“ਅੱਜ ਸਾਰਾ ਸੰਸਾਰ ਗੁਰੂ ਜੀ ਤੇ ਤਿੰਨਾਂ ਗੁਰਸਿੱਖਾਂ ਦੀ ਸ਼ਹੀਦੀ ਦਾ 350 ਸਾਲਾਂ ਸ਼ਹੀਦੀ ਦਿਵਸ ...”
(26 ਅਕਤੂਬਰ 2025)
ਜਦੋਂ ਵੀ ਕੋਈ ਮਹਾਂਪੁਰਖ ਆਪਣੇ ਸਮੇਂ ਦੇ ਨਿਜ਼ਾਮ ਨੂੰ ਲਲਕਾਰਦਾ ਹੈ, ਉਸਦੇ ਭੈੜਾਂ ਨੂੰ ਦੁਰਕਾਰਦਾ ਹੈ ਤਾਂ ਮੌਕੇ ਹਕੂਮਤ ਦਾ ਜ਼ੁਲਮ ਸਹਿਣਾ ਹੀ ਪੈਂਦਾ ਹੈ। ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਹਨ। ਪਰ ਅੱਜ ਤੋਂ ਕੋਈ ਸਾਢੇ ਤਿੰਨ ਸਦੀਆਂ ਪਹਿਲਾਂ ਇੱਕ ਅਜਿਹੀ ਮਹਾਨ ਅਤੇ ਅਨੋਖੀ ਸ਼ਹਾਦਤ ਹੋਈ ਜਿਸਨੇ ਸੰਸਾਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਇਹ ਸ਼ਹਾਦਤ ਕਿਸੇ ਆਪਣੇ ਅਕੀਦੇ ਖਾਤਰ ਨਹੀਂ ਸੀ ਸਗੋਂ ਲੋਕਾਈ ਨੂੰ ਆਪਣੀ ਮਰਜ਼ੀ ਦੇ ਅਕੀਦੇ ਅਨੁਸਾਰ ਜੀਉਣ ਦੇ ਹੱਕ ਦੀ ਰਾਖੀ ਲਈ ਸੀ। ਇਹ ਸ਼ਹਾਦਤ ਦੇਣ ਵਾਲੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਨੌਂਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਨ। ਇਨ੍ਹਾਂ ਵੱਲੋਂ ਪਾਈ ਪਿਰਤ ਸਦਕਾ ਅੱਜ ਵੀ ਸੰਸਾਰ ਵਿੱਚ ਜਦੋਂ ਅਤੇ ਜਿੱਥੇ ਵੀ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਤਾਂ ਲੋਕਾਈ ਦ੍ਰਿੜ੍ਹ ਇਰਾਦੇ ਨਾਲ ਉਸ ਵਿਰੁੱਧ ਆਵਾਜ਼ ਉਠਾਉਂਦੀ ਹੈ। ਗੁਰੂ ਜੀ ਦੇ ਪੈਰੋਕਾਰ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਸਹਾਇਤਾ ਲਈ ਅੱਗੇ ਆਉਂਦੇ ਹਨ। ਗੁਰੂ ਜੀ ਦੀਆਂ ਬਖਸ਼ਿਸ਼ਾਂ ਦੀ ਖੁਸ਼ਬੋ ਅੱਜ ਵੀ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ। ਜਿਸ ਵਰਗ ਦੇ ਹੱਕਾਂ ਦੀ ਰਾਖੀ ਲਈ ਗੁਰੂ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ, ਉਹ ਵਰਗ ਉਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਨ੍ਹਾਂ ਵੱਲੋਂ ਜ਼ੁਲਮ ਵਿਰੁੱਧ ਲੜਾਈ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਇਆ ਸੀ। ਹੁਣ ਵੀ ਇਸਦੀ ਯਾਦ ਉਨ੍ਹਾਂ ਦੇ ਚੇਤਿਆਂ ਵਿੱਚ ਵਸਦੀ ਹੈ। ਜਿਸ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਵਰਗਵਾਸ ਹੋਏ, ਉਸ ਦਿਨ ਕਸ਼ਮੀਰੀ ਪੰਡਤਾਂ ਦਾ ਇੱਕ ਆਗੂ ਬਿਆਨ ਦੇ ਰਿਹਾ ਸੀ ਕਿ ਅੱਜ ਤੋਂ ਕਦੇ ਤਿੰਨ ਸਦੀਆਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੀ ਬਾਂਹ ਫੜੀ ਸੀ, ਮੁੜ ਤਿੰਨ ਸਦੀਆਂ ਪਿੱਛੋਂ ਉਨ੍ਹਾਂ ਦੇ ਭੇਜੇ ਇੱਕ ਗੁਰਸਿੱਖ ਨੇ ਸਾਨੂੰ ਕੈਂਪਾਂ ਵਿੱਚ ਰੁਲਦਿਆਂ ਨੂੰ ਮੁੜ ਘਰਾਂ ਵਾਲੇ ਬਣਾਇਆ ਸੀ।
ਗੁਰੂ ਤੇਗ ਬਹਾਦਰ ਜੀ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਸਪੁੱਤਰ ਸਨ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿਖੇ ਇੱਕ ਅਪਰੈਲ 1621 ਨੂੰ ਹੋਇਆ। ਆਪ ਜੀ ਦਾ ਪਹਿਲਾ ਨਾਮ ਤਿਆਗ ਮਲ ਸੀ। ਆਪ ਸੱਚਮੁੱਚ ਤਿਆਗੀ ਸਨ। ਗੁਰੂ ਜੀ ਗੰਭੀਰ ਸੁਭਾਅ ਦੇ ਸਨ ਤੇ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੂੰ ਸਮੇਂ ਦੀ ਸਰਕਾਰ ਨਾਲ ਯੁੱਧ ਕਰਨ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਲੜਾਈਆਂ ਵਿੱਚ ਸ੍ਰੀ ਤਿਆਗ ਮਲ ਜੀ ਨੇ ਤੇਗ ਦੇ ਅਜਿਹੇ ਜੌਹਰ ਵਿਖਾਏ ਕਿ ਆਪ ਜੀ ਨੂੰ ਤੇਗ ਬਹਾਦਰ ਆਖਿਆ ਜਾਣ ਲੱਗ ਪਿਆ। ਆਪ ਕੇਵਲ 13 ਵਰ੍ਹਿਆਂ ਦੇ ਸਨ, ਜਦੋਂ ਆਪ ਨੇ ਕਰਤਾਰਪੁਰ ਸਾਹਿਬ ਦੇ ਯੁੱਧ ਵਿੱਚ ਹਿੱਸਾ ਲਿਆ ਸੀ। ਆਪ ਜੀ ਦੇ ਮਹਿਲ ਮਾਤਾ ਗੁਜਰੀ ਜੀ ਸਨ।
ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅੰਤਲਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਆਖਿਆ ਕਿ ਤੁਸੀਂ ਹੁਣ ਆਪਣੀ ਮਾਤਾ ਜੀ ਤੇ ਧਰਮ ਪਤਨੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਵੋ। ਆਪ ਜੀ ਨੇ ਬਿਨਾਂ ਕੋਈ ਉਜਰ ਕੀਤਿਆਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕੀਤੀ। ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਗੁਰੂ ਪੁੱਤਰ ਨੇ ਗੁਰਗੱਦੀ ਉੱਤੇ ਆਪਣਾ ਹੱਕ ਜਿਤਾਉਣਾ ਤਾਂ ਦੂਰ, ਇਸ ਬਾਰੇ ਸੋਚਿਆ ਵੀ ਨਹੀਂ ਸੀ। ਇਹ ਆਪਣੇ ਆਪ ਵਿੱਚ ਵੱਡਾ ਤਿਆਗ ਸੀ। ਛੇਵੇਂ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਤੇ ਆਪਣੇ ਪੋਤਰੇ ਹਰਿ ਰਾਏ ਜੀ ਨੂੰ ਗੁਰਗੱਦੀ ਸੌਂਪ ਉਨ੍ਹਾਂ ਨੂੰ ਸੱਤਵੇਂ ਗੁਰੂ ਬਣਾ ਦਿੱਤਾ। ਬਕਾਲੇ ਵਿਖੇ ਆ ਕੇ ਤੇਗ ਬਹਾਦਰ ਸਾਹਿਬ ਹਮੇਸ਼ਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ। ਉਨ੍ਹਾਂ ਕਦੇ ਵੀ ਆਪਣੇ ਪਿਤਾ ਦੀ ਕਿਸੇ ਜਾਇਦਾਦ ’ਤੇ ਹੱਕ ਨਹੀਂ ਜਿਤਾਇਆ ਤੇ ਨਾ ਹੀ ਆਪਣੀ ਸਿੱਖੀ ਕਾਇਮ ਕੀਤੀ। ਆਪ ਜੀ ਮੋਹ ਮਾਇਆ ਦਾ ਤਿਆਗ ਕਰਕੇ ਚੌਵੀ ਸਾਲ ਬਕਾਲੇ ਗੁਮਨਾਮੀ ਦਾ ਜੀਵਨ ਬਸਰ ਕਰਦੇ ਰਹੇ।
ਅੱਠਵੇਂ ਪਾਤਸ਼ਾਹ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਦਿੱਲੀ ਵਿਖੇ ‘ਬਾਬਾ ਬਕਾਲੇ’ ਆਖ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਆਪ ਅਠਵੇਂ ਗੁਰੂ ਜੀ ਦੇ ਰਿਸ਼ਤੇ ਵਿੱਚ ਦਾਦਾ ਜੀ ਲਗਦੇ ਸਨ। ਇਹ ਖਬਰ ਸੁਣਦਿਆਂ ਹੀ ਉਨ੍ਹਾਂ ਦੇ 22 ਰਿਸ਼ਤੇਦਾਰ ਬਕਾਲੇ ਵਿਖੇ ਆਪੋ ਆਪਣੀਆਂ ਗੱਦੀਆਂ ਲਾ ਕੇ ਬੈਠ ਗਏ ਤੇ ਸਾਰੇ ਆਪਣੇ ਆਪ ਨੂੰ ਨੌਂਵਾਂ ਗੁਰੂ ਅਖਵਾਉਣ ਲੱਗੇ। ਗੁਰੂ ਤੇਗ ਬਹਾਦਰ ਸਾਹਿਬ ਉਸੇ ਤਰ੍ਹਾਂ ਆਪਣੀ ਵੈਰਾਗਮਈ ਜ਼ਿੰਦਗੀ ਵਿੱਚ ਮਸਤ ਰਹੇ। ਭਾਵੇਂ ਉਹ ਜਾਣਦੇ ਸਨ ਕਿ ਗੁਰਗੱਦੀ ਦੀ ਬਖਸ਼ਿਸ਼ ਉਨ੍ਹਾਂ ਉੱਤੇ ਹੋਈ ਹੈ ਪਰ ਉਨ੍ਹਾਂ ਇਸ ਬਾਰੇ ਦਾਅਵਾ ਤਾਂ ਕੀ ਕਰਨਾ ਸੀ, ਘਰ ਵਿੱਚ ਆਪਣੇ ਮਾਤਾ ਜੀ ਨੂੰ ਵੀ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਵੱਡਾ ਤਿਆਗ ਹੋਰ ਕੀ ਹੋ ਸਕਦਾ ਹੈ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ ਜਿਸ ਗੁਰੂ ਜੀ ਨੂੰ ਪ੍ਰਗਟ ਕੀਤਾ। ਉਹ ਇੱਕ ਵਿਉਪਾਰੀ ਸੀ ਤੇ ਸਮਾਨ ਨਾਲ ਲੱਦਿਆ ਉਸਦਾ ਜਹਾਜ਼ ਤੁਫਾਨ ਵਿੱਚ ਘਿਰ ਗਿਆ ਸੀ। ਉਸ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਮੇਰੇ ਬੇੜੇ ਨੂੰ ਬੰਨ੍ਹੇ ਲਾਵੋ, ਇਸ ਵਿੱਚ ਸਾਰੀ ਨੇਕ ਕਮਾਈ ਹੈ। ਜਦੋਂ ਉਸਦਾ ਜਹਾਜ਼ ਤੂਫ਼ਾਨ ਵਿੱਚੋਂ ਬਾਹਰ ਆ ਗਿਆ ਤਾਂ ਉਸ ਪ੍ਰਣ ਕੀਤਾ ਕਿ ਮੈਂ ਆਪਣੇ ਦਸਬੰਧ ਵਿੱਚੋਂ 500 ਮੋਹਰਾਂ ਗੁਰੂ ਜੀ ਨੂੰ ਭੇਟਾ ਕਰਾਂਗਾ। ਉਹ ਦਿੱਲੀ ਪੁੱਜਾ। ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਂ ਗਏ ਸਨ ਤੇ ਉਸ ਨੂੰ ਦੱਸਿਆ ਗਿਆ ਕਿ ਹੁਣ ਗੁਰੂ ਬਕਾਲੇ ਹੈ। ਉਹ ਬਕਾਲੇ ਆਇਆ। ਇੱਥੇ 22 ਗੁਰੂ ਬਣੇ ਬੈਠੇ ਸਨ। ਸਭ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਦਾ ਅਸਲੀ ਵਾਰਸ ਆਖ ਰਹੇ ਸਨ। ਸ਼ਾਹ ਜੀ ਨੇ ਪਰਖ ਲਈ ਹਰੇਕ ਅੱਗੇ ਦੋ ਮੋਹਰਾਂ ਰੱਖ ਮੱਥਾ ਟੇਕਿਆ ਪਰ ਉਹ ਸੱਚੇ ਗੁਰੂ ਨੂੰ ਨਾ ਲੱਭ ਸਕਿਆ। ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਇੱਕ ਹੋਰ ਦਰਵੇਸ਼ ਵੀ ਹਨ, ਜਿਹੜੇ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਉਹ ਲੱਭਦਾ ਹੋਇਆ ਉੱਥੇ ਪਹੁੰਚਿਆ ਤੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਨੇ ਅਨੁਭਵ ਕੀਤਾ ਕਿ ਹੁਣ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਰਾ ਪੰਥ ਬਿਖਰ ਜਾਵੇਗਾ। ਉਨ੍ਹਾਂ ਮੱਖਣ ਸ਼ਾਹ ਹੋਰਾਂ ਨੂੰ ਆਖਿਆ, “ਭਾਈ, ਤੂੰ ਤਾਂ 500 ਮੋਹਰਾਂ ਦਾ ਵਾਹਿਦਾ ਕੀਤਾ ਸੀ।”
ਫਿਰ ਕੀ ਸੀ, ਮੱਖਣ ਸ਼ਾਹ ਜੀ ਖੁਸ਼ੀ ਵਿੱਚ ਇੰਨੇ ਵਿਆਕੁਲ ਹੋਏ ਕਿ ਉੱਥੇ ਹੀ ਕੋਠੇ ਉੱਤੇ ਚੜ੍ਹ ਕੇ ਜ਼ੋਰ ਜੋਰ ਨਾਲ ਆਖਣ ਲੱਗੇ “ਗੁਰੂ ਲਾਧੋ ਰੇ।” ਸਾਰੀ ਸੰਗਤ ਗੁਰੂ ਜੀ ਕੋਲ ਇਕੱਠੀ ਹੋ ਗਈ। ਭਲਾ ਅਖੌਤੀ ਬਣੇ ਗੁਰੂ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਸੀ। ਉਨ੍ਹਾਂ ਆਪਣੇ ਮਸੰਦਾਂ ਨਾਲ ਰਲ ਕੇ ਗੁਰੂ ਜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਇਸਦੀ ਅਗਵਾਈ ਉਨ੍ਹਾਂ ਦਾ ਭਤੀਜਾ ਧੀਰਮਲ ਕਰ ਰਿਹਾ ਸੀ। ਮੈਕਾਲਿਫ਼ ਅਨੁਸਾਰ ਸ਼ੀਹਾਂ ਮਸੰਦ ਦੀ ਇਸ ਕੰਮ ਲਈ ਜ਼ਿੰਮੇਵਾਰੀ ਲਾਈ ਗਈ। ਉਸਨੇ ਆਪਣੇ ਸਾਥੀਆਂ ਨਾਲ ਗੁਰੂ ਜੀ ਉੱਤੇ ਗੋਲੀ ਚਲਾਈ, ਜਿਸ ਨਾਲ ਗੁਰੂ ਜੀ ਜਖ਼ਮੀ ਹੋ ਗਏ। ਮਸੰਦ ਮੌਕਾ ਤਾੜ ਕੇ ਗੁਰੂ ਜੀ ਅੱਗੇ ਜੋ ਵੀ ਸੰਗਤਾਂ ਦਾ ਚੜ੍ਹਾਵਾ ਸੀ, ਉਸਦੀਆਂ ਗੱਠਾਂ ਬੰਨ੍ਹ ਕੇ ਲੈ ਗਏ। ਗੁਰੂ ਜੀ ਉਨ੍ਹਾਂ ਨੂੰ ਰੋਕਣ ਦੀ ਥਾਂ ਸਗੋਂ ਮੁਸਕਰਾਉਂਦੇ ਰਹੇ। ਜਦੋਂ ਇਸ ਘਟਨਾ ਦਾ ਪਤਾ ਸੰਗਤ ਨੂੰ ਲੱਗਾ ਤਾਂ ਉਹ ਮੱਖਣ ਸ਼ਾਹ ਦੀ ਅਗਵਾਈ ਹੇਠ ਧੀਰਮਲ ਕੋਲ ਗਏ। ਸੰਗਤ ਉਸ ਨੂੰ ਤੇ ਸਾਥੀ ਮਸੰਦਾਂ ਨੂੰ ਫੜ ਕੇ ਗੁਰੂ ਜੀ ਕੋਲ ਲੈ ਕੇ ਆਏ। ਧੀਰਮਲ ਨੇ ਸਾਰਾ ਦੋਸ਼ ਸ਼ੀਹਾਂ ਮਸੰਦ ਉੱਤੇ ਲਾ ਦਿੱਤਾ। ਸੰਗਤ ਨੇ ਧੀਰਮਲ ਦਾ ਸਮਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਗੁਰੂ ਜੀ ਦੇ ਹਵਾਲੇ ਕਰ ਦਿੱਤੀ। ਮਸੰਦ ਨੇ ਆਪਣੀ ਗਲਤੀ ਮੰਨ ਲਈ ਤੇ ਗੁਰੂ ਜੀ ਅੱਗੇ ਮੁਆਫ਼ ਕਰਨ ਲਈ ਤਰਲੇ ਮਾਰਨ ਲੱਗੇ। ਗੁਰੂ ਜੀ ਤਾਂ ਰਹਿਮ ਅਤੇ ਤਿਆਗ ਦੀ ਮੂਰਤ ਸਨ। ਉਨ੍ਹਾਂ ਸੰਗਤਾਂ ਨੂੰ ਮਸੰਦ ਛੱਡ ਦੇਣ ਲਈ ਆਖਿਆ। ਸੰਗਤ ਨੇ ਇਸਦਾ ਵਿਰੋਧ ਕੀਤਾ। ਗੁਰੂ ਜੀ ਨੇ ਆਖਿਆ, “ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਨੇ ਉਨ੍ਹਾਂ ਨੂੰ ਨਾਮ ਦੀ ਪੂੰਜੀ ਦਿੱਤੀ ਹੋਈ ਹੈ, ਜੋ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਹੈ। ਗੁਰੂ ਜੀ ਨੇ ਅੱਗੇ ਆਖਿਆ ਕਿ ਮੁਆਫੀ ਦੇਣਾ ਬਹੁਤ ਮਹਾਨ ਕਾਰਜ ਹੈ। ਖਿਮਾ ਜਿਹੀ ਹੋਰ ਕੋਈ ਨੇਕੀ ਨਹੀਂ ਹੈ। ਗੁਰੂ ਜੀ ਦੇ ਹੁਕਮ ’ਤੇ ਸੰਗਤ ਨੇ ਧੀਰਮਲ ਦੀ ਸਾਰੀ ਪੂੰਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਪਸ ਕਰ ਦਿੱਤੇ।
ਕੁਝ ਸਮੇਂ ਪਿੱਛੋਂ ਗੁਰੂ ਜੀ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਗਏ। ਇਹ ਉਨ੍ਹਾਂ ਦੀ ਜਨਮਭੂਮੀ ਵੀ ਸੀ। ਉਨ੍ਹਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਜਦੋਂ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਤਾਂ ਮਸੰਦਾਂ ਨੇ ਦੁਆਰ ਬੰਦ ਕਰ ਦਿੱਤੇ। ਦਰਬਾਰ ਸਾਹਿਬ ਦੀ ਉਸਾਰੀ ਉਨ੍ਹਾਂ ਦੇ ਦਾਦਾ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ। ਗੁਰੂ ਜੀ ਨੇ ਕੋਈ ਨਾਰਾਜ਼ਗੀ ਜ਼ਾਹਿਰ ਨਾ ਕੀਤੀ ਸਗੋਂ ਸੰਗਤ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਪ੍ਰਕਰਮਾ ਤੋਂ ਬਾਹਰ ਆ ਕੇ ਇੱਕ ਥੜ੍ਹੇ ਉੱਤੇ ਬੈਠ ਸੰਗਤਾਂ ਨੂੰ ਉਪਦੇਸ਼ ਦਿੱਤਾ।
ਗੁਰੂ ਜੀ ਆਪਣੇ ਪਿਤਾ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਗਰੀ ਦੇ ਦਰਸ਼ਨ ਕਰਨ ਦੇ ਇਰਾਦੇ ਨਾਲ ਕੀਰਤਪੁਰ ਸਾਹਿਬ ਰਵਾਨਾ ਹੋਏ। ਸਾਰੇ ਰਾਹ ਉਹ ਪਾਠ ਕਰਦੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਜਦੋਂ ਉਹ ਕੀਰਤਪੁਰ ਸਾਹਿਬ ਪਹੁੰਚੇ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਵਾਗਤ ਕਰਨ ਦੀ ਥਾਂ ਵਿਰੋਧ ਕੀਤਾ। ਗੁਰੂ ਜੀ ਨੇ ਆਪਣਾ ਕੋਈ ਹੱਕ ਨਾ ਜਿਤਾਇਆ ਤੇ ਕੀਰਤਪੁਰ ਤੋਂ ਕੋਈ ਛੇ ਮੀਲ ਅੱਗੇ ਜਾ ਕੇ ਕੇ ਡੇਰਾ ਲਾਇਆ। ਇਹ ਵੀ ਉਨ੍ਹਾਂ ਦੇ ਤਿਅਗ ਦੀ ਹੀ ਨਿਸ਼ਾਨੀ ਸੀ। ਪਿੱਛੋਂ ਇਸ ਧਰਤੀ ਨੂੰ ਖਰੀਦ ਕੇ ਇੱਥੇ ਆਪਣੀ ਮਾਤਾ ਜੀ ਦੇ ਨਾਮ ਉੱਤੇ ਚੱਕ ਨਾਨਕੀ ਵਸਾਇਆ, ਜੋ ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਗੁਰੂ ਜੀ ਦੀ ਨਗਰੀ ਜਾਣ ਸੰਗਤ ਇੱਥੇ ਆਪਣਾ ਪੱਕਾ ਵਸੇਬਾ ਕਰਨ ਲੱਗ ਪਈ। ਗੁਰੂ ਨਾਨਕ ਸਾਹਿਬ ਨੇ ਸਾਰੇ ਦੇਸ਼ ਦਾ ਭ੍ਰਮਣ ਕਰਕੇ ਥਾਂ ਥਾਂ ਧਰਮਸ਼ਾਲਾ ਤੇ ਸੰਗਤ ਸਥਾਪਿਤ ਕੀਤੇ ਸਨ। ਸਾਰੀਆਂ ਸੰਗਤਾਂ ਇੰਨੀ ਦੂਰ ਗੁਰੂ ਜੀ ਦੇ ਦਰਸ਼ਨਾਂ ਨੂੰ ਨਹੀਂ ਆ ਸਕਦੀਆਂ ਸਨ। ਦੋ ਸਦੀਆਂ ਹੋਣ ਵਾਲੀਆਂ ਸਨ, ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਨਿੱਤ ਅਰਦਾਸਾਂ ਕਰਦੀ ਸੀ। ਗੁਰੂ ਜੀ ਨੇ ਧਰਮ ਪ੍ਰਚਾਰ ਦੀ ਲੰਬੀ ਯਾਤਰਾ ਉੱਤੇ ਜਾਣ ਦਾ ਫੈਸਲਾ ਕਰ ਲਿਆ। ਸੰਗਤ ਨੇ ਇਸਦਾ ਵਿਰੋਧ ਕੀਤਾ। ਗੁਰੂ ਜੀ ਨੇ ਉਨ੍ਹਾਂ ਨੂੰ ਰਲਮਿਲ ਰਹਿਣ ਅਤੇ ਧਰਮ ਕਰਮ ਕਰਦੇ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਇਹ ਵੀ ਭਰੋਸਾ ਦੁਆਇਆ ਕਿ ਮੈਂ ਆਪਣੀ ਯਾਤਰਾ ਪਿੱਛੋਂ ਇੱਥੇ ਜ਼ਰੂਰ ਆਵਾਂਗਾ। ਲੰਮੀ ਯਾਤਰਾ ਹੋਣ ਕਰਕੇ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਣ ਦਾ ਫੈਸਲਾ ਕਰ ਲਿਆ। ਸੰਗਤਾਂ ਦੀ ਇੱਛਾ ਪੂਰਤੀ ਲਈ ਆਪਣੀ ਨਗਰੀ ਨੂੰ ਛੱਡਣਾ ਇੱਕ ਤਿਆਗ ਹੀ ਸੀ। ਗੁਰੂ ਜੀ ਕੁਰੂਕਸ਼ੇਤਰ, ਆਗਰਾ, ਇਟਾਵਾ ਹੁੰਦੇ ਹੋਏ ਪ੍ਰਯਾਗ ਪਹੁੰਚੇ। ਗੁਰੂ ਜੀ ਨੇ ਇੱਥੇ ਦੋ ਮਹੀਨੇ ਪੜਾ ਕੀਤਾ। ਇੱਥੇ ਹੀ ਉਨ੍ਹਾਂ ਦੇ ਮਾਤਾ ਜੀ ਨੇ ਗੁਰੂ ਜੀ ਨੂੰ ਪਿਤਾ ਬਣਨ ਦੀ ਖੁਸ਼ਖਬਰੀ ਸੁਣਾਈ। ਇੱਥੋਂ ਗੁਰੂ ਜੀ ਬਨਾਰਸ ਹੁੰਦੇ ਹੋਏ ਪਟਨਾ ਪਹੁੰਚੇ। ਇੱਥੇ ਸੰਗਤਾਂ ਨੂੰ ਉਪਦੇਸ਼ ਦਾ ਕੰਮ ਪੂਰਾ ਕਰਨ ਪਿੱਛੋਂ ਗੁਰੂ ਜੀ ਨੇ ਆਪਣੀ ਮਾਤਾ ਜੀ ਕੋਲ ਅੱਗੇ ਜਾਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਮਾਤਾ ਜੀ ਤੁਸੀਂ ਆਪਣੀ ਬਹੂ ਤੇ ਭਰਾ ਨਾਲ ਇੱਥੇ ਹੀ ਰਹੋ। ਇਸ ਹਾਲਤ ਵਿੱਚ ਉਨ੍ਹਾਂ ਲਈ ਸਫਰ ਕਰਨਾ ਠੀਕ ਨਹੀਂ। ਮਾਤਾ ਜੀ ਤੇ ਉਨ੍ਹਾਂ ਦੇ ਮਹਿਲ ਗੁਜਰੀ ਜੀ ਨੇ ਇਸਦਾ ਵਿਰੋਧ ਕੀਤਾ ਪਰ ਗੁਰੂ ਜੀ ਨੇ ਦਲੀਲਾਂ ਨਾਲ ਉਨ੍ਹਾਂ ਨੂੰ ਇੱਥੇ ਰਹਿਣ ਲਈ ਰਾਜ਼ੀ ਕਰ ਲਿਆ। ਗੁਰੂ ਜੀ 45 ਸਾਲਾਂ ਦੇ ਹੋ ਚੁੱਕੇ ਸਨ ਤੇ ਵਿਆਹ ਪਿੱਛੋਂ ਕੋਈ 25 ਵਰ੍ਹਿਆਂ ਪਿੱਛੋਂ ਇਹ ਖੁਸ਼ੀ ਉਨ੍ਹਾਂ ਨੂੰ ਨਸੀਬ ਹੋਈ ਸੀ। ਪਰ ਦੂਰ ਦੁਰਾਡੇ ਉਡੀਕ ਰਹੀਆਂ ਸੰਗਤਾਂ ਲਈ ਉਨ੍ਹਾਂ ਇੱਕ ਹੋਰ ਵੱਡਾ ਤਿਆਗ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਬੱਚੇ ਦਾ ਜਨਮ ਹੋਵੇਗਾ, ਉਹ ਇੱਥੇ ਨਹੀਂ ਹੋਣਗੇ। ਗੁਰੂ ਜੀ ਆਸਾਮ ਵਿੱਚ ਸਨ, ਜਦੋਂ ਉਨ੍ਹਾਂ ਦੇ ਪੁੱਤਰ ਹੋਣ ਦੀ ਖੁਸ਼ਖਬਰੀ ਪ੍ਰਾਪਤ ਹੋਈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ ਸਤਮੀ ਸੰਮਤ 1723 ਨੂੰ ਪਟਨਾ ਸਾਹਿਬ ਵਿਖੇ ਪ੍ਰਗਟ ਹੋਏ। ਗੁਰੂ ਜੀ ਨੇ ਵਾਪਸ ਆਉਣ ਦੀ ਥਾਂ ਮਿਥੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਕੀਤੇ ਵਾਇਦਿਆਂ ਦੀ ਪੂਰਤੀ ਕਰਨੀ ਸੀ।
ਆਖਿਆ ਜਾਂਦਾ ਹੈ ਕਿ ਜਦੋਂ ਗੁਰੂ ਜੀ ਆਪਣੀ ਯਾਤਰਾ ਪੂਰੀ ਕਰਕੇ ਪਟਨਾ ਵਾਪਸ ਆਏ ਤਾਂ ਬਾਲ ਗੋਬਿੰਦ ਰਾਏ ਤਿੰਨ ਸਾਲ ਦੇ ਹੋ ਗਏ ਸਨ। ਕੁਝ ਸਮਾਂ ਪਟਨਾ ਰਹਿਣ ਪਿੱਛੋਂ ਗੁਰੂ ਜੀ ਨੇ ਮੁੜ ਪੰਜਾਬ ਜਾਣ ਦਾ ਫੈਸਲਾ ਕੀਤਾ ਤੇ ਆਖਿਆ ਮੈਂ ਸੰਗਤਾਂ ਨੂੰ ਵਾਪਸ ਆਉਣ ਦਾ ਬਚਨ ਦਿੱਤਾ ਹੈ। ਆਪ ਜੀ ਪਰਿਵਾਰ ਨੂੰ ਪਟਨਾ ਸਾਹਿਬ ਹੀ ਰਹਿਣ ਦਾ ਆਦੇਸ਼ ਦੇ ਕੇ ਆਪ ਅਨੰਦਪੁਰ ਸਾਹਿਬ ਵਿੱਚ ਆ ਗਏ। ਕੁਝ ਸਮੇਂ ਪਿੱਛੋਂ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਅਨੰਦਪੁਰ ਸਾਹਿਬ ਬੁਲਾ ਲਿਆ। ਇਹ ਸ਼ਹਿਰ ਹੁਣ ਸਿੱਖੀ ਦਾ ਮੁੱਖ ਕੇਂਦਰ ਬਣ ਗਿਆ। ਉਦੋਂ ਦੇਸ਼ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਹ ਆਪਣੇ ਆਪ ਨੂੰ ਕੱਟੜ ਮੁਸਲਮਾਨ ਸਮਝਦਾ ਸੀ। ਉਹ ਸਮਝਦਾ ਸੀ ਕਿ ਧਰਮ ਦੀ ਸੇਵਾ ਇਸਦੇ ਪੈਰੋਕਾਰਾਂ ਵਿੱਚ ਵਾਧੇ ਨਾਲ ਹੀ ਹੋ ਸਕਦੀ ਹੈ। ਪਰ ਇਹ ਕਾਰਜ ਉਸਨੇ ਧਰਮ ਪ੍ਰਚਾਰ ਜਾਂ ਨੇਕ ਕੰਮਾਂ ਰਾਹੀਂ ਕਰਨ ਦੀ ਥਾਂ ਧੱਕੇਸ਼ਾਹੀ ਨਾਲ ਕਰਨ ਦਾ ਹੁਕਮ ਕਰ ਦਿੱਤਾ। ਗੈਰ ਮੁਸਲਮਾਨਾਂ ਉੱਤੇ ਜ਼ੁਲਮ ਹੋਣ ਲੱਗੇ ਅਤੇ ਉਨ੍ਹਾਂ ਨੂੰ ਜਬਰਦਸਤੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾਣ ਲੱਗ ਪਿਆ। ਕਸ਼ਮੀਰ ਵਾਦੀ ਵਿੱਚ ਬਹੁਗਿਣਤੀ ਪੰਡਤਾਂ ਦੀ ਸੀ, ਜਿਹੜੇ ਇਸ ਸੁੰਦਰ ਵਾਦੀ ਵਿੱਚ ਧਰਮ ਕਰਮ ਕਰਦੇ ਸਨ। ਔਰੰਗਜ਼ੇਬ ਨੂੰ ਉਕਸਾਇਆ ਗਿਆ ਕਿ ਜੇਕਰ ਇਨ੍ਹਾਂ ਕਸ਼ਮੀਰੀ ਪੰਡਤਾਂ ਦਾ ਧਰਮ ਤਬਦੀਲ ਹੋ ਜਾਵੇ ਤਾਂ ਸਾਰੇ ਦੇਸ਼ ਦੇ ਲੋਕਾਂ ਦਾ ਧਰਮ ਬਦਲਿਆ ਜਾ ਸਕਦਾ ਹੈ। ਕਸ਼ਮੀਰ ਦੇ ਲੋਕਾਂ ਨੂੰ ਇਸਲਾਮ ਕਬੂਲ ਕਰਨ ਲਈ ਲਾਲਚ ਦਿੱਤੇ ਗਏ ਅਤੇ ਧਰਮ ਤਬਦੀਲ ਨਾ ਕਰਨ ਵਾਲਿਆਂ ਉੱਤੇ ਜ਼ੁਲਮ ਕੀਤੇ ਗਏ। ਕਸ਼ਮੀਰੀ ਪੰਡਤਾਂ ਦਾ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਇੱਕ ਪ੍ਰਤੀਨਿਧ ਮੰਡਲ ਦੇਸ਼ ਦੇ ਪ੍ਰਮੁੱਖ ਹਿੰਦੂ ਆਗੂਆਂ ਅਤੇ ਮਹਾਂਪੁਰਖਾਂ ਕੋਲ ਸਹਾਇਤਾ ਲਈ ਪੁੱਜਿਆ ਪਰ ਕਿਸੇ ਨੇ ਬਾਂਹ ਨਾ ਫੜੀ। ਉਨ੍ਹਾਂ ਨੂੰ ਆਖਿਆ ਗਿਆ ਕਿ ਇਸ ਸਮੇਂ ਤੁਹਾਡੀ ਰਾਖੀ ਕੇਵਲ ਗੁਰੂ ਨਾਨਕ ਦੀ ਗੱਦੀ ਦੇ ਨੌਂਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਹੀ ਕਰ ਸਕਦੇ ਹਨ। ਇਹ ਪ੍ਰਤੀਨਿਧ ਮੰਡਲ ਸਾਰੇ ਪਾਸਿਉਂ ਨਿਰਾਸ਼ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਦੀ ਸ਼ਰਨ ਵਿੱਚ ਆਇਆ। ਗੁਰੂ ਜੀ ਨੇ ਉਨ੍ਹਾਂ ਦੀ ਫਰਿਆਦ ਨੂੰ ਸੁਣਿਆ ਤੇ ਸੋਚਾਂ ਵਿੱਚ ਪੈ ਗਏ। ਕੋਲ ਹੀ ਨੌ ਸਾਲ ਦੇ ਬਾਲ ਗੋਬਿੰਦ ਰਾਏ ਜੀ ਖੜ੍ਹੇ ਸਨ। ਪੁੱਛਣ ਲੱਗੇ ਗੁਰੂ ਜੀ, ਤੁਸੀਂ ਕਿਹੜੀ ਸੋਚ ਵਿੱਚ ਪਏ ਹੋ? ਇਨ੍ਹਾਂ ਉੱਤੇ ਹੋ ਰਹੇ ਜ਼ੁਲਮ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਗੁਰੂ ਜੀ ਨੇ ਉੱਤਰ ਦਿੱਤਾ, “ਇਸ ਜ਼ੁਲਮ ਨੂੰ ਰੋਕਣ ਅਤੇ ਲੋਕ ਹੱਕਾਂ ਦੀ ਰਾਖੀ ਲਈ ਕਿਸੇ ਮਹਾਨ ਆਤਮਾ ਨੂੰ ਆਪਣੀ ਕਰੁਬਾਨੀ ਦੇਣੀ ਪਵੇਗੀ ਤਾਂ ਜੋ ਲੋਕ ਸ਼ਕਤੀ ਜਾਗ੍ਰਿਤ ਹੋ ਸਕੇ ਤੇ ਇਸ ਜ਼ੁਲਮ ਦਾ ਮੁਕਾਬਲਾ ਅਤੇ ਲੋਕ ਹੱਕਾਂ ਦੀ ਰਾਖੀ ਕੀਤੀ ਜਾ ਸਕੇ।”
ਬਾਲ ਗੋਬਿੰਦ ਰਾਏ ਜੀ ਨੇ ਭੋਲੇਪਨ ਨਾਲ ਆਖਿਆ, “ਗੁਰੂ ਜੀ, ਤੁਹਾਡੇ ਤੋਂ ਮਹਾਨ ਹੋਰ ਕਿਹੜੀ ਮਹਾਨ ਆਤਮਾ ਹੋ ਸਕਦੀ ਹੈ?” ਆਪਣੇ ਪੁੱਤਰ ਦੇ ਬਚਨ ਸੁਣ ਗੁਰੂ ਜੀ ਦੇ ਚਿਹਰੇ ਉੱਤੇ ਮੁਸਕਾਨ ਆ ਗਈ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਲੋਕ ਸ਼ਕਤੀ ਜਾਗ੍ਰਿਤ ਕਰਨ ਵਾਲਾ ਮਹਾਨ ਯੋਧਾ ਪ੍ਰਗਟ ਹੋ ਗਿਆ ਹੈ। ਗੁਰੂ ਜੀ ਨੇ ਪੰਡਿਤਾਂ ਨੂੰ ਆਖਿਆ, “ਜਾਵੋ, ਬਾਦਸ਼ਾਹ ਨੂੰ ਆਖ ਦੇਵੋ ਕਿ ਜੇਕਰ ਸਾਡਾ ਗੁਰੂ ਇਸਲਾਮ ਕਬੂਲ ਕਰ ਲਵੇ ਤਾਂ ਅਸੀਂ ਕੀ, ਸਾਰਾ ਦੇਸ਼ ਹੀ ਧਰਮ ਬਦਲਣ ਲਈ ਤਿਆਰ ਹੋ ਜਾਵੇਗਾ।”
ਗੁਰੂ ਜੀ ਜਾਣੀਜਾਣ ਸਨ। ਉਨ੍ਹਾਂ ਨੂੰ ਪਤਾ ਸੀ ਬਾਦਸ਼ਾਹ ਉਨ੍ਹਾਂ ਨੂੰ ਗ੍ਰਿਫਤਾਰ ਜ਼ਰੂਰ ਕਰੇਗਾ। ਗੁਰੂ ਜੀ ਨੇ ਫੈਸਲਾ ਕੀਤਾ ਕਿ ਉਹ ਦਿੱਲੀ ਜਾ ਕੇ ਗ੍ਰਿਫਤਾਰ ਹੋਣਗੇ ਅਤੇ ਰਸਤੇ ਵਿੱਚ ਧਰਮ ਪ੍ਰਚਾਰ ਅਤੇ ਲੋਕਾਈ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਲਈ ਤਿਆਰ ਕਰਦੇ ਜਾਣਗੇ। ਉਨ੍ਹਾਂ ਨੇ ਲੰਮਾ ਰਾਹ ਚੁਣਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਪਟਿਆਲਾ, ਮਾਲਵਾ, ਰਾਜਸਥਾਨ ਰਾਹੀਂ ਆਗਰੇ ਪੁੱਜੇ, ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੰਗਤ ਨੇ ਵਾਪਸ ਜਾਣ ਦਾ ਆਦੇਸ਼ ਦਿੱਤਾ। ਪਰ ਉਨ੍ਹਾਂ ਦੇ ਬਹੁਤ ਹੀ ਪਿਆਰੇ ਤਿੰਨਾਂ ਸਿੱਖਾਂ ਨੇ ਗੁਰੂ ਜੀ ਨਾਲ ਹੀ ਜਾਣ ਦਾ ਫੈਸਲਾ ਕੀਤਾ। ਗੁਰੂ ਜੀ ਤੇ ਉਨ੍ਹਾਂ ਦੇ ਸਿੱਖਾਂ ਨੂੰ ਦਿੱਲੀ ਵਿੱਚ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕੈਦ ਕਰ ਦਿੱਤਾ ਗਿਆ। ਇਹ ਵੀ ਆਖਿਆ ਜਾਂਦਾ ਹੈ ਕਿ ਗੁਰੂ ਜੀ ਨੂੰ ਕੈਦ ਕਰਨ ਲਈ ਲੋਹੇ ਦਾ ਵਿਸ਼ੇਸ਼ ਪਿੰਜਰਾ ਬਣਾਇਆ ਗਿਆ, ਜਿਸ ਵਿੱਚ ਉਹ ਖੜ੍ਹੇ ਵੀ ਨਹੀਂ ਹੋ ਸਕਦੇ ਸਨ। ਗੁਰੂ ਜੀ ਅੱਗੇ ਔਰੰਗਜ਼ੇਬ ਨੇ ਤਿੰਨ ਸ਼ਰਤਾਂ ਰੱਖੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸਲਾਮ ਗ੍ਰਹਿਣ ਕਰਨ ਲਈ ਆਖਿਆ ਗਿਆ ਅਤੇ ਹਰ ਤਰ੍ਹਾਂ ਦੀ ਦੌਲਤ ਅਤੇ ਸੁੱਖ ਅਰਾਮ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਦਾ ਉੱਤਰ ਸੀ ਆਪਣੇ ਧਰਮ ਦੀ ਚੋਣ ਹਰੇਕ ਇਨਸਾਨ ਦਾ ਮੁਢਲਾ ਹੱਕ ਹੈ। ਇਸੇ ਹੱਕ ਦੀ ਰਾਖੀ ਲਈ ਤਾਂ ਮੈਂ ਇੱਥੇ ਆਇਆ ਹਾਂ। ਜਦੋਂ ਗੁਰੂ ਜੀ ਨੇ ਸਖਤੀ ਨਾਲ ਨਾਂਹ ਕੀਤੀ ਤਾਂ ਦੂਜੀ ਸ਼ਰਤ ਰੱਖੀ ਗਈ ਕਿ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ। ਸਾਰੇ ਤੁਹਾਨੂੰ ਪੈਗੰਬਰ ਮੰਨਦੇ ਹਨ। ਇਸਦੇ ਸਬੂਤ ਵਜੋਂ ਕੋਈ ਚਮਤਕਾਰ ਵਿਖਾਵੋ। ਗੁਰੂ ਜੀ ਦਾ ਉੱਤਰ ਸੀ, “ਕਰਾਮਾਤ ਰੱਬੀ ਹੁਕਮਾਂ ਵਿੱਚ ਦਖਲ ਅੰਦਾਜ਼ੀ ਹੈ। ਗੁਰੂ ਨਾਨਕ ਤੋਂ ਲੈ ਕੇ ਹੁਣ ਤਕ ਕਿਸੇ ਨੇ ਵੀ ਇਹ ਦਖਲ ਅੰਦਾਜ਼ੀ ਨਹੀਂ ਕੀਤੀ ਤੇ ਮੈਂ ਵੀ ਨਹੀਂ ਕਰਾਂਗਾ।” ਗੁਰੂ ਜੀ ਦੇ ਸਖਤ ਬਚਨਾਂ ਨੂੰ ਸੁਣਕੇ ਉਹ ਗੁੱਸੇ ਵਿੱਚ ਆ ਗਿਆ ਫਿਰ ਤੁਸੀਂ ਮਰਨ ਲਈ ਤਿਆਰ ਹੋ ਜਾਵੋ। ਗੁਰੂ ਜੀ ਦਾ ਉੱਤਰ ਸੀ ਕਿ ਅਸੀਂ ਤਾਂ ਆਏ ਹੀ ਲੋਕ ਹੱਕਾਂ ਦੀ ਰਾਖੀ ਲਈ ਸ਼ਹਾਦਤ ਦੇਣ ਹਾਂ। ਸਾਨੂੰ ਮੌਤ ਤੋਂ ਡਰ ਨਹੀਂ ਲਗਦਾ। ਅਸੀਂ ਤੇਰੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਗੁਰੂ ਜੀ ਦਾ ਸ਼ਲੋਕ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ॥ (1427)
ਮੌਤ ਬਾਰੇ ਗੁਰੂ ਜੀ ਦੇ ਬਚਨ ਸਨ:
ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਗੁਰੂ ਜੀ ਦੇ ਤਿੰਨਾਂ ਸਾਥੀਆਂ ਨੂੰ ਧਰਮ ਤਬਦੀਲ ਕਰਨ ਲਈ ਬਹੁਤ ਲਾਲਚ ਦਿੱਤੇ ਗਏ ਪਰ ਉਹ ਆਪਣੇ ਅਕੀਦੇ ਉੱਤੇ ਅਟਲ ਰਹੇ। ਮੁੜ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਬਹੁਤ ਦੁਖਦਾਈ ਮੌਤ ਦਾ ਸਹਿਮ ਪਾਇਆ ਗਿਆ। ਜਦੋਂ ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਰਵਾਇਤ ਅਨੁਸਾਰ ਆਖਰੀ ਇੱਛਾ ਪੁੱਛੀ ਗਈ ਤਾਂ ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸ਼ਹੀਦ ਕਰਨ ਸਮੇਂ ਸਾਡਾ ਮੁੱਖ ਗੁਰੂ ਜੀ ਵੱਲ ਰੱਖਿਆ ਜਾਵੇ। ਅੱਜ ਤਕ ਅਸੀਂ ਤੇ ਨਾ ਹੀ ਕਿਸੇ ਹੋਰ ਸਿੱਖ ਨੇ ਆਪਣੇ ਗੁਰੂ ਜੀ ਨੂੰ ਪਿੱਠ ਵਿਖਾਈ ਹੈ। ਆਖਰੀ ਸਮੇਂ ਵੀ ਅਸੀਂ ਆਪਣਾ ਮੂੰਹ ਗੁਰੂ ਜੀ ਵੱਲ ਹੀ ਰੱਖਾਂਗੇ।
ਤਿੰਨਾਂ ਹੀ ਗੁਰਸਿੱਖਾਂ ਨੂੰ ਬਹੁਤ ਭਿਆਨਕ ਢੰਗ ਨਾਲ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿੱਚ ਲਪੇਟ ਅੱਗ ਲਾਈ ਗਈ ਤੇ ਭਾਈ ਦਿਆਲਾ ਜੀ ਨੂੰ ਪਾਣੀ ਦੀ ਉੱਬਲਦੀ ਦੇਗ ਵਿੱਚ ਬਿਠਾਇਆ ਗਿਆ। ਇਨ੍ਹਾਂ ਸਿੱਖਾਂ ਦੇ ਮੁੱਖ ਉੱਤੇ ਕੋਈ ਡਰ ਜਾਂ ਸਹਿਮ ਨਹੀਂ ਸੀ। ਗੁਰਬਾਣੀ ਦਾ ਜਾਪ ਕਰਦਿਆਂ ਉਨ੍ਹਾਂ ਸ਼ਹੀਦੀ ਪ੍ਰਾਪਤ ਕੀਤੀ। ਬਾਦਸ਼ਾਹ ਨੂੰ ਯਕੀਨ ਸੀ ਕਿ ਇੰਨੀ ਭਿਆਨਕ ਸਜ਼ਾ ਦੇਖ ਸ਼ਾਇਦ ਗੁਰੂ ਜੀ ਸਹਿਮ ਜਾਣਗੇ ਪਰ ਗੁਰੂ ਜੀ ਦੇ ਚਿਹਰੇ ਉੱਤੇ ਆਤਮ ਵਿਸ਼ਵਾਸ ਸੀ ਕਿ ਹੁਣ ਲੋਕ ਸ਼ਕਤੀ ਜ਼ਰੂਰ ਪ੍ਰਗਟ ਹੋਵੇਗੀ ਤੇ ਸੰਸਾਰ ਵਿੱਚ ਜਦੋਂ ਵੀ ਮਨੁੱਖੀ ਹੱਕਾਂ ਦਾ ਘਾਣ ਹੋਇਆ ਤਾਂ ਲੋਕਾਈ ਡਟ ਇਸਦਾ ਵਿਰੋਧ ਕਰੇਗੀ।
ਗੁਰੂ ਜੀ ਦਾ ਚਾਂਦਨੀ ਚੌਕ ਵਿੱਚ ਜਲਾਦ ਨੇ 14 ਨਵੰਬਰ 1675 ਨੂੰ ਧੜ ਤੋਂ ਸਿਰ ਅਲੱਗ ਕਰ ਦਿੱਤਾ। ਉਨ੍ਹਾਂ ਦੇ ਸੀਸ ਨੂੰ ਭਾਈ ਜੈਤਾ ਜੀ ਨੇ ਚੁੱਕਿਆ ਅਤੇ ਸਤਿਕਾਰ ਸਹਿਤ ਲੰਮਾ ਪੈਂਡਾ ਪੂਰਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪੁੱਜੇ। ਦਸਮੇਸ਼ ਪਿਤਾ ਨੇ ਸੰਸਕਾਰ ਕੀਤਾ। ਗੁਰੂ ਜੀ ਦੇ ਧੜ ਨੂੰ ਲੱਖੀ ਵਣਜਾਰਾ ਆਪਣੇ ਘਰ ਲੈ ਗਿਆ ਅਤੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦਾ ਅੰਤਿਮ ਸੰਸਕਾਰ ਕੀਤਾ। ਇਹ ਆਖਿਆ ਜਾਂਦਾ ਹੈ ਕਿ ਹੁਣ ਵਾਲੀ ਨਵੀਂ ਦਿੱਲੀ ਦੇ ਬਹੁਤੇ ਹਿੱਸੇ ਦਾ ਮਾਲਕ ਲੱਖੀ ਵਣਜਾਰਾ ਸੀ। ਚਾਂਦਨੀ ਚੌਕ ਵਿੱਚ ਗੁਰਦਵਾਰਾ ਸੀਸਗੰਜ ਸਾਹਿਬ ਸੁਸ਼ੋਬਤ ਹੈ ਅਤੇ ਲੱਖੀ ਵਣਜਾਰੇ ਦੇ ਘਰ ਵਾਲੀ ਥਾਂ ਗੁਰਦਵਾਰਾ ਰਕਾਬ ਗੰਜ ਸਾਹਿਬ ਉਸਾਰਿਆ ਗਿਆ ਹੈ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਔਰੰਗਜ਼ੇਬ ਦੀ ਬੇਟੀ ਗੁਰੂ ਜੀ ਦੀ ਸ਼ਰਧਾਲੂ ਸੀ। ਉਸਨੇ ਚਾਂਦਨੀ ਚੌਕ ਦੇ ਕੋਤਵਾਲ ਨੂੰ ਹਿਦਾਇਤ ਕੀਤੀ ਸੀ ਕਿ ਗੁਰੂ ਸਾਹਿਬ ਦੇ ਪਵਿੱਤਰ ਸਰੀਰ ਦਾ ਪੂਰਾ ਸਨਮਾਨ ਕੀਤਾ ਜਾਵੇ। ਉੱਥੇ ਭਾਈ ਜੈਤਾ ਜੀ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰ ਖੜ੍ਹੇ ਸਨ। ਕੋਤਵਾਲ ਨੇ ਆਖਿਆ ਕਿ ਇਸ ਤੋਂ ਪਹਿਲਾਂ ਕਿ ਕੋਈ ਹੁਕਮ ਆਵੇ, ਤੁਸੀਂ ਗੁਰੂ ਜੀ ਨੂੰ ਲਿਜਾ ਸਕਦੇ ਹੋ ਪਰ ਇਨ੍ਹਾਂ ਦੀ ਥਾਂ ਕਿਸੇ ਹੋਰ ਦਾ ਧੜ ਅਤੇ ਸਿਰ ਦਾ ਹੋਣਾ ਜ਼ਰੂਰੀ ਹੈ। ਸਾਰੇ ਆਪਣੇ ਸਰੀਰ ਭੇਟ ਕਰਨ ਨੂੰ ਤਿਆਰ ਹੋ ਗਏ। ਪਰ ਭਾਈ ਜੈਤਾ ਜੀ ਦੇ ਪਿਤਾ ਨੇ ਫਟਾਫਟ ਆਪਣੀ ਤਲਵਾਰ ਨਾਲ ਆਪਣਾ ਸਿਰ ਵੱਢ ਲਿਆ ਤਾਂ ਜੋ ਕੋਤਵਾਲ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਉੱਥੋਂ ਨਿਕਲਣ ਦੀ ਆਗਿਆ ਦੇ ਦੇਵੇ।
ਗੁਰੂ ਜੀ ਕੇਵਲ 54 ਸਾਲ ਦੀ ਉਮਰ ਵਿੱਚ ਹੀ ਸ਼ਹੀਦ ਹੋ ਗਏ ਪਰ ਸਾਰੇ ਸੰਸਾਰ ਵਿੱਚ ਲੋਕ ਹੱਕਾਂ ਦੀ ਰਾਖੀ ਲਈ ਲੋਕ ਜਾਗ੍ਰਿਤੀ ਦੀ ਜੋਤ ਜਗਾ ਗਏ। ਗੁਰੂ ਨੇ ਆਪਣੀ ਬਾਣੀ ਰਾਹੀਂ ਲੋਕਾਈ ਨੂੰ ਪ੍ਰਮਾਤਮਾ ਦਾ ਨਾਮ ਜਪਦਿਆਂ ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ੀ ਜੀਵਨ ਜਾਚ ਨੂੰ ਅਪਣਾਉਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰਕੇ ਸੰਪੂਰਨਤਾ ਦੀ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਵਿੱਚ ਰਚਿਤ ਗੁਰੂ ਦੇ 59 ਸ਼ਬਦ ਦਰਜ ਹਨ। ਇਸਦੇ ਨਾਲ ਹੀ ਉਨ੍ਹਾਂ ਦੇ 57 ਸਲੋਕ ਆਖਰੀ ਅੰਗਾਂ ਉੱਤੇ ਸੁਸ਼ੋਬਤ ਹਨ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਇਨ੍ਹਾਂ ਵੈਰਾਗ ਲਈ ਸਲੋਕਾਂ ਦੇ ਉਚਾਰਨ ਨਾਲ ਪਾਇਆ ਜਾਂਦਾ ਹੈ।
ਅੱਜ ਸਾਰਾ ਸੰਸਾਰ ਗੁਰੂ ਜੀ ਤੇ ਤਿੰਨਾਂ ਗੁਰਸਿੱਖਾਂ ਦੀ ਸ਼ਹੀਦੀ ਦਾ 350 ਸਾਲਾਂ ਸ਼ਹੀਦੀ ਦਿਵਸ ਮਨਾ ਰਿਹਾ ਹੈ। ਇਸ ਦਿਨ ਨੂੰ ਸਾਰੇ ਸੰਸਾਰ ਵਿੱਚ ਮਨੁੱਖੀ ਹੱਕਾਂ ਦੇ ਦਿਵਸ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ। ਸੰਸਾਰ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਗੁਰੂ ਜੀ ਦੇ ਜੀਵਨ ਬ੍ਰਿਤਾਂਤ ਆਧਾਰਿਤ ਇੱਕ ਕਿਤਾਬਚਾ ਤਿਆਰ ਕਰਵਾਇਆ ਜਾਵੇ। ਇਸਦਾ ਅਨੁਵਾਦ ਦੇਸ਼ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚ ਕੀਤਾ ਜਾਵੇ। ਜਿਸ ਸੂਬੇ ਵਿੱਚ ਨਗਰ ਕੀਰਤਨ ਹੋਵੇ ਉੱਥੇ ਸੰਗਤ ਵਿੱਚ ਇਹ ਕਿਤਾਬਚਾ ਵੰਡਿਆ ਜਾਵੇ ਤਾਂ ਜੋ ਲੋਕਾਈ ਇਹ ਮਹਾਨ ਕੁਰਬਾਨੀ ਅਤੇ ਇਸ ਦਿਵਸ ਦੀ ਮਹਾਨਤਾ ਬਾਰੇ ਜਾਣੂ ਹੋ ਸਕੇ। ਅਜਿਹਾ ਹੀ ਵਿਦੇਸ਼ਾਂ ਵਿੱਚ ਵੀ ਹੋਣਾ ਚਾਹੀਦਾ ਹੈ। ਦੂਜੇ ਲੋਕਾਂ ਦੀ ਗੱਲ ਤਾਂ ਦੂਰ, ਬਹੁਤੇ ਗੁਰੂ ਜੀ ਦੇ ਸਿੱਖਾਂ ਨੂੰ ਵੀ ਗੁਰੂ ਜੀ ਦੇ ਜੀਵਨ, ਉਨ੍ਹਾਂ ਦੇ ਉੁਪਦੇਸ਼ ਅਤੇ ਮਹਾਨ ਕਾਰਨਾਮਿਆਂ ਬਾਰੇ ਜਾਣਕਾਰੀ ਨਹੀਂ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (