“ਭੱਲੇ ਨੇ ਬੀਬੀ ਨੂੰ ਪੁੱਛਿਆ ਕਿ ਕਿੰਨੇ ਪੈਸੇ ਘਟਦੇ ਹਨ?ਉਸ ਦਸ ਹਜ਼ਾਰ ਦੱਸਿਆ। ਭੱਲਾ ਸਾਹਿਬ ਨੇ ...”
(11 ਅਕਤੂਬਰ 2025)
ਕਲਾਕਾਰ ਜਸਵਿੰਦਰ ਭੱਲਾ ਸਾਹਿਬ ਦੇ ਅਕਾਲ ਚਲਾਣੇ ਉੱਤੇ ਜਿਸ ਤਰ੍ਹਾਂ ਉਸਦੇ ਦਰਸ਼ਕਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ, ਅਜਿਹਾ ਬਹੁਤ ਘੱਟ ਵਿਅਕਤੀਆਂ ਨੂੰ ਨਸੀਬ ਹੁੰਦਾ ਹੈ। ਜਿੰਨਾ ਉਸਨੇ ਲੋਕਾਂ ਨੂੰ ਹਸਾਇਆ ਸੀ, ਜਾਣ ਸਮੇਂ ਉਹ ਉੰਨਾ ਹੀ ਉਨ੍ਹਾਂ ਨੂੰ ਰੁਆ ਕੇ ਗਿਆ ਹੈ। ਉਸਦੇ ਜੀਵਨ ਦਾ ਦੂਸਰਾ ਪੱਖ ,ਜਿਹੜਾ ਕਿ ਉਸਦਾ ਕੈਰੀਅਰ ਸੀ, ਅਤੇ ਜਿਸ ਨੂੰ ਉਸਨੇ ਬੜੀ ਸਫਲਤਾ ਨਾਲ ਨਿਭਾਇਆ, ਉਹ ਸੀ ਪ੍ਰੋਫੈੱਸਰ ਭੱਲਾ। ਕਈ ਫਿਲਮਾਂ ਵਿੱਚ ਉਸਨੇ ਬਤੌਰ ਪ੍ਰੋਫੈਸਰ ਭੱਲਾ ਕੰਮ ਕੀਤਾ ਪਰ ਉਹ ਲੋਕਾਂ ਨੂੰ ਹਸਾਉਣ ਤਕ ਹੀ ਸੀਮਿਤ ਸੀ ਪਰ ਅਸਲੀ ਜੀਵਨ ਵਿੱਚ ਜਿਹੜਾ ਉਸ ਪ੍ਰੋਫੈਸਰ ਦਾ ਰੋਲ ਅਦਾ ਕੀਤਾ ਉਹ ਆਪਣੇ ਵਿੱਚ ਸਫਲ ਹੀ ਨਹੀਂ ਸਗੋਂ ਵਿਲੱਖਣ ਵੀ ਸੀ।
ਉਹ ਸਾਡਾ ਵਿਦਿਆਰਥੀ ਵੀ ਰਿਹਾ ਅਤੇ ਸਾਥੀ ਵੀ, ਇਸ ਕਰਕੇ ਉਸ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ। ਉਸਦੀ ਸੇਵਾ-ਮੁਕਤੀ ਪ੍ਰੋਫੈਸਰ ਅਤੇ ਆਪਣੇ ਵਿਭਾਗ ਦੇ ਬਤੌਰ ਮੁਖੀ ਵਜੋਂ ਹੋਈ, ਜਿਹੜੀ ਬਹੁਤ ਘੱਟ ਪ੍ਰੋਫੈਸਰਾਂ ਨੂੰ ਨਸੀਬ ਹੁੰਦੀ ਹੈ। ਜਦੋਂ ਉਸਦੀ ਬਤੌਰ ਮੁਖੀ ਟਰਮ ਪੂਰੀ ਹੋਈ ਤਾਂ ਅਜੇ ਉਸਦੀ ਸੇਵਾ ਮੁਕਤੀ ਵਿੱਚ ਕੁਝ ਮਹੀਨੇ ਰਹਿੰਦੇ ਸਨ। ਯੂਨੀਵਰਸਿਟੀ ਨੇ ਉਸਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਬਤੌਰ ਮੁਖੀ ਉਸਦੇ ਸੇਵਾ ਕਾਲ ਵਿੱਚ ਵਾਧਾ ਕੀਤਾ ਤਾਂ ਜੋ ਉਹ ਬਤੌਰ ਮੁਖੀ ਸੇਵਾ-ਮੁਕਤ ਹੋ ਸਕੇ। ਇਹੋ ਜਿਹੀ ਪ੍ਰਾਪਤੀ ਵੀ ਕਿਸੇ ਕਿਸੇ ਨੂੰ ਹੀ ਨਸੀਬ ਹੁੰਦੀ ਹੈ। ਜਦੋਂ ਉਹ ਆਪਣੇ ਦਫਤਰ ਵਿੱਚ ਕੁਰਸੀ ’ਤੇ ਬੈਠਾ ਹੁੰਦਾ ਸੀ ਤਾਂ ਉਹ ਹਾਸਿਆਂ ਦਾ ਬਾਦਸ਼ਾਹ ਨਹੀਂ ਸਗੋਂ ਇੱਕ ਸੰਜੀਦਾ ਅਤੇ ਹਲੀਮੀ ਨਾਲ ਗੱਲ ਕਰਨ ਵਾਲਾ ਪ੍ਰੋਫੈਸਰ ਭੱਲਾ ਬਣ ਜਾਂਦਾ ਸੀ। ਮਸ਼ਹੂਰੀ ਦੇ ਸਿਖਰ ’ਤੇ ਪੁੱਜਿਆ, ਮਰਸੀਡੀਜ਼ ਕਾਰ ਵਿੱਚ ਆਉਣ ਵਾਲੇ ਇਸ ਅਧਿਆਪਕ ਵਿੱਚ ਹਉਮੈਂ ਨੇੜੇ ਵੀ ਨਹੀਂ ਸੀ। ਉਹ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦਾ ਸੀ। ਮਿਸਾਲ ਵਜੋਂ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਭੱਲੇ ਦਾ ਸਾਥੀ ਬਾਲ ਮੁਕੰਦ ਸ਼ਰਮਾ ਮਾਰਕਫੈੱਡ ਵਿੱਚ ਇੱਕ ਉੱਚੇ ਅਹੁਦੇ ਉੱਤੇ ਸੀ। ਉਸ ਦੂਰਦਰਸ਼ਨ ਜਲੰਧਰ ਅਤੇ ਰੇਡੀਓ ਤੋਂ ਇੱਕ ਹਫਤਾਵਾਰੀ ਵਿਸ਼ੇਸ਼ ਪ੍ਰੋਗਰਾਮ ਖੇਤੀਬਾਭੀ ਸ਼ੁਰੂ ਕੀਤਾ। ਉਸ ਵਿੱਚ ਇਸ ਹਫਤੇ ਦੀਆਂ ਖੇਤੀ ਸਰਗਰਮੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਨੂੰ ਲਿਖਣ ਦੀ ਜ਼ਿੰਮੇਵਾਰੀ ਮੇਰੀ ਲੱਗੀ ਅਤੇ ਪੇਸ਼ਕਾਰੀ ਡਾ. ਭੱਲਾ ਦੇ ਜ਼ਿੰਮੇ ਸੀ। ਇਸੇ ਸਿਲਸਿਲੇ ਵਿੱਚ ਇੱਕ ਦਿਨ ਮੈਂ ਉਸਦੇ ਦਫਤਰ ਬੈਠਾ ਸਾਂ, ਜਿਸ ਨੂੰ ਉਸਨੇ ਪੱਲਿਉਂ ਪੈਸੇ ਖਰਚ ਕੇ ਵਧੀਆ ਸਜਾਇਆ ਸੀ। ਇੱਕ ਬੀਬੀ ਆਪਣੇ ਬੇਟੇ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਆਈ। ਸੇਵਾਦਾਰ ਨੇ ਜਦੋਂ ਸੂਚਨਾ ਦਿੱਤੀ ਤਾਂ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਭੱਲਾ ਸਾਹਿਬ ਨੇ ਬੜੇ ਸਲੀਕੇ ਨਾਲ ਪੁੱਛਿਆ ਕਿ ਕਿਵੇਂ ਆਏ ਹੋ। ਉਸਦੇ ਪ੍ਰਸ਼ੰਸਕ ਆਉਂਦੇ ਹੀ ਰਹਿੰਦੇ ਸਨ। ਬੀਬੀ ਜੀ ਨੇ ਕਿਸੇ ਲੀਡਰ ਦਾ ਨਾਮ ਲੈ ਕੇ ਆਖਿਆ ਕਿ ਉਨ੍ਹਾਂ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ। ਭੱਲਾ ਸਾਹਿਬ ਆਖਣ ਲੱਗੇ, “ਤੁਸੀਂ ਦੱਸੋ ਮੈਂ ਕੀ ਸੇਵਾ ਕਰ ਸਕਦਾ ਹਾਂ।”
ਬੀਬੀ ਨੇ ਦੱਸਿਆ ਕਿ ਮੇਰੇ ਮੁੰਡੇ ਨੇ ਇੱਥੇ ਫੂਡ ਤਕਨਾਲੋਜੀ ਵਿੱਚ ਦਾਖਲਾ ਲਿਆ ਹੈ। ਅੱਜ ਫੀਸ ਦੇਣ ਦਾ ਆਖਰੀ ਦਿਨ ਹੈ। ਉਸ ਆਪਣੀ ਘਰੋਗੀ ਮਜਬੂਰੀ ਦੱਸੀ ਤੇ ਬੇਨਤੀ ਕੀਤੀ ਕਿ ਜੇਕਰ ਹੋ ਸਕੇ ਤਾਂ ਫੀਸ ਵਿੱਚ ਕੁਝ ਛੋਟ ਦਿਲਵਾ ਦੇਵੋ। ਉਸ ਆਪਣੇ ਸਹਾਇਕ ਨੂੰ ਬੁਲਾਇਆ ਤੇ ਇਸ ਬਾਰੇ ਪਤਾ ਕਰਨ ਲਈ ਭੇਜਿਆ। ਆਪਣੇ ਸਹਾਇਕ ਨੂੰ ਠੰਢਾ ਪਿਲਾਉਣ ਦਾ ਇਸ਼ਾਰਾ ਕੀਤਾ। ਸਹਾਇਕ ਨੇ ਆ ਕੇ ਦੱਸਿਆ ਕਿ ਇਹ ਪੇਡ ਸੀਟਾਂ ਹਨ, ਇਸ ਕਰਕੇ ਕਿਸੇ ਵੀ ਛੋਟ ਦੀ ਗੁੰਜਾਇਸ਼ ਨਹੀਂ ਹੈ। ਭੱਲੇ ਨੇ ਬੀਬੀ ਨੂੰ ਪੁੱਛਿਆ ਕਿ ਕਿੰਨੇ ਪੈਸੇ ਘਟਦੇ ਹਨ? ਉਸ ਦਸ ਹਜ਼ਾਰ ਦੱਸਿਆ। ਭੱਲਾ ਸਾਹਿਬ ਨੇ ਆਪਣੇ ਦਰਾਜ ਵਿੱਚੋਂ ਚੈੱਕਬੁੱਕ ਕੱਢੀ ਤੇ ਦਸ ਹਜ਼ਾਰ ਦਾ ਚੈੱਕ ਕੱਟ ਕੇ ਬੀਬੀ ਨੂੰ ਫੜਾ ਦਿੱਤਾ ਤੇ ਆਖਿਆ, ਜਾਵੋ ਫੀਸ ਜਮ੍ਹਾਂ ਕਰਵਾ ਦੇਵੋ।
ਬੀਬੀ ਦੀਆਂ ਅੱਖਾਂ ਵਿੱਚ ਅੱਥਰੂ ਸਨ ਤੇ ਧੰਨਵਾਦ ਵਿੱਚ ਹੱਥ ਜੁੜੇ ਹੋਏ ਸਨ। ਉਨ੍ਹਾਂ ਦੇ ਜਾਣ ਪਿੱਛੋਂ ਮੈਂ ਪੁੱਛਿਆ ਕਿ ਜਿਸ ਬੰਦੇ ਦਾ ਨਾਮ ਬੀਬੀ ਲੈ ਰਹੀ ਸੀ, ਤੂੰ ਉਸ ਨੂੰ ਜਾਣਦਾ ਹੈਂ? ਉਸਦਾ ਉੱਤਰ ਸੀ ਕਿ ਇਹ ਨਾਮ ਤਾਂ ਮੈਂ ਪਹਿਲੀ ਵਾਰ ਸੁਣਿਆ ਹੈ।
ਭੱਲਾ ਖੇਤੀ ਵਿਗਿਆਨ ਪਸਾਰ ਅਤੇ ਸੰਚਾਰ ਦਾ ਮਾਹਿਰ ਸੀ ਤੇ ਉਸਦੀ ਕੀਰਤੀ ਭਾਰਤ ਸਰਕਾਰ ਤਕ ਪਹੁੰਚ ਚੁੱਕੀ ਸੀ। ਮੈਨੂੰ ਇੱਕ ਸਨਮਾਨ ਦੇ ਸਿਲਸਿਲੇ ਵਿੱਚ ਦਿੱਲੀ ਵਿਗਿਆਨ ਅਤੇ ਤਕਨਾਲੋਜੀ ਮਨਿਸਟਰੀ ਵਿੱਚ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ। ਉੱਥੋਂ ਦਾ ਡਾਇਰੈਕਟਰ ਪੰਜਾਬੀ ਸੀ, ਜਿਸਦੇ ਪਿਤਾ ਅਤੇ ਉਹ ਮੇਰੇ ਪਾਠਕ ਰਹੇ ਸਨ। ਉਸ ਆਖਿਆ, ਅਸੀਂ ਤੁਹਾਡੇ ਡਾ. ਭੱਲਾ ਨੂੰ ਖੋਜ ਪ੍ਰਾਜੈਕਟ ਮਨਜ਼ੂਰੀ ਕਮੇਟੀ ਦਾ ਮੈਂਬਰ ਬਣਾਇਆ ਹੈ, ਇਸਦਾ ਲਾਭ ਉਠਾਵੋ। ਭੱਲਾ ਸਾਹਿਬ ਨੇ ਆਪਣੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਤੋਂ ਖੋਜ ਪ੍ਰਾਜੈਕਟ ਤਿਆਰ ਕਰਵਾਏ ਅਤੇ ਲੱਖਾਂ ਦੇ ਪ੍ਰਾਜੈਕਟ ਮੰਨਜ਼ੂਰ ਕਰਵਾਏ। ਡਾ. ਭੱਲਾ ਦੀ ਬੋਲਬਾਣੀ ਵਿੱਚ ਹਲੀਮੀ ਅਤੇ ਕਹਿਣ ਦਾ ਅੰਦਾਜ਼ ਅਜਿਹਾ ਸੀ ਕਿ ਨਾਂਹ ਕੀਤੀ ਹੀ ਨਹੀਂ ਸੀ ਜਾ ਸਕਦੀ। ਮੈਂ ਇਨ੍ਹਾਂ ਦੇ ਵਿਭਾਗ ਵਿੱਚ ਇੱਕ ਪੀਐੱਚਡੀ ਦਾ ਇਮਤਿਹਾਨ ਲੈਣ ਜਾਣਾ ਸੀ, ਜਿਸਦਾ ਸਮਾਂ ਤਿੰਨ ਵਜੇ ਰੱਖਿਆ ਗਿਆ ਸੀ ਕਿਉਂਕਿ ਪਹਿਲਾਂ ਮੈਂ ਆਪਣਾ ਕੋਈ ਜ਼ਰੂਰੀ ਕੰਮ ਕਰਨਾ ਸੀ। ਇਸਦਾ ਮੈਨੂੰ ਡੇਢ ਵਜੇ ਫੋਨ ਆਇਆ, ਆਖਣ ਲੱਗਾ, “ਸਰ ਜੀ, ਤੁਸੀਂ ਦੋ ਵਜੇ ਨਹੀਂ ਆ ਸਕਦੇ। ਮੈਨੂੰ ਇੱਕ ਜ਼ਰੂਰੀ ਕੰਮ ਆ ਗਿਆ, ਮੈਂ ਜਲਦੀ ਜਾਣਾ।”
ਮੇਰਾ ਉੱਤਰ ਸੀ, “ਭੱਲਾ ਸਾਹਿਬ, ਮੈਂ ਆਪ ਇਸ ਸਮੇਂ ਕਿਸੇ ਕੰਮ ਵਿੱਚ ਉਲਝਿਆ ਹੋਇਆ ਹਾਂ, ਇਸ ਕਰਕੇ ਆਉਣਾ ਮੁਸ਼ਕਿਲ ਹੈ।” ਅੱਗੋਂ ਉਸ ਕਿਹਾ, “ਪਲੀਜ਼ ਕਿਸੇ ਵੀ ਤਰ੍ਹਾਂ ਅਡਜਸਟ ਕਰੋ, ਮੇਰੀ ਪਰਸਨਲ ਰਿਕੁਐਸਟ ਆ।”
ਮੈਨੂੰ ਹਾਂ ਕਰਨੀ ਪਈ ਹਾਲਾਂਕਿ ਮੈਂ ਜੋ ਕਰ ਰਿਹਾ ਸੀ, ਉੱਥੇ ਨਾਰਾਜ਼ਗੀ ਛੱਡਣੀ ਪਈ।
ਭੱਲਾ ਜਦੋਂ ਕਿਸਾਨਾਂ ਨਾਲ ਗੱਲਬਾਤ ਕਰਦਾ ਸੀ ਤਾਂ ਖੇਤੀ ਮਾਹਿਰ ਦੇ ਨਾਲ ਕਲਾਕਾਰ ਭੱਲਾ ਵੀ ਰਲ ਜਾਂਦਾ ਸੀ। ਇੰਝ ਉਸਦਾ ਲੈਕਚਰ ਬਹੁਤ ਹੀ ਪ੍ਰਭਾਵਸ਼ਾਲੀ ਹੋ ਜਾਂਦਾ ਸੀ। ਪਿੰਡਾਂ ਵਿੱਚ ਉਹ ਆਪਣੀਆਂ ਫਿਲਮਾਂ ਲਈ ਵੀ ਮਸਾਲਾ ਲੱਭ ਲੈਂਦਾ ਸੀ। ਮੇਰੀ ਇੱਕ ਮੀਟਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੀ। ਮੀਟਿੰਗ ਪਿੱਛੋਂ ਮੈਂ ਸੋਚਿਆ ਤਰਨ ਤਾਰਨ ਲਾਗੇ ਸਾਡਾ ਇੱਕ ਅਗਾਂਹਵਧੂ ਡੇਅਰੀ ਫਾਰਮਰ ਰਹਿੰਦਾ ਹੈ, ਉਸ ਨੂੰ ਮਿਲਿਆ ਜਾਵੇ। ਉਸ ਤੋਂ ਪਤਾ ਚੱਲਿਆ ਕਿ ਕੱਲ੍ਹ ਭੱਲਾ ਸਾਹਿਬ ਵੀ ਆਏ ਸਨ। ਮੀਟਿੰਗ ਖਤਮ ਹੋਣ ਪਿੱਛੋਂ ਉਸਨੇ ਸਾਨੂੰ ਚੁਟਕਲੇ ਸੁਣਾਉਣ ਲਈ ਆਖਿਆ ਅਤੇ ਹਰੇਕ ਚੁਟਕਲੇ ਲਈ ਪੰਜਾਹ ਰੁਪਏ ਦੇ ਕੇ ਗਏ ਹਨ।
ਮੈਨੂੰ ਯਾਦ ਆਇਆ ਕਿ ਇੱਕ ਵਾਰ ਲੋਹੜੀ ਦੇ ਸਮਾਗਮ ਵਿੱਚ ਅਸੀਂ ਵੀ ਕੁਝ ਚੁਟਕਲੇ ਸੁਣਾਏ ਸਨ, ਜਿਹੜੇ ਉਸ ਅਗਲੀ ਕੈਸਿਟ ਵਿੱਚ ਵਰਤ ਲਏ ਸਨ। ਉਹ ਆਪਣੀ ਲਗਭਗ ਹਰ ਫਿਲਮ ਵਿੱਚ ਜੀਵਨ ਦੀ ਕਿਸੇ ਨਾ ਕਿਸੇ ਸਚਾਈ ਆਧਾਰਿਤ ਪੰਚ ਬਣਾ ਲੈਂਦਾ ਸੀ। ਉਸਦਾ ਇੱਕ ਮੁਹਾਵਰਾ ਮੈਂ ਅਕਸਰ ਆਪਣੇ ਭਾਸ਼ਣਾਂ ਵਿੱਚ ਵਰਤਦਾ ਹਾਂ।ਉਸਦੀ ਹਲੀਮੀ ਅਤੇ ਵਡੱਪਣ ਦੀ ਇੱਕ ਹੋਰ ਮਿਸਾਲ ਦਿੰਦਾ ਹਾਂ। ਇੱਕ ਵਾਰ ਉਸਨੇ ਮੇਰੀ ਆਪਣੇ ਕਿਸੇ ਦੋਸਤ ਨਾਲ ਜਾਣ ਪਛਾਣ ਕਰਵਾਉਂਦਿਆਂ ਆਖਿਆ ਸੀ, “ਇਹ ਸਾਡੇ ਗੁਰੂ ਹਨ, ਇਨ੍ਹਾਂ ਦੀ ਕਿਤਾਬ ਪੜ੍ਹ। ਅਸੀਂ ਪੜ੍ਹਾਈ ਕੀਤੀ ਤੇ ਹੁਣ ਉਸੇ ਕਿਤਾਬ ਦੀ ਸਹਾਇਤਾ ਨਾਲ ਆਪ ਪੜ੍ਹਾ ਰਹੇ ਹਾਂ।”
“ਪੈਰ ਦੀ ਮੋਚ ਅਤੇ ਭੈੜੀ ਸੋਚ ਬੰਦੇ ਨੂੰ ਕਦੇ ਵੀ ਅੱਗੇ ਵਧਣ ਨਹੀਂ ਦਿੰਦੀ।” ਉਸਨੇ ਕਦੇ ਵੀ ਆਪਣੇ ਅੰਦਰ ਭੈੜੀ ਸੋਚ ਨੂੰ ਜਨਮ ਨਹੀਂ ਲੈਣ ਦਿੱਤਾ। ਉਸਦੀਆਂ ਯਾਦਾਂ ਤੁਹਾਡੇ ਸਾਰਿਆਂ ਕੋਲ ਹੀ ਬਹੁਤ ਹਨ। ਮੇਰੇ ਕੋਲ ਵੀ ਹਨ। ਉਸ ਨੂੰ ਯਾਦ ਕਰਦਿਆਂ ਹਮੇਸ਼ਾ ਯਾਦ ਰੱਖੀਏ ਕਿ ਬੰਦੇ ਦੇ ਕਰਮ ਹੀ ਪਿੱਛੇ ਰਹਿ ਜਾਂਦੇ ਹਨ, ਜਿਹੜੇ ਉਸ ਨੂੰ ਸਿਖਰਾਂ ਉੱਤੇ ਪਹੁੰਚਾਉਂਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (