“ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਆਰ ਐੱਮ ਸਿੰਘ ਵੱਲੋਂ ਬਣਾਏ ਗਏ ਚਿੱਤਰ ਨੂੰ ...”
(18 ਅਪਰੈਲ 2021)
ਹਰ ਹੁਨਰ ਆਪਣੇ ਆਪ ਵਿੱਚ ਕਮਾਲ ਹੁੰਦਾ ਹੈ। ਇਸ ਨੂੰ ਪੈਦਾ ਕਰਨ ਲਈ ਕਲਾਕਾਰ ਨੂੰ ਬਹੁਤ ਘਾਲਣਾਵਾਂ ਘਾਲਣੀਆਂ ਪੈਂਦੀਆਂ ਹਨ। ਕਈ ਕਲਾਕਾਰਾਂ ਦਾ ਹੁਨਰ ਸਾਹਮਣੇ ਵਾਲੇ ਦੇ ਸਿਰ ਚੜ੍ਹ ਕੇ ਬੋਲਦਾ ਹੈ। ਰਾਹੀ ਮਹਿੰਦਰ ਸਿੰਘ ਭਾਰਤ ਦੇ ਉੱਘੇ ਚਿੱਤਰਕਾਰ ਹਨ। ਪਿਆਰ ਨਾਲ ਉਨ੍ਹਾਂ ਨੂੰ ਆਰ ਐੱਮ ਸਿੰਘ ਕਹਿ ਕੇ ਬੁਲਾਇਆ ਜਾਂਦਾ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਉੱਪਰ ਬਹੁਤ ਕੰਮ ਕੀਤਾ ਹੈ। ਉਨ੍ਹਾਂ ਦੇ ਚਿੱਤਰ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਹਨ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਵੈਂਤੁਰਾ ਦੇ ਪਰਿਵਾਰ ਨੇ ਇਟਲੀ ਵਿੱਚ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਕੰਮ ਕਰਾਇਆ। ਯੌਰਪ ਵਿੱਚ ਉਨ੍ਹਾਂ ਦੇ ਕੰਮ ਦੀ ਧੁੰਮ ਹੈ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਅਤੇ ਹੋਰ ਕਈ ਦਿੱਗਜ਼ ਵਿਅਕਤੀਆਂ ਦੇ ਚਿੱਤਰ ਤਿਆਰ ਕੀਤੇ ਹਨ।
ਰਾਸ਼ਟਰਪਤੀ ਭਵਨ ਦੀ ਰੀਤ ਹੈ ਕਿ ਹਰੇਕ ਰਾਸ਼ਟਰਪਤੀ ਦਾ ਆਦਮਕੱਦ ਚਿੱਤਰ ਬਣਾਇਆ ਜਾਂਦਾ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਸਿੰਘ ਪਾਟਿਲ ਦਾ ਆਦਮਕੱਦ ਚਿੱਤਰ ਬਣਾਉਣ ਦਾ ਮੌਕਾ ਰਾਹੀ ਮਹਿੰਦਰ ਸਿੰਘ ਨੂੰ ਹੀ ਪ੍ਰਾਪਤ ਹੋਇਆ ਸੀ। ਇਹ ਚਿੱਤਰ ਅੱਜ ਰਾਸ਼ਟਰਪਤੀ ਭਵਨ ਵਿੱਚ ਸੁਸ਼ੋਭਿਤ ਹੈ।
ਉਨ੍ਹਾਂ ਤੋਂ ਅਗਲੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਨ। ਉਨ੍ਹਾਂ ਦੇ ਕਾਰਜਕਾਲ ਦਾ ਜਦੋਂ ਇੱਕ ਸਾਲ ਰਹਿ ਗਿਆ ਤਾਂ ਚਿੱਤਰ ਬਣਾਉਣ ਦਾ ਕੰਮ ਸ਼ੁਰੂ ਹੋਇਆ। ਜਿਵੇਂ ਕਿ ਭਾਰਤ ਦੀ ਤਰਾਸਦੀ ਹੈ ਕਿ ਇੱਥੇ ਹਰ ਜਗ੍ਹਾ ’ਤੇ ਰਾਜਨੀਤੀ ਦਾ ਬੋਲਬਾਲਾ ਹੈ। ਮੁਖਰਜੀ ਸਾਹਿਬ ਬੰਗਾਲ ਨਾਲ ਸੰਬੰਧਤ ਸਨ, ਇਸ ਕਰਕੇ ਰਾਸ਼ਟਰਪਤੀ ਭਵਨ ਵਿੱਚ ਬੰਗਾਲੀਆਂ ਦਾ ਬੋਲਬਾਲਾ ਸੀ। ਬੰਗਾਲੀ ਆਪਣੇ ਆਪ ਨੂੰ ਬੌਧਿਕ ਤੌਰ ’ਤੇ ਪੰਜਾਬੀਆਂ ਨਾਲੋਂ ਕਿਤੇ ਉੱਚਾ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਾਹਿਤ ਅਤੇ ਆਰਟ ਦੀ ਸਮਝ ਉਨ੍ਹਾਂ ਨੂੰ ਪੰਜਾਬੀਆਂ ਨਾਲੋਂ ਕਿਤੇ ਜ਼ਿਆਦਾ ਹੈ। ਸੋ ਇਸ ਸਬੰਧੀ ਫ਼ੈਸਲਾ ਕਰਨ ਵਾਲੀ ਟੀਮ ਨੇ ਰਾਹੀ ਮਹਿੰਦਰ ਸਿੰਘ ਦੇ ਨਾਮ ’ਤੇ ਵਿਚਾਰ ਹੀ ਨਹੀਂ ਕੀਤਾ ਅਤੇ ਹੋਰ ਚਿੱਤਰਕਾਰਾਂ ਨੂੰ ਬੁਲਾ ਕੇ ਚਿੱਤਰ ਬਣਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮੁਖਰਜੀ ਸਾਹਿਬ ਖ਼ੁਦ ਉੱਘੇ ਸਾਹਿਤਕਾਰ ਤੇ ਕਲਾ ਨੂੰ ਪਿਆਰ ਕਰਨ ਵਾਲੇ ਵਿਅਕਤੀ ਸਨ। ਉਨ੍ਹਾਂ ਨੂੰ ਕਿਸੇ ਦਾ ਕੰਮ ਪਸੰਦ ਨਾ ਆਇਆ। ਕਾਫੀ ਚਿੱਤਰਕਾਰ ਸਮੇਂ ਦੇ ਨਾਲ ਬਦਲਦੇ ਰਹੇ। ਉਨ੍ਹਾਂ ਦਾ ਸਟਾਫ ਵੀ ਤੰਗ ਆ ਗਿਆ। ਆਖ਼ਿਰਕਾਰ ਮਜਬੂਰੀ ਬੱਸ ਰਾਹੀ ਮਹਿੰਦਰ ਸਿੰਘ ਨੂੰ ਸੱਦਾ ਭੇਜਣਾ ਪਿਆ।
ਜਦੋਂ ਰਾਹੀ ਮਹਿੰਦਰ ਸਿੰਘ ਮਿੱਥੇ ਸਮੇਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਸੈਕਟਰੀ ਅਮਿਤਾ ਪਾਲ ਨਾਲ ਮਿਲਾਇਆ ਗਿਆ। ਇਹ ਸੈਕਟਰੀ ਸੀਨੀਅਰ ਅਧਿਕਾਰੀ ਸਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸਰਦਾਰ ਜੀ ਚਿੱਤਰ ਬਣਾਉਣ ਲਈ ਆਏ ਹਨ ਤਾਂ ਉਨ੍ਹਾਂ ਦਾ ਵਿਵਹਾਰ ਇਸ ਤਰ੍ਹਾਂ ਸੀ ਕਿ ਇੱਕ ਹੋਰ ਆ ਗਿਆ ਦਿਮਾਗ ਖਾਣ ਲਈ। ਉਨ੍ਹਾਂ ਨੂੰ ਸਰਦਾਰ ਬੰਦੇ ਤੋਂ ਕਲਾ ਦੀ ਕੋਈ ਆਸ ਨਹੀਂ ਸੀ ਕਿਉਂਕਿ ਉਹ ਪਿਛਲੇ ਰਾਸ਼ਟਰਪਤੀ ਦੁਆਰਾ ਬਣਵਾਏ ਚਿੱਤਰ ਬਾਰੇ ਨਹੀਂ ਜਾਣਦੇ ਸਨ ਤੇ ਨਾ ਹੀ ਆਰ ਐੱਮ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿਉਂਕਿ ਉਹ ਆਪਣੀ ਕਲਾ ਦਾ ਵਖਿਆਣ ਕਰਨ ਵਿੱਚ ਯਕੀਨ ਨਹੀਂ ਰੱਖਦੇ।
ਆਰ ਐੱਮ ਸਿੰਘ ਨੇ ਰਾਸ਼ਟਰਪਤੀ ਨਾਲ ਮਿਲਣ ਲਈ ਸਮਾਂ ਮੰਗਿਆ ਤਾਂ ਸਕਿਉਰਿਟੀ ਇੰਚਾਰਜ ਨੂੰ ਬੁਲਾਇਆ ਗਿਆ। ਉਸ ਨੇ ਦੱਸ ਮਿੰਟ ਦੀ ਮੁਲਾਕਾਤ ਦਾ ਸਮਾਂ ਬੜੀ ਮੁਸ਼ਕਲ ਨਾਲ ਤੈਅ ਕੀਤਾ। ਆਰ ਐੱਮ ਸਿੰਘ ਨੇ ਜਦੋਂ ਮੁਖਰਜੀ ਸਾਹਿਬ ਨਾਲ ਚਿੱਤਰ ਸਬੰਧੀ ਗੱਲਬਾਤ ਕੀਤੀ ਤਾਂ ਦੱਸ ਮਿੰਟ ਦਾ ਸਮਾਂ ਵਧ ਕੇ ਤਿੰਨ ਘੰਟਿਆਂ ਵਿੱਚ ਬਦਲ ਗਿਆ। ਪਿਛਲੀਆਂ ਸਾਰੀਆਂ ਮੀਟਿੰਗਾਂ ਰੱਦ ਹੋ ਗਈਆਂ। ਰਾਸ਼ਟਰਪਤੀ ਭਵਨ ਵਿੱਚ ਹੜਕੰਪ ਮੱਚ ਗਿਆ।
ਦੂਜੇ ਪਾਸੇ ਮੁਖਰਜੀ ਸਾਹਿਬ ਨੇ ਗੱਲਬਾਤ ਬੜੇ ਧਿਆਨ ਨਾਲ ਸੁਣੀ ਤੇ ਚਿੱਤਰ ਦੀ ਰੂਪ ਰੇਖਾ ਤੋਂ ਉਹ ਬੜੇ ਸੰਤੁਸ਼ਟ ਹੋਏ। ਆਰ ਐੱਮ ਸਿੰਘ ਨੇ ਉਨ੍ਹਾਂ ਨੂੰ ਬਤੌਰ ਮਾਡਲ ਸਾਹਮਣੇ ਖੜ੍ਹਨ ਦੀ ਸ਼ਰਤ ਵੀ ਦੱਸੀ। ਮੁਖਰਜੀ ਸਾਹਿਬ ਨੇ ਹਾਮੀ ਭਰ ਦਿੱਤੀ। ਚਿੱਤਰ ਉੱਪਰ ਕੰਮ ਸ਼ੁਰੂ ਹੋ ਗਿਆ। ਰਾਸ਼ਟਰਪਤੀ ਦਾ ਪੂਰਾ ਸਟਾਫ ਆਰ ਐੱਮ ਸਿੰਘ ਦੇ ਕੰਮ ਨੂੰ ਗਹੁ ਨਾਲ ਤੱਕਦਾ ਪਰ ਅਮਿਤਾ ਪਾਲ ਦੇ ਵਿਵਹਾਰ ਵਿੱਚ ਕੁਝ ਖ਼ਾਸ ਤਬਦੀਲੀ ਨਾ ਆਈ।
ਰਾਸ਼ਟਰਪਤੀ ਸਾਹਿਬ ਸਾਹਮਣੇ ਖੜ੍ਹਦੇ, ਆਰ ਐੱਮ ਸਿੰਘ ਚਿੱਤਰ ਬਣਾਉਂਦੇ। ਚਿੱਤਰ ਦੇ ਬਣਨ ਦੇ ਨਾਲ ਨਾਲ ਸਾਰੇ ਉਨ੍ਹਾਂ ਦੀ ਕਲਾ ਦਾ ਲੋਹਾ ਮੰਨ ਰਹੇ ਸਨ। ਅਮਿਤਾ ਪਾਲ ਇਸ ਤੋਂ ਕਿਵੇਂ ਅਛੂਤੀ ਰਹਿ ਜਾਂਦੀ। ਥੋੜ੍ਹੇ ਦਿਨਾਂ ਬਾਅਦ ਅਮਿਤਾ ਪਾਲ ਦੀ ਬੋਲ ਚਾਲ ਵਿੱਚ ਬਦਲਾਅ ਆ ਗਿਆ। ਥੋੜ੍ਹੇ ਸਮੇਂ ਬਾਅਦ ਤਾਂ ਉਸ ਨੇ ਉੱਠ ਕੇ ਆਰ ਐੱਮ ਸਿੰਘ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕੰਮ ਅੱਗੇ ਵਧਦਾ ਗਿਆ ਤੇ ਅਮਿਤਾ ਪਾਲ ਦਾ ਵਿਵਹਾਰ ਆਰ ਐੱਮ ਸਿੰਘ ਦੀ ਕਲਾ ਨੂੰ ਦੇਖ ਕੇ ਇੰਨਾ ਚੰਗਾ ਹੋ ਗਿਆ ਕਿ ਉਹ ਉਨ੍ਹਾਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਖ਼ੁਦ ਅੱਗੇ ਆ ਕੰਮ ਕਰਨ ਲੱਗੇ। ਉਨ੍ਹਾਂ ਨੇ ਰਾਸ਼ਟਰਪਤੀ ਜੀ ਨਾਲ ਆਰ ਐੱਮ ਸਿੰਘ ਦੇ ਕੰਮ ਕਰਨ ਦਾ ਸਮਾਂ ਸ਼ਾਮ ਦਾ ਕਰ ਦਿੱਤਾ ਤਾਂ ਜੋ ਸਵੇਰ ਦੀਆਂ ਮੀਟਿੰਗਾਂ ਹੋ ਜਾਣ ’ਤੇ ਉਸ ਤੋਂ ਬਾਅਦ ਖੁੱਲ੍ਹਾ ਸਮਾਂ ਲਾ ਕੇ ਚਿੱਤਰ ਬਣਾਇਆ ਜਾ ਸਕੇ।
ਜਦੋਂ ਚਿੱਤਰ ਮੁਕੰਮਲ ਹੋ ਗਿਆ ਤਾਂ ਪ੍ਰਣਬ ਮੁਖਰਜੀ ਸਾਹਿਬ, ਉਨ੍ਹਾਂ ਦੇ ਪਰਿਵਾਰ ਅਤੇ ਰਾਸ਼ਟਰਪਤੀ ਭਵਨ ਦੇ ਪੂਰੇ ਸਟਾਫ ਨੇ ਵਾਹ ਵਾਹ ਕੀਤੀ। ਚਿੱਤਰ ਬਿਲਕੁਲ ਜੀਵੰਤ ਲੱਗਦਾ ਸੀ। ਇਸ ਕਮਾਲ ਦੇ ਸ਼ਾਹਕਾਰ ਚਿੱਤਰ ਦੀ ਪ੍ਰਸ਼ੰਸਾ ਦੂਰ ਦੂਰ ਤਕ ਹੋਈ।
ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਆਰ ਐੱਮ ਸਿੰਘ ਵੱਲੋਂ ਬਣਾਏ ਗਏ ਚਿੱਤਰ ਨੂੰ ਪੂਰੇ ਰਸਮੋ ਰਿਵਾਜ਼ਾਂ ਨਾਲ ਰਾਸ਼ਟਰਪਤੀ ਭਵਨ ਵਿੱਚ ਸਥਾਪਤ ਕੀਤਾ ਗਿਆ। ਮੁਖਰਜੀ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਪਰਦਾ ਹਟਾ ਕੇ ਉਸ ਦਾ ਉਦਘਾਟਨ ਕੀਤਾ ਤਾਂ ਚਾਰੇ ਪਾਸੇ ਪ੍ਰਸ਼ੰਸਾ ਦੇ ਬੋਲ ਗੂੰਜ ਉੱਠੇ। ਆਰ ਐੱਮ ਸਿੰਘ ਰਾਸ਼ਟਰਪਤੀ ਸਾਹਿਬ ਤੋਂ ਵਿਦਾਈ ਲੈ ਕੇ ਜਦੋਂ ਆਪਣੀ ਕਾਰ ਵਿੱਚ ਬੈਠਣ ਲਈ ਗਏ ਤਾਂ ਅਮਿਤਾ ਪਾਲ ਨੇ ਖ਼ੁਦ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਕਿ ਤੁਹਾਡੇ ਵਰਗੇ ਆਰਟਿਸਟ ਨੂੰ ਮਿਲਣਾ ਮੇਰੇ ਜੀਵਨ ਦੀ ਪ੍ਰਾਪਤੀ ਹੈ।
ਅੱਜ ਦਾ ਵਿਵਹਾਰ ਪਹਿਲੇ ਦਿਨ ਦੇ ਵਿਵਹਾਰ ਤੋਂ ਬਿਲਕੁਲ ਉਲਟ ਸੀ।
ਇਹ ਕਲਾ ਦਾ ਜਲਵਾ ਹੀ ਸੀ ਜਿਸ ਨੇ ਵੱਡੇ ਸੀਨੀਅਰ ਅਫਸਰ ਦੇ ਮਨ ਵਿੱਚ ਕਲਾਕਾਰ ਪ੍ਰਤੀ ਇੱਜ਼ਤ ਵਧਾ ਦਿੱਤੀ ਤੇ ਇੱਕ ਕੌਮ ਦਾ ਦੂਜੀ ਕੌਮ ਪ੍ਰਤੀ ਮੁਗਾਲਤਾ ਵੀ ਦੂਰ ਕਰ ਦਿੱਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2716)
(ਸਰੋਕਾਰ ਨਾਲ ਸੰਪਰਕ ਲਈ: