤੇ ਕਬਜ਼ਾ ਕਰਨ ਲਈ ਮਹਾਂਸ਼ਕਤੀਆਂ ਦਾ ਆਪਸ ਵਿੱਚ ਝਗੜਾ ਵੀ ਹੋ ਸਕਦਾ ਹੈ। ਭਾਰਤ ਨੇ ਤਾਂ ਜਿੱਥੇ ਉਸ ਦਾ ਯਾਨ ਉਤਾਰਿਆ, ਉਸ ਉੱਤੇ ਆਪਣਾ ਹੱਕ ਸਿੱਧ ਕਰਨ ਲਈ ਉਸ ਦਾ ਨਾਮ ਵੀ ਰੱਖ ਦਿੱਤਾ ਹੈ। ਦੂਜਾ ਲਾਭ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਚੰਦਰਮਾ ਦੀ ਧਰਤੀ ਵਿੱਚ ਕੀਮਤੀ ਖਣਿਜ ਪਦਾਰਥ ਹੋਏ ਤਾਂ ਉਨ੍ਹਾਂ ਨੂੰ ਇਸ ਧਰਤੀ ਉੱਤੇ ਲਿਆਂਦਾ ਜਾ ਸਕਦਾ ਹੈ। ਪਹਿਲਾਂ ਤਾਂ ਕਿਸੇ ਕੀਮਤੀ ਧਾਤ ਦਾ ਉੱਥੇ ਹੋਣਾ ਸੰਭਵ ਨਹੀਂ ਜਾਪਦਾ ਪਰ ਜੇਕਰ ਹੋਇਆ ਵੀ ਤਾਂ ਮੁਕਾਬਲੇ ਵਿੱਚ ਦੇਸ਼ ਚੰਦਰਮਾ ਦੀ ਮਿੱਟੀ ਪੁੱਟਣੀ ਸ਼ੁਰੂ ਕਰ ਦੇਣਗੇ। ਉੱਥੋਂ ਖਣਿਜ ਲੈ ਕੇ ਆਉਣਾ ਚੋਖਾ ਮਹਿੰਗਾ ਪਵੇਗਾ। ਸਾਡੀ ਧਰਤੀ ਦੀ ਜ਼ਹਿਰਲੀਆਂ ਗੈਸਾਂ ਤੋਂ ਰਾਖੀ ਇਸਦੇ ਚੌਗਿਰਦੇ ਫੈਲੀ ਉਜ਼ੋਨ ਪਰਤ ਕਰਦੀ ਹੈ। ਜਦੋਂ ਬਹੁਤ ਸਾਰੇ ਰਾਕਟ ਉਸ ਪਰਤ ਨੂੰ ਤੋੜ ਅੱਗੇ ਜਾਣਗੇ ਤਾਂ ਇਸ ਵਿੱਚ ਵਿਗਾੜ ਆ ਸਕਦਾ ਹੈ। ਇਸ ਵਿਗਾੜ ਨਾਲ ਧਰਤੀ ਦਾ ਵਿਨਾਸ਼ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਚੰਦਰਮਾ ਦੀ ਮਿੱਟੀ ਪੁੱਟਦਿਆਂ ਵੱਡੀਆਂ ਚਟਾਨਾਂ ਦਾ ਸਾਹਮਣਾ ਕਰਨਾ ਪਵੇ ਤੇ ਉਨ੍ਹਾਂ ਨੂੰ ਖਿਸਕਾਉਂਦਿਆਂ ਉਹ ਹੇਠਾਂ ਵੀ ਡਿਗ ਸਕਦੀਆਂ ਹਨ। ਸਾਡੀ ਧਰਤੀ ਅਤੇ ਹੋਰ ਗ੍ਰਹਿਆਂ ਨਾਲ ਟਕਰਾ ਕੇ ਚੋਖਾ ਨੁਕਸਾਨ ਕਰ ਸਕਦੀਆਂ ਹਨ। ਚੰਦਰਮਾ ਉੱਤੇ ਹੋਣ ਵਾਲੀ ਭਾਰੀ ਹਿਲਜੁਲ ਨਾਲ ਉਸ ਦੀ ਚਾਲ ਵਿੱਚ ਫਰਕ ਵੀ ਪੈ ਸਕਦਾ ਹੈ ਜਿਸ ਨਾਲ ਸਾਡੇ ਸੰਸਾਰ ਦਾ ਵਿਨਾਸ਼ ਹੋਣਾ ਜ਼ਰੂਰੀ ਹੋ ਜਾਵੇਗਾ।
ਲੋੜ ਹੈ ਕਿ ਚੰਦਰਮਾ ਤੇ ਹੋਰ ਗ੍ਰਹਿਆਂ ਦਾ ਖਹਿੜਾ ਛੱਡਿਆ ਜਾਵੇ। ਹੱਦੋਂ ਵੱਧ ਕੁਦਰਤ ਨਾਲ ਕੀਤਾ ਖਿਲਵਾੜ ਹਮੇਸ਼ਾ ਘਾਤਕ ਸਿੱਧ ਹੁੰਦਾ ਹੈ। ਦੂਜੀਆਂ ਧਰਤੀਆਂ ਉੱਤੇ ਕਬਜ਼ੇ ਕਰਨ ਦੀ ਸੋਚ ਨੂੰ ਤਿਆਗ ਕੇ ਇਸੇ ਧਰਤੀ ਨੂੰ ਸ਼ਿੰਗਾਰਨ ਦਾ ਯਤਨ ਕਰੀਏ। ਜਿੰਨਾ ਪੈਸਾ ਅਤੇ ਵਸੀਲੇ ਚੰਦਰਮਾ ਉੱਤੇ ਪੁੱਜਣ ਲਈ ਵਰਤੇ ਜਾ ਰਹੇ ਹਨ, ਉਨ੍ਹਾਂ ਨਾਲ ਇਸ ਧਰਤੀ ਨੂੰ ਸਵਰਗ ਬਣਾਇਆ ਜਾ ਸਕਦਾ ਹੈ।
ਸੰਸਾਰ ਦੇ ਧਰਮਾਂ ਵਿੱਚ ਜਿਸ ਸਵਰਗ ਦੀ ਕਲਪਨਾ ਕੀਤੀ ਜਾਂਦੀ ਹੈ, ਉਹ ਹੋਰ ਕਿਤੇ ਵੀ ਨਹੀਂ ਹੈ, ਸਗੋਂ ਸਾਡੀ ਧਰਤੀ ਉੱਤੇ ਕੁਦਰਤ ਨੇ ਇੰਨੇ ਵਸੀਲੇ ਦਿੱਤੇ ਹਨ ਕਿ ਇਸੇ ਧਰਤੀ ਨੂੰ ਸਵਰਗ ਰੂਪ ਦਿੱਤਾ ਜਾ ਸਕਦਾ ਹੈ। ਹੁਣ ਸੰਸਾਰ ਦੀ ਅੱਧੀ ਵਸੋਂ ਮੁਢਲੀਆਂ ਲੋੜਾਂ ਤੋਂ ਸੱਖਣੀ ਹੈ ਅਤੇ ਇਸ ਵਿੱਚੋਂ ਅੱਧੀ ਵਸੋਂ ਭਾਰਤ ਵਿੱਚ ਹੈ। ਦੇਸ਼ ਵਿੱਚ ਅੰਮ੍ਰਿਤ ਕਾਲ ਚੱਲ ਰਿਹਾ ਹੈ। ਅਜ਼ਾਦੀ ਦੀ ਸ਼ਤਾਬਦੀ ਵਾਲੇ ਵਰ੍ਹੇ ਤਕ ਮੋਦੀ ਜੀ ਇਸ ਦੇਸ਼ ਨੂੰ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਾਉਣ ਦੇ ਸੁਪਨੇ ਦੇਖ ਰਹੇ ਹਨ। ਇਹ ਸੁਪਨੇ ਸੱਚ ਹੋ ਸਕਦੇ ਹਨ ਜੇਕਰ ਪੁਲਾੜ ਦੀ ਖੋਜ ਨੂੰ ਕੁਝ ਸਮੇਂ ਲਈ ਰੋਕ ਉਨ੍ਹਾਂ ਵਸੀਲਿਆਂ ਦੀ ਵਰਤੋਂ ਦੇਸ਼ ਵਾਸੀਆਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਕੀਤੀ ਜਾਵੇ। ਜਦੋਂ ਦੇਸ਼ ਵਿੱਚੋਂ ਗਰੀਬੀ ਦੂਰ ਹੋ ਗਈ, ਸਭਨਾਂ ਨੂੰ ਰੁਜ਼ਗਾਰ ਮਿਲ ਗਿਆ ਅਤੇ ਸਾਰਿਆਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋ ਗਈਆਂ ਤਾਂ ਭਾਰਤ ਸੱਚਮੁੱਚ ਮਹਾਨ ਦੇਸ਼ ਬਣ ਜਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4239)
(ਸਰੋਕਾਰ ਨਾਲ ਸੰਪਰਕ ਲਈ: (