BhupinderSMann7ਨਾ ਦੁੱਖ ਸਦੀਵੀ ਰਹਿੰਦੇ ਨੇ ਤੇ ਨਾ ਸੁੱਖ ਸਦੀਵੀ ਹੁੰਦੇ ਨੇ। ਦੁੱਖ-ਸੁੱਖ ਨੂੰ ਸਮ ਕਰ ਜਾਨਣ ਵਾਲੇ ...
(4 ਦਸੰਬਰ 2018)

 

SarwanSingh7ਪ੍ਰਿੰ. ਸਰਵਣ ਸਿੰਘ ਪੰਜਾਬੀ ਖੇਡ ਸਾਹਿਤ ਦੇ ਮੋਹੜੀਗੱਡ ਹਨਡਾ. ਹਰਿਭਜਨ ਸਿੰਘ ਨੇ ਉਨ੍ਹਾਂ ਨੂੰ ਸ਼ਬਦਾਂ ਦਾ ਓਲੰਪੀਅਨ ਕਿਹਾ ਤੇ ਵਰਿਆਮ ਸਿੰਘ ਸੰਧੂ ਨੇ ਪੰਜਾਬੀ ਵਾਰਤਕ ਦਾ ਉੱਚਾ ਬੁਰਜਕਿਸੇ ਨੇ ਖੇਡ ਸਾਹਿਤ ਦਾ ਮੋਤੀ ਕਿਹਾ, ਕਿਸੇ ਨੇ ਖੇਡਾਂ ਦਾ ਧਨੰਤਰਉਹ ਪ੍ਰਾਇਮਰੀ ਸਕੂਲ ਚਕਰ, ਹਾਈ ਸਕੂਲ ਮੱਲ੍ਹਾ, ਐੱਮ. ਆਰ. ਕਾਲਜ ਫਾਜ਼ਿਲਕਾ, ਬੀ.ਐੱਡ ਕਾਲਜ ਮੁਕਤਸਰ ਤੇ ਖ਼ਾਲਸਾ ਕਾਲਜ ਦਿੱਲੀ ਵਿੱਚ ਪੜ੍ਹੇਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿੱਚ ਲੈਕਚਰਾਰ, ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਟ, ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਮੈਂਬਰ ਰਹੇਉਨ੍ਹਾਂ ਨੇ ਦੇਸ਼ ਵਿਦੇਸ਼ ਦੇ ਅਨੇਕਾਂ ਖੇਡ ਮੇਲੇ ਵੇਖੇ, ਕੁਮੈਂਟਰੀ ਕੀਤੀ ਤੇ ਸੈਂਕੜੇ ਖਿਡਾਰੀਆਂ ਅਤੇ ਖੇਡ ਮੇਲਿਆਂ ਬਾਰੇ ਲਿਖਿਆਉਨ੍ਹਾਂ ਦੀਆਂ ਪੈਂਤੀ ਪੁਸਤਕਾਂ ਵਿੱਚੋਂ ਬਾਈ ਪੁਸਤਕਾਂ ਖੇਡਾਂ ਅਤੇ ਖਿਡਾਰੀਆਂ ਬਾਰੇ ਹੀ ਹਨਉਨ੍ਹਾਂ ਦੀਆਂ ਕਿਤਾਬਾਂ ‘ਅੱਖੀਂ ਵੇਖ ਨਾ ਰੱਜੀਆਂ’ ਤੇ ‘ਪਿੰਡ ਦੀ ਸੱਥ ’ਚੋਂ’ ਯੂਨੀਵਰਸਿਟੀ ਦੀਆਂ ਪਾਠ ਪੁਸਤਕਾਂ ਬਣੀਆਂ ਅਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈਉਨ੍ਹਾਂ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਜੀਵਨੀਆਂ, ਹਾਸ ਵਿਅੰਗ ਤੇ ਪੇਂਡੂ ਜਨ ਜੀਵਨ ਬਾਰੇ ਅਨੇਕਾਂ ਆਰਟੀਕਲ ਲਿਖੇਉਨ੍ਹਾਂ ਬਾਰੇ ਵਰਿਆਮ ਸਿੰਘ ਸੰਧੂ ਨੇ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ’ ਪੁਸਤਕ ਸੰਪਾਦਿਤ ਕੀਤੀਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬੀ ਸੱਥ ਲਾਂਬੜਾ ਦਾ ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਅਨੇਕਾਂ ਮਾਨ ਸਨਮਾਨ ਮਿਲੇਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਹਰ ਸਾਲ ਉਨ੍ਹਾਂ ਦੀਆਂ ਨਵੀਂਆਂ ਕਿਤਾਬਾਂ ਛਪ ਰਹੀਆਂ ਹਨ2017 ਵਿੱਚ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਤੇ ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’ ਪ੍ਰਕਾਸ਼ਤ ਹੋਈਆਂ2018 ਵਿੱਚ ‘ਮੇਰੇ ਵਾਰਤਕ ਦੇ ਰੰਗ’ ਤੇ ‘ਪੰਜਾਬ ਦੇ ਕੋਹੇਨੂਰ ਭਾਗ ਤੀਜਾ’ ਛਪੀਆਂ79ਵੇਂ ਸਾਲ ਦੀ ਉਮਰ ਵਿੱਚ ਵੀ ਉਹ ਰੋਜ਼ 7 ਕਿਲੋਮੀਟਰ ਤੁਰਦੇ ਤੇ 9 ਘੰਟੇ ਪੜ੍ਹਦੇ ਲਿਖਦੇ ਹਨ

ਭੁਪਿੰਦਰ ਸਿੰਘ ਮਾਨ: ਪ੍ਰਿੰਸੀਪਲ ਸਾਹਿਬ ਆਪਣੇ ਪਰਿਵਾਰਕ ਪਿਛੋਕੜ ਤੇ ਜਨਮ ਸੰਬੰਧੀ ਦੱਸੋ?

ਸਰਵਣ ਸਿੰਘ: ਭੁਪਿੰਦਰ ਸਿੰਘ ਜੀ, ਮੇਰਾ ਜਨਮ 08 ਜੁਲਾਈ 1940 ਨੂੰ ਪਿੰਡ ਚਕਰ, ਜ਼ਿਲ੍ਹਾ ਲੁਧਿਆਣਾ ਦੇ ਇੱਕ ਕਿਸਾਨ ਪਰਿਵਾਰ ਵਿੱਚ ਸ. ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆਮੈਂ ਸੁਤੰਤਰਤਾ ਸੰਗਰਾਮੀ ਬਾਬਾ ਪਾਲਾ ਸਿੰਘ ਦਾ ਪੋਤਰਾ ਹਾਂ ਜਿਨ੍ਹਾਂ ਨੂੰ ਬਾਅਦ ਵਿੱਚ ਤਾਮਰ ਪੱਤਰ ਨਾਲ ਸਨਮਾਨਿਤ ਕੀਤਾ ਗਿਆਮੇਰੀ ਦਾਦੀ ਦਾ ਨਾਂ ਚੰਦ ਕੌਰ ਸੀਕੁਝ ਪੀੜ੍ਹੀਆਂ ਪਹਿਲਾਂ ਸਾਡੇ ਪੁਰਖੇ ਮਾਝੇ ਦੇ ਪਿੰਡ ਸਰਹਾਲੀ ਤੋਂ ਉੱਠ ਕੇ ਮਾਲਵੇ ਦੇ ਪਿੰਡ ਚਕਰ ਵਿੱਚ ਆ ਵਸੇ ਸਨਚਕਰ ਦੀ ਇੱਕ ਪੂਰੀ ਪੱਤੀ ਸੰਧੂਆਂ ਦੀ ਹੈਇਸ ਪਿੰਡ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈਉਨ੍ਹਾਂ ਦੀ ਯਾਦ ਵਿੱਚ ਗੁਰਦਵਾਰਾ ਗੁਰੂਸਰ ਸਸ਼ੋਭਤ ਹੈਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡੇ ਪਿੰਡ ਵਿੱਚ ਇੱਕੋ ਗੁਰਦਵਾਰਾ ਹੈਕਿਸੇ ਨਾਲ ਕੋਈ ਜਾਤੀ ਭਿੰਨ ਭੇਦ ਨਹੀਂ ਕੀਤਾ ਜਾਂਦਾਇਸ ਗੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿੰਡ ਨੂੰ ਸਨਮਾਨਤ ਕੀਤਾ ਗਿਆ

? ਪ੍ਰਾਇਮਰੀ ਦੀ ਪੜ੍ਹਾਈ ਬਾਰੇ ਚਾਨਣਾ ਪਾਓ

: ਮੈਂ 1946 ਵਿੱਚ ਗੁਰਦੁਆਰਾ ਗੁਰੂਸਰ ਦੇ ਸਕੂਲ ਵਿੱਚ ਪੜ੍ਹਨ ਲੱਗਾ ਸਾਂਉਹ ਸਾਡੇ ਘਰ ਦੇ ਨੇੜੇ ਹੀ ਸੀਉਸ ਨੂੰ ਵਿੱਦਿਆ ਭੰਡਾਰ ਕਮੇਟੀ ਚਲਾਉਂਦੀ ਸੀਧਾਰਮਿਕ ਮਾਹੌਲ ਸੀਮੇਰੇ ਬਾਬਾ ਜੀ ਸਕੂਲ ਚਲਾਉਣ ਵਾਲਿਆਂ ਵਿੱਚ ਸ਼ਾਮਲ ਸਨਉਹ ਜੈਤੋ ਦੇ ਮੋਰਚੇ ਵਿੱਚ ਦਸਵੇਂ ਸ਼ਹੀਦੀ ਜਥੇ ਨਾਲ ਗਏ ਸਨਗੁਰਮੁਖੀ ਪੜ੍ਹਨ ਲਿਖਣ ਜਾਣਦੇ ਸਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਨਮੇਰੀ ਪਹਿਲੀ ਪੱਕੀ ਦੀ ਪੜ੍ਹਾਈ ਵਿੱਚ ਗੁਰਮੁਖੀ ਦਾ ਇੱਕ ਬਾਲ ਉਪਦੇਸ਼ ਸੀ, ਇੱਕ ਉਰਦੂ ਦਾ ਕਾਇਦਾ ਅਤੇ ਹਿਸਾਬ ਦੇ ਹਿੰਦਸੇ ਤੇ ਪਹਾੜੇ ਸਨਉਦੋਂ ਅਧਿਆਪਕ ਅੱਠ ਦਸ ਜਮਾਤਾਂ ਹੀ ਪੜ੍ਹੇ ਹੁੰਦੇ ਸਨ ਪਰ ਪੜ੍ਹਾਉਂਦੇ ਮਿਸ਼ਨਰੀ ਸਪਿਰਟ ਨਾਲ ਸਨਲਿਖਾਈ ਕਰਨੀ ਪਹਿਲਾਂ ਮੈਂ ਰੇਤੇ ਉੱਤੇ, ਫਿਰ ਫੱਟੀ ਅਤੇ ਸਲੇਟ ’ਤੇ ਸਿੱਖੀਰੇਤੇ ਉੱਤੇ ਉਂਗਲ ਨਾਲ ਲਿਖੀਦਾ ਸੀ, ਫੱਟੀ ਉੱਤੇ ਕਲਮ ਨਾਲ ਤੇ ਸਲੇਟ ਉੱਤੇ ਸਲੇਟੀ ਨਾਲਰੇਤੇ ਉੱਤੇ ਲਿਖੇ ਅੱਖਰ ਹੱਥ ਫੇਰ ਕੇ ਮਿਟਾਈਦੇ ਸਨ, ਫੱਟੀ ਨੂੰ ਧੋ ਕੇ ਤੇ ਗਾਚਣੀ ਲਾ ਕੇ ਅਤੇ ਸਲੇਟ ਦੇ ਅੱਖਰ ਥੁੱਕ ਲਾ ਕੇ ਮਿਟਾ ਦੇਈਦੇ ਸਨਕਾਪੀਆਂ ’ਤੇ ਲਿਖਣਾ ਬਾਅਦ ਵਿੱਚ ਸ਼ੁਰੂ ਹੁੰਦਾ ਸੀਪਹਿਲੀ ਜਮਾਤ ਵਿੱਚ ਪੜ੍ਹਨ ਸਮੇਂ ਪਾਕਿਸਤਾਨ ਨਹੀਂ ਸੀ ਬਣਿਆ ਜਿਸ ਕਰਕੇ ਮੁਸਲਮਾਨ ਮੁੰਡੇ ਵੀ ਸਾਡੇ ਨਾਲ ਹੀ ਪੜ੍ਹਦੇ ਸਨ

? ਬਚਪਨ ਦੀ ਕੋਈ ਨਾ ਭੁੱਲਣ ਵਾਲੀ ਗੱਲ ਸੁਣਾਓ

ਤੁਹਾਨੂੰ ਬਚਪਨ ਦੀ ਇੱਕ ਦਿਲਚਸਪ ਗੱਲ ਸੁਣਾਉਨਾ ਜੋ ਮੇਰੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ ਵਿੱਚ ਵੀ ਲਿਖੀ ਹੋਈ ਹੈਜਦੋਂ ਮੈਂ ਤੁਰਨ ਜੋਗਾ ਹੋਇਆ ਤਾਂ ਬਾਹਰ ਬੀਹੀ ਵਿੱਚ ਜਾਣ ਲੱਗ ਪਿਆ ਸਾਂਉਦੋਂ ਮੇਰੇ ਤੜਾਗੀ ਪਾਈ ਹੁੰਦੀ ਸੀਨੰਗ ਢਕਣ ਨੂੰ ’ਕੱਲਾ ਝੱਗਾ ਈ ਹੁੰਦਾ ਸੀਮੈਂ ਪੈਰੋਂ ਨੰਗਾ, ਸਿਰ ’ਤੇ ਜੂੜੀ ਤੇ ਉੱਤੋਂ ਦੀ ਪਾਏ ਝੱਗੇ ਨਾਲ ਘਰੋਂ ਬਾਹਰ ਨਿਕਲਿਆਉਦੋਂ ਹੋਵਾਂਗਾ ਕੋਈ ਪੰਜਾਂ ਛੇਆਂ ਸਾਲਾਂ ਦਾਸਮਝ ਲਓ ਉਹ ਮੇਰੇ ਜੀਵਨ ਦੇ ਸਫ਼ਰ ਦੀ ਸ਼ੁਰੂਆਤ ਸੀਬੀਹੀ ਦੇ ਮੋੜ ਉੱਤੇ ਮੁਸਲਮਾਨਾਂ ਦੇ ਘਰ ਸਨਉਨ੍ਹਾਂ ਦਾ ਕੋਈ ਦਿਨ ਦਿਹਾਰ ਸੀ ਤੇ ਉਹ ਚੌਲ ਵਰਤਾਅ ਰਹੇ ਸਨਮੈਂ ਵੀ ਹਾਣੀਆਂ ਦੀ ਢਾਣੀ ਵਿੱਚ ਬਹਿ ਗਿਆ ਤੇ ਚੌਲ ਝੋਲੀ ਵਿੱਚ ਪੁਆ ਕੇ ਖਾਣ ਲੱਗਾਚੌਲ ਬੜੇ ਮਿੱਠੇ ਸਨ ਤੇ ਆੜੀਆਂ ਨਾਲ ਰਲ ਕੇ ਖਾਣ ਦਾ ਸੁਆਦ ਵੀ ਆ ਰਿਹਾ ਸੀ ਕਿ ਅਚਾਨਕ ਬਿੱਜ ਪੈ ਗਈਘਰਾਂ ਵਿੱਚੋਂ ਲੱਗਦੇ ਇੱਕ ਬਾਬੇ ਨੇ ਮੈਨੂੰ ਬਾਹੋਂ ਫੜ ਕੇ ਘੜੀਸ ਲਿਆਮੈਂ ਰੋਸ ਵਿੱਚ ਰੋ ਰਿਹਾ ਸਾਂਬਾਬਾ ਘਰ ਵਾਲਿਆਂ ਨੂੰ ਉਲਾਂਭੇ ਦੇ ਰਿਹਾ ਸੀ, “ਮੁੰਡੇ ਦਾ ਤੁਸੀਂ ਧਿਆਨ ਨੀ ਰੱਖਦੇਇਹ ਮੁਸਲਮਾਨਾਂ ਦੇ ਚੌਲ ਖਾ ਆਇਆਭਿੱਟਿਆ ਗਿਆ ਇਹ ਛੋਹਰਲਿਆਓ ਹੁਣ ਗੰਗਾ ਜਲ ਤੇ ਬਣਾਓ ਇਹਨੂੰ ਮੁੜ ਕੇ ਸਿੱਖ!”

ਉਸੇ ਵੇਲੇ ਕਿਸੇ ਦੇ ਘਰੋਂ ਗੰਗਾ ਜਲ ਲਿਆਂਦਾ ਗਿਆ ਤੇ ਉਹਦੀ ਇੱਕ ਘੁੱਟ ਪਿਆ ਕੇ ਮੇਰੀ ਭਿੱਟ ਹਟਾਈ ਗਈਮਿੱਠੇ ਚੌਲ ਖਾਣ ਪਿੱਛੋਂ ਮੈਨੂੰ ਲੱਗਦਾ ਸੀ ਕਿ ਗੰਗਾ ਜਲ ਚੌਲਾਂ ਤੋਂ ਵੀ ਵੱਧ ਸੁਆਦੀ ਹੋਵੇਗਾ ਪਰ ਬੋਤਲ ਦਾ ਉਹ ਫਿੱਕਾ ਪਾਣੀ ਮੈਂ ਮਸਾਂ ਸੰਘੋਂ ਲੰਘਾਇਆ

? ਬਚਪਨ ਵਿੱਚ ਤੁਹਾਨੂੰ ਕਿਹੜੀ ਗੱਲ ਦਾ ਵੱਧ ਸ਼ੌਕ ਸੀ

: ਬਚਪਨ ਦੇ ਸ਼ੌਕ ਦੀ ਵੀ ਇੱਕ ਗੱਲ ਦੱਸ ਦਿੰਨਾਮੇਰਾ ਸ਼ੌਕ ਬੋਤੇ ਉੱਤੇ ਚੜ੍ਹਨ ਦਾ ਸੀਬੋਤਾ ਮੈਂ ਭਜਾਉਂਦਾ ਵੀ ਬਹੁਤ ਸਾਂਆਪਣੇ ਜਾਣੇ ਰੇਲ ਗੱਡੀ ਬਣਾ ਦਿੰਦਾ ਸਾਂਸਾਡੇ ਤਿਰਕਾਂ ਵਾਲੇ ਖੇਤ ਮੱਲ੍ਹੇ ਦੀ ਹੱਦ ਨਾਲ ਸਨਇੱਕ ਦਿਨ ਉੱਥੋਂ ਪੱਠਿਆਂ ਦੀ ਚਿੱਲੀ ਲੱਦ ਕੇ ਲਿਆਉਣੀ ਸੀਮੈਂ ਤੰਗੜ ਚੁੱਕਿਆ ਤੇ ਬੋਤੇ ’ਤੇ ਸਵਾਰ ਹੋ ਗਿਆਪਿੱਛੋਂ ਬੱਗੜਾਂ ਦੀ ਬੋਤੀ ਮਗਰ ਲੱਗ ਗਈਬੋਤੀ ਦੇ ਮਨ ਵਿੱਚ ਪਤਾ ਨਹੀਂ ਕੀ ਆਈ, ਉਹ ਸਾਡੇ ਬੋਤੇ ਦੀ ਪੂਛ ਉੱਤੇ ਦੰਦੀ ਵੱਢ ਬੈਠੀਫੇਰ ਕੀ ਸੀ ਬੋਤਾ ਇਉਂ ਨੱਠਿਆ ਜਿਵੇਂ ਰਾਕਟ ਛੁੱਟਦੈਮੈਨੂੰ ਸੰਭਲਣਾ ਔਖਾ ਹੋ ਗਿਆਆਸੇ ਪਾਸੇ ਕਣਕਾਂ ਦੀ ਗੋਡੀ ਕਰਦੇ ਕਾਮੇ ਰੰਬੇ ਛੱਡ ਕੇ ਉੱਠ ਖੜ੍ਹੇ ਹੋਏ ਤੇ ਰੌਲਾ ਪਾਉਣ ਲੱਗੇ, “ਬੋਤੇ ਨੂੰ ਰੋਕੋ ਓਏ, ਬੋਤੇ ਨੂੰ ਰੋਕੋ।” ਪਰ ਰੋਕਣਾ ਕੀਹਨੇ ਸੀ? ਬੋਤਾ ਤਾਂ ਬੰਬੂਕਾਟ ਬਣਿਆ ਜਾਂਦਾ ਸੀਮੇਰੇ ਆਲੇ ਦੁਆਲੇ ਧਰਤੀ ਘੁੰਮ ਰਹੀ ਸੀ, ਰੁੱਖ ਘੁੰਮ ਰਹੇ ਸਨ ਤੇ ਲਗਦਾ ਸੀ ਜਿਵੇਂ ਭੁਚਾਲ ਆ ਗਿਆ ਹੋਵੇ!

ਮੈਂ ਬੁਲਿਟ ਮੋਟਰ ਸਾਈਕਲ ਉੱਤੇ ਘੰਟੇ ਦੀ ਸੌ ਕਿਲੋਮੀਟਰ ਤੇ ਕਾਰ ਉੱਤੇ ਸਵਾ ਸੌ ਕਿਲੋਮੀਟਰ ਦੀ ਰਫ਼ਤਾਰ ਨਾਲ ਸਫ਼ਰ ਕੀਤਾ ਹੈ ਪਰ ਚੇਤਾ ਕਰਾਂ ਤਾਂ ਉਸ ਬੋਤੇ ਦੀ ਰਫ਼ਤਾਰ ਦੀਆਂ ਕਿਆ ਬਾਤਾਂ! ਪੂਛ ਦੀ ਪੀੜ ਦਾ ਵਿੰਨ੍ਹਿਆ ਬੋਤਾ ਵਾਵਰੋਲਾ ਬਣਿਆ ਜਾਂਦਾ ਸੀ ਤੇ ਮੈਂ ਕੁਹਾਂਠ ਨਾਲ ਜੋਕ ਵਾਂਗ ਚੰਬੜਿਆ ਹੋਇਆ ਸਾਂਤੰਗੜ ਡਿੱਗ ਪਿਆ ਸੀ, ਪੱਗ ਉਡ ਗਈ ਸੀ, ਜੂੜਾ ਖੁੱਲ੍ਹ ਗਿਆ ਸੀ ਪਰ ਅਸ਼ਕੇ ਮੇਰੇ ਕਿ ਮੈਂ ਡਿੱਗਿਆ ਨਹੀਂ ਸਾਂਬੋਤਾ ਖੇਤ ਜਾ ਕੇ ਰੁਕਿਆਸਿਆਲ ਦੀ ਰੁੱਤੇ ਵੀ ਬੋਤੇ ਦੇ ਪਿੰਡੇ ਤੋਂ ਮੁੜ੍ਹਕੇ ਦੀਆਂ ਤਤੀਰੀਆਂ ਵਗੀ ਜਾਂਦੀਆਂ ਸਨ ਤੇ ਮੇਰੀ ਕੌਡੀ ਵੀ ਧੜਕੀ ਜਾਂਦੀ ਸੀਫਿਰ ਵੀ ਮੈਂ ਬੋਤੇ ਉੱਤੇ ਚੜ੍ਹਨ ਤੋਂ ਤੋਬਾ ਨਹੀਂ ਕੀਤੀ ਤੇ ਉਦੋਂ ਤਕ ਬੋਤੇ ਉੱਤੇ ਚੜ੍ਹਦਾ ਰਿਹਾ ਜਦੋਂ ਤਕ ਬੋਤਾ ਸਾਡੇ ਘਰ ਰਿਹਾ ਜਾਂ ਮੈਂ ਪਿੰਡ ਆਪਣੇ ਘਰ ਰਿਹਾਜੇ ਕਿਸੇ ਨੇ ਮੇਰਾ ਰੇਖਾ ਚਿੱਤਰ ਲਿਖਣਾ ਹੋਵੇ ਤਾਂ ਉਹਦਾ ਢੁੱਕਵਾਂ ਸਿਰਲੇਖ ਹੋ ਸਕਦੈ - ਬੋਤੇ ਦੀ ਸਵਾਰੀ ਤੋਂ ਹਵਾਈ ਜਹਾਜ਼ ਦੀ ਉਡਾਰੀ ਤਕ

? ਤੁਹਾਨੂੰ 1947 ਦੇ ਰੌਲ਼ਿਆਂ ਦਾ ਤਾਂ ਮਾੜਾ ਮੋਟਾ ਚੇਤਾ ਹੋਊਕੋਈ ਅੱਖੀਂ ਦੇਖੀ ਵਾਰਦਾਤ

: ਹਾਂ ਰੌਲ਼ਿਆਂ ਦੇ ਦਿਨਾਂ ਦੀ ਤਾਂ ਮੈਨੂੰ ਪੂਰੀ ਸੁਰਤ ਐਅਸੀਂ ਗੁਰੂਘਰ ਦੇ ਸਕੂਲ ਵਿੱਚ ਪੜ੍ਹ ਰਹੇ ਸਾਂ ਕਿ ਇੱਕ ਬੰਦੇ ਨੇ ਭੱਜੇ ਆਉਂਦਿਆਂ ਖ਼ਬਰ ਦਿੱਤੀ ਬਈ ਮਸੀਤ ਵਿੱਚ ਬੰਬ ਚੱਲ ਗਿਆਸਾਨੂੰ ਸਾਰਿਆਂ ਨੂੰ ਇੱਕ ਕਮਰੇ ਵਿੱਚ ਇਕੱਠੇ ਕਰ ਲਿਆ ਗਿਆਅਸੀਂ ਡਰੇ ਹੋਏ ਸਾਂ ਤੇ ਕੁਸਕ ਨਹੀਂ ਸਾਂ ਰਹੇਬਾਹਰ ਭੱਜੇ ਜਾਂਦੇ ਬੰਦਿਆਂ ਦਾ ਬੋਲ ਬੁਲਾਰਾ ਸੁਣ ਰਿਹਾ ਸੀ‘ਮਰਗੇ’ ‘ਮਾਰਤੇ’ ਦੀਆਂ ਆਵਾਜ਼ਾਂ ਆ ਰਹੀਆਂ ਸਨਮਾਸਟਰ ਹੌਂਸਲਾ ਦੇ ਰਹੇ ਸਨ, “ਡਰੋ ਨਾ ਪਰ ਚੁੱਪ ਰਹੋ।”

ਉਹ ਦ੍ਰਿਸ਼ ਮੈਨੂੰ ਅੱਜ ਵੀ ਸਾਫ ਦਿਖਾਈ ਦਿੰਦਾ ਹੈਫਿਰ ਵਿਦਿਆਰਥੀਆਂ ਦੇ ਮਾਪੇ ਆਉਂਦੇ ਗਏ ਤੇ ਬੱਚਿਆਂ ਨੂੰ ਸਕੂਲੋਂ ਘਰ ਲੈ ਜਾਂਦੇ ਰਹੇਘਰ ਜਾ ਕੇ ਗੱਲਾਂ ਸੁਣੀਆਂ ਕਿ ਬਾਹਰੋਂ ਆਏ ਲੁਟੇਰਿਆਂ ਨੇ ਮਸੀਤ ਵਿੱਚ ਬੈਠੇ ਮੁਸਲਮਾਨਾਂ ’ਤੇ ਬੰਬ ਸੁੱਟਿਆ ਤੇ ਉਨ੍ਹਾਂ ਨੂੰ ਲੁੱਟਿਆ ਮਾਰਿਆਸਾਡੇ ਘਰ ਦੇ ਇਸ ਨੂੰ ਬੜਾ ਮਾੜਾ ਕਾਰਾ ਆਖ ਰਹੇ ਸਨਉਨ੍ਹਾਂ ਦੀ ਹਮਦਰਦੀ ਲੁੱਟੇ ਮਾਰੇ ਗਿਆਂ ਨਾਲ ਸੀਉਸ ਤੋਂ ਬਾਅਦ ਸਾਡੇ ਮੁਸਲਮਾਨ ਗੁਆਂਢੀ ਆਪਣੇ ਬਲਦ ਸਾਡੇ ਘਰ ਬੰਨ੍ਹਣ ਲੱਗ ਪਏ ਕਿ ਕੋਈ ਲੁਟੇਰਾ ਨਾ ਖੋਲ੍ਹ ਕੇ ਲੈ ਜਾਵੇਸਾਡੇ ਘਰ ਨੂੰ ਉਹ ਸੁਰੱਖਿਅਤ ਸਮਝਦੇ ਸਨਇਹਦਾ ਕਾਰਨ ਸੀ ਕਿ ਇੱਕ ਤਾਂ ਸਾਡੇ ਬਾਬੇ ਰੱਬ ਦਾ ਨਾਂ ਲੈਣ ਵਾਲੇ ਬੰਦੇ ਸਨ ਤੇ ਦੂਜਾ ਸਾਡੇ ਬਾਪੂ ਹੋਰੀਂ ਅਜੇ ਬਹਾਵਲਪੁਰ ਵਾਲੀ ਜ਼ਮੀਨ ’ਤੇ ਪਾਕਿਸਤਾਨ ਵਿੱਚ ਹੀ ਫਸੇ ਹੋਏ ਸਨਉਨ੍ਹਾਂ ਦੀ ਕਿਤੋਂ ਸੋਅ ਨਹੀਂ ਸੀ ਆ ਰਹੀਕੀ ਪਤਾ ਉਹ ਜਿਊਂਦੇ ਸਨ ਜਾਂ ...

ਅਜੇ ਸਾਡੇ ਪਿੰਡੋਂ ਸਾਰੇ ਮੁਸਲਮਾਨ ਨਹੀਂ ਸਨ ਨਿਕਲੇਟਾਵੇਂ ਟਾਵੇਂ ਕੈਂਪਾਂ ਵਿੱਚ ਜਾ ਰਹੇ ਸਨ ਤੇ ਕਾਫ਼ਲਿਆਂ ਸੰਗ ਰਲ ਰਹੇ ਸਨਪਿੰਡ ਦਾ ਮੋਹਤਬਰ ਮੁਸਲਮਾਨ ਸੂਬੇਦਾਰ ਮਾਘੀ ਖਾਂ ਘੋੜੇ ’ਤੇ ਚੜ੍ਹਿਆ ਅਖਾੜੇ ਨਹਿਰ ਦੇ ਪੁਲ ਉੱਤੇ ਮਾਰ ਦਿੱਤਾ ਗਿਆ ਸੀਹਠੂਰ ਵਿੱਚ ਅੱਗਾਂ ਲੱਗੀਆਂ ਸਨਰਾਤਾਂ ਨੂੰ ਗੋਲੀਆਂ ਦੀ ਫਾਇਰਿੰਗ ਹੋਈ ਜਾਂਦੀਪਿੰਡਾਂ ਵਿੱਚ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਉਂਦੀਆਂਸਾਡਾ ਸਕੂਲ ਜਾਣਾ ਬੰਦ ਹੋ ਗਿਆ ਸੀਪਰ ਸਾਡੇ ਗੁਆਂਢੀ ਮੁਸਲਮਾਨ ਅਜੇ ਆਪਣੇ ਘਰਾਂ ਵਿੱਚ ਹੀ ਬੈਠੇ ਸਨ

ਜਿੱਦਣ ਬਾਪੂ ਹੋਰੀਂ ਬਹਾਵਲਪੁਰ ਤੋਂ ਪਿੰਡ ਪਰਤੇ ਧੁੱਪਾਂ ਚੜ੍ਹ ਰਹੀਆਂ ਸਨਬਾਪੂ ਹੋਰਾਂ ਨੇ ਦਲਾਣ ਦਾ ਬੂਹਾ ਲੰਘਿਆ ਤਾਂ ਘਰ ਦੇ ਭਾਗ ਮੁੜ ਜਾਗ ਪਏਪਿੰਡ ਦੇ ਲੋਕ ਉਨ੍ਹਾਂ ਨੂੰ ਮਿਲਣ ਆਈ ਜਾਂਦੇ, ਹਾਲ ਚਾਲ ਪੁੱਛਦੇ ਤੇ ਥੋੜ੍ਹਾ ਬਹੁਤਾ ਚਿਰ ਬੈਠ ਕੇ ਮੁੜ ਜਾਂਦੇਬਾਪੂ ਹੋਰਾਂ ਦੀਆਂ ਅੱਖਾਂ ਅਨੀਂਦਰੇ ਨਾਲ ਲਾਲ ਸਨ ਤੇ ਉਹ ਲਿੱਸੇ ਮਾਂਦੇ ਦਿਸ ਰਹੇ ਸਨਵਿਹੜਾ ਬੰਦਿਆਂ ਨਾਲ ਭਰਿਆ ਪਿਆ ਸੀਜਿਨ੍ਹਾਂ ਨੂੰ ਮੰਜਿਆਂ ’ਤੇ ਬਹਿਣ ਦੀ ਥਾਂ ਨਹੀਂ ਸੀ ਮਿਲੀ ਉਹ ਖੁਰਲੀਆਂ ’ਤੇ ਬੈਠੇ ਸਨਇੰਨੇ ਬੰਦੇ ਅੱਗੇ ਕਦੇ ਸਾਡੇ ਘਰ ਇਕੱਠੇ ਨਹੀਂ ਸਨ ਹੋਏਉਹ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਅੱਗੇ ਉਵੇਂ ਹੀ ਹੈਕਦੇ ਬਾਬਾ ਕਰਤਾਰ ਸਿਓਂ ਹੱਡਬੀਤੀ ਸੁਣਾਉਣ ਲੱਗਦਾ, ਕਦੇ ਬਾਪੂ ਤੇ ਕਦੇ ਚਾਚਾ ਜਗੀਰ ਸਿੰਘਓਧਰ ਪਿੰਡ ਵਿੱਚ ਬਚੇ ਬੈਠੇ ਮੁਸਲਮਾਨਾਂ ਨੂੰ ਫਿਕਰ ਪੈ ਗਿਆ ਕਿ ਹੁਣ ਉਹਨਾਂ ਤੋਂ ਬਦਲਾ ਲਿਆ ਜਾਵੇਗਾਉਹਨਾਂ ਵਿੱਚੋਂ ਕੁਝ ਇੱਕ ਡਰਦੇ ਮਾਰੇ ਬਾਪੂ ਹੋਰਾਂ ਦੀ ਸੁੱਖ ਸਾਂਦ ਪੁੱਛਣ ਆਏ ਤਾਂ ਬਾਬੇ ਕਰਤਾਰੇ ਨੇ ਉਨ੍ਹਾਂ ਨੂੰ ਕਹਿ ਦਿੱਤਾ ਕਿ ਤੁਸੀਂ ਨਿਸ਼ਚਿੰਤ ਰਹੋਅਸੀਂ ਬਚ ਕੇ ਆ ਗਏ ਆਂ ਤੇ ਹੁਣ ਕਿਸੇ ਨੂੰ ਤੁਹਾਡੀ ’ਵਾ ਵੱਲ ਵੀ ਨਹੀਂ ਝਾਕਣ ਦੇਵਾਂਗੇਸਾਨੂੰ ਪਤੈ ਕਿ ਉੱਜੜਨਾ ਕਿੰਨਾ ਔਖੈਅਸੀਂ ਤੁਹਾਨੂੰ ਉੱਜੜਨ ਨਹੀਂ ਦੇਵਾਂਗੇ

ਇੱਕ ਦੋ ਦਿਨ ਹੀ ਬੀਤੇ ਸਨਬਾਬਾ, ਬਾਪੂ ਤੇ ਚਾਚਾ ਵੱਡੇ ਦਲਾਣ ਦੀ ਨੁੱਕਰ ਵਾਲੀ ਬੈਠਕ ਵਿੱਚ ਪਏ ਸਨਦੁਪਹਿਰ ਦਾ ਵੇਲਾ ਸੀਮੈਂ ਵੀ ਉਨ੍ਹਾਂ ਕੋਲ ਈ ਖੇਡ ਰਿਹਾ ਸਾਂਕਿਸੇ ਨੇ ਆ ਕੇ ਦੱਸਿਆ ਕਿ ਲੁਟੇਰੇ ਸਾਡੇ ਗੁਆਂਢੀ ਮੁਸਲਮਾਨਾਂ ਨੂੰ ਆਣ ਪਏ ਹਨਬਾਬੇ ਕਰਤਾਰੇ ਨੇ ਪਤਾ ਨਹੀਂ ਕਿੱਥੋਂ ਪਿਸਤੌਲ ਕੱਢਿਆ, ਮੇਰੇ ਸਾਹਮਣੇ ਈ ਉਹਦੇ ਵਿੱਚ ਰੌਂਦ ਪਾਏ ਤੇ ਰੋਹ ਨਾਲ ਬਾਹਰ ਨਿਕਲਿਆਉਹਦਾ ਕੱਦ ਬੈਠਕ ਦੇ ਬੂਹੇ ਜਿੱਡਾ ਸੀਬਾਪੂ ਤੇ ਚਾਚਾ ਵੀ ਬਰਛੇ ਲੈ ਕੇ ਨਿਕਲ ਪਏਪਿੰਡ ਦੇ ਲੋਕ ਬਾਹਰੋਂ ਆਏ ਲੁਟੇਰਿਆਂ ਤੋਂ ਡਰਦੇ ਸਹਿਮੇ ਖੜ੍ਹੇ ਸਨਮੁਸਲਮਾਨ ਭਰਾਵਾਂ ਦੇ ਚਿਹਰਿਆਂ ਤੋਂ ਹਵਾਈਆਂ ਉਡ ਰਹੀਆਂ ਸਨਉਨ੍ਹਾਂ ਦਾ ਸਮਾਨ ਲੁੱਟਿਆ ਜਾ ਰਿਹਾ ਸੀਉਹ ਬਲਦ ਖੋਲ੍ਹੇ ਜਾ ਰਹੇ ਸਨ ਜਿਹੜੇ ਸਾਡੇ ਘਰ ਬੱਝਦੇ ਰਹੇ ਸਨਟਰੰਕ ਤੇ ਸੰਦੂਕ ਬਾਹਰ ਕੱਢੇ ਜਾ ਰਹੇ ਸਨਲੋਕ ਬੀਹੀਆਂ ਵਿੱਚ ਖੜ੍ਹੇ ਤੇ ਛੱਤਾਂ ’ਤੇ ਚੜ੍ਹੇ ਮੁਸਲਮਾਨਾਂ ਦਾ ਉਜਾੜਾ ਵੇਖ ਰਹੇ ਸਨ

ਬਾਬਾ ਕਰਤਾਰਾ ਬੀਹੀ ਵਿੱਚ ਆਇਆਉਸ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲ ਰਹੇ ਸਨ ਤੇ ਜੁੱਸਾ ਸੇਕ ਮਾਰ ਰਿਹਾ ਸੀਉਸ ਨੇ ਸੱਜੇ ਹੱਥ ਨਾਲ ਪਿਸਤੌਲ ਉਤਾਂਹ ਕੀਤਾ ਤੇ ਲੁਟੇਰਿਆਂ ਨੂੰ ਲਲਕਾਰਿਆ ਕਿ ਬੰਦੇ ਦੇ ਪੁੱਤ ਓਂ ਤਾਂ ਜਿੱਥੋਂ ਸਮਾਨ ਚੁੱਕਿਆ ਉੱਥੇ ਰੱਖੋ ਨਹੀਂ ਤਾਂ ਗੋਲੀ ਆਈ ਸਮਝੋਚੁਫੇਰੇ ਸੱਨਾਟਾ ਛਾ ਗਿਆਬਨੇਰਿਆਂ ਤੋਂ ਝੁਕ ਕੇ ਵੇਖਦੇ ਬੰਦੇ ਪਿੱਛੇ ਹਟ ਗਏ ਮਤਾਂ ਗੋਲੀ ਓਧਰ ਈ ਆ ਜਾਵੇਲੁਟੇਰਿਆਂ ਦੇ ਪੈਰ ਨਹੀਂ ਹੁੰਦੇਉਹ ਸਮਾਨ ਛੱਡ ਕੇ ਭੱਜ ਨਿਕਲੇਮੁਸਲਮਾਨਾਂ ਦੇ ਮਸਾਂ ਜਾਨ ਵਿੱਚ ਜਾਨ ਆਈਲੋਕ ਹੈਰਾਨ ਸਨ ਕਿ ਮੁਸਲਮਾਨਾਂ ਤੋਂ ਜਾਨ ਬਚਾ ਕੇ ਆਏ ਕਰਤਾਰੇ ਹੋਰੀਂ ਮੁਸਲਮਾਨਾਂ ਦੇ ਹੇਜਲੇ ਕਿਵੇਂ ਹੋ ਗਏ? ਕਿਵੇਂ ਜਾਨ ਤਲੀ ’ਤੇ ਰੱਖ ਕੇ ਮੁਸਲਮਾਨਾਂ ਦੀ ਰਾਖੀ ਲਈ ਨਿੱਤਰੇ?

ਬਾਬੇ ਕਰਤਾਰੇ ਤੇ ਬਾਪੂ ਹੋਰਾਂ ਨੇ ਏਦੂੰ ਵੱਡੀ ਗੱਲ ਕੀਤੀ ਕਿ ਮੁਸਲਮਾਨਾਂ ਦੇ ਘਰਾਂ ਮੂਹਰੇ ਆਪ ਪਹਿਰਾ ਦਿੱਤਾਗੱਲ ਜਦੋਂ ਵੱਸੋਂ ਬਾਹਰੀ ਹੋ ਗਈ ਤਾਂ ਉਨ੍ਹਾਂ ਨੂੰ ਸੁੱਖੀ ਸਾਂਦੀਂ ਕੈਂਪਾਂ ਵਿੱਚ ਪੁਚਾਇਆਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਉੱਜੜ ਪੁੱਜੜ ਕੇ ਵੀ ਨੇਕੀ ਦਾ ਰਾਹ ਨਹੀਂ ਸੀ ਛੱਡਿਆਉਹ ਲੁੱਟੇ ਪੁੱਟੇ ਜਾਣ ਦੇ ਬਾਵਜੂਦ ਲੁੱਟ ਦੇ ਰਾਹ ਨਹੀਂ ਸਨ ਪਏਉਹ ਗੁਰੂ ਦੇ ਅਸਲੀ ਸਿੱਖ ਸਾਬਤ ਹੋਏਉਨ੍ਹਾਂ ਨੇ ਜਾਨ ’ਤੇ ਖੇਡ ਕੇ ਸਿੱਖੀ ਨਿਭਾਈ ਸੀਉਨ੍ਹਾਂ ਨੇ ਡਰ ਕੇ ਆਪਣਾ ਧਰਮ ਨਹੀਂ ਸੀ ਬਦਲਿਆ ਤੇ ਬਦਲੇ ਵਿੱਚ ਦੂਜੇ ਧਰਮ ਵਾਲਿਆਂ ਦਾ ਵੀ ਕੋਈ ਨੁਕਸਾਨ ਨਹੀਂ ਸੀ ਹੋਣ ਦਿੱਤਾ

? ਬਚਪਨ ਵਿੱਚ ਦੇਖੇ ਮੇਲੇ, ਸੁਣੀ ਕਵੀਸ਼ਰੀ ਤੇ ਪੜ੍ਹੇ ਕਿੱਸਿਆਂ ਬਾਰੇ ਵੀ ਕੁਝ ਦੱਸੋ

: ਰਾਮੂਵਾਲੀਏ ਕਵੀਸ਼ਰ ਕਰਨੈਲ ਸਿੰਘ ‘ਪਾਰਸ’ ਹੋਰਾਂ ਦਾ ਜਥਾ ਸਾਡੇ ਪਿੰਡ ਨਗਰ ਕੀਰਤਨ ਦੇ ਪੜਾਵਾਂ ਉੱਤੇ ਕਵੀਸ਼ਰੀ ਕਰਦਾ ਹੁੰਦਾ ਸੀਉਹ ਬਾਹਾਂ ਕੱਢ ਕੇ ਗਾਉਂਦੇ: ਪਟਨੇ ਵਿੱਚ ਚੜ੍ਹਿਆ ਸੱਚ ਦਾ ਚੰਦਰਮਾ ਆਸ਼ਕ ਆਜ਼ਾਦੀ ਦਾ ...ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਵਾਲੇ ਦੀ ਆਵਾਜ਼ ਟੱਲੀ ਵਾਂਗ ਟਣਕਦੀਕਵੀਸ਼ਰੀ ਸੁਣਦਿਆਂ ਮੇਰੇ ਮਨ ਵਿੱਚ ਤਰੰਗ ਉੱਠਦੀ ਕਿ ਮੈਂ ਵੀ ਵੱਡਾ ਹੋ ਕੇ ਕਵੀਸ਼ਰ ਬਣਾਂਗਾਜਦੋਂ ਮਾਸਟਰਾਂ ਨੂੰ ਸਾਫ ਸੁਥਰੇ ਕੱਪੜੇ ਪਾਈ ਕੁਰਸੀਆਂ ਉੱਤੇ ਬੈਠੇ ਵੇਖਦਾ ਤਾਂ ਮਨ ਵਿੱਚ ਮਾਸਟਰ ਬਣਨ ਦੀ ਰੀਝ ਜਾਗਦੀਚਾਹ ਤੇ ਲੱਸੀ ਦੇ ਝਗੜੇ ਦਾ ਚਿੱਠਾ ਪੜ੍ਹਿਆ ਤਾਂ ਮਨ ਨੇ ਆਖਿਆ, ਆਪਾਂ ਵੀ ਵੱਡੇ ਹੋ ਕੇ ਚਿੱਠੇ ਜੋੜਾਂਗੇਮੈਨੂੰ ਇਹ ਤੁਕਬੰਦੀ ਬੜੀ ਪਸੰਦ ਸੀ ਜੋ ਅਜੇ ਤਕ ਨਹੀਂ ਭੁੱਲੀ:

ਜਿਸ ਵੇਲੇ ਚੁੱਲ੍ਹੇ ’ਤੇ ਪਤੀਲਾ ਚਮਕਦਾ
ਗੋਦੀ ਵਾਲਾ ਜੁਆਕ ਥੱਲੇ ਨੂੰ ਲਮਕਦਾ

ਇੱਕ ਜੁਆਕ ਆਂਵਦਾ ਮਗਰ ਰੁੜ੍ਹਦਾ
ਮਾਰੀਆਂ ਚਪੇੜਾਂ ਉਹ ਪਿੱਛੇ ਨੀ ਮੁੜਦਾ

ਮਜਾਲ ਕੀ ਉਹ ਵੇਲਾ ਕਦੇ ਜਾਵੇ ਉੱਕ ਨੀ
ਚੱਕ ਦੇਵਾਂ ਦੇਹੀ ਦੇ ਤਮਾਮ ਦੁੱਖ ਨੀ

ਮੈਨੂੰ ਪੀਂਦੇ ਲਾਟ ਅਤੇ ਲਫਟੈਣ ਨੀ
ਮੈਂ ਤਾਂ ਪੀਣ ਸਾਰ ਕਰ ਦਿਆਂ ਚਨੈਣ ਨੀ

ਅਮਲੀ ਮਨਾਉਂਦੇ ਨਿੱਤ ਮੇਰੀ ਸੁੱਖ ਨੀ
ਚੱਕ ਦੇਵਾਂ ਦੇਹੀ ਦੇ ਤਮਾਮ ਦੁੱਖ ਨੀ

ਲੱਸੀ ਨੇ ਤਾਂ ਮਾਰਿਆ ਖਿੱਚ ਕੇ ਲਫੇੜਾ ਜੀ
ਡਿੱਗ-ਪੀ ਧੜੱਕ ਚਾਹ ਤਾਂ ਖਾ ਕੇ ਗੇੜਾ ਜੀ

ਚਾਹ ਨੇ ਦੋ ਕੁ ਉੱਚੀ ਉੱਚੀ ਚਾਂਗਾਂ ਮਾਰੀਆਂ
ਅਮਲੀਆਂ ਦੇ ਹੱਥੀਂ ਛਵ੍ਹੀਆਂ ਸ਼ੰਗਾਰੀਆਂ

ਜਿੰਨਾ ਚਿਰ ਚਾਹ ਦੇ ਅਮਲ ਚੜ੍ਹੇ ਸੀ
ਉੰਨਾ ਚਿਰ ਅਮਲੀ ਬਹੁਤ ਲੜੇ ਸੀ

ਜਿਸ ਵੇਲੇ ਚਾਹ ਦੇ ਅਮਲ ਟੁੱਟਗੇ
ਵਿੱਚੋਂ ਦੋ ਕੁ ਅਮਲੀ ਅਲੱਗ ਉੱਠਗੇ

ਸੱਚੀ ਗੱਲ ਆਖੀ ਸਿੰਘ ਗੁਰਦਿੱਤ ਜੀ
ਲੱਸੀ ਵਾਲੇ ਵੀਰਨ ਗਏ ਨੇ ਜਿੱਤ ਜੀ

ਇਹ ਚਿੱਠਾ ਮੈਨੂੰ ਤਖਤੂਪੁਰੇ ਦੇ ਮੇਲੇ ਵਿੱਚੋਂ ਚੁਰਾਏ ਚਿੱਠਿਆਂ ਵਿੱਚੋਂ ਮਿਲਿਆ ਸੀਤਖਤੂਪੁਰਾ ਸਾਡੇ ਪਿੰਡੋਂ ਦਸ ਬਾਰਾਂ ਕਿਲੋਮੀਟਰ ਹੈਉਦੋਂ ਅਸੀਂ ਪੰਜ ਕੋਹ ਕਿਹਾ ਕਰਦੇ ਸਾਂਉੱਥੇ ਆਏ ਸਾਲ ਮਾਘੀ ਦਾ ਮੇਲਾ ਭਰਦਾ ਤੇ ਬੜੀਆਂ ਰੌਣਕਾਂ ਲੱਗਦੀਆਂਮੇਲੀ ਗੇਲੀ ਆਪਣੀਆਂ ਪੱਗਾਂ ਰੰਗਾਉਂਦੇ ਤੇ ਮਾਵੇ ਲੁਆਉਂਦੇਤਲੇ ਜਾਂਦੇ ਪਕੌੜਿਆਂ ਦੀਆਂ ਸਲੂਣੀਆਂ ਮਹਿਕਾਂ ਚੰਡੋਲਾਂ ਤੇ ਚਕਰਚੂੰਡਿਆਂ ਤਕ ਖਿਲਰ ਜਾਂਦੀਆਂਪੋਨੇ ਗੰਨੇ ਵੇਚਣ ਵਾਲੇ ਅੱਡ ਹੋਕੇ ਦਿੰਦੇਇੱਕ ਬੰਨੇ ਘੋੜ ਦੌੜਾਂ ਲੱਗਦੀਆਂ, ਧੂੜਾਂ ਉਡਦੀਆਂ, ਘੋੜੀਆਂ ਹਿਣਕਦੀਆਂ ਤੇ ਬੋਤੇ ਬੁੱਕਦੇਕਈ ਬੋਤੇ ਮਸਤੀ ਵਿੱਚ ਆਏ ਮੱਘੇ ਕੱਢਦੇਮੈਨੂੰ ਬੋਤੇ ਦੇ ਸਵਾਰ ਨੂੰ ਬੋਤੇ ਵੇਖਣੇ ਚੰਗੇ ਲੱਗਦੇਜੀਅ ਕਰਦਾ ਉੱਥੇ ਵੀ ਬੋਤੇ ਦੀ ਸਵਾਰੀ ਕਰਾਂ

ਉਦੋਂ ਅਸੀਂ ਪੈਦਲ ਹੀ ਮੇਲਾ ਵੇਖਣ ਜਾਂਦੇ ਸਾਂਹਰੀਆਂ ਕਚਾਰ ਕਣਕਾਂ ਵਿੱਚ ਦੀ ਡੰਡੀਓ-ਡੰਡੀ ਪਏ ਹੱਸਦੇ ਖੇਡਦੇ ਵਗੇ ਤੁਰੇ ਜਾਂਦੇਲਾਂਭ ਚਾਂਭ ਸਰ੍ਹਵਾਂ ਦੇ ਪੀਲੇ ਫੁੱਲ ਖਿੜੇ ਹੁੰਦੇਸਾਡੇ ਖੀਸਿਆਂ ਵਿੱਚ ਭਾਨ ਛਣਕਦੀ ਤੇ ਨਾਲ ਹਾਸੇ ਵੀ ਛਣਕਦੇ ਜਾਂਦੇਬਚਪਨ ਦਾ ਉਹ ਮੇਲਾ ਵੱਡੇ ਹੁੰਦਿਆਂ ਦਾ ਡਿਜ਼ਨੀਲੈਂਡ ਹੀ ਤਾਂ ਸੀ! ਉੱਥੇ ਅਸੀਂ ਚੰਡੋਲਾਂ ਝੂਟਦੇ, ਜਲੇਬੀਆਂ ਖਾਂਦੇ ਤੇ ਟੂਰਨਾਮੈਂਟ ਵੇਖਦੇਦਾਅ ਲਾ ਕੇ ਚਿੱਠੇ ਵੀ ਚੁੱਕ ਚੁਰਾ ਲੈਂਦੇ ਤੇ ਫੇਰ ਦੀਵੇ ਦੀ ਲੋਅ ਵਿੱਚ ਘਰ ਦਿਆਂ ਤੋਂ ਚੋਰੀ ਪੜ੍ਹਦੇ

ਮੈਨੂੰ ਬਚਪਨ ਦੇ ਤੋਰੇ ਫੇਰੇ ਨੇ ਤਿੰਨ ਆਦਤਾਂ ਪਾਈਆਂਪਹਿਲੀ ਆਦਤ ਪੈਦਲ ਚੱਲਣ ਦੀ ਪਈ ਜੋ ਹਾਲਾਂ ਤਕ ਬਰਕਰਾਰ ਹੈਅੱਜ ਵੀ ਮੇਰੇ ਲਈ ਚਾਰ ਪੰਜ ਕਿਲੋਮੀਟਰ ਤੁਰਨਾ ਲੱਤਾਂ ਹਿਲਾਉਣ ਸਮਾਨ ਹੈਕਦੇ ਕਦੇ ਮੇਰੀ ਸੈਰ ਸੱਤ ਅੱਠ ਕਿਲੋਮੀਟਰ ਤਕ ਵੀ ਚਲੀ ਜਾਂਦੀ ਹੈਪੰਜ ਛੇ ਕਿਲੋਮੀਟਰ ਤੁਰੇ ਬਿਨਾਂ ਤਾਂ ਮੈਨੂੰ ਨੀਂਦ ਹੀ ਨਹੀਂ ਆਉਂਦੀਦੂਜੀ ਆਦਤ ਚਿੱਠਿਆਂ ਤੋਂ ਪੁਸਤਕਾਂ ਪੜ੍ਹਨ ਦੀ ਪਈ ਤੇ ਤੀਜੀ ਮੇਲੇ ਵੇਖਣ ਦਾ ਸ਼ੌਂਕੀ ਬਣ ਗਿਆਇਨ੍ਹਾਂ ਤਿੰਨਾਂ ਆਦਤਾਂ ਨੇ ਹੀ ਮੈਨੂੰ ਹਾਲੇ ਤਕ ਤਰੋਤਾਜ਼ਾ ਰੱਖਿਆ ਹੋਇਐਜੀਹਨੇ ਦੁਨੀਆਂ ਦਾ ਮੇਲਾ ਵੇਖਣਾ ਹੋਵੇ ਉਹ ਹੋਰ ਕੁਝ ਕਰੇ ਜਾਂ ਨਾ ਕਰੇ ਪਰ ਤੋਰਾ ਫੇਰਾ ਜ਼ਰੂਰ ਰੱਖੇ

ਤੋਰੇ ਫੇਰੇ ਵਿੱਚ ਹੀ ਜੀਵਨ ਦਾ ਚਾਅ ਹੈ, ਖੇੜਾ ਹੈ ਤੇ ਅਨੰਦ ਹੈਕੁਝ ਵੇਖਣ ਦੀ ਇੱਛਾ ਤੇ ਕੁਝ ਮਾਣਨ ਦੀ ਰੀਝ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈਇੱਛਾ ਮੁੱਕ ਜਾਵੇ ਤਾਂ ਜੀਵਨ ਦੇ ਆਹਰ ਹੀ ਮੁੱਕ ਜਾਂਦੇ ਨੇਰੀਝਾਂ ਮਰ ਜਾਣ ਤਾਂ ਕਲਪਨਾ ਵੀ ਕੁਮਲਾਅ ਜਾਂਦੀ ਐਬੰਦਾ ਇੱਛਾਵਾਂ ਤੇ ਕਾਮਨਾਵਾਂ ਦੇ ਸਿਰ ’ਤੇ ਹੀ ਪੀੜ੍ਹੀ ਦਰ ਪੀੜ੍ਹੀ ਜੀਂਦਾ ਆ ਰਿਹੈਕੁਝ ਕਰਨ ਦੀ ਤੇ ਕੁਝ ਮਾਣਨ ਦੀ ਤਰੰਗ ਅਤੇ ਇਸ ਤਰੰਗ ਨੂੰ ਪੂਰੀ ਕਰਨ ਲਈ ਆਹਰੇ ਲੱਗੇ ਰਹਿਣਾ ਈ ਜ਼ਿੰਦਗੀ ਹੈ

ਇੱਕ ਗੱਲ ਹੋਰ ਵੀ ਹੈਧਰਤੀ, ਚੰਦ, ਸੂਰਜ ਤੇ ਤਾਰੇ ਸਭ ਹਰਕਤ ਵਿੱਚ ਹਨਪੰਖੇਰੂ ਬਿਨਾਂ ਮਤਲਬ ਈ ਉਡਾਰੀਆਂ ਨਹੀਂ ਭਰੀ ਜਾਂਦੇਹੀਰੇ ਹਿਰਨ ਭਲਾ ਕਾਹਦੇ ਲਈ ਚੁੰਗੀਆਂ ਭਰਦੇ ਹਨ? ਮੱਛੀਆਂ ਪਾਣੀ ਵਿੱਚ ਕਿਉਂ ਤਰਦੀਆਂ ਤੇ ਕਲੋਲਾਂ ਕਰਦੀਆਂ ਹਨ? ਦਰਿਆ ਵਗਦੇ ਰਹਿਣ ਨਾਲ ਈ ਤਰੋਤਾਜ਼ਾ ਨੇਖੜ੍ਹੇ ਪਾਣੀ ਮੁਸ਼ਕ ਮਾਰਨ ਲੱਗ ਪੈਂਦੇ ਨੇਘੁਰਨਿਆਂ ਵਿੱਚ ਬੈਠੇ ਤਾਂ ਸ਼ੇਰ ਬਘੇਲੇ ਵੀ ਸ਼ਿਕਾਰ ਨਾ ਮਾਰ ਸਕਣ ਤੇ ਭੁੱਖੇ ਮਰ ਜਾਣ

ਹਵਾਵਾਂ ਰੁਮਕਦੀਆਂ ਰਹਿੰਦੀਆਂ ਹਨ ਅਤੇ ਧੁੱਪਾਂ ਚੜ੍ਹਦੀਆਂ ਤੇ ਲਹਿੰਦੀਆਂ ਰਹਿੰਦੀਆਂ ਹਨਬ੍ਰਹਿਮੰਡ ਦਾ ਨਾਦ ਸਦਾ ਵੱਜਦਾ ਰਹਿੰਦਾ ਹੈਇਹੋ ਤਾਂ ਜੀਵਨ ਦਾ ਭੇਤ ਹੈਹਰਕਤ ਵਿੱਚ ਹੀ ਜ਼ਿੰਦਗੀ ਹੈਕੁਦਰਤ ਦਾ ਸ਼ੁਕਰ ਹੈ, ਹਾਲਾਂ ਹਰਕਤ ਵਿੱਚ ਹਾਂ ਤੇ ਘੁੰਮ ਫਿਰ ਕੇ ਦੁਨੀਆਂ ਦਾ ਮੇਲਾ ਵੇਖ ਰਿਹਾਂ

? ਤੁਸੀਂ ਕਾਲਜ ਦੀ ਪੜ੍ਹਾਈ ਆਪਣੇ ਪਿੰਡ ਤੋਂ ਦੂਰ ਫਾਜ਼ਿਲਕਾ ਵਿੱਚ ਕੀਤੀਕਾਰਨ?

: ਉਦੋਂ ਕਾਲਜ ਦੀ ਪੜ੍ਹਾਈ ਆਮ ਕਿਸਾਨਾਂ ਦੇ ਬੱਚਿਆਂ ਦੇ ਕਰਮਾਂ ਵਿੱਚ ਨਹੀਂ ਸੀਮੈਂ ਵੀ ਕਾਲਜ ਵਿੱਚ ਕਿੱਥੇ ਪੜ੍ਹ ਸਕਣਾ ਸੀ? ਮੇਰੀ ਖੁਸ਼ਕਿਸਮਤੀ ਸਮਝੋ ਕਿ ਮੇਰੀ ਭੂਆ ਸੁਜਾਨ ਕੌਰ ਫਾਜ਼ਿਲਕਾ ਕੋਲ ਪਿੰਡ ਕੋਠੇ ਵਿਆਹੀ ਹੋਈ ਸੀਉੱਥੋਂ ਐੱਮ. ਆਰ. ਕਾਲਜ ਫਾਜ਼ਿਲਕਾ ਚਾਰ ਪੰਜ ਕਿਲੋਮੀਟਰ ਹੈਮੈਂ ਆਪਣੀ ਭੂਆ ਦੇ ਘਰ ਰਹਿ ਕੇ ਕਾਲਜ ਦੀ ਪੜ੍ਹਾਈ ਕਰ ਸਕਿਆਸਕੂਲ ਦੀਆਂ ਤਿੰਨ ਜਮਾਤਾਂ ਤੇ ਕਾਲਜ ਦੀਆਂ ਚਾਰ ਜਮਾਤਾਂ ਮੈਂ ਪਿੰਡ ਕੋਠੇ ਰਹਿ ਕੇ ਪੜ੍ਹੀਆਂਉੱਥੋਂ ਦੀ ਬੋਲ-ਚਾਲ ਤੇ ਰਹਿਤਲ ਦਾ ਮੇਰੇ ’ਤੇ ਕਾਫੀ ਅਸਰ ਹੋਇਆਮੇਰਾ ਸ਼ਬਦ ਭੰਡਾਰ ਵਧਦਾ ਗਿਆਆਪਣੇ ਜੱਦੀ ਪਿੰਡ ਚਕਰ ਵਿੱਚ ਬਚਪਨ ਦੇ ਚੌਦਾਂ ਸਾਲ ਰਿਹਾ ਸਾਂ, ਚੜ੍ਹਦੀ ਜੁਆਨੀ ਦੇ ਸੱਤ ਸਾਲ ਕੋਠੇ ਰਿਹਾ, ਇੱਕ ਸਾਲ ਮੁਕਤਸਰ ਹੋਸਟਲ ਵਿੱਚ ਤੇ ਪੰਜ ਸਾਲ ਦਿੱਲੀ ਦੇਖੀਦਿੱਲੀ ਤੋਂ ਮੈਂ ਬਹੁਤ ਕੁਝ ਸਿੱਖਿਆਫਿਰ ਤੀਹ ਸਾਲ ਦੇ ਕਰੀਬ ਢੁੱਡੀਕੇ ਤੇ ਪੰਜ ਸਾਲ ਮੁਕੰਦਪੁਰ ਰਿਹਾਬਾਕੀ ਸਾਲ ਤੋਰੇ ਫੇਰੇ ਦੇ ਗਿਣ ਲਓਦੇਸ਼ ਵਿਦੇਸ਼ ਦੇ ਅਨੇਕਾਂ ਸ਼ਹਿਰ ਘੁੰਮੇਟੋਰਾਂਟੋ ਦੇ ਸੀ. ਐੱਨ. ਟਾਵਰ ’ਤੇ ਚੜ੍ਹਿਆ, ਲੰਡਨ ਦੀ ਚੰਡੋਲ ਝੂਟੀ ਤੇ ਡਿਜ਼ਨੀਲੈਂਡ ਦੀਆਂ ਢਾਣੀਆਂ ਲਈਆਂਨਨਕਾਣਾ ਸਾਹਿਬ ਦੀ ਯਾਤਰਾ ਕੀਤੀ ਤੇ ਲਾਹੌਰ ਦੇ ਗੇੜੇ ਕੱਢੇਸੈਂਕੜੇ ਖਿਡਾਰੀਆਂ ਤੇ ਲਿਖਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇਦੋ ਲੱਖ ਕਿਲੋਮੀਟਰ ਤੋਂ ਵੱਧ ਪੈਰੀਂ ਤੁਰਿਆ, ਹਜ਼ਾਰਾਂ ਕਿਲੋਮੀਟਰ ਸਾਈਕਲ ਚਲਾਇਆ ਤੇ ਲੱਖਾਂ ਮੀਲ ਹਵਾਈ ਜਹਾਜ਼ਾਂ ਦਾ ਸਫ਼ਰ ਕੀਤਾਪੰਜਾਹ ਕੁ ਹਵਾਈ ਵੀ ਅੱਡੇ ਵੇਖ ਛੱਡੇ ਨੇ

? ਕਿਤੇ ਵਧਾ-ਚੜ੍ਹਾ ਕੇ ਤਾਂ ਨਹੀਂ ਦੱਸ ਰਹੇ?

; ਗਿਣ ਲਓਪੰਜਵੀਂ ਤੋਂ ਬਾਰ੍ਹਵੀਂ ਤਕ ਰੋਜ਼ ਦਸ ਕਿਲੋਮੀਟਰ ਪੈਦਲ ਤੁਰ ਕੇ ਪੜ੍ਹਦਾ ਰਿਹਾਂਹਾਕੀ ਦੇ ਇੱਕ ਮੈਚ ਵਿੱਚ ਅੱਠ ਦਸ ਕਿਲੋਮੀਟਰ ਦੌੜਨਾ ਪੈਂਦਾਹਜ਼ਾਰ ਕੁ ਮੈਚ ਤਾਂ ਖੇਡੇ ਹੀ ਗਏ ਹੋਣਗੇਵੱਡੀ ਭੂਆ ਦੇ ਪਿੰਡ ਲੋਹਗੜ੍ਹ ਤੋਂ ’ਕੇਰਾਂ ਪੰਜਾਹ ਕਿਲੋਮੀਟਰ ਤੁਰ ਕੇ ਚਕਰ ਆਇਆ ਤੇ ਆ ਕੇ ਮੱਝਾਂ ਚਾਰਨ ਤੁਰ ਪਿਆਜਗਰਾਓਂ ਸਾਇੰਸ ਕਾਲਜ ਵਿੱਚ ਇਮਤਿਹਾਨ ਦੀ ਡਿਊਟੀ ਦੇ ਕੇ ਪੰਜ ਵਜੇ ਤੁਰਦਾ ਤੇ 16 ਕਿਲੋਮੀਟਰ ਤੁਰ ਕੇ ਸਾਢੇ ਸੱਤ ਵਜੇ ਢੁੱਡੀਕੇ ਪਹੁੰਚ ਜਾਂਦਾਇੱਕ ਵਾਰ ਫਾਜ਼ਿਲਕਾ ਤੋਂ ਸਾਈਕਲ ਚਲਾ ਕੇ ਦੋ ਸੌ ਕਿਲੋਮੀਟਰ ਦੂਰ ਚਕਰ ਆ ਪੁੱਜਾਸਾਡੇ ਬਜ਼ੁਰਗ ਸੌ ਕਿਲੋਮੀਟਰ ਤੋਂ ਵੱਧ ਤੁਰ ਕੇ ਬਠਿੰਡੇ ਤੋਂ ਰੇਲ ਗੱਡੀ ਚੜ੍ਹਦੇ ਰਹੇ ਨੇਉਦੋਂ ਮੇਰੀ ਅੱਧੀ ਟਿਕਟ ਲੱਗਦੀ ਸੀ ਜਦੋਂ ਮੇਰਾ ਬਾਬਾ ਮੈਨੂੰ ਤੜਕਿਓਂ ਤੋਰ ਕੇ ਵੀਹ ਕਿਲੋਮੀਟਰ ਦੂਰ ਜਗਰਾਓਂ ਤੋਂ ਸੱਤ ਵਜੇ ਵਾਲੀ ਗੱਡੀ ਚੜ੍ਹਾ ਜਾਂਦਾ ਸੀ ਤੇ ਮੁੜਦਿਆਂ ਖੇਤੋਂ ਪੱਠੇ ਵੀ ਲੈ ਆਉਂਦਾ ਸੀਤੁਰਨਾ, ਸਾਈਕਲ ਚਲਾਉਣਾ, ਖੇਡਣਾ ਤੇ ਟੂਰਨਾਮੈਂਟ ਵੇਖਣੇ ਤਾਂ ਮੇਰਾ ਨਿੱਤ ਦਾ ਰੁਝੇਵਾਂ ਰਿਹੈਪਿੰਡਾਂ ਦੇ ਟੂਰਨਾਮੈਂਟਾਂ ਤੋਂ ਲੈ ਕੇ ਵਰਲਡ ਕੱਪਾਂ ਤੇ ਅੰਤਰਰਾਸ਼ਟਰੀ ਖੇਡਾਂ ਤਕ ਮੈਂ ਹਜ਼ਾਰ ਕੁ ਖੇਡ ਮੇਲੇ ਵੀ ਵੇਖ ਲਏ ਹੋਣਗੇ7-8 ਕਿਲੋਮੀਟਰ ਤਾਂ ਮੈਂ 78ਵੇਂ ਸਾਲ ਵਿੱਚ ਵੀ ਰੋਜ਼ਾਨਾ ਤੁਰੀ ਜਾ ਰਿਹਾਂਵਾਹ ਲੱਗਦੀ ਅਖ਼ਬਾਰ ਮੈਂ ਤੁਰ ਫਿਰ ਕੇ ਪੜ੍ਹਦਾਂ ਤੇ ਰੋਟੀ ਵੀ ਬਹੁਤ ਵਾਰ ਖੜ੍ਹ ਕੇ ਹੀ ਖਾਨਾਂਬੈਠ ਕੇ ਲਿਖਣਾ ਜੁ ਪੈਂਦਾਖੜ੍ਹ ਕੇ ਲੱਤਾਂ ਸਿਧੀਆਂ ਹੋ ਜਾਂਦੀਐਂਮੇਰਾ ਨਾਅ੍ਹਰਾ ਹੈ: ਜਿਹੜਾ ਦੌੜ ਸਕਦੈ ਉਹ ਦੌੜੇ, ਤੁਰੇ ਨਾ, ਜਿਹੜਾ ਤੁਰ ਸਕਦੈ ਉਹ ਖੜ੍ਹੇ ਨਾ, ਜਿਹੜਾ ਖੜ੍ਹ ਸਕਦੈ ਉਹ ਬੈਠੇ ਨਾ, ਜਿਹੜਾ ਬੈਠ ਸਕਦੈ ਉਹ ਲੇਟੇ ਨਾਜਿੰਨੇ ਜੋਗਾ ਕੋਈ ਹੈ, ਓਦੂੰ ਘੱਟ ਕਿਉਂ ਕਰੇ? ਜਿਉਂਦਾ ਈ ਕਿਉਂ ਮਰਿਆ ਵਾਂਗ ਜੀਵੇ?

? ਕਾਲਜ ਦੇ ਦਿਨਾਂ ਦੀਆਂ ਕੁਝ ਖੱਟੀਆਂ-ਮਿੱਠੀਆਂ ਵੀ ਸਾਂਝੀਆਂ ਕਰੋ

: ਮੈਂ ਤਿੰਨ ਕਾਲਜਾਂ ਵਿੱਚ ਪੜ੍ਹਿਆਤਿੰਨਾਂ ਦਾ ਹੀ ਬੈੱਸਟ ਐਥਲੀਟ ਤੇ ਮੈਗਜ਼ੀਨਾਂ ਦੇ ਪੰਜਾਬੀ ਭਾਗਾਂ ਦਾ ਵਿਦਿਆਰਥੀ ਸੰਪਾਦਕ ਬਣਿਆਪਰ ਇਸ਼ਕ ਮੁਸ਼ਕ ਵਾਲੀ ਕੋਈ ਇੱਲਤ ਨਹੀਂ ਕੀਤੀ ਜਾਂ ਕਹਿ ਲਓ ਕਰ ਹੀ ਨਹੀਂ ਸਕਿਆਫਾਜ਼ਿਲਕਾ ਦੇ ਕਾਲਜ ਵਿੱਚ ਮੈਂ ਹਾਕੀ ਤੇ ਭੰਗੜੇ ਦੀਆਂ ਟੀਮਾਂ ਦਾ ਕਪਤਾਨ ਸਾਂ, ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ, ਮਾੜਾ ਮੋਟਾ ਗਾਇੱਕ ਤੇ ਬੁਲਾਰਾ ਸਾਂ ਯਾਨੀ ਆਲਰਾਊਂਡਰ ਸਾਂਫਸਟ ਈਅਰ ਵਿੱਚ ਦੋ ਗੁੱਤਾਂ ਕਰਵਾ ਕੇ ਜ਼ਿੰਦਾ ਡਾਨਸ ਵੀ ਕੀਤਾ ਸੀਬੀ.ਐੱਡ. ਕਾਲਜ ਮੁਕਤਸਰ ਤੇ ਖ਼ਾਲਸਾ ਕਾਲਜ ਦਿੱਲੀ ਦੀਆਂ ਏਨੀਆਂ ਖੱਟ-ਮਿਠੀਆਂ ਗੱਲਾਂ ਹਨ ਕਿ ਛਾਪਣ ਲੱਗਿਆ ਮੈਗਜ਼ੀਨ ਦੇ ਕਈ ਵਰਕੇ ਭਰ ਜਾਣਗੇਉਹ ਗੱਲਾਂ ਮੇਰੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਵਿੱਚੋਂ ਪੜ੍ਹੀਆਂ ਜਾ ਸਕਦੀਐਂ

? ਫਿਰ ਵੀ ਇੱਕ-ਅੱਧੀ ਗੱਲ ਤਾਂ ਸੁਣਾ ਹੀ ਦਿਓ

: ਉਦੋਂ ਦਿੱਲੀ ਦੀ ਆਬਾਦੀ ਚੌਵੀ ਪੱਚੀ ਲੱਖ ਸੀਹੁਣ ਤਾਂ ਲੁਧਿਆਣਾ ਹੀ ਉਦੋਂ ਦੇ ਦਿੱਲੀ ਜਿੱਡਾ ਹੋ ਗਿਐਮਸ਼ੀਨ ਵਾਲੇ ਠੰਢੇ ਪਾਣੀ ਦਾ ਗਲਾਸ ਉੱਥੇ ਪਹਿਲਾਂ ਪੰਜੀ ਦਾ ਮਿਲਦਾ ਸੀ ਜੋ ਦੋ ਸਾਲਾਂ ਪਿੱਛੋਂ ਦਸੀ ਦਾ ਹੋ ਗਿਆ ਸੀਪਹਿਲੇ ਦਿਨ ਪੰਜੀ ਦਿੰਦਿਆਂ ਮੈਂ ਹੈਰਾਨ ਹੋਇਆ ਸਾਂ ਕਿ ਇੱਥੇ ਤਾਂ ਫੋਕੇ ਪਾਣੀ ਦਾ ਗਲਾਸ ਵੀ ਮੁੱਲ ਵਿਕਦੈਮੈਂ ਪਿਆਓ ਸਮਝ ਕੇ ਪੀ ਬੈਠਾ ਸਾਂਚਾਹ ਦਾ ਕੱਪ ਪੱਚੀ ਪੈਸੇ ਦਾ ਸੀ ਤੇ ਯੂਨੀਵਰਸਿਟੀ ਜਾਣ ਵਾਲੀ ਬੱਸ ਦੀ ਟਿਕਟ ਦੇ ਵੀ ਪੱਚੀ ਪੈਸੇ ਲੱਗਦੇ ਸਨਸਵੇਰੇ ਮੈਂ ਪੜ੍ਹਨ ਜਾਣ ਲੱਗਾ ਦੁੱਧ ਦੇ ਨਾਲ ਬੰਦ ਤੇ ਬਰੈੱਡ ਬਗੈਰਾ ਖਾ ਜਾਂਦਾ ਸਾਂ ਤੇ ਦੁਪਹਿਰੇ ਯੂਨੀਵਰਸਿਟੀ ਦੀ ਕੰਧ ’ਤੇ ਬਹਿ ਕੇ ਛੱਲੀਆਂ ਚੱਬ ਲੈਂਦਾ ਸਾਂਇੱਕ ਛੱਲੀ ਦਸੀ ਦੀ ਆਉਂਦੀ ਸੀਤਿੰਨ ਚਾਰ ਛੱਲੀਆਂ ਨਾਲ ਢਿੱਡ ਭਰ ਜਾਂਦਾ ਸੀਛੱਲੀਆਂ ਭੁੰਨਣ ਵਾਲੀ ਕਾਲੀ ਮਿਰਚ ਤੇ ਲੂਣ ਵਾਲਾ ਨਿੰਬੂ ਦਾਣਿਆਂ ਉੱਤੇ ਘਸਾ ਕੇ ਛੱਲੀਆਂ ਸੁਆਦੀ ਬਣਾ ਦਿੰਦੀ ਸੀਛੱਲੀਆਂ ਤਾਂ ਪਿੰਡ ਵੀ ਬਥੇਰੀਆਂ ਚੱਬੀਆਂ ਸਨ ਪਰ ਦਿੱਲੀ ਦੀਆਂ ਛੱਲੀਆਂ ਦਾ ਸੁਆਦ ਅਜੇ ਵੀ ਮੇਰੇ ਮੂੰਹ ਵਿੱਚ ਹੈ

ਇੱਕ ਦਿਨ ਮੇਰੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਪੁੱਛਣ ਲੱਗੀਆਂ, “ਵੀਰ ਜੀ, ਤੁਸੀਂ ਰੋਟੀ ਖਾਣ ਵੇਲੇ ਕਿੱਥੇ ਜਾਂਦੇ ਓ?” ਮੈਂ ਟਪਲਾ ਮਾਰਿਆ, “ਐਧਰ ਰੂਪ ਨਗਰ ਵੱਲ ਇੱਕ ਢਾਬਾ ਐ।” ਉਹਨਾਂ ਨੇ ਮੈਨੂੰ ਕਿਤੇ ਕੰਧ ’ਤੇ ਬੈਠੇ ਛੱਲੀਆਂ ਚੱਬਦੇ ਵੇਖ ਲਿਆ ਸੀਇੱਕ ਕਹਿਣ ਲੱਗੀ, “ਕਿਤੇ ਛੱਲੀਆਂ ਚੱਬ ਕੇ ਈ ਤਾਂ ਨਹੀਂ ਡੰਗ ਸਾਰੀ ਜਾਂਦੇ?” ਬਾਤ ਉਹਨੇ ਬੁੱਝ ਲਈ ਸੀਰੋਟੀ ਮੈਂ ਨਾਲ ਨਹੀਂ ਸਾਂ ਲਿਜਾ ਸਕਦਾਯੂਨੀਵਰਸਿਟੀ ਦੇ ਨੇੜੇ ਕੋਈ ਢਾਬਾ ਵੀ ਨਹੀਂ ਸੀ ਇਸ ਲਈ ਛੱਲੀਆਂ ਚੱਬ ਕੇ ਡੰਗ ਸਾਰਨਾ ਮੇਰੀ ਮਜਬੂਰੀ ਸੀਮੈਂ ਕੱਚੇ ਹੁੰਦਿਆਂ ਕਿਹਾ, “ਹਾਂ, ਛੱਲੀਆਂ ਵੀ ਚੱਬ ਲੈਨਾਂਤੁਸੀਂ ਵੀ ਚੱਬਣੀਆਂ ਹੋਈਆਂ ਤਾਂ ਲੈ ਆਵਾਂਗਾ।”

ਕੁੜੀਆਂ ਬੜੀਆਂ ਪਿਆਰੀਆਂ ਸਨਉਦੋਂ ਮੈਂ ਵੀ ਬਣਦਾ ਫੱਬਦਾ ਸਾਂਉਹ ਕਹਿਣ ਲੱਗੀਆਂ, “ਵੀਰ ਜੀ, ਅਸੀਂ ਇੱਕ ਇੱਕ ਫੁਲਕਾ ਵੱਧ ਲੈ ਆਇਆ ਕਰਾਂਗੀਆਂਤੁਸੀਂ ਸਾਡੇ ਨਾਲ ਈ ਰੋਟੀ ਖਾ ਲਿਆ ਕਰੋ।” ਮੈਂ ਕਿਹਾ, “ਕਿਸੇ ਦਿਨ ਸੁਦ ’ਤੇ ਤਾਂ ਖਾ ਸਕਦਾਂ, ਹਰ ਰੋਜ਼ ਨਹੀਂ।” ਮੇਰਾ ਪੇਂਡੂ ਪਿਛੋਕੜ ਮੈਨੂੰ ਭਾਪਿਆਂ ਦੀਆਂ ਕੁੜੀਆਂ ਨਾਲ ਬਹੁਤਾ ਘੁਲਣ ਮਿਲਣ ਨਹੀਂ ਸੀ ਦੇ ਰਿਹਾ ਪਰ ਚਿੱਤੋਂ ਮੈਂ ਕੁੜੀਆਂ ਦੀ ਸੰਗਤ ਮਾਣ ਕੇ ਖ਼ੁਸ਼ ਸਾਂਉਨ੍ਹਾਂ ਕੋਲੋਂ ਅਤਰ ਫੁਲੇਲ ਦੀਆਂ ਮਹਿਕਾਂ ਆਉਂਦੀਆਂਹੱਸਦੀਆਂ ਤਾਂ ਚਿੱਟੇ ਦੰਦ ਚਮਕਦੇਗੱਲ੍ਹਾਂ ਵਿੱਚ ਟੋਏ ਪੈਂਦੇਇੱਕ ਕੁੜੀ ਕੁਝ ਵਧੇਰੇ ਹੀ ਮੋਹ ਕਰਦੀ ਸੀਉਹ ਪੁੱਛਣ ਲੱਗੀ, “ਵੀਰ ਜੀ, ਤੁਸੀਂ ਕਿੰਨੇ ਫੁਲਕੇ ਖਾ ਲੈਂਦੇ ਓ?” ਮੇਰਾ ਜੀਅ ਤਾਂ ਕਰਦਾ ਸੀ ਕਿ ਕਹਿ ਦੇਵਾਂ, “ਜੇ ਕਿਤੇ ਤੂੰ ਫੁਲਕੇ ਲਾਹ ਕੇ ਦੇਈ ਚੱਲੇਂ ਤਾਂ ਮੈਂ ਰੱਜਾਂ ਈ ਨਾ!” ਪਰ ਮੈਂ ਕਿਹਾ, “ਭੈਣ ਜੀ, ਮੈਂ ਵੇਖਣ ਨੂੰ ਈ ਛਾਬਾ ਰੋਟੀਆਂ ਦਾ ਖਾਣ ਵਾਲਾ ਲੱਗਦਾਂਊਂ ਤਾਂ ਮੈਂ ਚਹੁੰ ਕੁ ਫੁਲਕਿਆਂ ਨਾਲ ਈ ਰੱਜ ਜਾਨਾਂ।”

? ਤੁਸੀਂ ਕਹਾਣੀਆਂ/ਨਾਵਲ ਲਿਖ ਕੇ ਸਥਾਪਿਤ ਸਾਹਿਤਕਾਰ ਮੰਨੇ ਜਾ ਸਕਦੇ ਸੀਹੁਣ ਕੇਵਲ ‘ਖੇਡ ਲੇਖਕ’ ਕਹੇ ਜਾਂਦੇ ਹੋਖੇਡ ਲੇਖਕ ਬਣ ਕੇ ਕੀ ਖੱਟਿਆ?

: ਇਹੋ ਜਿਹਾ ਸਵਾਲ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ’ ਪੁਸਤਕ ਸੰਪਾਦਿਤ ਕਰਦਿਆਂ ਵਰਿਆਮ ਸਿੰਘ ਸੰਧੂ ਨੇ ਵੀ ਮੈਥੋਂ ਪੁੱਛਿਆ ਸੀਪਹਿਲੀ ਗੱਲ ਤਾਂ ਇਹ ਐ ਕਿ ਮੈਂ ਕੇਵਲ ‘ਖੇਡ ਲੇਖਕ’ ਹੀ ਨਹੀਂਮੈਂ ‘ਅੱਖੀਂ ਵੇਖ ਨਾ ਰੱਜੀਆਂ’ ਤੇ ‘ਫੇਰੀ ਵਤਨਾਂ ਦੀ’ ਸਫ਼ਰਨਾਮੇ, ‘ਪਿੰਡ ਦੀ ਸੱਥ ਵਿੱਚੋਂ’ ਤੇ ‘ਬਾਤਾਂ ਵਤਨ ਦੀਆਂ’ ਪੇਂਡੂ ਸਭਿਆਚਾਰ ਤੇ ਹਾਸ ਵਿਅੰਗ ਦੀਆਂ ਪੁਸਤਕਾਂ, ‘ਹਸੰਦਿਆਂ ਖੇਲੰਦਿਆਂ’ ਸਵੈਜੀਵਨੀ, ‘ਗੋਲਡਨ ਗੋਲ’ ਤੇ ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’ ਜੀਵਨੀਆਂ, ‘ਪੰਜਾਬ ਦੇ ਕੋਹੇਨੂਰ’ ਜੀਵਨੀਨੁਮਾ ਨਿਬੰਧਾਂ ਦੀਆਂ ਤਿੰਨ ਪੁਸਤਕਾਂ ਤੇ ਅਮਰਦੀਪ ਕਾਲਜ ਦੇ ਦਾਨਵੀਰਾਂ ਨਾਲ ਸੰਬੰਧਿਤ ਪੁਸਤਕ ਵੀ ਲਿਖੀ ਐਕੁਝ ਕਹਾਣੀਆਂ ਲਿਖੀਆਂ ਨੇ ਤੇ ਦੋ ਪੁਸਤਕਾਂ ਦੇ ਅਨੁਵਾਦ ਵੀ ਕੀਤੇ ਨੇਤਿੰਨ ਕਿਤਾਬਾਂ ਸੰਪਾਦਿਤ ਕੀਤੀਆਂ ਹਨਪੰਜਾਬ ਦੇ ਮੇਲੇ ਮੁਸਾਹਬੇ ਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਦਰਜਨਾਂ ਲੇਖ ਲਿਖੇ ਨੇਇਹ ਠੀਕ ਐ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਵਧੇਰੇ ਪੁਸਤਕਾਂ ਲਿਖੀਆਂ ਗਈਆਂ ਨੇ ਜਿਸ ਕਰਕੇ ਬਹੁਤੇ ਬੰਦੇ ਮੈਨੂੰ ‘ਖੇਡ ਲੇਖਕ’ ਹੀ ਸਮਝਦੇ ਨੇ‘ਖੇਡ ਲੇਖਕ’ ਮੇਰੀ ਅੱਲ ਪੈ ਗਈ ਐਐਨ ਓਵੇਂ ਜਿਵੇਂ ਮਾਲਵੇ ਦੇ ਉਸ ਬੰਦੇ ਦੀ ਪਈ ਸੀ ਜਿਹੜਾ ਤਰਨਤਾਰਨ ਮੱਸਿਆ ਨ੍ਹਾਉਣ ਗਿਆ ਮਾਝੇ ਦੇ ਕਿਸੇ ਪਿੰਡੋਂ ਪੱਠੇ ਢੋਣ ਲਈ ਗਧੀ ਲੈ ਆਇਆ ਸੀਗਧੀ ਕਾਹਦੀ ਲਿਆਂਦੀ, ਉਹਨਾਂ ਦੇ ਲਾਣੇ ਦੀ ਅੱਲ ਈ ‘ਗਧੀ ਵਾਲੇ’ ਪੈ ਗਈਉਹਨਾਂ ਦੀ ਅਗਲੀ ਪੀੜ੍ਹੀ ਕੋਲ ਕਾਰਾਂ ਤੇ ਕੰਬਾਈਨਾਂ ਨੇ ਪਰ ਵੱਜਦੇ ਉਹ ਹਾਲੇ ਵੀ ‘ਗਧੀ ਵਾਲੇ’ ਈ ਨੇ! ਮੈਨੂੰ ਵੀ ਲੱਗਦੈ ਮੈਂ ਭਾਵੇਂ ਕਹਾਣੀਆਂ ਛੱਡ ਕੇ ਨਾਵਲ ਵੀ ਲਿਖ ਦਿਆਂ ਪਰ ਵੱਜਾਂਗਾ ਕੇਵਲ ‘ਖੇਡ ਲੇਖਕ’ ਹੀ!

? ਪਹਿਲਾਂ ਪਹਿਲ ਕੀ ਲਿਖ ਕੇ ਲਿਖਣਾ ਸ਼ੁਰੂ ਕੀਤਾ ਸੀ

ਸ਼ੁਰੂ ਵਿੱਚ ਮੈਂ ਕਹਾਣੀ ਹੀ ਲਿਖਣ ਲੱਗਾ ਸਾਂਮੇਰੀ ਪਹਿਲੀ ਕਹਾਣੀ ‘ਨਚਾਰ’ ਤੇ ਪਹਿਲੀ ਵਾਰਤਕ ਰਚਨਾ ‘ਮੇਲਾ ਮੁਕਸਰ ਦਾ’ 1965 ਵਿੱਚ ‘ਆਰਸੀ’ ਵਿੱਚ ਛਪੇ ਸਨਕਿਸੇ ਨਵ-ਲੇਖਕ ਦੀਆਂ ਪਹਿਲੀਆਂ ਰਚਨਾਵਾਂ ਚੋਟੀ ਦੇ ਸਾਹਿਤਕ ਰਸਾਲੇ ਵਿੱਚ ਛਪ ਜਾਣੀਆਂ ਵੱਡੀ ਛਾਲ ਸੀਜੇਕਰ ਮੈਂ ਖ਼ੁਦ ਖਿਡਾਰੀ ਨਾ ਹੁੰਦਾ ਤੇ ਬਲਵੰਤ ਗਾਰਗੀ ਦੀ ਪੁਸਤਕ ‘ਨਿੰਮ ਦੇ ਪੱਤੇ’ ਨਾ ਪੜ੍ਹਦਾ ਤਾਂ ਸੰਭਵ ਸੀ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦਾ ਮੋੜ ਨਾ ਕੱਟਦਾਮੈਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖੇ ਤਾਂ ਉਹ ਵੀ ‘ਆਰਸੀ’ ਵਿੱਚ ਛਪਣ ਲੱਗੇ ਜਿਸ ਨਾਲ ਮੇਰਾ ਖਿਡਾਰੀਆਂ ਬਾਰੇ ਲਿਖਣ ਦਾ ਉਤਸ਼ਾਹ ਵਧਦਾ ਗਿਆਪੰਜਾਬੀ ਵਿੱਚ ਖੇਡਾਂ ਖਿਡਾਰੀਆਂ ਬਾਰੇ ਲਿਖਣ ਦਾ ਮੈਦਾਨ ਅਸਲੋਂ ਖਾਲੀ ਪਿਆ ਸੀਮੈਂ ਸੋਚਿਆ, ਮਨਾਂ, ਪੰਜਾਬੀ ਵਿੱਚ ਕਹਾਣੀਆਂ ਤੇ ਕਵਿਤਾਵਾਂ ਲਿਖਣ ਵਾਲੇ ਤਾਂ ਬੇਅੰਤ ਹਨਇੱਟ ਪੱਟਿਆਂ ਕਹਾਣੀਕਾਰ ਤੇ ਕਵੀ ਨਿਕਲ ਰਹੇ ਹਨ, ਬਲਕਿ ਬੈਠੇ ਈ ਇੱਟਾਂ ’ਤੇ ਹਨਮੈਂ ਇੱਕ ਹੋਰ ਇੱਟ ’ਤੇ ਬਹਿ ਜਾਵਾਂਗਾ! ਕਹਾਣੀਆਂ ਲਿਖੀ ਗਿਆ ਤਾਂ ਨਾ ਮੈਂ ਤਿੰਨਾਂ ਵਿੱਚ ਹੋਵਾਂਗਾ ਤੇ ਨਾ ਤੇਰ੍ਹਾਂ ਵਿੱਚਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਿੱਚ ਮੈਂ ਕਿਸੇ ਨੂੰ ਡਾਹੀ ਨਹੀਂ ਦਿੰਦਾ ਭਾਵੇਂ ਘੋੜੀਆਂ ਮਗਰ ਲਾ ਲੈਣ! ਕਹਾਣੀਆਂ ਲਿਖਣ ਵਿੱਚ ਵਰਿਆਮ ਵਰਗਿਆਂ ਨੇ ਕਦੋਂ ਰਲਣ ਦੇਣਾ ਸੀ? ਕਹਾਣੀ ਲਿਖਦਾ ਰਹਿੰਦਾ ਤਾਂ ਪਤਾ ਨਹੀਂ ਕਿੰਨਵਾਂ ਨੰਬਰ ਹੁੰਦਾ? ਹੁਣ ਮੈਂ ਪਹਿਲੇ ਨੰਬਰ ’ਤੇ ਆਂਬੱਸ ਇਹੋ ਕਾਰਨ ਸਮਝ ਲਓ ਕਿ ਕਹਾਣੀਕਾਰ ਬਣਨ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਮੇਰਾ ਵਧੇਰੇ ਸਮਾਂ ਖੇਡ ਸਾਹਿਤ ਦੇ ਲੇਖੇ ਲੱਗ ਗਿਆਪਰ ਮੈਨੂੰ ਕੋਈ ਝੋਰਾ ਨਹੀਂ ਕਿ ਕਹਾਣੀਕਾਰਾਂ ਵਾਂਗ ਮੈਨੂੰ ਸਾਹਿਤਕਾਰ ਨਹੀਂ ਸਮਝਿਆ ਜਾਂਦਾਮੈਂ ਸਿਹਤਕਾਰ ਸਮਝੇ ਜਾਣ ਨਾਲ ਹੀ ਸੰਤੁਸ਼ਟ ਆਂਗਲਪ ਸਾਹਿਤ ਦੀ ਆਪਣੀ ਥਾਂ ਹੁੰਦੀ ਐ, ਗਿਆਨ ਸਾਹਿਤ ਦੀ ਆਪਣੀਪੰਜਾਬੀ ਵਿੱਚ ਗਲਪ ਸਾਹਿਤ ਰਚਣ ਵਾਲੇ ਬਹੁਤੇ ਨੇ ਤੇ ਗਿਆਨ ਸਾਹਿਤ ਵਾਲੇ ਥੋੜ੍ਹੇ ਨੇ ਜਿਸ ਕਰ ਕੇ ਗਲਪਕਾਰਾਂ ਦੀ ਵਧੇਰੇ ਬੱਲੇ-ਬੱਲੇ ਐ!

ਖੱਟਣ ਕਮਾਉਣ ਦੀ ਗੱਲ ਵੀ ਦੱਸ ਦਿਆਂਖ਼ਾਲਸਾ ਕਾਲਜ ਦਿੱਲੀ ਵਿੱਚ ਪੜ੍ਹਾਉਂਦਿਆਂ ਜਦੋਂ ਮੇਰੇ ਲਿਖੇ ਖਿਡਾਰੀਆਂ ਦੇ ਰੇਖਾ ਚਿੱਤਰ ‘ਆਰਸੀ’ ਵਿੱਚ ਛਪਣ ਲੱਗੇ ਤਾਂ ਉਸੇ ਕਾਲਜ ਵਿੱਚ ਹੀ ਪੜ੍ਹਾ ਰਹੇ ਡਾ. ਹਰਿਭਜਨ ਸਿੰਘ ਨੂੰ ਬੜੇ ਭਾਏਕਾਲਜ ਦੀ ਸਾਲਾਨਾ ਅਥਲੈਟਿਕਸ ਮੀਟ ਹੁੰਦੀ ਤਾਂ ਅਸੀਂ ਬਰਾ ਬਰੋਬਰ ਮਾਈਕ ਫੜ ਬਹਿੰਦੇਮੇਰੇ ਹਸਾਉਣੇ ਤੇ ਉਹਦੇ ਕਾਵਿਕ ਬੋਲ ਰੰਗ ਬੰਨ੍ਹ ਦਿੰਦੇਅਸੀਂ ਦਰਸ਼ਕਾਂ/ਸਰੋਤਿਆਂ ਦਾ ਜੀਅ ਪਰਚਾਈ ਰਖਦੇਉਹ ਕਮਾਲ ਦਾ ਕੁਮੈਂਟੇਟਰ ਸੀਜੇਕਰ ਜਸਦੇਵ ਸਿੰਘ ਦੀ ਥਾਂ ਲੈ ਲੈਂਦਾ ਤਾਂ ਸੰਭਵ ਸੀ ਜਸਦੇਵ ਨੂੰ ਵੀ ਮਾਤ ਪਾ ਜਾਂਦਾਇੱਕ ਵਾਰ ਮੇਰੀ ਖੇਡ ਰਚਨਾ ਪੜ੍ਹ ਕੇ ਉਸ ਨੇ ਕਿਹਾ, “ਜੱਟਾ, ਜੇ ਕਿਧਰੇ ਖੇਡਾਂ ਖਿਡਾਰੀਆਂ ਬਾਰੇ ਅੰਗਰੇਜ਼ੀ ਵਿੱਚ ਲਿਖੇਂ ਤਾਂ ਪੂਰੀ ਦੁਨੀਆ ਵਿੱਚ ਪੜ੍ਹਿਆ ਜਾਵੇਂਜੇ ਜਸਦੇਵ ਵਾਂਗ ਹਿੰਦੀ ਬੋਲ ਸਕੇਂ ਤਾਂ ਉਹਦੇ ਵਾਂਗ ਹੀ ਹਵਾਈ ਜਹਾਜ਼ਾਂ ’ਤੇ ਚੜ੍ਹੇਂ ਅਤੇ ਏਸ਼ੀਅਨ ਤੇ ਓਲੰਪਿਕ ਖੇਡਾਂ ਕਵਰ ਕਰੇਂ।”

ਪਰ ਮੈਂ ਪੰਜਾਬੀ ਵਿੱਚ ਹੀ ਲਿਖਣ ਬੋਲਣ ਦੀ ਅੜੀ ਫੜੀ ਰੱਖੀਮੇਰੀ ਅੜੀ ਤੋਂ ਅੱਕ ਕੇ ਉਸ ਨੇ ਕਿਹਾ, “ਹੁਣ ਤੂੰ ਸਾਈਕਲ ਸਵਾਰ ਏਂਪੰਜਾਬੀ ਵਿੱਚ ਲਿਖ ਕੇ ਵੱਧ ਤੋਂ ਵੱਧ ਸਕੂਟਰ ਸਵਾਰ ਹੋ ਸਕੇਂਗਾ, ਇਸ ਤੋਂ ਵੱਧ ਨਹੀਂ।”

ਕਾਸ਼! ਡਾ. ਸਾਹਿਬ ਜੀਂਦੇ ਹੁੰਦੇ ਤਾਂ ਵੇਖਦੇ ਕਿ ਸਾਈਕਲ ਸਵਾਰ ਪੰਜਾਬੀ ਖੇਡ ਲੇਖਕ ਤੇ ਖੇਡ ਬੁਲਾਰੇ ਨੂੰ ਪੰਜਾਬੀ ਪਿਆਰਿਆਂ ਨੇ ਸਕੂਟਰ ਦਾ ਸਵਾਰ ਹੀ ਨਹੀਂ, ਹਵਾਈ ਜਹਾਜ਼ਾਂ ਦਾ ਸਵਾਰ ਬਣਾ ਕੇ ਹੰਭਾਅ ਛੱਡਿਆ ਹੈ! ਜਿਹੜੇ ਕਹਿੰਦੇ ਹਨ ਕਿ ਪੰਜਾਬੀ ਵਿੱਚ ਕੁਝ ਨਹੀਂ ਪਿਆ, ਮੈਂ ਉਨ੍ਹਾਂ ਵਿੱਚੋਂ ਨਹੀਂ

? ਤੁਹਾਡੀ ਸਵੈਜੀਵਨੀ ਪੜ੍ਹ ਕੇ ਪਤਾ ਲੱਗਦੈ ਕਿ ਤੁਹਾਡੀ ਜ਼ਿੰਦਗੀ ਵਿੱਚ ਕਈ ਮੋੜ ਅਚਾਨਕ ਆਏਆਪਣੇ ਜੀਵਨ ਵਿੱਚ ਸਬੱਬੀਂ ਵਾਪਰੇ ਮੌਕਾ-ਮੇਲ ਸਾਂਝੇ ਕਰਨਾ ਚਾਹੋਗੇ?

: ਇਹ ਸਹੀ ਹੈ ਕਿ ਮੇਰਾ ਸਤੱਤਰ ਅਠੱਤਰ ਸਾਲ ਦਾ ਜੀਵਨ ਹਵਾ ਦੇ ਬੁੱਲਿਆਂ ਵਾਂਗ ਰਿਹਾਜਿਵੇਂ ਬੁੱਲਾ ਅਚਾਨਕ ਰੁਖ਼ ਬਦਲਦੈ, ਮੇਰੇ ਨਾਲ ਵੀ ਐਸਾ ਹੀ ਹੁੰਦਾ ਰਿਹੈਮੈਂ ਬਿਨਾਂ ਕਿਸੇ ਖ਼ਾਸ ਕਾਰਨ ਦੇ ਤਿੰਨ ਹਾਈ ਸਕੂਲ ਬਦਲੇਮਹਿੰਦਰਾ ਕਾਲਜ ਪਟਿਆਲੇ ਤੋਂ ਐੱਮ.ਏ. ਕਰਨ ਚੱਲਿਆ ਮੁਕਤਸਰ ਬੀ.ਐੱਡ. ਕਰਨ ਲੱਗ ਪਿਆਚੱਲਿਆ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਣ ਤੇ ਜਾ ਪਹੁੰਚਾ ਦਿੱਲੀ ਦੇ ਖਾਲਸਾ ਕਾਲਜਉਸੇ ਕਾਲਜ ਵਿੱਚ ਪ੍ਰੋਫੈਸਰੀ ਮਿਲੀ ਤਾਂ ਛੱਡ ਕੇ ਢੁੱਡੀਕੇ ਆ ਗਿਆ1983 ਵਿੱਚ ਗੁਰੂ ਨਾਨਕ ਕਾਲਜ ਮੋਗੇ ਦਾ ਪ੍ਰਿੰਸੀਪਲ ਚੁਣੇ ਜਾਣ ’ਤੇ ਵੀ ਪ੍ਰਿੰਸੀਪਲੀ ਨਹੀਂ ਕੀਤੀ ਪਰ 1996 ਵਿੱਚ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਜਾ ਸੰਭਾਲੀਮੈਂ ਕਹਿੰਦਾ ਰਿਹਾ ਕਿ ਦੋਹਾਂ ਪੁੱਤਰਾਂ ਵਿੱਚੋਂ ਕਿਸੇ ਨੂੰ ਵੀ ਵਿਦੇਸ਼ ਨਹੀਂ ਭੇਜਣਾ ਪਰ ਛੋਟਾ ਬੈਂਕ ਦੀ ਨੌਕਰੀ ਕਰਦਾ ਹੋਣ ਦੇ ਬਾਵਜੂਦ ਕੈਨੇਡਾ ਵਿਆਹ ਲਿਆ ਤੇ ਮਗਰੇ ਆਪ ਚਲਾ ਗਿਆਲਿਖਣ ਲੱਗਾ ਸੀ ਕਹਾਣੀਆਂ ਤੇ ਲਿਖੀ ਜਾ ਰਿਹਾਂ ਖੇਡਾਂ ਖਿਡਾਰੀਆਂ ਬਾਰੇ

ਅਸਲ ਵਿੱਚ ਮੇਰੇ ਜੀਵਨ ਦਾ ਕਦੇ ਵੀ ਕੋਈ ਪੱਕੇ ਤੌਰ ’ਤੇ ਮਿਥਿਆ ਨਿਸ਼ਾਨਾ ਨਹੀਂ ਰਿਹਾਜੇ ਮੈਂ ਦਸਵੀਂ ਵਿੱਚੋਂ ਫੇਲ੍ਹ ਹੋ ਜਾਂਦਾ ਤਾਂ ਹੋ ਸਕਦੈ ਦੂਜੇ ਭਰਾਵਾਂ ਵਾਂਗ ਖੇਤੀਬਾੜੀ ਕਰਦਾ ਜਾਂ ਫੌਜ ਵਿੱਚ ਭਰਤੀ ਹੋ ਜਾਂਦਾਖਾਲਸਾ ਕਾਲਜ ਅੰਮ੍ਰਿਤਸਰ ਪਹੁੰਚ ਜਾਂਦਾ ਤਾਂ ਸੰਭਵ ਸੀ ਹੋਰਨਾਂ ਖਿਡਾਰੀਆਂ ਵਾਂਗ ਪੜ੍ਹਾਈ ਤੋਂ ਮੂੰਹ ਮੋੜ ਲੈਂਦਾ ਤੇ ਲੈਕਚਰਾਰ ਲੱਗਣ ਦੀ ਥਾਂ ਠਾਣੇਦਾਰ ਜਾ ਲੱਗਦਾ! ਅਜੇ ਵੀ ਕੋਈ ਪਤਾ ਨਹੀਂ ਕਿ ਬੁੱਢੇਵਾਰੇ ਕੀ ਕਰ ਬਵ੍ਹਾਂ ਜਾਂ ਮੇਰੇ ਨਾਲ ਕੀ ਹੋ ਜਾਵੇ? ਮੈਂ ਕਿਸੇ ਸੇਧ ਦੀ ਥਾਂ ਬੇਸੇਧਾ ਹੀ ਚਲਦਾ ਰਿਹਾਂਇਹ ਤਾਂ ਕੁਦਰਤ ਦਾ ਗੇੜ ਐ ਕਿ ਦਾਅ ਸਹੀ ਪੈਂਦੇ ਰਹੇਉਂਜ ਨਾ ਮੈਨੂੰ ਕਿਸੇ ਗ਼ੈਬੀ ਸ਼ਕਤੀ ਦਾ ਵਿਸ਼ਵਾਸ ਹੈ ਤੇ ਨਾ ਕਿਸੇ ਹੋਰ ਕਰਮਕਾਂਡ ਦਾ ਭਰਮ ਭੈਅਮੈਂ ਵਿਖਾਵੇ ਦਾ ਹੀ ਆਸਤਕ ਹਾਂ, ਉਂਜ ਹਾਂ ਨਾਸਤਕਵੇਖਣ ਨੂੰ ‘ਗਿਆਨੀ ਜਿਹਾ’ ਲੱਗਦਾਂ ਪਰ ਹੈਗਾਂ ਖਾਣ ਪੀਣ ਵਾਲਾਮੇਰੀ ਖੁੱਲ੍ਹੀ ਦਾੜ੍ਹੀ ਮੇਰਾ ਬਹੁਤ ਕੁਝ ਢਕੀ ਬੈਠੀ ਐ! ਮੈਂ ਹਾਲਾਤ ਦੇ ਮੁਤਾਬਿਕ ਢਲਦਾ ਰਿਹਾਂ ਤੇ ਆਪਣੇ ਮੁਤਾਬਿਕ ਹਾਲਾਤ ਨੂੰ ਢਾਲਦਾ ਰਿਹਾਂ

? ਤੁਸੀਂ ਪੱਤਰਕਾਰੀ ਤੇ ਸਾਹਿਤਕਾਰੀ ਨੂੰ ਕਿਵੇਂ ਲੈਂਦੇ ਹੋ?

: ਮੈਂ ਪੱਤਰਕਾਰੀ ਤੇ ਸਾਹਿਤਕਾਰੀ ਨੂੰ ਬਹੁਤਾ ਨਿਖੇੜ ਕੇ ਨਹੀਂ ਵੇਖਦਾਮੇਰੇ ਲਈ ਇਹ ਰਲਗੱਡ ਕਲਾਵਾਂ ਨੇਉਂਜ ਵੀ ਮੇਰੀਆਂ ਲਿਖਤਾਂ ਖੁਸ਼ਕ ਪੱਤਰਕਾਰੀ ਦੀ ਥਾਂ ਸਾਹਿਤਕ ਪੱਤਰਕਾਰੀ ਵਾਲੀਆਂ ਹਨਮੈਂ ਭਾਵੇਂ ਕਿਸੇ ਖੇਡ ਮੇਲੇ ਦੀ ਰਿਪੋਰਟ ਲਿਖ ਰਿਹਾ ਹੋਵਾਂ ਉਸ ਨੂੰ ਸਾਹਿਤਕ ਛੋਹਾਂ ਦੇਣੋਂ ਨਹੀਂ ਰਹਿ ਸਕਦਾਏਸ਼ੀਅਨ ਖੇਡਾਂ ਦੀ ਰਿਪੋਰਟਿੰਗ ਕਰਦਿਆਂ ਮੈਂ ਲਿਖਿਆ ਸੀ, “ਏਸ਼ੀਆ ਦੇ ਜ਼ੋਰ ਤੇ ਜੋਬਨ ਨੇ ਜੋ ਖੇਡ-ਲੀਲ੍ਹਾ ਰਚੀ ਉਹਦਾ ਜਲੌਅ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾਭਲਾ ਕੌਣ ਭੁੱਲੇਗਾ ਭਾਰਤ ਦੇ ਲੋਕ ਨਾਚਾਂ ਦੀਆਂ ਝਲਕਾਂ ਜੋ ਨਹਿਰੂ ਸਟੇਡੀਅਮ ਦੇ ਵਿਹੜੇ ਵਿੱਚ ਵੇਖੀਆਂਭੰਬੀਰੀਆਂ ਵਾਂਗ ਘੁੰਮਦੀਆਂ ਨੱਢੀਆਂ ਤੇ ਮਸਤੀ ਵਿੱਚ ਝੂੰਮਦੇ ਚੋਬਰਲਿਸ਼ਕਦੀਆਂ ਰੰਗ ਬਰੰਗੀਆਂ ਪੁਸ਼ਾਕਾਂ, ਸਾਜ਼ਾਂ ਦੀਆਂ ਮਧੁਰ ਧੁਨਾਂ, ਨਾਚੀਆਂ ਦੀਆਂ ਕੂਲੀਆਂ ਅਦਾਵਾਂ ਤੇ ਧੂਫਾਂ ਦੀਆਂ ਸੁਗੰਧੀਆਂਅਜਿਹਾ ਰੰਗੀਨ ਸੁਫ਼ਨਾ ਜਿਸ ਵਿੱਚ ਰੰਗਾਂ ਦਾ ਮੀਂਹ ਵਰ੍ਹਦਾ ਰਿਹਾ ...।”

ਤੇ ਤੈਰਦੀਆਂ ਮੁਟਿਆਰਾਂ ਬਾਰੇ ਲਿਖਿਆ, “ਕਦ ਭੁੱਲਣਗੀਆਂ ਉਹ ਪਾਣੀ ਦੀਆਂ ਪਰੀਆਂ ਜਿਨ੍ਹਾਂ ਨੇ ਤਾਲਕਟੋਰਾ ਤੈਰਨ ਤਲਾਅ ਦੇ ਨੀਲੇ ਨਿਰਮਲ ਪਾਣੀਆਂ ਨੂੰ ਅੱਗ ਲਾਈ ਰੱਖੀਉਨ੍ਹਾਂ ਦੇ ਸੋਨ-ਰੰਗੇ ਬਦਨ ਜਿਨ੍ਹਾਂ ਤੋਂ ਨਿਗਾਹਾਂ ਤਿਲ੍ਹਕ-ਤਿਲ੍ਹਕ ਜਾਂਦੀਆਂ ...।”

ਜੇ ਕੋਈ ਸਾਹਿਤਕ ਛੋਹਾਂ ਵਾਲੀ ਰਚਨਾ ਅਖ਼ਬਾਰਾਂ ਵਿੱਚ ਛਪੇ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹ ਪੱਤਰਕਾਰੀ ਬਣ ਗਈਮੇਰੀਆਂ ਲਿਖਤਾਂ ਪਹਿਲਾਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਦੀਆਂ ਨੇ ਤੇ ਉਨ੍ਹਾਂ ਦਾ ਸੋਧਿਆ ਰੂਪ ਕਿਤਾਬਾਂ ਵਿੱਚ ਛਪਦੈਇਹ ਅਖ਼ਬਾਰ ਤੇ ਰਸਾਲੇ ਈ ਨੇ ਜਿਹੜੇ ਮੈਥੋਂ ਲਗਾਤਾਰ ਕਾਲਮ ਲਿਖਵਾਈ ਜਾ ਰਹੇ ਨੇਉਹ ਨਾ ਲਿਖਵਾਉਂਦੇ ਤਾਂ ਮੈਂ ਇੰਨਾ ਲੰਮਾ ਸਮਾਂ ਲਗਾਤਾਰ ਲਿਖਦਾ ਨਾ ਰਹਿ ਸਕਦਾਮੈਂ ਪੱਤਰਕਾਰੀ ਤੋਂ ਹਟ ਕੇ ਨਿਰੋਲ ਸਾਹਿਤਕ ਰਚਨਾ ਕਰਦਾ ਤਾਂ ਮੇਰੀ ਖੱਟੀ ਕਮਾਈ ਬਹੁਤ ਘੱਟ ਹੁੰਦੀਮੈਂ ਮਾੜਾ ਚੰਗਾ ਸਾਹਿਤਕਾਰ ਤਾਂ ਵੱਜੀ ਜਾਂਦਾ ਪਰ ਮੇਰੀ ਪਛਾਣ ਦਾ ਘੇਰਾ ਸੀਮਤ ਰਹਿ ਜਾਂਦਾਪੰਜਾਬੀ ਵਿੱਚ ਕਿਤਾਬਾਂ ਓਨੀਆਂ ਨਹੀਂ ਪੜ੍ਹੀਆਂ ਜਾਂਦੀਆਂ, ਜਿੰਨੇ ਅਖ਼ਬਾਰ ਪੜ੍ਹੇ ਜਾਂਦੇ ਨੇਅਖ਼ਬਾਰਾਂ ਵਿੱਚ ਛਪਣ ਨਾਲ ਮੇਰਾ ਦਾਇਰਾ ਵਿਸ਼ਾਲ ਹੋਇਆ ਤੇ ਮੈਂ ਵਧੇਰੇ ਪਾਠਕਾਂ ਵਿੱਚ ਪੜ੍ਹਿਆ ਗਿਆਂ ਜੋ ’ਕੱਲੀਆਂ ਸਾਹਿਤਕ ਕਿਤਾਬਾਂ ਨਾਲ ਨਹੀਂ ਸੀ ਪੜ੍ਹਿਆ ਜਾਣਾਮੈਂ ਆਪਣੇ ਅੰਦਰਲੇ ਪੱਤਰਕਾਰ ਤੇ ਸਾਹਿਤਕਾਰ ਨੂੰ ਇੱਕੋ ਜਿੰਨਾ ਹੀ ਪਿਆਰ ਕਰਦਾਂ

? ਕੋਈ ਲੇਖਕ ਆਪਣੇ ਆਪ ਨੂੰ ਮਾਰਕਸਵਾਦੀ ਅਖਵਾ ਕੇ ਖ਼ੁਸ਼ ਹੁੰਦੈ, ਕੋਈ ਸਿੱਖਾਂ ਦੇ ਭਵਿੱਖ ਲਈ ਫ਼ਿਕਰਮੰਦ ਹੈ, ਕੋਈ ਸਿਆਸਤ ਤੋਂ ਲਾਂਭੇ ਹੋ ਕੇ ਮਾਨਵਵਾਦੀ ਅਖਵਾਉਣਾ ਪਸੰਦ ਕਰਦੈਤੁਸੀਂ ਵਿਚਾਰਧਾਰਕ ਤੌਰ ’ਤੇ ਆਪਣੇ ਆਪ ਨੂੰ ਕਿੱਥੇ ਖਲੋਤਾ ਮਹਿਸੂਸ ਕਰਦੇ ਹੋ?

: ਮੈਂ ਵਿਚਾਰਧਾਰਕ ਪੱਖੋਂ ਲਿਬਰਲ ਖੱਬੇ ਪੱਖੀ ਹਾਂ, ਕੱਟੜ ਖੱਬੇ ਪੱਖੀ ਨਹੀਂਮਾਰਕਸਵਾਦ ਨੇ ਮੈਨੂੰ ਕਾਫੀ ਪ੍ਰਭਾਵਤ ਕੀਤੈ ਪਰ ਮੈਨੂੰ ਮਾਰਕਸਵਾਦੀ ਕਹਾਉਣ ਵਿੱਚ ਖ਼ਾਸ ਖ਼ੁਸ਼ੀ ਨਹੀਂਇਹਦੇ ਨਾਲ ਮੈਂ ਕੋਈ ‘ਪ੍ਰਗਤੀਵਾਦੀ’ ਨੀ ਬਣ ਜਾਣਾਮੇਰੇ ਲਿਖਣ ਦਾ ਮਕਸਦ ਜ਼ਿੰਦਗੀ ਨੂੰ ਹੋਰ ਜਿਊਣਯੋਗ ਬਣਾਉਣ ਦਾ ਹੈਇਨਸਾਨ ਹੋਰ ਬਿਹਤਰ ਇਨਸਾਨ ਬਣੇਸਮਾਜ ਹੋਰ ਚੰਗਾ ਹੋਵੇਬਦੀ ਘਟੇ ਤੇ ਨੇਕੀ ਵਧੇਬੰਦਾ ਬਿਹਤਰ ਜਿਊਣ ਲਈ ਉਪਰਾਲੇ ਕਰਦਾ ਰਹੇਕੋਈ ਕਿਸੇ ਦਾ ਹੱਕ ਨਾ ਮਾਰੇ ਤੇ ਕਿਧਰੇ ਵੀ ਬੇਇਨਸਾਫ਼ੀ ਨਾ ਹੋਵੇਮੈਂ ਆਪਣੀ ਵਿਚਾਰਧਾਰਾ ਦਾ ਸਾਰ ਆਪਣੀ ਸਵੈਜੀਵਨੀ ਦੇ ਸਰਵਰਕ ਉੱਤੇ ਛਪਵਾਇਐ, “ਮਨੁੱਖ ਦੀ ਦੇਹ ਜ਼ਰੂਰ ਨਾਸ਼ਵਾਨ ਹੈ ਪਰ ਮਨੁੱਖ ਦਾ ਜੀਵਨ ਨਾਸ਼ਵਾਨ ਨਹੀਂਮਨੁੱਖ ਦਾ ਜੀਵਨ ਵਿੱਚ ਵਿਸ਼ਵਾਸ ਬੱਝਿਆ ਰਹਿਣਾ ਚਾਹੀਦੈਅਸਲ ਜੀਵਨ ਉਹੀ ਹੈ ਜਿਸ ਵਿੱਚ ਆਸ ਤੇ ਉਮੀਦ, ਉਤਸ਼ਾਹ ਤੇ ਉਮਾਹ ਕਾਇਮ ਰਹਿਣ ਅਤੇ ਚਾਵਾਂ ਤੇ ਖੇੜਿਆਂ ਨੂੰ ਸੋਕਾ ਨਾ ਆਵੇਬੰਦਾ ਸੰਘਰਸ਼ ਕਰਦਾ ਆਹਰੇ ਲੱਗਾ ਰਵ੍ਹੇਉਹਦੇ ਰੁਝੇਵੇਂ ਕਦੇ ਨਾ ਮੁੱਕਣਜੀਵਨ ਵਿੱਚ ਭਰੋਸੇ ਨੂੰ ਪੱਕਿਆਂ ਕਰਨਾ, ਜੀਵਨ ਨੂੰ ਹੋਰ ਜਿਊਣਯੋਗ ਬਣਾਉਣਾ ਤੇ ਹਰ ਮੁਸ਼ਕਲ ਵਿੱਚ ਜਿਊਣ ਦਾ ਵੱਲ ਸਿਖਾਉਣਾ ਲੇਖਕ ਦੀ ਲਿਖਤ ਦਾ ਮੁੱਖ ਮਨੋਰਥ ਹੋਣਾ ਚਾਹੀਦੈਦੁੱਖ-ਦਰਦ, ਬਿਰਹਾ-ਵਿਛੋੜੇ, ਮੁਸ਼ਕਲਾਂ-ਦੁਸ਼ਵਾਰੀਆਂ ਤੇ ਗ਼ਮੀਆਂ-ਉਦਾਸੀਆਂ ਭਲਾ ਕੀਹਦੇ ਜੀਵਨ ਵਿੱਚ ਨਹੀਂ ਆਉਂਦੀਆਂ? ਕਈ ਇਨ੍ਹਾਂ ਅੱਗੇ ਢੇਰੀ ਢਾਹ ਬਹਿੰਦੇ ਨੇ ਤੇ ਕਈ ਦਿਲ ਗੁਰਦੇ ਨਾਲ ਸਾਹਮਣਾ ਕਰਦੇ ਇਨ੍ਹਾਂ ਤੋਂ ਪਾਰ ਹੋ ਜਾਂਦੇ ਨੇਨਾ ਦੁੱਖ ਸਦੀਵੀ ਰਹਿੰਦੇ ਨੇ ਤੇ ਨਾ ਸੁੱਖ ਸਦੀਵੀ ਹੁੰਦੇ ਨੇਦੁੱਖ-ਸੁੱਖ ਨੂੰ ਸਮ ਕਰ ਜਾਨਣ ਵਾਲੇ ਹੀ ਵਧੇਰੇ ਸੌਖੇ ਰਹਿੰਦੇ ਨੇਹਮੇਸ਼ਾ ਰੋਣੇ ਧੋਣੇ ਰੋਈ ਜਾਂਦਿਆਂ ਦੀਆਂ ਉਮਰਾਂ ਸੌਖੀਆਂ ਨਹੀਂ ਲੰਘਦੀਆਂਜਿਹੜੇ ਮੁਸ਼ਕਲਾਂ ਵਿੱਚ ਵੀ ਹੱਸ-ਖੇਡ ਸਕਦੇ ਨੇ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਮਰਾਂ ਕਦੋਂ ਬੀਤ ਜਾਂਦੀਆਂ ਨੇਜੀਵਨ ਦੀ ਮੁਕਤੀ ਹਸੰਦਿਆਂ, ਖੇਲੰਦਿਆਂ, ਪੈਨੰਦਿਆਂ, ਖਾਵੰਦਿਆਂ ਗੁਰੂ ਦੀ ਦੱਸੀ ਜੀਵਨ-ਜਾਚ ਵਿੱਚ ਹੀ ਹੈ।” ਇਸੇ ਲਈ ਮੈਂ ਆਪਣੀ ਸਵੈਜੀਵਨੀ ਦਾ ਨਾਂ ‘ਹਸੰਦਿਆਂ ਖੇਲੰਦਿਆਂ’ ਰੱਖਿਐ

? ਅਕਸਰ ਦੇਖੀਦੈ ਕਿ ਲੇਖਕ ਨਿੰਦਾ ਦਰਬਾਰ ਲਾ ਬਹਿੰਦੇ ਨੇਕੀ ਤੁਹਾਡੇ ਮਨ ਵਿੱਚ ਵੀ ਕਿਸੇ ਸਮਕਾਲੀ ਬਾਰੇ ਈਰਖ਼ਾ ਭਾਵ ਉਪਜਦੇ ਨੇ?

: ਕਿਸੇ ਦੀ ਨਿੰਦਿਆ ਚੁਗਲੀ ਕਰਨ ਦਾ ਮਤਲਬ ਹੈ ਆਪਣਾ ਹੀ ਸਮਾਂ ਗੁਆਉਣਾਮੈਂ ਆਪਣਾ ਸਮਾਂ ਕਿਉਂ ਗੁਆਵਾਂ? ਜਿੰਨਾ ਸਮਾਂ ਤੇ ਸ਼ਕਤੀ ਨਿੰਦਿਆ ਚੁਗਲੀ ’ਤੇ ਲਾਉਣੀ ਐਂ ਉਹ ਉਸਾਰੂ ਪਾਸੇ ਕਿਉਂ ਨਾ ਲਾਵਾਂ? ਜਿਹੜਾ ਅਜਿਹਾ ਕਰਦੈ ਉਹ ਆਪਣੇ ਆਪ ਨੂੰ ਈ ਸਜ਼ਾ ਦੇ ਰਿਹਾ ਹੁੰਦੈਸੜ ਰਿਹੈ ਹੁੰਦੈ, ਰਿੱਝ ਰਿਹਾ ਹੁੰਦੈਆਪਾਂ ਸੌਖੇ ਆਂ ਕਿ ਇਸ ਬਿਮਾਰੀ ਤੋਂ ਬਚੇ ਹੋਏ ਆਂਕਈ ਲੇਖਕ ਹੀ ਇੱਕ ਦੂਜੇ ਨਾਲ ਨਹੀਂ ਬੋਲਦੇ ਪਰ ਮੈਨੂੰ ਤਾਂ ਦੁਨੀਆ ਵਿੱਚ ਇੱਕ ਵੀ ਬੰਦਾ ਨੀ ਦੀਂਹਦਾ ਜੀਹਦੇ ਨਾਲ ਮੇਰੀ ਬੋਲਬਾਣੀ ਬੰਦ ਹੋਵੇਕਈ ਸਕੇ ਸੋਧਰੇ ਈ ਇੱਕ ਦੂਜੇ ਨਾਲ ਨੀ ਵਰਤਦੇ, ਆਪਾਂ ਤਾਂ ਭਾਈ ਬਿਗਾਨਿਆਂ ਨਾਲ ਵੀ ਵਰਤਣੋ ਗੁਰੇਜ਼ ਨੀ ਕਰਦੇਕੋਈ ਵੱਧ ਘੱਟ ਕਹਿ ਲਵੇ ਤਾਂ ਆਖੀਦੈ, ਉਹ ਜਾਣੇਹੋ ਸਕਦੈ ਅਗਲੇ ਤੋਂ ਮਜਬੂਰੀ ਵਿੱਚ ਕਿਹਾ ਗਿਆ ਹੋਵੇਮੈਂ ਤਾਂ ਹੋਰਨਾਂ ਨੂੰ ਵੀ ਸਲਾਹ ਦੇਵਾਂਗਾ ਕਿ ਐਵੇਂ ਮਾੜੀਆਂ ਮੋਟੀਆਂ ਗੱਲਾਂ ਦਿਲ ’ਤੇ ਨੀ ਲਾਈਦੀਆਂਜੇ ਕਿਸੇ ਨੂੰ ਕਹਿਣ ਦਾ ਹੱਕ ਐ ਤਾਂ ਉਹਦਾ ਸਹਿਣ ਦਾ ਵੀ ਫਰਜ਼ ਐਉਂਜ ਨਿੰਦਿਆ ਚੁਗਲੀ ਕਰਨੀ ਮਨੋਵਿਗਿਆਨਕ ਰੋਗ ਹੈ ਤੇ ਆਪਣੇ ਹੀਣੇਪਣ ਨੂੰ ਹੀ ਅਗਲੇ ਦੇ ਬਰਾਬਰ ਕਰਨ ਦੀ ਬਿਮਾਰੀ ਹੈਮੇਰੀ ਸਮਝ ਅਨੁਸਾਰ ਨਿੰਦਕ, ਈਰਖਾਲੂ ਤੇ ਸ਼ਿਕਾਇਤੀ ਬੰਦੇ ਅਧੂਰੇ ਵਿਅਕਤੀ ਹੁੰਦੇ ਨੇ ਜੋ ਖ਼ੁਦ ਤਾਂ ਔਖੇ ਰਹਿੰਦੇ ਈ ਨੇ ਹੋਰਨਾਂ ਨੂੰ ਵੀ ਔਖੇ ਕਰਦੇ ਨੇਨਿੰਦਣ ਭੰਡਣ ਦੀ ਥਾਂ ਇੱਕ ਦੂਜੇ ਨੂੰ ਸਲਾਹ ਕੇ ਵਧੇਰੇ ਸੌਖਾ ਜੀਵਿਆ ਜਾ ਸਕਦੈਇਹ ਜੀਵਨ ਚੰਦ ਰੋਜ਼ ਦਾ ਮੇਲਾ ਹੈ, ਇਹਨੂੰ ਐਵੇਂ ਬਦਖੋਹੀਆਂ ਕਰੀ ਜਾਣ ਵਿੱਚ ਨਹੀਂ ਗੁਆਉਣਾ ਚਾਹੀਦੈਮੈਨੂੰ ਅਜਿਹੇ ਗੀਤ ਚੰਗੇ ਲੱਗਦੇ ਨੇ - ਆ ਸੋਹਣਿਆਂ ਵੇ ਜੱਗ ਜਿਊਂਦਿਆਂ ਦੇ ਮੇਲੇ ... ਆਪਾਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ...?

? ਪਹਿਲਾਂ ਤੁਹਾਡੀਆਂ ਲਿਖਤਾਂ ’ਤੇ ਨਾਂ ‘ਸਰਵਣ ਸਿੰਘ’ ਛਪਦਾ ਸੀ ਪਰ ਪ੍ਰਿੰਸੀਪਲ ਬਣਨ ਪਿੱਛੋਂ ਤੁਸੀਂ ਆਪਣਾ ਕਲਮੀ ਨਾਂ ‘ਸਰਵਣ ਸਿੰਘ’ ਤੋਂ ਬਦਲ ਕੇ ‘ਪ੍ਰਿੰ. ਸਰਵਣ ਸਿੰਘ’ ਕਰ ਦਿੱਤਾਕੀ ‘ਪ੍ਰਿੰਸੀਪਲ’ ‘ਸਰਵਣ ਸਿੰਘ’ ਨਾਲੋਂ ਵੱਡਾ ਹੈ?

: ਗੱਲ ਵੱਡੇ ਛੋਟੇ ਦੀ ਨਹੀਂ, ਮੈਂ ਵਿੱਚਲੀ ਗੱਲ ਦੱਸਦਾਂਮੇਰੇ ਸਰਟੀਫਿਕੇਟਾਂ ’ਤੇ ਮੇਰਾ ਨਾਂ ਸਰਵਣ ਸਿੰਘ ਸੰਧੂ ਹੈਮੇਰੀਆਂ ਪਹਿਲੀਆਂ ਕੁਝ ਰਚਨਾਵਾਂ ’ਤੇ ਇਹੋ ਨਾਂ ਛਪਿਆਦਿੱਲੀ ਪਟੇਲ ਨਗਰ ਵਾਲੇ ਘਰ ਵਿੱਚ ਗੁਲਜ਼ਾਰ ਸਿੰਘ ਸੰਧੂ ਕਹਿਣ ਲੱਗਾ, “ਤੂੰ ਨਾਂ ਨਾਲ ਸੰਧੂ ਨਾ ਲਾਇਆ ਕਰ, ਇਓਂ ਆਪਣਾ ਭੁਲੇਖਾ ਪੈ ਜਿਆ ਕਰੂ।” ਮੈਂ ਖੁਸ਼ੀ ਨਾਲ ਸੰਧੂ ਸਰਦਾਰੀ ਗੁਲਜ਼ਾਰ ਸਿੰਘ ਨੂੰ ਛੱਡ ਦਿੱਤੀਉਹ ਖਰਚ ਖੇਚਲ ਕਰਨ ਵਿੱਚ ਸੀ ਹੀ ਸਰਦਾਰਨਾ ਦਾਰੂ ਦੀ ਕਮੀ, ਨਾ ਸਵਾਰੀ ਦੀਦਿੱਲੀ ਆਉਣ ਵਾਲੇ ਲੇਖਕ ਬਲਿਹਾਰੇ ਜਾਂਦੇ

ਫਿਰ ਮੈਂ ਆਪਣੀਆਂ ਰਚਨਾਵਾਂ ਸਰਵਣ ਸਿੰਘ ਦੇ ਨਾਂ ’ਤੇ ਛਪਾਉਣ ਲੱਗਾਨਵੇਂ ਜ਼ਮਾਨੇ ਵਿੱਚ ਕੋਈ ਮੇਰਾ ਸਿਰਨਾਵੀਆਂ ਪੱਤਰਕਾਰ ਸੀਉਹ ਮੇਰੀਆਂ ਰਚਨਾਵਾਂ ਨੂੰ ਆਪਣੀਆਂ ਬਣਾ ਕੇ ਪੇਸ਼ ਕਰਨ ਲੱਗਾ‘ਆਰਸੀ’ ਵਿੱਚ ਛਪਦੀਆਂ ਮੇਰੀਆਂ ਰਚਨਾਵਾਂ ‘ਨਵੇਂ ਜ਼ਮਾਨੇ’ ਵਿੱਚ ਵੀ ਛਪਣ ਲੱਗੀਆਂਇੱਕ ਵਾਰ ਖੇਡਾਂ ਬਾਰੇ ਐਡੀਟੋਰੀਅਲ ਹੀ ਸਰਵਣ ਸਿੰਘ ਦੇ ਨਾਂ ਹੇਠ ਛਪ ਗਿਆ ਜੋ ਮੇਰਾ ਨਹੀਂ ਸੀਜਗਜੀਤ ਸਿੰਘ ਅਨੰਦ ਢੁੱਡੀਕੇ ਕੰਵਲ ਨੂੰ ਮਿਲਣ ਆਇਆ ਤਾਂ ਮੈਂ ਉਲਾਂਭਾ ਦਿੱਤਾ ਕਿ ਮੇਰੇ ਨਾਂ ’ਤੇ ਉਹ ਲਿਖਤ ਕਿਉਂ ਛਾਪੀ? ਉਹਨੇ ਕਿਹਾ ਕਿ ਉਹ ਤਾਂ ਉੁਹਦੇ ਸਟਾਫ ਮੈਂਬਰ ਸਰਵਣ ਸਿੰਘ ਦੀ ਲਿਖਤ ਸੀਉਹਨੇ ਇਹ ਵੀ ਆਖਿਆ ਕਿ ਗੁਰਬਚਨ ਸਿੰਘ, ਪਰਵੀਨ ਕੁਮਾਰ ਤੇ ਮਹਿੰਦਰ ਸਿੰਘ ਵਰਗੇ ਅਥਲੀਟਾਂ ਬਾਰੇ ਲਿਖੇ ਉਹਦੇ ਰੇਖਾ ਚਿੱਤਰ ਨਵੇਂ ਜ਼ਮਾਨੇ ਵਿੱਚੋਂ ਜ਼ਰੂਰ ਪੜ੍ਹੀਂ, ਉਹ ਕਮਾਲ ਦੇ ਨੇ!

ਮੈਨੂੰ ਵਿੱਚਲੀ ਗੱਲ ਦਾ ਪਤਾ ਲੱਗ ਗਿਆਮੈਂ ਸੋਚਣ ਲੱਗਾ ਹੁਣ ਕੀ ਕਰਾਂ? ਨਾਂ ਨਾਲ ਮੁੜ ਕੇ ਸੰਧੂ ਲਾਵਾਂ ਜਾਂ ਕੁਛ ਹੋਰ ਲਾਵਾਂ? ਫਿਰ ਸੋਚਿਆ ਚਲੋ ਹੁਣ ਇਕੱਲਾ ਸਰਵਣ ਸਿੰਘ ਈ ਚਲਾ ਕੇ ਵਿਖਾਵਾਂਗੇਮੈਂ 1966 ਤੋਂ 96 ਤਕ ਸਰਵਣ ਸਿੰਘ ਈ ਚਲਾਇਆ ਤੇ ਇਹ ਚੱਲ ਵੀ ਗਿਆ1982 ਵਿੱਚ ਭਾਰਤ ਸਰਕਾਰ ਨੇ ਮੇਰੀ ਕਿਤਾਬ ‘ਖੇਡ ਜਗਤ ਵਿੱਚ ਭਾਰਤ’ ਛਾਪੀ ਤਾਂ ਪਬਲੀਕੇਸ਼ਨਜ਼ ਡਿਵੀਜ਼ਨ ਦੇ ਪੰਜਾਬੀ ਐਡੀਟਰ ਨੇ ਆਪਣੇ ਕੋਲੋਂ ਈ ਮੇਰੇ ਨਾਂ ਨਾਲ ਪ੍ਰੋਫ਼ੈਸਰ ਲਾ ਦਿੱਤਾ ਜੋ ਮੈਨੂੰ ਚੰਗਾ ਨਾ ਲੱਗਾ ਕਿਉਂਕਿ ਮੈਂ ਪ੍ਰੋਫ਼ੈਸਰ ਨਹੀਂ ਕੇਵਲ ਲੈਕਚਰਾਰ ਸਾਂਮੈਂ ਆਪ ਆਪਣੇ ਨਾਂ ਨਾਲ ਕਦੇ ਪ੍ਰੋ. ਨਹੀਂ ਛਪਵਾਇਆਜਦੋਂ ਪ੍ਰਿੰਸੀਪਲ ਬਣਿਆ ਤਾਂ ਅਖਬਾਰਾਂ ਰਸਾਲਿਆਂ ਵਾਲੇ ਆਪੇ ਈ ਮੇਰੇ ਨਾਂ ਨਾਲ ਪ੍ਰਿੰਸੀਪਲ ਲਾਉਣ ਲੱਗ ਪਏਪ੍ਰਿੰਸੀਪਲ ਤਾਂ ਮੈਂ ਸੀਗਾ ਹੀ ਜਿਸ ਕਰਕੇ ਮੈਂ ਖ਼ੁਦ ਵੀ ਪ੍ਰਿੰ. ਤੇਜਾ ਸਿੰਘ, ਪ੍ਰਿੰ. ਸੇਖੋਂ, ਪ੍ਰਿੰ. ਸੁਜਾਨ ਸਿੰਘ, ਪ੍ਰਿੰ. ਪ੍ਰੀਤਮ ਸਿੰਘ ਤੇ ਹੋਰਨਾਂ ਪ੍ਰਿੰ. ਲੇਖਕਾਂ ਵਾਂਗ ਆਪਣੇ ਨਾਂ ਨਾਲ ਪ੍ਰਿੰ. ਲਾਉਣ ਲੱਗ ਪਿਆਇਹਦਾ ਇੱਕ ਕਾਰਨ ਇਹ ਵੀ ਹੈ ਕਿ ਸਰਵਣ ਸਿੰਘ ਨਾਂ ਦੇ ਦੋ ਤਿੰਨ ਲੇਖਕ ਹੋਰ ਵੀ ਹਨਹੁਣ ਮੇਰੀ ਲਿਖਤ ਕਿਸੇ ਨਾਲ ਰਲਗੱਡ ਨਹੀਂ ਹੋ ਸਕਦੀਪ੍ਰਿੰ. ਮੈਂ ਕੋਈ ਵਡਿਆਈ ਲਈ ਨੀ ਲਾਉਂਦਾ ਸਗੋਂ ਵੱਖਰੀ ਪਛਾਣ ਲਈ ਲਾਉਨਾਂਪਹਿਲਾਂ ਸੰਧੂ ਛੱਡਿਆ ਸੀ ਫਿਰ ਸਰਵਣ ਸਿੰਘ ਵੀ ਆਪਣੇ ਸਿਰਨਾਵੀਆਂ ਲਈ ਛੱਡ ਦਿੱਤਾਚੰਗਾ ਰਹਿੰਦਾ ਜੇ ਆਤਮਜੀਤ ਜਾਂ ਗੁਰਬਚਨ ਵਾਂਗ ’ਕੱਲਾ ‘ਸਰਵਣ’ ਨਾਂ ਈ ਵਰਤਦਾ

? ਵਰਿਆਮ ਸਿੰਘ ਸੰਧੂ ਦਾ ਸਵਾਲ ਹੈ ਕਿ ਤੁਹਾਡੇ ਕਥਨਾਂ ਤੇ ਲਿਖਤਾਂ ਤੋਂ ਕਈ ਵਾਰ ਝੌਲਾ ਪੈਂਦਾ ਜਿਵੇਂ ਵੱਡਾ ‘ਖੇਡ-ਲੇਖਕ’ ਹੋਣ ਦੇ ਬਾਵਜੂਦ ਤੁਹਾਡੇ ਅੰਦਰ ‘ਸਾਹਿਤਕਾਰ’ ਵਜੋਂ ਮੁਕੰਮਲ ਸ੍ਵੀਕ੍ਰਿਤੀ ਨਾ ਮਿਲਣ ਦਾ ਤੁਹਾਨੂੰ ਝੋਰਾ ਹੈ! ਕੀ ਇਹ ਠੀਕ ਹੈ?

: ਝੋਰਾ ਤਾਂ ਨਹੀਂ ਪਰ ਸੱਚ ਇਹੋ ਹੈ ਕਿ ਕਥਿਤ ਆਲੋਚਕਾਂ ਵੱਲੋਂ ਮੈਨੂੰ ‘ਸਾਹਿਤਕਾਰ’ ਨਹੀਂ ਸਵੀਕਾਰਿਆ ਗਿਆਹੁਣ ਤਾਂ ਮੈਂ ‘ਮੇਰੇ ਵਾਰਤਕ ਦੇ ਰੰਗ’ ਪੁਸਤਕ ਵੀ ਛਪਵਾ ਦਿੱਤੀ ਹੈ ਕਿ ਭੁਲੇਖਾ ਨਿਕਲ ਜਾਵੇਸੋਹਣ ਸਿੰਘ ਸੀਤਲ ਨੂੰ ਲੋਕ ਢਾਡੀ ਹੀ ਸਮਝਦੇ ਰਹੇ ਪਰ ਉਹਦੀ ਸਾਹਿਤਕਾਰੀ ਗੁੱਝੀ ਨਹੀਂ ਰਹੀਮੈਨੂੰ ਯਕੀਨ ਐਂ ਮੇਰੀ ਵਾਰਤਕ ਨੇ ਮੈਨੂੰ ਸਾਹਿਤਕਾਰ ਸਿੱਧ ਕਰ ਈ ਦੇਣਾਇਹ ਵਾਰਤਕ ਗੁੱਝੀ ਨੀ ਰਹਿਣੀਗੁਰਬਖ਼ਸ਼ ਸਿੰਘ ਤੇ ਗਾਰਗੀ ਵਾਂਗ ਮਿਸਾਲ ਬਣ ਜਾਣੀ ਐਂ

ਮੈਂ ਹੌਲੀ-ਹੌਲੀ ਲਿਖਦਾਂਛੋਟੇ-ਛੋਟੇ ਵਾਕ ਵੀ ਵਾਰ-ਵਾਰ ਸੋਧਦਾਂਮੈਂ ਸਮਝਦਾਂ ਕਿ ਵਾਰਤਕ ਦਾ ਵੀ ਪਿੰਗਲ ਹੈਨਜ਼ਮ ਵਾਂਗ ਨਸਰ ਵਿੱਚ ਵੀ ਧੁਨੀ ਅਲੰਕਾਰ ਤੇ ਅਰਥ ਅਲੰਕਾਰ ਹੁੰਦੇ ਨੇਇਸੇ ਕਰਕੇ ਵਾਕ ਮੰਜੇ ਦੀ ਦੌਣ ਵਾਂਗ ਕੱਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇਸ਼ਬਦ ਬੀੜਨ ਵੇਲੇ ਵੇਖੀਦਾ ਕਿ ਵਾਕ ਲਮਕ ਨਾ ਜਾਵੇ ਜਾਂ ਉਹਦੇ ਵਿੱਚ ਝੋਲ ਨਾ ਪੈ ਜੇਇੰਦ੍ਰਿਆਵੀ ਰਸਾਂ ਦਾ ਵੀ ਖ਼ਿਆਲ ਰੱਖੀਦਾਵਧੀਆ ਵਾਰਤਕ ਸ਼ੈਲੀ ਉਹ ਹੁੰਦੀ ਐ ਜੀਹਦੇ ਵਿੱਚ ਅੱਖਾਂ ਲਈ ਆਕਾਰ ਤੇ ਰੰਗ ਹੋਣ, ਕੰਨਾਂ ਲਈ ਧੁਨਾਂ, ਨੱਕ ਲਈ ਸੁਗੰਧਾਂ, ਜੀਭ ਲਈ ਜ਼ਾਇਕਾ ਤੇ ਜਿਸਮ ਲਈ ਸਪਰਸ਼ ਹੋਵੇਕਲਾਮਈ ਵਾਰਤਕ ਲਿਖਣੀ ਲੈਅਮਈ ਕਵਿਤਾ ਲਿਖਣ ਦੇ ਤੁੱਲ ਹੈਜਿਵੇਂ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਦੈ ਉਵੇਂ ਮੈਂ ਵੀ ਵਗਦੇ ਪਾਣੀ ਤੇ ਰੁਮਕਦੀ ਪੌਣ ਜਿਹੀ ਵਾਰਤਕ ਰਚਣ ਦਾ ਰਿਆਜ਼ ਕਰਦਾ ਰਹਿੰਨਾਂ

? ਕੀ ਪ੍ਰਕਾਸ਼ਕਾਂ ਨੇ ਤੁਹਾਡੀ ਲਿਖਤ ਦੀ ਤੁਹਾਨੂੰ ‘ਬਣਦੀ ਰਾਇਲਟੀ’ ਦਿੱਤੀ ਹੈ?

: ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ 1978 ਵਿੱਚ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਛਾਪੀ ਸੀ ਜਿਸ ਦੀ ਰਾਇਲਟੀ ਉਸ ਸਮੇਂ ਇੱਕ ਹਜ਼ਾਰ ਰੁਪਏ ਮਿਲੀ ਸੀਭਾਰਤ ਸਰਕਾਰ ਵੱਲੋਂ ਪ੍ਰਕਾਸ਼ਤ ‘ਖੇਡ ਜਗਤ ਵਿੱਚ ਭਾਰਤ’ ਬਾਰੇ ਮੈਨੂੰ ਪੁੱਛਿਆ ਗਿਆ ਸੀ ਕਿ ਉੱਕਾ ਪੁੱਕਾ ਪੈਸੇ ਲੈਣੇ ਨੇ ਜਾਂ ਕਿਤਾਬਾਂ ਦੀ ਵਿਕਰੀ ’ਤੇ ਪੰਦਰਾਂ ਫੀਸਦੀ ਰਾਇਲਟੀ ਲੈਣੀ ਐਂ? ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਇਹ ਕਿਤਾਬ ਸਕੂਲਾਂ ਵਿੱਚ ਪਾਠ ਪੁਸਤਕ ਲੱਗ ਸਕਦੀ ਐ, ਰਾਇਲਟੀ ਲੈਣ ਵਿੱਚ ਹੀ ਫਾਇਦਾਮੈਂ ਰਾਇਲਟੀ ਨੂੰ ਉੱਛਲ ਦੇ ਦਿੱਤੀ ਜਿਸ ਨਾਲ ਮੈਂ ਘਾਟੇ ਵਿੱਚ ਰਿਹਾਕਿਤਾਬ ਵੇਚਣ ਦਾ ਕਿਸੇ ਨੇ ਤਰੱਦਦ ਨਹੀਂ ਕੀਤਾਪਈ ਪਈ ਸਿਓਂਕ ਨੇ ਖਾ ਲਈ! ਪੰਜਾਬੀ ਯੂਨੀਵਰਸਿਟੀ ਨੇ ਮੇਰੀਆਂ ਕਿਤਾਬਾਂ ਦੇ ਪ੍ਰਤੀ ਹਜ਼ਾਰ ਸ਼ਬਦਾਂ ਮੁਤਾਬਿਕ ਪੈਸੇ ਦਿੱਤੇਲਾਹੌਰ ਬੁੱਕ ਸ਼ਾਪ ਨੇ ਮੇਰੀਆਂ ਦਰਜਨ ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਿਨ੍ਹਾਂ ਦੇ ਪੈਸੇ ਵੀ ਦਿੱਤੇ ਤੇ ਕਿਤਾਬਾਂ ਵੀ ਦਿੱਤੀਆਂਚੇਤਨਾ ਪ੍ਰਕਾਸ਼ਨ ਨੇ ਮੇਰੀਆਂ ਚਾਰ ਕਿਤਾਬਾਂ ਛਾਪੀਆਂ ਜਿਨ੍ਹਾਂ ਦੀ ਰਾਇਲਟੀ ਬਦਲੇ ਮੈਂ ਹਜ਼ਾਰ ਦੇ ਕਰੀਬ ਕਿਤਾਬਾਂ ਲਈਆਂ ਜੋ ਖੇਡ ਮੇਲਿਆਂ ਵਿੱਚ ਵੇਚੀਆਂਵਾਧੂ ਲਈਆਂ ਕਿਤਾਬਾਂ ਦੇ ਮੈਂ ਪੈਸੇ ਦਿੱਤੇਲੋਕ ਗੀਤ ਪ੍ਰਕਾਸ਼ਨ ਨੇ ਰੰਗੀਨ ਪੁਸਤਕ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਛਾਪੀ ਜੋ ਉਨ੍ਹਾਂ ਦੇ ਕਹਿਣ ਮੁਤਾਬਿਕ ਉਨ੍ਹਾਂ ਨੂੰ ਦੋ ਲੱਖ ਵਿੱਚ ਪਈਮੈਂ ਪੈਂਠ ਹਜ਼ਾਰ ਦੇ ਕੇ ਢਾਈ ਸੌ ਕਿਤਾਬਾਂ ਚੁੱਕ ਲਈਆਂ ਜੋ ਦੋਸਤਾਂ ਮਿੱਤਰਾਂ ਨੂੰ ਵੰਡਣ ਤੇ ਖੇਡ ਮੇਲਿਆਂ ਵਿੱਚ ਵੇਚਣ ਦੇ ਕੰਮ ਆਈਆਂਨੈਸ਼ਨਲ ਬੁੱਕ ਟ੍ਰਸਟ ਮੇਰੀ ਕਿਤਾਬ ‘ਪੰਜਾਬ ਦੇ ਚੋਣਵੇਂ ਖਿਡਾਰੀ’ ਦੀ ਵਿਕਰੀ ਦੇ ਚੈੱਕ ਭੇਜਦਾ ਰਹਿੰਦੈ ਪਰ ਹੁੰਦੇ ਨਾਮਾਤਰ ਨੇਸੰਗਮ ਪਬਲੀਕੇਸ਼ਨਜ਼ ਸਮਾਣਾ ਵਾਲੇ ਦਸਖ਼ਤ ਕਰਾ ਕੇ ਲੈ ਗਏ ਸਨ ਕਿ ਕਿਤਾਬਾਂ ਛਾਪਣ ਬਦਲੇ 10% ਰਾਇਲਟੀ ਦੇਵਾਂਗੇਰਾਇਲਟੀ ਬਦਲੇ ਮੈਂ ਕਿਤਾਬਾਂ ਈ ਲਈ ਜਾਨਾਂ ਤੇ ਦੋਸਤਾਂ ਮਿੱਤਰਾਂ ਵਿੱਚ ਵੰਡੀ ਜਾਨਾਂਪੀਪਲਜ਼ ਫੋਰਮ ਬਰਗਾੜੀ ਵਾਲਿਆਂ ਨੇ ਮੇਰੀਆਂ ਦੋ ਕਿਤਾਬਾਂ ਛਾਪੀਆਂ ਜੋ ਦੋ ਚਹੁੰ ਮਹੀਨਿਆਂ ਵਿੱਚ ਵੇਚ ਵੀ ਦਿੱਤੀਆਂਲੇਖਕ ਨੂੰ ਹੋਰ ਕੀ ਚਾਹੀਦੈ? ਮੈਂ ਇਸ ਗੱਲੋਂ ਸੰਤੁਸ਼ਟ ਆਂ ਕਿ ਪ੍ਰਕਾਸ਼ਕ ਕਿਤਾਬਾਂ ਛਾਪੀ ਜਾਂਦੇ ਨੇ ਤੇ ਮੈਂ ਜਿੰਨੀਆਂ ਚਾਹਾਂ ਚੁੱਕੀ ਜਾਨਾਂਨਾ ਉਹ ਪੈਸੇ ਲੈਂਦੇ ਨੇ ਨਾ ਮੈਂਬੁੱਢੇਵਾਰੇ ਪੈਸੇ ਕਰਨੇ ਵੀ ਕੀ ਨੇ?

? ਤੁਹਾਡੀ ਵਾਰਤਕ ਰਸਮਈ ਹੁੰਦੀ ਹੈਕੀ ਇਹ ਸਹਿਵਨ ਹੁੰਦੀ ਹੈ ਜਾਂ ਸੁਚੇਤ ਯਤਨ ਕਰਨਾ ਪੈਂਦੈ?

: ਪਹਿਲਾਂ ਇਹ ਸਹਿਵਨ ਹੁੰਦੀ ਸੀ ਪਰ ਪਿੱਛੋਂ ਮੈਂ ਸੁਚੇਤ ਰੂਪ ਵਿੱਚ ਯਤਨ ਕਰ ਰਿਹਾਂਮੈਂ ਪੂਰਾ ਸੁਚੇਤ ਹੋ ਕੇ ਆਪਣੀ ਵਾਰਤਕ ਸ਼ੈਲੀ ਵਿੱਚ ਦ੍ਰਿਸ਼ ਬਿਆਨਦਾਂ, ਆਕਾਰ ਖੜ੍ਹੇ ਕਰਦਾਂ, ਪ੍ਰਕਿਰਤੀ ਦਾ ਹੁਸਨ ਵਿਖਾਉਨਾਂ, ਖੇਡ ਮੈਦਾਨ ਦੇ ਨਕਸ਼ੇ ਉਲੀਕਦਾਂ, ਲਕੀਰਾਂ ਵਾਹੁਨਾਂ, ਖਿਡਾਰੀਆਂ ਦੇ ਜੁੱਸੇ ਵਿਖਾਉਨਾਂ ਤੇ ਪੰਡਾਲ ਦੇ ਰੰਗ ਨਿਹਾਰਦਾਂ ਤਾਂ ਜੋ ਪਾਠਕਾਂ ਦੀ ਦੇਖਣ ਦ੍ਰਿਸ਼ਟੀ ਤ੍ਰਿਪਤ ਹੋਵੇਮੇਰੀਆਂ ਲਿਖਤਾਂ ਵਿੱਚ ਵੇਖਣਯੋਗ ਬਹੁਤ ਕੁਝ ਹੁੰਦੈਅਨੇਕਾਂ ਰੰਗ ਹੁੰਦੇ ਨੇ, ਰੁੱਖ ਝੂੰਮਦੇ ਨੇ ਤੇ ਚੜ੍ਹਦੇ ਛਿਪਦੇ ਸੂਰਜ ਦੀ ਲਾਲੀ ਦਿਸਦੀ ਐਕਈ ਕਹਿੰਦੇ ਵੀ ਨੇ ਕਿ ਉਹ ਮੇਰੀ ਲਿਖਤ ਵਿੱਚੋਂ ਵੀਡੀਓ ਵੇਖ ਲੈਂਦੇ ਨੇਮੈਂ ਐੱਮ.ਏ. ਕਰਦਿਆਂ ‘ਸਾਹਿਤ ਵਿੱਚ ਇੰਦਰਿਆਵੀ ਰਸ’ ਨਾਂ ਦਾ ਨਿਬੰਧ ਲਿਖਿਆ ਸੀਸਾਹਿਤ ਦੇ ਨੌਂ ਰਸ ਪੜ੍ਹੇ ਸਨਰੂਸੀ ਨਾਵਲ ਪੜ੍ਹਦਿਆਂ ਇੰਦਰਿਆਵੀ ਰਸਾਂ ਦਾ ਭਰਪੂਰ ਅਹਿਸਾਸ ਹੋਇਆ ਸੀਪੁਸਤਕ ‘ਸੁਨਹਿਰਾ ਗੁਲਾਬ’ ਨੇ ਸਾਹਿਤ ਰਚਨਾ ਬਾਰੇ ਬੜੇ ਕੰਮ ਦੀ ਜਾਣਕਾਰੀ ਦਿੱਤੀਗਾਰਗੀ ਦੀ ਵਾਰਤਕ ਵਿੱਚ ਬੜੇ ਰਸ ਤੇ ਰੰਗ ਨੇਉਹਦੇ ਵਿੱਚ ਨਖਰਾ ਵੀ ਬਹੁਤ ਐ! ਉਹਦਾ ਪ੍ਰਭਾਵ ਵੀ ਪਿਆਹੋਰਨਾਂ ਲੇਖਕਾਂ ਦੀਆਂ ਲਿਖਤਾਂ ਦਾ ਰਸ-ਰੰਗ ਵੀ ਵੇਖਿਆਹਰ ਲੇਖਕ ਈ ਇੱਕ ਦੂਜੇ ਤੋਂ ਪ੍ਰਭਾਵਤ ਹੁੰਦੈ, ਕੁਝ ਸਿਖਦੈ ਕੁਝ ਸਿਖਾਉਂਦੈ!

ਮੈਂ ਜਾਣ ਬੁੱਝ ਕੇ ਆਪਣੀਆਂ ਲਿਖਤਾਂ ਵਿੱਚ ਕਿਤੇ ਝਾਂਜਰਾਂ ਛਣਕਾਉਂਦਾ ਹਾਂ, ਕਿਤੇ ਢੋਲ ਵਜਾਉਂਦਾ ਤੇ ਕਿਤੇ ਵੰਝਲੀ ਵਜਵਾਉਂਦਾ ਹਾਂ ਤਾਂ ਕਿ ਪੜ੍ਹਨ ਵਾਲੇ ਦੇ ਕੰਨ-ਰਸ ਨੂੰ ਰੱਜ ਆਵੇਹਾਸਾ ਤਾਂ ਮੈਂ ਥਾਂ-ਥਾਂ ਛਣਕਾਉਂਦਾ ਜਾਨਾਂਮੇਰੀਆਂ ਲਿਖਤਾਂ ਵਿੱਚ ਖਟ-ਮਿਠੇ ਸਵਾਦ, ਮੁੜ੍ਹਕੇ ਦੀ ਤੇਲੀਆ ਲਿਸ਼ਕ, ਗਰਮੀ ਦੀ ਹੁੰਮਸ, ਸਰਦੀ ਦੀ ਕੰਬਣੀ, ਪਕੌੜਿਆਂ ਦੀ ਕਰਾਰੀ ਮਹਿਕ ਤੇ ਜਲੇਬੀਆਂ ਦੀ ਮਿੱਠੀ ਵਾਸ਼ਨਾ, ਸੰਧੂਰੀ ਅੰਬੀਆਂ ਤੇ ਤੱਤੇ ਠੰਢੇ ਦਾ ਜ਼ਿਕਰ ਮੈਂ ਇੰਦਰਿਆਵੀ ਰਸ ਦੇਣ ਲਈ ਹੀ ਕਰਦਾਂਕਬੱਡੀ ਦੇ ਜਾਫੀ ਵਾਂਗ ਇਹ ਮੇਰਾ ਪਾਠਕਾਂ ਨੂੰ ਲਾਇਆ ਜੱਫਾ ਹੁੰਦੈਗੁੱਟ ਫੜਨਾ, ਧੌਣ ’ਤੇ ਹੱਥ ਰੱਖਣਾ, ਕੈਂਚੀ ਮਾਰਨੀ, ਲੱਕ ਨੂੰ ਲਪੇਟਾ ਪਾਉਣਾ ਤੇ ਚਾਕੂ ਵਾਂਗ ’ਕੱਠਾ ਕਰ ਦੇਣਾ, ਮੈਂ ਸਾਰੇ ਦਾਅ ਵਰਤਦਾਂਇੱਕ ਵਾਰ ਹਰਿੰਦਰ ਮਹਿਬੂਬ ਦੀ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਕਿ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਉਹ ਰਾਤ ਨੂੰ ਪੜ੍ਹਨ ਲੱਗਾ ਤੇ ਪੂਰਾ ਪੜ੍ਹ ਕੇ ਹੀ ਸਵੇਰੇ ਸੌਂ ਸਕਿਆਕਿਸੇ ਨੂੰ ਲਿਖਤ ਪੜ੍ਹੀ ਜਾਣ ਲਈ ਸਾਰੀ ਰਾਤ ਜਗਾਈ ਰੱਖਣਾ ਸੌਖਾ ਨਹੀਂ ਹੁੰਦਾਮੈਂ ਪਾਠਕਾਂ ਨੂੰ ਫਾਹੁਣ ਲਈ ਕਈ ਜੁਗਤਾਂ ਵਰਤਦਾਂਮੇਰੇ ਸਫ਼ਰਨਾਮੇ ਦੀ ਪਹਿਲੀ ਸਤਰ ‘ਬੜੀ ਸੋਹਣੀ ਕੁੜੀ ਖਿੜਕੀ ਪਿੱਛੇ ਬੈਠੀ ਸੀ’ ਵਿੱਚ ਖ਼ਾਸ ਖਿੱਚ ਹੈ ਜੋ ਮੈਂ ਵਾਰ-ਵਾਰ ਫਿਕਰਾ ਤਰਾਸ਼ ਕੇ ਘੜੀਕੁੜੀ, ਬੜੀ ਤੇ ਖਿੜਕੀ ਵਿੱਚਲੇ ੜਾੜੇ ਦਾ ਪ੍ਰਯੋਗ ਵੇਖੋਕੁੜੀ ਸੋਹਣੀ ਵੀ ਬੜੀ ਹੋਵੇ ਤਾਂ ਖਿੜਕੀ ਵਿੱਚੋਂ ਵੇਖਣ ਲਈ ਕੌਣ ਨਾ ਖਿੱਚਿਆ ਜਾਊ? ਖਿੜਕੀ ਵਿੱਚੋਂ ਵੇਖਣ ਲਈ ਤਾਂ ਕਈਆਂ ਨੇ ਕੁੱਟ ਵੀ ਖਾਧੀ ਹੋਊ! ਮੈਂ ਆਪਣੀਆਂ ਲਿਖਤਾਂ ਨੂੰ ਪੜ੍ਹਨਯੋਗ ਬਣਾਉਣ ਲਈ ਨਿਰਾ ਇੰਦਰਿਆਵੀ ਰਸਾਂ ਦਾ ਹੀ ਸਹਾਰਾ ਨਹੀਂ ਲੈਂਦਾ ਅਲੰਕਾਰਾਂ ਦੀ ਵਰਤੋਂ ਵੀ ਰੱਜ ਕੇ ਕਰਦਾਂਅਲੰਕਾਰ ਵੀ ਹਰ ਤਰ੍ਹਾਂ ਦੇਮੁਹਾਵਰੇ ਵਰਤਦਾਂ, ਅਖਾਣ ਵਰਤਦਾਂ ਤੇ ਲਤੀਫ਼ੇਬਾਜ਼ੀ ਵੀ ਕਰਦਾਂਕੋਸ਼ਿਸ਼ ਕਰਦਾਂ ਕਿ ਪਾਠਕ ਇੱਕ ਵਾਰ ਕਾਬੂ ਆ ਜਾਵੇ ਤਾਂ ਫੇਰ ਕਬੱਡੀ ਦੇ ਜੱਫੇ ਵਿੱਚ ਜਕੜੇ ਧਾਵੀ ਵਾਂਗ ਨਿਕਲ ਨਾ ਸਕੇਇਹ ਤਾਂ ਖ਼ੈਰ ਟਰੇਲਰ ਹੈ, ਪੂਰੀ ਫਿਲਮ ਕਦੇ ਫੇਰ ਸਹੀ

*****

(1417)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author