BhupinderSMann7ਲੈ ਬਈ ਜਵਾਨਾਂ ਸੁੱਟੀ ਚੱਲ ਸ਼ਾਮ ਤੱਕ, ਜਦੋਂ ਟੱਪ ਗਿਆ ਤਾਂ ...
(27 ਜਨਵਰੀ 2020)

 

ਸਾਡੇ ਪਿਤਾ ਜੀ ਬੜੇ ਹਾਜ਼ਰ ਜਵਾਬ ਅਤੇ ਖੁੱਲ੍ਹੇ ਦਿਲ ਵਾਲੇ ਇਨਸਾਨ ਸਨਗੱਲਾਂ ਕਰਨ ਦਾ ਉਹਨਾਂ ਨੂੰ ਬੜਾ ਸ਼ੌਕ ਸੀਉਹਨਾਂ ਕੋਲ ਕਹਾਣੀਆਂ ਦਾ ਵੱਡਾ ਭੰਡਾਰ ਸੀਇੱਕ ਦਿਨ ਹੀ ਸਾਰੇ ਇਕੱਠੇ ਬੈਠੇ ਗੱਲਾਂ ਕਰ ਰਹੇ ਸੀ ਤਾਂ ਮਾਣ ਦੀ ਗੱਲ ਚੱਲ ਪਈ ਉਨ੍ਹਾਂ ਨੇ ਕਿਹਾ, “ਮਾਣ ਅਪਮਾਨ ਬੰਦੇ ਦੇ ਆਪਣੇ ਹੱਥ ਵਿੱਚ ਹੁੰਦਾ ਹੈ, ਪਰ ਬੰਦੇ ਨੂੰ ਕਦੇ ਵੀ ਆਪਣੀ ਤਾਕਤ, ਪੈਸੇ ਅਤੇ ਸਰੀਰ ਦਾ ਮਾਣ ਨਹੀਂ ਕਰਨਾ ਚਾਹੀਦਾ।”

ਫਿਰ ਉਨ੍ਹਾਂ ਨੇ ਇੱਕ ਗੱਲ ਸੁਣਾਈਜਿਹੜੀ ਅੱਜ ਵੀ ਮੇਰੇ ਚੇਤਿਆਂ ਵਿੱਚ ਵਸੀ ਹੋਈ ਹੈ:

ਚਾਰ ਦਹਾਕੇ ਪਹਿਲਾਂ ਸਾਡਾ ਪਰਿਵਾਰ ਸਾਡੇ ਜੱਦੀ ਪਿੰਡ ਮਾੜੀ ਵਿਖੇ ਰਹਿੰਦਾ ਸੀਸਾਡਾ ਪਿੰਡ ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰੀ ’ਤੇ ਵਸਿਆ ਬਹੁਤ ਛੋਟਾ ਜਿਹਾ ਪਿੰਡ ਹੈਉਸ ਵੇਲੇ ਪਿੰਡ ਦੀ ਆਬਾਦੀ ਕੋਈ ਪੰਜ ਸੌ ਦੇ ਕਰੀਬ ਸੀਪਿੰਡ ਦੇ ਵਿੱਚ ਉਸ ਸਮੇਂ ਸਰੀਰਕ ਤੌਰ ਉੱਤੇ ਤਕੜੇ ਹੋਣ ਦੀ ਪਿਰਤ ਹੁੰਦੀ ਸੀ ਭਾਵੇਂ ਥੋੜ੍ਹੇ ਬਹੁਤੇ ਟਰੈਕਟਰ ਆ ਗਏ ਸਨ, ਫੇਰ ਵੀ ਖੇਤੀ ਦਾ ਕੰਮ ਬਹੁਤਾ ਹੱਥੀਂ ਕੀਤਾ ਜਾਂਦਾ ਸੀਇਸ ਲਈ ਜੁੱਸੇ ਨੂੰ ਤਕੜਾ ਕਰਨ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਸੀਉਸ ਸਮੇਂ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਸੀ ਕਿ ਬੰਦਾ ਘਰ ਦਾ ਮਾੜਾ ਭਾਵੇਂ ਹੋਵੇ ਪਰ ਸਰੀਰ ਦਾ ਮਾੜਾ ਨਾ ਹੋਵੇ।। ਇਸ ਲਈ ਉਸ ਸਮੇਂ ਖੁਰਾਕ ਅਤੇ ਕਸਰਤ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਸੀਲੋਕ ਕਸਰਤਾਂ ਕਰਦੇ, ਘਿਉ ਖਾਂਦੇ, ਡੰਡ ਬੈਠਕਾਂ ਕੱਢਦੇ, ਮੂੰਗਲੀਆਂ ਫੇਰਦੇ, ਪਸੇਰੀ ਸੁੱਟਦੇ, ਭਾਰੇ ਪੱਥਰਾਂ ਦੇ ਬਾਲੇ ਕੱਢਦੇਇਹ ਸਾਰਾ ਕੁਝ ਪਿੰਡ ਦੇ ਬਾਹਰ ਬਣਾਏ ਪਿੜ ਵਿੱਚ ਹੁੰਦਾਕਈ ਪਿੰਡਾਂ ਵਿੱਚ ਪੱਕੀ ਸੌਂਚੀ, ਕਬੱਡੀ ਜਾਂ ਭਲਵਾਨਾਂ ਦੇ ਅਖਾੜਿਆਂ ਵਿੱਚ ਵੀ ਗੱਭਰੂ ਜ਼ੋਰ ਅਜ਼ਮਾਈ ਕਰਦੇ

ਸਾਡੇ ਪਿੰਡ ਦੇ ਵੀ ਕਈ ਨੌਜਵਾਨ ਸ਼ਾਮ ਨੂੰ ਪਿੜ ਵਿੱਚ ਕਸਰਤ ਕਰਨ ਲੱਗੇ ਹੁੰਦੇਮੇਰੇ ਪਿਤਾ ਜੀ ਉਸ ਸਮੇਂ ਪਿੰਡ ਦੇ ਸਭ ਤੋਂ ਪੜ੍ਹੇ ਲਿਖੇ ਨੌਜਵਾਨ ਸਨਉਨ੍ਹਾਂ ਦਾ ਸਾਡੇ ਦਾਦਾ ਜੀ ਦੇ ਪੁਲਿਸ ਅਫਸਰ ਹੋਣ ਕਾਰਨ ਤੋਰਾ ਫੇਰਾ ਵੀ ਜ਼ਿਆਦਾ ਸੀਪਿਤਾ ਜੀ ਕਦੇ ਪਟਿਆਲੇ ਗਏ ਤਾਂ ਉੱਥੋਂ ਉਨ੍ਹਾਂ ਨੇ ਛਾਉਣੀ ਵਿੱਚੋਂ ਪਿੰਡ ਦੇ ਨੌਜਵਾਨਾਂ ਨੂੰ ਗੋਲਾ ਲਿਆ ਦਿੱਤਾਹੁਣ ਹੋਰ ਕਸਰਤਾਂ ਦੇ ਨਾਲ ਉਹ ਗੋਲਾ ਵੀ ਸੁੱਟਦੇਕਈ ਨੌਜਵਾਨ ਤਾਂ ਕਾਫ਼ੀ ਤਕੜੇ ਸਨ ਤੇ ਉਨ੍ਹਾਂ ਦਾ ਗੋਲਾ ਵੀ ਕਾਫ਼ੀ ਦੂਰ ਜਾਂਦਾ ਸੀਦਸੰਬਰ ਦੇ ਮਹੀਨੇ ਵਿੱਚ ਇੱਕ ਦਿਨ ਪਿਤਾ ਜੀ ਮੰਡੀ ਤੋਂ ਵਾਪਸ ਘਰ ਆ ਰਹੇ ਸਨ ਤਾਂ ਉਹਨਾਂ ਦੇਖਿਆ ਕਸਰਤ ਕਰਨ ਵਾਲੇ ਨੌਜਵਾਨ ਇੱਕ ਪਾਸੇ ਇਕੱਠੇ ਹੋਏ ਬੈਠੇ ਸਨਪਿਤਾ ਜੀ ਨੇ ਮੋਟਰਸਾਈਕਲ ਉਹਨਾਂ ਕੋਲ ਰੋਕ ਲਿਆਉਹਨਾਂ ਮਹਿਸੂਸ ਕੀਤਾ ਕਿ ਨੌਜਵਾਨ ਨਿੰਮੋਝੂਣੇ ਜਿਹੇ ਹੋਏ ਬੈਠੇ ਹਨ ਪਿਤਾ ਜੀ ਨੇ ਪੁੱਛਿਆ, “ਕੀ ਗੱਲ ਹੋ ਗਈ, ਇਉਂ ਕਿਉਂ ਬੈਠੇ ਓ ਜਿਵੇਂ ਕੁੜੀ ਦੱਬ ਕੇ ਆਏ ਹੋ?”

ਬਾਬੇ ਕਾ ਮੰਦਰ ਬੋਲਿਆ, “ਬਾਈ, ਅੱਜ ਤਾਂ ਜੱਗੋਂ ਤੇਰ੍ਹਵੀਂ ਹੋ ਗਈ।

ਪਿਤਾ ਜੀ ਨੇ ਫ਼ਿਕਰਮੰਦੀ ਨਾਲ ਪੁੱਛਿਆ, “ਕੀ ਜੱਗੋਂ ਤੇਰ੍ਹਵੀਂ ਹੋ ਗਈ?”

ਉਸਨੇ ਦੱਸਿਆ, “ਅਸੀਂ ਗੋਲਾ ਸੁੱਟਣ ਦਾ ਅਭਿਆਸ ਕਰ ਰਹੇ ਸੀ ਕਿ ਜਗਿੰਦਰ ਭਲਵਾਨ ਆ ਗਿਆ। ਬੱਸ ... ਫੇਰ ਕੰਮ ਖਰਾਬ ਹੋ ਗਿਆ।” ਇਹ ਕਹਿ ਕੇ ਮੰਦਰ ਚੁੱਪ ਕਰ ਗਿਆ

ਪਿਤਾ ਜੀ ਜਗਿੰਦਰ ਭਲਵਾਨ ਨੂੰ ਚੰਗੀ ਤਰ੍ਹਾਂ ਜਾਣਦੇ ਸਨਜਗਿੰਦਰ ਦਾ ਕੱਦ ਛੇ ਫੁੱਟ ਤਿੰਨ ਇੰਚ ਦੇ ਕਰੀਬ ਸੀਉਸਦਾ ਜੁੱਸਾ ਦਿਓ ਵਰਗਾ ਸੀਉਸ ਨੇ ਭਲਵਾਨੀ ਵਿੱਚ ਚੰਗਾ ਨਾਮਣਾ ਖੱਟਿਆ ਸੀਇਸ ਤੋਂ ਬਿਨਾਂ ਉਹ ਪਾਥੀ ਸੁੱਟਣ ਤੇ ਪਸੇਰੀ ਸੁੱਟਣ ਦਾ ਇਲਾਕੇ ਦਾ ਚੈਂਪੀਅਨ ਸੀਅਕਸਰ ਨੇੜੇ ਛਿੰਝ ਪੈਂਦੀ ਤਾਂ ਪਿੰਡਾਂ ਦੇ ਲੋਕ ਉਸ ਨੂੰ ਨੇੜਲੇ ਪਿੰਡਾਂ ਦਾ ਹੋਣ ਕਰਕੇ ਆਪਣਾ ਭਲਵਾਨ ਮੰਨਦੇ ਹੋਏ ਉਸ ਨੂੰ ਹੱਲਾਸ਼ੇਰੀ ਦਿੰਦੇ

“ਪਰ ਹੋਇਆ ਕੀ? ਦੱਸੋਗੇ ਤਾਂ ਸਹੀ ... ਬੁਝਾਰਤਾਂ ਕਿਉਂ ਪਾਈ ਜਾਂਦੇ ਹੋ?” ਪਿਤਾ ਜੀ ਨੇ ਦੁਹਰਾ ਕੇ ਪੁੱਛਿਆ

ਮੰਦਰ ਨੇ ਦੱਸਿਆ, “ਉਹ ਗੋਲਾ ਸੁੱਟ ਰਹੇ ਸਨ, ਇੰਨੇ ਵਿੱਚ ਭਲਵਾਨ ਰਾਹ ਤੁਰਿਆ ਜਾਂਦਾ ਉਹਨਾਂ ਕੋਲ ਆ ਗਿਆ ਤੇ ਉਨ੍ਹਾਂ ਨਾਲ ਗੋਲਾ ਸੁੱਟਣ ਲੱਗ ਪਿਆ। ਐਵੇਂ ਮਾੜੀ ਜਿਹੀ ਜ਼ਿਦ ਜੁਦਾਈ ਹੋ ਗਈ ਤੇ ਸਾਡਾ ਮੁਕਾਬਲਾ ਸ਼ੁਰੂ ਹੋ ਗਿਆ। ਉਸ ਨੇ ਸਾਡੇ ਤੋਂ ਕਈ ਹੱਥ ਗੋਲਾ ਅੱਗੇ ਸੁੱਟ ਦਿੱਤਾ ਤੇ ਫੇਰ ਜਾਂਦਾ ਹੋਇਆ ਉਹ ਗੋਲਾ ਚੁੱਕ ਕੇ ਨਾਲ ਹੀ ਲੈ ਗਿਆ ...।”

ਮੰਦਰ ਦੇ ਚੁੱਪ ਕਰਨ ’ਤੇ ਸੱਜਣ ਨੇ ਗੱਲ ਪੂਰੀ ਕੀਤੀ, “ਉਹ ਜਾਂਦਾ ਜਾਂਦਾ ਇਹ ਵੀ ਰੜਕਾ ਗਿਆ ਕਿ ਜਿਵੇਂ ਤੁਹਾਡੇ ਪਿੰਡ ਦਾ ਨਾਮ ਮਾੜੀ ਹੈ, ਓਵੇਂ ਤੁਸੀਂ ਵੀ ਮਾੜੇ ਹੀ ਹੋ। ਤੁਸੀਂ ਗੋਲਾ ਸੁੱਟ ਕੇ ਕੀ ਕਰਨਾ ਹੈ? ਉੱਪਰੋਂ ਆਹ ਰੀਠਾ ਅਮਲੀ ਨਹੀਂ ਟਿਕਣ ਦਿੰਦਾ ...।”

ਰੀਠੇ ਅਮਲੀ ਦਾ ਨਸ਼ਾ ਪੂਰਾ ਖਿੜਿਆ ਹੋਇਆ ਸੀਉਹ ਬੋਲਿਆ, “ਪੂਰੇ ਪਿੰਡ ਦੀ ਹੇਠੀ ਕਰਵਾ ਦਿੱਤੀ, ਮੈਂ ਬੋਲਾ ਵੀ ਨਾ? ਮੈਂਨੂੰ ਬੁਲਾ ਲੈਂਦੇ ਉਸ ਤੋਂ ਮੂਹਰੇ ਤਾਂ ਮੈਂ ਗੋਲਾ ਸਿਟ ਦਿੰਦਾ ...।”

ਭਾਵੇਂ ਰੀਠੇ ਅਮਲੀ ਤੋਂ ਪੈਰਾਂ ’ਤੇ ਚੰਗੀ ਤਰ੍ਹਾਂ ਖੜ੍ਹਾ ਨਹੀਂ ਸੀ ਹੋਇਆ ਜਾ ਰਿਹਾ ਪਰ ਉਹ ਗੱਲਾਂ ਦੇ ਪੂਰੇ ਤਰਾਰੇ ਬਣ ਰਿਹਾ ਸੀਉਸ ਮਾਹੌਲ ਵਿੱਚ ਵੀ ਪਿਤਾ ਜੀ ਮੁਸਕਰਾਏ ਬਿਨਾਂ ਨਾ ਰਹਿ ਸਕੇ

ਨੌਜਵਾਨਾਂ ਕੋਲ ਪਿਤਾ ਜੀ ਨੇ ਅਫਸੋਸ ਜ਼ਾਹਰ ਕਰਦੇ ਕਿਹਾ, “ਇਹ ਤਾਂ ਭਲਵਾਨ ਨੇ ਮਾੜੀ ਗੱਲ ਕੀਤੀਤਕੜਾ ਮਾੜਾ ਤਾਂ ਹਰ ਥਾਂ ’ਤੇ ਹੁੰਦਾ ਹੈਉਸ ਤੋਂ ਵੀ ਬਥੇਰੇ ਤਕੜੇ ਹਨ, ਬੰਦੇ ਨੂੰ ਤਾਕਤ ਦਾ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ।”

ਬਿੱਲੂ ਬੋਲਿਆ, “ਬਾਈ ਅਸੀਂ ਵੀ ਉਸ ਨੂੰ ਇਹ ਕਿਹਾ ਸੀ, ਪਰ ਉਹ ਕਹਿੰਦਾ ਥੋਡੇ ਪਿੰਡ ਵਿੱਚੋਂ ਤਾਂ ਕੋਈ ਜਿੱਤ ਨਹੀਂ ਸਕਦਾ, ਕੋਈ ਸਾਕ ਸਕੀਰੀ ਵਾਲਾ ਵੀ ਚਾਹੇ ਲੈ ਆਓ ...।”

ਮੰਦਰ ਨੇ ਗੱਲ ਜੋੜੀ, “ਉਸ ਨੂੰ ਸਾਡੇ ਤੋਂ ਦਸ ਬਾਰਾਂ ਹੱਥ ਮੂਹਰੇ ਸੁੱਟੇ ਗੋਲੇ ਦਾ ਮਾਣ ਹੀ ਬਹੁਤ ਹੋ ਗਿਆ ਸੀ।

ਪਿਤਾ ਜੀ ਨੇ ਕਿਹਾ, “ਕੋਈ ਗੱਲ ਨਹੀਂ, ਮੈਂ ਕੱਲ੍ਹ ਪਰਸੋਂ ਵਿੱਚ ਜਾ ਕੇ ਉਸ ਤੋਂ ਗੋਲਾ ਵਾਪਸ ਲੈ ਆਵਾਂਗਾ।

ਕੁਦਰਤੀ ਅਗਲੇ ਦਿਨ ਭਲਵਾਨ ਪਿਤਾ ਜੀ ਨੂੰ ਮੰਡੀ ਵਿੱਚ ਟੱਕਰ ਗਿਆਪਿਤਾ ਜੀ ਨੇ ਦੁਆ ਸਲਾਮ ਤੋਂ ਬਾਅਦ ਉਸ ਨੂੰ ਉਲਾਂਭਾ ਦਿੱਤਾ ਕਿ ਮੁੰਡਿਆਂ ਤੋਂ ਗੋਲਾ ਕਿਉਂ ਲੈ ਆਇਆ, ਉਹ ਗੋਲਾ ਉਨ੍ਹਾਂ ਨੂੰ ਵਾਪਸ ਕਰੇਭਲਵਾਨ, ਜਿਹੜਾ ਥੋੜ੍ਹਾ ਜਿਹਾ ਮੱਛਰਿਆ ਹੋਇਆ ਸੀ, ਬੋਲਿਆ, “ਵੀਰ, ਗੋਲਾ ਮੈਂ ਜਿੱਤ ਕੇ ਲਿਆਇਆ ਹਾਂ, ਤੁਸੀਂ ਵੀ ਜਿੱਤ ਕੇ ਲੈ ਜਾਓ ... ਜਾਂ ਖੋਹ ਕੇ ਲੈ ਜਾਓ।

ਪਿਤਾ ਜੀ ਨੂੰ ਉਸਦੀ ਗੱਲ ਬਹੁਤ ਬੁਰੀ ਲੱਗੀਉਹ ਬਿਨਾਂ ਕੁਝ ਬੋਲੇ ਵਾਪਸ ਆ ਗਏਸ਼ਾਮ ਨੂੰ ਪਿੰਡ ਵਿੱਚ ਮੁੰਡੇ ਫੇਰ ਮਿਲੇ। ਮੁੰਡਿਆਂ ਨੂੰ ਆਸ ਸੀ, ਬਾਈ ਗੋਲਾ ਵਾਪਸ ਲੈ ਆਇਆ ਹੋਵੇਗਾਪਰ ਜਦੋਂ ਪਿਤਾ ਜੀ ਨੇ ਉਨ੍ਹਾਂ ਨੂੰ ਅੱਜ ਦੀ ਮੁਲਾਕਾਤ ਬਾਰੇ ਦੱਸਿਆ ਤਾ ਉਹ ਨਿਰਾਸ਼ ਹੋ ਗਏਪਿਤਾ ਜੀ ਵੀ ਸੋਚਾਂ ਵਿੱਚ ਡੁੱਬੇ ਹੋਏ ਸਨਫਿਰ ਉਨ੍ਹਾਂ ਨੂੰ ਇੱਕ ਫੁਰਨਾ ਫੁਰਿਆ ਉਨ੍ਹਾਂ ਨੇ ਆਪਣੇ ਸੀਰੀ ਦਰਸ਼ਨ ਨੂੰ ਬੁਲਾਇਆ ਤੇ ਕਿਹਾ, “ਕੱਲ੍ਹ ਨੂੰ ਸਵੇਰੇ ਜਨਤਾ ਗੱਡੀ ਫੜ ਕੇ ਬੁਢਲਾਡੇ ਜਾਈਂ ਤੇ ਉੱਥੋਂ ਨਿਆਣਿਆਂ ਦੇ ਨਾਨਕੇ ਜਾ ਕੇ ਭੂਰੇ ਨੂੰ ਲੈ ਕੇ ਆਈ, ਉਸ ਨੂੰ ਛੁੱਟੀਆਂ ਹੋਣਗੀਆਂ, ਉਹ ਪਿੰਡ ਹੀ ਆਇਆ ਹੋਵੇਗਾ।”

ਭੂਰਾ, ਮੇਰੇ ਮਾਮਾ ਜੀ ਦਾ ਘਰ ਦਾ ਨਾਮ ਸੀਵੈਸੇ ਮਾਮਾ ਜੀ ਦਾ ਨਾਮ ਗੁਰਵਿੰਦਰ ਸਿੰਘ ਹੈਪਰ ਸਾਰਿਆਂ ਤੋਂ ਛੋਟਾ ਅਤੇ ਰੰਗ ਦਾ ਬਹੁਤ ਗੋਰਾ ਹੋਣ ਕਰਕੇ ਪਿਆਰ ਨਾਲ ਸਾਰੇ ਭੂਰਾ ਆਖਦੇ ਸਨਮਾਮਾ ਜੀ ਉਨ੍ਹਾਂ ਦਿਨਾਂ ਵਿੱਚ ਪਟਿਆਲਾ ਵਿਖੇ ਪੜ੍ਹਦੇ ਸਨਉਨ੍ਹਾਂ ਨੇ ਜੂਨੀਅਰ ਵਰਗ ਵਿੱਚ ਕੌਮੀ ਸਕੂਲ ਖੇਡਾਂ ਵਿੱਚ ਗੋਲੇ ਵਿੱਚ ਨਵਾਂ ਰਿਕਾਰਡ ਰੱਖਿਆ ਸੀਉਸ ਸਾਲ ਹੈਦਰਾਬਾਦ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਮਾਮਾ ਜੀ ਗੋਲੇ ਦੇ ਚੈਂਪੀਅਨ ਬਣ ਗਏ ਸਨ

ਦਰਸ਼ਨ ਅਗਲੇ ਦਿਨ ਸਾਡੇ ਨਾਨਕੇ ਚਲਾ ਗਿਆਮਾਮਾ ਜੀ ਕਿਤੇ ਅੱਗੇ ਟੂਰਨਾਮੈਂਟ ਖੇਡਣ ਗਏ ਹੋਏ ਸਨਦਰਸ਼ਣ ਨੇ ਸੁਨੇਹਾ ਦਿੱਤਾ ਕਿ ਜਦੋਂ ਵੀ ਆਉਣ, ਉਨ੍ਹਾਂ ਨੂੰ ਤੁਰੰਤ ਭੇਜ ਦਿੱਤਾ ਜਾਵੇਜਵਾਈ ਭਾਈ ਦਾ ਹੁਕਮ ਸੀ, ਸੋ ਸਾਡੇ ਨਾਨਾ ਨਾਨੀ ਨੇ ਤੁਰੰਤ ਭੇਜਣ ਦਾ ਵਾਅਦਾ ਕੀਤਾਅਗਲੇ ਦਿਨ ਮਾਮਾ ਜੀ ਦੁਪਹਿਰ ਵਾਲੀ ਗੱਡੀ ’ਤੇ ਪਿੰਡ ਪਹੁੰਚ ਗਏ

ਪਿਤਾ ਜੀ ਉਹਨਾਂ ਨੂੰ ਲੈ ਕੇ ਪਿੰਡ ਦੇ ਪਿੜ ਵਿੱਚ ਪਹੁੰਚ ਗਏਸਾਰਿਆਂ ਨੂੰ ਆਪਣੀ ਸਕੀਮ ਤੋਂ ਜਾਣੂ ਕਰਵਾਇਆਪਿੰਡ ਵਾਲੇ ਖੁਸ਼ ਹੋ ਗਏ ਉੱਥੋਂ ਹੀ ਦੋ ਬੰਦਿਆਂ ਨੂੰ ਸਾਈਕਲ ਦੇ ਕੇ ਤੁਰੰਤ ਭਲਵਾਨ ਦੇ ਪਿੰਡ ਭੇਜਿਆ ਗਿਆਪਿੰਡ ਦਾ ਇੱਕ ਵਿਅਕਤੀ ਬਹਿਰੀਨ ਵਿੱਚ ਕੰਮ ਕਰਦਾ ਸੀਉਸ ਦੇ ਨੌਜਵਾਨ ਪੁੱਤਰ ਦੇ ਭਾਰਤ ਆਉਣ ਦੀ ਗੱਲ ਕਹਿ ਦਿੱਤੀ ਜਾਵੇ ਕਿ ਬਹਿਰੀਨ ਤੋਂ ਪਿੰਡ ਦਾ ਇੱਕ ਮੁੰਡਾ ਆਇਆ ਹੈ ਤੇ ਉਸ ਨੇ ਭਲਵਾਨ ਨਾਲ ਗੋਲਾ ਸੁੱਟਣ ਦਾ ਮੁਕਾਬਲਾ ਕਰਨਾ ਹੈਮੁਕਾਬਲੇ ਦੇ ਸਥਾਨ ਵੀ ਭਲਵਾਨ ਦਾ ਪਿੰਡ ਹੀ ਨਿਸ਼ਚਿਤ ਕਰਨ ਲਈ ਕਿਹਾ ਗਿਆ

ਪਿੰਡ ਦੇ ਬੰਦਿਆਂ ਨੂੰ ਭਲਵਾਨ ਮਿਲ ਗਿਆਤੁਰੰਤ ਹੀ ਉਸ ਨੇ ਹਾਂ ਕਹਿ ਦਿੱਤੀਅਗਲੇ ਦਿਨ ਦਾ ਮੁਕਾਬਲਾ ਬੱਝ ਗਿਆਇਸਦੇ ਨਾਲ ਹੀ ਭਲਵਾਨ ਨੇ ਮੁਕਾਬਲੇ ਲਈ ਇੱਕ ਪੀਪੇ ਦੇਸੀ ਘਿਉ ਦੀ ਸ਼ਰਤ ਵੀ ਰੱਖ ਦਿੱਤੀ ਸੀਸਾਡੇ ਬੰਦਿਆਂ ਨੇ ਦੇਸੀ ਘਿਉ ਦੇ ਬਦਲੇ ਉਸ ਦੇ ਗੋਲੇ ਦੀ ਮੰਗ ਰੱਖ ਦਿੱਤੀਉਹ ਤਿਆਰ ਹੋ ਗਿਆ

ਅਗਲੇ ਦਿਨ ਪਿੰਡ ਵਿੱਚ ਖਾਸਾ ਇਕੱਠ ਹੋ ਗਿਆਘਿਓ ਦੇ ਪੀਪੇ ਦਾ ਇੰਤਜ਼ਾਮ ਕੀਤਾ ਗਿਆਦੋ ਟਰਾਲੀਆਂ ਬੰਦਿਆਂ ਦੀਆਂ ਭਰ ਗਈਆਂਪਿਤਾ ਜੀ ਤੇ ਮਾਮਾ ਜੀ ਮੋਟਰਸਾਈਕਲ ’ਤੇ ਭਲਵਾਨ ਦੇ ਪਿੰਡ ਵੱਲ ਨੂੰ ਤੁਰ ਪਏ ਉੱਧਰ ਭਲਵਾਨ ਦੇ ਪਿੰਡ ਵਿੱਚ ਪੂਰੀ ਗਹਿਮਾ ਗਹਿਮੀ ਸੀਵਾਹਵਾ ਇਕੱਠ ਭਲਵਾਨ ਦੇ ਪਿੰਡ ਹੋਇਆ ਖੜ੍ਹਾ ਸੀਸਾਡੇ ਪਿੰਡ ਦੇ ਬੰਦੇ ਵੀ ਮੁਕਾਬਲੇ ਵਾਲੇ ਸਥਾਨ ’ਤੇ ਪਹੁੰਚ ਗਏਭਲਵਾਨ ਮੇਰੇ ਪਿਤਾ ਜੀ ਨੂੰ ਮਿਲਿਆ ਤੇ ਬੋਲਿਆ, “ਦਿਖਾਓ ਬਾਈ ... ਕਿੱਥੇ ਹੈ ਤੁਹਾਡਾ ਜਵਾਨ।”

ਪਿਤਾ ਜੀ ਨੇ ਮਾਮੇ ਨੂੰ ਅੱਗੇ ਕਰ ਦਿੱਤਾਮਾਮਾ ਜੀ ਉਸ ਸਮੇਂ ਜਵਾਨੀ ਵਿੱਚ ਪੈਰ ਹੀ ਰੱਖ ਰਹੇ ਸਨਉਨ੍ਹਾਂ ਦਾ ਕੱਦ ਪੰਜ ਫੁੱਟ ਦਸ ਇੰਚ ਦੇ ਕਰੀਬ ਸੀਬਿਲਕੁਲ ਸੁਡੌਲ ਸਰੀਰ ਦੇ ਮੁੱਛਫੁੱਟ ਗੱਭਰੂ ਸਨਨੀਲਾ ਟਰੈਕ ਸੂਟ ਉਹਨਾਂ ਦੇ ਬਹੁਤ ਫੱਬਦਾ ਸੀਮਾਮਾ ਜੀ ਨੂੰ ਦੇਖ ਕੇ ਭਲਵਾਨ ਦੀ ਹਾਸੀ ਨਿਕਲ ਗਈ ਉਹ ਬੋਲਿਆ, “ਇਸ ਤੋਂ ਛੋਟਾ ਨਹੀਂ ਸੀ ਕੋਈ? ... ਲਿਆ ਕੇ ਨਿਆਣਾ ਖੜ੍ਹਾ ਕਰ ਦਿੱਤਾ। ਘਿਓ ਦਾ ਪੀਪਾ ਵਿਖਾਓ ਕਿੱਥੇ ਹੈ?”

ਭਲਵਾਨ ਦੀ ਗੱਲਬਾਤ ਵਿੱਚੋਂ ਲੱਗ ਰਿਹਾ ਸੀ ਕਿ ਉਸ ਨੂੰ ਆਪਣੀ ਤਾਕਤ ’ਤੇ ਅਥਾਹ ਮਾਣ ਸੀਫੇਰ ਉਹ ਮਖੌਲ ਉਡਾਉਣ ਵਾਲੇ ਅੰਦਾਜ਼ ਵਿੱਚ ਬੋਲਿਆ, “ਪੀਪਾ ਔਥੇ ਰੱਖ ਦਿਓ ਸਾਹਮਣੇ, ਚਲੋ ਮੇਰਾ ਇਸ ਨਾਲ ਮਹੀਨਾ ਚੰਗਾ ਲੰਘੂ।”

ਪਿੰਡ ਵਾਲਿਆਂ ਨੇ ਘਿਉ ਦਾ ਪੀਪਾ ਲਿਆ ਕੇ ਰੱਖ ਦਿੱਤਾਮੁਕਾਬਲਾ ਸ਼ੁਰੂ ਹੋਣ ਵਾਲਾ ਸੀਭਲਵਾਨ ਅਤੇ ਮਾਮਾ ਜੀ, ਦੋਨੋਂ ਸਰੀਰ ਗਰਮ ਕਰਨ ਲੱਗੇਦੋਨਾਂ ਨੇ ਥੋੜ੍ਹੀਆਂ ਥੋੜ੍ਹੀਆਂ ਦੌੜਾਂ ਲਾਈਆਂਭਲਵਾਨ ਨੇ ਪੱਟਾਂ ’ਤੇ ਥਾਪੀਆਂ ਮਾਰੀਆਂ। ਕੁਝ ਡੰਡ ਬੈਠਕਾਂ ਕੱਢ ਕੇ ਜਦੋਂ ਉਹ ਚਾਦਰਾ ਕੁੜਤਾ ਲਾਹ ਕੇ ਲੰਗੋਟ ਦੇ ਵਿੱਚ ਬਾਹਰ ਨਿਕਲਿਆ ਤਾਂ ਉਸ ਦੇ ਦਰਸ਼ਨੀ ਸਰੀਰ ਨੂੰ ਦੇਖ ਕੇ ਭੁੱਖ ਲਹਿੰਦੀ ਸੀਮਾਮਾ ਜੀ ਵੀ ਟਰੈਕ ਸੂਟ ਵਿੱਚ ਗਰਮ ਹੁੰਦੇ ਸਨਦੋਨਾਂ ਦੀ ਸਰੀਰਕ ਬਣਤਰ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ ਮਾਮਾ ਦੇ ਸਰੀਰ ਨੂੰ ਦੇਖ ਰੀਠਾ ਅਮਲੀ ਯਰਕ ਗਿਆ ਤੇ ਬੋਲਿਆ, “ਗੋਲਾ ਤਾਂ ਗਿਆ ਸੀ, ਘਿਓ ਵਾਲਾ ਪੀਪਾ ਵੀ ਜਾਊ ਤੇ ਨਾਲ ਈ ਪਿੰਡ ਦੀ ਰਹਿੰਦੀ ਖੂੰਹਦੀ ਇੱਜਤ। ਆਹ ਠਾਣੇਦਾਰ ਦੇ ਛੋਹਰ ਨੇ ਜੁਆਕ ਦਾ ਜਿੰਨ ਨਾਲ ਮੱਥਾ ਲਵਾ ਦਿੱਤਾ ...।” ਰੀਠੇ ਅਮਲੀ ਦਾ ਇਸ਼ਾਰਾ ਪਿਤਾ ਜੀ ਵੱਲ ਸੀਰੀਠੇ ਨੇ ਕਾਹਲੀ ਨਾਲ ਖਾਸਾ ਮਾਵਾ ਤੋੜ ਕੇ ਅੰਦਰ ਸੁੱਟ ਲਿਆ

ਪਿਤਾ ਜੀ ਵੀ ਥੋੜ੍ਹੇ ਘਬਰਾਹਟ ਵਿੱਚ ਸਨ, ਉਨ੍ਹਾਂ ਨੇ ਮਾਮੇ ਨੂੰ ਪੁੱਛਿਆ, “ਕਿਵੇਂ ਭੂਰੇ ... ਜਿੱਤ ਜਾਵੇਗਾ?”

ਮਾਮਾ ਜੀ ਬੋਲੇ, “ਫਿਕਰ ਨਾ ਕਰੋ ਬਾਈ ਜੀ ... ਦੇਖਦੇ ਚੱਲੋ।

ਮੁਕਾਬਲਾ ਸ਼ੁਰੂ ਹੋ ਗਿਆ। ਭਲਵਾਨ ਨੇ ਪਹਿਲਾ ਗੋਲਾ ਸੁੱਟਣ ਦੀ ਵਾਰੀ ਮਾਮਾ ਜੀ ਨੂੰ ਦਿੱਤੀਮਾਮਾ ਜੀ ਨੇ ਜਾਣ ਬੁੱਝਕੇ ਗੋਲਾ ਬਹੁਤੀ ਦੂਰ ਨਾ ਸੁੱਟਿਆਇਹ ਦੇਖ ਭਲਵਾਨ ਖੁਸ਼ ਹੋ ਗਿਆਉਸਨੇ ਚੁੱਕ ਕੇ ਮਿੱਟੀ ਮੱਥੇ ਨੂੰ ਲਾਈ, ਹੱਥ ਨੂੰ ਮਿੱਟੀ ਨਾਲ ਰਗੜਿਆ ਤੇ ਗੋਲਾ ਵਗਾਹ ਕੇ ਮਾਰਿਆਗੋਲਾ ਮਾਮਾ ਜੀ ਦੇ ਸੁੱਟੇ ਗੋਲੇ ਤੋਂ ਦਸ ਬਾਰਾਂ ਹੱਥ ਅੱਗੇ ਜਾ ਡਿੱਗਿਆਭਲਵਾਨ ਨੇ ਚਾਦਰਾ ਕੁੜਤਾ ਚੱਕਦੇ ਹੋਏ ਉੱਚੀ ਸਾਰੇ ਕਿਹਾ, “ਲੈ ਬਈ ਜਵਾਨਾਂ ਸੁੱਟੀ ਚੱਲ ਸ਼ਾਮ ਤੱਕ, ਜਦੋਂ ਟੱਪ ਗਿਆ ਤਾਂ ਗੋਲਾ ਚੱਕ ਕੇ ਲੈ ਜਾਈ, ਨਹੀਂ ਫਿਰ ਪੀਪਾ ਤਾਂ ਮੇਰਾ ਹੋ ਹੀ ਗਿਆ।”

ਰੀਠਾ ਪੱਬਾਂ ਭਾਰ ਬੈਠਾ ਪਿੱਛੇ ਨੂੰ ਡਿੱਗ ਪਿਆ ਤੇ ਉਸ ਦਾ ਬੋਲ ਗੂੰਜਿਆ, “ਕਰਾ ’ਤੀ ਪੱਟੀ ਮੇਸ?” ਤੇ ਨਾਲ ਹੀ ਭਲਵਾਨ ਦੇ ਪਿੰਡ ਵਾਲਿਆਂ ਦੇ ਠਹਾਕੇ ਵੀ ਸੁਣਾਈ ਦਿੱਤੇ ਮਾਮਾ ਜੀ ਵੀ ਮੁਸਕਰਾਏਮਾਮਾ ਜੀ ਕੋਚਾਂ ਦੇ ਚੰਡੇ ਹੋਏ ਅਥਲੀਟ ਸਨਉਹ ਸਟਾਈਲ ਨਾਲ ਗੋਲਾ ਸੁੱਟਦੇ ਸਨਘੁੰਮ ਕੇ ਗੋਲਾ ਸੁੱਟਣ ਨਾਲ ਗੋਲਾ ਬਹੁਤ ਦੂਰ ਜਾਂਦਾ ਸੀ ਜਦੋਂ ਕਿ ਭਲਵਾਨ ਦੇਸੀ ਢੰਗ ਨਾਲ ਗੋਲਾ ਸੁੱਟਦਾ ਸੀ

ਮਾਮਾ ਜੀ ਨੇ ਇੱਕ ਵਾਰੀ ਫੇਰ ਆਪਣੇ ਆਪ ਨੂੰ ਵਾਰਮ ਅੱਪ ਕੀਤਾਅਗਲੀ ਵਾਰੀ ਪੂਰੇ ਜ਼ੋਰ ਨਾਲ ਗੋਲਾ ਸੁੱਟਿਆਗੋਲਾ ਭਲਵਾਨ ਦੇ ਸੁੱਟੇ ਹੋਏ ਨਿਸ਼ਾਨ ਤੋਂ ਪੰਦਰਾਂ ਹੱਥ ਟੱਪ ਗਿਆਭਲਵਾਨ ਹੱਕਾ ਬੱਕਾ ਰਹਿ ਗਿਆ। ਹੁਣ ਮਾਮਾ ਜੀ ਦੀ ਵਾਰੀ ਸੀਮਾਮਾ ਜੀ ਨੇ ਆਪਣਾ ਟਰੈਕਸੂਟ ਪਾਉਂਦੇ ਹੋਏ ਕਿਹਾ, “ਲਓ ਭਲਵਾਨ ਜੀ ... ਤੁਸੀਂ ਹੁਣ ਸੁੱਟੀ ਚੱਲੋ ਸ਼ਾਮ ਤੱਕ ...।”

ਭਲਵਾਨ ਨੇ ਤਿੰਨ ਚਾਰ ਵਾਰ ਕੋਸ਼ਿਸ਼ ਕੀਤੀਪਰ ਪੰਦਰਾਂ ਹੱਥ ਦਾ ਫ਼ਰਕ ਕਿੱਥੇ ਨਿਕਲਣਾ ਸੀਇੱਕ ਦੋ ਹੱਥ ਵਧ ਕੇ ਗੋਲਾ ਘਟਣ ਲੱਗ ਪਿਆਸਾਡੇ ਪਿੰਡ ਵਾਲਿਆਂ ਨੇ ਕੂਕਾਂ ਮਾਰ ਮਾਰ ਕੇ ਅਸਮਾਨ ਹਲਾ ਦਿੱਤਾਰੀਠਾ ਖੁਸ਼ੀ ਵਿੱਚ ਧਰਤੀ ’ਤੇ ਲਿਟਣ ਲੱਗਾਬਾਘੀਆਂ ਪਾਉਂਦੇ ਚਾਂਭਲਿਆਂ ਨੇ ਮਾਮਾ ਜੀ ਨੂੰ ਮੋਢੇ ਚੁੱਕ ਲਿਆਘਿਉ ਵਾਲਾ ਪੀਪਾ ਅਤੇ ਗੋਲਾ ਚੁੱਕ ਕੇ ਟਰਾਲੀ ਵਿੱਚ ਰੱਖ ਲਿਆ ਗਿਆਟਰੈਕਟਰ ਸਟਾਰਟ ਕਰਦੇ ਜਦੋਂ ਸਾਰੇ ਤੁਰਨ ਲੱਗੇ ਤਾਂ ਭਲਵਾਨ ਨੇ ਮੇਰੇ ਪਿਤਾ ਜੀ ਨੂੰ ਕਿਹਾ, “ਹਰਪਾਲ ਬਾਈ, ਗੱਲ ਸੁਣੀ ਮਾੜੀ ਜਿਹੀ ...।

ਪਿਤਾ ਜੀ ਭਲਵਾਨ ਦੇ ਨੇੜੇ ਹੋ ਗਏ। ਭਲਵਾਨ ਖਾਸਾ ਨਿਰਾਸ਼ ਸੀਉਹ ਬੋਲਿਆ, “ਬਾਈ, ਸੱਚੋ ਸੱਚ ਦੱਸ ਕੇ ਜਾਹ ਇਹ ਮੁੰਡਾ ਥੋਡੇ ਪਿੰਡ ਦਾ ਤਾਂ ਹੋ ਨਹੀਂ ਸਕਦਾ ...।”

ਭਲਵਾਨ ਨੂੰ ਇੰਨੀ ਭੈੜੀ ਹਾਰ ਬਰਦਾਸ਼ਤ ਨਹੀਂ ਸੀ ਹੋ ਰਹੀਪਿਤਾ ਜੀ ਨੇ ਟਾਲਦੇ ਹੋਏ ਕਿਹਾ, “ਨਹੀਂ ... ਇਹ ਮੁੰਡਾ ਪਿੰਡ ਦਾ ਹੀ ਹੈ।

ਪਿੰਡ ਵਾਲੇ ਬੁਲਬੁਲੀਆਂ ਮਾਰਦੇ, ਹੱਸਦੇ ਗਾਉਂਦੇ ਵਾਪਸ ਆ ਗਏ

ਰੀਠਾ ਅਮਲੀ ਸੁੱਕੇ ਹੱਡਾਂ ਉੱਤੇ ਥਾਪੀਆਂ ਮਾਰ ਕੇ ਆਖੀ ਜਾਵੇ. “ਰਿਸ਼ਤੇਦਾਰਾ ਕੇਰਾਂ ਤਾਂ ਮੈਂਨੂੰ ਲੱਗਿਆ ਕੰਮ ਖਰਾਬ ਹੋ ਗਿਆ, ਮੈਂਨੂੰ ਬੁੜ੍ਹੇ ਬੰਦੇ ਨੂੰ ਪਿੰਡ ਦੀ ਇੱਜ਼ਤ ਲਈ ਗੋਲਾ ਸੁੱਟਣਾ ਪਊ ...।”

ਉਸਦੀ ਗੱਲ ਨਾਲ ਚਾਰੇ ਪਾਸੇ ਹਾਸਾ ਬਿਖਰ ਗਿਆ। ਘਿਉ ਵਾਲਾ ਪੀਪਾ ਦਰਸ਼ਨ, ਮਾਮਾ ਜੀ ਨਾਲ ਜਾ ਕੇ ਨਾਨਕੇ ਪਿੰਡ ਛੱਡ ਕੇ ਆਇਆ

ਗੱਲ ਨਿਕਲਦੀ ਨਿਕਲਦੀ ਹੌਲੀ ਹੌਲੀ ਭਲਵਾਨ ਕੋਲ ਵੀ ਚਲੀ ਗਈਇੱਕ ਦਿਨ ਮੰਡੀ ਵਿੱਚ ਭਲਵਾਨ ਮਿਲਿਆ ਤਾਂ ਪਿਤਾ ਜੀ ਨੇ ਉਸ ਨੂੰ ਮਖੌਲ ਕਰਦੇ ਕਿਹਾ, “ਕਿਉਂ ਭਲਵਾਨਾ ... ਸੁੱਟਣਾ ਗੋਲਾ?”

ਭਲਵਾਨ ਨੇ ਪਿਤਾ ਜੀ ਕੋਲ ਗਿਲਾ ਕੀਤਾ, “ਤੁਸੀਂ ਉਸ ਦਿਨ ਬਾਹਰਲੇ ਮੁੰਡੇ ਤੋਂ ਗੋਲਾ ਸੁੱਟਵਾ ਕੇ ਮੁਕਾਬਲਾ ਜਿੱਤ ਲਿਆ, ਚੰਗਾ ਨਹੀਂ ਕੀਤਾ।”

ਪਿਤਾ ਜੀ ਨੇ ਕਿਹਾ, “ਨਹੀਂ ਭਾਈ ... ਤੂੰ ਹੀ ਕਿਹਾ ਸੀ ਕਿ ਪਿੰਡ ਵਾਲਾ ਜਾਂ ਸਾਡਾ ਕੋਈ ਰਿਸ਼ਤੇਦਾਰ ਵੀ ਤੈਥੋਂ ਨਹੀਂ ਜਿੱਤ ਸਕਦਾ। ਇਹ ਤਾਂ ਤੇਰਾ ਝੂਠਾ ਮਾਣ ਹੀ ਸੀ, ਜਿਹੜਾ ਟੁੱਟਣਾ ਹੀ ਟੁੱਟਣਾ ਸੀ। ਉਹ ਮੁੰਡਾ ਮੇਰੇ ਨਿਆਣਿਆਂ ਦਾ ਮਾਮਾ ਹੈ।”

ਭਲਵਾਨ ਨੇ ਦੱਸਿਆ ਕਿ ਉਹਨੂੰ ਗੋਲਾ ਬਹੁਤ ਸੋਹਣਾ ਬਹੁਤ ਲੱਗਿਆ ਸੀ, ਇਸੇ ਲਈ ਚੁੱਕ ਲਿਆਇਆ ਸੀ ਭਲਵਾਨ ਨੇ ਝੋਰਾ ਕੀਤਾ, “ਐਵੇਂ ਬਣੀ ਬਣਾਈ ਮੈਂ ਖਰਾਬ ਕਰ ਲਈ।”

ਉਸ ਤੋਂ ਬਾਅਦ ਭਲਵਾਨ ਪਿਤਾ ਜੀ ਨੂੰ ਮਿਲਦਾ ਗਿਲਦਾ ਰਿਹਾਉਸਦੀ ਗੱਲਬਾਤ ਦੱਸਦੀ ਸੀ ਕਿ ਉਸ ਨੇ ਉਸ ਮੁਕਾਬਲੇ ਤੋਂ ਬਾਅਦ ਮਾਣ ਕਰਨਾ ਛੱਡ ਦਿੱਤਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1908)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author