“ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ...”
(5 ਅਗਸਤ 2024)
ਵਾਤਾਵਰਣ ਵਿੱਚ ਵਧ ਰਹੀ ਤਪਸ਼ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਲੰਬੇ ਸਮੇਂ ਲਈ ਠੰਢ, ਕਈ ਦਿਨ ਧੁੰਦ, ਮੁੜ ਇਕਦਮ ਗਰਮੀ ਵਿੱਚ ਵਾਧਾ, ਪਾਰੇ ਦਾ 47 ਨੂੰ ਪਾਰ ਕਰ ਜਾਣਾ ਖਤਰੇ ਦੀ ਘੰਟੀ ਹੈ। ਇਸਦੇ ਨੁਕਸਾਨ ਪ੍ਰਤਖ ਨਜ਼ਰ ਆ ਰਹੇ ਹਨ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵੱਧ ਹਰਜਾਨਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਵਾਰ ਕਣਕ ਦੀ ਪੈਦਾਵਾਰ ਤਕਰੀਬਨ 20% ਘਟ ਗਈ। ਵਧ ਰਹੀ ਅਬਾਦੀ ਨੂੰ ਵੇਖ ਇਹ ਘਾਟ ਫਿਕਰਮੰਦੀ ਵਾਲੀ ਹੈ। ਇਸ ਵਾਰ ਪਈ ਗਰਮੀ ਨਾਲ ਕਈ ਰੁੱਖ ਸੁੱਕ ਗਏ ਹਨ। ਸਭ ਤੋਂ ਵੱਧ ਅਸਰ ਨਿੰਮ ਉੱਤੇ ਪਿਆ ਹੈ। ਘਰਾਂ, ਖੇਤਾਂ ਜਾਂ ਸੜਕਾਂ ਕੰਢੇ ਸੁੱਕੇ ਰੁੱਖ ਆਮ ਨਜ਼ਰ ਆ ਰਹੇ ਹਨ। ਇਨ੍ਹਾਂ ਦੇ ਸੋਕੇ ਦਾ ਕਾਰਨ ਕੋਈ ਬਿਮਾਰੀ ਨਹੀਂ ਹੈ, ਸਗੋਂ ਗਰਮੀ ਵਿੱਚ ਹੋਇਆ ਵਾਧਾ ਹੈ। ਵਧ ਰਹੀ ਤਪਸ਼ ਲਈ ਸਭ ਤੋਂ ਵੱਧ ਜ਼ਿੰਮੇਵਾਰ ਗਰੀਨ ਹਾਊਸ ਗੈਸਾਂ ਹਨ। ਸਾਡੇ ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਗੱਡੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ ਜਿਸ ਕੋਲ ਕੋਈ ਨਾ ਕੋਈ ਵਾਹਨ ਨਾ ਹੋਵੇ। ਗੱਡੀਆਂ ਦਾ ਧੂੰਆਂ ਅਤੇ ਅੰਦਰ ਲੱਗੇ ਏਸੀ ਤਪਸ਼ ਵਿੱਚ ਵਾਧਾ ਕਰਦੇ ਹਨ। ਹੁਣ ਬਹੁਤ ਸਾਰੇ ਘਰਾਂ, ਦਫਤਰਾਂ, ਦੁਕਾਨਾਂ, ਫੈਕਟਰੀਆਂ ਆਦਿ ਵਿੱਚ ਏਸੀ ਲੱਗ ਗਏ ਹਨ। ਫਰਿੱਜ ਵੀ ਹਰੇਕ ਘਰ ਵਿੱਚ ਹੈ। ਇਹ ਅੰਦਰ ਤਾਂ ਠੰਢਾ ਕਰਦੇ ਹਨ ਪਰ ਬਾਹਰ ਗਰਮ ਹਵਾ ਕੱਢਦੇ ਹਨ। ਧੂੰਆਂ ਛਡਣ ਵਾਲੇ ਕਾਰਖਾਨੇ ਵੀ ਆਪਣਾ ਯੋਗਦਾਨ ਪਾਉਂਦੇ ਹਨ।
ਰੁੱਖ ਸਾਡੀ ਧਰਤੀ ਉੱਤੇ ਛਤਰੀ ਦਾ ਕੰਮ ਕਰਦੇ ਹਨ ਤੇ ਤਪਸ਼ ਨੂੰ ਧਰਤੀ ਤਕ ਪਹੁੰਚਣ ਤੋਂ ਰੋਕਦੇ ਹਨ। ਪਰ ਅਸੀਂ ਬੇਰਹਿਮੀ ਨਾਲ ਰੁੱਖਾਂ ਦਾ ਕਤਲ ਕੀਤਾ ਹੈ। ਪੰਜਾਬ ਵਿੱਚ ਜੰਗਲ ਤਾਂ ਹੈ ਹੀ ਨਹੀਂ, ਰੁੱਖ ਵੀ ਟਾਵਾਂ ਟਾਵਾਂ ਨਜ਼ਰ ਆਉਂਦਾ ਹੈ। ਸੂਬੇ ਵਿੱਚ ਹੋਈ ਮੁਰੱਬੇਬੰਦੀ ਨਾਲ ਸੜਕਾਂ ਸਿੱਧੀਆਂ ਹੋਈਆਂ, ਕਿਸਾਨਾਂ ਦੀ ਜ਼ਮੀਨ ਇੱਕ ਥਾਂ ਇਕੱਠੀ ਹੋਈ, ਸਾਂਝੇ ਕੰਮਾਂ ਲਈ ਜ਼ਮੀਨ ਛੱਡੀ ਗਈ। ਪਰ ਖੇਤਾਂ ਦੀ ਅਦਲਾ ਬਲਦੀ ਸਮੇਂ ਕਿਸਾਨਾਂ ਨੇ ਆਪੋ ਆਪਣੇ ਰੁੱਖਾਂ ਨੂੰ ਕੱਟ ਲਿਆ। ਹਰੇਕ ਪਿੰਡ ਦੀ ਝਿੜੀ ਹੁੰਦੀ ਸੀ। ਖਾਲੀ ਥਾਵਾਂ ਉੱਤੇ ਰੁੱਖ ਆਮ ਹੀ ਹੁੰਦੇ ਸਨ। ਸਾਡੇ ਪਿੰਡਾਂ ਵਿੱਚ ਢੱਕ ਦੇ ਰੁੱਖ ਖਾਲਿਆਂ ਦੇ ਨਾਲ ਆਮ ਹੀ ਹੁੰਦੇ ਸਨ। ਉਨ੍ਹਾਂ ਦੇ ਖਿੜੇ ਲਾਲ ਫੁੱਲ ਇੰਝ ਜਾਪਦਾ ਸੀ ਜਿਵੇਂ ਸੂਰਜ ਦੀ ਲਾਲੀ ਧਰਤੀ ਉੱਤੇ ਉੱਤਰ ਆਈ ਹੋਵੇ। ਸਿੰਚਾਈ ਸਹੂਲਤਾਂ ਵਿੱਚ ਹੋਏ ਵਾਧੇ ਨਾਲ ਕਿਸਾਨ ਦੀ ਲਾਲਸਾ ਵੱਧ ਤੋਂ ਵੱਧ ਧਰਤੀ ਉੱਤੇ ਖੇਤੀ ਕਰਨ ਦੀ ਹੋ ਗਈ ਤੇ ਸਾਰੇ ਰੁੱਖ ਕੱਟੇ ਗਏ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਰਕਾਰ ਨੇ ਸੜਕਾਂ ਕੰਢੇ ਰੁੱਖ ਲਗਾਏ ਸਨ ਪਰ ਸੜਕਾਂ ਨੂੰ ਚੌੜਾ ਕਰਨ ਦੇ ਪ੍ਰੋਗਰਾਮ ਅਧੀਨ ਇਹ ਰੁੱਖ ਵੀ ਕੱਟੇ ਗਏ। ਠੰਢੀਆਂ ਸੜਕਾਂ ਤਪਣ ਲੱਗ ਪਈਆਂ ਹਨ। ਪੰਜਾਬ ਵਿੱਚ ਹੁਣ ਵਣ ਮਹਾਉਤਸਤ ਮੌਕੇ ਲੱਖਾਂ ਨਵੇਂ ਬੂਟੇ ਲਗਾਏ ਜਾਂਦੇ ਹਨ ਪਰ ਸੂਬੇ ਵਿੱਚ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਇਸ ਨਾਲ ਤਪਸ਼ ਵਿੱਚ ਹੋਏ ਵਾਧੇ ਕਾਰਨ ਸਰਕਾਰ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇੱਕ ਦੂਜੇ ਦੇ ਮੁਕਾਬਲੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜੂਨ ਵਿੱਚ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਮੌਕੇ ਲੱਖਾਂ ਬੂਟੇ ਲਗਾਏ ਗਏ। ਗਰਮੀ ਇੰਨੀ ਸੀ ਕਿ ਸ਼ਾਇਦ ਹੀ ਕੋਈ ਜਿਊਂਦਾ ਰਿਹਾ ਹੋਵੇਗਾ। ਹੁਣ ਵੀ ਹਰ ਪਾਸੇ ਵਾਤਾਵਰਣ ਪ੍ਰੇਮੀ ਬੂਟੇ ਚੁੱਕੀ ਨਜ਼ਰ ਆ ਰਹੇ ਹਨ। ਉਹ ਜਿੱਥੇ ਵੀ ਖਾਲੀ ਥਾਂ ਵੇਖਦੇ ਹਨ ਅਤੇ ਜਿਹੜਾ ਵੀ ਬੂਟਾ ਮਿਲ ਜਾਵੇ, ਖੁਰਪੇ ਨਾਲ ਛੋਟਾ ਜਿਹਾ ਟੋਇਆ ਪੁੱਟ ਕੇ ਬੂਟਾ ਗੱਡ ਦਿੰਦੇ ਹਨ। ਕਈ ਤਾਂ ਪਾਣੀ ਪਾਉਣ ਦਾ ਵੀ ਕਸ਼ਟ ਨਹੀਂ ਕਰਦੇ। ਕੀ ਇਹ ਬੂਟੇ ਰੁੱਖ ਬਣ ਸਕਣਗੇ? ਇਹ ਪ੍ਰਸ਼ਨ ਬਹੁਤ ਗੰਭੀਰ ਹੈ। ਜਦੋਂ ਤਕ ਬੂਟਿਆਂ ਦੀ ਚੋਣ, ਲਗਾਉਣ ਦਾ ਢੰਗ ਅਤੇ ਦੇਖਭਾਲ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ, ਇਸ ਮੁਹਿੰਮ ਦਾ ਸਫ਼ਲ ਹੋਣਾ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ।
ਇੱਥੇ ਪਾਠਕਾਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਯੋਜਨਾ ਬਾਰੇ ਦੱਸਣਾ ਜ਼ਰੂਰੀ ਹੋ ਜਾਂਦਾ ਹੈ, ਜਿਸ ਅਧੀਨ ਬੂਟਿਆਂ ਦੀ ਸਫਲਤਾ ਯਕੀਨੀ ਹੋ ਜਾਵੇਗੀ। ਪੀ ਏ ਯੂ ਦਾ ਇਹ ਮਾਡਲ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਆਪਣੇ ਮਿਸ਼ਨ ਦੀ ਸਫ਼ਲਤਾ ਲਈ ਅਪਣਾਉਣਾ ਚਾਹੀਦਾ ਹੈ। ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਵਿਦਿਆਰਥੀ ਇਸ ਯੂਨੀਵਰਸਿਟੀ ਵਿੱਚ ਦਾਖਲਾ ਲਵੇਗਾ, ਉਹ ਇੱਕ ਰੁੱਖ ਲਗਾਵੇਗਾ। ਜਿੰਨਾ ਸਮਾਂ ਉਹ ਇੱਥੇ ਰਹੇਗਾ ਉਸ ਰੁੱਖ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸੇ ਵਿਦਿਆਰਥੀ ਦੀ ਹੋਵੇਗੀ। ਸਮੇਂ ਸਿਰ ਪਾਣੀ ਦੇਣਾ, ਨਦੀਨਾਂ ਦੀ ਰੋਕਥਾਮ, ਕਿਸੇ ਕੀੜੇ ਜਾਂ ਬਿਮਾਰੀ ਦੇ ਹਮਲੇ ਸਮੇਂ ਸੰਬੰਧਿਤ ਵਿਭਾਗ ਦੀ ਸਹਾਇਤਾ ਨਾਲ ਰੋਕਥਾਮ ਉਹ ਹੀ ਕਰੇਗਾ। ਹਰੇਕ ਵਿਦਿਆਰਥੀ ਨੇ ਘੱਟੋ ਘੱਟ ਚਾਰ ਸਾਲ ਤਾਂ ਯੂਨੀਵਰਸਿਟੀ ਵਿੱਚ ਰਹਿਣਾ ਹੀ ਹੁੰਦਾ ਹੈ। ਇੰਝ ਇਹ ਰੁੱਖ ਤਿਆਰ ਹੋ ਜਾਣਗੇ। ਕਿਹੜਾ ਰੁੱਖ ਕਿੱਥੇ ਲਗਾਉਣਾ ਹੈ, ਇਸਦਾ ਫ਼ੈਸਲਾ ਯੂਨੀਵਰਸਿਟੀ ਦੇ ਸੰਬੰਧਿਤ ਵਿਭਾਗ ਕਰਨਗੇ। ਟੋਏ ਪੁੱਟਣੇ ਅਤੇ ਮੁੜ ਉਨ੍ਹਾਂ ਨੂੰ ਭਰਨ ਦਾ ਕੰਮ ਵੀ ਵਿਭਾਗ ਹੀ ਕਰਨਗੇ ਪਰ ਬੂਟਾ ਵਿਦਿਆਰਥੀ ਆਪ ਆਪਣੇ ਹੱਥਾਂ ਨਾਲ ਲਗਾਵੇਗਾ। ਹਰੇਕ ਰੁੱਖ ਉੱਤੇ ਬੈਰੀਕੋਡ ਲਗਾਇਆ ਜਾਵੇਗਾ, ਜਿਸ ਵਿੱਚ ਰੁੱਖ ਦਾ ਪੂਰਾ ਵੇਰਵਾ ਹੋਵੇਗਾ। ਪੜ੍ਹਾਈ ਖਤਮ ਕਰਕੇ ਜਦੋਂ ਵਿਦਿਆਰਥੀ ਜਾਵੇਗਾ ਤਾਂ ਯੂਨੀਵਰਸਿਟੀ ਵੱਲੋਂ ਉਸ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ। ਇਸ ਨਾਲ ਜਿੱਥੇ ਬੂਟਿਆਂ ਦੀ ਸਫ਼ਲਤਾ ਯਕੀਨੀ ਹੋ ਜਾਵੇਗੀ, ਉੱਥੇ ਵਿਦਿਆਰਥੀਆਂ ਨੂੰ ਵੀ ਰੁੱਖਾਂ ਨਾਲ ਪਿਆਰ ਹੋ ਜਾਵੇਗਾ ਅਤੇ ਉਹ ਜਿੱਥੇ ਵੀ ਹੋਣਗੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਦਾ ਕੰਮ ਜਾਰੀ ਰੱਖਣਗੇ।
ਯੂਨੀਵਰਸਿਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਅਲੋਪ ਹੋ ਰਹੇ ਰਿਵਾਇਤੀ ਰੁੱਖਾਂ ਦੀ ਝਿੜੀਆਂ ਲਗਾਈਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲਿਆ ਜਾ ਸਕੇ। ਹੁਣ ਵੀ ਯੂਨੀਵਰਸਿਟੀ ਵਿੱਚ ਰੁੱਖਾਂ ਦੀ ਹੋਂਦ ਕਾਰਨ ਤਾਪਮਾਨ ਬਾਹਰ ਨਾਲੋਂ ਦੋ ਡਿਗਰੀ ਘਟ ਹੀ ਹੁੰਦਾ ਹੈ।
ਤਕਰੀਬਨ ਅੱਧੀ ਸਦੀ ਪਹਿਲਾਂ ਉਦੋਂ ਦੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਯੂਨੀਵਰਸਿਟੀ ਦੀਆਂ ਸੜਕਾਂ ਨੂੰ ਯੋਜਨਾਬੱਧ ਢੰਗ ਨਾਲ ਰੁੱਖਾਂ ਨਾਲ ਸ਼ਿੰਗਾਰਿਆ ਸੀ। ਹਰੇਕ ਘਰ ਵਿੱਚ ਘੱਟੋ ਘੱਟ ਦੋ ਫ਼ਲਦਾਰ ਬੂਟੇ ਜਿਨ੍ਹਾਂ ਵਿੱਚ ਅੰਬ, ਨਿੰਬੂ, ਅੰਗੂਰ, ਕਿੰਨੋ ਆਦਿ ਸ਼ਾਮਿਲ ਹਨ, ਲਗਾਏ ਸੀ। ਇਨ੍ਹਾਂ ਵਿੱਚ ਬਹੁਤੇ ਹੁਣ ਵੀ ਫ਼ਲ ਦਿੰਦੇ ਹਨ। ਚੰਡੀਗੜ੍ਹ ਅਤੇ ਪੰਜਾਬ ਦੀਆਂ ਸੜਕਾਂ ਨੂੰ ਰੁੱਖਾਂ ਨਾਲ ਉਨ੍ਹਾਂ ਦੀ ਅਗਵਾਈ ਹੇਠ ਹੀ ਸ਼ਿੰਗਾਰਿਆ ਗਿਆ ਸੀ। ਯੂਨੀਵਰਸਿਟੀ ਨੇ ਆਪਣੇ ਸੱਠ ਸਾਲ ਪੂਰੇ ਕਰ ਲਏ ਹਨ। ਪੰਜਾਬ ਸਰਕਾਰ ਦੀ ਸਹਾਇਤਾ ਨਾਲ ਇਸ ਨੂੰ ਮੁੜ ਸ਼ਿੰਗਾਰਨ ਦਾ ਕਾਰਜ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਪੰਜਾਬ ਦੀ ਖੇਤੀ ਵਿੱਚ ਜਿੱਥੇ ਇਸ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ, ਉੱਥੇ ਇਸਦੇ ਰੁੱਖ, ਫ਼ਲ ਬੂਟੇ ਆਪਣੇ ਵਿੱਚ ਵਿਲੱਖਣਤਾ ਪੇਸ਼ ਕਰਦੇ ਹਨ। ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਪੀ ਏ ਯੂ ਮਾਡਲ ਅਪਣਾਉਣਾ ਚਾਹੀਦਾ ਹੈ ਤਾਂ ਜੋ ਸਹੀ ਅਰਥਾਂ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਰੇ ਯਤਨ ਕੇਵਲ ਵਿਖਾਵਾ ਬਣ ਕੇ ਰਹਿ ਜਾਣਗੇ।
ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ਲਗਾਉਣ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬਰਸਾਤ ਦਾ ਮੌਸਮ (ਜੁਲਾਈ-ਅਗਸਤ) ਸਦਾ ਬਹਾਰ ਰੁੱਖ ਲਗਾਉਣ ਲਈ ਬਹੁਤ ਢੁਕਵਾਂ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ ਪੰਜਬ ਵਿੱਚ ਵੱਧ ਤੋਂ ਵੱਧ ਰੁਖ ਲਗਾਉਣੇ ਚਾਹੀਦੇ ਹਨ ਪਰ ਇਸਦੇ ਨਾਲ ਹੀ ਰੁੱਖਾਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ। ਹਰੇਕ ਕਿਸਾਨ ਨੂੰ ਇਸ ਵਾਰ ਪੰਜ ਰੁੱਖਾਂ ਦਾ ਟੀਚਾ ਮਿਥਣਾ ਚਾਹੀਦਾ ਹੈ। ਉਸ ਨੂੰ ਆਪਣੀ ਬੰਬੀ ਉੱਤੇ ਜਾਂ ਖੇਤ ਦੇ ਬੰਨ੍ਹਿਆ ਉੱਤੇ ਘੱਟੋ ਘੱਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ।
ਪੰਜਾਬ ਵਿੱਚ ਲੱਕੜ ਦੀ ਘਾਟ ਹੈ। ਲੱਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ। ਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਕੁਝ ਥਾਵੀਂ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਤਜਰਬੇ ਕੀਤੇ ਗਏ ਹਨ, ਜਿਹੜੇ ਚੋਖੇ ਸਫਲ ਹੋਏ ਹਨ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਰਾਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈ। ਪੰਜਾਬ ਦੇ ਮਹਾਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ। ਇਹ ਦੋ ਮਹੀਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਦੇਖਭਾਲ ਦਾ ਆਦੇਸ਼ ਵੀ ਦੇਣ। ਆਪ ਵੀ ਸਮੇਂ ਸਮੇਂ ਸਿਰ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਜਾਵੇ।
ਕਿਸਾਨਾਂ ਵੱਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਗਿਰਾਵਟ ਨੂੰ ਵੇਖਦਿਆਂ ਹੋਇਆਂ ਵੀ ਪੰਜਾਬ ਵਿੱਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੁਝ ਰਕਬੇ ਵਿੱਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਮੁਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘਟ ਹੈ। ਰਸਾਇਣਾਂ ਦੀ ਵੀ ਨਾ ਮਾਤਰ ਹੀ ਲੋੜ ਪੈਂਦੀ ਹੈ। ਜੇਕਰ ਵਣ ਖੇਤੀ ਕਰਨੀ ਹੈ ਤਾਂ ਟੋਟੇ ਪੁੱਟ ਲਵੋ। ਇੱਕ ਮੀਟਰ ਘੇਰਾ ’ਤੇ ਇੱਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਜੇਕਰ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ਉੱਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਟਾਹਲੀ ਲਈ 2X2 ਮੀਟਰ ਦਾ ਫਾਸਲਾ ਰੱਖੋ। ਸਾਗਵਾਨ ਦੇ ਬੂਟੇ 2X2 ਮੀਟਰ ਉੱਤੇ ਲਗਾਏ ਜਾਣ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਗਾਏ ਜਾ ਸਕਦੇ ਹਨ। ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਰਾਹਫ਼ੀਮੀਆ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ। ਇਸ ਵਾਰ ਪੰਜਾਬ ਵਿੱਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5190)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: