“ਤਨਖਾਹਾਂ ਭਾਵੇਂ ਥੋੜ੍ਹੀਆਂ ਸਨ ਪਰ ਅੱਖ ਉੱਤੋਂ ਦੀ ਕਮਾਈ ਉੱਤੇ ਹੁੰਦੀ ਸੀ। ਅੱਜ ਵੀ ਇਹ ...”
(26 ਅਗਸਤ 2025)
ਸਿੱਖਿਆ ਨੀਤੀਆਂ ਵਿੱਚ ਆਏ ਬਦਲਾਅ ਕਰਕੇ ਆਮ-ਆਦਮੀ ਲਈ, ਖਾਸ ਕਰਕੇ ਪੇਂਡੂ ਖੇਤਰ ਜਿੱਥੇ ਜ਼ਿਆਦਾ ਮਾਂ-ਬਾਪ ਅਨਪੜ੍ਹ ਹਨ, ਆਪਣੀ ਸੰਤਾਨ ਲਈ ਵਿਸ਼ਿਆਂ ਦੀ ਚੋਣ ਦਾ ਕੰਮ ਕਠਿਨ ਅਤੇ ਅਹਿਮ ਸਮੱਸਿਆ ਹੈ। ਸਾਡੇ ਸਮਿਆਂ ਵਿੱਚ ਅੱਠਵੀਂ ਜਮਾਤ ਤਕ ਸਾਰੇ ਵਿਦਿਆਰਥੀ ਤਕਰੀਬਨ ਇੱਕੋ ਵਿਸ਼ੇ ਹੀ ਪੜ੍ਹਦੇ ਸਨ।
ਮੇਰੇ ਬਹੁਤੇ ਹਮ-ਜਮਾਤੀਆਂ ਦੇ ਪਰਿਵਾਰ ਪੇਂਡੂ ਅਤੇ ਨੀਮ-ਸ਼ਹਿਰੀ ਖੇਤਰ ਦੇ ਸਨ। ਮਾਂ-ਬਾਪ ਸਿਰਫ ਐਨਾ ਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਲੜਕਾ ਪੜ੍ਹ ਕੇ ਡੀ ਸੀ, ਐੱਸ ਪੀ, ਡਾਕਟਰ, ਪਟਵਾਰੀ ਜਾਂ ਘੱਟੋ ਘੱਟ ਸਕੂਲ ਅਧਿਆਪਕ ਹੀ ਲੱਗ ਜਾਵੇ। ਕਿਸੇ ਦਾ ਵੀ ਆਸ਼ਾ ਇਹ ਨਹੀਂ ਹੁੰਦਾ ਸੀ ਕਿ ਬੱਚੇ ਨੂੰ ਸਿੱਖਿਅਤ ਕਰਨ ਲਈ ਸਕੂਲ ਭੇਜਿਆ ਜਾ ਰਿਹਾ ਹੈ। ਜਿਸ ਸਮਾਜ ਵਿੱਚ ਸਦੀਆਂ ਤੋਂ ਇੱਕ ਵੱਡੇ ਤਬਕੇ ਨੂੰ ਵਿੱਦਿਆ ਅਤੇ ਹੁਨਰ ਤੋਂ ਵੰਚਿਤ ਰੱਖਿਆ ਗਿਆ ਹੋਵੇ, ਉਸ ਤਬਕੇ ਤੋਂ ਅਜਿਹੀ ਸੋਚ ਦੀ ਉਮੀਦ ਕਰਨਾ ਵੀ ਸਮਝਦਾਰੀ ਨਹੀਂ ਹੈ। ਅਜਿਹਾ ਸੋਚਣਾ ਸਿਰਫ ਅਮੀਰ ਅਤੇ ਸਿੱਖਿਅਤ ਪਰਿਵਾਰ ਦੇ ਹਿੱਸੇ ਹੀ ਆਉਂਦਾ ਹੈ। ਗਰੀਬ ਵਿਅਕਤੀ ਕੋਲ ਚੋਣ ਦਾ ਵਿਕਲਪ ਨਹੀਂ ਹੁੰਦਾ। ਜੋ ਮਿਲ ਗਿਆ, ਖਾ ਲਿਆ। ਕੱਪੜਾ ਜੋ ਖਰੀਦ ਸਕਿਆ, ਪਹਿਨ ਲਿਆ। ਘਰ ਜਿਹੋ ਜਿਹਾ ਕੱਚਾ-ਪਿੱਲਾ ਬਣਾ ਸਕਿਆ, ਬਣਾ ਲਿਆ। ਉਹ ਆਪਣੀ ਸੰਤਾਨ ਨੂੰ ਸਕੂਲ ਇਸ ਲਈ ਭੇਜਦਾ ਹੈ ਕਿ ਉਹ ਪੜ੍ਹ-ਲਿਖ ਕੇ ਸਰਕਾਰੀ ਨੌਕਰ ਹੋ ਜਾਵੇ, ਖੇਤਰ ਭਾਵੇਂ ਕੋਈ ਵੀ ਹੋਵੇ, ਬੱਸ ਨੌਕਰੀ ਸਰਕਾਰ ਦੀ ਹੋਵੇ। ਨਿੱਜੀ ਖੇਤਰ ਨੂੰ ਅੱਜ ਮਹੱਤਵ ਦਿੱਤਾ ਜਾ ਰਿਹਾ ਹੈ ਪਰ ਕੋਈ ਪੰਜਾਹ ਕੁ ਸਾਲ ਪਹਿਲਾਂ ਇਸ ਨੂੰ ਸਰਕਾਰੀ ਖੇਤਰ ਦੇ ਮੁਕਾਬਲੇ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਸਦਾ ਕਾਰਨ ਸ਼ਾਇਦ ਸਰਕਾਰੀ ਖੇਤਰ ਵਿੱਚ ‘ਉੱਤੋਂ ਦੀ ਕਮਾਈ’ ਸੀ। ਕੁੜੀ ਦਾ ਰਿਸ਼ਤਾ ਕਰਨ ਵੇਲੇ ਸਰਕਾਰੀ ਨੌਕਰੀ ਕਰਦੇ ਲੜਕੇ ਨੂੰ ਤਰਜੀਹ ਦਿੱਤੀ ਜਾਂਦੀ ਸੀ। ਤਨਖਾਹਾਂ ਭਾਵੇਂ ਥੋੜ੍ਹੀਆਂ ਸਨ ਪਰ ਅੱਖ ਉੱਤੋਂ ਦੀ ਕਮਾਈ ਉੱਤੇ ਹੁੰਦੀ ਸੀ। ਅੱਜ ਵੀ ਇਹ ਮਾਨਸਿਕਤਾ ਉਵੇਂ ਹੀ ਕਾਇਮ ਹੈ। ਸਰਕਾਰੀ ਨੌਕਰੀ ਮਿਲ ਜਾਵੇ, ਕਿਵੇਂ ਨਾ ਕਿਵੇਂ, ਬੱਸ ਫਿਰ ਪੌਂ ਬਾਰਾਂ।
ਵਧੀਆ ਸਰਕਾਰੀ ਮਹਿਕਮੇ ਦੀ ਨੌਕਰੀ ਲਈ ਵਿਸ਼ੇ ਵੀ ਵਧੀਆ ਚੁਣੇ ਜਾਣੇ ਲਾਜ਼ਮੀ ਸਨ। ਇਹ ਚੋਣ ਵਿਦਿਆਰਥੀ ਨੂੰ ਆਪ ਹੀ ਕਰਨੀ ਹੁੰਦੀ ਸੀ ਜਾਂ ਫਿਰ ਦੋਸਤ ਮਿਲ ਕੇ ਸਲਾਹ ਕਰ ਲੈਂਦੇ ਸਨ ਕਿ ਵੱਡੇ ਹੋ ਕੇ ਸਾਰਿਆਂ ਨੇ ਕੀ ਬਣਨਾ ਹੈ। ਗਰੀਬ ਦਾ ਤਾਂ ਕੋਈ ਛੇਤੀ ਛੇਤੀ ਦੋਸਤ ਵੀ ਨਹੀਂ ਸੀ ਬਣਦਾ, ਇਸ ਲਈ ਉਸ ਨੂੰ ਮਿੱਤਰਾਂ ਦੀ ਸਲਾਹ ਵੀ ਨਸੀਬ ਨਹੀਂ ਹੁੰਦੀ ਸੀ।
ਵਿਸ਼ਿਆਂ ਦੀ ਚੋਣ ਪ੍ਰਤੀ ਮੇਰਾ ਤਜਰਬਾ ਕੁਝ ਅਜਿਹਾ ਰਿਹਾ। ਨੌਂਵੀਂ ਜਮਾਤ ਵਿੱਚ ਦਾਖਲ ਹੋਣ ਵੇਲੇ ਡਰਾਇੰਗ, ਹਾਈਜੀਨ-ਫਿਜ਼ਿਔਲੋਜੀ ਅਤੇ ਇੱਕ ਹੋਰ ਵਿਸ਼ੇ ਵਿੱਚੋਂ ਇੱਕ ਚੁਣਨਾ ਸੀ। ਡਰਾਇੰਗ ਦਾ ਕੋਈ ਸ਼ੌਕ ਵੀ ਨਹੀਂ ਸੀ ਪਰ ਅਸਲ ਗੱਲ ਇਹ ਸੀ ਕਿ ਹਰ ਰੋਜ਼ ਨਵੀਂ ਡਰਾਇੰਗ-ਸ਼ੀਟ, ਵੱਖਰੇ ਵੱਖਰੇ ਰੰਗਾਂ ਦੀਆਂ ਪੈਨਸਿਲਾਂ ਖਰੀਦਣ ਲਈ ਮਾਇਆ ਨਹੀਂ ਸੀ। ਆਰਥਿਕ ਹਾਲਤ ਨੇ ਵਿਸ਼ਾ-ਚੋਣ ਨੂੰ ਸੀਮਿਤ ਕਰ ਦਿੱਤਾ ਸੀ। ਇਹ ਸੋਚ ਕੇ ਕਿ ਹਾਈਜੀਨ-ਫਿਜ਼ੋਔਲੋਜੀ ਦੀ ਇੱਕ ਕਿਤਾਬ ਸਾਰਾ ਸਾਲ ਚੱਲੇਗੀ, ਮੈਂ ਇਹ ਵਿਸ਼ਾ ਲੈਣ ਵਾਲਿਆਂ ਦੀ ਲਾਈਨ ਵਿੱਚ ਲੱਗ ਗਿਆ। ਸਾਦਾ ਕੁੜਤਾ ਅਤੇ ਫਟਿਆ ਪਜਾਮਾ ਦੇਖ ਕੇ ਮਾਸਟਰ ਆਰ ਐੱਸ ਭੱਲਾ ਜੀ (ਸਾਰਾ ਸਕੂਲ ਉਨ੍ਹਾਂ ਨੂੰ ‘ਫੁਕਰਾ’ ਕਹਿੰਦਾ ਸੀ) ਮੇਰੇ ਵੱਲ ਦੌੜੇ ਅਤੇ ਬਾਂਹ ਫੜ ਕੇ ਇੰਝ ਦੇਖਿਆ ਜਿਵੇਂ ਮੈਨੂੰ ਮੱਖਣ ਵਿੱਚੋਂ ਵਾਲ ਕੱਢਣ ਵਾਂਗ ਲਾਈਨ ਵਿੱਚੋਂ ਬਾਹਰ ਵਗਾਹ ਮਾਰਨਾ ਹੋਵੇ। ਮੈਂ ਤ੍ਰਭਕ ਗਿਆ ਸੀ। ਮਾਸਟਰ ਜੀ ਨੇ ਅੱਖਾਂ ਵਿੱਚ ਹੈਰਾਨੀ ਅਤੇ ਡਰਾਉਣਾ ਲਹਿਜਾ ਭਰ ਕੇ ਸਵਾਲ ਕੀਤਾ, “ਕਿਆਂ ਆਪ ਕੇ ਮਾਤਾ-ਪਿਤਾ ਡਾਕਟਰੀ ਕੀ ਫੀਸ ਭਰ ਦੇਂਗੇਂ?”
ਉਹ ਬੋਲਦੇ ਸਮੇਂ ਨੱਕ ਦਾ ਇਸਤੇਮਾਲ ਕਰਦੇ ਸਨ, ਇਸ ਲਈ ਉਨ੍ਹਾਂ ਕਿਆ ਨੂੰ ਕਿਆਂ ਬੋਲਿਆ। ਮੇਰੇ ਜਵਾਬ, “ਮਾਸਟਰ ਜੀ ਹੁਣ ਇਹ ਤਾਂ ਪੜ੍ਹਨ ਦਿਓ, ਉਹ ਫੀਸ ਭਰਨ ਵੇਲੇ ਦੇਖਲਾਂਗੇ।” ਨੇ ਮਾਸਟਰ ਜੀ ਨੂੰ ਚੁੱਪ ਕਰਾ ਦਿੱਤਾ ਸੀ। ਮੁਸਕੜੀਏਂ ਹੱਸਦੇ ਮੁੰਡਿਆਂ ਨੂੰ ਦੇਖ ਉਹ ਉੱਥੋਂ ਖਿਸਕ ਗਏ।
ਕਾਲਜ ਵਿੱਚ ਦਾਖਲਾ ਫਾਰਮ ਭਰ ਦਿੱਤਾ। ਕੋਈ ਪਤਾ ਨਹੀਂ ਸੀ ਕਿ ਸਾਇੰਸ ਪੜ੍ਹ ਕੇ ਕੀ ਬਣਨਾ ਹੈ। ਬੱਸ ਮਨ ਵਿੱਚ ਇੰਨਾ ਹੀ ਸੀ ਕਿ ਇੰਜਨੀਅਰ ਬਣ ਕੇ ਨਵੀਂਆਂ ਨਵੀਆਂ ਚੀਜ਼ਾਂ ਬਣਾਇਆ ਕਰਾਂਗੇ।
ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਵੇਲੇ ਮੇਰੇ ਸਾਦਾ ਕੁੜਤਾ ਅਤੇ ਖੱਦਰ ਦਾ ਪਜਾਮਾ ਪਾਇਆ ਹੋਇਆ ਸੀ। ਪੈਰ ਉੱਤੇ ਗਿੱਟੇ ਕੋਲ ਬੰਨ੍ਹੀ ਵੱਡੀ ਪੱਟੀ ਉੱਥੇ ਕਿਸੇ ਚੋਟ ਹੋਣ ਦੀ ਦੱਸ ਪਾ ਰਹੀ ਸੀ। ਦਰਅਸਲ ਗਰਮੀਆਂ ਵਿੱਚ ਅਸੀਂ ਪਿੰਡ ਵਿੱਚ ਬਰਫ-ਸੋਡਾ ਵੇਚ ਕੇ ਪੜ੍ਹਾਈ ਲਈ ਕੁਝ ਪੈਸੇ ਜੋੜ ਲਿਆ ਕਰਦੇ ਸੀ। ਸ਼ਹਿਰ ਤੋਂ ਪਿੰਡ ਜਾਂਦੇ ਵੇਲੇ ਇੱਕ ਦਿਨ ਪਾਣੀ ਦੇ ਖਾਲ ਵਿੱਚੋਂ ਸਾਇਕਲ ਲੰਘਾਉਂਦੇ ਹੋਏ ਸੋਡੇ ਦੀ ਬੋਤਲ ਫਟ ਗਈ ਅਤੇ ਕੱਚ ਸਿੱਧਾ ਮੇਰੀ ਹੱਡੀ ਅੰਦਰ ਧਸ ਗਿਆ। ਜ਼ਖਮ ’ਤੇ ਵੈਦ ਜੀ ਨੇ ਮਹਿੰਦੀ ਅਤੇ ਤੁਲਸੀ ਦੇ ਪੱਤੇ ਬੰਨ੍ਹ ਦਿੱਤੇ। ਪਹਿਰਾਵਾ ਗਰੀਬੀ ਦੀ ਨੁਮਾਇਸ਼ ਸੀ। ਪ੍ਰਿੰਸੀਪਲ ਸਾਹਿਬ ਨੇ ਨਾਨ-ਮੈਡੀਕਲ ਦੇ ਵਿਸ਼ੇ ਨਾ-ਮਨਜ਼ੂਰ ਕਰ ਦਿੱਤੇ। ਉਸ ਵੇਲੇ ਮੈਨੂੰ ਲੱਗਿਆ ਜਿਵੇਂ ਪ੍ਰਿੰਸੀਪਲ ਸਾਹਿਬ ਆਪਣੇ ਮਨ ਵਿੱਚ ਮਾਸਟਰ ਮਦਨ ਲਾਲ ਦੇ ਸ਼ਬਦ ‘ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਰੂੜ੍ਹੀਆਂ ਤੋਂ ਉੱਠ ਕੇ ਪੜ੍ਹਨ’ ਇਸ ਤਰ੍ਹਾਂ ਦੋਹਰਾ ਰਹੇ ਹੋਣ, “ਪਤਾ ਨਹੀਂ ਪਿੰਡ ਵਿੱਚੋਂ ਉੱਠ ਕੇ ਕਿਵੇਂ ਨਾਨ-ਮੈਡੀਕਲ ਪੜ੍ਹਨ ਆ ਜਾਂਦੇ ਨੇ।” ਦਸਵੀਂ ਵਿੱਚੋਂ ਚੰਗੀ ਖਾਸੀ ਸੈਕਿੰਡ ਡਵੀਜ਼ਨ ਹੋਣ ਦੇ ਬਾਵਜੂਦ ਵੀ ਉਨ੍ਹਾਂ ਮੇਰੀ ਯੋਗਤਾ ਦੀ ਬਜਾਏ ਮੇਰੇ ਆਰਥਿਕ ਅਤੇ ਸਮਾਜਿਕ ਪਿਛੋਕੜ ਨੂੰ ਤਰਜੀਹ ਦਿੱਤੀ। ਸਿੱਧਾ ਜਵਾਬ ਦੇਣ ਦੀ ਬਜਾਏ ਹੋਸਟਲ ਵਿੱਚ ਰਹਿਣ ਦੀ ਸ਼ਰਤ ਲਾ ਦਿੱਤੀ। ਉਨ੍ਹਾਂ ਭਾਂਪ ਲਿਆ ਹੋਵੇਗਾ ਕਿ ਮੈਂ ਹੋਸਟਲ ਦਾ ਖਰਚਾ ਨਹੀਂ ਦੇ ਸਕਦਾ, ਸਾਇੰਸ ਵਿੱਚ ਦਾਖਲਾ ਦੇਵਾਂਗਾ ਨਹੀਂ, ਆਪੇ ਆਰਟਸ ਦੇ ਵਿਸ਼ੇ ਲੈ ਲਵੇਗਾ। ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਬਿਹਤਰ ਹੁੰਦਾ ਮੈਂ ਆਰਟਸ ਹੀ ਪੜ੍ਹ ਲੈਂਦਾ ਤਾਂ ਕਿ ਸਮਾਜਿਕ ਅਤੇ ਰਾਜਸੀ ਢਾਂਚੇ ਬਾਰੇ ਚੜ੍ਹਦੀ ਉਮਰੇ ਹੀ ਗਿਆਨ ਹੋ ਜਾਂਦਾ।
ਮੈਨੂੰ ਸਾਇੰਸ ਪੜ੍ਹਨ ਵਿੱਚ ਹੀ ਦਿਲਚਸਪੀ ਸੀ, ਆਰਟਸ ਵਿੱਚ ਕੋਈ ਰੁਚੀ ਨਹੀਂ ਸੀ। ਇੱਥੇ ਵੀ ਘਰ ਦੀ ਆਰਥਿਕ ਹਾਲਤ ਨੇ ਮੇਰੀ ਚੋਣ ਸੀਮਿਤ ਕਰ ਦਿੱਤੀ। ਅਗਵਾਈ ਕਰਨ ਵਾਲਾ ਕੋਈ ਹੈ ਨਹੀਂ ਸੀ। ਇਹ ਵੀ ਇੱਕ ਸੰਜੋਗ ਸੀ ਕਿ ਕਿਵੇਂ ਨਾ ਕਿਵੇਂ ਅਗਲੇ ਦਿਨ ਹੋਸਟਲ ਰਹਿਣ ਦੀ ਸ਼ਰਤ ਹਟ ਗਈ ਅਤੇ ਮੈਂ ਨਾਨ-ਮੈਡੀਕਲ ਵਿੱਚ ਦਾਖਲ ਹੋ ਗਿਆ ਸੀ। ਬਾਰ੍ਹਵੀਂ ਵੀ ਚੰਗੀ ਸੈਕਿੰਡ ਡਵੀਜ਼ਨ ਵਿੱਚ ਪਾਸ ਹੋ ਗਈ।
ਹੁਣ ਸਲਾਹ ਦੇਣ ਵਾਲੇ ਵੀ ਸਨ। ਹਿਤਕਾਰੀ ਪ੍ਰੋਫੈਸਰ ਸਾਹਿਬਾਨ ਨੇ ਸਲਾਹ ਦਿੱਤੀ ਕਿ ਇੰਜਨੀਅਰਇੰਗ ਕਾਲਜ ਵਿੱਚ ਦਾਖਲ ਹੋ ਜਾਵਾਂ। ਫਾਰਮ ਭਰ ਦਿੱਤੇ। ਮਨਜ਼ੂਰ ਵੀ ਹੋ ਗਏ ਪਰ ਪੈਸੇ ਦੀ ਥੁੜ ਨੇ ਮੁੜ ਚੋਣ ਸੀਮਿਤ ਕਰ ਦਿੱਤੀ। ਬੀ ਐੱਸ ਸੀ ਵਿੱਚ ਦਾਖਲ ਹੋਣਾ ਪਿਆ। ਇਹ ਮੈਂ ਕਾਲਜ ਵਿੱਚੋਂ ਫਸਟ ਕਲਾਸ ਫਸਟ ਆ ਕੇ ਪਾਸ ਕਰ ਗਿਆ ਸੀ।
ਐੱਮ ਐੱਸ ਸੀ ਦਾ ਬਹੁਤ ਚਾਅ ਸੀ। ਦਾਖਲਾ ਮਿਲਿਆ ਪਰ ਫੀਸ ਨਾ ਭਰੀ ਗਈ। ਇੱਕ ਸਾਲ ਬਾਅਦ ਦਾਖਲ ਹੋਏ। ਕੁਝ ਕਲਾਸ ਫੈੱਲੋ ਸਨ, ਜਿਨ੍ਹਾਂ ਦੀ ਆਰਥਿਕ ਹਾਲਤ ਨੇ ਕੋਰਸ ਵਿੱਚ ਹੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਕੋਈ ਜਰਵਾਣਾ ਹੀ ਇਸ ਗਰੀਬੀ ਦੀ ਮਾਰ ਨੂੰ ਮਾਤ ਦੇ ਸਕਦਾ ਹੈ ਅਤੇ ਆਪਣੀ ਪਸੰਦ ਦੇ ਵਿਸ਼ੇ ਪੜ੍ਹ ਸਕਦਾ ਹੈ।
ਵਿਸ਼ਾ ਚੁਣਨ ਵੇਲੇ ਕਿਸੇ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਪਰ ਸਿਰਫ ਇਸ ਕਰਕੇ ਵਿਸ਼ਾ ਨਹੀਂ ਚੁਣਨਾ ਚਾਹੀਦਾ ਕਿ ਬਹੁਤ ਸਾਰੇ ਇਸ ਨੂੰ ਚੁਣ ਰਹੇ ਹਨ ਜਾਂ ਇਹ ਬਹੁਤ ਜ਼ਿਆਦਾ ਔਖਾ ਨਹੀਂ ਹੈ ਅਤੇ ਜਾਣਿਆ ਪਛਾਣਿਆ ਹੈ। ਕੁਝ ਸਾਲ ਪ੍ਰੋਫੈਸਰ ਰਹਿਣ ਬਾਅਦ, ਪਿਤਾ ਜੀ ਦੀ ਇੱਛਾ ਪੂਰਤੀ ਲਈ ਮੈਂ ਯੂ ਪੀ ਐੱਸ ਸੀ ਦਾ ਇਮਤਿਹਾਨ ਦੇਣਾ ਸੀ। ਕਿਸੇ ਨੇ ਸਲਾਹ ਦਿੱਤੀ ਕਿ ਅੱਠ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ‘ਇੰਡੀਅਨ ਹਿਸਟਰੀ’ ਰੱਖ ਲਿਆ ਜਾਵੇ। ਦਲੀਲ ਸੀ ਕਿ ਇਹ ਦੇਸ਼ ਦਾ ਇਤਿਹਾਸ ਹੈ, ਜਲਦੀ ਸਮਝ ਆ ਜਾਵੇਗਾ। ਚੰਗੇ ਨੰਬਰ ਹਾਸਲ ਹੋ ਸਕਦੇ ਹਨ। ਜਦੋਂ ਪ੍ਰਸ਼ਨ ਪੱਤਰ ਵਿੱਚ ਇਹ ਸਵਾਲ ਦੇਖਿਆ, “Hymanu tumb।ed into ।ife and tumled out of it, comment. ... ਹਮਾਉਂ ਧੜੱਲੇ ਨਾਲ ਜੀਵਨ ਵਿੱਚ ਕੁੱਦਿਆ ਅਤੇ ਧੜੰਮ ਕਰਕੇ ਹੀ ਬਾਹਰ ਹੋ ਗਿਆ। ... ਆਪਣੀ ਰਾਏ ਦਿਓ।” ਤਾਂ ਮੈਨੂੰ ਚੱਕਰ ਜਿਹਾ ਆ ਗਿਆ ਅਤੇ ਲੱਗਿਆ ਕਿ ਮੈਂ ਜਿਵੇਂ ਧੜੰਮ ਕਰਕੇ ਇਸ ਮੁਕਾਬਲੇ ਵਿੱਚ ਕੁੱਦਿਆ ਹਾਂ ਉਸੇ ਤਰ੍ਹਾਂ ਹੀ ਬਾਹਰ ਹੋ ਜਾਵਾਂਗਾ। ਉਹੀ ਹੋਇਆ।
ਅਗਲੀ ਕੋਸ਼ਿਸ਼ ਲਈ ਮੈਂ ਇਹ ਸੋਚਕੇ ਮਾਂ ਬੋਲੀ ਦਾ ਸਹਾਰਾ ਲਿਆ ਕਿ ਹੋਰ ਨਹੀਂ ਤਾਂ ਆਪਣੇ ਵਿਚਾਰ ਨੂੰ ਆਪਣੀ ਭਾਸ਼ਾ ਵਿੱਚ ਚੰਗੀ ਤਰ੍ਹਾਂ ਪੇਸ਼ ਕਰ ਸਕਾਂਗਾ, ਨਾਵਲ, ਰਸਾਲੇ ਕਾਫ਼ੀ ਪੜ੍ਹੇ ਹੋਏ ਨੇ। ਇਸ ਵਾਰ ਮੈਂ ਟਪੂਸੀ ਮਾਰ ਕੇ ਲਛਮਣ-ਰੇਖਾ ਪਾਰ ਕਰ ਗਿਆ। ਉਂਝ ਭਾਵੇਂ ਮੈਂ ਆਈ ਏ ਐੱਸ ਲਈ ਵੀ ਯੋਗ ਸਮਝਿਆ ਗਿਆ ਪਰ ਭਾਰਤੀ ਪੁਲਿਸ ਸੇਵਾ ਅਤੇ ਕੇਂਦਰੀ ਸੇਵਾਵਾਂ ਲਈ ਚੁਣਿਆ ਗਿਆ।
ਵਿਸ਼ੇ ਦੀ ਚੋਣ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਾਡੇ ਅਤਿ ਦੇ ਵਰਗੀਕ੍ਰਿਤ ਅਤੇ ਨਾ-ਬਰਾਬਰੀ ਵਾਲੇ ਸਮਾਜ ਵਿੱਚ ਯੋਗਤਾ ਨਾਲੋਂ ਸਮਾਜਿਕ ਰੁਤਬੇ ਅਤੇ ਆਰਥਿਕ ਹਾਲਤ ਨੂੰ ਦਿੱਤੀ ਤਰਜੀਹ ਕਿਸੇ ਨਾਗਰਿਕ ਦੇ ਨਿੱਜੀ ਜੀਵਨ ਨੂੰ ਤਾਂ ਪ੍ਰਭਾਵਿਤ ਕਰਦੀ ਹੀ ਹੈ ਪਰ ਇਸਦੇ ਨਾਲ ਨਾਲ ਦੇਸ਼ ਦੇ ਸਾਹਿਤਕ ਪਿੜ, ਬੌਧਿਕਤਾ ਦੀ ਗੁਣਵੱਤਾ, ਸਮਾਜਿਕ ਅਤੇ ਸਿਆਸੀ ਜੀਵਨ ਅਤੇ ਦੂਰਗਾਮੀ ਛਾਪ ਛੱਡਦੀ ਹੈ। ਸਮਾਜ ਨੂੰ ਅਣ-ਕਿਆਸੇ ਰਾਹ ਤੋਰ ਦਿੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (