“ਇਸ ਵਾਰ ਨੋਬਲ ਪੁਰਸਕਾਰ ਕਮੇਟੀ ਵੱਲੋਂ ਕੁੱਲ 338 ਨਾਂਵਾਂ ’ਤੇ ਵਿਚਾਰ ਕੀਤੀ ਜਾ ਰਹੀ ਸੀ ...”
(11 ਅਕਤੂਬਰ 2025)
ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਵੈਂਨਜ਼ੁਏਲਾ ਦੀ ਲੋਕ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ ਸੰਸਾਰ ਪ੍ਰਸਿੱਧ ਨੋਬਲ ਪੁਰਸਕਾਰ ਮਿਲਣਾ ਲੋਕਤੰਤਰ ਦੀ ਜਿੱਤ ਹੈ। ਨੋਬਲ ਪੁਰਸਕਾਰ ਕੋਈ ਆਮ ਪੁਰਸਕਾਰ ਨਹੀਂ ਹੈ, ਸੰਸਾਰ ਦਾ ਸਭ ਤੋਂ ਵੱਡਾ ਸਨਮਾਨ ਹੈ। 1895 ਵਿੱਚ ਰਸਾਇਣ ਵਿਗਿਆਨੀ ਤੇ ਵਪਾਰੀ ਅਲਫਰੈੱਡ ਨੋਬਲ ਅਨੁਸਾਰ ਦਿੱਤਾ ਜਾਣ ਵਾਲਾ ਇਹ ਐਵਾਰਡ ਮੈਡੀਸਨ, ਰਸਾਇਣ ਵਿਗਿਆਨ, ਸਾਹਿਤ, ਭੌਤਿਕ ਵਿਗਿਆਨ, ਸ਼ਾਂਤੀ ਅਤੇ ਅਰਥ ਸ਼ਾਸਤਰ ਦੇ ਆਧਾਰ ਤੇ ਹਰ ਸਾਲ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵੱਲੋਂ ਦਿੱਤਾ ਜਾਂਦਾ ਹੈ। ਇਹ ਸਨਮਾਨ ਕੰਮ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ, ਇਸ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ। ਇਹ ਪੁਰਸਕਾਰ ਸਭ ਤੋਂ ਛੋਟੀ ਉਮਰ ਵਿੱਚ 17 ਸਾਲਾ ਮਲਾਲਾ ਯੂਸਫਜ਼ਈ ਨੂੰ ਸ਼ਾਂਤੀ ਪੁਰਸਕਾਰ ਵਜੋਂ 2014 ਵਿੱਚ ਅਤੇ ਜੌਹਨ ਬੀ ਗੁੱਡਨਫ ਨੂੰ 97 ਸਾਲ ਦੀ ਉਮਰ ਵਿੱਚ ਰਸਾਇਣ ਵਿਗਿਆਨ ਪੁਰਸਕਾਰ ਵਜੋਂ 2019 ਵਿੱਚ ਦਿੱਤਾ ਗਿਆ ਸੀ। ਭਾਰਤ ਦੇ ਸੱਤ ਵਿਅਕਤੀਆਂ ਰਬਿੰਦਰ ਨਾਥ ਟੈਗੋਰ, ਸੀ ਵੀ ਰਮਨ, ਮਦਰ ਟੈਰੇਸਾ, ਸੁਬਰਾਮਨੀਅਮ ਚੰਦਰ ਸ਼ੇਖਰ, ਅਮਰੱਤਿਆ ਸੇਨ, ਵੈਂਕਟਰਮਨ ਰਾਮ ਕ੍ਰਿਸ਼ਣਨ ਤੇ ਕੈਲਾਸ਼ ਸਤਿਆਰਥੀ ਨੂੰ ਇਹ ਸਨਮਾਨ ਮਿਲ ਚੁੱਕਾ ਹੈ।
ਇਸ ਵਾਰ ਨੋਬਲ ਪੁਰਸਕਾਰ ਕਮੇਟੀ ਵੱਲੋਂ ਕੁੱਲ 338 ਨਾਂਵਾਂ ’ਤੇ ਵਿਚਾਰ ਕੀਤੀ ਜਾ ਰਹੀ ਸੀ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਮਾਰੀਆ ਕੋਰੀਨਾ ਮਚਾਡੋ ਦਾ ਨਾਂ ਵੀ ਸ਼ਾਮਲ ਸੀ। ਇਹ ਇਨਾਮ ਪ੍ਰਾਪਤ ਕਰ ਲੈਣ ਦੀ ਟਰੰਪ ਨੂੰ ਵੱਡੀ ਉਮੀਦ ਸੀ। ਉਸਦਾ ਕਹਿਣਾ ਸੀ ਕਿ ਉਸਨੇ ਅੱਠ ਦੇਸ਼ਾਂ ਦੀਆਂ ਜੰਗਾਂ ਰੋਕੀਆਂ ਹਨ, ਇਸ ਲਈ ਉਹ ਸ਼ਾਂਤੀ ਦੇ ਆਧਾਰ ’ਤੇ ਨੋਬਲ ਪੁਰਸਕਾਰ ਦਾ ਹੱਕਦਾਰ ਹੈ। ਕਈ ਹੋਰ ਦੇਸ਼ਾਂ ਪਾਕਿਸਤਾਨ, ਇਜ਼ਰਾਈਲ, ਅਮੇਨੀਆ, ਅਯਰਵੇਨ, ਕੰਬੋਡੀਆ, ਰਵਾਂਡਾ ਆਦਿ ਨੇ ਵੀ ਟਰੰਪ ਨੂੰ ਇਹ ਸਨਮਾਨ ਦੇਣ ਦਾ ਸਮਰਥਨ ਕੀਤਾ ਸੀ ਪਰ ਚੋਣ ਕਮੇਟੀ ਨੇ ਸਾਰੇ ਪੱਖਾਂ ਨੂੰ ਡੁੰਘਾਈ ਨਾਲ ਵਿਚਾਰਨ ਉਪਰੰਤ ਇਹ ਸਨਮਾਨ ਵੈਂਨਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਦੀ ਝੋਲੀ ਵਿੱਚ ਪਾ ਦਿੱਤਾ ਹੈ। ਟਰੰਪ ਲਈ ਇਹ ਇੱਕ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਮਚਾਡੋ ਲੰਬੇ ਸਮੇਂ ਤੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਹੈ। 7 ਅਕਤੂਬਰ 1967 ਨੂੰ ਜਨਮੀ ਮਚਾਡੋ ਉਦਯੋਗਿਕ ਇੰਜਨੀਅਰ ਹੈ। ਉਹ 2002 ਵਿੱਚ ਸਿਆਸਤ ਵਿੱਚ ਸ਼ਾਮਲ ਹੋ ਗਈ ਸੀ। 2010 ਵਿੱਚ ਉਹ ਲੋਕ ਸਭਾ ਲਈ ਚੁਣੀ ਗਈ, ਪਰ ਉੱਥੋਂ ਦੀ ਤਾਨਾਸ਼ਾਹ ਸਰਕਾਰ ਵੱਲੋਂ 2014 ਵਿੱਚ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਉਪਰੰਤ ਉਸਨੇ ਵੇਨਤੇ ਵੈਨਜ਼ੁਏਲਾ ਨਾਂ ਦੀ ਪਾਰਟੀ ਸਥਾਪਤ ਕੀਤੀ, ਗੰਠਬੰਧਨ ਬਣਾਇਆ ਅਤੇ ਤਾਨਾਸ਼ਾਹ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ। ਇਸ ਸਮੇਂ ਉਹ ਦੇਸ਼ ਦੀ ਵਿਰੋਧੀ ਧਿਰ ਦੀ ਨੇਤਾ ਵਜੋਂ ਸੇਵਾਵਾਂ ਨਿਭਾ ਰਹੀ ਹੈ। ਮੌਜੂਦਾ ਸਰਕਾਰ ਨੇ ਉਸ ਉੱਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ, ਗ੍ਰਿਫਤਾਰੀ ਦੀਆਂ ਧਮਕੀਆਂ ਦਿੱਤੀਆਂ, ਸਫਰ ਕਰਨ ’ਤੇ ਰੋਕ ਲਾਈ, ਪਰ ਉਹ ਰੁਕੀ ਨਹੀਂ, ਦੇਸ਼ ਦੀ ਮੌਜੂਦਾ ਤਾਨਾਸ਼ਾਹ ਸਰਕਾਰ ਵਿਰੁੱਧ ਲੜਦੀ ਰਹੀ। ਉਹ ਕਹਿੰਦੀ ਹੈ ਕਿ ਲੋਕਤੰਤਰ ਦਾ ਹਥਿਆਰ ਹੀ ਸ਼ਾਂਤੀ ਦਾ ਹਥਿਆਰ ਹੈ ਅਤੇ ਇਸ ਹਥਿਆਰ ਨਾਲ ਉਹ ਸਾਰੀ ਜ਼ਿੰਦਗੀ ਜੂਝਦੀ ਰਹੇਗੀ।
ਵਿਗਿਆਨੀ ਅਲਫਰੈਡ ਨੋਬਲ ਨੇ ਕਿਹਾ ਸੀ ਕਿ ਸ਼ਾਂਤੀ ਲਈ ਸਭ ਤੋਂ ਚੰਗਾ ਕੰਮ ਭਾਈਚਾਰੇ ਨੂੰ ਵਧਾਉਣਾ ਹੈ। ਮਚਾਡੋ ਨੇ ਵੀ ਸੰਘਰਸ਼ ਕਰਦਿਆਂ ਭਾਈਚਾਰਕ ਏਕੇ ਨੂੰ ਵਧਾਇਆ ਹੈ ਅਤੇ ਸੱਚ ’ਤੇ ਪਹਿਰਾ ਦਿੰਦਿਆਂ ਤਾਨਾਸ਼ਾਹੀ ਦਾ ਡਟ ਕੇ ਵਿਰੋਧ ਕੀਤਾ ਹੈ। ਉਸਦੀਆਂ ਸੇਵਾਵਾਂ ਅਤੇ ਮਿਹਨਤ ਨੂੰ ਦੇਖਦਿਆਂ ਹੀ ਨੋਬਲ ਕਮੇਟੀ ਦੇ ਚੇਅਰਮੈਨ ਜੌਰਗੇਨ ਵਾਟਨੇ ਨੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਐਲਾਨ ਕਰਦਿਆਂ ਕਿਹਾ, “ਇਹ ਪੁਰਸਕਾਰ ਇੱਕ ਅਜਿਹੀ ਮਹਿਲਾ ਨੂੰ ਦਿੱਤਾ ਜਾ ਰਿਹਾ ਹੈ, ਜਿਸਨੇ ਵਧਦੇ ਹੋਏ ਅੰਧੇਰੇ ਵਿੱਚ ਲੋਕਤੰਤਰ ਦੀ ਲੋਅ ਜਗਾਈ ਹੈ।” ਇਸ ਸਨਮਾਨ ਵਿੱਚ ਸੰਸਾਰ ਪੱਧਰ ਦੇ ਮੈਡਲ ਦੇ ਨਾਲ ਸੱਤ ਕਰੋੜ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ।
ਦੁਨੀਆਂ ਭਰ ਵਿੱਚੋਂ ਤਾਨਾਸ਼ਾਹੀ ਦੇ ਵਿਰੁੱਧ ਸੰਘਰਸ਼ ਕਰ ਰਹੀ ਅਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਜੱਦੋਜਹਿਦ ਕਰਨ ਵਾਲੀ ਮਹਿਲਾ ਨੂੰ ਇਹ ਸਨਮਾਨ ਮਿਲਣਾ ਸਮੁੱਚੀ ਦੁਨੀਆਂ ਲਈ ਮਾਣ ਵਾਲੀ ਗੱਲ ਹੈ। ਇਹ ਸਨਮਾਨ ਹੱਕਾਂ ਲਈ ਜੂਝਣ ਵਾਲੇ ਲੋਕਾਂ ਵਾਸਤੇ ਇੱਕ ਵੱਡਾ ਸੁਨੇਹਾ ਵੀ ਹੈ। ਇਹ ਲੋਕਤੰਤਰ ਦੀ ਜਿੱਤ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (