“ਤੁਸੀਂ ਇਸ ਤਰ੍ਹਾਂ ਕਰੋ ਕਿ ਘਰ ਦਾ ਜਿੰਨਾ ਸੋਨਾ ਅਤੇ ਪੈਸੇ ਹਨ, ਉਹ ਸਾਰੇ ਇਸ ਪੋਟਲੀ ਵਿੱਚ ਬੰਨ੍ਹ ਦਿਓ ...”
(14 ਜਨਵਰੀ 2018)
ਧਰਮ ਅਤੇ ਮਨੁੱਖ ਦਾ ਰਾਬਤਾ ਯੁਗਾਂ ਯੁਗਾਂਤਰਾਂ ਤੋਂ ਚਲਿਆ ਆ ਰਿਹਾ ਹੈ। ਧਰਮ ਨਾਲ ਦੁਨੀਆਂ ਬਹੁਤ ਸਾਰੇ ਤਰੀਕਿਆਂ ਨਾਲ ਜੁੜੀ ਹੋਈ ਹੈ। ਆਮ ਜਨ ਸ਼ਰਧਾ ਅਤੇ ਵਿਸ਼ਵਾਸ ਨਾਲ ਧਰਮ ਨਾਲ ਜੁੜਦਾ ਹੈ। ਪ੍ਰੰਤੂ ਕਈ ਚਲਾਕ ਬੰਦੇ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਚਲਾਕੀ ਨਾਲ ਇਸ ਨੂੰ ਲੁੱਟ ਦਾ ਸਾਧਨ ਬਣਾ ਲੈਂਦੇ ਹਨ। ਉਹ ਆਪਣੇ ਮਕੜਜਾਲ ਵਿੱਚ ਭੋਲੇ ਭਾਲੇ ਲੋਕਾਂ ਨੂੰ ਜਕੜ ਕੇ ਉਹਨਾਂ ਦਾ ਆਤਮਿਕ/ਮਾਨਸਿਕ ਸ਼ੋਸ਼ਣ ਤਾਂ ਕਰਦੇ ਹੀ ਹਨ ਨਾਲ ਆਰਥਿਕ ਤੌਰ ’ਤੇ ਵੀ ਲੁੱਟ ਲੈਂਦੇ ਹਨ। ਛੇ ਕੁ ਮਹੀਨੇ ਪਹਿਲਾਂ ਅਸੀਂ ਕਈ ਦੋਸਤ ਸਾਡੇ ਮਿੱਤਰ ਬਲਵੀਰ ਆਰਟਸ ਦੀ ਦੁਕਾਨ ’ਤੇ ਬੈਠੇ ਗੱਪਸ਼ੱਪ ਕਰ ਰਹੇ ਸੀ ਕਿ ਦੋ ਪੇਂਡੂ ਜਾਪਦੇ ਬੰਦੇ ਅਤੇ ਸਾਡੇ ਸ਼ਹਿਰ ਦਾ ਵਰਦੀਧਾਰੀ ਐੱਸ.ਐੱਚ.ਓ. ਆਪਣੇ ਨਾਲ ਤਿੰਨ ਚਾਰ ਸਿਪਾਹੀ ਲੈ ਕੇ ਆ ਪਹੁੰਚਿਆ। ਉਹਨਾਂ ਬਲਵੀਰ ਨੂੰ ਬੁਲਾ ਕੇ ਪੁੱਛਿਆ ਕਿ ਤੇਰੀ ਦੁਕਾਨ ’ਤੇ ਕੈਮਰੇ ਲੱਗੇ ਹੋਏ ਹਨ, ਅਸੀਂ ਪਿਛਲੇ ਮਹੀਨੇ ਦੀ ਫੁਟੇਜ ਚੈੱਕ ਕਰਨੀ ਹੈ। ਬਲਵੀਰ ਨੇ ਉਹਨਾਂ ਨੂੰ ਫੁਟੇਜ ਚੈੱਕ ਕਰਵਾਉਣੀ ਸ਼ੁਰੂ ਕਰ ਦਿੱਤੀ। ਦੋਵੇਂ ਪਿੰਡ ਵਾਲਿਆਂ ਵਿੱਚੋਂ ਇਕ ਤਾਂ ਪੁਲਿਸ ਵਾਲਿਆਂ ਨਾਲ ਸਕਰੀਨ ਅੱਗੇ ਬੈਠ ਗਿਆ ਅਤੇ ਦੂਸਰਾ ਸਾਡੇ ਕੋਲ ਆ ਬੈਠਾ ਤੇ ਉਹ ਸਾਡੇ ਨਾਲ ਗੱਲਾਂ ਕਰਨ ਲੱਗਿਆ। ਉਸ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। ਸਕਰੀਨ ਮੂਹਰੇ ਪੁਲਿਸ ਨਾਲ ਬੈਠਾ ਬੰਦਾ ਉਸਦਾ ਸਕਾ ਭਰਾ ਹੈ।
ਜਦੋਂ ਅਸੀਂ ਉਸ ਤੋਂ ਸਾਰਾ ਮਾਜਰਾ ਪੁੱਛਿਆ ਤਾਂ ਉਸਨੇ ਇਹ ਕਹਾਣੀ ਦੱਸੀ:
ਨੇੜਲੇ ਪਿੰਡ ਦੇ ਉਹ ਦਰਮਿਆਨੇ ਕਿਸਾਨ ਹਨ। ਉਹਨਾਂ ਨੇ ਡੇਅਰੀ ਫਾਰਮ ਵੀ ਖੋਲ੍ਹਿਆ ਹੋਇਆ ਹੈ। ਪਿੱਛੇ ਜਿਹੇ ਉਹਨਾਂ ਦੀਆਂ ਕਈ ਗਾਵਾਂ ਭੇਦ ਭਰੇ ਢੰਗ ਨਾਲ ਬਿਮਾਰ ਹੋ ਕੇ ਮਰ ਗਈਆਂ ਸਨ। ਇਸੇ ਸਮੇਂ ਦੌਰਾਨ ਪਿੰਡ ਵਿੱਚ ਇਕ ਬੰਦਾ ਜਗਦੰਬੇ ਜੋਤਿਸ਼ ਕੇਂਦਰ ਦੇ ਇਸ਼ਤਿਹਾਰ ਘਰ ਘਰ ਵੰਡ ਕੇ ਗਿਆ। ਕੁਦਰਤੀ ਉਹ ਇਸ਼ਤਿਹਾਰ ਉਸਦੀ ਭਰਜਾਈ ਨੇ ਪੜ੍ਹ ਲਿਆ ਅਤੇ ਉਸਨੇ ਜੋਰ ਦੇ ਕੇ ਸਾਨੂੰ ਜੋਤਿਸ਼ ਕੇਂਦਰ ’ਤੇ ਭੇਜ ਦਿੱਤਾ। ਉਸਨੇ ਇਸ਼ਾਰਾ ਕਰ ਕੇ ਦੱਸਿਆ ਕਿ ਜੋਤਿਸ਼ ਕੇਂਦਰ ਉਹਨਾਂ ਸਾਹਮਣੇ ਬਸ ਸਟੈਂਡ ਰੋਡ ’ਤੇ ਬਣੀਆਂ ਦੁਕਾਨਾਂ ਵਿੱਚ ਖੁੱਲ੍ਹਿਆ ਹੋਇਆ ਸੀ।
ਉਸਨੇ ਦੱਸਿਆ ਕਿ ਇਕ ਪੱਚੀ ਕੁ ਸਾਲ ਦਾ ਗੋਰਾ ਨਿਛੋਹ ਵਿਅਕਤੀ ਹਿੰਦੀ ਭਾਸ਼ੀ ਜੋਤਿਸ਼ੀ ਭੇਸ ਧਾਰੀ ਬੈਠਾ ਸੀ। ਕਈ ਬੰਦੇ ਉੱਥੇ ਉਨ੍ਹਾਂ ਤੋਂ ਪਹਿਲਾਂ ਬੈਠੇ ਹੋਏ ਸਨ। ਉਹਨਾਂ ਦੀ ਵਾਰੀ ਆਉਣ ’ਤੇ ਉਹ ਸਮੱਸਿਆ ਪੁੱਛ ਕੇ, ਖਾਸਾ ਚਿਰ ਗ੍ਰੰਥ ਵਾਚ ਕੇ, ਕਾਗਜ਼ ’ਤੇ ਕੁੰਡਲੀਆਂ ਬਣਾਉਂਦਾ ਰਿਹਾ। ਫੇਰ ਗੰਭੀਰ ਹੋ ਕੇ ਕਹਿਣ ਲੱਗਾ, “ਸਰਦਾਰ ਜੀ, ਕਰੋਪੀ ਤੋ ਬਹੁਤ ਬੜੀ ਹੈ।”
ਫਿਰ ਸਾਡੇ ਕੋਲ ਬੈਠਾ ਬੰਦਾ ਆਪ ਬੀਤੀ ਦੱਸਣਲੱਗਾ, “ ... ਤੇ ਫੇਰ ਉਹ ਚੁੱਪ ਕਰ ਗਿਆ। ਅਸੀਂ ਬਹੁਤ ਡਰ ਗਏ। ਸਾਡੇ ਵਾਰ ਵਾਰ ਪੁੱਛਣ ਤੇ ਉਸਨੇ ਦੱਸਿਆ ਕਿ ਆਪ ਕੇ ਬੱਚੇ ਕਾ ਨੁਕਸਾਨ ਹੋ ਸਕਤਾ ਹੈ। ਅਸੀਂ ਉਪਾ ਪੁੱਛਿਆ ਤਾਂ ਉਸ ਨੇ ਵਿਸ਼ੇਸ਼ ਜਾਪ ਕਰਕੇ ਇਸ ਹੋਣੀ ਨੂੰ ਟਾਲਣ ਦੀ ਵਿਧੀ ਦੱਸੀ। ਬੱਚੇ ਦੀ ਜਾਨ ਸਾਹਮਣੇ ਅਸੀਂ ਸਭ ਕੁਝ ਭੁੱਲ ਗਏ। ਅਸੀਂ ਉਸ ਨੂੰ ਜਾਪ ਕਰਨ ਦੀ ਬੇਨਤੀ ਕੀਤੀ। ਉਸਨੇ ਸਮਗਰੀ ਤੇ ਇਕਵੰਜਾ ਸੌ ਰੁਪਏ ਦਾ ਖਰਚਾ ਦੱਸਿਆ। ਸਾਡੇ ਹਾਮੀ ਭਰਨ ’ਤੇ ਉਸ ਨੇ ਦੱਸਿਆ ਕਿ ਉਹ ਜਾਪ ਜੋਤਿਸ਼ ਕੇਂਦਰ ’ਤੇ ਕਰੇਗਾ ਅਤੇ ਉਪਾਅ ਦੀਆਂ ਅੰਤਿਮ ਰਸਮਾਂ ਘਰ ਵਿਚ ਕਰੇਗਾ। ਅਸੀਂ ਉਸ ਨੂੰ ਸਮੱਗਰੀ ਦੇ ਦਿੱਤੀ ਤੇ ਨਿਸ਼ਚਿਤ ਦਿਨ ’ਤੇ ਉਸ ਨੂੰ ਆਪਣੇ ਘਰ ਲੈ ਗਏ। ਉੱਥੇ ਉਸ ਨੇ ਆਪਣੇ ਢੰਗ ਨਾਲ ਪੂਜਾ ਪਾਠ ਕੀਤਾ ਤੇ ਕਿਹਾ ਕਿ ਉਪਾਅ ਸਫਲ ਰਿਹਾ ਹੈ। ਅਸੀਂ ਉਸ ਦੀ ਕਾਫੀ ਸੇਵਾ ਕੀਤੀ। ਉਸਨੇ ਸਾਨੂੰ ਆਪਣੀਆਂ ਗੱਲਾਂ ਨਾਲ ਕਾਇਲ ਕਰ ਲਿਆ। ਜਾਣ ਲੱਗਿਆਂ ਉਹ ਕਹਿਣ ਲੱਗਾ ਕਿ ਉਸਦੀ ਤੰਤਰ ਵਿੱਦਿਆ ਕਹਿੰਦੀ ਹੈ ਕਿ ਇੱਥੇ ਕੋਈ ਖਜਾਨਾ ਦੱਬਿਆ ਹੋਇਆ ਹੈ। ਸਾਡੀਆਂ ਪੌਂ ਬਾਰਾਂ ਹੋ ਜਾਣਗੀਆਂ। ਧਨ ਦੌਲਤ ਵਿੱਚ ਅਥਾਹ ਵਾਧਾ ਹੋਵੇਗਾ। ਪਰੰਤੂ ਇਸ ਕੰਮ ਲਈ ਪੰਦਰਾਂ ਦਿਨ ਸਾਡੇ ਘਰ ਵਿੱਚ ਆ ਕੇ ਉਸ ਨੂੰ ਵਿਸ਼ੇਸ਼ ਤਾਂਤਰਿਕ ਵਿੱਦਿਆ ਨਾਲ ਪੂਜਾ ਪਾਠ ਕਰਨਾ ਪਵੇਗਾ। ਸਾਡੇ ਲਈ ਇਸ ਨੂੰ ਗੁਪਤ ਰੱਖਣ ਦਾ ਬੰਨ੍ਹਣ ਹੋਵੇਗਾ। ਅਸੀਂ ਤੁਰੰਤ ਹਾਂ ਕਰ ਦਿੱਤੀ। ...
“ਅਗਲੇ ਸੋਮਵਾਰ ਤੋਂ ਉਸਨੇ ਧੁਰ ਅੰਦਰਲੇ ਕਮਰੇ ਵਿੱਚ ਪੂਜਾ ਪਾਠ ਸ਼ੁਰੂ ਕਰ ਦਿੱਤਾ। ਤੀਜੇ ਕੁ ਦਿਨ ਉਹ ਸਾਨੂੰ ਕਹਿਣ ਲੱਗਾ ਕਿ ਖਜਾਨੇ ਉੱਪਰ ਨਾਗ ਦਾ ਪਹਿਰਾ ਹੈ। ... ਅਗਲੇ ਦਿਨ ਪੂਜਾ ਤੋਂ ਬਾਅਦ ਉਹਨੇ ਨਾਗ ਦਾ ਪਹਿਰਾ ਖਤਮ ਕਰ ਦਿੱਤਾ। ਹੁਣ ਉਹਨੇ ਖਜਾਨੇ ਨੂੰ ਪ੍ਰਗਟ ਕਰਾਉਣ ਲਈ ਥੋੜ੍ਹੇ ਜਿਹੇ ਘਰ ਦੇ ਖਜਾਨੇ ਦੀ ਲੋੜ ਦੱਸੀ। ਇਕ ਲਾਲ ਕੱਪੜਾ ਦਿੰਦੇ ਹੋਏ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਘਰ ਦਾ ਜਿੰਨਾ ਸੋਨਾ ਅਤੇ ਪੈਸੇ ਹਨ, ਉਹ ਸਾਰੇ ਇਸ ਪੋਟਲੀ ਵਿੱਚ ਬੰਨ੍ਹ ਦਿਓ। ਸ਼ਨੀਵਾਰ ਨੂੰ ਆਪਾਂ ਇਸ ਨੂੰ ਪੂਜਾ ਸਥਾਨ ’ਤੇ ਰੱਖ ਕੇ ਪੂਜਾ ਅੱਗੇ ਵਧਾਵਾਂਗੇ। ਜਿੰਨਾ ਸਮਾਨ ਆਪਾਂ ਰੱਖਾਂਗੇ, ਉਸ ਤੋਂ ਦੁੱਗਣਾ ਸਮਾਨ ਤਾਂ ਮਿਲੂ ਹੀ ਮਿਲੂ। ਅਸੀਂ ਲਾਲਚ ਵਿੱਚ ਆ ਗਏ।...
“ਅਗਲੇ ਦਿਨ ਉਹ ਦੋ ਸੋਨੇ ਵਰਗੀਆਂ ਪੀਲੇ ਰੰਗ ਦੀਆਂ ਇੱਟਾਂ ਲੈ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਆਪਣਾ ਧਨ ਸ਼ਨੀਵਾਰ ਨੂੰ ਰੱਖੋਗੇ, ਮੈਂ ਇਸ ਨੂੰ ਸੋਮਵਾਰ ਨੂੰ ਰੱਖਾਂਗਾ। ਤੁਹਾਡੇ ਨਾਲ ਮੇਰਾ ਵੀ ਭਲਾ ਹੋ ਜਾਊਗਾ। ਸਾਡੇ ਸਾਹਮਣੇ ਹੀ ਉਹਨੇ ਉਨ੍ਹਾਂ ਇੱਟਾਂ ਨੂੰ ਲਾਲ ਕੱਪੜੇ ਦੀ ਪੋਟਲੀ ਵਿੱਚ ਬੰਨ੍ਹ ਕੇ ਸਾਡੀ ਅਲਮਾਰੀ ਵਿੱਚ ਰੱਖ ਦਿੱਤਾ ਅਤੇ ਜਿੰਦਰਾ ਮਾਰ ਕੇ ਮੇਰੀ ਭਰਜਾਈ ਨੂੰ ਚਾਬੀ ਦਿੰਦੇ ਸਖਤੀ ਨਾਲ ਕਿਹਾ - ਇਸ ਨੂੰ ਸੋਮਵਾਰ ਤੋਂ ਪਹਿਲਾਂ ਨਹੀਂ ਖੋਲ੍ਹਣਾ, ਨਹੀਂ ਤਾਂ ਪੂਜਾ ਵਿੱਚ ਵਿਘਨ ਪੈ ਜਾਊ।...
“ਉੱਧਰ ਅਸੀਂ ਆੜ੍ਹਤੀਏ ਤੋਂ, ਰਿਸ਼ਤੇਦਾਰਾਂ ਤੋਂ ਫੜ ਕੇ ਚੌਦਾਂ ਲੱਖ ਨਕਦ ਤੇ ਘਰ ਦਾ ਸਾਰਾ ਸੋਨਾ ਸ਼ਨੀਵਾਰ ਨੂੰ ਲਾਲ ਕੱਪੜੇ ਵਿੱਚ ਬੰਨ੍ਹ ਕੇ ਫੜਾ ਦਿੱਤਾ। ਐਤਵਾਰ ਉਸਨੇ ਫੇਰ ਆਪਣਾ ਪੂਜਾ ਪਾਠ ਕੀਤਾ। ਸੋਮਵਾਰ ਨੂੰ ਉਹ ਨਾ ਬਹੁੜਿਆ। ਫੋਨ ਕੀਤਾ ਤਾਂ ਨੰਬਰ ਬੰਦ ਆਈ ਜਾਵੇ। ਭਾਈ ਮੋਟਰ ਸਾਈਕਲ ’ਤੇ ਇੱਥੇ ਆਇਆ ਤਾਂ ਦੁਕਾਨ ਬੰਦ ਪਈ ਸੀ। ਅਸੀਂ ਸਾਰਾ ਦਿਨ ਉਡੀਕਦੇ ਰਹੇ। ਜਦੋਂ ਉਸਦਾ ਕੋਈ ਅਤਾ ਪਤਾ ਨਾ ਲੱਗਿਆ ਤਾਂ ਸਾਡਾ ਮੱਥਾ ਠਣਕਿਆ। ਅਸੀਂ ਪੂਜਾ ਵਾਲੇ ਥਾਂ ’ਤੇ ਗਏ। ਪੋਟਲੀ ਉੱਥੇ ਪਈ ਸੀ। ਪੋਟਲੀ ਖੋਲ੍ਹ ਕੇ ਦੇਖੀ ਤਾਂ ਅੰਦਰ ਲੀਰਾਂ ਤੇ ਕਾਗਜ ਭਰੇ ਪਏ, ਸੋਨਾ ਤੇ ਨਕਦੀ ਗਾਇਬ ਸੀ। ਸਾਡੇ ਘਰ ਵਿੱਚ ਬੂ ਪਾਹਰੀਆਂ ਮੱਚ ਗਈ। ਭਰਜਾਈ ਕਹਿੰਦੀ, ਉਹਦੀਆਂ ਸੋਨੇ ਦੀਆਂ ਇੱਟਾਂ ਤਾਂ ਪਈਆਂ, ਘਬਰਾਓ ਨਾ। ਉਸੇ ਸਮੇਂ ਜਦੋਂ ਉਹ ਇੱਟਾਂ ਅਸੀਂ ਕੱਢ ਕੇ ਦੇਖੀਆਂ ਤਾਂ ਧਾਤ ਦੀ ਇੱਟਾਂ ਤੇ ਪੀਲਾ ਜਿਹਾ ਰੰਗ ਕੀਤਾ ਹੋਇਆ ਸੀ। ਅੰਧ ਵਿਸ਼ਵਾਸ ਦੀ ਪੱਟੀ ਬੰਨ੍ਹ ਕੇ ਸਾਡੀ ਬੜੀ ਨਮੋਸ਼ੀ ਹੋਈ, ਮੂਰਖ ਵੀ ਬਣੇ ਅਤੇ ਲੁੱਟੇ ਵੀ ਗਏ। ਪੁਲਿਸ ਕੋਲ ਗਏ। ਪਰ ਉਸਦਾ ਕੋਈ ਅਤਾ ਪਤਾ ਹੋਵੇ ਤਾਂ ਪਤਾ ਲੱਗੇ। ਕਿਸੇ ਨੇ ਦੱਸਿਆ ਕਿ ਇਸ ਦੁਕਾਨ ’ਤੇ ਕੈਮਰੇ ਲੱਗੇ ਹੋਏ ਹਨ। ਅਸੀਂ ਸੋਚਿਆ, ਕੀ ਪਤਾ ਉਸ ਠੱਗ ਦੀ ਕੋਈ ਫੋਟੋ ਹੀ ਮਿਲ ਜਾਵੇ।”
ਅੰਧ ਵਿਸ਼ਵਾਸ ਦੀ ਭੇਟ ਚੜ੍ਹ ਕੇ ਠੱਗੇ ਗਏ ਮਿਹਨਤਕਸ਼ ਬੰਦਿਆਂ ਨੂੰ ਦੇਖ ਕੇ ਸਾਡਾ ਮਨ ਉਦਾਸ ਹੋ ਗਿਆ।
*****
(971)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































