“ਗੱਠਜੋੜ ਹੋਵੇਗਾ ਜਾਂ ਨਹੀਂ, ਕਿਹੜੇ ਅਕਾਲੀ ਦਲ ਨਾਲ ਹੋਵੇਗਾ, ਕਿਹੜੀਆਂ ਸ਼ਰਤਾਂ ...”
(23 ਜੁਲਾਈ 2027)
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸੂਬੇ ਦੀ ਸਿਆਸਤ ਭਖ਼ਦੀ ਨਜ਼ਰ ਆ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀ ਨਿਗਾਹ ਚੋਣਾਂ ਜਿੱਤਣ ’ਤੇ ਹੈ। ਇਸ ਕਾਜ਼ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਹਮੇਸ਼ਾ ਵਾਂਗ ਝੂਠੇ ਵਾਅਦੇ ਵੀ ਕੀਤੇ ਜਾਣਗੇ, ਧਾਰਮਿਕ ਪੱਤੇ ਵੀ ਚਲਾਏ ਜਾਣਗੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਤੋਹਮਤਾਂ ਵੀ ਲਾਈਆਂ ਜਾਣਗੀਆਂ। ਲੋਕਾਂ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸੇ ਲੜੀ ਵਜੋਂ ਹੀ ਪੰਜਾਬ ਵਿੱਚ ਭਾਜਪਾ ਅਕਾਲੀ ਦਲ ਦੇ ਗੱਠਜੋੜ ਦੀ ਚਰਚਾ ਛੇੜੀ ਗਈ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਬੀਤੇ ਦਿਨੀਂ ਕਿਹਾ ਸੀ ਕਿ ਪੰਜਾਬ ਦੇ ਹਾਲਾਤ 1996 ਵਰਗੇ ਹੋ ਚੁੱਕੇ ਹਨ, ਇਸ ਲਈ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਤਰੱਕੀ ਲਈ, ਪੰਜਾਬ ਮਸਲਿਆਂ ਦੇ ਹੱਲ ਲਈ, ਧਾਰਮਿਕ ਏਕਤਾ ਲਈ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਇਹ ਗੱਠਜੋੜ ਕਰਕੇ ਯਤਨ ਕਰਨੇ ਚਾਹੀਦੇ ਹਨ। ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਗੱਠਜੋੜ ਕਰਦੀਆਂ ਰਹਿੰਦੀਆਂ ਹਨ ਅਤੇ ਭਾਜਪਾ ਅਕਾਲੀ ਦਲ ਦਾ ਲੰਬਾ ਸਮਾਂ ਗੱਠਜੋੜ ਰਿਹਾ ਵੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਤਾਂ ਸਮੁੱਚੇ ਦੇਸ਼, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਉਸਦਾ ਡੱਟਵਾਂ ਵਿਰੋਧ ਕੀਤਾ। ਭਾਜਪਾ ਨਾਲ ਗੱਠਜੋੜ ਅਤੇ ਕੇਂਦਰ ਸਰਕਾਰ ਵਿੱਚ ਭਾਈਵਾਲੀ ਸਦਕਾ ਬੀਬੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਕਾਇਮ ਰੱਖਣ ਲਈ ਬਾਦਲ ਪਰਿਵਾਰ ਅਤੇ ਹੋਰ ਅਕਾਲੀ ਆਗੂਆਂ ਨੇ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਵੀ ਬਿਆਨ ਦਾਗੇ। ਪੰਜਾਬ ਦੇ ਕਿਸਾਨਾਂ ਅਤੇ ਬੁੱਧੀਜੀਵੀਆਂ ਨੇ ਇਸਦਾ ਬੁਰਾ ਮਨਾਇਆ ਅਤੇ ਅਕਾਲੀਆਂ ਦਾ ਸੂਬੇ ਵਿੱਚ ਵਿਰੋਧ ਸ਼ੁਰੂ ਹੋ ਗਿਆ। ਆਖ਼ਰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਹੋਂਦ ਬਚਾਈ ਰੱਖਣ ਲਈ ਅਕਾਲੀ ਦਲ ਨੂੰ ਭਾਜਪਾ ਸਰਕਾਰ ਨਾਲੋਂ ਨਾਤਾ ਤੋੜ ਕੇ ਬਾਹਰ ਆਉਣਾ ਪਿਆ ਅਤੇ ਬੀਬੀ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਇੱਥੇ ਹੀ ਬੱਸ ਨਹੀਂ, ਬੇਅਦਬੀ ਮਾਮਲਿਆਂ ਸਬੰਧੀ ਵੀ ਬਾਦਲ ਪਰਿਵਾਰ ਨੂੰ ਸਿੱਖ ਕੌਮ ਅਤੇ ਆਮ ਲੋਕਾਂ ਨੇ ਕਥਿਤ ਤੌਰ ’ਤੇ ਦੋਸ਼ੀ ਕਰਾਰ ਦਿੱਤਾ। ਅਕਾਲੀ ਦਲ ਦੀ ਸਥਿਤੀ ਅਜਿਹੀ ਹੋ ਗਈ ਕਿ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਸਿਰਫ਼ ਤਿੰਨ ਹੀ ਵਿਧਾਇਕ ਬਣ ਸਕੇ।
ਦੇਸ਼ ਵਿਆਪੀ ਕਿਸਾਨ ਅੰਦੋਲਨ ਤਕ ਭਾਜਪਾ ਇਹ ਸਮਝ ਰਹੀ ਸੀ ਕਿ ਅਕਾਲੀ ਦਲ ਉਸਦੀਆਂ ਨੀਤੀਆਂ ਦਾ ਸਹਿਯੋਗ ਕਰਦਾ ਰਹੇਗਾ, ਪਰ ਜਦੋਂ ਅਕਾਲੀ ਦਲ ਨੇ ਕਿਨਾਰਾ ਕਰ ਲਿਆ ਤਾਂ ਭਾਜਪਾ ਇਸ ਪਾਰਟੀ ’ਤੇ ਖ਼ਫਾ ਹੋ ਗਈ। ਕਈ ਵਾਰ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਚਰਚਾ ਛਿੜਦੀ ਰਹੀ, ਪਰ ਭਾਜਪਾ ਨੇ ਕੋਰਾ ਜਵਾਬ ਦੇ ਦਿੱਤਾ। ਅਕਾਲੀ ਦਲ ਨੂੰ ਆਪਣੀ ਅਤੀ ਮਾੜੀ ਸਥਿਤੀ ਦੇਖ ਕੇ ਅਜਿਹੀ ਲੋੜ ਮਹਿਸੂਸ ਹੋਣ ਲੱਗੀ। ਜੇਕਰ ਗੱਲ ਤੋਰੀ ਜਾਂਦੀ ਤਾਂ ਭਾਜਪਾ ਦੇ ਆਗੂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੀ ਗੱਲ ਕਹਿ ਕੇ ਟਾਲਾ ਵੱਟਦੇ ਰਹੇ, ਜਦੋਂ ਕਿ ਪਹਿਲਾਂ ਗੱਠਜੋੜ ਸਮੇਂ ਅਕਾਲੀ ਦਲ ਭਾਜਪਾ ’ਤੇ ਭਾਰੂ ਰਿਹਾ ਸੀ।
ਹੁਣ ਦੀ ਅਕਾਲੀ ਦਲ ਦੀ ਸਥਿਤੀ ਤਾਂ ਵਿਧਾਨ ਸਭਾ ਚੋਣਾਂ ਨਾਲੋਂ ਵੀ ਕਾਫ਼ੀ ਮਾੜੀ ਹੋ ਚੁੱਕੀ ਹੈ। ਪਾਰਟੀ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਨਮੁੱਖ ਖੜ੍ਹ ਕੇ ਬੇਅਦਬੀ ਮਾਮਲਿਆਂ ਸਬੰਧੀ ਗੁਨਾਹ ਕਬੂਲ ਕਰ ਚੁੱਕੇ ਹਨ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਵਿਚਲੇ ਪਾਰਟੀ ਦੇ ਤਿੰਨਾਂ ਵਿੱਚੋਂ ਇੱਕ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਜਾ ਚੁੱਕੇ ਹਨ। ਸ੍ਰ. ਮਨਪ੍ਰੀਤ ਸਿੰਘ ਇਯਾਲੀ ਨਵੇਂ ਬਣ ਰਹੇ ਅਕਾਲੀ ਦਲ ਵਿੱਚ ਸ਼ਾਮਲ ਹਨ। ਇਸ ਤਰ੍ਹਾਂ ਅਕਾਲੀ ਦਲ ਬਾਦਲ ਦੀ ਤਾਂ ਇੱਕ ਵਿਧਾਇਕ ਬੀਬੀ ਗੁਨੀਵ ਕੌਰ ਮਜੀਠਾ ਹੀ ਰਹਿ ਗਈ ਹੈ।
ਕੀ ਅਕਾਲੀ ਦਲ ਦੀ ਅਜਿਹੀ ਸਥਿਤੀ ਨੂੰ ਦੇਖ ਕੇ ਭਾਜਪਾ ਗੱਠਜੋੜ ਲਈ ਤਿਆਰ ਹੋ ਜਾਵੇਗੀ? ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਜੇਕਰ 1996 ਵਾਲੇ ਹਾਲਾਤ ਨਾਲ ਮੇਲ ਕਰਕੇ ਦੇਖਿਆ ਜਾਵੇ ਤਾਂ ਉਸ ਸਮੇਂ ਅਕਾਲੀ ਦਲ ਬਹੁਤ ਮਜ਼ਬੂਤ ਸੀ। ਹੁਣ ਉਸ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਭਰਤੀ ਕਰਕੇ ਨਵਾਂ ਅਕਾਲੀ ਦਲ ਵੀ ਹੋਂਦ ਵਿੱਚ ਆਇਆ ਵਿਖਾਈ ਦਿੰਦਾ ਹੈ, ਉਸਦੀ ਭਰਤੀ ਵੀ ਤੀਹ ਲੱਖ ’ਤੇ ਪਹੁੰਚ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਭਾਜਪਾ ਗੱਠਜੋੜ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗੀ। ਭਾਜਪਾ ਸ਼ਹਿਰੀ ਖੇਤਰਾਂ ਵਿੱਚ ਪਹਿਲਾਂ ਨਾਲੋਂ ਮਜ਼ਬੂਤ ਵੀ ਹੋਈ ਹੈ। ਕਈ ਅਕਾਲੀ ਅਤੇ ਕਾਂਗਰਸੀ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਚਲੇ ਗਏ ਹਨ। ਬਹੁਤ ਸਾਰੇ ਪੇਂਡੂ ਖੇਤਰ ਵਿੱਚ ਵੀ ਭਾਜਪਾ ਆਪਣੀਆਂ ਇਕਾਈਆਂ ਬਣਾਉਣ ਵਿੱਚ ਸਫ਼ਲ ਹੋ ਗਈ ਹੈ। ਅਜਿਹੇ ਹਾਲਾਤ ਵਿੱਚ ਭਾਜਪਾ ਨੂੰ ਗੱਠਜੋੜ ਦੀ ਬਹੁਤੀ ਜ਼ਰੂਰਤ ਨਹੀਂ ਲਗਦੀ, ਬਲਕਿ ਅਕਾਲੀ ਦਲ ਦੀ ਮਜਬੂਰੀ ਹੋ ਸਕਦੀ ਹੈ।
ਭਾਜਪਾ ਨੇ ਜੇਕਰ ਗੱਠਜੋੜ ਕਰਨਾ ਵੀ ਹੋਇਆ ਤਾਂ ਉਸ ਨਾਲ ਕਰੇਗੀ, ਜਿਸਨੂੰ ਪੰਜਾਬ ਦੇ ਲੋਕ ਹੁੰਗਾਰਾ ਦਿੰਦੇ ਹੋਣ ਤੇ ਵੱਧ ਵੋਟਾਂ ਹਾਸਲ ਕੀਤੀਆਂ ਜਾ ਸਕਣ। ਅੱਜ ਭਾਜਪਾ ਨੂੰ ਅਕਾਲੀ ਦਲ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸਪਸ਼ਟ ਦਿਖਾਈ ਦਿੰਦਾ ਹੈ। ਇਸੇ ਲਈ ਸ੍ਰੀ ਸੁਨੀਲ ਜਾਖ਼ੜ ਨੇ ਅਕਾਲੀ ਦਲ ਨਾਲ ਗੱਠਜੋੜ ਕਰਨ ਦਾ ਸੁਝਾਅ ਜ਼ਰੂਰ ਦਿੱਤਾ ਹੈ, ਪਰ ਕਿਹੜੇ ਅਕਾਲੀ ਦਲ ਨਾਲ ਕੀਤਾ ਜਾਵੇ, ਇਹ ਸਪਸ਼ਟ ਨਹੀਂ ਕੀਤਾ। ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਸ੍ਰੀ ਜਾਖੜ ਨੇ ਦਿਲੋਂ ਇਸ ਗੱਠਜੋੜ ਨੂੰ ਕਾਇਮ ਕਰਨ ਲਈ ਬਿਆਨ ਦਿੱਤਾ ਹੈ ਜਾਂ ਆਪਣੀ ਪ੍ਰਧਾਨਗੀ ਕਾਇਮ ਕਰਨ ਲਈ ਹੀ ਦਾਗਿਆ ਹੈ। ਭਾਜਪਾ ਨੇ ਬੀਤੇ ਦਿਨੀਂ ਸ੍ਰੀ ਅਸ਼ਵਨੀ ਕੁਮਾਰ ਨੂੰ ਪੰਜਾਬ ਪ੍ਰਦੇਸ਼ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ, ਉਸ ਸਮੇਂ ਇਹ ਚਰਚਾ ਜ਼ੋਰਾਂ ’ਤੇ ਚੱਲੀ ਸੀ ਕਿ ਕੁਝ ਦਿਨਾਂ ਬਾਅਦ ਉਸ ਨੂੰ ਪੂਰਾ ਪ੍ਰਧਾਨ ਬਣਾ ਦਿੱਤਾ ਜਾਵੇਗਾ। ਇਸ ਲਈ ਸ੍ਰੀ ਜਾਖੜ ਦੇ ਗੱਠਜੋੜ ਵਾਲੇ ਸੁਝਾਅ ਨੂੰ ਲੋਕ ਇਸ ਤਰਕ ਨਾਲ ਵੀ ਦੇਖ ਰਹੇ ਹਨ ਕਿ ਇਸ ਵੱਡੇ ਕੰਮ ਦੇ ਸਹਾਰੇ ਪ੍ਰਧਾਨਗੀ ਕਾਇਮ ਰੱਖੀ ਜਾ ਸਕਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਜਾਖੜ ਦੇ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਚਰਚਾ ਛਿੜ ਗਈ ਹੈ ਪਰ ਭਾਜਪਾ ਅਕਾਲੀ ਦਲ ਬਾਦਲ ਦਾ ਗੱਠਜੋੜ ਹੋਣ ਦੀਆਂ ਬਹੁਤੀਆਂ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਇਹ ਠੀਕ ਹੈ ਕਿ ਸਿਆਸੀ ਪਾਰਟੀਆਂ ਚੋਣਾਂ ਜਿੱਤਣ ਲਈ ਗੱਠਜੋੜ ਕਰਦੀਆਂ ਰਹਿੰਦੀਆਂ ਹਨ ਅਤੇ ਭਾਜਪਾ ਦੀ ਨਿਗਾਹ ਉਚੇਚੇ ਤੌਰ ’ਤੇ ਪੰਜਾਬ ਵਿੱਚ ਸੱਤਾ ਹਾਸਲ ਕਰਨ ਵੱਲ ਹੈ। ਫਿਰ ਵੀ ਭਾਜਪਾ ਨੂੰ ਇਸਦੀ ਬਹੁਤੀ ਲੋੜ ਨਹੀਂ, ਜਦੋਂ ਕਿ ਆਪਣੇ ਪੈਰਾਂ ਤੇ ਮੁੜ ਖੜ੍ਹੇ ਹੋਣ ਲਈ ਅਕਾਲੀ ਦਲ ਦੀ ਲੋੜ ਹੋ ਸਕਦੀ ਹੈ।
ਗੱਠਜੋੜ ਹੋਵੇਗਾ ਜਾਂ ਨਹੀਂ, ਕਿਹੜੇ ਅਕਾਲੀ ਦਲ ਨਾਲ ਹੋਵੇਗਾ, ਕਿਹੜੀਆਂ ਸ਼ਰਤਾਂ ’ਤੇ ਹੋਵੇਗਾ, ਇਨ੍ਹਾਂ ਸਵਾਲਾਂ ਦੇ ਜਵਾਬ ਭਵਿੱਖ ਦੇ ਗਰਭ ਵਿੱਚ ਹਨ। ਪੰਜਾਬ ਦੇ ਲੋਕ ਵੀ ਹੁਣ ਬਹੁਤ ਜਾਗਰੂਕ ਹਨ। ਲੋਕਾਂ ਦੀ ਰਾਇ ਹਾਸਲ ਕੀਤੇ ਬਗੈਰ ਕੀਤਾ ਕੋਈ ਗੱਠਜੋੜ ਸਫ਼ਲ ਨਹੀਂ ਹੋ ਸਕੇਗਾ। ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ, ਚੋਣਾਂ ਨੇੜੇ ਆ ਰਹੀਆਂ ਹਨ। ਬੱਸ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਵਾਲੀ ਸਥਿਤੀ ਬਣੀ ਹੋਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (