“ਜਦੋਂ ਭਾਰਤ ਦੇ ਪ੍ਰਸਿੱਧ ਇੰਜਨੀਅਰ ਅਤੇ ਲਦਾਖ ਦੇ ਲੋਕ ਆਗੂ ਸੋਨਮ ਵਾਂਗਚੁੱਕ ਨੇ ਸੱਚ ਉਜਾਗਰ ...”
(8 ਅਕਤੂਬਰ 2025)
ਕਿਸੇ ਵੀ ਦੇਸ਼ ਵਿੱਚ ਜਦੋਂ ਲੋਕ ਸੰਘਰਸ਼ ਕਰਦੇ ਹਨ ਤਾਂ ਉਸ ਦੇਸ਼ ਦੀਆਂ ਸਰਕਾਰਾਂ ਸੰਘਰਸ਼ਸ਼ੀਲ ਲੋਕਾਂ ਦੀਆਂ ਮੰਗਾਂ ਉੱਤੇ ਵਿਚਾਰਾਂ ਕਰਦੀਆਂ ਹਨ। ਕਈ ਵਾਰ ਤਾਂ ਕਮਿਸ਼ਨ ਗਠਿਤ ਕਰਕੇ ਮੰਗਾਂ ਦੇ ਸਹੀ ਜਾਂ ਗਲਤ ਹੋਣ ਦਾ ਨਿਤਾਰਾ ਕੀਤਾ ਜਾਂਦਾ ਹੈ। ਸਰਬ ਪਾਰਟੀ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਵਿਰੋਧੀਆਂ ਦੇ ਵਿਚਾਰ ਵੀ ਹਾਸਲ ਕੀਤੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਸਰਕਾਰਾਂ ਕੋਈ ਹੱਲ ਕਰਦੀਆਂ ਹਨ ਜਾਂ ਸੰਘਰਸ਼ ਨੂੰ ਦਬਾਉਣ ਲਈ ਯਤਨ ਕਰਦੀਆਂ ਹਨ। ਭਾਰਤ ਵਿੱਚ ਵੀ ਲੋਕ ਆਪਣੀਆਂ ਮੰਗਾਂ ਲਈ ਸੰਘਰਸ਼ ਵਿੱਢਦੇ ਹਨ, ਜੋ ਉਹਨਾਂ ਦਾ ਸੰਵਿਧਾਨਿਕ ਹੱਕ ਵੀ ਹੈ। ਪਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਾਂ ਦੀਆਂ ਮੰਗਾਂ ਬਾਰੇ ਵਿਚਾਰਾਂ ਕਰਨ ਦੀ ਥਾਂ ਆਪਣੀ ਖ਼ੁਦ ਦੀ ਸਮਝ ਨੂੰ ਹੀ ਜਾਇਜ਼ ਠਹਿਰਾਉਂਦੀ ਹੈ। ਜਨਤਾ ਦੀ ਗੱਲ ਸੁਣਨ ਦੀ ਬਜਾਏ ਸੰਘਰਸ਼ ਨੂੰ ਪਹਿਲੇ ਪੜਾਅ ’ਤੇ ਹੀ ਡੰਡੇ ਦੇ ਜ਼ੋਰ ਨਾਲ ਦਬਾਉਣ ਦੇ ਰਾਹ ਤੁਰ ਪੈਂਦੀ ਹੈ। ਅਜਿਹਾ ਦੇਸ਼ ਵਿੱਚ ਚੱਲੇ ਵੱਡੇ ਕਿਸਾਨ ਅੰਦੋਲਨ ਸਮੇਂ ਵੀ ਹੋਇਆ ਸੀ, ਪਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਖ਼ਰ ਮੂੰਹ ਦੀ ਖਾਣੀ ਪਈ ਸੀ ਅਤੇ ਲੋਕ ਸੰਘਰਸ਼ ਮੋਹਰੇ ਝੁਕਣਾ ਪਿਆ ਸੀ। ਭਾਜਪਾ ਸਰਕਾਰ ਨੇ ਅਜੇ ਵੀ ਸਬਕ ਨਹੀਂ ਲਿਆ ਅਤੇ ਲੋਕ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਅਤੇ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਦਬਾਉਣ ਲਈ ਕੋਈ ਕਸਰ ਨਹੀਂ ਛੱਡਦੀ।
ਜਦੋਂ ਭਾਰਤ ਦੇ ਪ੍ਰਸਿੱਧ ਇੰਜਨੀਅਰ ਅਤੇ ਲਦਾਖ ਦੇ ਲੋਕ ਆਗੂ ਸੋਨਮ ਵਾਂਗਚੁੱਕ ਨੇ ਸੱਚ ਉਜਾਗਰ ਕਰਦਿਆਂ ਲੋਕ ਆਵਾਜ਼ ਬੁਲੰਦ ਕੀਤੀ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਵਾਂਗਚੁਕ ਨੇ ਕੋਈ ਗੁਨਾਹ ਨਹੀਂ ਕੀਤਾ ਸੀ, ਦੇਸ਼ ਦੇ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ ਸੀ, ਸਰਕਾਰ ਨੂੰ ਬੁਰਾ ਨਹੀਂ ਕਿਹਾ ਸੀ ਪਰ ਫਿਰ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਵਾਲ ਪੈਦਾ ਹੁੰਦਾ ਹੈ ਕਿ ਉਸਨੇ ਕਿਹਾ ਕੀ ਸੀ? ਉਸਨੇ ਉੱਚੀ ਅਵਾਜ਼ ਵਿੱਚ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਗੁਆਂਢੀ ਦੇਸ਼ ਚੀਨ ਨੇ ਭਾਰਤ ਦੇ ਚਾਰ ਹਜ਼ਾਰ ਵਰਗ ਕਿਲੋਮੀਟਰ ਖੇਤਰ, ਜੋ ਲਦਾਖ ਨਾਲ ਲਗਦਾ ਹੈ, ਉੱਪਰ ਕਬਜ਼ਾ ਕਰ ਲਿਆ ਹੈ। ਭਾਰਤ ਸਰਕਾਰ ਆਪਣੀ ਇਸ ਨਾਕਾਮੀ ਨੂੰ ਜੱਗ ਜ਼ਾਹਰ ਹੋਣ ਤੋਂ ਡਰਦੀ ਕਬਜ਼ੇ ਤੋਂ ਇਨਕਾਰ ਕਰਦੀ ਰਹੀ ਹੈ। ਵਾਂਗਚੁਕ ਨੇ ਇਹ ਕਬਜ਼ਾ ਸਾਬਤ ਕਰਨ ਲਈ ਪਸ਼ਮੀਨਾ ਮਾਰਚ ਕਰਨ ਦਾ ਐਲਾਨ ਕੀਤਾ ਤਾਂ ਭਾਰਤ ਸਰਕਾਰ ਨੇ ਪ੍ਰਵਾਨਗੀ ਹੀ ਨਾ ਦਿੱਤੀ। ਉਸਨੇ ਕਿਹਾ ਕਿ ਜੇਕਰ ਚੀਨ ਨੇ ਕਬਜ਼ਾ ਨਹੀਂ ਕੀਤਾ ਤਾਂ ਇਸ ਬਾਰੇ ਕੇਂਦਰ ਸਰਕਾਰ ਸਪਸ਼ਟ ਤੱਥ ਪੇਸ਼ ਕਰੇ ਅਤੇ ਲਦਾਖ ਦੇ ਚਰਵਾਹਿਆਂ ਨੂੰ ਉਸ ਖੇਤਰ ਵਿੱਚ ਭੇਡਾਂ ਬੱਕਰੀਆਂ ਚਾਰਨ ਤੋਂ ਰੋਕਿਆ ਨਾ ਜਾਵੇ। ਇੱਥੇ ਹੀ ਬੱਸ ਨਹੀਂ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਲਦਾਖ ਦੀ ਚਰਾਗਾਹ ਵਾਲੀ ਜ਼ਮੀਨ ਭਾਜਪਾ ਸਰਕਾਰ ਆਪਣੇ ਨਜ਼ਦੀਕੀ ਅੰਡਾਨੀ ਨੂੰ ਕਾਰਪੋਰੇਟ ਪਲਾਂਟ ਲਈ ਦੇਣਾ ਚਾਹੁੰਦੀ ਹੈ, ਜਿਸਦਾ ਵਾਂਗਚੁਕ ਨੇ ਵਿਰੋਧ ਕੀਤਾ। ਇਹ ਵਿਰੋਧ ਵੀ ਲਦਾਖ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹੀ ਸੀ ਕਿ ਚਰਾਗਾਹ ਵਾਲੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਨਾ ਦਿੱਤੀ ਜਾਵੇ।
“ਹਿਮਾਲੀਆ ਦਾ ਵਾਤਾਵਰਣ ਸਮੁੱਚੇ ਉੱਤਰੀ ਭਾਰਤ ਦੇ ਜੀਵਨ ਦਾ ਅਧਾਰ ਹੈ। ਇੱਥੋਂ ਹੀ ਦਰਿਆ ਤੇ ਨਦੀਆਂ ਨਿਕਲਦੀਆਂ ਹਨ, ਜੋ ਸਾਰੇ ਉੱਤਰੀ ਭਾਰਤ ਦੀ ਸਿੰਜਾਈ ਦਾ ਵੱਡਾ ਸਾਧਨ ਹਨ। ਕਰੋੜਾਂ ਲੋਕ ਇਨ੍ਹਾਂ ਦਰਿਆਵਾਂ ਨਦੀਆਂ ਨਾਲ ਸਬੰਧਤ ਕਾਰੋਬਾਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ। ਦੇਸ਼ ਦੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਇਸ ਖੇਤਰ ਦਾ ਵੱਡਾ ਯੋਗਦਾਨ ਹੈ। ਇਸ ਲਈ ਇਸ ਖੇਤਰ ਨੂੰ ਸੁਰੱਖਿਅਤ ਰੱਖਣਾ ਅਤੀ ਜ਼ਰੂਰੀ ਹੈ। ਪਰ ਹੁਣ ਵਿਕਾਸ ਦੇ ਨਾਂ ਹੇਠ ਇਸ ਖੇਤਰ ਦੇ ਵਾਤਾਵਰਣ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਵਿਨਾਸ਼ ਦਾ ਕਾਰਨ ਵੀ ਬਣ ਸਕਦੀ ਹੈ।” ਇਹ ਵਿਚਾਰ ਪ੍ਰਗਟ ਕਰਦਿਆਂ ਹੀ ਵਾਂਗਚੁਕ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ ਅਤੇ ਲੋਕ ਹਿਤਾਂ ਲਈ ਆਵਾਜ਼ ਬੁਲੰਦ ਕੀਤੀ ਸੀ। ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਵਾਂਗਚੁਕ ਦੇ ਵਿਚਾਰਾਂ ਅਤੇ ਸੁਝਾਵਾਂ ਉੱਪਰ ਡੁੰਘਾਈ ਨਾਲ ਵਿਚਾਰ ਕਰਦੀ ਅਤੇ ਵਾਤਾਵਰਣ ਪ੍ਰੇਮੀਆਂ, ਮਾਹਰਾਂ, ਬੁੱਧੀਜੀਵੀਆਂ ਨਾਲ ਚਰਚਾਵਾਂ ਕਰਕੇ ਇਸ ਸਬੰਧੀ ਸਹੀ ਕਦਮ ਉਠਾਏ ਜਾਂਦੇ। ਪਰ ਕੇਂਦਰ ਦੀ ਮੋਦੀ ਸਰਕਾਰ ਨੇ ਇਸਦੇ ਉਲਟ ਸੱਚ ਸਾਹਮਣੇ ਲਿਆਉਣ ਲਈ ਆਵਾਜ਼ ਉਠਾਉਣ ਵਾਲੇ ਇਸ ਆਗੂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਤਾਂ ਕਿ ਸੱਚ ਦੀ ਆਵਾਜ਼ ਦਬਾ ਦਿੱਤੀ ਜਾਵੇ।
ਵਾਂਗਚੁਕ ਅਨਪੜ੍ਹ ਜਾਂ ਸ਼ਰਾਰਤੀ ਵਿਅਕਤੀ ਨਹੀਂ ਹੈ, ਜੋ ਲੋਕਾਂ ਨੂੰ ਗੁਮਰਾਹ ਕਰੇਗਾ, ਉਹ ਇੱਕ ਵਿਦਵਾਨ ਸੱਜਣ ਹੈ। ਦੁਨੀਆਂ ਭਰ ਦੀਆਂ ਅੱਠ ਉੱਘੀਆਂ ਯੂਨੀਵਰਸਿਟੀਆਂ ਨੇ ਉਸਦਾ ਡਾਕਟਰੇਟ ਦੀ ਡਿਗਰੀ ਨਾਲ ਸਨਮਾਨ ਕੀਤਾ ਹੈ ਅਤੇ ਸੰਸਾਰ ਦੇ ਕਈ ਦੇਸ਼ ਉਸ ਨੂੰ ਨਾਗਰਿਕਤਾ ਦੇਣ ਲਈ ਸੰਪਰਕ ਕਰ ਚੁੱਕੇ ਹਨ। ਵਾਂਗਚੁਕ ਨੂੰ ਮਿਸਸਾਸੇ ਐਵਾਰਡ ਮਿਲ ਚੁੱਕਾ ਹੈ। ਸਸਟੇਨੇਬਲ ਆਰਕੀਟੈਕਚਰ ਲਈ ਗਲੋਬਲ ਐਵਾਰਡ, ਐਂਟਰਪ੍ਰਾਈਜ਼ ਲਈ ਰੋਲੈਕਸ ਐਵਾਰਡ, ਰੀਅਲ ਹੀਰੋਜ਼ ਐਵਾਰਡ, ਸਮਾਜਿਕ ਉੱਦਮਤਾ ਲਈ ਅਸ਼ੋਕਾ ਫੈਲੋਸ਼ਿੱਪ ਅਤੇ ਰਾਮਨ ਮੈਗਸਾਸੇ ਐਵਾਰਡ ਮਿਲ ਚੁੱਕੇ ਹਨ। ਹੁਣ ਇਹ ਚਰਚਾ ਵੀ ਹੋ ਰਹੀ ਸੀ ਕਿ ਵਾਂਗਚੁਕ ਨੂੰ ਭਾਰਤ ਰਤਨ ਸਨਮਾਨ ਦਿੱਤਾ ਜਾ ਸਕਦਾ ਹੈ। ਵਾਂਗਚੁਕ ਦੇ ਜੀਵਨ ’ਤੇ ਹੀ ਦੇਸ਼ ਵਿੱਚ ‘ਥਰੀ ਈਡੀਅਟ’ ਫਿਲਮ ਬਣਾਈ ਗਈ ਸੀ। ਵਾਂਗਚੁਕ ਦੀ ਸਮਝ ਹੈ ਕਿ ਜੇ ਹਿਮਾਲੀਆ ਖੇਤਰ ਵਿੱਚ ਵਧ ਰਹੀ ਗਰਮੀ ਨੂੰ ਨਾ ਰੋਕਿਆ ਗਿਆ ਤਾਂ ਗਲੇਸ਼ੀਅਰ ਪਿਘਲ ਜਾਣ ਸਦਕਾ ਵੱਡੇ ਹੜ੍ਹ ਆਉਣਗੇ, ਜਿਸ ਨਾਲ ਭਾਰੀ ਤਬਾਹੀ ਹੋਵੇਗੀ ਅਤੇ ਉਸ ਤੋਂ ਬਾਅਦ ਸੋਕੇ ਵਰਗੀ ਸਥਿਤੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਹਨ। ਉਸਦੇ ਵਿਚਾਰਾਂ ਨੂੰ ਜਾਇਜ਼ ਅਤੇ ਸਮੇਂ ਅਨੁਸਾਰ ਯੋਗ ਸਮਝਦਿਆਂ ਹੀ ਦੁਨੀਆਂ ਭਰ ਦੇ ਅਖ਼ਬਾਰਾਂ ਅਤੇ ਲੋਕ ਨੇਤਾਵਾਂ ਨੇ ਉਸਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ ਅਤੇ ਉਸ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਕੇਂਦਰ ਸਰਕਾਰ ਆਪਣਾ ਹਠੀ ਰਵਈਆ ਛੱਡ ਕੇ ਵਾਂਗਚੁਕ ਦੇ ਵਿਚਾਰਾਂ ’ਤੇ ਡੁੰਘਾਈ ਨਾਲ ਚਰਚਾ ਕਰੇ, ਮਾਹਰਾਂ ਅਤੇ ਬੁੱਧੀਜੀਵੀਆਂ ਤੋਂ ਸਲਾਹ ਹਾਸਲ ਕਰੇ। ਇਸ ਉਪਰੰਤ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖ ਕੇ ਫੈਸਲਾ ਕਰੇ ਅਤੇ ਲੋਕ ਆਗੂ ਵਾਂਗਚੁਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (