BhupinderSMann7ਕੁਲਦੀਪ ਨੇ ਮੈਂਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੈਸਕਾਟੂਨ ਦੇ ਲਗਭਗ ਪੰਜ ਸੌ ਕਿਲੋਮੀਟਰ ਦੇ ...
(2 ਅਪਰੈਲ 2021)
(ਸ਼ਬਦ: 880)


ਜਦੋਂ ਅਸੀਂ ਦੇਸ਼ ਵਿਦੇਸ਼ ਦੀ ਯਾਤਰਾ ਕਰਦੇ ਹਾਂ ਤਾਂ ਕਾਫ਼ੀ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਤੁਲਨਾਤਮਕ ਅਧਿਐਨ ਵੀ ਮਨ ਵਿੱਚ ਚੱਲਦਾ ਰਹਿੰਦਾ ਹੈ। ਮੈਂਨੂੰ ਦੁਨੀਆਂ ਦੇ ਕਾਫ਼ੀ ਦੇਸ਼ ਦੇਖਣ ਦਾ ਮੌਕਾ ਮਿਲਿਆ। ਦੋ ਹਜ਼ਾਰ ਉੰਨੀ ਵਿੱਚ ਮੈਂ ਕੈਨੇਡਾ ਗਿਆ ਤਾਂ ਦੇਖਿਆ ਕਿ ਕਈ ਚੀਜ਼ਾਂ ਉੱਥੇ ਸਾਡੇ ਦੇਸ਼ ਨਾਲੋਂ ਕਾਫੀ ਵੱਖਰੀਆਂ ਹਨ। ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਸਵਰਗ ਹੈ, ਸਾਡਾ ਦੇਸ਼ ਨਰਕ। ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਾਡੇ ਦੇਸ਼ ਵਿੱਚ ਵੀ ਹਨ ਤੇ ਕਾਫੀ ਸਾਰੀਆਂ ਉੱਥੇ ਵੀ।

ਉੱਥੋਂ ਦਾ ਸਿਸਟਮ ਸਾਡੇ ਦੇਸ਼ ਨਾਲੋਂ ਕਾਫੀ ਚੰਗਾ ਹੈ ਜਿਸ ਦੀ ਲੋਕ ਸਵੈਇੱਛਾ ਨਾਲ ਪਾਲਣਾ ਕਰਦੇ ਹਨ। ਸਾਡੇ ਇੱਥੇ ਸਿਸਟਮ ਵਾਲਾ ਢਾਂਚਾ ਵਿਗੜਿਆ ਪਿਆ ਹੈ। ਸਮਾਜਿਕ ਅਤੇ ਰਾਜਨੀਤਕ ਤੌਰ ’ਤੇ ਲੋਕ ਸਿਸਟਮ ਦੀ ਉਲੰਘਣਾ ਕਰਕੇ ਫ਼ਖ਼ਰ ਮਹਿਸੂਸ ਕਰਦੇ ਹਨ। ਮੈਂ ਛੋਟਾ ਜਿਹਾ ਹੁੰਦਾ ਸੀ ਤਾਂ ਇੱਕ ਵਾਰ ਅਖ਼ਬਾਰ ਵਿੱਚ ਖ਼ਬਰ ਛਪੀ ਕਿ ਉਪ ਪ੍ਰਧਾਨ ਮੰਤਰੀ ਰੇਲਗੱਡੀ ’ਤੇ ਯਾਤਰਾ ਕਰ ਰਹੇ ਸਨ। ਉਨ੍ਹਾਂ ਦਾ ਛੱਲੀ ਖਾਣ ਨੂੰ ਦਿਲ ਕਰ ਆਇਆ। ਰੇਲਗੱਡੀ ਲੰਮਾ ਸਮਾਂ ਖੜ੍ਹੀ ਰਹੀ ਤੇ ਉਪ ਪ੍ਰਧਾਨ ਮੰਤਰੀ ਲਈ ਵਿਸ਼ੇਸ਼ ਤੌਰ ’ਤੇ ਛੱਲੀ ਭੁੰਨਵਾ ਕੇ ਲਿਆਂਦੀ ਗਈ। ਨੇਤਾ ਜੀ ਨੇ ਛੱਲੀ ਖਾਧੀ ਤਾਂ ਹੀ ਰੇਲਗੱਡੀ ਅੱਗੇ ਤੁਰ ਸਕੀ। ਖ਼ਬਰ ਦੇ ਵਿੱਚ ਉਪ ਪ੍ਰਧਾਨ ਮੰਤਰੀ ਦੀ ਗੱਲ ਤਾਂ ਕੀਤੀ ਗਈ ਪਰ ਉਨ੍ਹਾਂ ਸੈਂਕੜੇ ਸਵਾਰੀਆਂ ਦੀ ਕੋਈ ਗੱਲ ਨਹੀਂ ਸੀ ਜਿਹੜੀਆਂ ਖਾਹਮਖਾਹ ਛੱਲੀ ਦੇ ਇੰਤਜ਼ਾਰ ਵਿੱਚ ਸਜ਼ਾ ਭੁਗਤ ਰਹੀਆਂ ਸਨ। ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਆਏ ਦਿਨ ਦੇਖਦੇ-ਸੁਣਦੇ ਰਹਿੰਦੇ ਹਾਂ, ਜਦੋਂ ਤਾਕਤਵਰ ਲੋਕ ਆਪਣੇ ਦਬਦਬੇ ਅਤੇ ਤਾਕਤ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਇਸ ਵਰਤਾਰੇ ਵਿੱਚ ਹੁਣ ਤਾਂ ਸਰਕਾਰੀ ਅਧਿਕਾਰੀ ਤੇ ਬਾਹੂਬਲੀ ਵੀ ਸ਼ਾਮਿਲ ਹੋ ਗਏ ਹਨ। ਸਾਡੇ ਦੇਸ਼ ਵਿੱਚ ਆਮ ਲੋਕਾਂ ਦੀ ਗੱਲ ਕਰਨ ਦਾ ਰਿਵਾਜ ਹੀ ਨਹੀਂ ਹੈ ਸਗੋਂ ਅਸੀਂ ਤਾਂ ਅਜਿਹੀਆਂ ਸਜ਼ਾਵਾਂ ਭੁਗਤਣ ਨੂੰ ਆਪਣੀ ਹੋਣੀ ਮੰਨ ਲਿਆ ਹੈ। ਅਜਿਹੇ ਵਰਤਾਰੇ ਦੇ ਖ਼ਿਲਾਫ਼ ਵਿਰਲੀ ਹੀ ਆਵਾਜ਼ ਉੱਠਦੀ ਹੈ।

ਕੈਨੇਡਾ ਵਿੱਚ ਇਸਦੇ ਕਾਫੀ ਉਲਟ ਹੈ। ਮੈਂ ਐਡਮਿੰਟਨ ਵਿੱਚ ਕਈ ਦਿਨ ਰਿਹਾ। ਉੱਥੇ ਮੈਂਨੂੰ ਉੱਥੋਂ ਦੇ ਐੱਮ ਪੀ ਟਿਮ ਉੱਪਲ ਨਾਲ ਇੱਕ ਕੌਫੀ ਹਾਊਸ ਵਿੱਚ ਬੈਠਣ ਦਾ ਮੌਕਾ ਮਿਲਿਆ, ਜਿਹੜੇ ਬਿਨਾਂ ਕਿਸੇ ਸੁਰੱਖਿਆ ਦੇ ਘੁੰਮ ਰਹੇ ਸੀ। ਕਾਫੀ ਸਮਾਂ ਅਸੀਂ ਪੰਜਾਬ ਅਤੇ ਸਾਹਿਤ ਉੱਪਰ ਗੱਲ ਵੀ ਕੀਤੀ। ਐਡਮਿੰਟਨ ਬਾਅਦ ਮੈਂ ਸੈਸਕਾਟੂਨ ਜਾਣਾ ਸੀ। ਐਡਮਿੰਟਨ ਮੈਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਕੁਲਦੀਪ ਸਿੱਧੂ ਕੋਲ ਠਹਿਰਿਆ ਹੋਇਆ ਸੀ। ਕੈਨੇਡਾ ਵਿੱਚ ਬੱਸਾਂ ਇੰਡੀਆ ਵਾਂਗੂੰ ਨਹੀਂ ਚੱਲਦੀਆਂ। ਉੱਥੇ ਕਈ ਥਾਂਵਾਂ ’ਤੇ ਦਿਨ ਵਿੱਚ ਇੱਕ ਜਾਂ ਦੋ ਬੱਸਾਂ ਹੀ ਜਾਂਦੀਆਂ ਹਨ, ਜਿਨ੍ਹਾਂ ਦੀ ਬੁਕਿੰਗ ਪਹਿਲਾਂ ਕਰਵਾਉਣੀ ਪੈਂਦੀ ਹੈ। ਮੇਰੀ ਟਿਕਟ ਵੀ ਕੁਲਦੀਪ ਨੇ ਬੁੱਕ ਕਰਵਾ ਦਿੱਤੀ ਸੀ ਤੇ ਬੱਸ ਦੇ ਚੱਲਣ ਦਾ ਸਮਾਂ ਸਵੇਰੇ ਅੱਠ ਵਜੇ ਦਾ ਸੀ।

ਅਗਲੇ ਦਿਨ ਮੇਰੇ ਲਈ ਖਾਣਾ ਵਗੈਰਾ ਪੈਕ ਕਰ ਕੇ ਸਾਢੇ ਕੁ ਸੱਤ ਵਜੇ ਅਸੀਂ ਘਰ ਤੋਂ ਬੱਸ ਦੇ ਚੱਲਣ ਵਾਲੇ ਸਥਾਨ ਵੱਲ ਨੂੰ ਤੁਰ ਪਏ। ਉੱਥੇ ਬੱਸਾਂ ਬੁਕਿੰਗ ਆਫਿਸ ਤੋਂ ਚੱਲਦੀਆਂ ਹਨ ਆਪਣੇ ਵਾਂਗ ਬੱਸ ਅੱਡੇ ਨਹੀਂ ਹਨ। ਨਾ ਹੀ ਇੰਡੀਆ ਵਾਂਗ ਦਸ ਦਸ ਮਿੰਟ ਦੀ ਬੱਸ ਸਰਵਿਸ ਹੈ। ਬੱਸਾਂ ਵੀ ਕਾਫ਼ੀ ਵੱਡੀਆਂ ਤੇ ਜਹਾਜ਼ ਵਰਗੀਆਂ ਹਨ ਤੇ ਕਿਰਾਇਆ ਵੀ ਕਾਫ਼ੀ ਜ਼ਿਆਦਾ ਹੈ। ਉਸ ਦਿਨ ਸਿਰਫ ਇੱਕ ਬੱਸ ਸੈਸਕਾਟੂਨ ਜਾ ਰਹੀ ਸੀ। ਰਸਤੇ ਵਿੱਚ ਪ੍ਰਾਹੁਣਚਾਰੀ ਦੀ ਸੇਵਾ ਵਜੋਂ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਇੱਕ ਜਗ੍ਹਾ ’ਤੇ ਕੁਲਦੀਪ ਨੇ ਕੌਫੀ ਲੈਣ ਲਈ ਕਾਰ ਰੋਕ ਲਈ। ਕੌਫ਼ੀ ਸਰਵ ਕਰਨ ਵਾਲਿਆਂ ਨੇ ਕੁਝ ਸਮਾਂ ਲਗਾ ਦਿੱਤਾ ਅਤੇ ਅੱਗੇ ਸੜਕ ਦੀ ਮੁਰੰਮਤ ਚੱਲਣ ਕਰਕੇ ਟ੍ਰੈਫਿਕ ਜਾਮ ਹੋ ਗਿਆ। ਅਸੀਂ ਦੋ ਤਿੰਨ ਮਿੰਟ ਪਛੜ ਗਏ।

ਕੁਲਦੀਪ ਨੇ ਬੁਕਿੰਗ ਆਫਿਸ ’ਤੇ ਫੋਨ ਕੀਤਾ ਕਿ ਅਸੀਂ ਇੱਕ ਦੋ ਮਿੰਟ ਵਿੱਚ ਪਹੁੰਚ ਰਹੇ ਹਾਂ, ਕ੍ਰਿਪਾ ਕਰਕੇ ਸਾਡਾ ਇੰਤਜ਼ਾਰ ਕੀਤਾ ਜਾਵੇ। ਪਰ ਅੱਗੋਂ ਕੋਰਾ ਜਵਾਬ ਮਿਲਿਆ ਕਿ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਮੇਰੇ ਕੋਲ ਗਿਣਵੇਂ ਦਿਨ ਸਨ, ਮੇਰਾ ਜਾਣਾ ਜ਼ਰੂਰੀ ਸੀ। ਮੈਂ ਫੇਰ ਵੀ ਕੁਲਦੀਪ ਨੂੰ ਕਿਹਾ ਕਿ ਅਗਲੇ ਦਿਨ ਚਲੇ ਜਾਵਾਂਗਾ।

ਉਸ ਨੇ ਕਿਹਾ, “ਨਹੀਂ ਭਾਅ ਜੀ, ਮੈਂ ਤੁਹਾਨੂੰ ਅਗਲੇ ਬੱਸ ਸਟਾਪ ’ਤੇ ਬੱਸ ਚੜ੍ਹਾ ਕੇ ਹੀ ਆਵਾਂਗਾ।“ ਉਹਨੇ ਗੱਡੀ ਮੋੜ ਲਈ। ਇੰਨੇ ਵਿੱਚ ਪਿੱਛੋਂ ਬੱਸ ਆ ਗਈ। ਅਸੀਂ ਬੱਸ ਦੇ ਮਗਰ ਮਗਰ ਚੱਲਣ ਲੱਗੇ। ਮੈਂ ਕੁਲਦੀਪ ਨੂੰ ਕਿਹਾ ਕਿ ਪੰਜਾਬ ਵਾਂਗ ਲਾਈਟਾਂ ਮਾਰ ਕੇ ਬੱਸ ਰੋਕ ਲੈਣੀ ਚਾਹੀਦੀ ਹੈ। ਮੇਰੇ ਦਿਮਾਗ ਵਿੱਚ ਪੰਜਾਬ ਵਾਲਾ ਦ੍ਰਿਸ਼ ਹੀ ਚੱਲ ਰਿਹਾ ਸੀ ਕਿ ਕੰਡਕਟਰ ਜਿੱਥੇ ਦਿਲ ਕਰਦਾ ਹੈ, ਸੀਟੀ ਮਾਰ ਕੇ ਬੱਸ ਰੋਕ ਲੈਂਦੇ ਹਨ। ਕੁਲਦੀਪ ਹੱਸ ਪਿਆ ਤੇ ਬੋਲਿਆ, “ਭਾਜੀ ਇੱਥੇ ਰਸਤੇ ਵਿੱਚ ਬੱਸ ਕਿਸੇ ਨੇ ਨ੍ਹੀਂ ਰੋਕਣੀ, ਆਪਾਂ ਨੂੰ ਅਗਲੇ ਸਟਾਪ ਤਕ ਜਾਣਾ ਹੀ ਪਵੇਗਾ।”

ਅਸੀਂ ਬੱਸ ਦੇ ਪਿੱਛੇ ਪਿੱਛੇ ਚਲਦੇ ਰਹੇ। ਲਗਭਗ ਸਵਾ ਘੰਟੇ ਬਾਅਦ ਸੌ ਮੀਲ ਦਾ ਸਫ਼ਰ ਕਰਨ ’ਤੇ ਬੱਸ ਇੱਕ ਮੋਟਲ ’ਤੇ ਰੁਕੀ। ਕੁਲਦੀਪ ਨੇ ਮੈਂਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੈਸਕਾਟੂਨ ਦੇ ਲਗਭਗ ਪੰਜ ਸੌ ਕਿਲੋਮੀਟਰ ਦੇ ਸਫ਼ਰ ਦੌਰਾਨ ਤਿੰਨ ਹੀ ਸਟਾਪੇਜ ਹਨ।

ਮੈਂ ਰਿਸ਼ਤੇਦਾਰ ਤੋਂ ਵਿਦਾ ਲਈ ਤੇ ਬੱਸ ਵਿੱਚ ਜਾ ਚੜ੍ਹਿਆ। ਡਰਾਈਵਰ ਨੇ ਹੱਸ ਕੇ ਮੇਰਾ ਸਵਾਗਤ ਕੀਤਾ ਤੇ ਨਾਲ ਹੀ ਅੰਗਰੇਜ਼ੀ ਵਿੱਚ ਪੁੱਛਿਆ, “ਤੁਸੀਂ ਹੀ ਐਡਮਿੰਟਨ ਤੋਂ ਮੈਂਨੂੰ ਚੇਜ਼ ਕਰ ਰਹੇ ਸੀ?”

ਮੈਂ ਹਾਂ ਕਿਹਾ ਤੇ ਉਸ ਨੂੰ ਦੱਸਿਆ ਕਿ ਸਿਰਫ ਦੋ ਮਿੰਟ ਦੇ ਫਰਕ ਨਾਲ ਹੀ ਉਹ ਲੰਘ ਆਏ ਹਨ। ਮੈਂ ਕਿਹਾ, “ਸੌ ਮੀਲ ਦੇ ਵਿੱਚ ਵੀ ਤੁਸੀਂ ਬੱਸ ਨਹੀਂ ਰੋਕੀ।” ਡਰਾਈਵਰ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਮੈਂਨੂੰ ਸਮੇਂ ਸਿਰ ਆ ਕੇ ਬੱਸ ਫੜਨੀ ਚਾਹੀਦੀ ਸੀ, ਹਾਈਵੇ ਉੱਤੇ ਉਹ ਬੱਸ ਨਹੀਂ ਰੋਕ ਸਕਦਾ ਸੀ।

ਇਹ ਭਾਵੇਂ ਛੋਟੀ ਜਿਹੀ ਘਟਨਾ ਸੀ ਪਰ ਇਸ ਨੇ ਮੇਰੇ ਮਨ ’ਤੇ ਬਹੁਤ ਪ੍ਰਭਾਵ ਪਾਇਆ। ਡਰਾਈਵਰ ਵੱਲੋਂ ਨਿਯਮਾਂ ਦੀ ਪਾਲਣਾ ਕਰਨ ਦੀ ਭਾਵਨਾ ਅਤੇ ਉਸਦੇ ਆਪਣੇ ਫਰਜ਼ ਪ੍ਰਤੀ ਅਕੀਦੇ ਨੂੰ ਦੇਖ ਕੇ ਮੇਰਾ ਸਿਰ ਝੁਕ ਗਿਆ। ਮੈਂ ਸਮਝ ਗਿਆ ਸੀ ਕਿ ਸਮੇਂ ਦੀ ਕਦਰ ਕਰਨੀ ਇਨ੍ਹਾਂ ਲੋਕਾਂ ਤੋਂ ਸਿੱਖੀ ਜਾ ਸਕਦੀ ਹੈ ਕਿਉਂਕਿ ਇੱਥੇ ਹਰ ਕੋਈ ਸੁਹਿਰਦ ਹੈ। ਪਰ ਇਹ ਫ਼ਰਕ ਮੇਰੇ ਮਨ ਵਿੱਚ ਅੱਜ ਵੀ ਅੱਖਰਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2684)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author