BhupinderSMann7ਜੇਕਰ ਉਹ ਪਹਾੜੀਆ ਸਮੇਂ ਸਿਰ ਸਲਾਹ ਨਾ ਦਿੰਦਾ ਤਾਂ ਸ਼ਾਇਦ ਸਾਡੇ ਵਿੱਚੋਂ ...
(15 ਜੂਨ 2020)

 

ਸਿਆਣੇ ਆਖਦੇ ਹਨ ਜ਼ਿੰਦਗੀ ਇੱਕ ਸਫ਼ਰ ਹੈਮੈਂਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਫ਼ਰ ਕਰਨ ਦਾ ਮੌਕਾ ਮਿਲਿਆਮੈਂ ਦਰਜਨ ਦੇ ਕਰੀਬ ਬਾਹਰਲੇ ਦੇਸ਼ਾਂ ਵਿੱਚ ਘੁੰਮ ਚੁੱਕਿਆ ਹਾਂਸਾਈਕਲ ਤੋਂ ਲੈ ਕੇ ਕਾਰ, ਬੱਸ, ਟਰੱਕ, ਟਰੇਨ, ਸਕਾਈ ਟ੍ਰੇਨ, ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਕਰੂਜ਼ ਦਾ ਆਨੰਦ ਮਾਣ ਚੁੱਕਿਆ ਹਾਂਹਰ ਸਫ਼ਰ ਦਾ ਆਪਣਾ ਹੀ ਆਨੰਦ ਹੁੰਦਾ ਹੈਉਸ ਵਿੱਚੋਂ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖਦੇ ਹਾਂ ਅਤੇ ਬਹੁਤ ਸਾਰੇ ਤਜਰਬੇ ਸਾਡੇ ਜੀਵਨ ਵਿੱਚ ਆਉਂਦੇ ਹਨ

ਜੋ ਆਨੰਦ ਮੈਂਨੂੰ ਅੱਲ੍ਹੜ ਉਮਰ ਦੇ ਇਸ ਸਫ਼ਰ ਵਿੱਚ ਆਇਆ, ਉਹ ਬਾਅਦ ਵਿੱਚ ਲੱਖਾਂ ਰੁਪਏ ਖਰਚ ਕਰਕੇ ਵੀ ਕਦੇ ਪ੍ਰਾਪਤ ਨਹੀਂ ਹੋ ਸਕਿਆਇਸ ਸਫ਼ਰ ਵਿੱਚ ਬਹੁਤ ਸਾਰਾ ਆਨੰਦ ਵੀ ਲਿਆ ਤੇ ਮੁਸੀਬਤਾਂ ਨਾਲ ਵੀ ਦੋ ਚਾਰ ਹੋਣਾ ਪਿਆਉਮਰ ਦੇ ਸ਼ੁਰੁਆਤੀ ਪੜਾਅ ਦੇ ਇਸ ਸਫ਼ਰ ਵਿੱਚ ਸਿਰਫ ਉਹ ਘਟਨਾਵਾਂ ਹੀ ਲਿਖਾਂਗਾ ਜਿਹਨਾਂ ਨੂੰ ਯਾਦ ਕਰਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ

ਉੱਨੀ ਸੌ ਪਚੰਨਵੇਂ ਦੀ ਗੱਲ ਹੈਸ਼ਾਮ ਨੂੰ ਫੁੱਟਬਾਲ ਖੇਡਦੇ ਦੋਸਤਾਂ ਦਾ ਉੱਤਰਾਖੰਡ ਸਾਈਕਲਾਂ ’ਤੇ ਘੁੰਮਣ ਦਾ ਪ੍ਰੋਗਰਾਮ ਬਣ ਗਿਆਉੱਥੋਂ ਨੈਨੀਤਾਲ ਅਤੇ ਹੇਮਕੁੰਟ ਸਾਹਿਬ ਨੂੰ ਉਸ ਵਿੱਚ ਸ਼ਾਮਲ ਕੀਤਾ ਸੀਅਸੀਂ ਪ੍ਰੋਗਰਾਮ ਬਣਾ ਹੀ ਰਹੇ ਸੀ ਕਿ ਦੋਸਤ ਨੇ ਹੱਸਦੇ ਹੋਏ ਸਾਡਾ ਮਖੌਲ ਉਡਾਇਆ, “ਇਹ ਤਾਂ ਮਾਨਸਾ ਤਕ ਸਾਈਕਲ ਤੇ ਨਹੀਂ ਜਾ ਸਕਦੇ ਇਹਨਾਂ ਨੇ ਹੇਮਕੁੰਟ ਜਾਂ ਨੈਨੀਤਾਲ ਕਿੱਥੇ ਜਾਣਾ ਹੈ?”

ਅਸੀਂ ਉਸ ਦੇ ਮਖੌਲ ਨੂੰ ਗੰਭੀਰਤਾ ਨਾਲ ਲੈ ਗਏ ਅਤੇ ਐਲਾਨ ਕਰ ਦਿੱਤਾ ਕਿ ਪਰਸੋਂ ਹੀ ਅਸੀਂ ਯਾਤਰਾ ’ਤੇ ਜਾਵਾਂਗੇਸਾਡੀ ਕੋਈ ਖਾਸ ਤਿਆਰੀ ਨਹੀਂ ਸੀਘਰ ਜਾ ਕੇ ਸਭ ਤੋਂ ਪਹਿਲਾਂ ਸਾਈਕਲ ਦੇਖੇਖੁਸ਼ਕਿਸਮਤੀ ਨਾਲ ਉਸ ਸਮੇਂ ਸਾਡੇ ਘਰੇ ਨਵਾਂ ਸਾਈਕਲ ਸੀਕੁਝ ਦੋਸਤਾਂ ਕੋਲ ਪੁਰਾਣੇ ਸਾਈਕਲ ਸਨਅਗਲੇ ਦਿਨ ਅਸੀਂ ਚਾਰ ਦੋਸਤ ਤਿਆਰ ਹੋ ਗਏਅਸੀਂ ਕੁਝ ਹੋਰ ਸਾਥੀਆਂ ਨੂੰ ਵੀ ਤਿਆਰ ਕਰਨ ਲਈ ਹੰਭਲਾ ਮਾਰਿਆਤਿੰਨ ਸਾਥੀ ਅਸੀਂ ਸ਼ਾਮ ਤਕ ਹੋਰ ਤਿਆਰ ਕਰ ਲਏ। ਕੁਝ ਜਣਿਆਂ ਨੂੰ ਤਾਂ ਮਾਪਿਆਂ ਨੇ ਪੈਸੇ ਦੇ ਦਿੱਤੇ ਤੇ ਕੁਝ ਕੋਲ ਥੋੜ੍ਹੀ ਹੀ ਮਾਇਆ ਸੀਸਾਡੇ ਹੌਸਲੇ ਬੁਲੰਦ ਸਨ। ਉਸ ਸਮੇਂ ਪੈਸਾ ਸਾਡੇ ਲਈ ਬਹੁਤੀ ਅਹਿਮੀਅਤ ਨਹੀਂ ਰੱਖਦਾਸਾਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਸੀ ਕਿ ਇਸ ਸਫਰ ਦੌਰਾਨ ਮੌਤ ਕਈ ਵਾਰੀ ਕੋਲ ਦੀ ਲੰਘ ਜਾਵੇਗੀ।

ਅਸੀਂ ਅਗਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸੱਤ ਜਣਿਆਂ ਨੇ ਸਾਈਕਲ ਸਫ਼ਰ ਲਈ ਲਈ ਤੋਰ ਲਏਖਾਣ ਲਈ ਗੁੜ, ਛੋਲੇ ਅਤੇ ਕੁਝ ਕੱਪੜੇ ਬੈਗਾ ਵਿੱਚ ਪਾਏ ਹੋਏ ਸਨਸਾਈਕਲਾਂ ਪਿੱਛੇ ਕੈਰੀਅਰ ਤੇ ਰੱਸੀਆਂ ਨਾਲ ਬੈਗ ਬੰਨ੍ਹ ਕੇ ਅਤੇ ਖਿਡਾਰੀਆਂ ਵਾਲੇ ਨਿੱਕਰ ਬੁਨੈਣ ਪਾ ਕੇ ਸਾਈਕਲ ਉੱਤਰਾਖੰਡ ਵੱਲ ਖਿੱਚ ਦਿੱਤੇ

ਮਾਨਸਾ ਤੋਂ ਸਾਨੂੰ ਨਹਿਰੂ ਯੁਵਾ ਕੇਂਦਰ ਦੇ ਡਾਇਰੈਕਟਰ ਨੇ ਹਰੀ ਝੰਡੀ ਦੇ ਕੇ ਸਫ਼ਰ ਦੀ ਰਸਮੀ ਸ਼ੁਰੂਆਤ ਕਰਵਾਈਸਾਡੀ ਯਾਤਰਾ ਨੂੰ ਵਾਤਾਵਰਨ ਸੰਭਾਲ ਦੇ ਸੁਨੇਹੇ ਦੇ ਰੂਪ ਵਿੱਚ ਭੇਜੀ ਮੁਹਿੰਮ ਦਾ ਨਾਮ ਦਿੱਤਾਸਾਨੂੰ ਕਾਫੀ ਲਿਟਰੇਚਰ ਵੀ ਇਸ ਸਬੰਧੀ ਦਿੱਤਾ ਜਿਹੜਾ ਅਸੀਂ ਰਸਤੇ ਵਿੱਚ ਵੰਡਦੇ ਗਏਨਹਿਰੂ ਯੁਵਾ ਕੇਂਦਰ ਨੇ ਸਾਨੂੰ ਸਫ਼ਰ ਸਬੰਧੀ ਕਾਫੀ ਜਾਣਕਾਰੀ ਦਿੱਤੀਜਿਸ ਨਾਲ ਸਾਨੂੰ ਬਹੁਤ ਹੌਸਲਾ ਮਿਲਿਆ

ਅਸੀਂ ਪਹਿਲੇ ਦਿਨ ਭਵਾਨੀਗੜ੍ਹ ਪਹੁੰਚ ਕੇ ਰੁਕ ਗਏਸਾਈਕਲ ਬਹੁਤਾ ਨਾ ਚਲਾਇਆ ਜਾ ਸਕਿਆਇੱਕ ਤਾਂ ਅਭਿਆਸ ਘੱਟ ਸੀ ਤੇ ਦੂਸਰਾ ਝੰਡੀ ਦੀ ਰਸਮ ਵੀ ਕਾਫੀ ਲੇਟ ਹੋਈ ਸੀਅਗਲੇ ਦਿਨ ਭਵਾਨੀਗੜ੍ਹ ਤੋਂ ਅੰਬਾਲਾ ਪਹੁੰਚ ਗਏ ਅਤੇ ਕਾਰ ਸੇਵਾ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿੱਚ ਜਾਂ ਰੁਕੇਰਸਤੇ ਵਿੱਚ ਜਿੱਥੇ ਵੀ ਸੰਗਤ ਨੂੰ ਪਤਾ ਲੱਗਦਾ ਕਿ ਨੌਜਵਾਨ ਹੇਮਕੁੰਟ ਸਾਹਿਬ ਚੱਲੇ ਹਨ ਤਾਂ ਕਾਫੀ ਸਾਰੇ ਲੋਕ ਮੱਥਾ ਟੇਕਣ ਲਈ ਪੈਸੇ ਦਿੰਦੇ, ਆਓ ਭਗਤ ਕਰਦੇ, ਕਿਉਂਕਿ ਉਦੋਂ ਸਾਈਕਲਾਂ ’ਤੇ ਯਾਤਰਾ ਕਰਨ ਦਾ ਰਿਵਾਜ਼ ਨਹੀਂ ਸੀ

ਉੱਥੇ ਸਾਡੇ ਨਾਲ ਅਜੀਬ ਘਟਨਾ ਵਾਪਰ ਗਈ ਜਦੋਂ ਰਾਤ ਰਹਿ ਕੇ ਸਵੇਰੇ ਕਾਰ ਸੇਵਾ ਦੇ ਲੰਗਰ ਵਿੱਚ ਗਏ ਤਾਂ ਅੱਗੋਂ ਬਾਬਿਆਂ ਦੇ ਸੇਵਾਦਾਰਾਂ ਨੇ ਕਿਹਾ, “ਪਹਿਲਾਂ ਕੰਮ ਕਰਕੇ ਆਓ, ਫੇਰ ਖਾਣ ਨੂੰ ਲੰਗਰ ਮਿਲੇਗਾ।”

ਅਸੀਂ ਦੱਸਿਆ ਕਿ ਅੱਜ ਅਸੀਂ ਹਰ ਹਾਲਤ ਹਰਿਦੁਆਰ ਪਹੁੰਚਣਾ ਹੈ। ਸਾਡਾ ਅੱਜ ਲੰਬਾ ਸਫਰ ਹੈਪਰ ਬਾਬੇ ਬਜ਼ਿੱਦ ਰਹੇਉਨ੍ਹਾਂ ਨੇ ਕਿਹਾ ਕਿ ਜਾਓ. ਪਸ਼ੂਆਂ ਲਈ ਹਰਾ ਵੱਢ ਕੇ ਲਿਆਓਮੈਂ ਵੱਡਾ ਸੀ ਅਤੇ ਸਾਰਿਆਂ ਨੇ ਮੈਂਨੂੰ ਗਰੁੱਪ ਦਾ ਲੀਡਰ ਥਾਪਿਆ ਸੀਮੈਂ ਅੜ ਗਿਆ ਕਿ ਇਹ ਲੰਗਰ ਦੀ ਮਰਿਆਦਾ ਦੇ ਉਲਟ ਹੈਖਾਸਾ ਰੌਲਾ ਪੈ ਗਿਆਸੇਵਾਦਾਟ ਸਾਡੇ ’ਤੇ ਹਾਵੀ ਹੋਣ ਲੱਗੇ ਕਿ ਕੰਮ ਕਰਵਾਏ ਬਿਨਾ ਤਹਾਨੂੰ ਜਾਣ ਨਹੀਂ ਦੇਣਾਸੋਲਾਂ-ਸਤਾਰਾਂ ਸਾਲਾਂ ਦੇ ਮੁੰਡਿਆਂ ਦਾ ਡਰ ਜਾਣਾ ਸੁਭਾਵਿਕ ਸੀਸਾਡੇ ਤਿੰਨ ਸਾਥੀ ਤਾਂ ਹਰਾ ਚਾਰਾ ਵੱਢਣ ਲਈ ਤਿਆਰ ਵੀ ਹੋ ਗਏ ਕਿ ਖਹਿੜਾ ਛੁੱਟੇਮੈਂ ਲਗਾਤਾਰ ਵਿਰੋਧ ਕਰਦਾ ਰਿਹਾ ਕਿ ਸੇਵਾ ਇੱਛਾ ਨਾਲ ਹੁੰਦੀ ਹੈ, ਧੱਕੇ ਨਾਲ ਨਹੀਂਇੰਨੇ ਵਿੱਚ ਉਨ੍ਹਾਂ ਦਾ ਇੱਕ ਜਥੇਦਾਰ ਆਇਆ ਤੇ ਸਾਡੀ ਗੱਲ ਸੁਣ ਕੇ ਉਹ ਸੇਵਾਦਾਰਾਂ ’ਤੇ ਬੁਰੀ ਤਰ੍ਹਾਂ ਨਾਲ ਵਰ੍ਹ ਪਿਆ, “ਤੁਸੀਂ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ, ਜੇ ਕੰਮ ਕਰਵਾ ਕੇ ਹੀ ਲੰਗਰ ਛਕਾਉਣਾ ਹੈ ਤਾਂ ਲੰਗਰ ਦਾ ਬੋਰਡ ਲਾਹ ਦਿਓ। ਇੱਥੇ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ। ਨਾਲੇ ਜਿਹੜਾ ਕੰਮ ਤੁਸੀਂ ਇਹਨਾਂ ਨਿਆਣਿਆਂ ਤੋਂ ਕਰਵਾਉਣਾ ਚਾਹੁੰਦੇ ਹੋ, ਇਸ ਲਈ ਤੁਹਾਨੂੰ ਤਨਖਾਹ ਮਿਲਦੀ ਹੈ

ਸੇਵਾਦਾਰ ਝਾੜ ਝੰਬ ਕਰਵਾ ਕੇ ਲੰਗਰ ਛਕਾਉਣ ਲਈ ਤਿਆਰ ਹੋ ਗਏਸਾਡਾ ਵੀ ਮਨ ਖਰਾਬ ਹੋ ਗਿਆ ਸੀ। ਅਸੀਂ ਬਿਨਾਂ ਕੁਝ ਖਾਧੇ ਪੀਤੇ ਹੀ ਚਾਲੇ ਪਾ ਦਿੱਤੇ। ਨਾਲ ਹੀ ਸਿੱਖਿਆ ਕਿ ਹਰ ਸੰਸਥਾ ਵਿੱਚ ਚੰਗੇ ਮਾੜੇ ਇਨਸਾਨ ਹੋ ਸਕਦੇ ਹਨਸੇਵਾਦਾਰ ਅਤੇ ਜਥੇਦਾਰ ਇਸਦੀ ਉਦਾਹਰਣ ਸਨ। ਦੂਸਰੀ ਗੱਲ, ਜੇਕਰ ਤੁਸੀਂ ਸਹੀ ਹੋ ਤਾਂ ਕਿਸੇ ਦੀ ਗਲਤ ਮੰਗ ਅੱਗੇ ਨਾ ਝੁਕੋ

ਇੱਕ ਢਾਬੇ ’ਤੇ ਖਾਣਾ ਖਾ ਕੇ ਅਸੀਂ ਅੱਗੇ ਤੁਰ ਪਏਅਸੀਂ ਸਾਰਿਆਂ ਨੇ ਹਿਸਾਬ ਕਿਤਾਬ ਲਾਇਆ ਤਾਂ ਦੇਖਿਆ ਕੁਝ ਸਾਥੀਆਂ ਦਾ ਕੋਲ ਪੈਸੇ ਬਹੁਤ ਘੱਟ ਸਨਸਾਰਿਆਂ ਨੇ ਆਪਣੇ ਪੈਸੇ ਇਕੱਠੇ ਕਰਕੇ ਇੱਕ ਥਖ਼ ਕਰ ਲਏ। ਉੱਥੋਂ ਚੱਲ ਕੇ ਅੱਗੇ ਗਏ ਤਾਂ ਪਤਾ ਲੱਗਾ ਕਿ ਸਹਾਰਨਪੁਰ ਦੇ ਨੇੜਲੇ ਖੇਤਰਾਂ ਵਿੱਚ ਕਈ ਵਾਰੀ ਲੁੱਟ ਖੋਹ ਹੋ ਜਾਂਦੀ ਹੈ। ਅਸੀਂ ਤੇਜ਼ੀ ਨਾਲ ਸਾਈਕਲ ਚਲਾਉਂਦੇ ਹੋਏ ਯਮੁਨਾ ਨਦੀ ਦਾ ਪੁਲ ਪਾਰ ਕਰਕੇ ਬਿਨਾਂ ਰੁਕੇ ਲਗਾਤਾਰ ਸਾਈਕਲ ਚਲਾਉਂਦੇ ਰਹੇਰਾਤ ਨੂੰ ਅੱਠ ਵਜੇ ਦੇ ਕਰੀਬ ਅਸੀਂ ਹਰਿਦੁਆਰ ਤੋਂ ਕਾਫੀ ਪਿੱਛੇ ਇੱਕ ਢਾਬੇ ’ਤੇ ਖਾਣਾ ਖਾਣ ਲਈ ਰੁਕ ਗਏ ਇੱਕ ਸੌ ਸੱਠ ਕਿਲੋਮੀਟਰ ਸਾਈਕਲ ਚਲਾ ਕੇ ਅਸੀਂ ਬਹੁਤ ਥੱਕ ਚੁੱਕੇ ਸੀਇਸ ਲਈ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆਢਾਬੇ ’ਤੇ ਖਾਣਾ ਖਾ ਹੀ ਰਹੇ ਸੀ ਕਿ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀਅਸੀਂ ਡਰ ਗਏ। ਸਾਨੂੰ ਸਮਝ ਨਾ ਆਵੇ ਕੀ ਕਰੀਏ? ਇੰਨੇ ਵਿੱਚ ਇੱਕ ਪੁਲਿਸ ਜੀਪ ਪਹੁੰਚ ਗਈਉਹ ਪਹਿਲਾਂ ਢਾਬੇ ਤੋਂ ਅੱਗੇ ਲੰਘ ਗਈ ਅਤੇ ਅੱਧੇ ਕੁ ਘੰਟੇ ਬਾਅਦ ਸਾਡੇ ਕੋਲ ਆ ਗਈਉਹ ਪੈਟਰੋਲਿੰਗ ਵਾਲੀ ਗੱਡੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਢਾਬੇ ’ਤੇ ਵਾਰਦਾਤ ਹੋ ਗਈ ਹੈਇੱਕ ਆਦਮੀ ਨੂੰ ਗੋਲੀ ਲੱਗੀ ਹੈਲੁਟੇਰਿਆਂ ਨੇ ਸਾਰੇ ਮੁਸਾਫ਼ਰਾਂ ਨੂੰ ਲੁੱਟ ਲਿਆ

ਸਾਨੂੰ ਵੀ ਉੱਥੇ ਦੇਖ ਕੇ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਰੁਕੇ ਹੋ? ਇੱਥੇ ਬਹੁਤ ਖ਼ਤਰਾ ਹੈ, ਕਿਸੇ ਸਮੇਂ ਵਾਰਦਾਤ ਹੋ ਸਕਦੀ ਹੈਤੁਸੀਂ ਅੱਗੇ ਭਗਵਾਨਪੁਰ ਕਸਬਾ ਹੈ, ਉੱਥੇ ਚਲੇ ਜਾਵੋ ਅਸੀਂ ਢਾਬੇ ’ਤੇ ਤੁਹਾਡੇ ਰਹਿਣ ਦਾ ਪ੍ਰਬੰਧ ਕਰਦੇ ਹਾਂਜੀਪ ਚਲੀ ਗਈ। ਅਸੀਂ ਫਟਾਫਟ ਸਾਈਕਲ ਚੁੱਕੇ ਅਤੇ ਹਨੇਰੇ ਵਿੱਚ ਬਹੁਤ ਤੇਜ਼ ਸਾਈਕਲ ਚਲਾਉਂਦੇ ਹੋਏ ਪੰਦਰਾਂ ਕਿਲੋਮੀਟਰ ਦਾ ਸਫਰ ਪੈਂਤੀ ਮਿੰਟ ਵਿੱਚ ਹੀ ਕਰ ਲਿਆ।। ਡਰ ਅੱਗੇ ਭੂਤ ਨੱਚਣ ਦੀ ਕਹਾਵਤ ਉਸ ਦਿਨ ਯਾਦ ਆਈਸਾਰੀ ਥਕਾਵਟ ਪਤਾ ਨਹੀਂ ਕਿੱਧਰ ਚਲੀ ਗਈ ਸੀ

ਸਾਡੇ ਜਾਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਢਾਬੇ ਵਾਲੇ ਨੂੰ ਸਾਡੇ ਵਾਰੇ ਸਮਝਾ ਦਿੱਤਾ ਸੀਉਹਨਾਂ ਨੇ ਸਾਨੂੰ ਸੌਣ ਲਈ ਮੰਜੇ ਦੇ ਦਿੱਤੇ ਤੇ ਅਸੀਂ ਅਰਾਮ ਨਾਲ ਸੁੱਤੇਜੇਕਰ ਅਸੀਂ ਰਾਤ ਨੂੰ ਪਿਛਲੇ ਢਾਬੇ ’ਤੇ ਰਹਿੰਦੇ ਤਾਂ ਸਾਡੀ ਲੁੱਟਮਾਰ ਤੇ ਕੋਈ ਵੀ ਨੁਕਸਾਨ ਹੋ ਸਕਦਾ ਸੀਅਸੀਂ ਡਰ ਵੀ ਗਏ ਸੀਪਰ ਇੱਕ ਗੱਲ ਅਕਲ ਵਾਲੇ ਖਾਨੇ ਵਿੱਚ ਇਹ ਪਈ ਕਿ ਸਫ਼ਰ ਸਮੇਂ ਰਸਤੇ ਵਿੱਚ ਰੁਕਣਾ ਹਮੇਸ਼ਾ ਖਤਰਨਾਕ ਹੁੰਦਾ ਹੈ। ਹਮੇਸ਼ਾ ਅਬਾਦੀ ਵਾਲੇ ਸਥਾਨ ’ਤੇ ਹੀ ਰੁਕੋ

ਅਗਲੇ ਦਿਨ ਅਸੀਂ ਰਿਸ਼ੀਕੇਸ਼ ਪਹੁੰਚ ਕੇ ਉੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਰੁਕੇਇੱਕ ਦਿਨ ਅਰਾਮ ਕਰਨ ਬਾਅਦ ਅਗਲੇ ਦਿਨ ਉੱਥੋਂ ਚਲ ਪਏ ਇੱਥੋਂ ਪਹਾੜ ਦੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈਦੇਸੀ ਸਾਈਕਲ ’ਤੇ ਪਹਾੜ ਚੜ੍ਹਨਾ ਮੁਸ਼ਕਲ ਹੈਅਸੀਂ ਸਾਰੀ ਚੜ੍ਹਾਈ ਤੁਰ ਕੇ ਕਰਦੇਸਵੇਰੇ ਇੱਕ ਮੰਦਰ ਦੂਰੋਂ ਸਾਨੂੰ ਦਿਖਾਈ ਦਿੱਤਾਅਸੀਂ ਫੈਸਲਾ ਕੀਤਾ ਕਿ ਦੁਪਹਿਰ ਦਾ ਖਾਣਾ ਉੱਥੇ ਜਾ ਕੇ ਖਾਵਾਂਗੇਉਹ ਮੰਦਰ ਸਾਨੂੰ ਦਿਖਾਈ ਤਾਂ ਦਿੰਦਾ ਰਿਹਾ ਪਰ ਅਸੀਂ ਉੱਥੇ ਦੁਪਹਿਰ ਤਕ ਪਹੁੰਚ ਨਾ ਸਕੇਦੁਪਹਿਰ ਦਾ ਖਾਣਾ ਰਸਤੇ ਵਿੱਚ ਹੀ ਢਾਬੇ ਤੋਂ ਖਾ ਕੇ ਅਸੀਂ ਮੰਦਰ ਤਕ ਰਾਤ ਤਕ ਪਹੁੰਚਣ ਦਾ ਤਹਈਆ ਕਰ ਕੇ ਤੁਰਦੇ ਗਏਮੰਦਰ ਹਾਲੇ ਵੀ ਦੂਰ ਸੀਹਨੇਰਾ ਹੋਣਾ ਸ਼ੁਰੂ ਹੋ ਗਿਆ ਸੀਅਸੀਂ ਹੱਸਦੇ ਗਾਉਂਦੇ ਸਾਈਕਲਾਂ ਨੂੰ ਖਿੱਚਦੇ ਹੌਲੀ ਹੌਲੀ ਪੈਦਲ ਹੀ ਉੱਪਰ ਚੜ੍ਹ ਰਹੇ ਸਾਂਸਾਡੇ ਕਈ ਸਾਥੀ ਬਦਰੀਨਾਥ ਦੀ ਯਾਤਰਾ ਕਰਕੇ ਮੁੜ ਰਹੇ ਸਾਧੂਆਂ ਨਾਲ ਹਾਸਾ ਠੱਠਾ ਵੀ ਕਰਦੇ ਆ ਰਹੇ ਸਨ

ਅਸੀਂ ਕਾਫੀ ਉੱਪਰ ਗਏ ਤਾਂ ਇੱਕ ਵੈਨ ਨੇ ਆ ਕੇ ਜ਼ੋਰਦਾਰ ਬਰੇਕਾਂ ਮਾਰੀਆਂਵੈਨ ਵਾਲੇ ਸਰਦਾਰ ਜੀ ਨੇ ਗੱਡੀ ਥੋੜ੍ਹੀ ਘੁਮਾ ਕੇ ਲਾਈਟ ਪਹਾੜ ’ਤੇ ਮਾਰੀ ਤਾਂ ਸਾਡੇ ਰੌਂਗਟੇ ਖੜ੍ਹੇ ਹੋ ਗਏਇੱਕ ਤੇਂਦੂਆ ਸਾਹਮਣੇ ਪਹਾੜ ਤੇ ਖੜ੍ਹਾ ਸਾਨੂੰ ਘੂਰ ਰਿਹਾ ਸੀ। ਸਰਦਾਰ ਜੀ ਨੇ ਸ਼ਾਇਦ ਉਸ ਨੂੰ ਦੂਰੋਂ ਵੇਖ ਲਿਆ ਸੀਉਹ ਲਗਾਤਾਰ ਕਾਰ ਦਾ ਹਾਰਨ ਵਜਾਉਂਦੇ ਰਹੇ ਤੇ ਸਾਨੂੰ ਵੀ ਰੌਲਾ ਪਾਉਣ ਦੀਆਂ ਲਈ ਆਖਿਆਅਸੀਂ ਸਾਰਿਆਂ ਨੇ ਰੌਲਾ ਪਾਇਆ ਅਤੇ ਉਹ ਦੌੜ ਗਿਆਸਰਦਾਰ ਜੀ ਨੇ ਦੱਸਿਆ, “ਕਈ ਵਾਰੀ ਤੇਂਦੂਆਂ ਮਨੁੱਖ ’ਤੇ ਹਮਲਾ ਕਰ ਦਿੰਦਾ ਹੈਤੁਸੀਂ ਕੋਲ ਦੀ ਲੰਘਣਾ ਸੀ ਤੇ ਉਸ ਦੇ ਸ਼ਿਕਾਰ ਹੋ ਸਕਦੇ ਸੀ

ਮੌਤ ਨਾਲ ਇੰਨੀ ਨੇੜੇ ਮੁਲਾਕਾਤ ਨਾਲ ਅਸੀਂ ਸਾਰਾ ਹਾਸਾ ਮਖੌਲ ਭੁੱਲ ਗਏ ਅਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇਕਾਫੀ ਰਾਤ ਹੋਈ ’ਤੇ ਅਸੀਂ ਮੰਦਰ ਵਿੱਚ ਪਹੁੰਚ ਸਕੇਮੰਦਰ ਦੇ ਪੁਜਾਰੀ ਨੇ ਸਾਡਾ ਸਵਾਗਤ ਕੀਤਾਖਾਣੇ ਵਾਰੇ ਵੀ ਪੁੱਛਿਆ ਪਰ ਅਸੀਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਛੋਲੇ ਅਤੇ ਗੁੜ ਚੱਬ ਕੇ ਸੌਂ ਜਾਵਾਂਗੇ। ਉਹ ਬਾਹਰ ਗਏ ਅਤੇ ਸਾਡੇ ਲਈ ਦਾਲ ਚਾਵਲ ਬਣਾ ਕੇ ਲੈ ਆਏ ਅਤੇ ਸਾਨੂੰ ਬਹੁਤ ਪ੍ਰੇਮ ਨਾਲ ਭੋਜਨ ਛਕਾਇਆਰਾਤ ਨੂੰ ਭਾਰੀ ਤੂਫਾਨ ਤੇ ਵਰਖਾ ਹੋਈ, ਅਸੀਂ ਇੱਕ ਦੂਜੇ ਨੂੰ ਫੜ ਕੇ ਸੁੱਤੇ ਤੇ ਇਸ ਆਸਰੇ ਲਈ ਰੱਬ ਦਾ ਸ਼ੁਕਰ ਕੀਤਾਸਿੱਖਿਆ ਮਿਲੀ, ਚੰਗੇ ਬੰਦੇ ਹਰ ਧਰਮ ਵਿੱਚ ਹੁੰਦੇ ਹਨਅੱਜ ਸਰਦਾਰ ਜੀ ਅਤੇ ਪੁਜਾਰੀ ਜੀ ਦੇ ਰੂਪ ਵਿੱਚ ਸਾਨੂੰ ਮਿਲੇ ਸਨ

ਅਗਲੇ ਦਿਨ ਤੁਰ ਕੇ ਚੜ੍ਹਦੇ ਅਤੇ ਉਤਰਾਈ ਸਾਈਕਲ ਤੇ ਬੈਠ ਕੇ ਕਰਦੇ ਨਦੀ ਦੇ ਇੱਕ ਪੁਲ ’ਤੇ ਜਾ ਰੁਕੇਅਸੀਂ ਸਾਰੇ ਸਾਥੀਆਂ ਉੱਥੇ ਗੰਗਾ ਦੇ ਪੁਲ ਉੱਪਰੋਂ ਦੀ ਦੂਸਰੇ ਪਾਸੇ ਜਾ ਕੇ ਗੰਗਾ ਵਿੱਚ ਨਹਾਉਣ ਦਾ ਮਨ ਬਣਾ ਲਿਆਅਸੀਂ ਸਾਰਿਆਂ ਨੇ ਸਾਈਕਲ ਖੜ੍ਹੇ ਕੀਤੇ ਅਤੇ ਨਦੀ ਵਿੱਚ ਨਹਾਉਣਾ ਸ਼ੁਰੂ ਕਰ ਦਿੱਤਾਬਹੁਤ ਨਿਰਮਲ ਅਤੇ ਠੰਢਾ ਪਾਣੀ ਸੀਸਰੀਰ ਤਰੋਤਾਜ਼ਾ ਹੋ ਗਏਪਾਣੀ ਬਹੁਤ ਤੇਜ਼ ਸੀ ਪਰ ਉੱਥੇ ਤੱਟ ਬਣਿਆ ਹੋਇਆ ਸੀਅਸੀਂ ਪੂਰੇ ਆਨੰਦ ਵਿੱਚ ਕਿਲਕਾਰੀਆਂ ਮਾਰਦੇ ਨਹਾ ਰਹੇ ਸੀਸਾਨੂੰ ਹਾਲੇ ਥੋੜ੍ਹਾ ਸਮਾਂ ਹੋਇਆ ਸੀ ਕਿ ਇੱਕ ਔਰਤ ਦੂਰੋਂ ਦੌੜਦੀ ਹੋਈ ਆਈ ਅਤੇ ਸਾਨੂੰ ਬਾਹਰ ਨਿਕਲਣ ਲਈ ਆਖਣ ਲੱਗੀਅਸੀਂ ਘਬਰਾ ਗਏ ਕਿ ਸਾਥੋਂ ਸ਼ਾਇਦ ਕੋਈ ਗ਼ਲਤੀ ਹੋ ਗਈ ਹੋਵੇ, ਕਿਉਂਕਿ ਗੰਗਾ ਨਦੀ ਦੇ ਕਿਨਾਰੇ ਬਹੁਤ ਸਾਰੇ ਧਾਰਿਮਕ ਸਥਾਨ ਹਨਅਸੀਂ ਫਟਾਫਟ ਬਾਹਰ ਨਿਕਲੇ ਅਤੇ ਕੱਪੜੇ ਪਹਿਨਣ ਲੱਗੇਔਰਤ ਆਖਣ ਲੱਗੀ, “ਤੁਸੀਂ ਕਿਸਮਤ ਵਾਲੇ ਹੋ, ਜੋ ਬਚ ਗਏ। ਇੱਥੇ ਕਾਫੀ ਘੜਿਆਲ ਹਨ ਜੋ ਪਾਣੀ ਵਿੱਚ ਗਏ ਜਾਨਵਰ ਤੇ ਆਦਮੀ ਨੂੰ ਖਿੱਚ ਕੇ ਨਦੀ ਵਿੱਚ ਲੈ ਜਾਂਦੇ ਹਨ

ਅਸੀਂ ਡਰ ਨਾਲ ਕੰਬਣ ਲੱਗੇ ਕਿਉਂਕਿ ਘੜਿਆਲ ਦਾ ਨਾਂ ਸੁਣ ਕੇ ਮਗਰਮੱਛ ਅੱਖਾਂ ਸਾਹਮਣੇ ਆ ਗਿਆ ਸੀਅਸੀਂ ਉਸ ਔਰਤ ਦਾ ਧੰਨਵਾਦ ਕੀਤਾਉਹ ਪਹਾੜਨ ਔਰਤ ਸਾਡੇ ਲਈ ਰੱਬ ਬਣ ਕੇ ਆਈ ਸੀ। ਨਹੀਂ ਤਾਂ ਹੋ ਸਕਦਾ ਹੈ ਅਸੀਂ ਹੋਰ ਸਮਾਂ ਨਹਾਉਂਦੇ ਰਹਿੰਦੇ ਅਤੇ ਸਾਡੇ ਵਿੱਚੋਂ ਕੋਈ ਘੜਿਆਲ ਦਾ ਸ਼ਿਕਾਰ ਬਣ ਜਾਂਦਾ। ਅਸੀਂ ਇਹ ਗੱਲ ਪੱਲੇ ਬੰਨ੍ਹ ਲਈ ਕਿ ਅਨਜਾਣ ਜਗਾਹ ’ਤੇ ਪਾਣੀ ਵਿੱਚ ਵੜਨਾ ਬਹੁਤ ਖਤਰਨਾਕ ਹੋ ਸਕਦਾ ਹੈ

ਅਗਲੇ ਦੋ ਦਿਨ ਅਸੀਂ ਸਫ਼ਰ ਕਰਦੇ ਰਹੇਅਸੀਂ ਨਦੀ ਵਿੱਚ ਨਹਾਉਣ ਦਾ ਪੰਗਾ ਨਾ ਲਿਆਪਰ ਇੱਕ ਮੁਸੀਬਤ ਹੋਰ ਉਡੀਕ ਰਹੀ ਸੀਜਦੋਂ ਅਸੀਂ ਚਮੋਲੀ ਨੇੜੇ ਪਹੁੰਚੇ ਤਾਂ ਇੱਕਦਮ ਪੱਥਰ ਡਿੱਗਣੇ ਸ਼ੁਰੂ ਹੋ ਗਏਸਭ ਤੋਂ ਅੱਗੇ ਜਾਂਦੇ ਸਾਥੀ ਦੇ ਸਾਈਕਲ ਦੇ ਚੱਕੇ ਉੱਤੇ ਵੱਡਾ ਪੱਥਰ ਡਿੱਗਾ ਅਤੇ ਚੱਕਾ ਚਕਨਾਚੂਰ ਹੋ ਗਿਆਸਾਡੀ ਕਿਸਮਤ ਨੇ ਉਸ ਵੇਲੇ ਸਾਥ ਦਿੱਤਾ, ਜਦੋਂ ਦੂਰੋਂ ਇੱਕ ਪਹਾੜੀਏ ਨੇ ਕਿਹਾ ਕਿ ਪਹਾੜ ਦੇ ਹੇਠ ਬਣੀ ਗੁਫਾ ਨੁਮਾ ਛੋਟੀ ਜਿਹੀ ਜਗਾ ਵਿੱਚ ਹੋ ਜਾਓਕਾਫੀ ਸਮਾਂ ਪੱਥਰ ਡਿੱਗਦੇ ਰਹੇਜੇਕਰ ਉਹ ਪਹਾੜੀਆ ਸਮੇਂ ਸਿਰ ਸਲਾਹ ਨਾ ਦਿੰਦਾ ਤਾਂ ਸ਼ਾਇਦ ਸਾਡੇ ਵਿੱਚੋਂ ਇੱਕ ਦੋ ਜਾਣੇ ਪੱਥਰ ਲੱਗ ਕੇ ਸੈਕੜੇ ਮੀਟਰ ਹੇਠਾਂ ਵਹਿ ਰਹੀ ਅਲਕਨੰਦਾ ਨਦੀ ਵਿੱਚ ਜਾ ਡਿੱਗਣੇ ਸਨਸਾਨੂੰ ਸਫ਼ਰ ਵਿੱਚ ਇਸ ਤਰ੍ਹਾਂ ਦੇ ਖਤਰਿਆਂ ਦਾ ਪਤਾ ਨਹੀਂ ਸੀਇਸ ਘਟਨਾ ਤੋਂ ਅਸੀਂ ਇਹ ਜਾਣਿਆ ਕਿ ਸਫ਼ਰ ਦੀ ਤਿਆਰੀ ਸਮੇਂ ਸਾਰੇ ਹਾਲਾਤ ਦਾ ਪਹਿਲਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ

ਅਸੀਂ ਸਾਰਿਆਂ ਨੇ ਵਹਿਗੁਰੂ ਦਾ ਸ਼ੁਕਰ ਕੀਤਾਉਸ ਤੋਂ ਅੱਗੇ ਟੁੱਟੇ ਸਾਈਕਲ ਦਾ ਚੱਲਣਾ ਮੁਸ਼ਕਿਲ ਸੀ ਅਸੀਂ ਸਾਈਕਲ ਨੂੰ ਚੁੱਕ ਕੇ ਅਗਲੇ ਕਸਬੇ ਤਕ ਲੈ ਕੇ ਗਏ ਉੱਥੇ ਮੁਰੰਮਤ ਦਾ ਕੋਈ ਪ੍ਰਬੰਧ ਨਹੀਂ ਸੀਇਹ ਸ੍ਰੀ ਨਗਰ ਗੜਵਾਲ ਹੀ ਠੀਕ ਹੋ ਸਕਦਾ ਸੀਉਸ ਸਾਥੀ ਨੂੰ ਸਾਥੀ ਨੂੰ ਬੱਸ ਵਿੱਚ ਬਿਠਾ ਦਿੱਤਾ ਅਤੇ ਖੁਦ ਅੱਗੇ ਚਾਲੇ ਪਾ ਦਿੱਤੇ

ਸਾਰੇ ਸਾਥੀ ਖਿਡਾਰੀ ਤੇ ਸਰੀਰਕ ਤੌਰ ’ਤੇ ਤਕੜੇ ਸਨ। ਰਾਤ ਚਮੋਲੀ ਰਹਿਣ ਦੀ ਬਜਾਏ ਅਸੀਂ ਉਸੇ ਦਿਨ ਤੁਰਦੇ ਗੋਬਿੰਦ ਘਾਟ ਆ ਪਹੁੰਚ ਗਏਕਾਫੀ ਰਾਤ ਹੋ ਗਈ ਸੀ ਅਤੇ ਠੰਢ ਵੀ ਬਹੁਤ ਜ਼ਿਆਦਾ ਸੀਸਾਨੂੰ ਸੌਣ ਲਈ ਜਗ੍ਹਾ ਬਾਹਰ ਬਰਾਂਡੇ ਵਿੱਚ ਮਿਲੀਥਕਾਵਟ ਕਾਰਨ ਅਸੀਂ ਗੂੜ੍ਹੀ ਨੀਂਦ ਸੁੱਤੇ ਅਤੇ ਸਵੇਰੇ ਤਕ ਤਰੋਤਾਜ਼ਾ ਹੋ ਗਏਗੋਬਿੰਦ ਘਾਟ ਤੋਂ ਗੋਬਿੰਦ ਧਾਮ ਉੰਨੀ ਕਿਲੋਮੀਟਰ ਹੈ ਅਤੇ ਅੱਗੇ ਛੇ ਕਿਲੋਮੀਟਰ ਤੇ ਹੇਮਕੁੰਟ ਸਾਹਿਬ ਦਾ ਗੁਰਦਵਾਰਾ ਸਾਹਿਬ ਹੈਅਗਲੇ ਦਿਨ ਅਸੀਂ ਗੋਬਿੰਦ ਧਾਮ ਪਹੁੰਚ ਗਏਉਸ ਤੋਂ ਅਗਲੇ ਦਿਨ ਗੋਬਿੰਦ ਧਾਮ ਫੈਸਲਾ ਕੀਤਾ ਕਿ ਇੱਕ ਦਿਨ ਵਿੱਚ ਹੀ ਛੇ ਕਿਲੋਮੀਟਰ ਉੱਪਰ ਅਤੇ ਉੰਨੀ ਕਿਲੋਮੀਟਰ ਵਾਪਸੀ ਦਾ ਸਫਰ ਅੱਜ ਹੀ ਕੀਤਾ ਜਾਵੇਗਾ

ਮਈ ਦੇ ਅੰਤ ਦੇ ਦਿਨ ਸਨ ਅਤੇ ਉੱਪਰ ਬਰਫ਼ਬਾਰੀ ਹੋ ਰਹੀ ਸੀਸਾਡੇ ਕੋਲ ਸਿਰਫ ਸਧਾਰਨ ਕੱਪੜੇ ਸਨਸਾਨੂੰ ਕੰਬਦੇ ਦੇਖ ਗੁਰਦੁਆਰਾ ਕਮੇਟੀ ਨੇ ਸਾਨੂੰ ਸੱਤਾਂ ਨੂੰ ਕੰਬਲ ਦੇ ਦਿੱਤੇਅਸੀਂ ਰਸਤੇ ਵਿੱਚ ਖਾਣ ਪੀਣ ਦਾ ਕੰਮ ਖੁੱਲ੍ਹਾ ਰੱਖਿਆ ਸੀ, ਸੋ ਮਾਇਆ ਵਾਲੇ ਪਾਸੋਂ ਵੀ ਹੱਥ ਤੰਗ ਹੁੰਦਾ ਜਾ ਰਿਹਾ ਸੀ। ਹਾਲੇ ਸਾਈਕਲ ਦੀ ਰਿਪੇਅਰ ਵੀ ਕਰਵਾਉਣੀ ਸੀਸੋ ਅਸੀਂ ਹੱਥ ਘੁੱਟ ਕੇ ਲੰਗਰ ’ਤੇ ਹੀ ਗੁਜ਼ਾਰਾ ਕਰਨ ਦਾ ਫੈਸਲਾ ਕਰ ਲਿਆਅਸੀਂ ਉਸ ਦਿਨ ਪੂਰੀ ਤੇਜ਼ੀ ਨਾਲ ਉੱਪਰ ਚੜ੍ਹੇਸਾਨੂੰ ਰਸਤੇ ਵਿੱਚ ਘੋੜਿਆਂ ਵਾਲਿਆਂ ਨੇ ਪੁੱਛਿਆਇੱਕ ਤਾਂ ਸਾਡੀ ਜੇਬ ਆਗਿਆ ਨਹੀਂ ਦਿੰਦੀ ਸੀ, ਦੂਸਰਾ ਸਰੀਰਕ ਤੌਰ ’ਤੇ ਤਕੜੇ ਹੋਣ ਕਰਕੇ ਸਾਨੂੰ ਲੋੜ ਵੀ ਨਹੀਂ ਸੀਅਸੀਂ ਉਨ੍ਹਾਂ ਦਾ ਮੁਕਾਬਲਾ ਕਰਦੇ ਘੋੜਿਆਂ ਵਾਲਿਆਂ ਦੇ ਬਰਾਬਰ ਹੀ ਉੱਪਰ ਪਹੁੰਚ ਗਏ

ਅਸੀਂ ਦਰਸ਼ਨ ਕੀਤੇ ਅਤੇ ਵਾਪਸ ਚੱਲ ਪਏਪਰ ਬਰਫ਼ ਦੀ ਸਲਾਈਡ ਫਿਸਲਣ ਨਾਲ ਰਸਤਾ ਬੰਦ ਹੋ ਗਿਆ ਅਤੇ ਯਾਤਰਾ ਕੁਝ ਸਮੇਂ ਲਈ ਰੁਕ ਗਈਰਸਤਾ ਸਾਫ ਹੋਣ ’ਤੇ ਜਦੋਂ ਅਸੀਂ ਚੱਲੇ, ਦਿਨ ਕਾਫੀ ਢਲ ਚੁੱਕਿਆ ਸੀਅਸੀਂ ਆਪਣੇ ਫੈਸਲੇ ਅਨੁਸਾਰ ਗੋਬਿੰਦ ਘਾਟ ਤਕ ਜਾਣ ਦਾ ਤਹਈਆ ਕਾਇਮ ਰੱਖਿਆਰਸਤੇ ਵਿੱਚ ਹਨੇਰਾ ਹੋ ਗਿਆ ਅਤੇ ਲਗਭਗ ਛੇ ਸੱਤ ਕਿਲੋਮੀਟਰ ਪਹਿਲਾਂ ਹੀ ਹੱਥ ਨੂੰ ਹੱਥ ਦਿਖਾਈ ਦੇਣਾ ਬੰਦ ਹੋ ਗਿਆਹੇਠਾਂ ਕਲ ਕਲ ਕਰਦੀ ਨਦੀ ਵਹਿ ਰਹੀ ਸੀ ਅਤੇ ਰਸਤਾ ਬਹੁਤ ਤੰਗ ਸੀਸਾਡੇ ਨਾਲ ਅੱਗੇ ਪਿੱਛੇ ਕੋਈ ਨਹੀਂ ਸੀਸਾਡੇ ਤਿੰਨ ਸਾਥੀ ਪਿੱਛੇ ਰਹਿ ਗਏ ਸਨਅਸੀਂ ਚਾਰ ਜਣੇ ਹੀ ਜਾ ਰਹੇ ਸਾਂਬਰਫਬਾਰੀ ਕਾਰਨ ਪੈਰ ਫਿਸਲ ਰਹੇ ਸਨਉਸ ਦਿਨ ਇਹ ਵੀ ਸਮਝ ਲੱਗੀ ਕਿ ਹਾਲਾਤ ਅਨੁਸਾਰ ਯੋਜਨਾ ਵਿੱਚ ਫੇਰ ਬਦਲ ਕਰ ਲੈਣਾ ਚਾਹੀਦਾ ਹੈ

ਰਾਤ ਨੂੰ ਪਹਾੜੀ ਰਸਤੇ ਉੱਪਰ ਚਲਣ ਵਿੱਚ ਬਹੁਤ ਕਠਿਨਾਈ ਆ ਰਹੀ ਸੀਭੁੱਖ ਵੀ ਬਹੁਤ ਲੱਗੀ ਹੋਈ ਸੀਅਸੀਂ ਇੱਕ ਢਾਬੇ ’ਤੇ ਜਾ ਰੁਕੇਦੋ ਗਰੀਬ ਬੰਦੇ ਢਾਬੇ ’ਤੇ ਕੰਮ ਕਰ ਰਹੇ ਸਨਢਾਬਾ ਸਰਕੜੇ ਅਤੇ ਤਰਪਾਲ ਦਾ ਆਰਜ਼ੀ ਜਿਹਾ ਬਣਿਆ ਹੋਇਆ ਸੀਉਨ੍ਹਾਂ ਨੇ ਸਾਨੂੰ ਕਿਹਾ ਕਿ ਰਾਤ ਨੂੰ ਸਫ਼ਰ ਕਰਨਾ ਬਹੁਤ ਖ਼ਤਰਨਾਕ ਹੈ ਕਿਉਂਕਿ ਕਦੇ ਕਦੇ ਰਿੱਛ ਉੱਪਰੋਂ ਹੇਠਾਂ ਆ ਜਾਂਦੇ ਹਨਉਹ ਆਦਮੀ ’ਤੇ ਹਮਲਾ ਵੀ ਕਰ ਦਿੰਦੇ ਹਨਸਾਨੂੰ ਰਾਤ ਕੱਟਣ ਦਾ ਵੀ ਫ਼ਿਕਰ ਸੀ ਦੋਵੇਂ ਬੰਦਿਆਂ ਨੇ ਸਾਨੂੰ ਉੱਥੇ ਹੀ ਰਾਤ ਕੱਟਣ ਲਈ ਆਖਿਆਪਹਿਲਾਂ ਸਾਨੂੰ ਰੋਟੀ ਖਵਾਈਕੱਦੂਆਂ ਦੀ ਸਬਜ਼ੀ ਉਸ ਦਿਨ ਬੇਹੱਦ ਸਵਾਦ ਲੱਗੀ। ਉਨ੍ਹਾਂ ਰਾਤ ਨੂੰ ਆਪਣੇ ਤੰਦੂਰ ਦੇ ਆਸੇ ਪਾਸੇ ਸਾਨੂੰ ਪਾਇਆ ਅਤੇ ਉਸ ਵਿੱਚ ਕਾਫ਼ੀ ਲੱਕੜਾਂ ਪਾ ਦਿੱਤੀਆਂ ਤਾਂ ਜੋ ਝੌਂਪੜੀ ਗਰਮ ਰਹੇ। ਕਾਫੀ ਸਾਰਾ ਹਿੱਸਾ ਧੂੰਏਂ ਲਈ ਖੁੱਲ੍ਹਾ ਰੱਖਿਆਅਸੀਂ ਕੰਬਲਾਂ ਵਿੱਚ ਹੀ ਨਿੱਘ ਅਤੇ ਥਕਾਵਟ ਕਰਕੇ ਬੜੇ ਆਰਾਮ ਨਾਲ ਸੁੱਤੇ, ਭਾਵੇਂ ਬਾਹਰ ਬਰਫਬਾਰੀ ਹੋ ਰਹੀ ਸੀਸਵੇਰੇ ਉੱਠ ਕੇ ਅਸੀਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਪੈਸੇ ਦਿੱਤੇਉਨ੍ਹਾਂ ਨੇ ਸਾਥੋਂ ਬੜੇ ਜਾਇਜ਼ ਪੈਸੇ ਲਏਸ਼ਾਇਦ ਉਨ੍ਹਾਂ ਨੂੰ ਸਾਡੀ ਗੱਲਬਾਤ ਤੋਂ ਸਾਡੇ ਪੈਸੇ ਘਟਣ ਦੀ ਗੱਲ ਦਾ ਪਤਾ ਲੱਗ ਗਿਆ ਸੀਉਸ ਦਿਨ ਪਤਾ ਲੱਗਿਆ ਕਿ ਖੁੱਲ੍ਹੇ ਦਿਲ ਨਾਲ ਦੂਜਿਆਂ ਦੀ ਮਦਦ ਕਰਨ ਲਈ ਕਿਸੇ ਅਮੀਰੀ ਦੀ ਲੋੜ ਨਹੀਂ ਹੁੰਦੀ

ਸਵੇਰੇ ਅਸੀਂ ਜਲਦੀ ਹੀ ਗੋਬਿੰਦ ਘਾਟ ਪਹੁੰਚ ਗਏਸਾਡੇ ਸਾਥੀ ਵੀ ਤਿੰਨ ਘੰਟੇ ਕੁ ਬਾਅਦ ਸਾਡੇ ਨਾਲ ਆ ਰਲੇਉਹ ਗੋਵਿੰਦ ਧਾਮ ਹੀ ਰੁਕ ਗਏ ਸਨ ਅਸੀਂ ਫਿਰ ਸਫ਼ਰ ਸ਼ੁਰੂ ਕੀਤਾਸਾਡੇ ਇਕ ਸਾਥੀ ਕੋਲ ਸਾਈਕਲ ਨਹੀਂ ਸੀ, ਅਸੀਂ ਉਸ ਨੂੰ ਬੱਸ ’ਤੇ ਬਿਠਾਉਣ ਲਈ ਬੱਸ ਸਟੈਂਡ ’ਤੇ ਗਏ। ਕੁਝ ਸਾਥੀਆਂ ਨੇ ਕਿਹਾ ਕਿ ਆਪਾਂ ਵੀ ਆਪਣੇ ਸਾਈਕਲ ਛੱਤ ਉੱਪਰ ਰੱਖ ਲੈਂਦੇ ਹਾਂ ਅਤੇ ਰਿਸ਼ੀਕੇਸ਼ ਜਾ ਕੇ ਅਗਲੀ ਯਾਤਰਾ ਸ਼ੁਰੂ ਕਰ ਲਵਾਂਗੇ। ਮੇਰੇ ਸਮੇਤ ਅੱਧੇ ਸਾਥੀਆਂ ਨੇ ਸਾਈਕਲ ’ਤੇ ਹੀ ਯਾਤਰਾ ਕਰਨ ਦੀ ਜ਼ਿੱਦ ਕੀਤੀਕਾਫ਼ੀ ਵਾਦ ਵਿਵਾਦ ਤੋਂ ਬਾਅਦ ਫੈਸਲਾ ਸਾਈਕਲਾਂ ਉੱਤੇ ਜਾਣ ਦਾ ਫੈਸਲਾ ਹੋਇਆ ਤੇ ਅਸੀਂ ਆਪਣੇ ਸਾਥੀ ਨੂੰ ਕਿਹਾ ਕਿ ਉਹ ਸਾਈਕਲ ਬੱਸ ਉੱਪਰ ਰੱਖ ਕੇ ਸ੍ਰੀ ਨਗਰ ਗੜਵਾਲ ਪਹੁੰਚ ਜਾਵੇ, ਜਿੱਥੇ ਬੱਸ ਰਾਤ ਦਾ ਪੜਾਅ ਕਰੇਗੀ, ਸਾਈਕਲ ਦੀ ਮੁਰੰਮਤ ਕਰਵਾ ਲਵੇਉਹ ਬੱਸ ਵਿੱਚ ਬੈਠ ਕੇ ਚਲਾ ਗਿਆਅਸੀਂ ਸਾਈਕਲ ਲੈ ਕੇ ਤੁਰ ਪਏ ਤੇ ਹੌਲੀ ਹੌਲੀ ਮੰਜ਼ਲ ਵੱਲ ਨੂੰ ਵਧਣ ਲੱਗੇਪੈਸੇ ਵੀ ਘਟਦੇ ਜਾ ਰਹੇ ਸਨ ਕਿਉਂਕਿ ਅਸੀਂ ਕਾਫੀ ਪੈਸੇ ਆਪਣੇ ਸਾਥੀ ਨੂੰ ਬੱਸ ਦੇ ਕਿਰਾਏ ਅਤੇ ਸਾਈਕਲ ਠੀਕ ਕਰਵਾਉਣ ਲਈ ਦੇ ਦਿੱਤੇ ਸਨ

ਸਾਡਾ ਸਾਥੀ ਸ੍ਰੀ ਨਗਰ ਗੜਵਾਲ ਵਿਖੇ ਆਪਣਾ ਸਾਈਕਲ ਠੀਕ ਕਰਵਾ ਕੇ ਗੁਰਦੁਆਰਾ ਸਾਹਿਬ ਵਿਖੇ ਸਾਡਾ ਇੰਤਜ਼ਾਰ ਕਰਨ ਲੱਗਾਦੂਜੇ ਦਿਨ ਅਸੀਂ ਵੀ ਉੱਥੇ ਪਹੁੰਚ ਗਏਕਿਉਂਕਿ ਚੜ੍ਹਾਈ ਬਹੁਤ ਤਿੱਖੀ ਸੀ, ਅਸੀਂ ਰਾਤ ਰੁਕ ਕੇ ਆਰਾਮ ਕੀਤਾ ਅਤੇ ਅਗਲੇ ਦਿਨ ਚੱਲ ਪਏਜਦੋਂ ਅਸੀਂ ਪੰਦਰਾਂ ਕਿਲੋਮੀਟਰ ਅੱਗੇ ਗਏ ਤਾਂ ਦੇਖਿਆ ਸੜਕ ਕਿਨਾਰੇ ਫੌਜ ਦੀਆਂ ਗੱਡੀਆਂ ਖੜ੍ਹੀਆਂ ਸਨਸਾਨੂੰ ਪਤਾ ਲੱਗਾ ਕਿ ਇੱਕ ਬੱਸ ਸੈਂਕੜੇ ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ ਸੀਉੱਥੇ ਰਾਹਤ ਕਾਰਜ ਪੂਰੇ ਜ਼ੋਰ ਨਾਲ ਚੱਲ ਰਹੇ ਸਨ ਅਤੇ ਪੀਪੇ ਵਾਂਗ ਟੁੱਟੀ ਬੱਸ ਖੱਡ ਵਿੱਚ ਡਿਗੀ ਬਹੁਤ ਛੋਟੀ ਦਿਖਾਈ ਦੇ ਰਹੀ ਸੀਕਾਫੀ ਸਾਰੀਆਂ ਲਾਸ਼ਾਂ ਹੇਠੋਂ ਉੱਪਰ ਲਿਆਂਦੀਆਂ ਸੜਕ ਉੱਤੇ ਪਈਆਂ ਸਨ

ਜਦੋਂ ਅਸੀਂ ਹੋਰ ਜਾਣਕਾਰੀ ਲਈ ਤਾਂ ਸਾਡੇ ਤੋਤੇ ਉੱਡ ਗਏ ਕਿਉਂਕਿ ਇਹ ਉਹ ਹੀ ਬੱਸ ਸੀ, ਜਿਸ ’ਤੇ ਚੜ੍ਹ ਕੇ ਰਿਸ਼ੀਕੇਸ਼ ਜਾਣ ਦੀ ਇੱਛਾ ਸਾਡੇ ਸਾਥੀਆਂ ਨੇ ਜ਼ਾਹਿਰ ਕੀਤੀ ਸੀਸਾਡਾ ਸਾਥੀ ਸ੍ਰੀ ਨਗਰ ਗੜਵਾਲ ਤਕ ਇਸ ’ਤੇ ਆਇਆ ਸੀਸਾਈਕਲਾਂ ਨੇ ਸਾਡੀ ਜਾਨ ਬਚਾ ਲਈ ਸੀ। ਇਹ ਦਰਦਨਾਕ ਮੰਜ਼ਰ ਦੇਖ ਕੇ ਸਾਡੇ ਇੱਕ ਸਾਥੀ ਨੂੰ ਬੁਖਾਰ ਚੜ੍ਹ ਗਿਆਸਾਰੇ ਰਸਤੇ ਅਸੀਂ ਉਸ ਦੇ ਸਾਈਕਲ ਨੂੰ ਖ਼ੁਦ ਖਿੱਚ ਕੇ ਪਹਾੜ ਚੜ੍ਹਾਉਂਦੇ ਰਹੇਤੀਜੇ ਦਿਨ ਹਰਿਦੁਆਰ ਪਹੁੰਚ ਕੇ ਉਸ ਦਾ ਹਫਤਾ ਇਲਾਜ ਕਰਵਾਇਆ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਉਸ ਨੇ ਸਾਨੂੰ ਹੱਥ ਦੇ ਕੇ ਰੱਖ ਲਿਆ ਸੀਉਸ ਦਿਨ ਸੋਝੀ ਆਈ ਕਿ ਕੁਦਰਤ ਜੋ ਕਰਦੀ ਹੈ ਚੰਗਾ ਹੀ ਕਰਦੀ ਹੈ

ਸਾਡੇ ਕੋਲ ਪੈਸੇ ਵੀ ਬਿਲਕੁਲ ਖਤਮ ਹੋ ਗਏ ਸਨਹਰਿਦੁਆਰ ਸਾਡੇ ਸੱਤ ਜਣਿਆਂ ਕੋਲ ਸੌ ਰੁਪਏ ਬਚੇ ਸਨਅਸੀਂ ਗੁਰਦੁਆਰੇ ਵਿੱਚੋਂ ਲੰਗਰ ਤਿਆਰ ਕਰ ਨਾਲ ਬੰਨ੍ਹਿਆ ਅਤੇ ਵਾਪਸ ਚੱਲ ਪਏਨੈਨੀਤਾਲ ਅਤੇ ਬਾਕੀ ਯਾਤਰਾ ਪੈਸਿਆਂ ਬਿਨਾ ਪੂਰੀ ਕਰਨਾ ਸੰਭਵ ਨਹੀਂ ਸੀਸਾਰੇ ਜਣੇ ਡਰੇ ਹੋਏ ਵੀ ਸੀਬਹੁਤ ਥੋੜ੍ਹੇ ਪੈਸਿਆਂ ਨਾਲ ਅਸੀਂ ਉੱਨੀ ਦਿਨਾਂ ਵਿੱਚ ਯਾਤਰਾ ਪੂਰੀ ਕੀਤੀਗੁਰੂ ਨਾਨਕ ਦੇਵ ਜੀ ਦੇ ਚਲਾਏ ਲੰਗਰ ਇਸ ਨੂੰ ਪੂਰਾ ਕਰਨ ਵਿੱਚ ਸਹਾਈ ਹੋਏ

ਜਦੋਂ ਅਸੀਂ ਆਪਣੇ ਘਰ ਪਹੁੰਚੇ ਤਾਂ ਇੱਕ ਵਾਰ ਫੇਰ ਸਾਰੀਆਂ ਘਟਨਾਵਾਂ ਮੇਰੇ ਮੂਹਰੇ ਆ ਪ੍ਰਗਟ ਹੋਇਆਇਸ ਸਫ਼ਰ ਨੇ ਅਕਹਿ ਅਨੰਦ ਵੀ ਦਿੱਤਾ ਅਤੇ ਡਰਾਇਆ ਵੀ ਬਹੁਤ ਸੀਇਸ ਤਰ੍ਹਾਂ ਲੱਗਿਆ ਕਿ ਪਰਮਾਤਮਾ ਸਾਡੇ ਨਾਲ ਹੀ ਵਿਚਰ ਰਹੇ ਹੋਣ ਅਤੇ ਹਰ ਦੁਰਘਟਨਾ ਤੋਂ ਸਾਨੂੰ ਬਚਾ ਰਹੇ ਹੋਣਇਹ ਸਫ਼ਰ ਮੈਂਨੂੰ ਜ਼ਿੰਦਗੀ ਦੇ ਕਈ ਅਹਿਮ ਸਬਕ ਪੜ੍ਹਾ ਗਿਆ, ਜਿਹੜੇ ਮੇਰੇ ਅਗਲੇ ਸਫ਼ਰਾਂ ਅਤੇ ਜੀਵਨ ਵਿੱਚ ਬਹੁਤ ਸਹਾਈ ਹੋਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2196) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author