JagroopSingh3“ਇਹ ਕਿਹੋ ਜਿਹੀ ਮਾਨਸਿਕਤਾ ਹੈ... ਇੱਕ ਤਰਫ ਕਿਹਾ ਜਾਂਦਾ ਹੈ ਕਿ ਅਨੁਸੂਚਿਤ ...”
(6 ਨਵੰਬਰ 2026)

 

ਕੁਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ (11 ਅਕਤੂਬਰ 2026) ਵਿੱਚ ਵਿਦਵਾਨ ਲੇਖਕ ਸਵਰਾਜਵੀਰ ਨੇ ‘ਦਲਿਤ ਹੋ… ਚੁੱਪ ਰਹੋ...’ ਦੇ ਸਿਰਲੇਖ ਹੇਠ ਲਿਖਿਆ ਸੀ; ‘ਸੁਨੇਹਾ ਇਹ ਹੈ ਕਿ ਭਾਵੇਂ ਤੁਸੀਂ ਸਨਮਦੀਪ ਦਾ ਪਰਿਵਾਰ ਹੋ ਜਾਂ ਗੁਲਜ਼ਾਰ ਸਿੰਘ ਦਾ ਪਰਿਵਾਰ ਜਾਂ ਸ਼ਾਮਲਾਟ ਦਾ ਹਿੱਸਾ ਮੰਗਦੇ ਦਲਿਤ ਜਾਂ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਸਮਾਜ ਵਿੱਚ ਆਪਣਾ ਦਰਜਾ ਪਛਾਣੋ, ਆਪਣੀ ਹਸਤੀ ਅਤੇ ਔਕਾਤ ਪਛਾਣੋ, ਰੌਲਾ ਨਾ ਪਾਓ, ਰੋਸ ਨਾ ਪ੍ਰਗਟਾਓ, ਵਿਦਰੋਹ ਨਾ ਕਰੋ, ਚੁੱਪ ਰਹੋ, ਤੁਸੀਂ ਦਲਿਤ ਹੋ। ਸੱਤਾ ਦਾ ਸੁਨੇਹਾ ਹੈ, “ਕੀ ਹੋਇਆ ਤੁਹਾਡੇ ਕੋਲ ਅੰਬੇਡਕਰ ਦੇ ਬੋਲ ਹਨ/ਸਾਡੇ ਕੋਲ ਅੰਬੇਡਕਰ ਦੀ ਤਸਵੀਰ ਹੈ/ਸੱਤਾ ਦੀ ਤਹਿਰੀਰ ਹੈ… ਤੁਸੀਂ ਚੁੱਪ ਰਹੋ! ਤੁਸੀਂ ਚੁੱਪ ਰਹੋ।”

ਸਨਮਦੀਪ, ਗੁਲਜ਼ਾਰ ਸਿੰਘ ਅਤੇ ਹਰਮੇਸ਼ ਮਾਲੜੀ ਸਭ ਦਲਿਤ ਹਨ। ਉਹ ਸਮਾਜਿਕ ਦੁਰਵਿਵਹਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਏ। ਗੁਲਜ਼ਾਰ ਸਿੰਘ ਇੱਕ ਮੰਤਰੀ ਨੂੰ ਨਸ਼ਿਆਂ ਦੇ ਬੰਦ ਨਾ ਹੋਣ ਬਾਰੇ ਸਵਾਲ ਪੁੱਛ ਬੈਠਿਆ ਤੇ ਉਹ ਮੰਤਰੀ ਦੇ ਉੱਚ ਜਾਤੀ ਚਹੇਤਿਆਂ ਦੀ ਨਫਰਤ ਅਤੇ ਗਾਲੀ ਗਲੋਚ ਦਾ ਸ਼ਿਕਾਰ ਹੋ ਗਿਆ। ਹਰਮੇਸ਼ ਮਾਲੜੀ ਖੇਤ ਮਜ਼ਦੂਰਾਂ ਦਾ ਆਗੂ ਹੈ ਅਤੇ ਉਸ ਨੂੰ ਪਾਸ-ਹੰਸ ਰਾਜ ਕੰਪਲੈਕਸ ਵਿੱਚ ਜਾਤੀ-ਸੂਚਕ ਸ਼ਬਦ ਵਰਤ ਕੇ ਬੇਇੱਜ਼ਤ ਕੀਤਾ ਗਿਆ। ਪੰਜਾਬ ਵਿੱਚ ਨਸ਼ਿਆਂ ਨਾਲ ਸਿਰਫ ਦਲਿਤ ਹੀ ਨਹੀਂ, ਬਲਕਿ ਸਾਰਾ ਸਮਾਜ ਹੀ ਪ੍ਰਭਾਵਿਤ ਹੋ ਰਿਹਾ ਹੈ। ਗੁਲਜ਼ਾਰ ਸਿੰਘ ਪੂਰੇ ਸਮਾਜ ਦੇ ਹਿਤ ਲਈ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ, ਉਹ ਕੇਵਲ ਆਪਣੇ ਲਈ ਨਹੀਂ ਬੋਲ ਰਿਹਾ। ਸਟੇਟ ਨੂੰ ਸਵਾਲ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਪਾਸ਼-ਹੰਸ ਰਾਜ ਨੂੰ ਸਮਾਜ ਨਾਇਕ ਮੰਨ ਚੁੱਕਿਆ ਹੈ ਪਰ ਉਨ੍ਹਾਂ ਪ੍ਰਤੀ ਯਾਦਗਾਰ ਨੂੰ ਹੋਏ ਲੈਕੇ ਵਿਵਾਦ ਤੇ ਦਲਿਤ ਹਰਮੇਸ਼ ਮਾਲੜੀ ਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ। ਕੀ ਸਮਾਜ ਦੇ ਨਾਇਕਾਂ ਬਾਰੇ ਵੀ ਦਲਿਤ ਨਹੀਂ ਬੋਲ ਸਕਦੇ? ਇਹ ਉਸ ਪੰਜਾਬੀ ਸਮਾਜ ਵਿੱਚ ਹੋ ਰਿਹਾ ਹੈ ਜਿਸ ਨੂੰ ਬਹੁਤ ਉਦਾਰਵਾਦੀ ਮੰਨਿਆ ਜਾ ਰਿਹਾ ਹੈ ਅਤੇ ਇਹ ਉਦਾਰਤਾ ਸਿੱਖ ਗੁਰੂ ਸਹਿਬਾਨਾਂ ਦੀ ਸਿੱਖਿਆ ਦਾ ਪ੍ਰਭਾਵ ਮੰਨੀ ਜਾਂਦੀ ਹੈ। ਫਿਰ ਜਾਤ-ਪਾਤ ਦੇ ਜਨਮਦਾਤੇ ਉਸ ਸਮਾਜ ਵਿੱਚ ਦਲਿਤ ਭਾਈਚਾਰੇ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ ਹੋਵੇਗਾ ਜਿੱਥੇ ਸਿੱਖੀ ਦਾ ਕੋਈ ਪ੍ਰਭਾਵ ਹੀ ਨਹੀਂ ਹੈ, ਵੱਡਾ ਸਵਾਲ ਹੈ।

ਪੰਜਾਬੀ ਪੇਂਡੂ ਸਮਾਜ ਵਿੱਚ ਖੇਤੀ ਕਰਦੇ ਜੱਟ ਭਾਈਚਾਰੇ ਦਾ ਦਬਦਬਾ ਹੈ। ਸਮਾਜ ਦੇ ਇਸ ਤਬਕੇ ’ਤੇ ਜੱਟਵਾਦ ਭਾਰੂ ਹੈ। ਮੈਂ ਜੱਟ ਹਾਂ --- ਅਸੀਂ ਜੱਟ ਹੁੰਦੇ ਹਾਂ --- ਵਗੈਰਾ ਵਗੈਰਾ ਅਲੰਕਾਰ ਵਰਤ ਕੇ ਆਪਣੀ ਪਛਾਣ ਕਰਵਾਈ ਜਾਂਦੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਹੈ; ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ। (ਪੰਨਾ 1127) ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਾਤ ਦਾ ਹੰਕਾਰ ਨਾ ਕਰੋ ਕਿਉਂਕਿ ਇਸ ਹੰਕਾਰ ਨਾਲ ਬਹੁਤ ਵਿਕਾਰ ਪੈਦਾ ਹੁੰਦੇ ਹਨ। ਜਾਤ-ਪਾਤ ਦੇ ਸਿਧਾਂਤਕ ਵਿਰੋਧੀ ਸਿੱਖ ਧਰਮ ’ਤੇ ਪੂਰਾ ਕਾਬਜ਼ ਜੱਟ ਭਾਈਚਾਰਾ, ਗੁਰੂ ਦੇ ਫਰਮਾਨ ਦੀ ਵੀ ਪ੍ਰਵਾਹ ਨਾ ਕਰਦਾ ਹੋਇਆ ਜਾਤ ਅਭਿਮਾਨੀ ਹੈ। ਅਗਿਆਨਤਾ ਦੁਖਦਾਈ ਸਮਾਜਿਕ ਵਰਤਾਰਿਆਂ ਨੂੰ ਜਨਮ ਦਿੰਦੀ ਹੈ। ਜੱਟ ਭਰਾ ਇਸ ਗੱਲੋਂ ਅਣਜਾਣ ਹਨ ਕਿ ਹਿੰਦੂ ਵਰਨ ਵਿਵਸਥਾ ਅਨੁਸਾਰ ਜੱਟ ਵੀ ਸ਼ੂਦਰ ਹਨ। ਉਹ ਵਟਾਈ/ਪਟੇ ਉੱਤੇ ਖੇਤੀ ਕਰਦੇ ਸਨ। ਉਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਹੁੰਦੀ ਸੀ। ਲੇਖਕ ਪ੍ਰੀਤਮ ਸਿੰਘ ਐੱਮ ਏ ਮੁਤਾਬਿਕ,  “ਪਹਿਲੀ ਜਨਗਣਨਾ 1881 ਈ:, ਸਮੁੱਚੇ ਦੇਸ਼ ਵਿੱਚ ਚਾਰ ਪੜਾਵਾਂ ਵਿੱਚ ਹੁੰਦੀ ਹੋਈ ਕਈ ਸਾਲਾਂ ਵਿੱਚ ਸੰਪੰਨ ਹੋਈ, ਜਿਸਦੀ ਰਿਪੋਰਟ ਡਾਇਰੈਕਟਰ ਸਰ ਈ. ਡੀ. ਇਬਟਸਨ ਨੇ, 1888 ਈ: ਵਿੱਚ ਤਿਆਰ ਕੀਤੀ। ਇਹ 1892 ਵਿੱਚ ਛਪੀ ਸੀ। ਉਸਨੇ ਪੰਜਾਬ ਵਿੱਚ ਜਾਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਜੱਟ (JAT) Junior Agriculture Tenant ਭਾਵ ਜ਼ਮੀਨ ਨੂੰ ਖੋਦਣ ਅਤੇ ਵਾਹੁਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਦਰਜਾ ਸਵਰਨ ਜਾਤਾਂ-ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼ ਤੋਂ ਵੀ ਨੀਵਾਂ ਹੈ ਅਤੇ ਜੱਟ ਨੂੰ ਸ਼ੂਦਰਾਂ ਵਿੱਚ ਸ਼ਾਮਲ ਕੀਤਾ ਹੈ। ਜੱਟਾਂ ਦੇ ਗੋਤ ਵੀ ਉੱਚ ਜਾਤਾਂ ਦੇ ਗੋਤਾਂ ਨਾਲ ਨਹੀਂ ਮਿਲਦੇ ਬਲਕਿ ਜੱਟਾਂ ਦੇ ਗੋਤ- ਸੰਧੂ, ਸਿੱਧੂ, ਢਿੱਲੋਂ, ਗਿੱਲ, ਰੰਧਾਵਾ ਅਤੇ ਚੌਹਾਨ ਆਦਿ ਸ਼ੂਦਰਾਂ ਨਾਲ ਮਿਲਦੇ ਹਨ। ਪਹਿਲਾਂ ਜ਼ਮੀਨ ਉੱਤੇ ਮਾਲਕੀ ਜੱਟ ਦੀ ਨਹੀਂ ਹੁੰਦੀ ਸੀ ਬਲਕਿ ਰਾਜੇ ਦੀ ਹੁੰਦੀ ਸੀ। ਜੱਟਾਂ ਨੂੰ ਜ਼ਮੀਨ ਦੀ ਮਾਲਕੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੌਰਾਨ 1710-1716 ਈ: ਦੌਰਾਨ ਹੀ ਦਿੱਤੀ ਸੀ।” (ਦਲਿਤ ਸੰਘਰਸ਼- ਉਦੇਸ਼ਕਾ - ਅਕਤੂਬਰ 2026) ਮੰਨੇ ਪ੍ਰਮੰਨੇ ਸਿੱਖ ਇਤਿਹਾਸਕਾਰ ਗੰਡਾ ਸਿੰਘ Life of Banda Singh Bahadur ਵਿੱਚ ਉਨ੍ਹਾਂ ਦਾ ਪਿਛੋਕੜ ਜੱਟ ਹੋਣ ਦਾ ਮੰਨਦੇ ਹਨ। ਇਬਿਟਸਨ ਵੀ ਬੰਦਾ ਸਿੰਘ ਬਹਾਦਰ ਦੇ ਪੈਰੋਕਾਰਾਂ ਨੂੰ ਜੱਟ ਹੋਣਾ ਮੰਨਦੇ ਹਨ। ਸੁਭਾਵਿਕ ਸੀ ਕਿ ਸਿੱਖ ਰਾਜ ਸਥਾਪਤ ਹੋਣ ’ਤੇ ਬੰਦਾ ਸਿੰਘ ਬਹਾਦਰ ਨੇ ਆਪਣੇ ਭਾਈਚਾਰੇ ਨੂੰ ਜ਼ਮੀਨ ਦੇ ਮਾਲਕੀ ਹੱਕ ਦੇ ਦਿੱਤੇ। ਹੈਰਾਨੀ ਹੈ ਕਿ ਇਹ ਜੱਟ ਭਾਈਚਾਰਾ, ਜੋ ਕਦੇ ਸ਼ੂਦਰ ਹੋਇਆ ਕਰਦਾ ਸੀ, ਦਲਿਤ ਭਾਈਚਾਰੇ ਨਾਲ ਦੁਰ ਵਿਵਹਾਰ ਕਰ ਰਿਹਾ ਹੈ।

ਇਹ ਵਰਤਾਰਾ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਪ੍ਰਤੱਖ ਦਿਸ ਰਿਹਾ ਹੈ ਪਰ ਸਾਡੀ ਦੁਨੀਆ ਦਾ ਇੱਕ ਅਜਿਹਾ ਕੋਨਾ ਵੀ ਹੈ ਜਿੱਥੇ ਹੋ ਰਿਹਾ ਜਾਤੀ ਭੇਦ-ਭਾਵ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਉਹ ਕੀਤਾ ਇਸ ਤਰ੍ਹਾਂ ਜਾਂਦਾ ਹੈ ਕਿ ਉਹ ਸਮਾਜ ਦੇ ਦੂਸਰੇ ਕੋਨਿਆਂ ਵਿੱਚ ਭੇਦ-ਭਾਵ ਲਗਦਾ ਹੀ ਨਹੀਂ। ਇਹ ਕੋਨਾ ਸਰਕਾਰੀ ਅਫਸਰੀ ਅਤੇ ਹੋਰ ਜਨਤਕ ਅਦਾਰੇ ਹਨ। ਇਸ ਕੋਨੇ ਵਿੱਚ ਸਿਖਿਅਤ ਦਲਿਤਾਂ ਦਾ ਪ੍ਰਭਾਵਸ਼ਾਲੀ ਹੋਣਾ ਉੱਚ ਜਾਤੀਆਂ ਦੇ ਰੜਕਦਾ ਰਹਿੰਦਾ ਹੈ। ਇਸ ਅੰਦਰ ਭੇਦ-ਭਾਵੀ ਵਰਤਾਰੇ ਦੀ ਵਿਉਂਤਬੰਦੀ ਨੀਤੀਗਤ ਹੈ ਅਤੇ ਬੜੀ ਹੀ ਚਤੁਰਤਾ ਨਾਲ ਲਾਗੂ ਕੀਤੀ ਜਾਂਦੀ ਹੈ। ਪ੍ਰੋ. ਗੁਰਨਾਮ ਸਿੰਘ ਮੁਕਤਸਰ ਨੇ ਆਪਣੀ ਕ੍ਰਿਤ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਵਿੱਚ ਆਰ ਐੱਸ ਐੱਸ ਦਾ ਇੱਕ ਗੁਪਤ ਪੱਤਰ ਦਿੱਤਾ ਹੈ। ਇਸ ਦਸਤਾਵੇਜ਼ ਮੁਤਾਬਿਕ ਦਲਿਤ ਵਰਗ ਦੇ ਅਫਸਰਾਂ/ਸਰਕਾਰੀ ਕਰਮਚਾਰੀਆਂ ਨੂੰ ਘਰੋਂ ਦੂਰ ਦੁਰਾਡੇ ਅਤੇ ਅਣਚਾਹੇ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਜਾਵੇ, ਉਨ੍ਹਾਂ ਨੂੰ ਆਰਥਿਕ ਤੌਰ ’ਤੇ ਪਛੜੇ ਰੱਖਿਆ ਜਾਵੇ, ਸਮਾਜਿਕ ਸਾਂਝ ਕਾਇਮ ਨਾ ਕਰਨ ਦਿੱਤੀ ਜਾਵੇ, ਉਨ੍ਹਾਂ ਦੀਆਂ ਸਲਾਨਾ ਰਿਪੋਰਟਾਂ ਖਰਾਬ ਕੀਤੀਆਂ ਜਾਣ… ਆਦਿ।

ਮੈਂ ਇੱਕ ਤਕਨੀਕੀ ਕਾਲਜ ਵਿੱਚ ਲੈਕਚਰਾਰ ਦੀ ਅਸਾਮੀ (1974) ’ਤੇ ਕੰਮ ਕਰ ਰਿਹਾ ਸੀ। ਪ੍ਰਿੰਸੀਪਲ ਸਾਹਿਬ ਗਰੈਜੂਏਟ ਹੋਣ ਦੇ ਨਾਲ ਨਾਲ ਬੁਣਾਈ-ਕਢਾਈ ਦਾ ਤਕਨੀਕੀ ਡਿਪਲੋਮਾ ਹੋਲਡਰ ਸਨ। ਸਾਹਿਬ ਸਾਨੂੰ ਆਪਣਾ ਦੋਸਤ ਸਮਝਦੇ ਸਨ। ਉਨ੍ਹਾਂ ਲਈ ਦੋਸਤੀ ਦਾ ਅਰਥ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਸੀ। ਭਾਰਤ ਸਰਕਾਰ ਦੇ ਉਦਯੋਗ ਵਿਭਾਗ ਨੇ ਬੰਬਈ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਭਾਗ ਲੈਣ ਲਈ ਕੱਪੜੇ ਦੀ ਰੰਗਾਈ-ਛਪਾਈ ਦੇ ਮਾਹਿਰ, ਪ੍ਰੋਫੈਸਰ ਸਾਹਿਬਾਨ ਅਤੇ ਉਦਯੋਗਪਤੀ ਬੁਲਾਏ ਗਏ ਸਨ। ਸਾਹਿਬ ਨੇ ਬੰਬਈ ਦੇਖਣਾ ਸੀ (ਉਨ੍ਹੀਂ ਦਿਨੀਂ ਬੰਬੇ ਦੇਖਣ ਦਾ ਝੱਲ ਚੜ੍ਹਿਆ ਹੁੰਦਾ ਸੀ)। ਅਜਿਹਾ ਮੌਕਾ ਫਿਰ ਕਹਾਂ ਮਿਲੇਗਾ --- ਨਾ ਹਿੰਗ ਲੱਗਣੀ ਸੀ ਨਾ ਫਟਕੜੀ। ਸਾਹਿਬ ਦਾ ਦੌਰਾ ਗੁਪਤ ਰੱਖਿਆ ਗਿਆ। ਗੁਪਤ ਹੀ ਰੱਖਣਾ ਬਣਦਾ ਸੀ ਕਿਉਂਕਿ ਭਾਸ਼ਣ ਲਿਖਣ ਵਾਲਾ ਲਾਇਬਰੇਰੀਅਨ ਸੀ। ਉਹ ਇਸ ਗੱਲੋਂ ਫੁੱਲਿਆ ਪਿਆ ਸੀ ਕਿ ਉਸਦਾ ਲਿਖਿਆ ਭਾਸ਼ਣ ਆਲ ਇੰਡੀਆ ਸੈਮੀਨਾਰ ਵਿੱਚ ਪੜ੍ਹਿਆ ਜਾਵੇਗਾ। ਉਸਨੇ ਆਪਣੀ ਖੁਸ਼ੀ ਮੇਰੇ ਨਾਲ ਸਾਂਝੀ ਕਰ ਲਈ। ਮੈਨੂੰ ਇਸਦਾ ਅਫਸੋਸ ਸੀ ਕਿ ਵਿਸ਼ੇ ਤੋਂ ਅਣਜਾਣ ਵਿਅਕਤੀ ਕੌਮੀ ਪੱਧਰ ਦੇ ਸੈਮੀਨਾਰ ਵਿੱਚ ਹਿੱਸਾ ਲੈਣ ਜਾ ਰਿਹਾ ਸੀ, ਉਹ ਵੀ ਭਾਸ਼ਣ ਲਾਇਬਰੇਰੀਅਨ ਤੋਂ ਲਿਖਵਾ ਕੇ, ਜਿਸ ਨੂੰ ਵਿਸ਼ੇ ਦਾ ਊੜਾ ਐੜਾ ਵੀ ਨਹੀਂ ਆਉਂਦਾ ਸੀ। ਮੈਂ ਆਪਣਾ ਦੁੱਖ ਆਪਣੇ ਮਿੱਤਰਾਂ ਨਾਲ ਸਾਂਝਾ ਕਰਨ ਵੇਲੇ ਕਹਿ ਬੈਠਿਆ, “ਟੈਕਸਟਾਈਲ ਕੈਮਿਸਟਰੀ ਦੇ ਪ੍ਰੋਫੈਸਰ ਸਾਹਿਬ ਨੂੰ ਸੈਮੀਨਾਰ ’ਤੇ ਜਾਣਾ ਚਾਹੀਦਾ ਸੀ ਤਾਂ ਕਿ ਇਸਦਾ ਫਾਇਦਾ ਇੰਸਟੀਚਿਊਟ ਅਤੇ ਵਿਦਿਆਰਥੀਆਂ ਨੂੰ ਹੁੰਦਾ ਨਾ ਕਿ ਪ੍ਰਿੰਸੀਪਲ ਨੂੰ ਨਿੱਜੀ ਲਾਭ ਹੁੰਦਾ। ਗੱਲ ਸਾਹਿਬ ਦੇ ਕੰਨਾਂ ਤਕ ਪਹੁੰਚਾ ਦਿੱਤੀ ਗਈ। ਚੁਗ਼ਲਖੋਰਾਂ ਨੇ ਆਪਣੇ ਕੰਮ ਵੀ ਤਾਂ ਕਰਵਾਉਣੇ ਸਨ। ਪ੍ਰਿੰਸੀਪਲ ਸਾਹਿਬ ਅਤੇ ਉਨ੍ਹਾਂ ਦੇ ਦਫਤਰ ਦਾ ਅਮਲਾ ਮੈਨੂੰ ਟੁੱਟ ਕੇ ਪੈ ਗਏ, “ਤੁਸੀਂ ਕੌਣ ਹੋ ਦਫਤਰ ਦੇ ਕੰਮ ਵਿੱਚ ਬੋਲਣ ਵਾਲੇ.. ਚੁੱਪ ਰਹੋ। ਉਸ ਦਿਨ ਤੋਂ ਬਾਅਦ ਲੰਬੀ ਦੁਖਦਾਈ ਕਹਾਣੀ ਸ਼ੁਰੂ ਹੋ ਗਈ ਸੀ।

ਟਰੇਨਿੰਗ ਖਤਮ ਹੋ ਚੁੱਕੀ ਸੀ। ਤਾਇਨਾਤੀ ਲਈ ਰਸਮ ਪੂਰਤੀ ਕਰਨ ਦੀ ਕਵਾਇਦ ਡਾਇਰੈਕਟਰ ਸਾਹਿਬ ਦੇ ਘਰ ਚਾਹ ’ਤੇ ਪੂਰੀ ਹੋ ਰਹੀ ਸੀ। ਸਭ ਨੇ ਆਪਨੀ ਲੋੜ ਮੁਤਾਬਿਕ ਤਜਵੀਜ਼ਾਂ ਅਤੇ ਦਲੀਲਾਂ ਨਾਲ ਤਰਲੇ-ਮਿਨਤਾਂ ਕੀਤੀਆਂ। ਜਿਨ੍ਹਾਂ ਦੀ ਪਹੁੰਚ ਸੀ, ਉਨ੍ਹਾਂ ਦੀ ਚਾਪਲੂਸੀ ਹੋ ਰਹੀ ਸੀ ਅਤੇ ਸਾਡੇ ਵਰਗਿਆਂ ਦੀ ਝਾੜ ਝੰਬ। ਉਸ ਵਕਤ ਬੰਬੇ ਸ਼ਹਿਰ ਵਿੱਚ ਰਿਹਾਇਸ਼ੀ ਮਕਾਨਾਂ ਦੀ ਬਹੁਤ ਕਿੱਲਤ ਸੀ। ਕੋਈ ਉੱਥੇ ਜਾਣ ਲਈ ਰਾਜ਼ੀ ਨਹੀਂ ਸੀ। ਪੂਰੀ ਤਨਖਾਹ ਵਿੱਚ ਰਹਿਣ ਲਈ ਇੱਕ ਖੋਲ਼ੀ ਵੀ ਕਿਰਾਏ ’ਤੇ ਨਹੀਂ ਮਿਲ ਸਕਦੀ ਸੀ। ਜਦੋਂ ਮੈਂ ਡਾਇਰੈਕਟਰ ਸਾਹਿਬ ਨੂੰ ਬੱਚਿਆਂ ਦਾ ਵਾਸਤਾ ਪਾ ਰਿਹਾ ਸੀ ਕਿ ਮੈਨੂੰ ਬੰਬੇ ਨਾ ਭੇਜਿਆ ਜਾਵੇ ਤਾਂ ਡਾਇਰੈਕਟਰ ਸਾਹਿਬ ਦੀ ਸ਼੍ਰੀਮਤੀ ਜੀ ਕੁੱਦ ਕੇ ਖਾਣ ਨੂੰ ਪਏ, “ਹੈਂ! ਤੂੰ ਬੰਬਈ ਨਹੀਂ ਜਾਣਾ ਚਾਹੁੰਦਾ ... ਮੈਂ ਇਹਨੂੰ ਕਹੂੰਗੀ ਕਿ ਤੈਨੂੰ ਬੰਬੇ ਜ਼ਰੂਰ ਭੇਜੇ।” ਉਸਦੀ ਕੜਕਵੀਂ ਅਤੇ ਕੁਸੈਲੀ ਅਵਾਜ਼ ਨੇ ਸਭ ਨੂੰ ਭੈ-ਭੀਤ ਕਰ ਦਿੱਤਾ। ਮੇਰੇ ਸਮੇਤ ਬਹੁਤਿਆਂ ਨੂੰ ਬੰਬੇ ਤਾਇਨਾਤ ਕਰ ਦਿੱਤਾ ਗਿਆ, ਘਰ ਤੋਂ 2000 ਕਿਲੋਮੀਟਰ ਦੂਰ। ਗੁਪਤ ਚਿੱਠੀ ਦੀ ਇੱਕ ਮੱਦ ਅਮਲ ਵਿੱਚ ਆ ਰਹੀ ਸੀ। ਅਸੀਂ ਚਾਰ ਦਲਿਤ ਅਫਸਰਾਂ ਨੇ ਇੱਕ ਛੋਟੇ ਜਿਹੇ ਫਲੈਟ ਵਿੱਚ ਚਾਰ ਮਹੀਨੇ ਫਰਸ਼ ’ਤੇ ਸੌਂ ਕੇ ਕਿਵੇਂ ਕੱਢੇ, ਸਾਨੂੰ ਹੀ ਪਤਾ ਹੈ। ਜੇਕਰ ਸਾਨੂੰ ਸਾਡੇ ਘਰਾਂ ਦੇ ਨੇੜੇ ਤਾਇਨਾਤ ਕਰ ਦਿੱਤਾ ਜਾਂਦਾ ਤਾਂ ਸਾਡੇ ਪਰਿਵਾਰ ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ ’ਤੇ ਤਾਕਤਵਰ ਹੋ ਸਕਦੇ ਸਨ। ਸਾਡੀ ਕੋਈ ਸੁਣ ਨਹੀਂ ਰਿਹਾ ਸੀ। ਬੱਸ ਚੁੱਪ ਰਹੋ... ਤੇ ਸੇਵਾ ਕਰੋ... ਦਾ ਉਪਦੇਸ਼ ਸੁਣਾਉਂਦੇ ਰਹੇ ਸਨ।

ਭਾਰਤੀ ਰਾਜਸਵ ਸੇਵਾ (ਇੰਡੀਅਨ ਰੈਵੇਨਿਊ ਸਰਵਿਸ) ਵਿੱਚ ਕੰਮ ਕਰਨ ਦਾ ਅਰਥ ਜੇਕਰ ਸੇਵਾ ਕਰਨੀ ਹੈ, ਤਦ ਇੱਕੋ ਹੋ ਸਕਦਾ ਹੈ ਕਿ ਇਸਦੇ ਮੈਂਬਰ ਵਜੋਂ ਭਾਰਤੀ ਸੰਵਿਧਾਨ ਦੇ ਤਹਿਤ ਕੰਮ ਕਰਦੇ ਹੋਏ ਤੁਸੀਂ ਕਾਨੂੰਨ ਮੁਤਾਬਿਕ ਜਾਇਜ਼ ਮਾਲੀਆ ਸਰਕਾਰ ਲਈ ਇਕੱਠਾ ਕਰੋ। ਇਹ ਤਦ ਹੀ ਸੰਭਵ ਹੈ ਜੇਕਰ ਤੁਸੀਂ ਕਾਨੂੰਨ ਦੇ ਅੰਤਰੀਵ ਭਾਵ ਨੂੰ ਲਾਗੂ ਕਰੋਗੇ। ਭਾਵ, ਬਣਦਾ ਟੈਕਸ ਲਵੋਗੇ ਅਤੇ ਵਾਧੂ ਦਾ ਕਰ-ਦਾਤਾ ਨੂੰ ਵਾਪਸ ਕਰੋਗੇ। ਸਰਵਿਸ ਦੇ ਪਹਿਲੇ ਮਹੀਨੇ ਦੌਰਾਨ ਹੀ ਇੱਕ ਮਾਮਲੇ ਵਿੱਚ ਮੈਂ ਕਾਨੂੰਨ ਦੀ ‘ਅੰਤਰੀਵ ਭਾਵਨਾ’ ਲਾਗੂ ਕਰ ਬੈਠਿਆ। ਸਾਰਾ ਮਹਿਕਮਾ ਕਹੇ, ਇਹ ਤਾਂ ਗਿਆ। ਵੱਡੇ ਸਾਹਿਬ ਨੇ ਮੇਰੇ ਬਾਸ ਨੂੰ ਮੇਰੇ ਸਾਹਮਣੇ ਕੁਝ ਇਸ ਤਰ੍ਹਾਂ ਕਿਹਾ, “ਇਹਨੂੰ ਕੁਝ ਸਮਝਾਓ! ਇਹਨੇ ਤਾਂ ਕਰ ਦਾਤਾ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਵੀ ਦੇ ਦਿੱਤਾ ਹੈ।”

ਮੈਂ ਸੋਚਣ ਲੱਗਾ, ਕਿਸੇ ਕਰਦਾਤਾ ਨੂੰ ਇਮਾਨਦਾਰ ਕਹਿਣਾ ਕੋਈ ਗੁਨਾਹ ਤਾਂ ਨਹੀਂ ਸੀ ਅਤੇ ਮੈਨੂੰ ਕੀ ਸਮਝਣ ਦੀ ਲੋੜ ਸੀ। ਸਮਝਣਾ ਇਹੀ ਸੀ ਕਿ ਜਿਹੋ ਜਿਹਾ ਘਾਲਾ ਮਾਲਾ ਚੱਲ ਰਿਹਾ ਹੈ, ਤੂੰ ਵੀ ਉਵੇਂ ਜਿਵੇਂ ਕਰੀ ਜਾਇਆ ਕਰ। ਮੈਂ ਡਰਿਆ ਜ਼ਰੂਰ ਪਰ ਆਪਣੇ ਅਹਿਦ ’ਤੇ ਦ੍ਰਿੜ੍ਹ ਰਿਹਾ।

ਕੁਝ ਦਿਨਾਂ ਬਾਅਦ ਫਿਰ ਅਜਿਹੀ ਸਥਿਤੀ ਆ ਗਈ। ਮੈਂ ਇੱਕ ਘਰ ਦੀ ਤਲਾਸ਼ੀ ਮੁਹਿੰਮ ਦਾ ਇੰਚਾਰਜ ਸੀ। ਉਨ੍ਹਾਂ ਕੋਲ ਦਸਤਾਵੇਜ਼ੀ ਸਬੂਤ ਸਨ ਕਿ ਘਰ ਵਿੱਚ ਮੌਜੂਦ ਗਹਿਣੇ ਦੋ ਦਿਨ ਪਹਿਲਾਂ ਹੀ ਵਿਭਾਗ ਨੇ ਵਾਪਸ ਕੀਤੇ ਸਨ। ਉੱਪਰੋਂ ਹੁਕਮ ਹੋਇਆ... ਸਭ ਚੁੱਕ ਲਿਆਓ। ... ਅਖੇ ਸਾਰੇ ਇਨਾਮ (Reward) ਦੇ ਹੱਕਦਾਰ ਹੋ ਜਾਵਾਂਗੇ। ਮੈਂ ਨਾਂਹ ਕਰ ਦਿੱਤੀ। ਬਹੁਤਾ ਤੀਂਘੜਦੈਂ, ਨੌਕਰੀ ਤੋਂ ਛੁੱਟੀ ਕਰਵਾ ਦਿਆਂਗੇ... ਜੋ ਅਸੀਂ ਕਹਿੰਦੇ ਹਾਂ, ਕਰੋ। ਮੈਨੂੰ ਸੁਣਨਾ ਪਿਆ। ਮੈਂ ਆਪਣੇ ਆਪ ਨੂੰ ਕਿਹਾ, ... ਕਰ ਲੈ ਸੇਵਾ। ਉਹ ਚਾਹੁੰਦੇ ਹਨ ... ਚੁੱਪ ਰਹਿ ... ਸੇਵਾ ਕਰ ਸਾਡੀ। ਉਹ ਅਣਜਾਣ ਸਨ ਕਿ ਇਹ ਤੀਂਘੜ ਨਹੀਂ ਬਲਕਿ ਉਸ ਸੰਵਿਧਾਨ ਦੀ ਸੇਵਾ ਕਰਨ ਦੀ ਤਾਂਘ ਸੀ, ਜਿਸਦੀ ਸਰਕਾਰੀ ਨੌਕਰੀ ਜੁਆਇਨ ਕਰਨ ਵੇਲੇ ਹਰ ਸਰਕਾਰੀ ਕਰਮਚਾਰੀ ਸੌਂਹ ਚੁੱਕਦਾ ਹੈ।

ਝੂਠੀ ਸ਼ਿਕਾਇਤ ਨੂੰ ਬਹਾਨਾ ਬਣਾ ਕੇ ਅਣਚਾਹੀ ਤਾਇਨਾਤੀ ਕਰਨਾ, ਤਰੱਕੀ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨਾ ਅਤੇ ਸੀਨੀਆਰਤਾ ਹੇਠਾਂ ਕਰ ਦੇਣਾ ਆਮ ਗੱਲ ਸੀ ਅਤੇ ਅੱਜ ਵੀ ਹੈ। ਅਜਿਹੇ ਕੇਸ ਵੀ ਮੈਂ ਅੱਖੀਂ ਦੇਖੇ ਹਨ ਜਿੱਥੇ ਸੀ ਬੀ ਆਈ ਨੇ ਘਰ ਤਲਾਸ਼ਿਆ, ਨੋਟਾਂ ਦੀ ਬਰਸਾਤ ਵਿੱਚ ਬੱਚੇ ਨਹਾਏ ਪਰ ਵੀਹ ਸਾਲ ਬਾਅਦ ਸੱਜਣ ਬਾ-ਇੱਜ਼ਤ ਬਰੀ ਕੀਤੇ ਗਏ। ਸਰਵਿਸ ਵਿੱਚ ਸੀਨੀਆਰਤਾ, ਤਰੱਕੀ ਅਤੇ ਹੋਰ ਸਭ ਲਾਭ ਦਿੱਤੇ ਗਏ। ... ਉਹ ਉੱਚ ਜਾਤ ਦੇ ਸਨ, ਉਨ੍ਹਾਂ ਲਈ ਇਨਸਾਫ ਦੇ ਪੈਮਾਨੇ ਅਲੱਗ ਹਨ। ਸਾਡੇ ਕੁਝ ਅਫਸਰਾਂ ਨਾਲ ਜ਼ਿਆਦਤੀ ਹੋਈ। ਉਨ੍ਹਾਂ ਇਨਸਾਫ ਦੀ ਮੰਗ ਕੀਤੀ। ਰਾਤੋ ਰਾਤ ਸਭ ਨੂੰ ਅਣਚਾਹੀਆਂ ਪੋਸਟਾਂ ਅਤੇ ਥਾਂਵਾਂ ’ਤੇ ਤਬਦੀਲ ਕਰ ਦਿੱਤਾ ਗਿਆ। ਸੁਨੇਹਾ ਸਾਫ ਸੀ... ਐਨਾ ਥੋੜ੍ਹਾ ਹੈ ਤੁਹਾਨੂੰ ਤਰੱਕੀ ਦੇ ਦਿੱਤੀ... ਚੁੱਪ ਰਹੋ। ਅਜਿਹੇ ਸਟੇਸ਼ਨ ਦਿੱਤੇ ਜਿੱਥੇ ਕੋਈ ਵੀ ਜਾਣ ਨੂੰ ਤਿਆਰ ਨਹੀਂ ਸੀ... ਗੁਜਰਾਤ ਦੇ ਭਾਵਨਗਰ ਜਿੱਥੇ ਪੰਜਾਬੀ ਸਰਦਾਰ ਨੂੰ ਕੋਈ ਮਕਾਨ ਦੇਣ ਨੂੰ ਤਿਆਰ ਹੀ ਨਹੀਂ ਸੀ। ਸ਼ਹਿਰ ਤੋਂ ਬਾਹਰ ਉੱਸਰ ਰਹੀ ਬਸਤੀ ਵਿੱਚ ਰਹਿਣਾ ਪਿਆ ਸੀ।

ਹੁਣ ਮੈਂ ਸਿਸਟਮ ਨੂੰ ਹੋਰ ਨੇੜਿਓਂ ਦੇਖ ਸਕਦਾ ਸੀ। ਤਾਲਮੇਲ ਅਫਸਰ ਹੋਣ ਦੇ ਨਾਤੇ ਦੂਸਰੇ ਵਿਭਾਗਾਂ ਦੀ ਕਾਰਗੁਜ਼ਾਰੀ ਵੀ ਦੇਖ ਸਕਦਾ ਸੀ। ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿੱਚ ਇੱਕ ਰਾਖਵੇਂ ਕੋਟੇ ਦੇ ਉਮੀਦਵਾਰ ਦਾ ਬੰਦ ਲਿਫ਼ਾਫ਼ਾ ਪਿਛਲੇ ਸਾਲ ਤੋਂ ਸੀਲ ਬੰਦ ਹੀ ਪਿਆ ਸੀ। ਕਹਿਣ... ਇਹਦਾ ਕੀ ਦੇਖਣੈ, ਅੱਗੇ ਚੱਲੋ। ਸਾਡੇ ਫਿਰ ਸਿੰਗ ਫਸ ਗਏ। ਉਸ ਲਿਫਾਫੇ ’ਤੇ ਕਾਰਵਾਈ ਹੋਈ ਪਰ ਅੱਗੇ ਲਈ ਸਾਡਾ ਆਉਣਾ ਬੰਦ। ਸੁਨੇਹਾ ਓਹੀ ਸੀ... ਚੁੱਪ ਰਹੋ।

ਦੂਸਰੀ ਤਰੱਕੀ ਵੇਲੇ ਵੀ ਘਰ ਤੋਂ 2500 ਕਿਲੋਮੀਟਰ ਦੂਰ ਗੜਬੜ ਵਾਲੇ ਇਲਾਕੇ (Disturbed Area) ਗੁਹਾਟੀ (ਅਸਾਮ) ਤਾਇਨਾਤ ਕਰ ਦਿੱਤੇ ਗਏ। ਇਸ ਬੇਇਨਸਾਫ਼ੀ ਲਈ ਸੁਣਨਾ ਪਿਆ, “ਭਾਈ ਸਾਹਿਬ ਨੂੰ ਕਹੋ ਚੁੱਪ ਕਰਕੇ ਬੈਠਣ, ਬਹੁਤ ਉੱਚ ਪੱਧਰ ਤੋਂ ਬਦਲੀ ਦੇ ਹੁਕਮ ਹੋਏ ਹਨ, ਜ਼ਿਆਦਾ ਕੁਝ ਕਰਨਗੇ ਤਾਂ ਹੋਰ ਵੀ ਮੁਸੀਬਤ ਮੁੱਲ ਲੈ ਸਕਦੇ ਹਨ।”

ਉੱਥੇ ਰਹਿਣ ’ਤੇ ਪਤਾ ਲੱਗਿਆ ਕਿ ਕੇਂਦਰ ਸਰਕਾਰ ਦੀ ਕੁੱਲ ਤਾਇਨਾਤੀ ਦੇ 60% ਅਫਸਰ ਅਨੁਸੂਚਿਤ ਜਾਤੀ/ਜਨ ਜਾਤੀ ਦੇ ਸਨ। ਇਹ ਕਿਹੋ ਜਿਹੀ ਮਾਨਸਿਕਤਾ ਹੈ... ਇੱਕ ਤਰਫ ਕਿਹਾ ਜਾਂਦਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਰਾਖਵੇਂਕਰਨ ਕਰਕੇ ਅਫਸਰ ਬਣੇ ਹੁੰਦੇ ਹਨ ਪਰ ਦੂਸਰੇ ਪਾਸੇ ਉਨ੍ਹਾਂ ਨੂੰ ਹੀ ਗੜਬੜ ਵਾਲੇ ਇਲਾਕਿਆਂ ਵਿੱਚ ਸਰਕਾਰ ਦਾ ਕੰਮ-ਕਾਜ ਕਰਨ ਲਈ ਤਾਇਨਾਤ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਥਾਂਵਾਂ ’ਤੇ ਤਾਂ ਸਰਕਾਰ ਦੇ ਆਹਲਾ ਅਫਸਰਾਂ ਦੀ ਲੋੜ ਹੁੰਦੀ ਹੈ ਤਾਂ ਕਿ ਹਾਲਾਤ ਨੂੰ ਸੁਧਾਰ ਕੇ ਜਨ-ਜੀਵਨ ਸੌਖਾ ਬਣਾਇਆ ਜਾ ਸਕੇ। ਇੱਥੇ ਇੱਕ ਮੀਟਿੰਗ ਦਾ ਜ਼ਿਕਰ ਕਰਦਾ ਹਾਂ। ਰਾਜਧਾਨੀ ਦਿੱਲੀ ਵਿਖੇ Central Board of Direct Taxes ਦੇ ਦਫਤਰ ਹਿੰਦੀ ਦੀ ਮੀਟਿੰਗ ’ਤੇ ਹਾਜ਼ਰੀ ਲਾਉਣਾ ਮੇਰੇ ਜ਼ਿੰਮੇ ਸੀ। ਮੀਟਿੰਗ ਖਤਮ ਹੋਈ। ਉਹੀ ਸੱਜਣ, ਜਿਨ੍ਹਾਂ ਨੇ 1984 ਦੇ ਸਿੱਖ-ਕਤਲੇਆਮ ਵਾਲੇ ਹਾਲਾਤ ਦਰਮਿਆਨ ਮੇਰੀ ਛੁੱਟੀ (ਬੰਬੇ) ਲਈ ਹੀਲ ਹੁੱਜਤ ਕੀਤੀ ਸੀ ਅਤੇ ਹੁਣ ਚੀਫ ਕਮਿਸਨਰ ਬਣ ਚੁੱਕੇ ਸਨ, ਕਹਿਣ ਲੱਗੇ, “ਜਗਰੂਪ, ਆ ਜਾ, ਚਾਹ ਪੀ ਕੇ ਜਾਣਾ।”

ਚਾਹ ਪੀਣ ਵੇਲੇ ਉਨ੍ਹਾਂ ਪੁੱਛਿਆ, “ਬਦਲੀ ਗੁਹਾਟੀ ਕਿਉਂ?”

ਮੈਂ ਕਿਹਾ, “ਸ਼੍ਰੀ ਮਾਨ ਜੀ, ਅਸੀਂ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹੇ ਹਾਂ ਜਿਨ੍ਹਾਂ ਦੀਆਂ ਦਿਵਾਰਾਂ ’ਤੇ ਲਿਖਿਆ ਹੁੰਦਾ ਸੀ: ਸਦਾ ਸੱਚ ਬੋਲੋ, ਮਿਹਨਤ ਕਰੋ, ਆਪਣਾ ਕੰਮ ਇਮਾਨਦਾਰੀ ਨਾਲ ਕਰੋ। ... ਤੇ ਇਹੀ ਕੁਝ ਮੈਂ ਕੀਤਾ, ਹੋਰ ਮੈਨੂੰ ਪਤਾ ਨਹੀਂ।”

ਉਹ ਕਹਿਣ ਲੱਗੇ, “ਜਗਰੂਪ, ਤੂੰ ਬੜਾ ਭੋਲਾ ਹੈਂ। ਪਿੰਡਾਂ ਵਾਲੇ ਤਾਂ ਪੜ੍ਹਾਏ ਹੀ ਸ਼ਹਿਰਾਂ ਵਾਲਿਆਂ ਦੀ ਸੇਵਾ ਕਰਨ ਲਈ ਸਨ।”

ਹੁਣ ਤਕ ਮੈਂ ਇਹ ਸਮਝ ਚੁੱਕਿਆ ਸੀ, ਬੱਸ ਸੁਣਨਾ ਬਾਕੀ ਸੀ। ਪਿੰਡਾਂ ਵਾਲਿਆਂ ਤੋਂ ਉਨ੍ਹਾਂ ਦਾ ਭਾਵ ਸ਼ਾਇਦ ਦਲਿਤਾਂ ਤੋਂ ਸੀ।

ਸਰਵਿਸ ਦਾ ਆਖਰੀ ਸਾਲ ਸੀ। ਹਰ ਸਰਕਾਰੀ ਨੌਕਰਸ਼ਾਹ ਅਤੇ ਹੋਰਨਾਂ ਸਭ ਲਈ ਇਹ ਅਜਿਹਾ ਸਾਲ ਹੁੰਦਾ ਹੈ ਜਦੋਂ ਉਹ ਆਪਣੇ ਇਸ਼ਟ ਅੱਗੇ ਦੁਆ ਕਰਨ ਲਗਦਾ ਹੈ ਕਿ ਸੁਖੀਂ ਸਾਂਦੀਂ ਰਿਟਾਇਰ ਹੋ ਜਾਵੇ, ਕਿਵੇਂ ਨਾ ਕਿਵੇਂ ਸਾਲ ਪੂਰਾ ਹੋ ਜਾਵੇ। ਮਾਰਚ 2007 ਵਿੱਚ ਵੱਡੇ ਸਾਹਿਬ ਨੇ ਮੀਟਿੰਗ ਬੁਲਾਈ ਤਿ ਕਿਹਾ, ਬਜਟ ਪੂਰਾ ਨਹੀਂ ਹੋ ਰਿਹਾ। ਸਾਰੇ ਹੱਥ ਖੜ੍ਹੇ ਕਰ ਗਏ। ਉਹਇੱਕ ਅਵਾਜ਼ ਹੋਕੇ ਬੋਲੇ, “ਜਗਰੂਪ ਜੇ ਤੂੰ ਫੇਲ ਹੋ ਗਿਆ ਤਾਂ ਅਸੀਂ ਸਾਰੇ ਫੇਲ ਹੋ ਜਾਵਾਂਗੇ।” ਉਂਝ ਤਾਂ ਹਰ ਪਰਪੱਕ ਅਫਸਰ ਨੂੰ ਅਜਿਹਾ ਚੈਲਿੰਜ ਲੈਣਾ ਬਣਦਾ ਸੀ ਪਰ ...। ਅਸੀਂ ਬਿਨਾਂ ਕਿਸੇ ਮੁਸੀਬਤ ਦੀ ਪ੍ਰਵਾਹ ਕਰੇ ਬਜਟ ਪਾਰ ਲੰਘਾ ਦਿੱਤਾ। ਇਹ ਮੇਰੀ ਉਸ ਸੰਵਿਧਾਨ ਪ੍ਰਤੀ ਵਚਨਵੱਧਤਾ ਸੀ ਜਿਸਨੇ ਮੈਨੂੰ ਸਕੂਲ, ਕਾਲਜ, ਯੂਨੀਵਰਸਟੀ ਅਤੇ ਲੈਕਚਰਰਸ਼ਿੱਪ ਤੋਂ ਲੈ ਕੇ ਭਾਰਤੀ ਰਾਜਸਵ ਸੇਵਾ ਦਾ ਮੈਂਬਰ ਬਣਨ ਤਕ ਦਾ ਰਾਹ ਖੋਲ੍ਹਿਆ। ਸਮਾਜ ਦੇ ਉਸ ਤਬਕੇ ਨੂੰ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਜਿੱਥੇ ਸਾਡਾ ਦਾਖਲਾ ਵਰਜਿਤ ਸੀ। ਠੀਕ ਉਸੇ ਤਰ੍ਹਾਂ ਜਿਵੇਂ ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ ਬੋਰਡ ਲਾ ਦਿੰਦੇ ਸਨ, “... ਭਾਰਤੀ ਅਤੇ ਕੁੱਤੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ।”

ਦੇਸ਼ ਆਜ਼ਾਦ ਹੋਣ ’ਤੇ ਭਾਰਤੀ ਸੰਵਿਧਾਨ ਵਿੱਚ ਅਸੀਂ ਭਾਰਤੀਆਂ ਨੇ ਅਹਿਦ ਲਿਆ ਕਿ ਆਜ਼ਾਦ ਭਾਰਤ ਮਨੁੱਖੀ ਪ੍ਰਤਿਸ਼ਠਾ ਦੀ ਪ੍ਰਾਪਤੀ ਲਈ ਭਾਈਚਾਰਕ ਸਾਂਝ ਅਤੇ ਹਮਦਰਦੀ ਅਧਾਰਿਤ ਸਮਾਜ ਦਾ ਨਿਰਮਾਣ ਕਰਨ ਦਾ ਯਤਨ ਕਰੇਗਾ। ਸਵਰਾਜਵੀਰ ਹੁਰਾਂ ਦਾ ਅਜੋਕਾ ਅਤੇ ਮੇਰਾ ਬਿਰਤਾਂਤ ਤਾਂ ਇਹੋ ਸੁਝਾ ਰਿਹਾ ਹੈ ਕਿ ਅਸੀਂ ਇਸ ਟੀਚੇ ਦੇ ਨੇੜੇ ਜਾਣ ਦੀ ਬਜਾਏ ਦੂਰ ਹੋਈ ਜਾ ਰਹੇ ਹਾਂ।

ਕੋਈ ਪੰਦਰਾਂ ਕੁ ਸਾਲ ਪਹਿਲਾਂ, ਜਦੋਂ ਬ੍ਰਾਹਮਣਵਾਦੀ ਸੋਚ ਦੇ ਹੱਥ ਕੇਂਦਰੀ ਸੱਤਾ ਆ ਗਈ ਸੀ ਅਤੇ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਹਿੰਦੂ ਧਰਮ ਸ਼ਾਸਤਰਾਂ ਅਨੁਸਾਰ ਵਿਵਹਾਰ ਸ਼ੁਰੂ ਹੋ ਗਿਆ ਸੀ, ਮੈਂ ਇੱਕ ਕਵਿਤਾ ਲਿਖੀ ਸੀ ਜਿਸਦਾ ਇੱਕ ਬੰਦ ਇਸ ਤਰ੍ਹਾਂ ਸੀ;

ਜੱਜ, ਸਿਪਾਹੀ, ਸਾਹਿਬ ਡੀ ਸੀ,
ਸਭ ਨੇ ਸਾਡੇ ਬੰਦੇ,

ਕਰਵਾ ਦੇਵਾਂਗੇ ਥੋਡੀ ਘੀਸੀ
ਹੱਕ ਹਕੂਕ ਜੇ ਮੰਗੇ।

ਹਰ ਕੌਮ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਵਿਦੇਸ਼ੀਆਂ ਵਿਰੁੱਧ ਹਰ ਕਿਸਮ ਦਾ ਹੱਥਕੰਡਾ ਅਪਣਾਉਂਦੀ ਹੈ ਪਰ ਸਾਡੇ ਦੇਸ਼ ਵਿੱਚ ਬਹੁ-ਗਿਣਤੀ ਧਰਮ ਦੇ ਪੈਰੋਕਾਰ ਆਪਣੇ ਹੀ ਧਰਮ ਦੇ ਇੱਕ ਵੱਡੇ ਹਿੱਸੇ ਨਾਲ ਬਦਸਲੂਕੀ ਕਰਨ ’ਤੇ ਤੁਲੇ ਰਹਿੰਦੇ ਹਨ, ਭਾਵੇਂ ‘ਉਹ ਹਿੱਸਾ’ ਸਾਰੇ ਸਮਾਜ ਦੇ ਭਲੇ ਲਈ ਹੀ ਕਿਉਂ ਨਾ ਸੋਚਦਾ ਹੋਵੇ। ਗੁਲਜ਼ਾਰ ਸਿੰਘ, ਸਨਮਦੀਪ ਸਿੰਘ ਅਤੇ ਅਤੇ ਹੋਰ ਕਈ ਸਭ ਇਹੋ ਕਰ ਰਹੇ ਸਨ ਜਦਕਿ ਅਖੌਤੀ ਉੱਚ ਜਾਤੀਆ ਭਾਈਚਾਰਾ ਆਪਣੇ ਨਿੱਜੀ ਹਿਤਾਂ ਨੂੰ ਤਰਜੀਹ ਦੇ ਰਿਹਾ ਸੀ। ਉਹ ਸਭ ਹੱਕ ਹੀ ਤਾਂ ਮੰਗ ਰਹੇ ਸਨ। ਹਾਲਾਂ ਕਿ ਉਹ ਸਭ ਦੇ ਹਿਤ ਦੀ ਗੱਲ ਕਰਦੇ ਸਨ ਪਰ ਉਹ ‘ਘੀਸੀ’ ਦੇ ਹੱਕਦਾਰ ਸਨ ਕਿਉਂਕਿ ਉਹ ਦਲਿਤ ਸਨ। ਉਨ੍ਹਾਂ ਨੂੰ ਜਹਾਨ ਤੋਂ ਹੀ ਰੁਖਸਤ ਹੋਣਾ ਪਿਆ।

ਜਾਪਦਾ ਹੈ ਕਿ ਸਮਾਜ ਦਾ ਹਾਸ਼ੀਏ ’ਤੇ ਧੱਕਿਆ ਤਬਕਾ ਭਾਵੇਂ ਉਹ ਜ਼ਿਮੀਂਦਾਰ ਹੈ ਜਾਂ ਦਲਿਤ, ਸਾਰੇ ਹੀ ਅਮਿਤਾਵ ਘੋਸ਼ ਦੇ ਨਾਵਲ ‘The Glass Palace’ ਦੇ ‘ਮੁਕੁੰਦ’ ਹਨ, ਜੋ ਭਾੜੇ ਦਾ ਸਿਪਾਹੀ ਹੈ ਪਰ ਸਮਝ ਜਾਂਦਾ ਹੈ ਕਿ ਭਾਵੇਂ ਬੰਦੂਕ ਦਾ ਘੋੜਾ ਉਸਦੇ ਹੱਥ ਹੈ ਪਰ ਗੋਲੀ ਕਿਸੇ ਹੋਰ ਦੇ ਹੁਕਮ ਨਾਲ ਹੀ ਚਲਦੀ ਹੈ। ਉਸਦਾ ਕੰਮ ਹੁਕਮ ਮੰਨਣਾ... ਚੁੱਪ ਰਹਿਣਾ... ਤੇ ਸੇਵਾ ਕਰਨਾ ਹੈ।

*   *   *

ਵੀਰ ਜਗਰੂਪ ਸਿੰਘ, ਜਿੱਥੇ ਜਾਤੀਵਾਦ ਭਾਰਤੀ ਸਮਾਜ ਵਿੱਚ ਵੰਡਾਂ-ਵਖਰੇਵੇਂ ਪਾਉਣ ਵਿੱਚ ਮੋਹਰੀ ਹੈ, ਉੱਥੇ ਧਾਰਮਿਕ ਕੱਟੜਤਾ ਅਤੇ ਇਲਾਕਾਵਾਦ ਵੀ ਪਿੱਛੇ ਨਹੀਂ। ਇਸ ਨਫਰਤ ਦੇ ਪਸਾਰੇ ਵਿਰੁੱਧ ਅਵਾਜ਼ ਧੀਮੀ ਨਹੀਂ ਪੈਣੀ ਚਾਹੀਦੀ। ਡਟੇ ਰਹੋ ... --- ਅਵਤਾਰ ਗਿੱਲ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author