BhupinderSMann7ਸਿਰ ਪੱਟੀਆਂ ਨਾਲ ਲਪੇਟਿਆ ਹੋਇਆ ਸੀ ਤੇ ਲਾਲ ਰੰਗ ਦੀ ਦਵਾਈ ...
(21 ਮਈ 2020)

 

ਅੱਜ ਕੱਲ੍ਹ ਜਦੋਂ ਬਾਹਰਲੇ ਦੇਸ ਪੜ੍ਹਦੀ ਬੇਟੀ ਦਾ ਫੋਨ ਆਉਂਦਾ ਹੈ ਤਾਂ ਮੇਰਾ ਅੱਠਵੀਂ ਵਿੱਚ ਪੜ੍ਹਦਾ ਬੇਟਾ ਉਸ ਨਾਲ ਅਕਸਰ ਹੀ ਕਾਫੀ ਗੱਲਬਾਤ ਅੰਗਰੇਜ਼ੀ ਵਿੱਚ ਕਰਦਾ ਹੈਉਸ ਨੂੰ ਦੇਖ ਕੇ ਮੈਂਨੂੰ ਆਪਣੇ ਵੇਲੇ ਦਾ ਸਮਾਂ ਯਾਦ ਆ ਜਾਂਦਾ ਹੈਸਾਡੇ ਸਮਿਆਂ ਵਿੱਚ ਅੰਗਰੇਜ਼ੀ ਛੇਵੀਂ ਜਮਾਤ ਤੋਂ ਸ਼ੁਰੂ ਹੁੰਦੀ ਸੀ ਤੇ ਬਹੁਤੇ ਸਕੂਲਾਂ ਵਿੱਚ ਅੰਗਰੇਜ਼ੀ ਨੂੰ ਸਭ ਤੋਂ ਔਖਾ ਵਿਸ਼ਾ ਮੰਨਿਆ ਜਾਂਦਾ ਸੀਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਤਾਂ ਇਹ ਗੌਰੀ ਸ਼ੰਕਰ ਦੀ ਚੋਟੀ ਸਰ ਕਰਨ ਵਾਲੀ ਗੱਲ ਹੀ ਸੀਮੇਰੀ ਖੁਸ਼ਕਿਸਮਤੀ ਇਹ ਰਹੀ ਕਿ ਅੱਠਵੀਂ ਵਿੱਚ ਮੈਂਨੂੰ ਸਰਦਾਰ ਜੋਗਿੰਦਰ ਸਿੰਘ ਵਰਗੇ ਬਹੁਤ ਵਿਦਵਾਨ ਅਧਿਆਪਕ ਤੋਂ ਪੜ੍ਹਨ ਦਾ ਮੌਕਾ ਮਿਲ ਗਿਆਇਸ ਵਿਸ਼ੇ ਵਿੱਚ ਡੰਗ ਟਪਾਉਣ ਜੋਗਾ ਹੋ ਗਿਆਪਰ ਇਸ ਵਿਸ਼ੇ ਨਾਲ ਸਬੰਧਤ ਹੋਰ ਵਿਦਿਆਰਥੀਆਂ ਦਾ ਹਾਲ ਮਾੜਾ ਹੀ ਹੁੰਦਾ ਸੀਉਹ ਅਕਸਰ ਅੰਗਰੇਜ਼ੀ ਦੇ ਪੀਰਅਡ ਵਿੱਚ ਛਿਤਰੌਲ ਦੇ ਸ਼ਿਕਾਰ ਹੁੰਦੇ ਰਹਿੰਦੇ ਸਨਉਸ ਸਮੇਂ ਅਧਿਆਪਕ ਵੀ ਸਖਤੀ ਤੋਂ ਕੰਮ ਲੈਂਦੇ ਸਨ ਤੇ ਅੱਗੇ ਘਰ ਵਾਲੇ ਵੀ ਇਸ ਨੂੰ ਪੂਰੀ ਤਰ੍ਹਾਂ ਜਾਇਜ਼ ਮੰਨਦੇ ਸਨਅੱਜ ਕੱਲ੍ਹ ਵਾਲਾ ਵਰਤਾਰਾ ਨਹੀਂ ਸੀ ਕਿ ਅਧਿਆਪਕ ਕਿਸੇ ਬੱਚੇ ਨੂੰ ਕੁਝ ਕਹਿ ਦੇਵੇ ਤਾਂ ਵੱਡਾ ਮਾਮਲਾ ਬਣ ਜਾਂਦਾ ਹੈ

ਕਾਲਜ ਵਿੱਚ ਪਹੁੰਚ ਕੇ ਦੇਖਿਆ, ਉੱਥੇ ਵੀ ਅੰਗਰੇਜ਼ੀ ਦਾ ਹਊਆ ਵੱਡਾ ਸੀਪਿੰਡ ਵਾਲੇ ਵਿਦਿਆਰਥੀਆਂ ਲਈ ਤਾਂ ਅੰਗਰੇਜ਼ੀ ਪੜ੍ਹਾਈ ਵਿੱਚ ਸਭ ਤੋਂ ਵੱਡਾ ਅੜਿੱਕਾ ਸੀਜਿਹੜੇ ਵਿਦਿਆਰਥੀਆਂ ਨੇ ਦਸਵੀਂ ਤਕ ਚੰਗੀ ਤਰ੍ਹਾਂ ਇਸ ਨੂੰ ਨਹੀਂ ਪੜ੍ਹਿਆ ਸੀ, ਉਨ੍ਹਾਂ ਲਈ ਤਾਂ ਇਹ ਬਹੁਤ ਵੱਡੀ ਮੁਸ਼ਕਿਲ ਬਣ ਜਾਂਦੀ ਸੀ

ਪੰਜਾਬ ਵਿੱਚ ਖਾੜਕੂਵਾਦ ਦੌਰ ਚੱਲ ਰਿਹਾ ਸੀਬੀ.ਏ ਪਾਰਟ ਵੰਨ ਕਰਨ ਤੋਂ ਬਾਅਦ ਪਿਤਾ ਜੀ ਨੇ ਸਾਨੂੰ ਬਠਿੰਡੇ ਤੋਂ ਬਦਲ ਕੇ ਤਲਵੰਡੀ ਸਾਬੋ ਪੜ੍ਹਨ ਲਾ ਦਿੱਤਾ ਕਿਉਂਕਿ ਬਠਿੰਡਾ ਦੇ ਵਿੱਚ ਨੌਜਵਾਨਾਂ ਦੀਆਂ ਕਾਰਵਾਈਆਂ ਜ਼ਿਆਦਾ ਤੇਜ਼ ਸਨਉਸ ਸਮੇਂ ਮਾਪੇ ਆਪਣੇ ਬੱਚਿਆਂ ਨੂੰ ਕਈ ਪਾਸਿਓਂ ਵਗਦੀਆਂ ਤੱਤੀਆਂ ਹਵਾਵਾਂ ਤੋਂ ਬਚਾਉਣਾ ਚਾਹੁੰਦੇ ਸਨ

ਪਹਿਲੇ ਦਿਨ ਹੀ ਕਾਲਜ ਵਿੱਚ ਇੱਕ ਮੁੰਡਾ ਸਾਡਾ ਮਿੱਤਰ ਬਣ ਗਿਆ, ਜਿਹੜਾ ਬੀ ਏ ਪਾਰਟ ਵਨ ਵਿੱਚ ਪੜ੍ਹਦਾ ਸੀਉਹ ਦੇਖਣ ਪਾਖਣ ਨੂੰ ਸੋਹਣਾ ਸੁਨੱਖਾ ਸੀ।ਪੂਰੀ ਟੌਹਰ ਕੱਢ ਕੇ ਕਾਲਜ ਆਉਂਦਾਦੂਜੇ ਮੁੰਡੇ ਮੂੰਹ ’ਤੇ ਤਾਂ ਉਸ ਦਾ ਪੱਕਾ ਨਾਮ ਲੈਂਦੇ ਸਨ ਪਰ ਪਿੱਠ ਪਿੱਛੇ ਉਸ ਨੂੰ ‘ਬੈਕ ਗੇਅਰ’ ਕਹਿ ਕੇ ਬੁਲਾਉਂਦੇਮੇਰੇ ਲਈ ਇਹ ਨਾਮ ਅਜੀਬ ਸੀਸਾਡਾ ਮਿੱਤਰ ਐੱਨਐੱਸਐੱਸ, ਖੇਡਾਂ, ਐੱਨਸੀਸੀ ਤੇ ਹੋਰ ਗਤੀਵਿਧੀਆਂ ਵਿੱਚ ਛਾਇਆ ਰਹਿੰਦਾ ਮੈਂਨੂੰ ਉਸ ਦਾ ਪੁੱਠਾ ਨਾਮ ਬੜਾ ਚੁੱਭਦਾ ਤੇ ਅਜੀਬ ਲੱਗਦਾਹੌਲੀ ਹੌਲੀ ਪਤਾ ਲੱਗਿਆ ਕਿ ਅੰਗਰੇਜ਼ੀ ਦੇ ਕਾਰਨ ਹੀ ਉਸ ਦਾ ਨਾਂ ‘ਬੈਕ ਗੇਅਰ’ ਰੱਖਿਆ  ਗਿਆ ਸੀ, ਕਿਉਂਕਿ ਬੀ ਏ ਪਾਰਟ ਵੰਨ ਵਿੱਚ ਉਸ ਦੀ ਅੰਗਰੇਜ਼ੀ ਵਿੱਚ ਕੰਪਾਰਟਮੈਂਟ ਆ ਗਈ ਸੀਉਸ ਨੇ ਬੀਏ ਭਾਗ ਦੂਜਾ ਵਿੱਚ ਦਾਖਲਾ ਲੈ ਲਿਆਬੀਏ ਭਾਗ ਦੂਜਾ ਦੇ ਪੇਪਰ ਤਾਂ ਠੀਕ ਹੋ ਗਏ ਪਰ ਪਾਰਟ ਵੰਨ ਦਾ ਅੰਗਰੇਜ਼ੀ ਦਾ ਪੇਪਰ ਉਸ ਤੋਂ ਪਾਸ ਨਾ ਹੋਇਆ ਤੇ ਉਹ ਬੀਏ ਭਾਗ ਤੀਜਾ ਦਾ ਵਿਦਿਆਰਥੀ ਬਣਨ ਦੀ ਬਜਾਏ ‘ਬੈਕ ਗੇਅਰ’ ਲੱਗ ਕੇ ਪਾਰਟ ਵਨ ਵਿੱਚ ਵਾਪਸ ਆ ਗਿਆ

ਉਹ ਅੰਗਰੇਜ਼ੀ ਦੀ ਕਿਤਾਬ ਲੈ ਕੇ ਲਾਇਬ੍ਰੇਰੀ ਵਿੱਚ ਰੱਟੇ ਲਾਉਂਦਾ ਮਿਲਦਾਉਹ ਪਰਿਵਾਰ ਦਾ ਇਕਲੌਤਾ ਮੁੰਡਾ ਸੀਘਰਦਿਆਂ ਦੀ ਇੱਛਾ ਸੀ ਕਿ ਉਹ ਕਿਸੇ ਤਰ੍ਹਾਂ ਨਾਲ ਪੜ੍ਹ ਕੇ ਕੰਮਕਾਜ ਕਰਨ ਲੱਗੇਪਰ ਅੰਗਰੇਜ਼ੀ ਉਸ ਲਈ ਵੱਡੀ ਰੁਕਾਵਟ ਬਣੀ ਹੋਈ ਸੀ

ਉਸ ਸਾਲ ਉਸ ਨੇ ਸਾਰਾ ਸਾਲ ਬਹੁਤ ਮਿਹਨਤ ਕੀਤੀ ਰੱਟੇ ਵਗੈਰਾ ਲਾ ਕੇ ਉਸ ਨੇ ਇੰਨੀ ਤਿਆਰੀ ਕਰ ਲਈ ਕਿ ਉਹ ਪੇਪਰ ਵਿੱਚੋਂ ਪਾਸ ਹੋਣ ਜੋਗਾ ਹੋ ਗਿਆਪਰ ਇੱਕ ਨਵਾਂ ਨਿਯਮ ਉਸ ’ਤੇ ਬੰਬ ਵਾਂਗ ਡਿੱਗ ਪਿਆਯੂਨੀਵਰਸਿਟੀ ਨੇ ਉਸ ਸਾਲ ਅੰਗਰੇਜ਼ੀ ਦਾ ਵਾਈਵਾ ਬਤੌਰ ਪ੍ਰੈਕਟੀਕਲ ਨਾਲ ਰੱਖ ਦਿੱਤਾਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਹੈਰਾਨ ਪ੍ਰੇਸ਼ਾਨ ਹੋ ਗਿਆ ਤੇ ਭੱਜਿਆ ਭੱਜਿਆ ਸਾਡੇ ਕੋਲ ਆਇਆ ਤੇ ਬੋਲਿਆ, “ਬਾਈ ਜੀ, ਸੱਤਿਆਨਾਸ ਹੋ ਗਿਆ, ਲਿਖਤੀ ਪੇਪਰ ਤਾਂ ਮੈਂ ਪੱਕਾ ਕੱਢ ਜਾਊਂ, ਪਰ ਹਾਂ ਵਾਈਵਾ ਵੂਈਵਾ ਕਿੱਥੇ ਪਾਸ ਹੋਣਾ ਹੈ।”

ਅਸੀਂ ਵੀ ਉਸ ਦੀ ਗੱਲ ਨੂੰ ਠਰ੍ਹੰਮੇ ਨਾਲ ਸੁਣਿਆਸਾਨੂੰ ਵੀ ਪਤਾ ਸੀ ਕਿ ਮੋਟੀ ਜੀਭ ਨਾਲ ਅੰਗਰੇਜ਼ੀ ਬੋਲ ਸਕਣਾ ਉਸ ਦੇ ਵੱਸ ਦਾ ਰੋਗ ਨਹੀਂ ਹੈਪ੍ਰੈਕਟੀਕਲ ਦੀ ਤਰੀਕ ਵੀ ਪੱਕੇ ਪੇਪਰਾਂ ਤੋਂ ਪਹਿਲਾਂ ਹੀ ਆ ਗਈਉਸ ਨੇ ਭੱਜ ਨੱਠ ਕਰਕੇ ਪਤਾ ਕੀਤਾ ਕਿ ਪੇਪਰਾਂ ਵਿੱਚ ਡਿਊਟੀ ਬਠਿੰਡਾ ਤੋਂ ਇੱਕ ਬਹੁਤ ਸਖ਼ਤ ਪ੍ਰੋਫੈਸਰ ਸਾਹਿਬ ਦੀ ਲੱਗ ਹੋਈ ਹੈਉਹ ਹੋਰ ਡਰ ਗਿਆਉਸ ਨੇ ਆਖਿਆ, "ਇਹ ਤਾਂ ਸਿਫ਼ਾਰਸ਼ ਵੀ ਨਹੀਂ ਮੰਨਦੇ, ਮੈਂਨੂੰ ਲਗਦਾ ਹੈ ਇਸ ਸਾਲ ਵੀ ਫੇਲ ਹੋ ਜਾਣਾ ਅਤੇ ਪੜ੍ਹਾਈ ਛੁਡਾ ਕੇ ਘਰ ਦੇ ਖੇਤੀ ਦੇ ਕੰਮ ’ਤੇ ਲਾ ਲੈਣਗੇਉਸ ਨੇ ਇਸ ਬਾਬਤ ਘਰੇ ਵੀ ਗੱਲ ਕੀਤੀਘਰਦਿਆਂ ਨੇ ਵੀ ਕਿਸੇ ਤਰੀਕੇ ਨਾਲ ਪਾਸ ਹੋਣ ਲਈ ਹਰੀ ਝੰਡੀ ਦੇ ਦਿੱਤੀਉਸ ਨੇ ਬਿਮਾਰ ਹੋ ਕੇ ਹਸਪਤਾਲ ਵਿੱਚ ਦਾਖਲ ਹੋਣ ਦੀ ਸਕੀਮ ਵੀ ਬਣਾ ਲਈਇੱਕ ਪ੍ਰੋਫੈਸਰ ਤੋਂ ਪੁੱਛਿਆ ਕਿ ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਕੀ ਉਹ ਵਾਈਵੇਂ ਵਿੱਚੋਂ ਪਾਸ ਮੰਨਿਆ ਜਾਵੇਗਾ? ਤਾਂ ਅੱਗੋਂ ਉੱਤਰ ਵਿੱਚ ਹਾਜ਼ਰੀ ਚਾਰਟ ’ਤੇ ਹਾਜ਼ਰੀ ਜ਼ਰੂਰੀ ਹੈ, ਸੁਣ ਕੇ ਇਹ ਸਕੀਮ ਫੇਲ ਹੋ ਗਈਪਰ ਉਹ ਲਗਾਤਾਰ ਸਕੀਮਾਂ ਸੋਚਦਾ ਰਿਹਾ

ਵਾਈਵੇਂ ਵਾਲੇ ਦਿਨ ਅਸੀਂ ਆਪਣੀਆਂ ਵਰਕ ਬੁੱਕਸ ਲੈ ਕੇ ਕਾਲਜ ਪਹੁੰਚ ਗਏ ਪਰ ਸਾਡਾ ਮਿੱਤਰ ਨਾ ਆਇਆਵਾਈਵਾ ਸ਼ੁਰੂ ਹੋ ਗਿਆਇੱਕ ਇੱਕ ਕਰਕੇ ਸਾਰੀ ਕਲਾਸ ਵਾਈਵਾ ਦੇ ਚੁੱਕੀ ਸੀਕਾਲਜ ਦਾ ਕਲਰਕ ਆਇਆ। ਮਿੱਤਰ ਦਾ ਨਾਮ ਲੈ ਕੇ ਪੁੱਛਿਆ ਕਿ ਉਹ ਕਿੱਥੇ ਹੈ, ਕਿਉਂਕਿ ਉਹ ਇਕੱਲਾ ਵਾਈਵੇ ਵਿੱਚੋਂ ਗੈਰ ਹਾਜ਼ਰ ਸੀਸਾਨੂੰ ਵੀ ਅਸਲੀ ਬੀਮਾਰੀ ਦਾ ਪਤਾ ਸੀ ਪਰ ਅਸੀਂ ਚੁੱਪ ਰਹੇ

ਇੰਨੇ ਵਿੱਚ ਇੱਕ ਟੁੱਟੇ ਜਿਹੇ ਸਕੂਟਰ ਉੱਤੇ ਲੱਦੇ ਤਿੰਨ ਜਣੇ ਕਾਲਜ ਦੇ ਗੇਟ ਵਿੱਚ ਆ ਪ੍ਰਗਟ ਹੋਏਅਸੀਂ ਵੇਖਿਆ, ਸਾਡਾ ਮਿੱਤਰ ਵਿਚਾਲੇ ਬੈਠਾ ਸੀਉਸ ਦੀ ਇੱਕ ਲੱਤ ਅਤੇ ਬਾਂਹ ਉੱਤੇ ਪਲੱਸਤਰ ਲੱਗਿਆ ਹੋਇਆ ਸੀਸਿਰ ਪੱਟੀਆਂ ਨਾਲ ਲਪੇਟਿਆ ਹੋਇਆ ਸੀ ਤੇ ਲਾਲ ਰੰਗ ਦੀ ਦਵਾਈ ਲੱਗੀ ਦਿਸ ਰਹੀ ਸੀਉਨ੍ਹਾਂ ਸਿੱਧਾ ਸਕੂਟਰ ਲਿਜਾ ਕੇ ਵਾਈਵੇ ਵਾਲੇ ਕਮਰੇ ਦੇ ਸਾਹਮਣੇ ਖੜ੍ਹਾ ਦਿੱਤਾਪਿਛਲਾ ਜਣਾ ਉੱਤਰ ਕੇ ਅੰਦਰ ਗਿਆ ਤੇ ਦੱਸਿਆ ਕਿ ਕੱਲ੍ਹ ਸਾਡੇ ਮਿੱਤਰ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਨੂੰ ਵਾਈਵਾ ਕਰਾਉਣ ਲਈ ਲੈ ਕੇ ਆਏ ਹਾਂਪ੍ਰੋਫੈਸਰ ਸਾਹਿਬ ਨੇ ਉਸ ਨੂੰ ਕਮਰੇ ਵਿੱਚ ਲਿਆਉਣ ਲਈ ਕਿਹਾ ਤਾਂ ਉਨ੍ਹਾਂ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਵਿਚਾਲੇ ਬਿਠਾ ਕੇ ਲਿਆਏ ਹਨਉਦੋਂ ਤਕ ਸਾਡੇ ਮਿੱਤਰ ਦੀ ਹਾਏ ਹਾਏ ਦੀ ਆਵਾਜ਼ ਵੀ ਕਮਰੇ ਵਿੱਚ ਪਹੁੰਚ ਚੁੱਕੀ ਸੀਸਾਡੇ ਅੰਗਰੇਜ਼ੀ ਵਾਲੇ ਪ੍ਰੋਫੈਸਰ ਅਤੇ ਇਮਤਿਹਾਨ ਲੈਣ ਆਏ ਪ੍ਰੋਫੈਸਰ ਸਾਹਿਬ ਭੱਜ ਕੇ ਬਾਹਰ ਚਲੇ ਗਏਉਨ੍ਹਾਂ ਨੇ ਪਲੱਸਤਰਾਂ ਵਿੱਚ ਨੂੜੇ ਸਾਡੇ ਮਿੱਤਰ ਨੂੰ ਦੇਖ ਕੇ ਕਿਹਾ, “ਤੁਸੀਂ ਇਸ ਨੂੰ ਇਸ ਹਾਲਤ ਵਿੱਚ ਕਿਉਂ ਲੈ ਕੇ ਆਏ ਹੋ? ਜਾਓ ਇਸਦਾ ਵਾਈਵਾ ਹੋ ਗਿਆ, ਮੈਂ ਪਾਸ ਕਰ ਦੇਵਾਂਗਾ।”

ਕਲਰਕ ਨੇ ਹਾਜ਼ਰੀ ਸ਼ੀਟ ਉੱਤੇ ਦਸਤਖ਼ਤ ਕਰਵਾਏ ਤੇ ਸਕੂਟਰ ਧੂੜਾਂ ਪੁੱਟਦਾ ਵਾਪਸ ਮੁੜ ਗਿਆ। ਅਸੀਂ ਸਾਰੇ ਹੈਰਾਨ ਪ੍ਰੇਸ਼ਾਨ ਹੋ ਗਏ।

ਜਦੋਂ ਅਸੀਂ ਹਸਪਤਾਲ ਦੇ ਨੇੜੇ ਇੱਕ ਦੇਸੀ ਹੱਥ ਪੈਰ ਬੰਨ੍ਹਣ ਵਾਲੇ ਦੀ ਦੁਕਾਨ ਕੋਲੋਂ ਲੰਘਣ ਲੱਗੇ ਤਾਂ ਅੰਦਰੋਂ ਮਿੱਤਰ ਦੀ ਆਵਾਜ਼ ਆਈ, “ਉਏ ਸਾਰੇ ਕਿੱਧਰ ਚਲੇ ਚੱਲੇ ਹੋ।” ਅਸੀਂ ਦੇਖਿਆ, ਸਾਡਾ ਮਿੱਤਰ ਉੱਥੇ ਬੈਠਾ ਪਲੱਸਤਰ ਕਟਵਾ ਰਿਹਾ ਸੀ। ਜਦੋਂ ਅਸੀਂ ਪੁੱਛਿਆ ਕਿ ਕੀ ਭਾਣਾ ਵਾਪਰ ਗਿਆ ਤਾਂ ਉਸ ਨੇ ਦੱਸਿਆ, ਅੰਗਰੇਜ਼ੀ ਤੋਂ ਬਚਣ ਲਈ ਹੀ ਇਹ ਸਾਰਾ ਢਕਵੰਜ ਰਚਿਆ ਸੀ

ਉਸ ਨੇ ਉੱਥੇ ਚਾਹ ਅਤੇ ਪਕੌੜਿਆਂ ਦੀ ਪਾਰਟੀ ਵੀ ਕਰ ਦਿੱਤੀ ਕਿਉਂਕਿ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸਦੀ ਪੜ੍ਹਾਈ ਦਾ ਅੱਗੇ ਵਾਲਾ ਗੇਅਰ ਪੈ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2144) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author