“ਯੁੱਧ ਵਿੱਚ ਹਾਕਮ ਬਰੂਦ ਵੰਡਦੇ ਹਨ, ਅਮੀਰ ਭੋਜਨ ਪਰੋਸਦੇ ਹਨ ਅਤੇ ਗਰੀਬ ਆਪਣੇ ਬੱਚੇ। ਜਦੋਂ ...”
(17 ਅਕਤੂਬਰ 2025)
ਜੰਗ ਕਿਤੇ ਵੀ ਲੜੀ ਜਾਵੇ, ਉਸਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ। ਲਹੂ ਮਨੁੱਖਤਾ ਦਾ ਡੁੱਲ੍ਹਦਾ ਹੈ। ਜੰਗ ਨਾਲ ਤਬਾਹੀ, ਕਹਿਰ, ਨਸਲਕੁਸ਼ੀ, ਉਜਾੜਾ ਹੁੰਦਾ ਹੈ, ਸ਼ਾਂਤੀ ਭੰਗ ਹੁੰਦੀ ਹੈ, ਲੋਥਾਂ ਦੇ ਅੰਬਾਰ ਲਗਦੇ ਹਨ। ਇਸਦੇ ਬਾਵਜੂਦ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਸਰਬੀਆ ਦੀ ਕਹਾਵਤ ਹੈ, “ਯੁੱਧ ਵਿੱਚ ਹਾਕਮ ਬਰੂਦ ਵੰਡਦੇ ਹਨ, ਅਮੀਰ ਭੋਜਨ ਪਰੋਸਦੇ ਹਨ ਅਤੇ ਗਰੀਬ ਆਪਣੇ ਬੱਚੇ। ਜਦੋਂ ਯੁੱਧ ਖਤਮ ਹੋ ਜਾਂਦਾ ਹੈ ਤਾਂ ਹਾਕਮ ਆਪਣਾ ਬਚਿਆ ਹੋਇਆ ਬਰੂਦ ਇਕੱਠਾ ਕਰਦੇ ਹਨ, ਅਮੀਰਾਂ ਕੋਲ ਵੱਧ ਅਨਾਜ ਜਮ੍ਹਾਂ ਹੋ ਜਾਂਦਾ ਹੈ, ਗਰੀਬ ਆਪਣੇ ਬੱਚਿਆਂ ਦੀਆਂ ਕਬਰਾਂ ਫਰੋਲਦੇ ਹਨ।” ਯੁੱਧ ਲੜਨੇ ਹਾਕਮਾਂ ਦੀ ਸੋਚ ਹੈ, ਜੰਗ ਵਿੱਚ ਜਿੱਤ ਹਾਰ ਕਿਸੇ ਦੀ ਨਹੀਂ ਹੁੰਦੀ, ਇਹ ਇੱਕ ਭਰਮ ਹੀ ਸਿਰਜਿਆ ਜਾਂਦਾ ਹੈ। ਜੰਗ ਵਿੱਚ ਗਰੀਬ ਕਿਰਤੀ ਲੋਕ ਮਰਦੇ ਹਨ, ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ, ਹਾਕਮਾਂ ਦਾ ਨਹੀਂ। ਆਮ ਲੋਕ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ ਅਤੇ ਨਾ ਹੀ ਉਹਨਾਂ ਦੀ ਇੱਕ ਦੂਜੇ ਨਾਲ ਕੋਈ ਨਫਰਤ ਹੁੰਦੀ ਹੈ, ਫਿਰ ਵੀ ਉਹ ਮਾਰ ਦਿੱਤੇ ਜਾਂਦੇ ਹਨ। ਇਹ ਮੌਤ ਹਾਕਮਾਂ ਦਾ ਵਪਾਰ ਹੈ। ਇਸ ਸਬੰਧੀ ਚਿੰਤਕ ਫਰਾਂਸਿਸ ਪੀ ਡੈਨੀ ਦਾ ਕਥਨ ਹੈ, “ਕੋਈ ਸਿਪਾਹੀ ਯੁੱਧ ਸ਼ੁਰੂ ਨਹੀਂ ਕਰਦਾ, ਉਹ ਕੇਵਲ ਜਾਨ ਦੀ ਬਾਜ਼ੀ ਲਾਉਂਦਾ ਹੈ। ਯੁੱਧ ਸ਼ੁਰੂ ਕਰਦੇ ਹਨ ਧਨਾਢ ਲੋਕ ਜਾਂ ਸਿਆਸਤਦਾਨਾਂ।” ਜਦੋਂ ਜੰਗ ਲਗਦੀ ਹੈ ਤਾਂ ਬੱਚੇ ਯਤੀਮ ਹੁੰਦੇ ਹਨ, ਧੀਆਂ ਵਿਧਵਾ ਹੁੰਦੀਆਂ ਹਨ, ਪੁੱਤਾਂ ਦੀਆਂ ਲਾਸ਼ਾਂ ਮਾਪਿਆਂ ਨੂੰ ਸਮੇਟਣੀਆਂ ਪੈਂਦੀਆਂ ਹਨ।
ਕੁਝ ਸਮਾਂ ਪਹਿਲਾਂ ਪਹਿਲਗਾਮ ਵਿਖੇ ਕੀਤੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਅਪਰੇਸ਼ਨ ਸਿੰਧੂਰ ਦੇ ਨਾਂ ਹੇਠ ਅੱਤਵਾਦ ਵਿਰੁੱਧ ਪਾਕਿਸਤਾਨ ਉੱਤੇ ਕਾਰਵਾਈ ਕੀਤੀ ਗਈ ਸੀ, ਜਿਸਦੀ ਹਰ ਪਾਸਿਉਂ ਸ਼ਲਾਘਾ ਹੋਈ ਸੀ। ਦਹਿਸ਼ਤਗਰਦਾਂ ਨੇ ਪਹਿਲਗਾਮ ਵਿਖੇ ਬੇਕਸੂਰ ਸੈਲਾਨੀਆਂ ਨੂੰ ਮਾਰ ਮੁਕਾਇਆ ਸੀ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਭਾਰਤ ਵੱਲੋਂ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ। ਇਹ ਕਾਰਵਾਈ ਨੌਂ ਟਿਕਾਣਿਆਂ ’ਤੇ ਕੀਤੀ ਗਈ, ਜਿਸ ਵਿੱਚ ਬਹਾਵਲਪੁਰ, ਮੁਰੀਦ ਕੇ, ਬਾਗ, ਕੋਟਲੀ, ਮੁਜੱਫਰਾਬਾਦ ਮੁੱਖ ਟਿਕਾਣੇ ਸਨ। ਇਨ੍ਹਾਂ ਵਿੱਚੋਂ ਬਹਾਵਲਪੁਰ ਅੱਤਵਾਦੀ ਜਥੇਬੰਦੀ ਜੈਸ਼ ਏ ਮੁਹੰਮਦ ਦਾ ਮੁੱਖ ਟਿਕਾਣਾ ਸੀ ਜਦੋਂ ਕਿ ਮੁਰੀਦ ਕੇ ਇੱਕ ਹੋਰ ਦਹਿਸ਼ਤੀ ਜਥੇਬੰਦੀ ਲਸ਼ਕਰ ਏ ਤੋਇਬਾ ਦਾ ਹੈੱਡਕੁਆਟਰ ਸੀ। ਇਨ੍ਹਾਂ ਟਿਕਾਣਿਆਂ ’ਤੇ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ ਇੱਕ ਸੌ ਦੇ ਕਰੀਬ ਹੋ ਗਈ ਸੀ। ਜੈਸ਼ ਏ ਮੁਹੰਮਦ ਦੇ ਮੁਖੀ ਮੌਲਾਨਾ ਮਜੂਦ ਅਜਹਰ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਹੋਰ ਰਿਸ਼ਤੇਦਾਰ ਇਸ ਕਾਰਵਾਈ ਵਿੱਚ ਮਾਰੇ ਗਏ। ਇਸ ਤੋਂ ਬਾਅਦ ਅਜਹਰ ਇਹ ਕਹਿੰਦਾ ਸੁਣਿਆ ਗਿਆ ਹੈ ਕਿ ਉਹ ਵੀ ਕਿਉਂ ਨਾ ਮਰ ਗਿਆ। ਭਾਰਤੀ ਫੌਜ ਨੇ ਵੀ ਇਹ ਸਾਬਤ ਕਰ ਦਿੱਤਾ ਸੀ ਕਿ ਉਹ ਹਰ ਟਾਕਰੇ ਲਈ ਸਮਰੱਥ ਹੈ। ਉਸ ਸਮੇਂ ਅਮਰੀਕਾ ਦੌਰੇ ਦੌਰਾਨ ਮਾਰਸ਼ਲ ਮੁਨੀਰ ਨੇ ਫਲੋਰੀਡਾ ਰਾਜ ਦੇ ਸ਼ਹਿਰ ਟੈਂਪਾ ਵਿਖੇ ਇੱਕ ਪਾਕਿਸਤਾਨੀ ਨਾਗਰਿਕ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਭਾਸ਼ਣ ਕਰਦਿਆਂ ਕਿਹਾ ਸੀ ਕਿ ਜੇ ਅਸੀਂ ਤਬਾਹ ਹੋਏ ਤਾਂ ਅੱਧੀ ਦੁਨੀਆਂ ਨੂੰ ਲੈ ਕੇ ਜਾਵਾਂਗੇ। ਮੁਨੀਰ ਇਹ ਬਿਆਨ ਆਪਣੇ ਦੇਸ਼ ਦੇ ਪ੍ਰਮਾਣੂ ਬੰਬਾਂ ਦੀ ਹੋਂਦ ਦੇ ਹੰਕਾਰ ਵਿੱਚ ਦੇ ਰਿਹਾ ਸੀ। ਉਸ ਨੂੰ ਸਮਝਣਾ ਚਾਹੀਦਾ ਸੀ ਕਿ ਹਥਿਆਰਾਂ ਉੱਤੇ ਵਿਸ਼ਵਾਸ ਕਰਨਾ ਇੱਕ ਬਹੁਤ ਵੱਡਾ ਰੋਗ ਹੈ, ਜਿਸਨੇ ਦੁਨੀਆਂ ਭਰ ਨੂੰ ਨੁਕਸਾਨ ਪਹੁੰਚਾਇਆ ਹੈ, ਸੰਸਾਰ ਦੀ ਸ਼ਾਂਤੀ ਭੰਗ ਕੀਤੀ ਹੈ ਅਤੇ ਮਨੁੱਖਤਾ ਦਾ ਘਾਣ ਕੀਤਾ ਹੈ। ਪ੍ਰਮਾਣੂ ਬੰਬ ਕੇਵਲ ਪਾਕਿਸਤਾਨ ਕੋਲ ਹੀ ਨਹੀਂ, ਬਲਕਿ ਭਾਰਤ ਕੋਲ ਤਾਂ ਉਸ ਤੋਂ ਵੱਧ ਅਤੇ ਸ਼ਕਤੀਸ਼ਾਲੀ ਬੰਬ ਹੋ ਸਕਦੇ ਹਨ। ਭਾਰਤ ਕੋਈ ਖਾਲੀ ਹੱਥ ਬੈਠਾ ਪਾਕਿਸਤਾਨ ਦੇ ਮੂੰਹ ਵੱਲ ਨਹੀਂ ਦੇਖ ਰਿਹਾ। ਭਾਰਤ ਸ਼ਾਂਤੀ ਚਾਹੁੰਦਾ ਹੈ ਅਤੇ ਮਨੁੱਖਤਾ ਅਤੇ ਵਾਤਾਵਰਣ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹੈ। ਪਾਕਿਸਤਾਨ ਦੇ ਦਹਿਸ਼ਤਗਰਦਾਂ ਨੂੰ ਧਨਾਢਾਂ ਅਤੇ ਸਿਆਸਤਦਾਨਾਂ ਦੀ ਸ਼ਹਿ ਹੈ, ਜੋ ਇਸ ਜੰਗ ਦਾ ਆਧਾਰ ਬਣੇ।
ਦੁਨੀਆਂ ਦੇ ਮਹਾਨ ਫਿਲਾਸਫਰ ਰਸੂਲ ਹਮਜ਼ਾਤੋਵ ਨੇ ਕਿਹਾ ਸੀ ਕਿ ਸਿਆਣੇ ਦੇ ਹੱਥਾਂ ਵਿੱਚ ਸੱਪ ਦੀ ਜ਼ਹਿਰ ਵੀ ਭਲਾ ਕਰ ਸਕਦੀ ਹੈ ਅਤੇ ਮੂਰਖ ਦੇ ਹੱਥਾਂ ਵਿੱਚ ਸ਼ਹਿਦ ਵੀ ਨੁਕਸਾਨ ਕਰ ਸਕਦਾ ਹੈ। ਮੁਨੀਰ ਦੇ ਬਿਆਨ ਦੇ ਸੰਦਰਭ ਵਿੱਚ ਹਮਜ਼ਾਤੋਵ ਦਾ ਵਿਚਾਰ ਅੱਜ ਵੀ ਖ਼ਰਾ ਵਿਖਾਈ ਦਿੰਦਾ ਹੈ। ਪਾਕਿਸਤਾਨ ਦੇ ਹੱਥਾਂ ਵਿੱਚ ਪਿਆ ਪ੍ਰਮਾਣੂ ਸਮਾਨ ਮਨੁੱਖਤਾ ਦੇ ਘਾਣ ਵੱਲ ਸੇਧਤ ਹੈ ਅਤੇ ਭਾਰਤ ਕੋਲ ਪਿਆ ਪ੍ਰਮਾਣੂ ਸਮਾਨ ਵਿਕਾਸ ਵੱਲ ਸੇਧਤ ਹੈ। ਮਨੁੱਖਤਾ ਦਾ ਅਸਲੀ ਰੂਪ ਸ਼ਾਂਤਮਈ ਹਿਰਦੇ ਵਿੱਚ ਹੈ, ਅਸਾਂਤੀ ਵਿੱਚ ਨਹੀਂ। ਭਾਰਤ ਅੱਜ ਦੁਨੀਆਂ ਦੀ ਬਹੁਤ ਵੱਡੀ ਸ਼ਕਤੀ ਬਣ ਚੁੱਕਾ ਹੈ, ਪਰ ਉਹ ਹੰਕਾਰ ਦੀ ਬਜਾਏ ਮਨੁੱਖਤਾ ਪ੍ਰਤੀ ਹਮਦਰਦੀ ਅਤੇ ਸ਼ਾਂਤੀ ਲਈ ਕਾਰਜ ਕਰ ਰਿਹਾ ਹੈ।
ਇਸ ਕੁਝ ਦਿਨਾਂ ਦੀ ਜੰਗ ਵਿੱਚ ਮੂੰਹ ਦੀ ਖਾਣ ਤੋਂ ਬਾਅਦ ਵੀ ਪਾਕਿਸਤਾਨ ਆਪਣੀ ਔਕਾਤ ਵਿੱਚ ਨਹੀਂ ਰਹਿ ਰਿਹਾ। ਹੁਣ ਫਿਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਧਮਕੀ ਦਿੱਤੀ ਕਿ ਹੁਣ ਜੰਗ ਹੋਈ ਤਾਂ ਭਾਰਤ ਆਪਣੇ ਹੀ ਲੜਾਕੇ ਜਹਾਜ਼ਾਂ ਦੇ ਮਲਬੇ ਹੇਠ ਦੱਬਿਆ ਨਜ਼ਰ ਆਵੇਗਾ। ਧਮਕੀ ਬਰਦਾਸ਼ਤ ਕਰਨੀ ਵੀ ਭਾਰਤ ਲਈ ਔਖੀ ਸੀ, ਇਸਦੇ ਜਵਾਬ ਵਿੱਚ ਭਾਰਤੀ ਫੌਜ ਦੇ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਨਾ ਰੋਕਿਆ ਤਾਂ ਉਸਦਾ ਵਿਸ਼ਵ ਦੇ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਰਾਜਸਥਾਨ ਦੇ ਅਨੂਪਗੜ੍ਹ ਵਿੱਚ ਬੋਲਦਿਆਂ ਉਹਨਾਂ ਕਿਹਾ ਸੀ ਕਿ ਇਸ ਵਾਰ ਸੰਜਮ ਨਹੀਂ ਵਰਤਾਂਗੇ। ਜੇ ਪਾਕਿਸਤਾਨ ਭੂਗੋਲਿਕ ਦ੍ਰਿਸ਼ਟੀਕੋਣ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਅੱਤਵਾਦ ਰੋਕਣਾ ਪਵੇਗਾ। ਇੱਥੇ ਹੀ ਬੱਸ ਨਹੀਂ, ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਬਿਆਨ ਦਿੱਤਾ ਕਿ ਪਾਕਿਸਤਾਨ ਅਣਵੰਡੇ ਭਾਰਤ ਦਾ ਹੀ ਹਿੱਸਾ ਹੈ, ਲਗਦਾ ਹੈ ਜਿਵੇਂ ਭਾਰਤ ਰੂਪੀ ਘਰ ਦੇ ਇੱਕ ਕਮਰੇ ’ਤੇ ਕਿਸੇ ਨੇ ਕਬਜ਼ਾ ਕੀਤਾ ਹੋਵੇ। ਅਸੀਂ ਕਮਰਾ ਵਾਪਸ ਲੈਣਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਣੇ ਦੇਸ਼ ਦੀ ਫੌਜ ’ਤੇ ਮਾਣ ਕਰਦੇ ਹਨ ਅਤੇ ਕਹਿੰਦੇ ਰਹਿੰਦੇ ਹਨ ਕਿ ਭਾਰਤੀ ਫੌਜ ਹਰ ਤਰ੍ਹਾਂ ਸਮਰੱਥ ਹੈ। ਹੁਣ ਫਿਰ ਖਵਾਜ਼ਾ ਆਸਿਫ ਨੇ ਕਿਹਾ ਕਿ ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਬਿਆਨ ਧਮਕੀਆਂ ਭਰੇ ਹਨ ਅਤੇ ਭੜਕਾਊ ਹਨ। ਦੋਵਾਂ ਕੋਲ ਐਟਮੀ ਬੰਬ ਹੋਣ ਦੇ ਚਰਚੇ ਹਨ, ਇਸ ਲਈ ਇਹ ਖਤਰਾ ਮੰਡਲਾ ਰਿਹਾ ਹੈ ਕਿ ਕਿਸੇ ਵੀ ਸਮੇਂ ਮੁੜ ਜੰਗ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ।
ਇਹ ਸਚਾਈ ਹੈ ਕਿ ਬੰਬਾਂ, ਬੰਦੂਕਾਂ ਦੇ ਦਿਲ ਨਹੀਂ ਹੁੰਦੇ ਜੋ ਮਾਸੂਮਾਂ ਦੇ ਹਉਕਿਆਂ ਨੂੰ ਸੁਣ ਲੈਣ, ਕੰਨ ਨਹੀਂ ਹੁੰਦੇ ਜੋ ਵਿਧਵਾਵਾਂ ਦੇ ਵੈਣ ਸੁਣ ਲੈਣ। ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਜੰਗਾਂ ਲੜੀਆਂ ਜਾਂਦੀਆਂ ਹਨ, ਮਨੁੱਖਤਾ ਦਾ ਘਾਣ ਕੀਤਾ ਜਾਂਦਾ ਹੈ। ਅੱਜ ਇਹ ਜੰਗਾਂ ਪੂੰਜੀਵਾਦ ਦੀ ਲੋੜ ਬਣ ਚੁੱਕੀਆਂ ਹਨ। ਮੰਡੀ ਦਾ ਅਸੂਲ ਹੈ ਕਿ ਕਿਸੇ ਚੀਜ਼ ਦਾ ਉਤਪਾਦਨ ਲਾਭ ਲਈ ਕੀਤਾ ਜਾਂਦਾ ਹੈ, ਉਸਦੀ ਵਰਤੋਂ ਕਿਵੇਂ ਅਤੇ ਕਿਉਂ ਕਰਨੀ ਹੈ, ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਮਾਰੂ ਹਥਿਆਰਾਂ ਦਾ ਉਤਪਾਦਨ ਲਾਭ ਲਈ ਕੀਤਾ ਜਾਂਦਾ ਹੈ, ਮਨੁੱਖਤਾ ਦੀ ਮੌਤ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਪਰ ਜੰਗ ਲੋਕ ਨਹੀਂ ਚਾਹੁੰਦੇ, ਦੇਸ਼ ਦਾ ਵਿਕਾਸ, ਸ਼ਾਂਤੀ ਅਤੇ ਭਾਈਚਾਰਕ ਏਕਤਾ ਨਾਲ ਹੀ ਸੰਭਵ ਹੈ। ਯੁੱਧ ਮਨੁੱਖਤਾ ਦਾ ਵਿਨਾਸ਼ ਕਰਦੇ ਹਨ ਅਤੇ ਦੇਸ਼ਾਂ ਦੀਆਂ ਤਰੱਕੀ ਅਤੇ ਵਿਕਾਸ ਰੋਕਦੇ ਹਨ।
ਸੋ ਦੋਵਾਂ ਦੇਸ਼ਾਂ ਦੇ ਹਾਕਮਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੰਗਾਂ ਮਨੁੱਖਤਾ ਦੇ ਭਲੇ ਲਈ ਨਹੀਂ ਹੁੰਦੀਆਂ। ਉਹ ਭੜਕਾਊ ਬਿਆਨ ਦੇ ਕੇ ਹਾਲਾਤ ਵਿਗਾੜਨ ਦੀ ਬਜਾਏ ਗੱਲਬਾਤ ਰਾਹੀਂ ਮਾਹੌਲ ਨੂੰ ਸ਼ਾਂਤ ਰੱਖਣ, ਆਪਸੀ ਸਾਂਝ ਬਣਾਉਣ, ਦੇਸ਼ਾਂ ਦੇ ਵਿਕਾਸ ਲਈ ਰਲ ਕੇ ਕਦਮ ਚੁੱਕਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (