“ਊਂ ਤਾਂ ਸਭ ਠੀਕ ਐ ਪਰ, ਗੱਲ ਮਾੜੀ ਵੀ ਐ, ਕਹਿਣੀ ਵੀ ਔਖੀ ਐ, ਤੂੰ ਬਹੁਤ ਚੰਗਾ ਆਦਮੀ ਐਂ ...”
(24 ਅਕਤੂਬਰ 2025)
ਕਾਫ਼ੀ ਸਾਲਾਂ ਦੀ ਗੱਲ ਹੈ, ਮੈਂ ਆਪਣੇ ਇੱਕ ਅਤੀ ਨਜ਼ਦੀਕੀ ਵਿਅਕਤੀ ਸ੍ਰ. ਜਰਨੈਲ ਸਿੰਘ ਕੋਲ ਉਸਦਾ ਹਾਲ ਚਾਲ ਪੁੱਛਣ ਗਿਆ, ਕਿਉਂਕਿ ਉਹ ਕਈ ਸਾਲਾਂ ਤੋਂ ਇੱਕ ਭਿਆਨਕ ਬਿਮਾਰੀ ਕਰਨ ਮੰਜੇ ਦਾ ਪੱਕਾ ਸਾਥੀ ਬਣ ਚੁੱਕਾ ਸੀ। ਕੁਝ ਚਿਰ ਪਰਿਵਾਰਕ ਤੇ ਸਿਹਤ ਸਬੰਧੀ ਗੱਲਾਂਬਾਤਾਂ ਕਰਨ ਉਪਰੰਤ ਮੈਂ ਆਪਣੀ ਪੁਰਾਣੀ ਆਦਤ ਅਨੁਸਾਰ ਉਸ ਨੂੰ ਜ਼ਿੰਦਗੀ ਦੀ ਕੋਈ ਵਿਸ਼ੇਸ਼ ਘਟਨਾ ਸੁਣਾਉਣ ਦੀ ਅਰਜ਼ ਕੀਤੀ।
ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਲੈ ਸੁਣ ਮੇਰੀ ਇੱਕ ਹੱਡਬੀਤੀ, ਕਰੀਬ ਵੀਹ ਸਾਲ ਪਹਿਲਾਂ ਮੈਂ ਜਵਾਨੀ ਦੇ ਸਮੇਂ ਜਦੋਂ ਪੂਰਾ ਤੰਦਰੁਸਤ ਸੀ ਅਤੇ ਘਰੇਲੂ ਕਬੀਲਦਾਰੀ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਸੀ। ਇੱਕ ਦਿਨ ਮੈਂ ਰਾਸ਼ਨ ਲੈਣ ਲਈ ਮਹਿਣਾ ਚੌਂਕ ਬਠਿੰਡਾ ਵਿੱਚ ਦੀਪਾ ਮੱਲ ਦੀ ਦੁਕਾਨ ’ਤੇ ਗਿਆ, ਜਿਸ ਤੋਂ ਅਕਸਰ ਹੀ ਮੈਂ ਰਾਸ਼ਨ ਦੀ ਖਰੀਦ ਕਰਦਾ ਹੁੰਦਾ ਸੀ। ਮੈਂ ਸਮਾਨ ਲੈਣ ਉਪਰੰਤ ਉਸ ਤੋਂ ਬਣਦੀ ਰਕਮ ਬਾਰੇ ਪੁੱਛਿਆ ਅਤੇ ਉਸ ਨੂੰ ਸੌ ਸੌ ਦੇ ਨੋਟ ਫੜਾ ਦਿੱਤੇ।
ਸੇਠ ਨੇ ਬਕਾਇਆ ਰਕਮ ਵਾਪਸ ਕਰਦਿਆਂ ਭੁਲੇਖੇ ਨਾਲ ਮੈਨੂੰ ਦੋ ਰੁਪਏ ਵੱਧ ਵਾਪਸ ਕਰ ਦਿੱਤੇ। ਉਸ ਸਮੇਂ ਦੋ ਰੁਪਏ ਅੱਜ ਦੇ ਦੋ ਸੌ ਵਰਗੇ ਹੀ ਸਨ। ਮੈਂ ਸਮਾਨ ਲੈ ਕੇ ਘਰ ਆ ਗਿਆ, ਪਰ ਮੇਰੀ ਅੰਦਰ ਦੀ ਆਤਮਾ ਨੇ ਝੰਜੋੜਾ ਦਿੱਤਾ ਕਿ ਜੇ ਸੇਠ ਨੇ ਭੁਲੇਖਾ ਖਾ ਲਿਆ ਤਾਂ ਮਨਾ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਤੂੰ ਦੋ ਰੁਪਏ ਵਾਪਸ ਕਰ ਦੇਣੇ ਸਨ, ਇਹ ਤਾਂ ਧੋਖਾ ਹੈ। ਮੈਂ ਕਾਫ਼ੀ ਸੋਚ ਵਿਚਾਰ ਕਰਨ ਉਪਰੰਤ ਦੋ ਰੁਪਏ ਲਏ ਅਤੇ ਮੋਟਰ ਸਾਈਕਲ ਲੈ ਕੇ ਸੇਠ ਦੀਪਾ ਮੱਲ ਦੀ ਦੁਕਾਨ ਵੱਲ ਚੱਲ ਪਿਆ। ਰਸਤੇ ਵਿੱਚ ਮੇਰੇ ਮਨ ਨੇ ਕਈ ਵਾਰ ਡਿੱਕੋ-ਡੋਲੇ ਖਾਧੇ, ਕਦੇ ਸੋਚਾਂ ਕਿ ਸੇਠ ਨੂੰ ਕਿਹੜਾ ਪਤਾ ਹੈ ਦੋ ਰੁਪਏ ਰੱਖ ਹੀ ਲੈਂਦੇ ਹਾਂ, ਉਸ ਨੂੰ ਦੋ ਰੁਪਇਆਂ ਨਾਲ ਕੀ ਘਾਟਾ ਪੈਂਦਾ ਹੈ। ਫਿਰ ਆਤਮਾ ਆਖੇ ਕਿ ਇਹ ਬੁਰੀ ਗੱਲ ਹੈ ਵਾਪਸ ਕਰਨੇ ਚਾਹੀਦੇ ਹਨ। ਸੋਚਾਂ ਵਿੱਚ ਡੁੱਬਿਆ ਤੁਰਿਆ ਜਾ ਰਿਹਾ ਸਾਂ, ਪਰ ਮੁੜ ਮੁੜ ਕੇ ਗੱਲ ਵਾਪਸ ਕਰ ਦੇਣ ’ਤੇ ਹੀ ਰੁਕਦੀ।
“ਮੈਂ ਦੁਕਾਨ ਦੇ ਬਾਹਰ ਮੋਟਰ ਸਾਈਕਲ ਖੜ੍ਹਾ ਕਰਕੇ ਜਦੋਂ ਅੰਦਰ ਜਾਣ ਲੱਗਾ ਤਾਂ ਮਨ ਫਿਰ ਡੋਲ ਗਿਆ ਕਿ ਸੇਠ ਨੂੰ ਇੱਕ ਵਾਪਸ ਕਰ ਦਿੰਦੇ ਹਾਂ ਅਤੇ ਇੱਕ ਰੁਪਈਆ ਤਾਂ ਰੱਖ ਹੀ ਲੈਂਦੇ ਹਾਂ। ਮੈਂ ਦੁਕਾਨ ਅੰਦਰ ਗਿਆ ਅਤੇ ਸੇਠ ਨੂੰ ਕਿਹਾ, “ਲਾਲਾ ਸੀ ਗਲਤੀ ਨਾਲ ਤੁਸੀਂ ਮੈਨੂੰ ਇੱਕ ਰੁਪਈਆ ਵੱਧ ਮੋੜ ਦਿੱਤਾ ਸੀ, ਇਹ ਵਾਪਸ ਲੈ ਲਓ। ਮੇਰੀ ਗੱਲ ਸੁਣ ਕੇ ਸੇਠ ਮੁਸਕਰਾਇਆ ਅਤੇ ਇੱਕ ਰੁਪਈਆ ਫੜਦਾ ਹੋਇਆ ਬੋਲਿਆ, ਇੱਕ ਨਹੀਂ, ਭੁਲੇਖੇ ਨਾਲ ਤਾਂ ਮੈਂ ਦੋ ਰੁਪਏ ਵੱਧ ਮੋੜ ਬੈਠਾ ਸੀ। ਹੁਣ ਮੇਰੇ ਲਈ ਸਥਿਤੀ ਬੜੀ ਮੁਸ਼ਕਿਲ ਵਾਲੀ ਬਣ ਗਈ, ਜੇ ਮੈਂ ਇੱਕ ਰੁਪਈਆ ਹੋਰ ਵਾਪਸ ਕਰਦਾ ਤਾਂ ਸੇਠ ਨੇ ਕਹਿਣਾ ਸੀ ਕਿ ਇਮਾਨਦਾਰੀ ਵੀ ਦਿਖਾਉਣ ਆਇਆ, ਇੱਕ ਰੁਪਈਏ ਪਿੱਛੇ ਫਿਰ ਬਾਈਮਾਨ ਹੋ ਗਿਆ। ਆਖਰ ਮੈਂ ਆਪਣੇ ਸਟੈਂਡ ’ਤੇ ਅੜ ਗਿਆ ਅਤੇ ਕਿਹਾ ਕਿ ਲਾਲਾ ਜੀ, ਜੇ ਮੈਂ ਐਨੀ ਦੂਰੋਂ ਵਾਪਸ ਕਰਨ ਆਇਆ ਹਾਂ ਤਾਂ ਮੈਂ ਦੋ ਵੀ ਵਾਪਸ ਕਰ ਸਕਦਾ ਸੀ, ਤੁਸੀਂ ਮੈਨੂੰ ਇੱਕ ਹੀ ਵੱਧ ਮੋੜਿਆ ਸੀ। ਸੇਠ ਬੜਾ ਸਿਆਣਾ ਆਦਮੀ ਸੀ, ਮੇਰੇ ਸਟੈਂਡ ਨੂੰ ਦੇਖਦਿਆਂ ਉਸਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਮੈਨੂੰ ਹੀ ਭੁਲੇਖਾ ਲੱਗ ਗਿਆ ਹੋਵੇਗਾ।
ਮੈਂ ਆਪਣੇ ਘਰ ਆ ਗਿਆ, ਪਰ ਇਹ ਇੱਕ ਰੁਪਈਆ ਵੀਹ ਸਾਲਾਂ ਤੋਂ ਮੇਰੇ ਦਿਲ ਤੇ ਰੜਕ ਰਿਹਾ ਹੈ। ਹੁਣ ਸੇਠ ਦੀਪਾ ਮੱਲ ਵੀ ਨਹੀਂ ਰਿਹਾ, ਇੱਕ ਰੁਪਈਏ ਦੀ ਕੀਮਤ ਵੀ ਕੁਝ ਨਹੀਂ ਰਹੀ। ਕਈ ਵਾਰ ਸੋਚਿਆ ਕਿ ਇੱਕ ਰੁਪਏ ਦੀ ਬਜਾਏ ਅੱਜ ਸੌ ਰੁਪਏ ਕਿਸੇ ਧਾਰਮਿਕ ਅਸਥਾਨ ਦੀ ਗੋਲਕ ਵਿੱਚ ਪਾ ਕੇ ਸੁਰਖਰੂ ਹੋ ਜਾਵਾਂ, ਪਰ ਫਿਰ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਤਾਂ ਅੰਧ ਵਿਸ਼ਵਾਸ ਹੀ ਹੋਵੇਗਾ, ਕਿਉਂਕਿ ਸੇਠ ਕੋਲ ਤਾਂ ਉਸਦੀ ਅਮਾਨਤ ਪਹੁੰਚਣੀ ਨਹੀਂ। ਗੋਲਕ ਵਿੱਚੋਂ ਕੱਢ ਕੇ ਸੇਠ ਦੀ ਅਮਾਨਤ ਤਾਂ ਕੋਈ ਹੋਰ ਹਜ਼ਮ ਕਰ ਜਾਵੇਗਾ ਅਤੇ ਕਰਜ਼ਾ ਫਿਰ ਉਸੇ ਤਰ੍ਹਾਂ ਖੜ੍ਹਾ ਰਹੇਗਾ।“
ਮੰਜਾ ਮੱਲੀ ਪਏ ਜਰਨੈਲ ਸਿੰਘ ਨੇ ਕਿਹਾ ਕਿ ਮੈਨੂੰ ਆਪਣੀ ਸਿਹਤ ਜਾਂ ਬਿਮਾਰੀ ਨਹੀਂ ਓਨੀ ਸਤਾ ਰਹੀ ਜਿੰਨਾ ਮੈਨੂੰ ਸੇਠ ਦਾ ਇੱਕ ਰੁਪਈਆ ਸਤਾ ਰਿਹਾ ਹੈ। ਮੈਨੂੰ ਇਹੋ ਚਿੰਤਾ ਖਾ ਰਹੀ ਹੈ ਕਿ ਮੈਂ ਸੇਠ ਦਾ ਇੱਕ ਰੁਪਈਆ ਆਪਣੇ ਸਿਰ ਲੈ ਕੇ ਜਹਾਨ ਤੋਂ ਜਾਵਾਂਗਾ, ਪਰ ਅੱਜ ਮੇਰੇ ਕੋਲ ਇਸਦਾ ਕੋਈ ਹੱਲ ਵੀ ਨਹੀਂ। ਇਹ ਕਹਿੰਦਿਆਂ ਜਰਨੈਲ ਸਿੰਘ ਦਾ ਦਿਲ ਪਸੀਜਿਆ ਗਿਆ ਅਤੇ ਉਹ ਕੁਝ ਸਮੇਂ ਲਈ ਚੁੱਪ ਕਰਕੇ ਮਨ ਨੂੰ ਹੌਸਲਾ ਦੇਣ ਲੱਗਾ।
ਮੈਂ ਉਸਦੀ ਚੁੱਪ ਤੋੜਨ ਦਾ ਯਤਨ ਕਰਦਿਆਂ ਇੱਕ ਹੋਰ ਘਟਨਾ ਬਾਰੇ ਗੱਲ ਛੇੜ ਦਿੱਤੀ, “ਆਦਮੀ ਦੇ ਮਨ ਦਾ ਕੋਈ ਪਤਾ ਨਹੀਂ, ਕਈ ਵਾਰ ਲੱਖਾਂ ਰੁਪਏ ਜਾਂ ਕੀਮਤੀ ਚੀਜ਼ਾਂ ’ਤੇ ਮਨ ਨਹੀਂ ਡੋਲਦਾ ਅਤੇ ਕਿਸੇ ਸਮੇਂ ਮਾਮੂਲੀ ਵਸਤੂ ’ਤੇ ਹੀ ਮਨ ਬੇਈਮਾਨ ਹੋ ਜਾਂਦਾ ਹੈ। ਇਹ ਮਨੁੱਖ ਦੀ ਫਿਤਰਤ ਹੈ।”
ਕੋਈ ਅੱਠ ਕੁ ਦਹਾਕੇ ਪਹਿਲਾਂ ਦੀ ਗੱਲ, ਜੋ ਮੇਰੇ ਦਾਦਾ ਜੀ ਨੇ ਮੈਨੂੰ ਸੁਣਾਈ ਸੀ, ਮੈਂ ਉਸਦਾ ਜ਼ਿਕਰ ਕੀਤਾ। ਪਿੰਡ ਭਾਗੂ ਦਾ ਇੱਕ ਕਿਸਾਨ ਉਸ ਸਮੇਂ ਅਨੁਸਾਰ ਗੱਡਾ ਭਰਕੇ ਛੋਲਿਆਂ ਦਾ ਬਠਿੰਡੇ ਆਪਣੇ ਆੜ੍ਹਤੀਏ ਕੋਲ ਵੇਚਣ ਲਈ ਪਹੁੰਚਿਆ। ਆੜ੍ਹਤੀਏ ਨੇ ਛੋਲੇ ਲੁਹਾ ਲਏ ਤੇ ਜ਼ਿਮੀਦਾਰ ਨੂੰ ਆਪਣੇ ਵਪਾਰਕ ਸੁਭਾਅ ਅਨੁਸਾਰ ਪੁੱਛਿਆ, “ਭਾਈ ਚਾਹੀਦਾ ਹੈ ਕੁਛ?”
ਜ਼ਿਮੀਦਾਰ ਨੇ ਕਿਹਾ ਕਿ ਦੋ ਬੋਰੀਆਂ ਵੜੇਵਿਆਂ ਦੀਆਂ, ਦੋ ਖਲ਼ ਦੀਆਂ ਅਤੇ ਇੱਕ ਗੁੜ ਦਾ ਗੱਟਾ ਦੇ ਦਿਓ ਸੇਠ ਜੀ। ਆੜ੍ਹਤੀਏ ਨੇ ਵਹੀ ’ਤੇ ਗੂਠਾ ਲਵਾ ਕੇ ਕਰਤਾਰ ਸਿੰਘ ਨਾਲ ਆਪਣਾ ਨੌਕਰ ਭੇਜ ਦਿੱਤਾ ਕਿ ਨਹੁਰੇ ਵਿੱਚੋਂ ਸਮਾਨ ਗੱਡੇ ਉੱਤੇ ਰਖਾ ਦੇਵੇ।
ਉਸ ਸਮੇਂ ਅੱਜ ਵਾਂਗ ਬੈਂਕਾਂ ਰਾਹੀਂ ਬਹੁਤਾ ਲੈਣ ਦੇਣ ਨਹੀਂ ਸੀ ਹੁੰਦਾ, ਚਾਂਦੀ ਦੇ ਰੁਪਏ ਸੰਭਾਲਣੇ ਵੀ ਬਹੁਤ ਔਖੇ ਹੁੰਦੇ ਸਨ। ਸੇਠ ਲੋਕ ਸਮਾਨ ਵਾਲੀਆਂ ਬੋਰੀਆਂ ਵਿੱਚ ਚਾਂਦੀ ਦੇ ਰੁਪਏ ਪਾ ਕੇ ਸਟੋਰਾਂ ਵਿੱਚ ਰੱਖ ਦਿੰਦੇ ਸਨ ਅਤੇ ਲੋੜ ਪੈਣ ’ਤੇ ਕੱਢ ਲੈਂਦੇ। ਆੜ੍ਹਤੀਏ ਨੇ ਵੜੇਵਿਆਂ ਦੀ ਬੋਰੀ ਵਿੱਚ ਚਾਂਦੀ ਦੇ ਰੁਪਏ ਪਾ ਕੇ ਸਟੋਰ ਵਿੱਚ ਰੱਖੇ ਹੋਏ ਸਨ, ਪਰ ਨੌਕਰ ਨੂੰ ਇਸ ਬਾਰੇ ਪਤਾ ਨਹੀਂ ਸੀ। ਜ਼ਿਮੀਦਾਰ ਗਿਣ ਕੇ ਬੋਰੀਆਂ ਗੱਡੇ ਉੱਤੇ ਲੱਦਣ ਲੱਗਾ ਤਾਂ ਚਾਂਦੀ ਦੇ ਰੁਪਇਆਂ ਵਾਲੀ ਬੋਰੀ ਵੀ ਵਿੱਚੇ ਹੀ ਲੱਦੀ ਗਈ। ਸੇਠ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ। ਦੂਜੇ ਦਿਨ ਉਹੀ ਜ਼ਿਮੀਦਾਰ ਫਿਰ ਗੱਡਾ ਜੋੜ ਕੇ ਰੁਪਇਆਂ ਵਾਲੀ ਬੋਰੀ ਲੈ ਕੇ ਆੜ੍ਹਤੀਏ ਕੋਲ ਪੁੱਜ ਗਿਆ ਤੇ ਬੋਰੀ ਸੇਠ ਦੇ ਮੋਹਰੇ ਰੱਖ ਦਿੱਤੀ। ਇਹ ਦੇਖ ਕੇ ਸੇਠ ਬਹੁਤ ਖੁਸ਼ ਹੋਇਆ। ਉਸਨੇ ਜ਼ਿਮੀਦਾਰ ਦੀ ਸੇਵਾ ਕੀਤੀ ਅਤੇ ਉਸਦੀ ਰੱਜ ਕੇ ਸ਼ਲਾਘਾ ਕੀਤੀ।
ਕਈ ਮਹੀਨੇ ਲੰਘ ਗਏ। ਉਹੀ ਜ਼ਿਮੀਦਾਰ ਕਿਸੇ ਕੰਮ ਲਈ ਆੜ੍ਹਤੀਏ ਦੀ ਦੁਕਾਨ ’ਤੇ ਗਿਆ। ਉੱਥੇ ਕੋਟਸਮੀਰ ਦਾ ਇੱਕ ਬਹੁਤ ਅਮੀਰ ਵਿਅਕਤੀ ਵੀ ਬੈਠਾ ਸੀ, ਜਿਸਦੀ ਬਹੁਤ ਸੋਹਣੀ ਤਿੱਲੇਦਾਰ ਜੁੱਤੀ ਦੁਕਾਨ ਦੇ ਦਰਵਾਜੇ ਕੋਲ ਲਾਹੀ ਹੋਈ ਸੀ। ਆਮ ਤੌਰ ’ਤੇ ਜ਼ਿਮੀਦਾਰ ਜੁੱਤੀ ਬਾਹਰ ਲਾਹ ਕੇ ਹੀ ਦੁਕਾਨ ਵਿੱਚ ਵੜਦੇ ਹੁੰਦੇ ਸਨ। ਭਾਗੂ ਵਾਲੇ ਜ਼ਿਮੀਦਾਰ ਦਾ ਮਨ ਜੁੱਤੀ ’ਤੇ ਡੋਲ ਗਿਆ ਅਤੇ ਉਹ ਉੱਠਿਆ ਤੇ ਕੱਢਵੀਂ ਜੁੱਤੀ ਪਾ ਕੇ ਮਲਕੜੇ ਜਿਹੇ ਖਿਸਕ ਗਿਆ। ਕੋਟਸ਼ਮੀਰ ਵਾਲਾ ਸੱਜਣ ਜਦੋਂ ਜਾਣ ਲੱਗਾ ਤਾਂ ਉਸਨੇ ਸੇਠ ਨੂੰ ਕਿਹਾ ਕਿ ਮੇਰੀ ਜੁੱਤੀ ਚੋਰੀ ਹੋ ਗਈ ਹੈ। ਉਸਨੇ ਕਿਹਾ ਕਿ ਹੋਰ ਤਾਂ ਕੋਈ ਇੱਥੇ ਆਇਆ ਨਹੀਂ, ਭਾਗੂ ਵਾਲਾ ਜਿਹੜਾ ਬੰਦਾ ਇੱਥੇ ਬੈਠਾ ਸੀ, ਉਹ ਹੀ ਲੈ ਗਿਆ ਮੇਰੀ ਜੁੱਤੀ। ਸੇਠ ਆਖੇ ਉਹ ਬਹੁਤ ਇਮਾਨਦਾਰ ਆਦਮੀ ਐ, ਉਹ ਤਾਂ ਮੇਰੀ ਚਾਂਦੀ ਦੇ ਰੁਪਈਆਂ ਵਾਲੀ ਬੋਰੀ ਮੋੜ ਗਿਆ ਸੀ, ਉਹ ਅਜਿਹਾ ਨਹੀਂ ਕਰ ਸਕਦਾ। ਪਰ ਜੁੱਤੀ ਵਾਲਾ ਆਖੇ ਹੋਰ ਕੋਈ ਹੋ ਹੀ ਨਹੀਂ ਸਕਦਾ, ਚਲੋ ਉਹਦੇ ਘਰ ਚਲਦੇ ਆਂ।
ਸੇਠ ਅਤੇ ਜੁੱਤੀ ਵਾਲਾ ਸੱਜਣ ਪਿੰਡ ਭਾਗੂ ਜ਼ਿਮੀਦਾਰ ਦੇ ਘਰ ਚਲੇ ਗਏ। ਸੇਠ ਤੋਂ ਜੁੱਤੀ ਵਾਲੀ ਗੱਲ ਨਾ ਤੋਰੀ ਜਾਵੇ, ਉਹ ਕਹਿਣ ਲੱਗਾ, “ਸਰਦਾਰਾ, ਊਂ ਤਾਂ ਸਭ ਠੀਕ ਐ ਪਰ, ਗੱਲ ਮਾੜੀ ਵੀ ਐ, ਕਹਿਣੀ ਵੀ ਔਖੀ ਐ, ਤੂੰ ਬਹੁਤ ਚੰਗਾ ਆਦਮੀ ਐਂ ...’ ਇਸ ਤੋਂ ਅੱਗੇ ਸੇਠ ਜੁੱਤੀ ਦੀ ਗੱਲ ਨਾ ਕਰ ਸਕੇ। ਜ਼ਿਮੀਦਾਰ ਵੀ ਸਭ ਕੁਝ ਪਹਿਲਾਂ ਹੀ ਸਮਝ ਚੁੱਕਾ ਸੀ, ਉਹ ਕਹਿਣ ਲੱਗਾ, “ਸੇਠ ਜੀ, ਉਲਝਿਆ ਕਿਉਂ ਪਿਐਂ, ਜੁੱਤੀ ਦੀ ਗੱਲ ਐ, ਔਹ ਪਈ ਐ, ਲੈ ਜੋ।”
ਇਹ ਸੁਣ ਕੇ ਸੇਠ ਕਹਿਣ ਲੱਗਾ, ਸਰਦਾਰਾ ਸੱਚ ਨੀ ਆਉਂਦਾ। ਜ਼ਿਮੀਦਾਰ ਕਹਿਣ ਲੱਗਾ, “ਭਾਈ! ਬੰਦੇ ਦਾ ਮਨ ਪਾਣੀ ਦੀ ਥਾਲੀ ਵਾਂਗ ਹੁੰਦਾ ਹੈ, ਨਾ ਡੋਲੇ ਤਾਂ ਲੱਖਾਂ ’ਤੇ ਨਾ ਡੋਲੇ, ਜੇ ਡੋਲ ਜਾਵੇ ਤਾਂ ਦੋ ਰੁਪਏ ਦੀ ਚੀਜ਼ ’ਤੇ ਵੀ ਡੋਲ ਜਾਂਦਾ ਐ। ਤੇਰੀ ਚਾਂਦੀ ਦੇ ਰੁਪਇਆਂ ਵਾਲੀ ਬੋਰੀ ’ਤੇ ਮਨ ਨਹੀਂ ਡੋਲਿਆ ਮੈਂ ਵਾਪਸ ਕਰ ਦਿੱਤੀ, ਪਰ ਸਾਲਾ ਆਹ ਜੁੱਤੀ ’ਤੇ ਡੋਲ ਗਿਆ, ਮੈਂ ਕਾਬੂ ਨਹੀਂ ਕਰ ਸਕਿਆ ...।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (