JagroopSingh3ਸਾਨੂੰ ਦਿੱਤਾ ਸਿੱਖਿਆ ਦਾ ਹਥਿਆਰ ਸਾਡੇ ਹੱਥੋਂ ਖਿਸਕਾਇਆ ਜਾ ਰਿਹਾ ਹੈਤੁਹਾਡੀ ਇਕੱਲੀ ...
(11 ਫਰਵਰੀ 2026)


ਸਤਿਕਾਰਤ ਡਾਕਟਰ ਸਾਹਿਬ
, ਸਾਡੀ ਹੋਂਦ ਇਸ ਲਈ ਹੈ ਕਿ ਤੁਸੀਂ ਸਉ ਤੁਹਾਨੂੰ ਕੋਟਨ ਕੋਟ ਪ੍ਰਣਾਮ!

ਸਦੀਆਂ ਤੋਂ ਜਾਤ-ਪਾਤ ਅਧਾਰਿਤ ਭੇਦ ਭਾਵ ਦਾ ਸਮਾਜਿਕ ਸੰਤਾਪ ਹੰਢਾਉਂਦੇ ਸਮਾਜ ਵਿੱਚ ਪੈਦਾ ਹੋ ਕੇ, ਹਰ ਔਕੜ ਦਾ ਮੁਕਾਬਲਾ ਕਰਦੇ ਤੁਸੀਂ ਉੱਚ ਸਿੱਖਿਆ ਹਾਸਲ ਕੀਤੀ ਵਿੱਦਿਆ ਪ੍ਰਾਪਤੀ ਸਮੇਂ ਤੁਸੀਂ ਮੁਸੀਬਤਾਂ ਦੇ ਪਹਾੜ ਸਰ ਕੀਤੇ ਅੱਜ ਵੀ ਗਰੀਬ ਵਰਗਾਂ ਦੀ ਵਿੱਦਿਆ ਪ੍ਰਾਪਤੀ ਵਿੱਚ ਔਕੜਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਇਹ ਦੁਖਾਂਤ ਅਸੀਂ ਇਸ ਲਈ ਮਹਿਸੂਸ ਕਰ ਸਕਦੇ ਹਾਂ ਕਿ ਤੁਸੀਂ ਸਾਨੂੰ ਸੰਵੇਦਨਸ਼ੀਲ ਬਣਾਇਆ ਤੁਸੀਂ ਆਪਣੀ ਵਿਦਵਤਾ ਨਾਲ ਦੇਸ਼ ਦਾ ਸੰਵਿਧਾਨ ਹੀ ਨਹੀਂ ਲਿਖਿਆ ਬਲਕਿ ਆਪਣੀ ਕਾਰਜਕੁਸ਼ਲਤਾ ਰਾਹੀਂ ਕਰੋੜਾਂ ਦੱਬੇ-ਕੁਚਲੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ ਇਹ ਤੁਸੀਂ ਸਾਨੂੰ ਮੁਢਲੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਚੇਰੀ ਸਿੱਖਿਆ ਦਾ ਹੱਕ ਦਿਵਾ ਕੇ ਲਿਆਂਦੀ ਸਰਕਾਰੀ ਨੌਕਰੀਆਂ ਮਿਲਣ ਲੱਗੀਆਂ, ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ ਅਤੇ ਬਹੁਤ ਕੁਝ ਬਦਲਿਆ ਦੇਸ਼ ਦੀਆਂ ਕਾਨੂੰਨ ਘੜਨੀਆਂ ਸਭਾਵਾਂ ਵਿੱਚ ਸਾਡਾ ਦਾਖਲਾ ਕਰਵਾਇਆ ਤਾਂ ਕਿ ਸਾਡੇ ਭਾਈਚਾਰੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਸਕੇ, ਅਸੀਂ ਕਾਨੂੰਨ ਬਣਾਉਣ ਵਿੱਚ ਯੋਗਦਾਨ ਪਾਉਣ ਦੇ ਕਾਬਿਲ ਵੀ ਹੋਏ

ਤੁਸੀਂ ਸਾਡੀ ਅਗਵਾਈ ਉਦਾਹਰਨ ਰਾਹੀਂ ਕੀਤੀ ਅਤੇ ਸਿਖਾਇਆ ਕਿ ਸਵੈਮਾਣ ਸੌਦੇਬਾਜ਼ੀ ਨਹੀਂ ਹੈ, ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈਂਦਾ ਹੈ, ਸੰਗਠਨ ਵਿੱਚ ਤਾਕਤ ਹੈ, ਸਾਨੂੰ ਸਹੀ ਵਰਤਾਰੇ ਅਤੇ ਸਹੀ ਤੱਥਾਂ ਨਾਲ ਖੜ੍ਹਨਾ ਚਾਹੀਦਾ ਹੈ, ਅਨਿਆਂ ਹੁੰਦਾ ਦੇਖ ਕੇ ਚੁੱਪ ਰਹਿਣਾ ਅਨਿਆਂ ਕਰਨ ਦੇ ਤੁੱਲ ਹੁੰਦਾ ਹੈ ਤੁਸੀਂ ਇਹ ਵੀ ਸਿਖਾਇਆ ਕਿ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਹੀ ਤੁਹਾਡੀ ਮੁਕਤੀ ਦਾ ਰਾਹ ਹੈ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਸੀਂ ਸਾਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਰਾਖਵੇਂਪਣ ਦਾ ਪ੍ਰਬੰਧ ਕਰ ਕੇ ਦਿੱਤਾ ਅਸੀਂ ਉੱਚ ਵਿੱਦਿਆ ਪ੍ਰਾਪਤ ਕੀਤੀ ਤੁਹਾਡੇ ਇਸ ਵਰਦਾਨ ਨੇ ਸਾਨੂੰ ਤੁਹਾਡੀਆਂ ਲਿਖਤਾਂ ਅਤੇ ਭਾਸ਼ਣ ਪੜ੍ਹ ਕੇ ਚਿੰਤਕ ਹੋਣ ਦਾ ਰਾਹ ਦਿਖਾਇਆ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਹੀ ਸੂਝ ਆਈ ਕਿ ਤੁਸੀਂ ਇੱਕ ਅਜਿਹੀ ਸਮਾਜਿਕ ਵਿਵਸਥਾ ਵਿਰੁੱਧ ਡਟੇ ਜਿਸਦੀ ਨੀਂਹ ਜਾਤੀ ਭੇਦ-ਭਾਵ ’ਤੇ ਰੱਖੀ ਗਈ ਅਤੇ ਇਸ ਨੂੰ ਰੱਬੀ ਹੁਕਮ ਨਾਲ ਜੋੜ ਦਿੱਤਾ ਗਿਆ ਸੀ ਮਨੁੱਖੀ ਦਿਮਾਗ ਦੀ ਬੁਝਾਰਤ ਭਰੀ ਇਸ ਚਤਰ-ਕਾਢ ਨੂੰ ਸਭ ਦੇ ਸਾਹਮਣੇ ਖੋਲ੍ਹਿਆ ਇਹ ਵੀ ਸਮਝਾਇਆ ਕਿ ਧਰਮ ਅਧਾਰਿਤ ਸਮਾਜਿਕ ਪ੍ਰਬੰਧਨ ਇੱਕ ਸਿਆਸੀ ਪ੍ਰਬੰਧਨ ਹੀ ਸੀ ਜਦੋਂ ਕਿਸੇ ਵਿਵਸਥਾ ਦੀ ਅਸਲੀਅਤ ਉਸ ਵਿਵਸਥਾ ਦੇ ਪੀੜਿਤ ਹਿੱਸੇ ਸਾਹਮਣੇ ਆਉਂਦੀ ਹੈ, ਤਦ ਉਸਦੀ ਵਿਚਾਰਧਾਰਾ ਵਿੱਚ ਬਦਲਾਅ ਆਉਣਾ ਲਾਜ਼ਮੀ ਹੈ ਅਸੀਂ ਉਸ ਬਦਲਾਅ ਵਿੱਚੋਂ ਲੰਘ ਰਹੇ ਹਾਂ ਅਤੇ ਖੁਸ਼ ਹਾਂ ਕਿ ਅਸੀਂ ਵੀ ਇਤਿਹਾਸਕ ਤੱਥਾਂ ਤੋਂ ਜਾਣੂ ਹੋ ਰਹੇ ਹਾਂ

ਉਹ ਸਮਾਜ, ਜਿਹੜਾ ਸਥਾਪਤੀ ਨੂੰ ਆਦਰਸ਼ ਵਜੋਂ ਪੇਸ਼ ਕਰਕੇ ਪ੍ਰਾਚੀਨ ਕਾਲ ਤੋਂ ਸਥਾਪਿਤ ਜਾਤੀ ਵਿਵਸਥਾ ਨੂੰ ਬਰਕਰਾਰ ਰੱਖਣ ’ਤੇ ਬਜ਼ਿੱਦ ਸੀ, ਉਸ ਨੂੰ ਸੰਵਿਧਾਨ ਰਾਹੀਂ ‘ਸੁਤੰਤਰਤਾ, ਬਰਾਬਰੀ ਅਤੇ ਮੈਤਰੀ’ ਦਾ ਸੁਨੇਹਾ ਦੇ ਕੇ ਦੇਸ਼ ਦੀ ਮਾਨਸਿਕਤਾ ਨੂੰ ਨਵੀਂ ਦਿਸ਼ਾ ਦਿੱਤੀ ਇਸ ਮਾਰਗ ’ਤੇ ਚੱਲਣ ਦਾ ਸੰਕਲਪ ਲੈਂਦੇ ਹੋਏ ਦੇਸ਼ਵਾਸੀਆਂ ਨੂੰ ਚਿਤਾਵਨੀ ਵੀ ਦਿੱਤੀ ਸੀ ਤੁਸੀਂ ਕਿਹਾ ਸੀ , “ਅਸੀਂ ਵਿਰੋਧਭਾਸ ਭਰੇ ਜੀਵਨ ਵਿੱਚ ਦਾਖਲ ਹੋ ਰਹੇ ਹਾਂ ਸਿਆਸਤ ਵਿੱਚ ਅਸੀਂ ਸਭ ਬਰਾਬਰ ਹੋਵਾਂਗੇ ਪਰ ਸਮਾਜਿਕ ਅਤੇ ਆਰਥਿਕ ਢਾਂਚੇ ਵਿੱਚ ਹਰ ਵਿਅਕਤੀ ਦੀ ਸਮਾਨਤਾ ਦੇ ਸਿਧਾਂਤ ਤੋਂ ਮੁਨਕਰ ਹੋਣਾ ਜਾਰੀ ਰੱਖਾਂਗੇ ਅਸੀਂ ਕਦੋਂ ਤਕ ਵਿਰੋਧਭਾਸ ਭਰਪੂਰ ਜੀਵਨ ਜਿਊਂਦੇ ਰਹਾਂਗੇ? ਜੇ ਲੰਮੇ ਸਮੇਂ ਤਕ ਇਸ ਸਮਾਨਤਾ ਤੋਂ ਇਨਕਾਰੀ ਹੋਣਾ ਜਾਰੀ ਰੱਖਿਆ ਤਦ ਅਜਿਹਾ ਕਰਨਾ ਕੇਵਲ ਸਾਡੀ ਸਿਆਸੀ-ਜਮਹੂਰੀਅਤ ਨੂੰ ਖਤਰਾ ਸਹੇੜ ਕੇ ਕਰ ਰਹੇ ਹੋਵਾਂਗੇ ... (26 ਜੂਨ 1950)

ਤੁਹਾਡੀ ਸੋਚ ਬਹੁਤ ਦੂਰਦਰਸ਼ੀ ਸੀ ਵਿਰੋਧਭਾਸ ਦਾ ਖਦਸ਼ਾ ਅਮਲੀ ਰੂਪ ਲੈ ਗਿਆ ਹੈ ਯਕੀਨਨ ਤੁਸੀਂ ਇਸ ਗੱਲੋਂ ਅਵੇਸਲੇ ਨਹੀਂ ਸਉ ਕਿ ਜਾਤੀ ਆਪਣੇ ਆਪ ਨੂੰ ਕਈ ਰੰਗਾਂ ਵਿੱਚ ਰੰਗ ਲਵੇਗੀ ਅਤੇ ਛੁਪ ਛੁਪ ਕੇ ਅਖੌਤੀ ਨੀਵੀਂਆਂ ਜਾਤਾਂ ਨੂੰ ਤੰਗ ਪ੍ਰੇਸ਼ਾਨ ਕਰੇਗੀ ਉੱਚ ਸਿੱਖਿਆ ਅਦਾਰਿਆਂ ਵਿੱਚ ਦਲਿਤ ਵਿਦਿਆਰਥੀਆਂ ਨੂੰ ‘ਕੋਟਾ ਚਿਲਡਰਨ ਕੈਟੇਗਰੀ ਵਾਲਾ ਜਾਂ ਕੋਟਾ ਸਟੂਡੈਂਟ’ ‘ਸਰਕਾਰੀ ਦਾਮਾਦ ਜਾਂ ਸਰਕਾਰੀ ਬ੍ਰਾਹਮਣ’, ਸਾਧੂ, ਜਾਂ ਬਿਲਕੁਲ ਸਾਦਾ ‘ਭੈਣ ਜੀ’ ਵਰਗੇ ਵਿਅੰਗਾਤਮਕ ਜਾਤੀ-ਸੂਚਕ ਬੋਲ ਬੋਲ ਕੇ ਐਨਾ ਜ਼ਲੀਲ ਕੀਤਾ ਜਾ ਰਿਹਾ ਹੈ ਕਿ ਬਹੁਤ ਵਿਦਿਆਰਥੀ ਇਸ ਜਹਾਲਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਤਮ-ਹੱਤਿਆ ਤਕ ਕਰ ਜਾਂਦੇ ਹਨ ਉੱਚ-ਸਿੱਖਿਆ ਅਦਾਰਿਆਂ ਵਿੱਚ ਜਾਤੀ ਭੇਦ-ਭਾਵ ਰੋਕਣ ਲਈ ਯੂ ਜੀ ਸੀ ਨੇ 2012 ਵਿੱਚ ਰੈਗੂਲੇਸ਼ਨ ਜਾਰੀ ਕੀਤੇ ਫਿਰ ਵੀ ਜਾਤੀ-ਭੇਦ ਭਾਵ ਦੇ ਚਲਦੇ ਰੋਹਿਤ ਵੇਮੁੱਲਾ ਅਤੇ ਪਾਇਲ ਤਡਵੀ ਜਿਹੇ ਰਿਸਰਚ ਸਕਾਲਰ ਆਤਮ-ਹੱਤਿਆ ਕਰ ਗਏ ਰੈਗੁਲੇਸ਼ਨਾਂ ਦੀ ਪ੍ਰਵਾਹ ਕਰਦਾ ਹੀ ਕੌਣ ਹੈ ਇਹ ਧਰੇ ਧਰਾਏ ਰਹਿ ਗਏ ਇਹ ਤਦ ਹੀ ਲਾਗੂ ਹੋ ਸਕਦੇ ਹਨ, ਜੇਕਰ ਲਾਗੂ ਕਰਨ ਦੀ ਨੀਅਤ ਹੋਵੇ ਰੋਹਿਤ ਅਤੇ ਪਲਵੀ ਦੀਆਂ ਮਾਵਾਂ ਨੇ 2019 ਵਿੱਚ ਕੇਸ ਫਾਈਲ ਕੀਤੇ ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਜਸਟਿਸ ਸੂਰਯਾ ਕਾਂਤ (ਹੁਣ ਚੀਫ ਜਸਟਿਸ) ਅਤੇ ਜਸਟਿਸ ਜੋਯਮਾਲਾ ਬਾਗਚੀ ਦੇ ਬੈਂਚ ਨੇ 15 ਸਤੰਬਰ 2025 ਨੂੰ ਸੁਝਾ ਦਿੱਤਾ ਸੀ ਕਿ ਯੂਨੀਵਰਸਟੀ ਕੈਂਪਸਾਂ ’ਤੇ ਜਾਤੀ ਭੇਦ ਭਾਵ ਰੋਕਣ ਲਈ ‘ਬਿਪਤਾ ਨਿਰਵਾਣ ਕਮੇਟੀ’ ਵਿੱਚ ਐੱਸ ਸੀ/ਐੱਸ ਟੀ/ਓ ਬੀ ਸੀ ਸ਼੍ਰੇਣੀਆਂ ਦੇ 50% ਮੈਂਬਰ ਲਏ ਜਾਣ ਅਤੇ ਚੇਅਰ-ਪਰਸਨ ਵੀ ਪੀੜਿਤ ਭਾਈਚਾਰੇ ਦਾ ਹੋਵੇ ਫਿਰ ਯੂ ਜੀ ਸੀ ਦੇ ਨਵੇਂ ਰੈਗੂਲੇਸ਼ਨ 2026 ਬਣੇ ਜਿਨ੍ਹਾਂ ਵਿੱਚ ‘ਹੋਰ ਪਛੜੇ ਵਰਗ’ ਵੀ ਜੋੜ ਦਿੱਤੇ ਗਏ

ਉੱਚ ਜਾਤੀਆਂ ਦਾ ਕਹਿਣਾ ਹੈ ਕਿ ਯੂ ਜੀ ਸੀ ਰੈਗੂਲੇਸ਼ਨ, 2026 ਉਨ੍ਹਾਂ ਨਾਲ ਸਬੰਧਤ ਸਰੋਕਾਰਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਹੋ ਸਕਦਾ ਹੈ ਉਨ੍ਹਾਂ ਦਾ ਖਦਸ਼ਾ ਜਾਇਜ਼ ਹੋਏ ਪਰ ਜਿਸ ਪ੍ਰਸੰਗ ਨੇ ਇਨ੍ਹਾਂ ਰੈਗੂਲੇਸ਼ਨਾਂ ਨੂੰ ਜਨਮ ਦਿੱਤਾ, ਉਹ ਦਰਸਾਉਂਦੇ ਹਨ ਕਿ ਨਵੇਂ ਰੈਗੂਲੇਸ਼ਨ ਕਿਉਂ ਜ਼ਰੂਰੀ ਸਨ ਪਾਰਲੀਮੈਂਟ ਦੀ ਸਿੱਖਿਆ ਨਾਲ ਸਬੰਧਤ ਸਟੈਂਡਿੰਗ ਕਮੇਟੀ ਨੂੰ ਯੂ ਜੀ ਸੀ ਵੱਲੋਂ ਦਿੱਤੇ ਅੰਕੜੇ ਦਰਸਾਉਂਦੇ ਹਨ ਕਿ ਯੂ ਜੀ ਸੀ ਰੈਗੂਲੇਸ਼ਨ 2012 ਦੇ ਹੋਂਦ ਵਿੱਚ ਹੁੰਦੇ ਹੋਏ ਯੂਨੀਵਰਸਟੀ ਕੈਂਪਸਾਂ ਅੰਦਰ ਪਿਛਲੇ ਪੰਜ ਸਾਲਾਂ ਵਿੱਚ ਜਾਤੀ ਅਧਾਰਿਤ ਭੇਦ-ਭਾਵ ਦੇ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ ਬੇਤਹਾਸ਼ਾ ਵਾਧਾ ਹੋਇਆ 2019-20 ਵਿੱਚ ਇਹ ਅੰਕੜਾ 173 ਸੀ ਜਿਹੜਾ 2023-24 ਵਿੱਚ ਵਧ ਕੇ 378 ਹੋ ਗਿਆ

ਜਰਨਲ ਵਰਗ ਨੇ ਇਸ ਨਵੇਂ ਰੈਗੂਲੇਸ਼ਨ ਨੂੰ ਸੁਪਰੀਮ ਕੋਰਟ ਵਿੱਚ ਚੈਲਿੰਜ ਕਰ ਦਿੱਤਾ ਸਿਤਮ ਤਾਂ ਇਸ ਗੱਲ ਦਾ ਹੈ ਕਿ ਚਾਰ ਮਹੀਨਿਆਂ ਬਾਅਦ ਹੀ ਉਸੇ ਬੈਂਚ ਨੇ ਯੂ ਜੀ ਸੀ ਰੈਗੂਲੇਸ਼ਨ 2026 ਤਹਿਤ ਬਣਾਏ ਗਏ ਇਨ੍ਹਾਂ ਨਿਯਮਾਂ ਨੂੰ ਜਨਰਲ ਵਰਗ ਲਈ ਦਹਿਸ਼ਤੀ ਕਰਾਰ ਦੇ ਦਿੱਤਾ ਜਦੋਂ ਕਿ ਇਹ ਨਿਯਮ ਸੰਵਿਧਾਨ ਦੀਆਂ ਜਾਤੀ ਭੇਦ-ਭਾਵ ਨਾਲ ਸਬੰਧਤ ਧਾਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤਿਆਰ ਕੀਤੇ ਗਏ ਹਨ

ਲਿਖਤੀ ਤੌਰ ’ਤੇ ਭਾਵੇਂ ਇਹ ਨਵੇਂ ਰੈਗੂਲੇਸ਼ਨ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨਾਲ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਕੀਤੇ ਭੇਦ ਭਾਵ ਨੂੰ ਖਤਮ ਕਰਨ ਲਈ ਹਨ ਪਰ ਇਨ੍ਹਾਂ ਦੇ ਧੁਰ ਅੰਦਰ ਸਮਾਜਿਕ, ਵਿਚਾਰਧਾਰਕ ਅਤੇ ਸਿਆਸਤ ਦੀ ਡੂੰਘੀ ਖਾਈ ਖੋਦੀ ਹੋਈ ਹੈ ਇਹ ਮੈਂ ਨਹੀਂ ਕਹਿ ਰਿਹਾ ਬਲਕਿ ਯੂ ਜੀ ਸੀ ਦਾ ਪੂਰਵ-ਮੈਂਬਰ ਸ਼੍ਰੀ ਯੋਗੇਂਦਰ ਯਾਦਵ ਕਹਿ ਰਹੇ ਹਨ ਸ਼੍ਰੀ ਯਾਦਵ ਇਹ ਵੀ ਕਹਿ ਰਹੇ ਹਨ, “ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਯੂ ਜੀ ਸੀ ਦੇ ਨਵੇਂ ਨਿਯਮਾਂ ਰਾਹੀਂ ਅਸੀਂ ਸਮਾਜਿਕ ਨਿਆਂ ਦੇ ਸੰਵਿਧਾਨਕ ਵਿਚਾਰ ’ਤੇ ਬੜੀ ਚਲਾਕੀ ਨਾਲ ਲੁਕਵਾਂ ਹਮਲਾ ਹੁੰਦਾ ਦੇਖ ਰਹੇ ਹਾਂ ਯੂ ਜੀ ਸੀ ਇਕੁਇਟੀ ਰੈਗੂਲੇਸ਼ਨ ਤਾਂ ਸਿਰਫ ਇੱਕ ਮੁਖੌਟਾ ਘੜਿਆ ਗਿਆ ਹੈ, ਅਸਲ ਨਿਸ਼ਾਨਾ ਤਾਂ ਰਾਖਵੇਂਕਰਨ ਦੀ ਪੂਰੀ ਸਕੀਮ ਹੈ ਸਿਆਸੀ ਤਾਕਤ ਦੀ ਪ੍ਰਾਪਤੀ ਲਈ ਇਹ ਨਵੀਂ ਸਮਾਜਿਕ ਲੜਾਈ ਦੀ ਸ਼ੁਰੂਆਤ ਹੈ ਸਮਾਜਿਕ ਢਾਂਚੇ ਦੀ ਉੱਪਰਲੀ ਜਮਾਤ ਨੇ ਆਪਣੇ ਆਪ ਨੂੰ ਥੋਪਣ ਦੀ ਤਾਕਤ ਹਾਸਲ ਕਰ ਲਈ ਹੈ ਹੁਣ ਸਮਾਜਿਕ ਢਾਂਚੇ ਦੀ ਹੇਠਲੀ ਜਮਾਤ ਨੂੰ ਪ੍ਰਤੀਕਿਰਿਆ ਦੇਣੀ ਹੈ ਇਹ ਲੜਾਈ ਸਾਡੇ ਗਣਤੰਤਰ ਦੀ ਤਕਦੀਰ ਦਾ ਫੈਸਲਾ ਕਰ ਸਕਦੀ ਹੈ

ਪ੍ਰਾਇਮਰੀ ਮੁਢਲੀ ਸਿੱਖਿਆ ਦਾ ਵੀ ਮਾੜਾ ਹਾਲ ਹੈ ਰਾਜਸਥਾਨ ਸਰਕਾਰ ਨੇ ਪ੍ਰਾਂਤ ਦੀ ਅਸੈਂਬਲੀ ਵਿੱਚ ਮੰਨਿਆ ਹੈ ਕਿ ਸਰਕਾਰੀ ਸਕੂਲਾਂ ਦੇ ਸਾਰੇ ਕਮਰਿਆਂ ਵਿੱਚੋਂ 56% ਖ਼ਸਤਾ ਹਾਲਤ ਵਿੱਚ ਹਨ ਜਾਂ ਵਰਤਣਯੋਗ ਨਹੀਂ ਹਨ ਅਤੇ ਇਨ੍ਹਾਂ ਨੂੰ ਖ਼ਾਸੀ ਤਕੜੀ ਮੁਰੰਮਤ ਦੀ ਜ਼ਰੂਰਤ ਹੈ ਜੁਲਾਈ 2025 ਵਿੱਚ ਝਾਲਾਵਾਰ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ ਦੇ ਕਲਾਸ-ਰੂਮ ਦੀ ਛੱਤ ਧੜੰਮ ਕਰਕੇ ਡਿਗ ਪਈ ਸੀ, ਜਿਸ ਕਾਰਨ 7 ਬੱਚੇ ਮਰ ਗਏ ਅਤੇ 20 ਜ਼ਖਮੀ ਹੋ ਗਏ ਸਨ ਸਰਕਾਰ ਵੱਲੋਂ ਸੁਝਾ ਦਿੱਤਾ ਗਿਆ ਕਿ ਸਕੂਲ ਪੰਜ ਕਿਲੋਮੀਟਰ ਦੂਰ ਸਥਾਪਤ ਕਰ ਦਿੱਤਾ ਜਾਵੇ ਅਜਿਹਾ ਕਰਨ ਨਾਲ ਬੱਚੇ ਸਕੂਲ ਕਿਵੇਂ ਜਾ ਸਕਦੇ ਸਨ, ਜਦੋਂ ਕਿ ਅਖਬਾਰ ਦੀ ਰਿਪੋਰਟ ਮੁਤਾਬਿਕ ਮੌਜੂਦਾ ਸਕੂਲ ਮਿੱਟੀ ਦੇ ਬਣੇ ਹੋਏ ਘਰਾਂ ਨੇੜੇ ਸਥਿਤ ਸੀ ਅਰਥਾਤ ਇਸ ਸਕੂਲ ਵਿੱਚ ਸਮਾਜ ਦੇ ਗਰੀਬ ਤਬਕੇ ਦੇ ਬੱਚੇ ਹੀ ਪੜ੍ਹਦੇ ਸਨ ਸਰਕਾਰੀ ਸਕੂਲਾਂ ਦੀ ਇਹ ਹਾਲਤ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਮਿਲਦੀ ਜੁਲਦੀ ਹੀ ਹੈ ਜਿਨ੍ਹਾਂ ਸਕੂਲਾਂ ਦੇ ਕਲਾਸ-ਰੂਮ ਬੱਚਿਆਂ ਦੇ ਬੈਠਣਯੋਗ ਹੀ ਨਹੀਂ ਹਨ, ਉੱਥੇ ਕੋਈ ਅਧਿਆਪਕ ਵੀ ਕਿਵੇਂ ਪੜ੍ਹਾ ਸਕਦਾ ਹੈ ਅਤੇ ਛੱਤ ਡਿਗਣ ਦੇ ਡਰ ਤੋਂ ਸਹਿਮੇ ਬੱਚੇ ਕਿਵੇਂ ਪੜ੍ਹ ਸਕਦੇ ਹਨ? ਅੱਜ ਕੱਲ੍ਹ ਸਕੂਲ ਅਧਿਆਪਕਾਂ ਤੋਂ ਅਜਿਹੇ ਕੰਮ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਪੜ੍ਹਾਈ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ ਚੰਗੇ ਸੁਰੱਖਿਅਤ ਸਕੂਲ ਮੁਹਈਆ ਨਾ ਕਰਵਾਉਣਾ ਵੀ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਦੀ ਲੁਕਵੀਂ ਸਾਜ਼ਿਸ਼ ਹੈ ਉੱਪਰਲੀ ਜਮਾਤ ਦਾ ਇਹ ਚੁੱਪ ਚਪੀਤਾ ਫਰਮਾਨ ਸਮਝੋ ਕਿ ਜੇਕਰ ਅਜਿਹੇ ਸਕੂਲਾਂ ਵਿੱਚ ਪੜ੍ਹਨਾ ਹੈ ਤਾਂ ਪੜ੍ਹੋ ਨਹੀਂ ਅਨਪੜ੍ਹ ਰਹਿ ਜਾਓ

ਬਾਬਾ ਸਾਹਿਬ ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੀ ਬਰਾਦਰੀ ਦੀ ਬੁੱਧੀਜੀਵੀ ਜਮਾਤ ਤੋਂ ਨਰਾਜ਼ ਸਉ ਇਸ ਨਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ ਤੁਸੀਂ ਆਪਣੀ ਉਮਰ ਦੇ ਆਖਰੀ ਵਰ੍ਹੇ ਆਗਰਾ ਦੇ ਰਾਮਲੀਲਾ ਗਰਾਊਂਡ ਵਿੱਚ ਕਿਹਾ, “ਪੜ੍ਹੇ-ਲਿਖੇ ਲੋਕਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ ... ਮੇਰੇ ਦੁਆਲੇ ਕਲਰਕਾਂ ਦੀ ਭੀੜ ਇਕੱਠੀ ਹੋ ਗਈ ਹੈ ਜਿਹੜੇ ਸਿਰਫ ਆਪਣਾ ਢਿੱਡ ਭਰ ਰਹੇ ਹਨ

ਤੁਹਾਡਾ ਇਹ ਕਥਨ ਵੀ ਸੱਚ ਨਿਕਲਿਆ ਤੁਹਾਡੇ ਸੰਘਰਸ਼ ਵਿੱਚੋਂ ਪੈਦਾ ਹੋਇਆ ਰਾਖਵਾਂਕਰਨ ਸਦੀਆਂ ਤੋਂ ਦੱਬਿਆਂ-ਕੁਚਲਿਆਂ ਨੂੰ ਡਾਕਟਰ, ਇੰਜਨੀਅਰ, ਨੌਕਰਸ਼ਾਹ ਅਤੇ ਸਿਆਸਤਦਾਨ ਤੇ ਹੋਰ ਬੜਾ ਕੁਝ ਬਣਾ ਗਿਆ ਪਰ ਉਹ ਤੁਹਾਡੇ ਆਦਰਸ ਤੋਂ ਦੂਰ ਹੋ ਗਏ ਉਹ ਤੁਹਾਡੇ ਬਾਰੇ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਧਰਮ ਅਤੇ ਸਿਆਸਤ ਦੇ ਰਲਗੱਡ ਵਾਲੀ ਸੱਤਾਧਾਰੀ ਪਾਰਟੀ ਨਾਲ ਮਿਲਣ ਲਈ ਤਰਲੋਮੱਛੀ ਹੋ ਰਹੇ ਹਨ, ਭਾਵੇਂ ਤੁਸੀਂ ਅਜਿਹੀ ਸਿਆਸੀ ਸੋਚ ਦਾ ਵਿਰੋਧ ਆਪਣੀ ਜਾਨ ਜੋਖ਼ਮ ਵਿੱਚ ਪਾ ਸਾਡੇ ਹੱਕਾਂ ਦੀ ਰਾਖੀ ਕਰਦੇ ਰਹੇ

ਸਾਨੂੰ ਦਿੱਤਾ ਸਿੱਖਿਆ ਦਾ ਹਥਿਆਰ ਸਾਡੇ ਹੱਥੋਂ ਖਿਸਕਾਇਆ ਜਾ ਰਿਹਾ ਹੈ ਤੁਹਾਡੀ ਇਕੱਲੀ ਇਸ ਦੇਣ ਲਈ ਦੇਸ਼ ਦੇ ਕਰੋੜਾਂ ਮਰਜੀਵੜੇ ਤੁਹਾਡੇ ਧੰਨਵਾਦੀ ਹਨ; ਕੋਸ਼ਿਸ਼ ਕਰ ਰਹੇ ਹਨ ਕਿ ਤੁਹਾਡੇ ਦੱਸੇ ਮਾਰਗ (ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ) ’ਤੇ ਚੱਲ ਸਕਣ, ਤੁਹਾਡੇ ਲਿਖੇ ਸੰਵਿਧਾਨ ਦੀ ਰਾਖੀ ਕਰ ਸਕਣ ਅਤੇ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਆਪਣੇ ਹੱਕਾਂ ਲਈ ਜੂਝਦੇ ਰਹਿਣ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author