“ਹੁਣ ਕਈ ਮਹੀਨਿਆਂ ਤੋਂ ਫਿਰ ਚਰਚਾਵਾਂ ਚੱਲ ਰਹੀਆਂ ਹਨ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ...”
(13 ਅਕਤੂਬਰ 2024)
ਅੰਦਰੂਨੀ ਕਲੇਸ਼ ਘਰ ਪਰਿਵਾਰ ਦਾ ਹੋਵੇ ਚਾਹੇ ਸੂਬੇ ਜਾਂ ਦੇਸ਼ ਦਾ ਹੋਵੇ, ਉਹ ਜਿੱਥੇ ਵੀ ਹੋਵੇਗਾ ਉਸਦਾ ਕੋਈ ਲਾਭ ਤਾਂ ਹੋਣਾ ਹੀ ਨਹੀਂ, ਬਲਕਿ ਉਹ ਤਬਾਹੀ ਦਾ ਕਾਰਨ ਹੀ ਬਣਦਾ ਹੈ। ਇਤਿਹਾਸ ਅਜਿਹੀਆਂ ਦਲੀਲਾਂ ਨਾਲ ਭਰਿਆ ਪਿਆ ਹੈ, ਜੇਕਰ ਘਰ ਦੇ ਮੈਂਬਰ ਅੰਦਰੂਨੀ ਕਲੇਸ਼ ਸਦਕਾ ਗੱਦਾਰੀ ਨਾ ਕਰਦੇ ਤਾਂ ਲੰਕਾ ਦੇ ਰਾਵਨ ਦਾ ਰਾਜ ਭਾਗ ਵੀ ਖਤਮ ਨਹੀਂ ਸੀ ਹੋਣਾ। ਅਜਿਹੇ ਕਲੇਸ਼ ਨੇ ਹੀ ਭਾਰਤ ਪਾਕਿਸਤਾਨ ਦੋ ਵੱਖ ਵੱਖ ਦੇਸ਼ ਬਣਾ ਦਿੱਤੇ ਸਨ। ਬੀਤੇ ਦਿਨੀਂ ਸਾਡੇ ਗੁਆਂਢੀ ਰਾਜ ਹਰਿਆਣਾ ਵਿੱਚ ਸ਼ਾਨ ਨਾਲ ਜਿੱਤ ਰਹੀ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਹੀ ਉਸ ਨੂੰ ਮੂਧੇ ਮੂੰਹ ਸੁੱਟ ਦਿੱਤਾ ਅਤੇ ਹੁਣ ਅੱਖਾਂ ਵਿੱਚ ਘਸੁੰਨ ਦੇ ਕੇ ਰੋਣ ਜੋਗੇ ਰਹਿ ਗਏ ਹਨ, ਪੰਜ ਸਾਲ ਪਿੱਛੇ ਬੈਠੇ ਆਪਣੇ ਆਪ ਨੂੰ ਕੋਸਦੇ ਰਹਿਣਗੇ।
ਪੰਜਾਬ ਵਾਸੀਆਂ ਨੇ ਸੂਬੇ ਵਿੱਚ ਵੱਡੀ ਬਹੁਗਿਣਤੀ ਨਾਲ ਆਮ ਆਦਮੀ ਪਾਰਟੀ ਦੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿੱਚ ਲਿਆਂਦੀ ਸੀ। ਪਹਿਲੀਆਂ ਰਾਜ ਕਰਦੀਆਂ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਤੋਂ ਅੱਕੇ ਹੋਏ ਲੋਕਾਂ ਨੇ ਬਦਲਾਅ ਵਜੋਂ ਇਸ ਨਵੀਂ ਪਾਰਟੀ ਨੂੰ ਸਮਰਥਨ ਦਿੱਤਾ ਸੀ ਅਤੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਲਿਆਂਦੇ ਸਨ। ਇਸ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਕੁਝ ਸਮੇਂ ਬਾਅਦ ਹੀ ਇਹ ਚਰਚਾ ਛਿੜ ਪਈ ਸੀ ਕਿ ਦਿੱਲੀ, ਭਾਵ ਇਸ ਪਾਰਟੀ ਦੀ ਹਾਈਕਮਾਂਡ ਪੰਜਾਬ ਵਿੱਚ ਦਖ਼ਲ ਅੰਦਾਜ਼ੀ ਕਰਕੇ ਕੰਮਕਾਰ ਵਿੱਚ ਰੁਕਾਵਟਾਂ ਪਾ ਰਹੀ ਹੈ। ਪਰ ਬਹੁਤ ਸਾਰੇ ਲੋਕ ਇਸ ਨੂੰ ਅਫ਼ਵਾਹਾਂ ਕਹਿ ਰਹੇ ਸਨ। ਜਦੋਂ ਪੰਜਾਬ ਤੋਂ ਰਾਜ ਸਭਾ ਲਈ ਮੈਂਬਰ ਚੁਣਨ ਦਾ ਸਮਾਂ ਆਇਆ ਤਾਂ ਇਹ ਦਖ਼ਲ ਅੰਦਾਜ਼ੀ ਪਰਤੱਖ ਹੋ ਗਈ ਸੀ, ਜਦੋਂ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਬਾਹਰੋਂ ਕਈ ਆਪਣੇ ਅਜਿਹੇ ਨਜ਼ਦੀਕੀਆਂ ਨੂੰ ਰਾਜ ਸਭਾ ਦੇ ਉਮੀਦਵਾਰ ਬਣਾ ਦਿੱਤਾ, ਜਿਹਨਾਂ ਦਾ ਨਾ ਪੰਜਾਬ ਨਾਲ ਕੋਈ ਮੋਹ ਸੀ ਅਤੇ ਨਾ ਹੀ ਉਹਨਾਂ ਪੰਜਾਬ ਦੇ ਭਲੇ ਲਈ ਕੋਈ ਕੰਮ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਪਾਰਟੀ ਸੁਪਰੀਮੋ ਦਾ ਹੁਕਮ ਸਿਰ ਮੱਥੇ ਮੰਨ ਲਿਆ ਅਤੇ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ। ਇਸ ਤੋਂ ਬਾਅਦ ਵੀ ਉਹਨਾਂ ਵੱਲੋਂ ਪੰਜਾਬ ਲਈ ਕੁਝ ਕੀਤਾ ਨਜ਼ਰ ਨਹੀਂ ਆਇਆ। ਇੱਥੇ ਹੀ ਬੱਸ ਨਹੀਂ, ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਦੇ ਦਫਤਰ ਵਿੱਚ ਸਲਾਹਕਾਰ ਜਾਂ ਹੋਰ ਅਹੁਦੇ ’ਤੇ ਆਪਣੇ ਭਰੋਸੇਮੰਦ ਵਿਅਕਤੀਆਂ ਨੂੰ ਸੰਭਾਲ ਕੇ ਉਹਨਾਂ ਨੂੰ ਤਾਕਤ ਦਿੱਤੀ ਤਾਂ ਜੋ ਭਗਵੰਤ ਮਾਨ ਦੇ ਕੰਮਾਂ ਦੀ ਨਿਗਰਾਨੀ ਹੁੰਦੀ ਰਹੇ ਅਤੇ ਉਹ ਆਪਣੀ ਮਰਜ਼ੀ ਨਾਲ ਕੰਮ ਨਾ ਕਰ ਸਕਣ।
ਹੁਣ ਕਈ ਮਹੀਨਿਆਂ ਤੋਂ ਫਿਰ ਚਰਚਾਵਾਂ ਚੱਲ ਰਹੀਆਂ ਹਨ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ, ਭਗਵੰਤ ਮਾਨ ਦੇ ਖੰਭ ਕੁਤਰੇ ਜਾ ਰਹੇ ਹਨ। ਉਸ ਦੇ ਦਫਤਰ ਵਿੱਚ ਕੇਜਰੀਵਾਲ ਵੱਲੋਂ ਆਪਣੇ ਨਜ਼ਦੀਕੀਆਂ ਨੂੰ ਬਿਠਾਇਆ ਗਿਆ ਹੈ, ਤਾਂ ਜੋ ਮੁੱਖ ਮੰਤਰੀ ਆਪਣੀ ਮਨ ਮਰਜ਼ੀ ਨਾਲ ਕੰਮ ਨਾ ਕਰ ਸਕੇ। ਭਗਵੰਤ ਮਾਨ ਤੋਂ ਸਾਰੇ ਅਧਿਕਾਰ ਖੋਹ ਕੇ ਸਿਰਫ਼ ਮੋਹਰ ਬਣਾ ਕੇ ਪਾਸੇ ਬਿਠਾ ਦਿੱਤਾ ਜਾਵੇਗਾ। ਇਹਨਾਂ ਚਰਚਾਵਾਂ ਵਿੱਚ ਅਸਲੀਅਤ ਕਿੰਨੀ ਕੁ ਹੈ, ਇਹ ਤਾਂ ਸ੍ਰੀ ਕੇਜਰੀਵਾਲ ਜਾਣਦੇ ਹਨ ਜਾਂ ਫਿਰ ਸ੍ਰੀ ਭਗਵੰਤ ਮਾਨ, ਪਰ ਇੰਨਾ ਕੁ ਜ਼ਰੂਰ ਮੰਨਿਆ ਜਾ ਸਕਦਾ ਹੈ ਕਿ ਜੇ ਪਾਥੀਆਂ ਵਿੱਚ ਅੱਗ ਦੀ ਚੰਗਿਆੜ ਸੁੱਟੀ ਜਾਵੇਗੀ ਤਾਂ ਹੀ ਧੂੰਆਂ ਉੱਠੇਗਾ। ਇਸਦੇ ਨਾਲ ਹੀ ਅੱਜ ਹਰ ਹੱਟੀ-ਭੱਠੀ ’ਤੇ ਇਹ ਚਰਚਾ ਹੋ ਰਹੀ ਹੈ ਕਿ ਕੀ ਭਗਵੰਤ ਮਾਨ ਆਪਣਾ ਅਹੁਦਾ ਛੱਡ ਕੇ ਪਾਸੇ ਹੋ ਜਾਣਗੇ ਜਾਂ ਕੇਜਰੀਵਾਲ ਦੇ ਕਹਿਣ ’ਤੇ ਬਹੁਗਿਣਤੀ ਵਿਧਾਇਕ ਭਗਵੰਤ ਮਾਨ ਨੂੰ ਲਾਹ ਦੇਣਗੇ?
ਜੇਕਰ ਅਜਿਹੀ ਸਥਿਤੀ ਪੈਦਾ ਹੋ ਗਈ ਤਾਂ ਆਮ ਆਦਮੀ ਪਾਰਟੀ ਦੋਫਾੜ ਹੋ ਸਕਦੀ ਹੈ। ਭਗਵੰਤ ਮਾਨ ਇੰਨੇ ਕਮਜ਼ੋਰ ਨਹੀਂ ਹਨ ਕਿ ਉਸ ਨਾਲ ਕੋਈ ਵੀ ਵਿਧਾਇਕ ਨਹੀਂ ਖੜ੍ਹੇਗਾ। ਦੂਜੇ ਵਾਸੇ ਸ੍ਰੀ ਕੇਜਰੀਵਾਲ ਵੀ ਹੁਣ ਪਹਿਲਾਂ ਵਰਗੇ ਮਜ਼ਬੂਤ ਆਗੂ ਨਹੀਂ ਹਨ। ਉਹ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਤੇ ਕਈ ਮਹੀਨੇ ਜੇਲ੍ਹ ਵਿੱਚ ਗੁਜ਼ਾਰ ਕੇ ਆਏ ਹਨ। ਬਾਹਰ ਆਏ ਤਾਂ ਆਦਲਤ ਵੱਲੋਂ ਉਸਦੀਆਂ ਤਾਕਤਾਂ ਨੂੰ ਖੋਹਣ ਸਦਕਾ ਆਪਣੀ ਮੁੱਖ ਮੰਤਰੀ ਦੀ ਕੁਰਸੀ ਵੀ ਆਤਿਸ਼ੀ ਨੂੰ ਸੰਭਾਲ ਕੇ ਪਾਸਿਉਂ ਬੈਠ ਕੇ ਕੰਮ ਕਰਨਾ ਪੈ ਰਿਹਾ ਹੈ। ਕੇਂਦਰ ਦੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਈ ਡੀ ਵਰਗੇ ਵਿਭਾਗ ਦੀ ਵੀ ਉਸ ਉੱਪਰ ਪੂਰੀ ਨਿਗਾਹ ਹੈ। ਅਜਿਹੇ ਹਾਲਾਤ ਵਿੱਚ ਤਾਂ ਕਿਸੇ ਆਗੂ ਨੂੰ ਆਪਣੀ ਸਥਿਤੀ ਸੰਭਾਲਣ ਦੀ ਹੀ ਚਿੰਤਾ ਹੁੰਦੀ ਹੈ, ਦੂਜੇ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਕਰਨਾ ਉਸਦੇ ਵੱਸ ਵਿੱਚ ਨਹੀਂ ਰਹਿ ਜਾਂਦਾ। ਪਰ ਸ੍ਰੀ ਕੇਜਰੀਵਾਲ ਦੀ ਸੋਚ ਬੜੀ ਹੰਕਾਰੀ ਤੇ ਸਭ ਨੂੰ ਲੱਤ ਹੇਠਾਂ ਰੱਖਣ ਵਾਲੀ ਹੈ, ਜਿਸਦੀਆਂ ਮਿਸਾਲਾਂ ਅਨੇਕਾਂ ਹੀ ਹਨ। ਸਭ ਤੋਂ ਪਹਿਲਾਂ ਉਸਨੇ ਉਸ ਆਗੂ ਅੰਨਾ ਹਜ਼ਾਰੇ ਨੂੰ ਛੱਡਿਆ, ਜਿਸਨੇ ਉਸ ਨੂੰ ਸਿਆਸਤ ਦੇ ਪਿੜ ਵਿੱਚ ਲਿਆਂਦਾ ਸੀ। ਫਿਰ ਜੋਗਿੰਦਰ ਯਾਦਵ, ਪ੍ਰਸਾਂਤ ਭੂਸ਼ਣ ਵਰਗੇ ਆਗੂਆਂ ਨੂੰ ਪਾਸੇ ਕੀਤਾ। ਪੰਜਾਬ ਵਿੱਚ ਪਾਰਟੀ ਨੇ ਤਾਕਤ ਫੜ ਲਈ ਤਾਂ ਪਾਰਟੀ ਦੇ ਪੈਰ ਲਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁੱਗੀ, ਸੁਖਪਾਲ ਸਿੰਘ ਖਹਿਰਾ ਵਰਗੇ ਅਨੇਕਾਂ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਹਨਾਂ ਸਭ ਕਾਰਵਾਈਆਂ ਪਿੱਛੇ ਉਸਦੀ ਇਹੋ ਸੋਚ ਕੰਮ ਕਰਦੀ ਸੀ ਕਿ ਕੋਈ ਹੋਰ ਲੀਡਰ ਇੰਨਾ ਸਥਾਪਤ ਨਾ ਹੋ ਜਾਵੇ, ਜੋ ਉਸ ਨੂੰ ਅੱਖਾਂ ਵਿਖਾਉਣ ਦੇ ਕਾਬਲ ਹੋਵੇ ਜਾਂ ਉਸਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਸਕੇ।
ਪੰਜਾਬ ਦੀ ਸਰਕਾਰ ਬਹੁਤ ਮਜ਼ਬੂਤੀ ਵਾਲੀ ਬਣ ਗਈ ਅਤੇ ਭਗਵੰਤ ਮਾਨ ਇੱਕ ਵੱਡੇ ਲੀਡਰ ਵਜੋਂ ਉੱਭਰ ਆਇਆ ਤਾਂ ਉਹ ਵੀ ਸ੍ਰੀ ਕੇਜਰੀਵਾਲ ਨੂੰ ਬੁਰਾ ਲੱਗਣ ਲੱਗ ਪਿਆ। ਉਸ ਨੂੰ ਹੋਰ ਰਾਜਾਂ ਦੀਆਂ ਚੋਣਾਂ ਵਿੱਚ ਸਿੱਖ ਚਿਹਰੇ ਦਾ ਆਗੂ ਪੇਸ਼ ਕਰਕੇ ਲਾਹਾ ਵੀ ਲਿਆ, ਆਪਣੇ ਨਜ਼ਦੀਕੀਆਂ ਨੂੰ ਰਾਜ ਸਭਾ ਦੇ ਮੈਂਬਰ ਵੀ ਬਣਾਇਆ, ਪੰਜਾਬ ਦੇ ਅਰਬਾਂ ਰੁਪਏ ਵੀ ਵਰਤੇ ਪਰ ਅੰਦਰੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖੰਭ ਕੁਤਰਨ ਦੇ ਯਤਨ ਵੀ ਜਾਰੀ ਰੱਖੇ। ਹੁਣ ਉਸਦੇ ਦਫਤਰ ਵਿੱਚ ਦਖ਼ਲ ਅੰਦਾਜ਼ੀ ਵਧਾਉਂਦਿਆਂ ਆਪਣੇ ਵਿਸ਼ਵਾਸ ਪਾਤਰਾਂ ਨੂੰ ਵਾੜਿਆ ਜਾ ਰਿਹਾ ਹੈ, ਪਰ ਉਹਨਾਂ ਉੱਤੇ ਵੀ ਕਿੰਨਾ ਕੁ ਚਿਰ ਭਰੋਸਾ ਰੱਖਿਆ ਜਾਵੇਗਾ, ਇਹ ਸਭ ਜਾਣਦੇ ਹਨ। ਸ੍ਰੀ ਕੇਜਰੀਵਾਲ ਦੀ ਅਜਿਹੀ ਦਖ਼ਲ ਅੰਦਾਜ਼ੀ ਬਾਰੇ ਕੇਵਲ ਆਮ ਲੋਕ ਹੀ ਨਹੀਂ, ਵਿਧਾਇਕ ਵੀ ਚੰਗੀ ਤਰ੍ਹਾਂ ਸਮਝਦੇ ਹਨ। ਅਜਿਹਾ ਨਹੀਂ ਕਿ ਜੇਕਰ ਭਗਵੰਤ ਮਾਨ ਨੂੰ ਲਾਹੁਣ ਦੀ ਗੱਲ ਆਈ ਤਾਂ ਸਮੁੱਚੇ ਵਿਧਾਇਕ ਹੀ ਇੱਕ ਪਾਸੇ ਹੋ ਜਾਣਗੇ। ਅਜਿਹਾ ਸਮਾਂ ਆਇਆ ਤਾਂ ਪੰਜਾਬ ਦੇ ਵਿਧਾਇਕਾਂ ਦੇ ਵੀ ਦੋ ਧੜੇ ਬਣ ਸਕਦੇ ਹਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਸਕਦੀ ਹੈ।
ਭਗਵੰਤ ਮਾਨ ਲਾਹਿਆ ਜਾ ਸਕੇ ਜਾਂ ਨਾ, ਪਰ ਇਹ ਜ਼ਰੂਰ ਸਪਸ਼ਟ ਹੈ ਕਿ ਅਜਿਹੇ ਹਾਲਾਤ ਨਾਲ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ, ਸ੍ਰੀ ਕੇਜਰੀਵਾਲ ਦਾ ਨਹੀਂ। ਉਹ ਤਾਂ ਆਪਣੇ ਹੰਕਾਰ ਸਦਕਾ ਸਿਆਸੀ ਖੇਡ ਖੇਡਦਾ ਆਇਆ ਹੈ ਅਤੇ ਖੇਡ ਰਿਹਾ ਹੈ। ਪੰਜਾਬ ਵਿੱਚ ਹੋਰ ਕੋਈ ਸਿਆਸੀ ਪਾਰਟੀ ਇੰਨੀ ਮਜ਼ਬੂਤ ਨਹੀਂ ਹੈ ਕਿ ਭਗਵੰਤ ਮਾਨ ਦੇ ਪਾਸੇ ਹੁੰਦਿਆਂ ਖ਼ੁਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕੇ। ਜੇਕਰ ਆਮ ਆਦਮੀ ਪਾਰਟੀ ਦੀ ਹਾਲਤ ਖਸਤਾ ਹੋ ਗਈ ਤਾਂ ਪੰਜਾਬ ਦੀਆਂ ਚੋਣਾਂ ਵੀ ਆ ਸਕਦੀਆਂ ਹਨ ਅਤੇ ਜੇਕਰ ਅਜਿਹਾ ਸਮਾਂ ਆ ਗਿਆ ਤਾਂ ਇਹ ਪਾਰਟੀ ਮੁੜ ਸੱਤਾ ਹਾਸਲ ਕਰਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੇਗੀ। ਜੇ ਸ੍ਰੀ ਕੇਜਰੀਵਾਲ ਨੇ ਪੰਜਾਬ ਵਿੱਚ ਆਪਣੀ ਪਾਰਟੀ ਤਾਕਤ ਵਿੱਚ ਰੱਖਣੀ ਹੈ ਤਾਂ ਉਸ ਨੂੰ ਸੂਬਾ ਸਰਕਾਰ ਵਿੱਚ ਦਖ਼ਲ ਅੰਦਾਜ਼ੀ ਬੰਦ ਕਰਕੇ ਆਪਣੀ ਆਜ਼ਾਦ ਮਰਜ਼ੀ ਨਾਲ ਕੰਮ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਪੰਜਾਬ ਦੇ ਲੋਕ ਹੁਣ ਬਹੁਤ ਚੇਤੰਨ ਅਤੇ ਜਾਗਰੂਕ ਹਨ, ਉਹ ਆਗੂਆਂ ਦੀ ਚਾਲਾਂ ਨੂੰ ਸਮਝਦੇ ਹਨ। ਜੇਕਰ ਸੂਬੇ ਦਾ ਨੁਕਸਾਨ ਕਰਨ ਵਾਲੀਆਂ ਸਾਜ਼ਿਸ਼ਾਂ ਨਾ ਛੱਡੀਆਂ ਤਾਂ ਇੱਥੋਂ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਉਹ ਹਾਲਤ ਕਰ ਦੇਣਗੇ ਜੋ ਹਰਿਆਣਾ ਵਿੱਚ ਕਾਂਗਰਸ ਦੀ ਹੋ ਗਈ ਹੈ। ਸ੍ਰੀ ਕੇਜਰੀਵਾਲ ਨੂੰ ਹਰਿਆਣਾ ਚੋਣਾਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਅਤੇ ਅੰਦਰੂਨੀ ਕਲੇਸ਼ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5359)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: