“ਦਾਮਨ ਹਿੰਦੂ, ਮੁਸਲਿਮ, ਸਿੱਖ ਏਕਤਾ ਨੂੰ ਅਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦਾ ਸੀ। ਸੱਚ ਦੇ ...”
(3 ਦਸੰਬਰ 2025)

ਸਟੇਜਾਂ ਦਾ ਸਿਕੰਦਰ, ਅਜ਼ਾਦੀ ਦਾ ਸ਼ਾਇਰ, ਫੌਜੀ ਤਾਨਾਸ਼ਾਹਾਂ ਦਾ ਤਿੱਖਾ ਆਲੋਚਕ, ਇਨਕਲਾਬੀ ਕਵੀ ਅਤੇ ਪੰਜਾਬੀ ਨੂੰ ਸਮਰਪਿਤ ਸੀ ਲੋਕਾਂ ਦਾ ਮਹਿਬੂਬ, ਅਲਬੇਲਾ ਸ਼ਾਇਰ ਉਸਤਾਦ ਦਾਮਨ। ਉਸਦੀ ਸੱਚ ਉਜਾਗਰ ਕਰਨ ਦੀ ਦਲੇਰੀ ਨੂੰ ਕੁਚਲਣ ਲਈ ਸਮੇਂ ਦੀਆਂ ਸਰਕਾਰਾਂ ਨੇ ਅਸਲਾ ਰੱਖਣ ਤੋਂ ਲੈ ਕੇ ਜਬਰ ਜਨਾਹ ਤਕ ਦੇ ਝੂਠੇ ਕੇਸਾਂ ਵਿੱਚ ਉਲਝਾਇਆ। ਉਸਨੇ ਜੀਵਨ ਵਿੱਚ ਅਨੇਕਾਂ ਦੁੱਖ ਦਰਦ ਝੱਲੇ, ਗਰੀਬੀ ਹੰਢਾਈ, ਫਾਕੇ ਕੱਟੇ ਪਰ ਸੱਚ ਤੋਂ ਮੂੰਹ ਨਹੀਂ ਭੁਆਇਆ ਅਤੇ ਹਕੂਮਤੀ ਲਾਲਚਾਂ ਨੂੰ ਹਮੇਸ਼ਾ ਠੁੱਡੇ ਮਾਰੇ।
ਦਾਮਨ ਦਾ ਦਾਦਾ ਜ਼ਾਲਮ ਕਿਸਮ ਦਾ ਵਿਅਕਤੀ ਸੀ, ਜੋ ਲੁੱਟਮਾਰ ਅਤੇ ਖੋਹ ਖੁਹਾਈ ਵੀ ਕਰ ਲੈਂਦਾ ਸੀ, ਪਰ ਪੈਸੇ ਵਾਲਾ ਹੋਣ ਕਰਕੇ ਬਰਾਦਰੀ ਦਾ ਚੌਧਰੀ ਸੀ। ਉਸਦੀਆਂ ਜ਼ਾਲਮਾਨਾ ਅਤੇ ਘਟੀਆਂ ਕਾਰਵਾਈਆਂ ਅਤੇ ਬੋਲ-ਬਾਣੀ ਦਾ ਅਵੈੜਾ ਹੋਣ ਕਾਰਨ ਉਸਦੇ ਪੁੱਤਰ ਨੂੰ ਕੋਈ ਰਿਸ਼ਤਾ ਕਰਨ ਲਈ ਤਿਆਰ ਨਾ ਹੋਇਆ, ਭਾਵੇਂ ਕਿ ਉਸਦਾ ਪੁੱਤਰ ਹੱਦ ਦਰਜ਼ੇ ਦਾ ਸ਼ਰੀਫ, ਮਿਹਨਤਕਸ਼ ਅਤੇ ਹਲੀਮੀ ਸੁਭਾਅ ਦਾ ਮਾਲਕ ਸੀ। ਆਖ਼ਰ ਦਾਮਨ ਦੇ ਦਾਦੇ ਨੇ ਆਪਣੇ ਪੁੱਤਰ ਲਈ ਮੁੱਲ ਦੀ ਤੀਵੀਂ ਲਿਆਉਣ ਦੀ ਵਿਉਂਤ ਬਣਾ ਲਈ। ਉਹਨਾਂ ਸਮਿਆਂ ਵਿੱਚ ਇਹ ਆਮ ਰਿਵਾਜ਼ ਸੀ। ਉਹ ਧੋਬੀ ਖਾਨਦਾਨ ਦੀ ਇੱਕ ਕੁੜੀ ਪੈਸੇ ਨਾਲ ਆਪਣੇ ਪੁੱਤਰ ਨਾਲ ਵਿਆਹ ਕੇ ਲੈ ਆਇਆ। ਉਹ ਕੁੜੀ ਬਹੁਤ ਖੂਬਸੂਰਤ, ਗੋਰੀ ਚਿੱਟੀ, ਲੰਬੀ ਲੰਝੀ ਸੀ। ਜਦੋਂ ਉਹ ਨੂੰਹ ਬਣ ਕੇ ਘਰ ਆ ਗਈ ਤਾਂ ਦਾਮਨ ਦੇ ਦਾਦੇ ਦੀ ਉਸ ਪ੍ਰਤੀ ਨੀਅਤ ਫਿੱਟ ਗਈ ਤੇ ਉਹ ਉਸ ਉੱਤੇ ਮਾੜੀ ਨਜ਼ਰ ਰੱਖਣ ਲੱਗ ਪਿਆ। ਦੂਜੇ ਪਾਸੇ ਅਣਖ ਇੱਜ਼ਤ ਦੀ ਮਾਲਕ ਨੂੰਹ ਨੇ ਉਸਤੋਂ ਦੂਰੀ ਬਣਾਈ ਰੱਖੀ। 4 ਸਤੰਬਰ 1911 ਨੂੰ ਇਸ ਨੂੰਹ ਨੇ ਇੱਕ ਪੁੱਤਰ ਚਿਰਾਗ਼ ਦੀਨ ਨੂੰ ਜਨਮ ਦਿੱਤਾ।
ਚਿਰਾਗ਼ ਦੀਨ ਦੀ ਮਾਂ ਵੱਲੋਂ ਸਹੁਰੇ ਦੀ ਇੱਛਾ ਦਾ ਵਿਰੋਧ ਕਰਨ ਕਾਰਨ ਉਹ ਚਿਰਾਗ਼ ਨੂੰ ਵੀ ਬੁਰਾ ਹੀ ਸਮਝਦਾ, ਬਿਨਾਂ ਵਜਾਹ ਉਸਨੂੰ ਘੂਰਦਾ ਕੁੱਟਦਾ ਮਾਰਦਾ ਰਹਿੰਦਾ। ਉਸਦੇ ਪਿਤਾ ਦੇ ਮਜ਼ਦੂਰੀ ਦੇ ਸਾਰੇ ਪੈਸੇ ਖੋਹ ਲੈਂਦਾ, ਉਹ ਭੁੱਖੇ ਤਿਹਾਏ ਬੈਠੇ ਆਪਣੇ ਆਪ ਨੂੰ ਕੋਸਦੇ ਰਹਿੰਦੇ। ਆਖ਼ਰੀ ਯਤਨ ਵਜੋਂ ਚਿਰਾਗ਼ ਦੀ ਮਾਂ ਚਿਰਾਗ਼ ਨੂੰ ਲੈ ਕੇ ਆਪਣੀ ਭੈਣ ਕੋਲ ਬਾਗਬਾਨਪੁਰੇ ਚਲੀ ਗਈ। ਚਿਰਾਗ਼ ਦਾ ਬਾਪ ਥੋੜ੍ਹੀ ਬਹੁਤੀ ਮਜ਼ਦੂਰੀ ਕਰਦਾ ਤੇ ਉਸਦੀ ਮਾਂ ਚੌਧਰੀਆਂ ਦੇ ਘਰ ਨੌਕਰਾਣੀ ਵਜੋਂ ਕੰਮ ਕਰਨ ਲੱਗ ਪਈ। ਉਹ ਝਾੜੂ ਪੋਚਾ, ਸਫ਼ਾਈ ਕਰਦੀ, ਰੋਟੀ ਟੁੱਕ ਦਾ ਧੰਦਾ ਕਰਦੀ ਅਤੇ ਚੌਧਰੀਆਂ ਦਾ ਬਚਿਆ ਖੁਚਿਆ ਖਾਣਾ ਜਾਂ ਜੂਠ ਘਰ ਲੈ ਆਉਂਦੀ, ਜਿਸ ਨਾਲ ਉਹ ਢਿੱਡ ਭਰ ਲੈਂਦੇ।
ਚਿਰਾਗ਼ ਕੁਝ ਵੱਡਾ ਹੋਇਆ ਤਾਂ ਉਹ ਇੱਕ ਟੇਲਰ ਮਾਸਟਰ ਵਹਾਬ ਕੋਲ ਦਰਜੀ ਦਾ ਕੰਮ ਸਿੱਖਣ ਲੱਗ ਪਿਆ। ਮਾਸਟਰ ਵਹਾਬ ਧਰਮ ਨਿਰਪੱਖ ਅਤੇ ਵਿਗਿਆਨਕ ਸੋਚ ਦਾ ਧਾਰਨੀ ਸੀ, ਇਸ ਕਰਕੇ ਉਸ ਕੋਲ ਸਿਆਸਤਦਾਨਾਂ ਅਤੇ ਬੁੱਧੀਜੀਵੀ ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਸੀ, ਜੋ ਬੈਠੇ ਬਹਿਸਾਂ ਵਿਚਾਰਾਂ ਕਰਦੇ ਰਹਿੰਦੇ। ਇਨ੍ਹਾਂ ਵਿਚਾਰਾਂ ਦੇ ਪ੍ਰਭਾਵ ਸਦਕਾ ਚਿਰਾਗ਼ ਸ਼ਬਦਾਂ ਦਾ ਜੋੜ ਤੋੜ ਕਰਨਾ ਸਿੱਖ ਗਿਆ। ਉਹ ਕਵਿਤਾ ਦੀ ਰਚਨਾ ਕਰਨ ਲੱਗਾ। ਮਾਸਟਰ ਵਹਾਬ ਕੋਲ ਇੱਕ ਕਾਂਗਰਸੀ ਨੇਤਾ ਇਫਤਾਰ ਖਾਰਦੀਨ ਆਉਂਦਾ ਸੀ, ਜਿਸਨੇ ਚਿਰਾਗ਼ ਦੀ ਕਵਿਤਾ ਉਸਦੇ ਮੂੰਹੋਂ ਸੁਣ ਲਈ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ।
ਉਸ ਸਮੇਂ ਭਾਰਤ ਵਿੱਚ ਅਜ਼ਾਦੀ ਦੀ ਲਹਿਰ ਭਖ ਚੁੱਕੀ ਸੀ। ਅੰਗਰੇਜ਼ਾਂ ਪ੍ਰਤੀ ਨਫਰਤ ਪੈਦਾ ਹੋ ਗਈ ਸੀ। ਕਾਂਗਰਸ ਪਾਰਟੀ ਜਲਸੇ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਸੀ। ਇੱਕ ਦਿਨ ਇਫਤਾਰ ਖਾਰਦੀਨ ਚਿਰਾਗ਼ ਨੂੰ ਕਾਂਗਰਸ ਦੇ ਇੱਕ ਜਲਸੇ ਵਿੱਚ ਲੈ ਗਿਆ। ਚਿਰਾਗ਼ ਨੇ ਜਲਸੇ ਦੇ ਮੰਚ ਤੋਂ ਆਪਣੀ ਨਜ਼ਮ ਪੜ੍ਹੀ, ਜਿਸਨੂੰ ਸਰੋਤਿਆਂ ਨੇ ਖੂਬ ਸਲਾਹਿਆ। ਲੋਕਾਂ ਦਾ ਹੁੰਗਾਰਾ ਦੇਖਦਿਆਂ ਇਫਤਾਰ ਖਾਰਦੀਨ ਨੇ ਉਸਨੂੰ ਇਨਾਮ ਵਜੋਂ ਦਸ ਰੁਪਏ ਦਿੱਤੇ, ਜੋ ਉਸ ਸਮੇਂ ਚੰਗਾ ਇਨਾਮ ਸੀ। ਜਲਸੇ ਦੇ ਮੰਚ ’ਤੇ ਹੀ ਪੰਡਤ ਜਵਾਹਰ ਲਾਲ ਨਹਿਰੂ ਬੈਠੇ ਸਨ, ਜਿਨ੍ਹਾਂ ਕਿਹਾ, “ਇਸ ਲੜਕੇ ਨੂੰ ਇੱਕ ਸੌ ਰੁਪਏ ਹੋਰ ਇਨਾਮ ਮੇਰੇ ਵੱਲੋਂ ਦਿੱਤਾ ਜਾਵੇ ਅਤੇ ਇਸ ਲੜਕੇ ਨੂੰ ਆਪਣੇ ਨਾਲ ਹੀ ਰੱਖ ਕੇ ਸਟੇਜਾਂ ਤੋਂ ਸਮਾਂ ਦਿੱਤਾ ਜਾਇਆ ਕਰੇ।” ਬੱਸ ਫਿਰ ਚਿਰਾਗ਼ ਦੀਨ ਕਾਂਗਰਸ ਦੇ ਜਲਸਿਆਂ ਵਿੱਚ ਨਜ਼ਮਾਂ ਪੜ੍ਹਨ ਲੱਗਾ, ਜਿਸ ਨਾਲ ਉਸਦੇ ਜੀਵਨ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਚਿਰਾਗ਼ ਨੇ ਆਪਣੀ ਸ਼ਾਇਰੀ ਨੂੰ ਹੋਰ ਸੰਵਾਰਨ ਲਈ ਸ਼ਾਇਰ ਉਸਤਾਦ ਹਮਦਮ ਨੂੰ ਗੁਰੂ ਧਾਰ ਲਿਆ। ਇਸੇ ਦੌਰਾਨ ਹੀ ਉਸਨੇ ਆਪਣੇ ਨਾਂ ਨਾਲ ਤਖੱਲਸ ਦਾਮਨ ਲਾ ਲਿਆ। ਬਾਅਦ ਵਿੱਚ ਲੋਕਾਂ ਨੇ ਉਸਨੂੰ ਉਸਤਾਦ ਦਾ ਖਿਤਾਬ ਦਿੱਤਾ ਅਤੇ ਉਹ ਉਸਤਾਦ ਦਾਮਨ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
ਦਾਮਨ ਨੇ ਮਿਹਨਤ ਕਰਦਿਆਂ ਉਰਦੂ, ਸੰਸਕ੍ਰਿਤ, ਹਿੰਦੀ, ਫਾਰਸੀ, ਅੰਗਰੇਜ਼ੀ, ਬੰਗਾਲੀ ਅਤੇ ਪਸ਼ਤੋ ਵੀ ਲੋੜ ਮੁਤਾਬਿਕ ਸਿੱਖ ਲਈਆਂ ਪਰ ਅਸਲੋਂ ਉਹ ਪੰਜਾਬੀ ਨੂੰ ਸਮਰਪਿਤ ਸੀ ਤੇ ਪੰਜਾਬੀ ਉਸਦੀ ਜਿੰਦ ਜਾਨ ਸੀ। ਪੰਜਾਬੀ ਪ੍ਰਤੀ ਆਪਣੀ ਦਿਲੀ ਭਾਵਨਾ ਨੂੰ ਉਹ ਆਪਣੀ ਨਜ਼ਮ ਵਿੱਚ ਇਉਂ ਪ੍ਰਗਟ ਕਰਦਾ ਹੈ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ਵਿੱਚ ਪਲ ਕੇ ਜਵਾਨ ਹੋਇਓ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ, ਜਿੱਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦਾ, ਲੋਕੀਂ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਇੱਕ ਧੀ ਦਾ ਉੱਤਮ ਧਰਮ ਉਹ ਉਸਦੀ ਇੱਜ਼ਤ ਨੂੰ ਸਮਝਦਾ ਸੀ। ਉਹ ਹਮੇਸ਼ਾ ਧੀਆਂ ਭੈਣਾਂ ਨੂੰ ਇੱਜ਼ਤ ਸੰਭਾਲ ਕੇ ਰੱਖਣ ਦੀਆਂ ਸਿੱਖਿਆਵਾਂ ਦਿੰਦਾ। ਇਸ ਸਬੰਧੀ ਆਪਣੀ ਇੱਕ ਨਜ਼ਮ ਵਿੱਚ ਉਹ ਕਹਿੰਦਾ ਹੈ:
ਉੱਚੀਆਂ ਨੀਵੀਂਆਂ ਰਾਹਵਾਂ ਕੋਲੋਂ ਡਰ ਕੁੜੀਏ,
ਇਸ਼ਕ ਦੀ ਰਾਹ ’ਤੇ ਪੈਰ ਨਾ ਧਰ ਕੁੜੀਏ।
ਪਾ ਅੱਖੀਆਂ ਵਿੱਚ ਸੁਰਮਾ ਹੁਆਵਾਂ ਵਾਲਾ ਨੀ,
ਸਿਰ ’ਤੇ ਚੁੰਨੀ ਇੱਜ਼ਤਾਂ ਦੀ ਕਰ ਕੁੜੀਏ।
ਉਹ ਧਰਮ ਨਿਰਪੱਖ ਹੋਣ ਦੇ ਨਾਲ ਨਾਲ ਲੋਕ ਪੱਖੀ ਕਵੀ ਵੀ ਸੀ। ਉਹ ਲੋਕਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਬਾਖੂਬੀ ਪੇਸ਼ ਕਰਦਾ। ਪਾਕਿਸਤਾਨ ਦੀਆਂ ਸਰਕਾਰਾਂ ਜਾਂ ਫੌਜੀ ਤਾਨਾਸ਼ਾਹੀਆਂ ਦੇ ਜ਼ੁਲਮਾਂ ਨੂੰ ਉਹ ਪੂਰੀ ਦਲੇਰੀ ਨਾਲ ਸਰੋਤਿਆਂ ਦੇ ਰੂਬਰੂ ਕਰਦਾ। ਅਜੂਬ ਖਾਂ ਦੀ ਸਰਕਾਰ ਨੇ ਜਦੋਂ ਫੌਜ ਦੇ ਸਹਾਰੇ ਪਾਕਿਸਤਾਨ ਸਰਕਾਰ ’ਤੇ ਕਬਜ਼ਾ ਕੀਤਾ ਤਾਂ ਉਹ ਦਲੇਰੀ ਭਰਿਆ ਸੱਚ ਪੇਸ਼ ਕਰਦਾ ਕਹਿੰਦਾ:
ਇਸ ਦੇਸ਼ ਦੀਆਂ ਮੌਜਾਂ ਹੀ ਮੌਜਾਂ,
ਚਾਰੇ ਪਾਸੇ ਫੌਜਾਂ ਹੀ ਫੌਜਾਂ।
ਇਸ ਮੁਲਕ ਦੇ ਦੋ ਖ਼ੁਦਾ,
ਮਾਰਸ਼ਲ ਲਾਅ ਤੇ ਲਾ ਅੱਲਾਹ।
ਭਾਰਤ ਪਾਕਿ ਦੀ ਹੋਈ ਵੰਡ ਦਾ ਉਸਦੇ ਮਨ ’ਤੇ ਗਹਿਰਾ ਦੁੱਖ ਹੋਇਆ। ਇਸ ਵੰਡ ਨੂੰ ਉਹ ਦੋਵਾਂ ਭਰਾਵਾਂ ਦਾ ਅਲੱਗ ਅਲੱਗ ਹੋਣਾ ਕਰਾਰ ਦਿੰਦਾ ਦਰਦ ਮਹਿਸੂਸ ਕਰਦਾ ਕਹਿੰਦਾ ਸੀ:
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਦੇਸ਼ ਦੇ ਆਰਥਿਕ ਢਾਂਚੇ ਨੂੰ ਬੱਚੇ ਖਾਣੀ ਮਾਂ ਕਹਿੰਦਾ ਹੋਇਆ ਉਹਇੱਕ ਦੇਸ ਵਾਸੀ ਦੇ ਦਿਲ ਦੀ ਗੱਲ ਪੇਸ਼ ਕਰਦਾ ਹਾਲਾਤ ਨੂੰ ਇਉਂ ਪ੍ਰਗਟ ਕਰਦਾ:
ਮੈਨੂੰ ਦੱਸ ਓਏ ਰੱਬਾ ਮੇਰਿਆ, ਹੁਣ ਦੱਸ ਮੈਂ ਕਿੱਧਰ ਜਾਂ
ਮੈਂ ਉੱਥੇ ਢੂੰਡਾਂ ਪਿਆਰ ਨੂੰ, ਜਿੱਥੇ ਪੁੱਤਰਾਂ ਖਾਣੀ ਮਾਂ।
ਜਿੱਥੇ ਸਹਿਮੀਆਂ ਰਹਿਣ ਜਵਾਨੀਆਂ, ਤੇ ਪਿਟਦਾ ਰਹੇ ਨਿਆਂ
ਜਿੱਥੇ ਕੈਦੀ ਹੋਈਆਂ ਬੁਲਬੁਲਾਂ, ਤੇ ਬਾਗੀਂ ਬੋਲਣ ਕਾਂ।
ਲੋਕਾਂ ਨੂੰ ਦੁੱਖਾਂ ਤਕਲੀਫ਼ਾਂ ਨਾਲ ਟਾਕਰਾ ਲੈਣ ਦੀ ਨਸੀਹਤ ਦਿੰਦਾ ਉਹ ਆਖਦਾ ਕਿ ਦੁਖੀ ਸਮੇਂ ਨੂੰ ਵੀ ਹੱਸ ਕੇ ਹੀ ਬਤੀਤ ਕਰਨ ਦੀ ਜੁਰਅਤ ਕਰਨੀ ਚਾਹੀਦੀ ਹੈ। ਉਹ ਕਹਿੰਦਾ:
ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾਅ ਸੱਜਣਾ।
ਇੱਥੇ ਰੋਂਦੇ ਚਿਹਰੇ ਵਿਕਦੇ ਨਹੀਂ, ਹੱਸਣ ਦੀ ਆਦਤ ਪਾ ਸੱਜਣਾ।
ਦਾਮਨ ਹਿੰਦੂ, ਮੁਸਲਿਮ, ਸਿੱਖ ਏਕਤਾ ਨੂੰ ਅਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦਾ ਸੀ। ਸੱਚ ਦੇ ਪਹਿਰੇਦਾਰ ਅਤੇ ਸਥਾਪਤੀ ਵਿਰੋਧੀ ਇਸ ਸ਼ਾਇਰ ’ਤੇ ਸਮੇਂ ਦੀਆਂ ਸਰਕਾਰਾਂ ਅਤੇ ਤਾਨਾਸ਼ਾਹਾਂ ਨੇ ਅਸਲਾ ਰੱਖਣ, ਬੰਬ ਬਣਾਉਣ, ਝਗੜੇ ਕਰਨ, ਦੇਸ਼ ਧ੍ਰੋਹੀ ਅਤੇ ਬਲਾਤਕਾਰ ਤਕ ਦੇ ਝੂਠੇ ਮੁਕੱਦਮੇ ਦਰਜ ਕੀਤੇ, ਪਰ ਉਹ ਅਡੋਲ ਰਹਿ ਕੇ ਆਵਾਜ਼ ਬੁਲੰਦ ਕਰਦਾ ਰਿਹਾ। ਭਾਰਤ ਪਾਕਿ ਵੰਡ ਉਪਰੰਤ ਇੱਕ ਵਾਰ ਉਹ ਭਾਰਤ ਵਿੱਚ ਆਇਆ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ। ਉਸ ਸਮੇਂ ਪੰਡਤ ਨਹਿਰੂ ਨੇ ਦਾਮਨ ਨੂੰ ਕਿਹਾ, “ਤੂੰ ਧਰਮ ਨਿਰਪੱਖ ਅਤੇ ਸੱਚਾ ਇਨਸਾਨ ਹੈਂ, ਪਰ ਪਾਕਿਸਤਾਨ ਕੱਟੜਤਾ ਦਾ ਹਾਮੀ ਹੈ, ਇਸ ਲਈ ਤੂੰ ਪਾਕਿਸਤਾਨ ਦੇ ਮਾਹੌਲ ਵਿੱਚ ਸੁਖੀ ਨਹੀਂ ਰਹਿ ਸਕਦਾ। ਸੋ ਤੂੰ ਭਾਰਤ ਵਿੱਚ ਪੱਕੇ ਤੌਰ ’ਤੇ ਰਹਿਣ ਲੱਗ ਪੈ।”
ਪਰ ਦਾਮਨ ਦਾ ਆਪਣੀ ਜਨਮ ਭੌਂਇ ਨਾਲ ਇੰਨਾ ਪਿਆਰ ਸੀ ਕਿ ਉਸਨੇ ਲਹੌਰ ਨਾ ਛੱਡਿਆ। ਇਸ ਉਪਰੰਤ ਪਾਕਿਸਤਾਨ ਨੇ ਉਸਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਅਤੇ ਉਸਨੂੰ ਇੰਨਾ ਜ਼ਲੀਲ ਕੀਤਾ ਕਿ ਉਸਦਾ ਜਿਊਣਾ ਵੀ ਦੁੱਭਰ ਹੋ ਗਿਆ। ਜ਼ਿੰਦਗੀ ਦਾ ਇਹ ਬੁਰਾ ਸਮਾਂ ਬਤੀਤ ਕਰਨ ਲਈ ਉਸਨੂੰ ਆਪਣਾ ਸ਼ਹਿਰ ਲਹੌਰ ਛੱਡਣਾ ਪਿਆ ਅਤੇ ਉਹ ਕਰਾਚੀ ਚਲਾ ਗਿਆ, ਜਿੱਥੇ ਉਸਨੇ ਫੁੱਟਪਾਥ ’ਤੇ ਬਹਿ ਕੇ ਬੂਟ ਪਾਲਿਸ਼ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਸਮੇਂ ਇੱਕ ਫਿਲਮਸਾਜ਼ ਨਕਸ਼ਬ ਆਪਣੀ ਫਿਲਮ ‘ਮੈਖਾਨਾ’ ਬਣਾ ਰਿਹਾ ਸੀ, ਉਸਨੇ ਦਾਮਨ ਨੂੰ ਪਛਾਣ ਲਿਆ ਅਤੇ ਉਸਨੂੰ ਆਪਣੇ ਨਾਲ ਲਿਜਾ ਕੇ ਕੰਮ ’ਤੇ ਲਾ ਲਿਆ। ਨਕਸ਼ਬ ਕੋਲ ਨੌਕਰੀ ਕਰਦਿਆਂ ਉਸਦਾ ਗੁਜ਼ਾਰਾ ਚੰਗਾ ਹੋਣ ਲੱਗਾ। ਇੱਕ ਦਿਨ ਨਕਸ਼ਬ ਦੇ ਦਫਤਰ ਵਿੱਚ ਕੁਝ ਸੱਜਣ ਵਿਚਾਰਾਂ ਕਰ ਰਹੇ ਸਨ। ਗੱਲਾਂ ਕਰਦਿਆਂ ਨਕਸ਼ਬ ਕਹਿਣ ਲੱਗਾ “ਯਹਾਂ ਕਿਸੀ ਪੰਜਾਬੀ ਕੇ ਬਾਪ ਕਾ ਹੀ ਪਤਾ ਨਹੀਂ ਚਲਤਾ, ਬਲਕਿ ਮੁਝੇ ਤੋਂ ਕਿਸੀ ਕਾ ਬਾਪ ਨਜ਼ਰ ਹੀ ਨਹੀਂ ਆਤਾ।” ਇਹ ਸ਼ਬਦ ਦਾਮਨ ਦੇ ਸੀਨੇ ਵਿੱਚ ਛੁਰੇ ਵਾਂਗ ਚੁੱਭ ਗਏ ਤੇ ਉਸਨੇ ਫਾਈਲ ਨਕਸ਼ਬ ਦੇ ਮੂੰਹ ’ਤੇ ਮਾਰਦਿਆਂ ਕਿਹਾ, “ਕਿਸੇ ਭਈਏ ਦਾ ਪਿਓ ਹੋਵੇ ਨਾ ਹੋਵੇ ਪਰ ਮੇਰਾ ਪਿਓ ਹੈ, ਤੇ ਲਹੌਰ ਦੀ ਮਿਊਨਿਸਪਲ ਕਮੇਟੀ ਵਿੱਚ ਉਸਦਾ ਨਾਂ ਦਰਜ ਹੈ।” ਫਿਰ ਉਹ ਨਕਸ਼ਬ ਦਾ ਕੰਮ ਛੱਡ ਕੇ ਮੁੜ ਲਹੌਰ ਆ ਗਿਆ।
ਚਿਰਾਗ਼ ਕੋਲ ਨਾ ਕੋਈ ਘਰ ਬਾਰ ਸੀ ਤੇ ਨਾ ਹੀ ਕੋਈ ਜਾਇਦਾਦ, ਇਸ ਲਈ ਉਹ ਲਹੌਰ ਦੀ ਬਾਦਸ਼ਾਹੀ ਮਸਜਿਦ ਦੀਆਂ ਪੌੜੀਆਂ ਵਿੱਚ ਹੀ ਰਹਿਣ ਲੱਗਾ। ਸੁਬ੍ਹਾ ਉੱਠ ਕੇ ਉਹ ਨੇੜੇ ਦੇ ਇੱਕ ਢਾਬੇ ’ਤੇ ਜਾਂਦਾ ਅਤੇ ਨਾਸ਼ਤਾ ਕਰਕੇ ਵਗੈਰ ਪੈਸੇ ਦਿੱਤਿਆਂ ਆ ਜਾਂਦਾ। ਕਈ ਦਿਨ ਅਜਿਹਾ ਹੋਣ ’ਤੇ ਢਾਬੇ ਦੇ ਨੌਕਰਾਂ ਨੇ ਆਪਣੇ ਮਾਲਕ ਮੁਹੰਮਦ ਰਫ਼ੀ ਨੂੰ ਦੱਸਿਆ ਕਿ ਇਹ ਵਿਅਕਤੀ ਪੈਸੇ ਦਿੱਤੇ ਵਗੈਰ ਹੀ ਚਲਾ ਜਾਂਦਾ ਹੈ। ਅਗਲੇ ਦਿਨ ਜਦੋਂ ਦਾਮਨ ਨਾਸ਼ਤਾ ਕਰਕੇ ਵਾਪਸ ਚੱਲਿਆ ਤਾਂ ਮੁਹੰਮਦ ਰਫ਼ੀ ਉਸਦੇ ਮਗਰ ਮਗਰ ਬਾਦਸ਼ਾਹੀ ਮਸਜਿਦ ਦੀਆਂ ਪੌੜੀਆਂ ਤਕ ਪਹੁੰਚ ਗਿਆ। ਉੱਥੇ ਪਹੁੰਚ ਕੇ ਉਸਨੇ ਦਾਮਨ ਤੋਂ ਪੈਸੇ ਨਾ ਦੇਣ ਬਾਰੇ ਪੁੱਛਿਆ ਤਾਂ ਉਸਨੇ ਸਚਾਈ ਪੇਸ਼ ਕੀਤੀ ਕਿ ਪੈਸੇ ਕਿੱਥੋਂ ਦੇਵਾਂ, ਜਦੋਂ ਮੇਰੇ ਕੋਲ ਹੈ ਹੀ ਨਹੀਂ। ਜਦੋਂ ਮੇਰੇ ਕੋਲ ਹੋਣਗੇ, ਮੈਂ ਸਾਰੇ ਪੈਸੇ ਇਕੱਠੇ ਹੀ ਦੇ ਦੇਵਾਂਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਮੁਹੰਮਦ ਰਫ਼ੀ ਨੂੰ ਪਤਾ ਲੱਗ ਗਿਆ ਕਿ ਇਹ ਸੱਜਣ ਤਾਂ ਉਸਤਾਦ ਦਾਮਨ ਐ। ਉਸਨੇ ਕਿਹਾ ਕਿ ਅੱਜ ਤੋਂ ਬਾਅਦ ਕੇਵਲ ਨਾਸ਼ਤਾ ਹੀ ਨਹੀਂ ਜਦੋਂ ਵੀ ਜ਼ਰੂਰਤ ਪਵੇ ਤੂੰ ਢਾਬੇ ਤੋਂ ਖਾਣਾ ਖਾ ਸਕਦੈਂ। ਤੇਰੇ ਨਾਲ ਤੇਰਾ ਕੋਈ ਸਾਥੀ ਹੋਵੇ, ਉਸ ਲਈ ਵੀ ਖੁੱਲ੍ਹ ਹੈ ਕਿ ਉਹ ਵੀ ਖਾ ਸਕਦਾ ਹੈ। ਪੈਸਿਆਂ ਦੀ ਕੋਈ ਗੱਲ ਨਹੀਂ, ਆਪੇ ਆ ਜਾਣਗੇ। ਮੁਹੰਮਦ ਰਫ਼ੀ ਨੇ ਭੱਜ ਦੌੜ ਕਰਕੇ ਉਸਨੂੰ ਇੱਕ ਘਰ ਕਿਰਾਏ ’ਤੇ ਦਿਵਾਇਆ, ਜਿਸਦਾ ਕਿਰਾਇਆ ਤੇ ਪਗੜੀ ਦੀ ਰਕਮ ਉਸਨੇ ਆਪਣੇ ਕੋਲੋਂ ਹੀ ਅਦਾ ਕੀਤੀ।
ਦਾਮਨ ਦੀ ਸ਼ਾਇਰੀ ਅਤੇ ਲੇਖਣੀ ਦੀ ਕਦਰ ਕਰਨ ਵਾਲਿਆਂ ਵਿੱਚ ਸਿੱਖਾਂ ਦੀ ਗਿਣਤੀ ਵੀ ਬੇਸ਼ੁਮਾਰ ਸੀ। ਸਿੱਖ ਔਰਤਾਂ ਉਸਨੂੰ ਬਹੁਤ ਇਨਾਮ ਦਿਆ ਕਰਦੀਆਂ ਸਨ। ਦਾਮਨ ਦੀ ਗੁਰੂ ਘਰ ਪ੍ਰਤੀ ਵੀ ਬਹੁਤ ਸ਼ਰਧਾ ਸੀ। ਜਦੋਂ ਉਸਦਾ ਮਨ ਉਦਾਸ ਹੁੰਦਾ ਤਾਂ ਉਹ ਰੇਡੀਓ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕੀਰਤਨ ਸੁਣਨ ਲਗਦਾ ਜਾਂ ਫਿਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚਲਾ ਜਾਂਦਾ। ਇੱਕ ਵਾਰ ਉਹ ਸਟੇਜ ’ਤੇ ਆਪਣੀ ਨਜ਼ਮ ਪੜ੍ਹ ਰਿਹਾ ਸੀ ਤਾਂ ਇੱਕ ਕੁੜੀ ਨੇ ਉਸਦੀ ਨਜ਼ਮ ਸੁਣੀ ਅਤੇ ਉਹ ਪ੍ਰਭਾਵਿਤ ਹੋਈ। ਇਹ ਕੁੜੀ ਸਿੱਖ ਪਰਿਵਾਰ ਨਾਲ ਸਬੰਧਤ ਸੀ, ਪਰ ਲਾਵਾਰਸ ਸੀ। ਪ੍ਰੋਗਰਾਮ ਤੋਂ ਬਾਅਦ ਉਹ ਇੱਕ ਰੇਲਵੇ ਸਟੇਸ਼ਨ ’ਤੇ ਦਾਮਨ ਨੂੰ ਮਿਲੀ ਤੇ ਨਜ਼ਮ ਦੀ ਸ਼ਲਾਘਾ ਕਰਦਿਆਂ ਉਸਨੇ ਦਾਮਨ ਨਾਲ ਜ਼ਿੰਦਗੀ ਦੇ ਦੁੱਖ ਸੁਖ ਸਾਂਝੇ ਕੀਤੇ। ਇਹ ਮਿਲਣੀ ਜਲਦੀ ਹੀ ਵਿਆਹ ਵਿੱਚ ਬਦਲ ਗਈ। ਉਹਨਾਂ ਅਮ੍ਰਿਤਸਰ ਵਿਖੇ ਵਿਆਹ ਕਰਵਾ ਲਿਆ ਅਤੇ ਉਹ ਉੱਥੇ ਹੀ ਠਹਿਰੇ ਹੋਏ ਸਨ ਕਿ ਦਾਮਨ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ। ਉਸਦੀ ਪਤਨੀ ਨੂੰ ਪਤਾ ਨਾ ਲੱਗਾ ਕਿ ਦਾਮਨ ਕਿੱਥੇ ਹੈ, ਉਹ ਉਸਨੂੰ ਲੱਭਦੀ ਲੱਭਦੀ ਲਹੌਰ ਰੇਲਵੇ ਸਟੇਸ਼ਨ ’ਤੇ ਆ ਗਈ ਤੇ ਉੱਥੇ ਹੀ ਰਹਿਣ ਲੱਗ ਪਈ। ਉਸਦਾ ਵਿਚਾਰ ਸੀ ਕਿ ਦਾਮਨ ਜਦੋਂ ਵੀ ਆਏਗਾ, ਇਸ ਸਟੇਸ਼ਨ ’ਤੇ ਹੀ ਗੱਡੀ ਵਿੱਚੋਂ ਉੱਤਰੇਗਾ। ਜਦੋਂ ਵੀ ਕੋਈ ਰੇਲ ਗੱਡੀ ਸਟੇਸ਼ਨ ’ਤੇ ਖੜ੍ਹਦੀ ਤਾਂ ਉਹ ਸਵਾਰੀਆਂ ਨੂੰ ਪਛਾਣਦੀ ਰਹਿੰਦੀ। ਉੱਧਰ ਕਈ ਮਹੀਨਿਆਂ ਬਾਅਦ ਦਾਮਨ ਨੂੰ ਰਿਹਾਈ ਮਿਲ ਗਈ। ਜੇਲ੍ਹ ਤੋਂ ਬਾਹਰ ਆ ਕੇ ਉਹ ਅਮ੍ਰਿਤਸਰ ਸ਼ਹਿਰ ਵਿੱਚ ਆਪਣੀ ਪਤਨੀ ਦੀ ਭਾਲ ਕਰਦਾ ਰਿਹਾ। ਵਿਛੜਨ ਤੋਂ ਕਰੀਬ ਡੇਢ ਸਾਲ ਬਾਅਦ ਇੱਕ ਦਿਨ ਦਾਮਨ ਲਹੌਰ ਪਹੁੰਚਿਆ। ਜਦੋਂ ਉਹ ਸਟੇਸ਼ਨ ’ਤੇ ਉੱਤਰਿਆ ਤਾਂ ਉਸਦੀ ਪਤਨੀ ਚਾਰ ਕੁ ਮਹੀਨੇ ਦਾ ਮੁੰਡਾ ਗੋਦੀ ਚੁੱਕੀ ਖੜ੍ਹੀ ਮਿਲੀ। ਮੁੰਡੇ ਨੂੰ ਮਾਤਾ ਨਿਕਲੀ ਹੋਈ ਸੀ। ਫਿਨਸੀਆਂ ਵਿੱਚੋਂ ਪਾਕ ਨਿਕਲ ਰਹੀ ਸੀ। ਉਹ ਸੁੱਕ ਕੇ ਤੀਲਾ ਹੋ ਚੁੱਕੀ ਸੀ ਤੇ ਉਹਨਾਂ ਦੀ ਹਾਲਤ ਤਰਸਯੋਗ ਸੀ। ਦਾਮਨ ਨੇ ਦੋਵਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ, ਪਰ ਸਮਾਂ ਬੀਤ ਚੁੱਕਾ ਸੀ। ਕੁਝ ਦਿਨਾਂ ਵਿੱਚ ਹੀ ਦੋਵੇਂ ਮਾਂ ਪੁੱਤਰ ਉਸਨੂੰ ਸਦੀਵੀ ਵਿਛੋੜਾ ਦੇ ਗਏ।
ਦਾਮਨ ਫਿਰ ਇਕੱਲਾ ਰਹਿ ਗਿਆ, ਨਿਰਾਸ ਹੋ ਗਿਆ, ਬਿਮਾਰੀ ਲੱਗ ਗਈ। ਇਲਾਜ ਦਾ ਸਾਧਨ ਨਹੀਂ ਸੀ। ਦਾਮਨ ਨੇ ਇਸੇ ਦੌਰਾਨ ਆਪਣੇ ਉਸਤਾਦ ਹਮਦਮ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਸਦੇ ਦਿਲ ਨੂੰ ਡੂੰਘੀ ਸੱਟ ਵੱਜੀ ਅਤੇ ਉਸਦੀ ਹਾਲਤ ਬਹੁਤ ਹੀ ਖਰਾਬ ਹੋ ਗਈ। ਲੋਕਾਂ ਨੇ ਉਸਨੂੰ ਚੁੱਕ ਕੇ ਇੱਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਹਸਪਤਾਲ ਵਿੱਚ ਉਸਦਾ ਇਲਾਜ ਚੱਲ ਹੀ ਰਿਹਾ ਸੀ ਕਿ ਇੱਕ ਦਿਨ ਇੱਕ ਮਹਾਨ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਮੌਤ ਹੋ ਗਈ। ਦਾਮਨ ਉਸਦੇ ਜਨਾਜ਼ੇ ਵਿੱਚ ਜਾਣਾ ਚਾਹੁੰਦਾ ਸੀ ਪਰ ਡਾਕਟਰਾਂ ਨੇ ਉਸਦਾ ਤੁਰਨਾ ਫਿਰਨਾ ਮੁਕੰਮਲ ਬੰਦ ਕੀਤਾ ਹੋਇਆ ਸੀ। ਡਾਕਟਰਾਂ ਦੇ ਕਹਿਣ ’ਤੇ ਵੀ ਉਹ ਨਾ ਰੁਕਿਆ ਅਤੇ ਫੈਜ਼ ਸਾਹਿਬ ਦੇ ਜਨਾਜ਼ੇ ਵਿੱਚ ਜਾ ਸ਼ਾਮਲ ਹੋ ਗਿਆ। ਉੱਥੇ ਦੁਨੀਆਂ ਭਰ ਤੋਂ ਲੋਕ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਫੈਜ਼ ਸਾਹਿਬ ਦੀ ਮੌਤ ਸਬੰਧੀ ਉਸਤਾਦ ਦਾਮਨ ਨਾਲ ਦੁੱਖ ਸਾਂਝਾ ਕੀਤਾ। ਉਸਤਾਦ ਦਾਮਨ ਰੋਂਦਾ ਕੁਰਲਾਂਦਾ ਮੁੜ ਹਸਪਤਾਲ ਆ ਗਿਆ ਪਰ ਕੁਝ ਦਿਨਾਂ ਬਾਅਦ 3 ਦਸੰਬਰ 1954 ਨੂੰ ਇਹ ਅਲਬੇਲਾ ਸ਼ਾਇਰ ਆਪਣੇ ਸਰੋਤਿਆਂ ਨੂੰ ਸਦਾ ਲਈ ਵਿਛੋੜਾ ਦੇ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (