“ਉਨ੍ਹਾਂ ਦੀ ਉਮਰ ਅਨੁਸਾਰ ਮੈਨੂੰ ਲਗਦਾ ਹੈ ਕਿ ਉਹ ਰੱਬ ਨੂੰ ਪਿਆਰੇ ਹੋ ਗਏ ਹੋਣਗੇ। ਉਹਨਾਂ ਦੇ ਕੋਈ ...”
(3 ਅਕਤੂਬਰ 2025)
ਮੇਰੇ ਪਿੰਡ ਪਿੱਥੋ ਦਾ ਰਣਬੀਰ ਸਿੰਘ ਢਿੱਲੋਂ ਲੰਬੇ ਸਮੇਂ ਤੋਂ ਬਠਿੰਡਾ ਵਿਖੇ ਰਹਿੰਦਾ ਸੀ। ਉਸਦੇ ਪਿਤਾ ਜੀ ਦੀ ਬਠਿੰਡਾ ਵਿਖੇ ਟਰਾਂਸਪੋਰਟ ਹੋਇਆ ਕਰਦੀ ਸੀ। ਬਾਅਦ ਵਿੱਚ ਉਹਨਾਂ ਬੱਸਾਂ ਵੇਚ ਦਿੱਤੀਆਂ ਅਤੇ ਸ਼ਹਿਰ ਦੇ ਨਜ਼ਦੀਕ ਜ਼ਮੀਨ ਖਰੀਦ ਲਈ ਸੀ। ਇਹ ਅੱਜ ਕੱਲ੍ਹ ਸ਼ਹਿਰ ਦੇ ਵਿਚਕਾਰ ਹੀ ਆ ਗਈ ਹੈ। ਇਹ ਜ਼ਮੀਨ ਪਲਾਟਾਂ ਰਾਹੀਂ ਵੇਚੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚ ਮਕਾਨ ਬਣ ਗਏ ਹਨ। ਥੋੜ੍ਹੀ ਬਹੁਤੀ ਜ਼ਮੀਨ ਅਜੇ ਬਚੀ ਹੋਈ ਹੈ। ਕਰੀਬ ਚਾਰ ਦਹਾਕੇ ਪਹਿਲਾਂ ਰਣਬੀਰ ਸਿੰਘ ਦਾ ਐਕਸੀਡੈਂਟ ਹੋ ਜਾਣ ਕਾਰਨ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਜਿਸ ਸਦਕਾ ਉਹ ਪੱਕੇ ਤੌਰ ’ਤੇ ਮੰਜੇ ’ਤੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਪਰ ਉਹ ਖਾਣ ਪੀਣ ਦਾ ਵੀ ਸ਼ੌਕੀਨ ਸੀ ਅਤੇ ਲੋਕ ਭਲਾਈ ਅਤੇ ਸਮਾਜ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦਾ ਸੀ। ਥੋੜ੍ਹੇ ਦਿਨਾਂ ਬਾਅਦ ਹੀ ਉਹ ਫੋਨ ਰਾਹੀਂ ਸੁਨੇਹਾ ਭੇਜ ਕੇ ਮੈਨੂੰ ਆਪਣੇ ਘਰ ਬੁਲਾ ਲੈਂਦਾ ਤੇ ਅਸੀਂ ਪੈੱਗ ਸ਼ੈੱਗ ਲਾਉਂਦੇ ਅਤੇ ਗੱਲਾਂ ਕਰਕੇ ਮਨ ਹੌਲਾ ਕਰ ਲੈਂਦੇ। ਲੋਕਾਂ ਦੇ ਕੰਮ ਕਾਰ ਉਹ ਫੋਨ ’ਤੇ ਹੀ ਕਰਵਾ ਦਿੰਦਾ ਸੀ। ਡੀ ਸੀ ਜਾਂ ਐੱਸ ਐੱਸ ਪੀ ਨੂੰ ਫੋਨ ਕਰਨ ਤੋਂ ਝਿਜਕਦਾ ਨਹੀਂ ਸੀ। ਅਫਸਰਾਂ ਨੂੰ ਵੀ ਉਸਦੇ ਹਾਲਾਤ ਦਾ ਕਿਹੜਾ ਪਤਾ ਹੁੰਦਾ ਸੀ, ਉਹ ਸਮਾਜ ਸੇਵੀ ਸਮਝਦੇ ਤੇ ਨਿੱਕਾ ਮੋਟਾ ਕੰਮ ਕਰ ਦਿੰਦੇ। ਮੇਰੇ ਪਿੰਡ ਦਾ ਹੋਣ ਸਦਕਾ ਮੈਂ ਉਸ ਨੂੰ ਚਾਚਾ ਹੀ ਕਿਹਾ ਕਰਦਾ ਸੀ। ਆਪਣੇ ਦੁੱਖ ਸੁਖ ਜਾਂ ਕਿਸੇ ਕੰਮ ਕਾਰ ਲਈ ਉਹ ਮੇਰੀ ਸਲਾਹ ਵੀ ਲੈਂਦਾ ਰਹਿੰਦਾ ਸੀ। ਪਿੰਡ ਨਾਲ ਉਸਦਾ ਭਾਵੇਂ ਬਹੁਤਾ ਵਾਹ ਵਾਸਤਾ ਤਾਂ ਨਹੀਂ ਸੀ, ਪਰ ਉਸਦਾ ਮੋਹ ਪੂਰੀ ਤਰ੍ਹਾਂ ਕਾਇਮ ਸੀ।
ਇੱਕ ਦਿਨ ਸ. ਢਿੱਲੋਂ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗੇ, “ਆਪਣੇ ਪਿੰਡ ਦਾ ਇੱਕ ਬਜ਼ੁਰਗ ਆਪਣੀ ਪਤਨੀ ਸਮੇਤ ਕਰੀਬ ਵੀਹ ਸਾਲ ਪਹਿਲਾਂ ਸਾਡੇ ਘਰ ਆਇਆ ਸੀ। ਉਨ੍ਹਾਂ ਨੇ ਸਿੰਘਾਪੁਰ ਨੂੰ ਜਾਣਾ ਸੀ। ਉਹਨਾਂ ਮੈਨੂੰ ਵੀਹ ਹਜ਼ਾਰ ਰੁਪਏ ਫੜਾਏ ਸਨ ਕਿ ਜਦੋਂ ਵਾਪਸ ਆਏ ਤਾਂ ਲੈ ਲਵਾਂਗੇ। ਉਸ ਤੋਂ ਬਾਅਦ ਉਹ ਕਦੇ ਵੀ ਵਾਪਸ ਨਹੀਂ ਆਏ। ਉਨ੍ਹਾਂ ਦੀ ਉਮਰ ਅਨੁਸਾਰ ਮੈਨੂੰ ਲਗਦਾ ਹੈ ਕਿ ਉਹ ਰੱਬ ਨੂੰ ਪਿਆਰੇ ਹੋ ਗਏ ਹੋਣਗੇ। ਉਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ। ਹੁਣ ਮੇਰੀ ਜ਼ਿੰਦਗੀ ਵੀ ਬਹੁਤੀ ਨਹੀਂ ਹੈ ਅਤੇ ਉਹ ਵੀਹ ਹਜ਼ਾਰ ਰੁਪਏ ਮੇਰੇ ’ਤੇ ਬੋਝ ਬਣੇ ਹੋਏ ਹਨ। ਮੈਂ ਅਜਿਹੀ ਰਕਮ ਲੈ ਕੇ ਮਰਨਾ ਨਹੀਂ ਚਾਹੁੰਦਾ, ਇਸ ਲਈ ਉਹ ਰਕਮ ਪਿੰਡ ਦੇ ਕਿਸੇ ਸਾਂਝੇ ਕੰਮ ’ਤੇ ਲਗਵਾ ਦੇ। ਮੈਂ ਤੁਰ ਫਿਰ ਨਹੀਂ ਸਕਦਾ, ਇਸ ਲਈ ਇਹ ਜ਼ਿੰਮੇਵਾਰੀ ਤੈਨੂੰ ਹੀ ਸੰਭਾਲਣੀ ਪਵੇਗੀ।”
ਅਸੀਂ ਵਿਚਾਰ ਕੀਤੀ ਕਿ ਸੜਕ ਤੇ ਪਿੰਡ ਦਾ ਗੇਟ ਬਣਵਾ ਦਿੱਤਾ ਜਾਵੇ ਜਾਂ ਫਿਰ ਸਕੂਲ ਲਈ ਕਮਰਾ ਬਣਵਾ ਦਿੱਤਾ ਜਾਵੇ ਜਾਂ ਹੋਰ ਕੀ ਕਰੀਏ। ਮੇਰੀ ਇੱਛਾ ਵੀ ਸੀ ਕਿ ਸਕੂਲ ਲਈ ਹੀ ਕੁਝ ਨਾ ਕੁਝ ਕੀਤਾ ਜਾਵੇ। ਕਈ ਦਿਨਾਂ ਬਾਅਦ ਮੈਂ ਆਪਣੇ ਪਿੰਡ ਪਿੱਥੋ ਇੱਕ ਮਰਗ ਦੇ ਭੋਗ ’ਤੇ ਗਿਆ। ਜਿਸ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਇਆ ਜਾਣਾ ਸੀ, ਉਸਦੀ ਕੰਧ ਦੇ ਨਾਲ ਹੀ ਸਕੂਲ ਦੀ ਪ੍ਰਾਇਮਰੀ ਬਰਾਂਚ ਸੀ। ਮੈਂ ਭੋਗ ਤੋਂ ਬਾਅਦ ਵਿਹਲਾ ਹੋ ਕੇ ਸਕੂਲ ਵਿੱਚ ਚਲਾ ਗਿਆ ਅਤੇ ਇੰਚਾਰਜ ਅਧਿਆਪਕ ਨੂੰ ਮਿਲਿਆ। ਗਰਮੀ ਦਾ ਮੌਸਮ ਸੀ। ਸਟਾਫ ਅਤੇ ਵਿਦਿਆਰਥੀਆਂ ਦੇ ਕਮਰਿਆਂ ਵਿੱਚ ਪੱਖੇ ਲੱਗੇ ਹੋਏ ਸਨ, ਪਰ ਬਿਜਲੀ ਨਾ ਹੋਣ ਕਾਰਨ ਬੰਦ ਸਨ। ਬੱਚਿਆਂ ਦਾ ਬੁਰਾ ਹਾਲ ਸੀ। ਅਧਿਆਪਕ ਵੀ ਪਰੇਸ਼ਾਨ ਸਨ। ਮੈਂ ਅਧਿਆਪਕਾਂ ਨਾਲ ਢਿੱਲੋਂ ਸਾਹਿਬ ਵਾਲੇ ਦਾਨ ਦੇ ਮੁੱਦੇ ’ਤੇ ਗੱਲ ਤੋਰੀ ਤਾਂ ਉਹ ਕਮਰੇ ਦਾ ਸੁਝਾਅ ਦੇਣ ਲੱਗੇ। ਪਰ ਮੇਰੀ ਨਜ਼ਰ ਬੱਚਿਆਂ ਦੀ ਪਰੇਸ਼ਾਨੀ ’ਤੇ ਸੀ। ਮੈਂ ਇੰਚਾਰਜ ਨੂੰ ਪੁੱਛਿਆ ਕਿ ਸਕੂਲ ਵਿੱਚ ਜਨਰੇਟਰ ਨਹੀਂ ਹੈ? ਅਧਿਆਪਕ ਨੇ ਨਾਂਹ ਵਿੱਚ ਉੱਤਰ ਦਿੱਤਾ। ਮੈਂ ਕਿਹਾ ਕਿ ਜੇਕਰ ਜਨਰੇਟਰ ਦਾਨ ਵਜੋਂ ਦਿੱਤਾ ਜਾਵੇ। ਇਹ ਸੁਣ ਕੇ ਅਧਿਆਪਕ ਖੁਸ਼ ਹੋ ਗਿਆ। ਮੈਂ ਉਸ ਨੂੰ ਜਰਨੇਟਰ ਦੀ ਕੀਮਤ ਬਾਰੇ ਪਤਾ ਕਰਨ ਦਾ ਸੁਝਾਅ ਦਿੱਤਾ। ਅਧਿਆਪਕ ਨੇ ਰਾਮਪੁਰਾ ਮੰਡੀ ਦੀ ਇੱਕ ਦੁਕਾਨ ’ਤੇ ਫੋਨ ਕਰਕੇ ਦੱਸਿਆ ਕਿ ਜਰਨੇਟਰ ਦੀ ਕੀਮਤ ਅਠਾਈ ਹਜ਼ਾਰ ਰੁਪਏ ਹੈ। ਕੁਝ ਖ਼ਰਚਾ ਹੋਰ ਆਵੇਗਾ, ਲਿਆਉਣ ਉੱਪਰ ਅਤੇ ਤਾਰ ਜਾਂ ਸਵਿੱਚ ਵਗੈਰਾ ਦਾ।
ਮੈਂ ਫੋਨ ’ਤੇ ਸ. ਢਿੱਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਵੀਹ ਹਜ਼ਾਰ ਤਾਂ ਆਪਣੇ ਕੋਲ ਬਜ਼ੁਰਗਾਂ ਦਾ ਪਿਆ ਹੈ, ਉਸ ਤੋਂ ਵੱਧ ਭਾਵੇਂ ਵੀਹ ਹਜ਼ਾਰ ਹੋਰ ਲੱਗ ਜਾਵੇ, ਬੱਸ ਹਾਂ ਕਰ ਦੇ। ਮੈਂ ਇੰਚਾਰਜ ਅਧਿਆਪਕ ਨੂੰ ਕਿਹਾ ਕਿ ਜਰਨੇਟਰ ਲਈ ਕਹਿ ਦਿਓ, ਪਰਸੋਂ ਅਸੀਂ ਕੀਮਤ ਅਦਾ ਕਰਕੇ ਛੱਡ ਜਾਵਾਂਗੇ। ਪਰ ਇਹ ਦਾਨ ਇੱਕ ਸ਼ਰਤ ’ਤੇ ਕੀਤਾ ਜਾਵੇਗਾ ਕਿ ਕੱਲ੍ਹ ਨੂੰ ਤੇਲ ਨਾ ਹੋਣ ਕਰਕੇ ਜਰਨੇਟਰ ਬੰਦ ਨਹੀਂ ਹੋਣਾ ਚਾਹੀਦਾ, ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਦਾਨ ਕੀਤਾ ਜਾਣਾ ਹੈ। ਅਧਿਆਪਕ ਨੇ ਭਰੋਸਾ ਦਿੱਤਾ, ਤੇਲ ਦਾ ਇੰਤਜ਼ਾਮ ਅਸੀਂ ਸਕੂਲ ਵੱਲੋਂ ਕਰਦੇ ਰਹਾਂਗੇ।
ਮੈਂ ਬਜ਼ੁਰਗਾਂ ਦੇ ਨਾਂ ਦੀ ਜਰਨੇਟਰ ਦਾਨ ਕਰਨ ਦੀ ਪਲੇਟ ਬਣਾ ਲਿਆਇਆ ਅਤੇ ਤੀਜੇ ਦਿਨ ਸ. ਢਿੱਲੋਂ ਨੂੰ ਬੈਲਟਾਂ ਲਾ ਕੇ ਕਾਰ ਵਿੱਚ ਬਿਠਾ ਲਿਆ। ਫਿਰ ਉਹਨਾਂ ਕਿਹਾ ਕਿ ਵੀਹ ਕਿਲੋ ਲੱਡੂ ਵੀ ਲੈ ਲਓ, ਜੁਆਕਾਂ ਨੂੰ ਵੰਡ ਦੇਵਾਂਗੇ। ਅਸੀਂ ਲੱਡੂ ਲੈ ਕੇ ਰਾਮਪੁਰਾ ਗਏ। ਜਰਨੇਟਰ ਦੀ ਕੀਮਤ ਅਦਾ ਕੀਤੀ ਅਤੇ ਪਿੱਥੋ ਸਕੂਲ ਵਿੱਚ ਪਹੁੰਚ ਗਏ। ਅਧਿਆਪਕਾਂ ਨੇ ਕੁਝ ਪਿੰਡ ਦੇ ਮੋਹਤਬਰ ਬੰਦੇ ਵੀ ਬੁਲਾਏ ਹੋਏ ਸਨ। ਜਰਨੇਟਰ ਦਾਨ ਕਰਕੇ ਬਜੁਰਗਾਂ ਦੇ ਨਾਂ ਵਾਲੀ ਪਲੇਟ ਕੰਧ ਵਿੱਚ ਲਾ ਦਿੱਤੀ। ਬੱਚਿਆਂ ਨੂੰ ਲੱਡੂ ਵੰਡੇ ਗਏ ਅਤੇ ਸਟਾਫ ਨਾਲ ਬੈਠ ਕੇ ਅਸੀਂ ਚਾਹ ਪਾਣੀ ਪੀਤਾ। ਸ. ਢਿੱਲੋਂ ਕਹਿਣ ਲੱਗੇ ਕਿ ਅੱਜ ਮੇਰੇ ਮਨ ਨੂੰ ਅਥਾਹ ਸ਼ਾਂਤੀ ਮਿਲੀ ਹੈ, ਮੇਰੇ ਸਿਰੋਂ ਭਾਰੀ ਬੋਝ ਲਹਿ ਗਿਆ ਹੈ। ਹੁਣ ਮੈਂ ਭਾਰ ਮੁਕਤ ਹੋ ਕੇ ਇਸ ਜਹਾਨ ਤੋਂ ਜਾਵਾਂਗਾ। ਇਹ ਗੱਲ ਸੁਣਨ ਦੇਖਣ ਨੂੰ ਭਾਵੇਂ ਬਹੁਤੀ ਵੱਡੀ ਨਹੀਂ ਲਗਦੀ, ਪਰ ਇਸਦੇ ਅਰਥ ਬਹੁਤ ਵਿਸ਼ਾਲ ਹਨ।
ਹੁਣ ਸ. ਢਿੱਲੋਂ ਇਸ ਜਹਾਨ ਤੋਂ ਰੁਖ਼ਸਤ ਵੀ ਹੋ ਗਏ ਹਨ ਪਰ ਮੇਰੇ ਦਿਲ ਵਿੱਚ ਉਹਨਾਂ ਪ੍ਰਤੀ ਅਥਾਹ ਸਤਿਕਾਰ ਕਾਇਮ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (