“ਅਜੇ ਵੀ ਬਹੁਤ ਸਾਰੀਆਂ ਦੁਕਾਨਾਂ ਵਿੱਚ ਰਸੀਦਾਂ ਨਹੀਂ ਕੱਟੀਆਂ ਜਾਂਦੀਆਂ, ਇੰਝ ਜੀ ਐੱਸ ਟੀ ਦੀ ...”
(24 ਮਾਰਚ 2023)
ਇਸ ਸਮੇਂ ਪਾਠਕ: 234.
ਪੰਜਾਬ ਦੇਸ਼ ਦਾ ਸਭ ਤੋਂ ਵੱਧ ਖ਼ੁਸ਼ਹਾਲ ਸੂਬਾ ਹੈ। ਇੱਥੋਂ ਦੇ ਲੋਕ ਚੰਗਾ ਖਾਂਦੇ, ਚੰਗਾ ਪਹਿਨਦੇ ਅਤੇ ਵਿਖਾਵੇ ਲਈ ਖੁੱਲ੍ਹਾ ਖਰਚ ਕਰਦੇ ਹਨ। ਪਿੰਡ ਵੀ ਸ਼ਹਿਰਾਂ ਵਰਗੇ ਹੀ ਹੋ ਗਏ ਹਨ। ਸਾਰੇ ਪਿੰਡਾਂ ਦੇ ਘਰ ਪੱਕੇ, ਬਿਜਲੀ, ਪਾਣੀ ਅਤੇ ਪੱਕੀਆਂ ਸੜਕਾਂ ਨਾਲ ਜੁੜੇ ਹੋਏ ਹਨ। ਇਸੇ ਸੂਬੇ ਵਿੱਚ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋਇਆ ਹੈ। ਭਾਵੇਂ ਬਹੁਤ ਘੱਟ ਹੈ ਪਰ ਕਿਸਾਨ ਦੀ ਆਮਦਨ ਦੂਜੇ ਸਾਰਿਆਂ ਸੂਬਿਆਂ ਤੋਂ ਵੱਧ ਹੈ ਤੇ ਇੱਥੇ ਮਜ਼ਦੂਰ ਦੀ ਮਜ਼ਦੂਰੀ ਅਤੇ ਕਾਰੀਗਰਾਂ ਦੀ ਫੀਸ ਵੀ ਦੂਜਿਆਂ ਤੋਂ ਵੱਧ ਹੈ। ਇੱਕ ਅੰਦਾਜ਼ੇ ਮੁਤਾਬਿਕ ਸੂਬੇ ਵਿੱਚ 25 ਲੱਖ ਤੋਂ ਵੱਧ ਸਿੱਖਿਅਤ ਅਤੇ ਆਮ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਕਮਾਈ ਕਰਦੇ ਹਨ।
ਅਜਿਹਾ ਹੋਣ ਦੇ ਬਾਬਜੂਦ ਇੱਥੋਂ ਦੇ ਸਰਕਾਰੀ ਖਜ਼ਾਨੇ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਦੂਜੇ ਕਈ ਸੂਬਿਆਂ ਤੋਂ ਮਾੜੀ ਹੈ। ਸਰਕਾਰ ਸਿਰ ਤਿੰਨ ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ। ਇਸ ਕਰਜ਼ੇ ਦਾ ਬਿਆਜ ਮੋੜਨ ਲਈ ਵੀ ਸਰਕਾਰ ਨੂੰ ਕਰਜ਼ਾ ਲੈਣਾ ਪੈ ਰਿਹਾ ਹੈ। ਰਾਜ ਦੀ ਹਾਲਤ ਮਾੜੀ ਹੋਣ ਦੇ ਬਾਬਜੂਦ ਇੱਥੋਂ ਦੇ ਮੁੱਖ ਮੰਤਰੀ, ਮੰਤਰੀ, ਐੱਮ.ਐੱਲ.ਏ ਤੇ ਸਰਕਾਰੀ ਕਰਮਚਾਰੀਆਂ ਕੋਲ ਦੂਜੇ ਕਈ ਸੂਬਿਆਂ ਤੋਂ ਵੱਧ ਸਹੂਲਤਾਂ ਹਨ। ਇਸ ਅਜੀਬ ਸਥਿਤੀ ਬਾਰੇ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਇਸ ਰਾਜ ਵਿੱਚ ਵਸੋਂ ਦੇ ਅਨੁਪਾਤ ਨਾਲ ਵਾਹਨਾਂ ਦੀ ਗਿਣਤੀ, ਖਰੀਦਕਾਰੀ, ਸ਼ਰਾਬ ਦੀ ਵਰਤੋਂ, ਮਕਾਨ ਉਸਾਰੀ ਵੱਧ ਕੀਤੀ ਜਾਂਦੀ ਹੈ। ਇੰਝ ਸਰਕਾਰ ਦੀ ਆਮਦਨ ਇੰਨੀ ਕੁ ਜ਼ਰੂਰ ਹੋ ਸਕਦੀ ਹੈ ਜਿਸ ਨਾਲ ਲੋਕਾਂ ਦੀਆਂ ਦੋ ਮੁਢਲੀਆਂ ਲੋੜਾਂ ਵਿੱਦਿਆ ਅਤੇ ਡਾਕਟਰੀ ਸਹੂਲਤਾਂ ਵਧੀਆ ਹੋ ਸਕਦੀਆਂ ਹਨ। ਇਸਦੇ ਨਾਲ ਹੀ ਆਵਾਜਾਈ ਲਈ ਸੜਕਾਂ ਵੀ ਵਧੀਆ ਬਣ ਸਕਦੀਆਂ ਹਨ। ਪੰਜਾਬ ਦੀਆਂ ਮੁੱਖ ਫ਼ਸਲਾਂ, ਕਣਕ ਤੇ ਝੋਨੇ ਦੀ ਵਿਕਰੀ ਉੱਤੇ ਵੀ ਟੈਕਸ ਵਸੂਲਿਆ ਜਾਂਦਾ ਹੈ। ਪਰ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਇਸ ਸਦੀ ਵਿੱਚ ਇਸ ਵੇਲੇ ਜਿਹੜਾ ਥੋੜ੍ਹਾ ਸੁਧਾਰ ਹੋਇਆ ਹੈ, ਉਹ ਕੇਂਦਰ ਵੱਲੋਂ ਮਿਲੀ ਮਾਲੀ ਸਹਾਇਤਾ ਨਾਲ ਹੀ ਹੋਇਆ ਹੈ। ਸਰਕਾਰ ਕੇਂਦਰ ਕੋਲੋਂ ਵੀ ਪੂਰੀ ਮਾਲੀ ਸਹਾਇਤਾ ਲੈਣ ਤੋਂ ਅਸਮਰੱਥ ਹੈ ਕਿਉਂਕਿ ਕਈ ਸਕੀਮਾਂ ਵਿੱਚ ਰਾਜ ਸਰਕਾਰ ਨੂੰ 40 ਪ੍ਰਤੀਸ਼ਤ ਹਿੱਸਾ ਦੇਣਾ ਪੈਂਦਾ ਹੈ।
ਸਰਕਾਰ ਦੀ ਵਿਗੜੀ ਹਾਲਤ ਦੇ ਕਈ ਕਾਰਨ ਹੋ ਸਕਦੇ ਹਨ ਪਰ ਮੁੱਖ ਤੌਰ ਉੱਤੇ ਟੈਕਸ ਚੋਰੀ, ਰਿਸ਼ਵਤਖੋਰੀ, ਨਾਕਸ ਮਾਲੀ ਪ੍ਰਬੰਧ, ਮੁਫਤ ਦੀਆਂ ਰਿਉੜੀਆਂ, ਤੇ ਬੇਕਾਬੂ ਸਰਕਾਰੀ ਖਰਚੇ ਹਨ। ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਬਜ਼ਬਾਗ ਵਿਖਾਉਂਦੀਆਂ ਹਨ। ਮਾਲੀਏ ਦੀ ਹੋ ਰਹੀ ਚੋਰੀ ਰੋਕਣ ਦੀਆਂ ਵੀ ਡੀਗਾਂ ਮਾਰੀਆਂ ਜਾਂਦੀਆਂ ਹਨ। ਭ੍ਰਿਸ਼ਟਾਚਾਰ ਉੱਤੇ ਕਾਬੂ ਪਾਉਣ ਦਾ ਵੀ ਵਾਅਦਾ ਕੀਤਾ ਜਾਂਦਾ ਹੈ ਪਰ ਜਦੋਂ ਕੁਰਸੀ ਪ੍ਰਾਪਤ ਹੋ ਜਾਂਦੀ ਹੈ ਤਾਂ ਇਹ ਸਾਰਾ ਕੁਝ ਵਿਸਰ ਜਾਂਦਾ ਹੈ। ਪੰਜਾਬ ਪੀਰਾਂ, ਫ਼ਕੀਰਾਂ ਅਤੇ ਗੁਰੂਆਂ ਦੀ ਧਰਤੀ ਹੈ। ਦੇਸ਼ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਧਰਮ ਗ੍ਰੰਥਾਂ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੋਈ ਹੈ। ਸਾਰੇ ਧਰਮ ਇਮਾਨਦਾਰੀ ਅਤੇ ਹੱਕ ਹਲਾਲ ਦੀ ਕਮਾਈ ਕਰਨ ਦਾ ਸਬਕ ਦਿੰਦੇ ਹਨ। ਸਤਿ ਗੁਰੂ ਨਾਨਕ ਸਾਹਬ ਨੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੇ ਉਪਦੇਸ਼ ਦੀ ਬਖਸ਼ਿਸ ਕੀਤੀ ਹੈ। ਪਰਾਏ ਹੱਕ ਨੂੰ ਖਾਣ ਵਾਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਰ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਾਡੇ ਰਾਜਸੀ ਆਗੂ, ਕਰਮਚਾਰੀ, ਇੱਥੋਂ ਤਕ ਕਿ ਧਾਰਮਿਕ ਆਗੂ ਵੀ ਹਰਾਮ ਦੀ ਕਮਾਈ ਦੇ ਜਾਲ ਵਿੱਚ ਫਸੇ ਹੋਏ ਨਜ਼ਰ ਆਉਂਦੇ ਹਨ। ਉਹ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਚਾਹੀਦਾ ਹੈ. ਇਨ੍ਹਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ। ਸਮਝ ਨਹੀਂ ਆਉਂਦੀ ਇਨ੍ਹਾਂ ਦੀ ਜ਼ਮੀਰ ਕਿਉਂ ਮਰ ਗਈ ਹੈ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਤਾਕਤ ਦੀ ਬਖਸ਼ਿਸ ਕੀਤੀ, ਰਾਜ ਗੱਦੀ ਉੱਤੇ ਬਿਠਾਇਆ ਅਤੇ ਪੂਰਾ ਆਦਰ ਮਾਣ ਦਿੱਤਾ ਫਿਰ ਵੀ ਇਹ ਪੈਸੇ ਪਿੱਛੇ ਕਿਉਂ ਦੌੜਦੇ ਹਨ। ਅੱਜ ਤਕ ਮਾਇਆ ਕਿਸੇ ਦੇ ਨਾਲ ਨਹੀਂ ਗਈ। ਗੁਜ਼ਾਰੇ ਲਈ ਤਨਖਹ ਅਤੇ ਹੋਰ ਸਹੂਲਤਾਂ ਤਾਂ ਲੋਕਾਂ ਨੇ ਦਿੱਤੀਆਂ ਹਨ। ਸਾਰੀ ਉਮਰ ਦੀ ਜ਼ਿੰਮੇਵਾਰੀ ਚੁੱਕੀ ਹੈ। ਫਿਰ ਦੌਲਤ ਕਿਸ ਲਈ ਇਕੱਠੀ ਕੀਤੀ ਜਾਂਦੀ ਹੈ। ਹਰਾਮ ਦੀ ਕਮਾਈ ਬੱਚਿਆਂ ਅਤੇ ਪਰਿਵਾਰ ਦੇ ਦੂਜੇ ਮੈਬਰਾਂ ਨੂੰ ਵੀ ਗਲਤ ਰਾਹ ਪਾਉਂਦੀ ਹੈ।
ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸ਼ਾਇਦ ਸਭ ਤੋਂ ਵੱਧ ਮਾਲੀਏ ਨੂੰ ਸਰਕਾਰੀ ਖਜ਼ਾਨੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਹੜੱਪ ਲਿਆ ਜਾਂਦਾ ਹੈ। ਇੱਥੇ ਸਭ ਤੋਂ ਵੱਧ ਟੈਕਸਾਂ ਦੀ ਚੋਰੀ ਹੁੰਦੀ ਹੈ। ਅਜੇ ਵੀ ਬਹੁਤ ਸਾਰੀਆਂ ਦੁਕਾਨਾਂ ਵਿੱਚ ਰਸੀਦਾਂ ਨਹੀਂ ਕੱਟੀਆਂ ਜਾਂਦੀਆਂ, ਇੰਝ ਜੀ ਐੱਸ ਟੀ ਦੀ ਸ਼ਰੇਆਮ ਚੋਰੀ ਹੁੰਦੀ ਹੈ। ਪੰਜਾਬ ਤੋਂ ਬਹੁਤਾ ਮਾਲ ਦੋ ਨੰਬਰ ਵਿੱਚ ਬਾਹਰ ਜਾਂਦਾ ਹੈ ਅਤੇ ਆਉਂਦਾ ਹੈ। ਇਕੱਲੇ ਲੁਧਿਆਣਾ ਸ਼ਹਿਰ ਵਿੱਚੋਂ ਘੱਟੋ ਘੱਟ ਸੌ ਟਰੱਕ ਤੇ ਸੌ ਬੱਸਾਂ ਰਾਤ ਨੂੰ ਚਲਦੇ ਹਨ। ਗੁਰੂਆਂ ਪੀਰਾਂ ਫ਼ਕੀਰਾਂ ਦੀ ਇਸ ਧਰਤੀ ਉੱਤੇ ਇਮਾਨਦਾਰੀ ਨੂੰ ਸਭ ਤੋਂ ਵੱਡੀ ਢਾਹ ਲੱਗੀ ਹੈ। ਹਰੇਕ ਦਾ ਯਤਨ ਹੁੰਦਾ ਹੈ ਕਿਵੇਂ ਟੈਕਸ ਦੀ ਚੋਰੀ ਕੀਤੀ ਜਾ ਸਕੇ। ਰਿਸ਼ਵਤ ਖੋਰੀ ਤਾਂ ਸਿਖਰ ਉੱਤੇ ਹੈ। ਪੈਸੇ ਦੇ ਕੇ ਕਿਸੇ ਵੀ ਦਫਤਰ ਵੀ ਕੋਈ ਵੀ ਕੰਮ ਕਰਵਾਇਆਂ ਜਾ ਸਕਦਾ ਹੈ, ਜੇਕਰ ਦੋ ਨੰਬਰੀ ਫੀਸ ਨਾ ਦਿੱਤੀ ਜਾਵੇ ਤਾਂ ਬਹੁਤ ਖੱਜਲ-ਖੁਆਰੀ ਝੱਲਣੀ ਪੈਂਦੀ ਹੈ। ਕਈ ਤਰ੍ਹਾਂ ਦੇ ਬੇਸਿਰ-ਪੈਰ ਇਤਰਾਜ਼ ਲਗਾ ਦਿੱਤੇ ਜਾਂਦੇ ਹਨ। ਸਰਕਾਰੀ ਫੀਸ ਵਿੱਚ ਬੱਚਤ ਕਰਨ ਦੇ ਵੀ ਢੰਗ ਤਰੀਕੇ ਕਰਮਚਾਰੀ ਹੀ ਦੱਸਦੇ ਹਨ।
ਪੰਜਾਬ ਦੇ ਲੋਕਾਂ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ ਸੀ ਕਿ ਇੱਥੇ ਕੁਝ ਨਹੀਂ ਹੋ ਸਕਦਾ ਪਰ ਕਿਸਾਨ ਮੋਰਚੇ ਦੀ ਜਿੱਤ ਨੇ ਉਨ੍ਹਾਂ ਦੀ ਆਪਣੀ ਸ਼ਕਤੀ ਉੱਤੇ ਮੁੜ ਭਰੋਸਾ ਕਰਵਾਇਆ। ਲੋਕ ਚਾਹੁੰਦੇ ਸਨ ਕਿ ਕਿਸਾਨ ਅੰਦੋਲਨ ਵਾਲੇ ਹੀ ਚੋਣ ਲੜਦੇ ਅਤੇ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਮਿਲ ਜਾਂਦੀ, ਪਰ ਕਿਸਾਨ ਆਗੂਆਂ ਦੇ ਆਪਸੀ ਝਗੜੇ ਕਾਰਨ ਲੋਕਾਂ ਨੂੰ ਨਿਰਾਸਤਾ ਹੋਈ। ਪਰ ਉਨ੍ਹਾਂ ਨੇ ਇੱਕ ਤੀਜੀ ਧਿਰ ਜਿਹੜੀ ਇਮਾਨਦਾਰੀ ਦਾ ਦਾਅਵਾ ਕਰਦੀ ਸੀ, ਉਸ ਨੂੰ ਬਹੁਮਤ ਨਾਲ ਜੇਤੂ ਬਣਾਇਆ। ਕਈ ਲੀਡਰ, ਜਿਹੜੇ ਕਦੇ ਪਿੰਡ ਦਾ ਸਰਪੰਚ ਬਣਨ ਬਾਰੇ ਨਹੀਂ ਸੋਚ ਸਕਦੇ ਸਨ, ਉਹ ਮੰਤਰੀ ਬਣ ਗਏ। ਮੁੱਖ ਮੰਤਰੀ ਇਮਾਨਦਾਰ ਹਨ ਤੇ ਉਹ ਚਾਹੁੰਦੇ ਹਨ ਕਿ ਰਿਸ਼ਵਤਖੋਰੀ ਨੂੰ ਰੋਕਿਆ ਜਾਵੇ। ਪਰ ਵੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੇ ਐੱਮ ਐੱਲ ਏ ਹੀ ਨਹੀਂ ਸਗੋਂ ਮੰਤਰੀ ਵੀ ਭ੍ਰਿਸ਼ਟਾਚਾਰ ਵਿੱਚ ਫਸ ਗਏ ਹਨ। ਇੰਝ ਸਰਕਾਰ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਅਤੇ ਆਪਣੇ ਲੀਡਰਾਂ ਨੂੰ ਸਖਤੀ ਨਾਲ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ। ਇੰਝ ਮਾਲੀਏ ਦੀ ਚੋਰੀ ਨੂੰ ਘਟਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਰਾਜ ਵਿੱਚ ਹੋ ਰਹੀ ਵੱਡੀ ਪੱਧਰ ਉੱਤੇ ਟੈਕਸ ਚੋਰੀ ਨੂੰ ਰੋਕਿਆ ਜਾਵੇ। ਇਸ ਪਾਸੇ ਸਖਤ ਕਾਰਵਾਈ ਦੀ ਲੋੜ ਹੈ। ਸਰਕਾਰੀ ਕਰਮਚਾਰੀਆਂ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਵੇ, ਸਰਕਾਰੀ ਖਰਚੇ ਘੱਟ ਕੀਤੇ ਜਾਣ। ਪੰਜਾਬ ਵਿੱਚ ਵਜ਼ੀਰਾਂ ਅਤੇ ਅਫਸਰਾਂ ਨੂੰ ਲੋੜ ਤੋਂ ਵੱਧ ਸਹੂਲਤਾਂ, ਸੁਰੱਖਿਆ ਅਤੇ ਵਸੀਲੇ ਦਿੱਤੇ ਜਾ ਰਹੇ ਹਨ। ਇਨ੍ਹਾਂ ਦੀ ਪੜਚੋਲ ਕਰਕੇ ਇਹ ਘਟਾਏ ਜਾਣੇ ਚਾਹੀਦੇ ਹਨ। ਇਸਦਾ ਅਰੰਭ ਮੁੱਖ ਮੰਤਰੀ ਵੱਲੋਂ ਆਪ ਸ਼ੁਰੂ ਕਰਨਾ ਚਾਹੀਦਾ ਹੈ। ਆਪ ਅਜਿਹਾ ਕੀਤਿਆਂ ਉਹ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਸਰਕਾਰ ਨੂੰ ਇਸ਼ਤਿਹਾਰਬਾਜ਼ੀ ਨੂੰ ਘੱਟ ਕਰਨਾ ਚਾਹੀਦਾ ਹੈ। ਜਦੋਂ ਅਸੀਂ ਆਖਦੇ ਹਾਂ ਕਿ ਸਾਡਾ ਕੰਮ ਬੋਲਦਾ ਹੈ, ਤਾਂ ਕੰਮ ਨੂੰ ਹੀ ਬੋਲਣ ਦੇਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਸੰਚਾਰ ਮਾਹਿਰਾਂ ਨੂੰ ਇਹ ਪੜ੍ਹਾਇਆ ਜਾਂਦਾ ਹੈ ਕਿ ਪ੍ਰਚਾਰ ਹੈ ਤਾਂ ਵਿਉਪਾਰ ਹੈ। ਪਰ ਰਾਜਨੀਤੀ ਵਿਉਪਾਰ ਨਹੀਂ, ਲੋਕ ਸੇਵਾ ਹੈ। ਸੇਵਾ ਕਰੋ ਅਤੇ ਕੰਮ ਨੂੰ ਬੋਲਣ ਦੇਵੋ। ਕਰਜ਼ੇ ਵਿੱਚ ਡੁੱਬੀ ਸਰਕਾਰ ਲਈ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਦੀਆਂ ਬਹੁਤ ਸਾਰੀਆਂ ਕਾਰਪੋਰਸ਼ਨਾਂ ਅਤੇ ਬੋਰਡ ਹਨ। ਇਨ੍ਹਾਂ ਵਿੱਚ ਬਹੁਤੇ ਘਾਟੇ ਵਿੱਚੋਂ ਜਾ ਰਹੇ ਹਨ। ਜਦੋਂ ਇਹ ਬਣਾਈਆਂ ਗਈਆਂ ਸਨ ਤਾਂ ਮੰਤਵ ਸਰਕਾਰੀ ਲਾਲ ਫ਼ੀਤਾਸ਼ਾਹੀ ਨੂੰ ਰੋਕਣਾ ਲਈ ਅਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨਾ ਸੀ। ਪਰ ਹੁਣ ਇਹ ਸਰਕਾਰ ਉੱਤੇ ਬੋਝ ਬਣ ਗਈਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਪਾਰਟੀ ਲੀਡਰਾਂ ਨੂੰ ਚੇਅਰਮੈਨੀ ਦੇ ਰੂਪ ਵਿੱਚ ਰਿਊੜੀਆਂ ਵੰਡਣ ਲਈ ਕੀਤਾ ਜਾ ਰਿਹਾ ਹੈ। ਮਿਸਾਲ ਵਜੋਂ ਸਨਅਤੀ ਵਿਕਾਸ ਲਈ ਸਰਕਾਰੀ ਵਿਭਾਗ ਹਨ, ਪਰ ਨਾਲ ਹੀ ਛੋਟੀਆਂ, ਦਰਮਿਆਨੀਆਂ, ਵੱਡੀਆਂ ਸਨਅਤਾਂ ਨੂੰ ਪ੍ਰਫੁਲਿਤ ਕਰਨ ਲਈ ਚਾਰ ਕਾਰਪੋਰੇਸ਼ਨ ਹਨ। ਕੀ ਇੱਕ ਕਾਰਪੋਰੇਸ਼ਨ ਨਾਲ ਨਹੀਂ ਸਾਰਿਆ ਜਾ ਸਕਦਾ? ਪੰਜਾਬ ਵਿੱਚ ਜੰਗਲ਼ ਨਾਮ ਮਾਤਰ ਹਨ ਪਰ ਵਿਭਾਗ ਦੇ ਨਾਲੋ ਨਾਲ ਇੱਕ ਕਾਰਪੋਰੇਸ਼ਨ ਵੀ ਹੈ। ਇਸੇ ਤਰ੍ਹਾਂ ਹੋਰ ਹਨ। ਜਿਹੜੀਆਂ ਘਾਟੇ ਵਿੱਚ ਹਨ ਉਨ੍ਹਾਂ ਨੂੰ ਆਦੇਸ਼ ਦੇਣਾ ਚਾਹੀਦਾ ਹੈ ਕਿ ਘਾਟੇ ਦੀ ਪੂਰਤੀ ਕਰਕੇ ਮਨਾਫ਼ਾ ਕਮਾ ਕੇ ਵਿਖਾਇਆ ਜਾਵੇ।
ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੱਖਾਂ ਰੇਹੜੀਆਂ ਤੇ ਫੜ੍ਹੀਆਂ ਹਨ। ਇਹ ਸਾਰੀਆਂ ਸਬੰਧਿਤ ਅਧਿਕਾਰੀਆਂ ਨੂੰ ਹਫਤਾ ਦਿੰਦੀਆਂ ਹਨ। ਸਰਕਾਰ ਵੱਲੋਂ ਇਨ੍ਹਾਂ ਦੀ ਫੀਸ ਨਿਰਧਾਰਿਕ ਕਰਕੇ ਟੋਕਨ ਦੇਣੇ ਚਾਹੀਦੇ ਹਨ। ਇੰਝ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਲਈ ਲੋੜੀਂਦਾ ਧੰਨ ਪ੍ਰਾਪਤ ਹੋ ਜਾਵੇਗਾ। ਸ਼ਹਿਰਾਂ ਅਤੇ ਕਸਬਿਆਂ ਵਿੱਚ ਰੋਜ਼ਾਨਾ ਹਜ਼ਾਰਾਂ ਸਬਜ਼ੀ ਮੰਡੀਆਂ ਲੱਗਦੀਆਂ ਹਨ। ਇਨ੍ਹਾਂ ਨੇ ਆਪਣੀ ਮੰਡੀ ਦੀ ਥਾਂ ਲੈ ਲਈ ਹੈ। ਇੱਥੇ ਲੱਗਣ ਵਾਲੀਆਂ ਦੁਕਾਨਾਂ ਸਬੰਧਿਤ ਠੇਕੇਦਾਰ ਨੂੰ ਫੀਸ ਦਿੰਦੀਆਂ ਹਨ। ਜੇਕਰ ਇਨ੍ਹਾਂ ਕੋਲੋਂ ਵੀ ਵਾਜਬ ਫੀਸ ਵਸੂਲੀ ਜਾਵੇ ਅਤੇ ਸਬਜ਼ੀਆਂ ਦੀ ਕੀਮਤ ਮਿਥੀ ਜਾਵੇ ਤਾਂ ਮੰਡੀ ਬੋਰਡ ਵੀ ਅਮੀਰ ਹੋ ਜਾਵੇਗਾ ਅਤੇ ਖ਼ਪਤਕਾਰਾਂ ਨੂੰ ਵਾਜਬ ਮੁੱਲ ਉੱਤੇ ਫ਼ਲ ਸਬਜ਼ੀ ਮਿਲ ਜਾਣਗੇ।
ਪੰਜਾਬ ਵਿੱਚ ਸੈਰ ਸਪਾਟਾ ਸਨਅਤ ਨੂੰ ਵਿਕਸਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਕਦੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੈਰ ਸਪਾਟਾ ਕਾਰਪੋਰੇਸ਼ਨ ਵੱਲੋਂ ਮੁੱਖ ਸੜਕਾਂ ਉੱਤੇ ਸਾਫ਼ ਸੁਥਰੇ ਮੋਟਲ ਬਣਾਏ ਗਏ ਹਨ। ਹੁਣ ਇਨ੍ਹਾਂ ਵਿੱਚੋਂ ਬਹੁਤੇ ਬੰਦ ਹੋ ਗਏ ਹਨ ਜਾਂ ਵੇਚ ਦਿੱਤੇ ਗਏ ਹਨ। ਕਾਰਪੋਰੇਸ਼ਨ ਵੱਲੋਂ ਸੈਰ ਸਪਾਟੇ ਦੇ ਵਧੀਆ ਪ੍ਰੋਗਾਰਾਮ ਉਲੀਕੇ ਜਾਣ। ਪੰਜਾਬ ਵਿੱਚ ਧਾਰਮਿਕ ਯਾਤਰਾ ਅਤੇ ਸੱਭਿਆਚਾਰਕ ਮੇਲਿਆਂ ਰਾਹੀਂ ਸੈਲਾਨੀਆਂ ਨੂੰ ਖਿੱਚਿਆ ਜਾ ਸਕਦਾ ਹੈ। ਸੈਰ ਸਪਾਟਾ ਪੈਕੇਜ ਬਣਾਏ ਜਾਣ ਅਤੇ ਖੇਤੀ ਉਪਜ ਅਧਾਰਿਤ ਮੇਲੇ ਲਗਾਏ ਜਾਣ। ਪਿੰਡਾਂ ਦੇ ਸਕੂਲਾਂ ਅਤੇ ਕਲੀਨਕਾਂ ਨੂੰ ਵਧੀਆਂ ਬਣਾਉਣ ਲਈ ਐੱਨ ਆਰ ਆਈ ਦੀ ਸਹਾਇਤਾ ਲੈਣੀ ਚਾਹੀਦੀ ਹੈ। ਹਰੇਕ ਪਿੰਡ ਵਿੱਚੋਂ ਬਾਹਰ ਵਸਦੇ ਪਰਿਵਾਰ ਆਪਣੇ ਪਿੰਡਾਂ ਵਿੱਚ ਵਿੱਦਿਆ ਅਤੇ ਸਿਹਤ ਸਹੂਲਤਾਂ ਵਧੀਆਂ ਬਣਾਉਣ ਲਈ ਅੱਗੇ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਰਾਜ ਕਰ ਰਹੀ ਪਾਰਟੀ ਆਪਣੇ ਲਈ ਫੰਡ ਮੰਗਣ ਦੀ ਥਾਂ ਐੱਨ ਆਰ ਆਈ ਨੂੰ ਆਪੋ ਆਪਣੇ ਪਿੰਡ ਦੀ ਕਾਇਆਂ ਕਲਪ ਕਰਨ ਲਈ ਪ੍ਰੇਰੇ। ਅਜਿਹਾ ਕਈ ਪਿੰਡਾਂ ਵਿੱਚ ਹੋ ਵੀ ਰਿਹਾ ਹੈ। ਲੋੜ ਹੈ ਇਸ ਨੂੰ ਇੱਕ ਮੁਹਿੰਮ ਦਾ ਰੂਪ ਦਿੱਤਾ ਜਾਵੇ। ਲੋਕਾਂ ਨੂੰ ਕੇਵਲ ਵਿੱਦਿਅਕ ਅਤੇ ਸਿਹਤ ਸਹੂਲਤਾਂ ਮੁਫਤ ਦੇਣ ਵਲ ਧਿਆਨ ਦੇਣਾ ਚਾਹੀਦਾ ਹੈ, ਬਾਕੀ ਸਹੂਲਤਾਂ ਕੇਵਲ ਗਰੀਬ ਵਰਗ ਨੂੰ ਦਿੱਤੀਆਂ ਜਾਣ। ਨਹਿਰਾਂ ਨੂੰ ਪੱਕੀਆਂ ਕਰਨ ਦੀ ਥਾਂ ਇਨ੍ਹਾਂ ਦੀ ਸਾਫ਼ ਸਫ਼ਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇ। ਇੰਝ ਬਿਜਲੀ ਦੀ ਬੱਚਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਵਿੱਚ ਵਾਧਾ ਹੋਵੇਗਾ।
ਪਿੰਡਾਂ ਵਿੱਚ ਮੁੜ ਫੋਕਲ ਪੁਆਇੰਟਾਂ ਨੂੰ ਸੁਰਜੀਤ ਕੀਤਾ ਜਾਵੇ। ਇੱਥੇ ਹੀ ਖੇਤੀ ਅਧਾਰਿਤ ਸਨਅਤਾਂ ਲਗਾਈਆਂ ਜਾਣ। ਇਸ ਨਾਲ ਸਰਕਾਰ ਦੀ ਆਮਦਨ ਵਿੱਚ ਕੇਵਲ ਵਾਧਾ ਹੀ ਨਹੀਂ ਹੋਵੇਗਾ, ਸਗੋਂ ਇਲਾਕਾ ਵਾਸੀਆਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵੀ ਪੂਰਾ ਮੁੱਲ ਮਿਲ ਸਕੇਗਾ। ਰੇਤਾ, ਬਜਰੀ ਅਤੇ ਸ਼ਰਾਬ ਵੀ ਆਮਦਨ ਦੇ ਮੁੱਖ ਸਰੋਤ ਹਨ। ਇੱਥੇ ਵੀ ਚੋਰੀ ਰੋਕਣ ਦੀ ਲੋੜ ਹੈ।
ਸੁਝਾਓ ਹੋਰ ਵੀ ਦਿੱਤੇ ਜਾ ਸਕਦੇ ਹਨ ਕਿਉਂਕਿ ਪੰਜਾਬ ਵਰਗੇ ਸੂਬੇ ਵਿੱਚ ਵਸੀਲਿਆਂ ਦੀ ਘਾਟ ਨਹੀਂ ਹੈ, ਘਾਟ ਹੀਲਿਆਂ ਦੀ ਹੈ ਜਿਨ੍ਹਾਂ ਰਾਹੀਂ ਸਰਕਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੰਜਾਬ ਸਿਰ ਕਰਜ਼ਾ ਵੀ ਘਟ ਜਾਵੇਗਾ ਅਤੇ ਲੋਕਾਂ ਨੂੰ ਮੁਢਲੀਆਂ ਲੋੜਾਂ ਵੀ ਨਸੀਬ ਹੋ ਜਾਣਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3869)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)