BalwinderSBhullar7ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਸੋਚ ਅਤੇ ਫਿਰਕਾਪ੍ਰਸਤੀ ਨੂੰ ਵੋਟਰਾਂ ਨੇ ...
(5 ਜੂਨ 2024)
ਇਸ ਸਮੇਂ ਪਾਠਕ: 125.


ਲੋਕ ਸਭਾ ਲਈ ਹੋਈਆਂ ਚੋਣਾਂ ਦੇ ਬੀਤੇ ਦਿਨ ਦੇ ਨਤੀਜੇ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਤਬਦੀਲੀ ਦੇ ਸੰਕੇਤ ਦੇ ਰਹੇ ਹਨ

ਸਮੁੱਚੇ ਦੇਸ਼ ਭਰ ਦੇ ਲੋਕਾਂ ਨੇ ਵੀ ਇਸ ਵਾਰ ਪਾਰਟੀਆਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਗਹੁ ਨਾਲ ਵਾਚਣ ਉਪਰੰਤ ਦੇਸ਼ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਸੋਚ ਅਤੇ ਫਿਰਕਾਪ੍ਰਸਤੀ ਨੂੰ ਵੋਟਰਾਂ ਨੇ ਸੱਟ ਮਾਰੀ ਹੈ ਅਤੇ ਧਰਮ ਨਿਰਪੱਖਤਾ ਦੇ ਹੱਕ ਵਿੱਚ ਫਤਵਾ ਦੇਣ ਦਾ ਯਤਨ ਕੀਤਾ ਹੈਕੇਂਦਰ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਾਈ ਜਾਵੇ, ਇਸਦੀ ਬਜਾਏ ਲੋਕਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ, ਘੱਟ ਗਿਣਤੀਆਂ ਦੀ ਸੁਰੱਖਿਆ, ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਵਿੱਚ ਨੇੜਤਾ, ਪ੍ਰੈੱਸ ਦੀ ਆਜ਼ਾਦੀ ਦੀ ਮਜ਼ਬੂਤੀ ਅਤੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਰਾਇ ਵੋਟਾਂ ਰਾਹੀਂ ਪਰਤੱਖ ਕੀਤੀ ਹੈ

ਇਹਨਾਂ ਚੋਣਾਂ ਦੇ ਨਤੀਜਿਆਂ ਨਾਲ ਭਾਵੇਂ ਸਮੁੱਚੇ ਦੇਸ਼ ਦੀ ਸਿਆਸਤ ਵਿੱਚ ਚਰਚਾ ਛਿੜੀ ਹੈ, ਪਰ ਪੰਜਾਬ ਦੀ ਸਿਆਸਤ ਵਿੱਚ ਤਾਂ ਕਾਫ਼ੀ ਉਥਲ ਪੁਥਲ ਹੋਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸੱਤ, ਆਮ ਆਦਮੀ ਪਾਰਟੀ ਨੇ ਤਿੰਨ, ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਭਾਜਪਾ, ਅਕਾਲੀ ਦਲ ਅੰਮ੍ਰਿਤਸਰ ਤੇ ਬਸਪਾ ਆਪਣਾ ਖਾਤਾ ਖੋਲ੍ਹਣ ਵਿੱਚ ਸਫ਼ਲ ਨਹੀਂ ਹੋ ਸਕੀਆਂਇਹ ਨਤੀਜੇ ਬਹੁਤ ਹੈਰਾਨੀਜਨਕ ਹਨ, ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਬਠਿੰਡਾ ਸੀਟ ਤੋਂ ਜਿੱਤ ਹਾਸਲ ਕਰ ਸਕੀ ਹੈ, ਜਿੱਥੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਸੰਸਦ ਮੈਂਬਰ ਬਣੀ ਹੈਇਹ ਪਾਰਟੀ ਲੰਬਾ ਸਮਾਂ ਪੰਜਾਬ ’ਤੇ ਰਾਜ ਕਰਦੀ ਰਹੀ ਹੈ ਅਤੇ ਪੰਜਾਬ ਦੇ ਲੋਕ ਇਸ ਪਾਰਟੀ ’ਤੇ ਬਹੁਤ ਮਾਣ ਅਤੇ ਵਿਸ਼ਵਾਸ ਕਰਦੇ ਰਹੇ ਹਨਇਸ ਵਾਰ ਰਾਜ ਦੀਆਂ 13 ਸੀਟਾਂ ਵਿੱਚੋਂ ਇਹ ਪਾਰਟੀ ਸਿਰਫ਼ 13.42 ਫੀਸਦੀ ਵੋਟਾਂ ਹੀ ਮਸਾਂ ਹਾਸਲ ਕਰ ਸਕੀ, ਦਸ ਹਲਕਿਆਂ ਵਿੱਚ ਤਾਂ ਇਸ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂਕਈ ਹਲਕਿਆਂ ਵਿੱਚ ਇਸਦੇ ਉਮੀਦਵਾਰ ਭਾਜਪਾ ਤੋਂ ਵੀ ਪਛੜ ਗਏਜਿਹੜੀ ਇੱਕ ਸੀਟ ’ਤੇ ਜਿੱਤ ਹਾਸਲ ਹੋਈ ਹੈ, ਇਹ ਕਿਵੇਂ ਹੋਈ ਹੈ, ਇਹ ਵੀ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਕਿ ਅੰਦਰ ਦੀ ਖਿਚੜੀ ਕਿਵੇਂ ਰਿੱਝਦੀ ਪੱਕਦੀ ਰਹੀ ਹੈਅਕਾਲੀ ਦਲ ਲਈ ਇਹ ਇੰਨੀ ਮਾੜੀ ਹਾਲਤ ਕਾਫ਼ੀ ਚਿੰਤਾਜਨਕ ਹੈਇੱਕ ਵਾਰ ਅਕਾਲੀ ਦਲ ਦੇ ਪੈਰ ਪੰਜਾਬ ਦੀ ਰਾਜਨੀਤੀ ਵਿੱਚੋਂ ਉੱਖੜ ਗਏ ਵਿਖਾਈ ਦਿੰਦੇ ਹਨ, ਦੁਬਾਰਾ ਪੈਰਾਂ ’ਤੇ ਖੜ੍ਹੇ ਹੋਣ ਲਈ ਅਕਾਲੀ ਦਲ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀਅਕਾਲੀ ਦਲ ਦੇ ਅੰਦਰ ਵੀ ਬਾਗੀ ਸੁਰਾਂ ਪੈਦਾ ਹੋਣ ’ਤੇ ਆਸਾਰ ਹਨ, ਪਰ ਬਾਦਲ ਪਰਿਵਾਰ ਦੀ ਇਸ ਗੱਲੋਂ ਹੀ ਬੱਚਤ ਹੈ ਕਿ ਦਲ ਦਾ ਕੋਈ ਵੀ ਆਗੂ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਨਹੀਂ ਵਿਖਾ ਸਕਿਆਜਿਹੜੇ ਆਪਣੀਆਂ ਜਮਾਨਤਾਂ ਵੀ ਨਹੀਂ ਬਚਾ ਸਕੇ, ਉਹ ਪਾਰਟੀ ਪ੍ਰਧਾਨ ਵਿਰੁੱਧ ਕੀ ਬੋਲਣਗੇ? ਜਦੋਂ ਕਿ ਬਾਦਲ ਪਰਿਵਾਰ ਆਪਣੀ ਪਰਿਵਾਰਕ ਸੀਟ ਦੀ ਜਿੱਤ ਦੀ ਉਦਾਹਰਣ ਦੇਣ ਦੇ ਕਾਬਲ ਹੈਇਹਨਾਂ ਚੋਣਾਂ ਦਾ ਇੱਕ ਖੂਬਸੂਰਤ ਪਹਿਲੂ ਇਹ ਵੀ ਰਿਹਾ ਕਿ ਪੰਜਾਬ ਵਾਸੀਆਂ ਨੇ ਦਲਬਦਲੂਆਂ ਨੂੰ ਚੰਗਾ ਸਬਕ ਸਿਖਾਇਆ ਹੈਅਜਿਹੇ ਆਗੂ ਸਮੇਂ ਸਮੇਂ ਕੁਰਸੀ ਦੀ ਭੁੱਖ ਦੂਰ ਕਰਨ ਲਈ ਪਾਰਟੀਆਂ ਬਦਲ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੇ ਯਤਨ ਕਰਦੇ ਰਹੇ ਹਨਅਜਿਹੇ ਨੇਤਾਵਾਂ ਨੂੰ ਹਰਾ ਕੇ ਲੋਕਾਂ ਨੇ ਸ਼ੁਭ ਕੰਮ ਦੀ ਸ਼ੁਰੂਆਤ ਕੀਤੀ ਹੈ

ਸੂਬੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਕਾਫ਼ੀ ਤਸੱਲੀਬਖ਼ਸ ਦਿਸਦੀ ਹੈਜਿੱਤੇ ਸੱਤ ਸੰਸਦ ਮੈਂਬਰਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੁੱਘੜ ਸਿਆਸਤਦਾਨ, ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਬੁਲਾਰੇ, ਚਰਨਜੀਤ ਸਿੰਘ ਚੰਨੀ ਵਰਗੇ ਗਰੀਬਾਂ ਦੇ ਹਮਦਰਦ, ਅਮਰ ਸਿੰਘ ਵਰਗੇ ਸੂਝਵਾਨ, ਧਰਮਵੀਰ ਗਾਂਧੀ ਵਰਗੇ ਲੋਕ ਆਗੂ, ਗੁਰਜੀਤ ਸਿੰਘ ਔਜਲਾ, ਸ਼ੇਰ ਸਿੰਘ ਘੁਬਾਇਆ ਵਰਗੇ ਤਜਰਬੇਕਾਰ ਨੇਤਾ ਸ਼ਾਮਲ ਹਨਇਹਨਾਂ ਸੰਸਦ ਮੈਂਬਰਾਂ ਦੀ ਟੀਮ ਲੋਕ ਸਭਾ ਵਿੱਚ ਪੰਜਾਬ ਦੇ ਹਿਤਾਂ ਦੀ ਪ੍ਰਾਪਤੀ ਅਤੇ ਸੂਬੇ ਦੇ ਪੱਖ ਨੂੰ ਪੇਸ਼ ਕਰਨ ਦੇ ਪੂਰੀ ਤਰ੍ਹਾਂ ਕਾਬਲ ਤੇ ਸਮਰੱਥ ਹੈਪੰਜਾਬ ਵਾਸੀਆਂ ਨੂੰ ਇਹਨਾਂ ਤੋਂ ਵੱਡੀਆਂ ਆਸਾਂ ਹਨ

ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਹੋਣ ਦੇ ਬਾਵਜੂਦ ਸਿਰਫ਼ ਤਿੰਨ ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸਾਰੀਆਂ ਤੇਰ੍ਹਾਂ ਸੀਟਾਂ ’ਤੇ ਜਿੱਤ ਹਾਸਲ ਕਰਨ ਦੇ ਦਾਅਵੇ ਕਰਦੇ ਨਹੀਂ ਸਨ ਥੱਕਦੇ ਪਰ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਤੇ ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਹੀ ਜਿੱਤ ਪ੍ਰਾਪਤ ਕਰ ਸਕੇ ਹਨਇਸ ਪਾਰਟੀ ਦੀ ਕਾਰਗੁਜ਼ਾਰੀ ਤੋਂ ਜਾਪਦਾ ਹੈ ਕਿ ਲੋਕਾਂ ਦਾ ਰਾਜ ਸਰਕਾਰ ਪ੍ਰਤੀ ਗੁੱਸਾ ਹੈ, ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਨਿਭਾ ਨਹੀਂ ਸਕੀਟਿਊਬਵੈਲਾਂ ਨੂੰ ਚੌਵੀ ਘੰਟੇ ਬਿਜਲੀ ਤੇ ਘਰਾਂ ਨੂੰ ਮੁਫ਼ਤ ਬਿਜਲੀ ਦਾ ਪਾਰਟੀ ਉਮੀਦਵਾਰਾਂ ਨੂੰ ਕਾਫ਼ੀ ਲਾਭ ਹਾਸਲ ਹੋਇਆ ਹੈ, ਪ੍ਰੰਤੂ ਮੁੱਖ ਮੰਤਰੀ ਦੇ ਗੁਮਰਾਹਕੁੰਨ ਵਾਅਦਿਆਂ ਅਤੇ ਦਾਅਵਿਆਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ ਇਸ ਤੋਂ ਇਲਾਵਾ ਕੁਝ ਕੁ ਵਿਧਾਇਕਾਂ ਨੂੰ ਛੱਡ ਕੇ ਬਹੁਤਿਆਂ ਦਾ ਕੰਮਕਾਰ ਲੋਕਾਂ ਨੂੰ ਰਾਸ ਨਹੀਂ ਆ ਰਿਹਾ

ਭਾਜਪਾ ਸੂਬੇ ਵਿੱਚ ਭਾਵੇਂ ਇੱਕ ਵੀ ਸੀਟ ਹਾਸਲ ਨਹੀਂ ਕਰ ਸਕੀ, ਬਲਕਿ ਬਹੁਤੇ ਉਮੀਦਵਾਰ ਜ਼ਮਾਨਤਾਂ ਵੀ ਨਹੀਂ ਬਚਾ ਸਕੇ ਪਰ ਫਿਰ ਵੀ ਲੋਕ ਪਿੰਡਾਂ ਵਿੱਚ ਵੜਨ ਤੋਂ ਵੀ ਰੋਕਦੇ ਸਨ ਅਤੇ ਖੇਤੀ ਕਾਲੇ ਕਾਨੂੰਨਾਂ ਦੇ ਆਧਾਰ ’ਤੇ ਦੁਸ਼ਮਣਾਂ ਵਾਂਗ ਵੇਖਦੇ ਸਨ, ਉਹ ਪੰਜਾਬ ਦੇ ਹਰ ਸ਼ਹਿਰ, ਪਿੰਡ ਤਕ ਪਹੁੰਚਣ ਵਿੱਚ ਸਫ਼ਲ ਦਿਖਾਈ ਦਿੰਦੀ ਹੈਉਸਨੇ ਹਰ ਪਿੰਡ ਵਿੱਚੋਂ ਵੋਟ ਹਾਸਲ ਕੀਤੀ ਹੈ ਅਤੇ ਆਪਣੇ ਪੈਰ ਜਮਾਉਣ ਦਾ ਆਧਾਰ ਬਣਾ ਲਿਆ ਹੈਇਸ ਪਾਰਟੀ ਦੀ ਕਾਰਗੁਜ਼ਾਰੀ ਨੂੰ ਮਾੜੀ ਨਹੀਂ ਕਿਹਾ ਜਾ ਸਕਦਾ, ਇਹ ਆਪਣੇ ਮਿਸ਼ਨ ਵੱਲ ਤੁਰਦਿਆਂ ਅੱਗੇ ਵਧਦੀ ਵਿਖਾਈ ਦੇ ਰਹੀ ਹੈ

ਦੋ ਆਜ਼ਾਦ ਜਿੱਤੇ ਸੰਸਦ ਮੈਂਬਰਾਂ ਵਿੱਚੋਂ ਖਡੂਰ ਸਾਹਿਬ ਤੋਂ ਜਿੱਤਿਆ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਉਸਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈਉਸਦੇ ਵੱਡੀ ਜਿੱਤ ਹਾਸਲ ਕਰਨ ਦਾ ਅਸਲ ਕਾਰਨ ਕੇਂਦਰ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਭਾਈਚਾਰੇ ਨਾਲ ਕੀਤਾ ਜਾ ਰਿਹਾ ਵਿਤਕਰਾ ਹੈਦੂਜਾ, ਸਰਬਜੀਤ ਸਿੰਘ ਖਾਲਸਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ, ਇਸ ਨੇ ਲੋਕਾਂ ਦੀ ਜ਼ਮੀਰ ਨੂੰ ਟੁੰਬ ਕੇ ਅਤੇ ਆਪਣੇ ਪਿਤਾ ਵੱਲੋਂ ਹੇਠਾਂ ਡਿਗ ਪੱਗ ਨੂੰ ਚੁੱਕ ਕੇ ਮੁੜ ਸਿਰ ’ਤੇ ਰੱਖਣ ਦੇ ਨਾਅਰੇ ਹੇਠ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈਕੇਂਦਰ ਵਿੱਚ ਇਹ ਦੋਵੇਂ ਸੰਸਦ ਮੈਂਬਰ ਨਾ ਕਾਂਗਰਸ ਦਾ ਸਮਰਥਨ ਕਰ ਸਕਦੇ ਹਨ ਅਤੇ ਨਾ ਹੀ ਭਾਜਪਾ ਦਾ

ਇਹਨਾਂ ਚੋਣਾਂ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਇਸਦੇ ਨਤੀਜਿਆਂ ਨੂੰ ਅਗਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਹਮੇਸ਼ਾ ਗਠਜੋੜ ਕਰਕੇ ਚੋਣਾਂ ਲੜਦੀਆਂ ਸਨ, ਇਸ ਵਾਰ ਵੱਖ ਵੱਖ ਹੋ ਕੇ ਚੋਣਾਂ ਲੜੀਆਂ ਅਤੇ ਸਿਰਫ਼ ਇੱਕ ਹੀ ਸੀਟ ਹਾਸਲ ਹੋਈ ਅਤੇ ਬਹੁਤੇ ਜ਼ਮਾਨਤਾਂ ਵੀ ਨਾ ਬਚਾ ਸਕੇਇਸ ਲਈ ਦੋਵੇਂ ਬੁਰੀ ਤਰ੍ਹਾਂ ਨਿਰਾਸ਼ਾਂ ਦੇ ਆਲਮ ਵਿੱਚ ਹਨ। ਹੁਣ ਇਹ ਦੋਵੇਂ ਇਸ ਸੰਬੰਧੀ ਪਛਤਾਵਾ ਕਰਨਗੇ? ਅੱਗੇ ਲਈ ਫਿਰ ਗਠਜੋੜ ਕਰਨਗੇ? ਇਹ ਸਵਾਲ ਅੱਜ ਹਰ ਸੂਝਵਾਨ ਦੀ ਜ਼ੁਬਾਨ ’ਤੇ ਹੈਭਾਜਪਾ ਸ਼ਾਇਦ ਇਕੱਲੇ ਤੌਰ ’ਤੇ ਪੰਜਾਬ ਵਿੱਚ ਪੈਰ ਜਮਾਉਣ ’ਤੇ ਜ਼ੋਰ ਦੇਵੇਗੀ ਪਰ ਅਕਾਲੀ ਦਲ ਲਈ ਸਮਝੌਤਾ ਕਰਨਾ ਮਜਬੂਰੀ ਹੋ ਸਕਦੀ ਹੈਜੇ ਗਠਜੋੜ ਹੋ ਜਾਵੇ ਤਾਂ ਭਾਜਪਾ ਦੀ ਪੰਜਾਬ ਵਿੱਚ ਚੜ੍ਹਤ ਹੋਣ ਵਿੱਚ ਰੁਕਾਵਟ ਵੀ ਪੈਦਾ ਹੋ ਸਕਦੀ ਹੈ

ਅਕਾਲੀ ਦਲ ਵਿੱਚ ਆਈ ਗਿਰਾਵਟ ਅਤੇ ਆਮ ਆਦਮੀ ਪਾਰਟੀ ਵਿੱਚ ਪੈਦਾ ਹੋਈ ਖੜੋਤ ਦਾ ਕਾਂਗਰਸ ਲਾਭ ਉਠਾ ਸਕਦੀ ਦਿਖਾਈ ਦਿੰਦੀ ਹੈ ਅਤੇ ਅਜਿਹੇ ਯਤਨ ਵੀ ਕਰ ਰਹੀ ਹੈਕਾਂਗਰਸ ਵਿੱਚ ਚਲਦੀ ਅੰਦਰੂਨੀ ਲੜਾਈ ਵੀ ਇਹਨਾਂ ਚੋਣਾਂ ਤੋਂ ਬਾਅਦ ਖਤਮ ਹੁੰਦੀ ਨਜ਼ਰ ਆ ਰਹੀ ਹੈਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਉਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੀਆਂ ਚੋਣਾਂ ਮੌਕੇ ਉਸ ਨੂੰ ਪਹਿਲਾਂ ਵਰਗਾ ਸਹਿਯੋਗ ਮਿਲਦਾ ਨਜ਼ਰ ਨਹੀਂ ਆ ਰਿਹਾਦੇਸ਼ ਪੱਧਰ ’ਤੇ ਵੇਖਿਆ ਜਾਵੇ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ‘ਇੰਡੀਆ’ ਦੀਆਂ ਹਿੱਸੇਦਾਰ ਹਨਅਗਲੀਆਂ ਚੋਣਾਂ ਵਿੱਚ ਜੇ ਇਹਨਾਂ ਦਾ ਗਠਜੋੜ ਨਹੀਂ ਹੋ ਸਕਦਾ ਅਤੇ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋ ਜਾਂਦਾ ਹੈ, ਤਾਂ ਇਹ ਕੋਈ ਅਡਜਸਟਮੈਂਟ ਵੀ ਕਰ ਸਕਦੀਆਂ ਹਨਸੂਬੇ ਵਿੱਚ ਖੱਬੀਆਂ ਪਾਰਟੀਆਂ ਨੇ ਵੀ ਆਪਣੀ ਵਿਚਾਰਧਾਰਾ ਲੋਕਾਂ ਦੇ ਰੂਬਰੂ ਕਰਨ ਲਈ ਚਾਰ ਹਲਕਿਆਂ ਵਿੱਚ ਚੋਣਾਂ ਲੜੀਆਂ ਹਨ ਅਤੇ ਪੰਜਾਬ ਵਾਸੀਆਂ ਨੇ ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਹੈਅੱਗੇ ਲਈ ਪੰਜਾਬ ਦੀ ਰਾਜਨੀਤੀ ਵਿੱਚ ਇਹਨਾਂ ਪਾਰਟੀਆਂ ਦੀ ਭੂਮਿਕਾ ਵੀ ਦਿਖਾਈ ਦੇਵੇਗੀ

ਇਹ ਸਪਸ਼ਟ ਹੈ ਕਿ ਇਹਨਾਂ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਵਿੱਚ ਹਿਲਜੁਲ ਪੈਦਾ ਕਰਨਗੇ, ਜਿਸਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸਰ ਵਿਖਾਈ ਦੇਵੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5029)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author