JagroopSingh3ਅੱਗੇ ਨੂੰ ਪੇਪਰ ਲੀਕ ਨਾ ਹੋਵੇ, ਇਸ ਬਾਰੇ ਸੁਝਾਵਾਂ ਦੀ ਝੜੀ ਲੱਗੀ ਹੋਈ ਹੈਦੇਸ਼ ਦੇ ...
(25 ਮਈ 2026)


ਨੀਟ - ਯੂ ਜੀ ਇਮਿਤਹਾਨ
2016 ਵਿੱਚ ਸ਼ੁਰੂ ਕੀਤਾ ਗਿਆ ਸੀਇਸ ਸਾਲ ਇਹ ਪ੍ਰੀਖਿਆ 3 ਮਈ 2026 ਨੂੰ ਹੋਈਪ੍ਰੀਖਿਆ ਲੈਣ ਲਈ ਜ਼ਿੰਮੇਵਾਰ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਨੂੰ 7 ਮਈ ਨੂੰ ਪਤਾ ਲੱਗਿਆ ਕਿ ਪ੍ਰੀਖਿਆ ਦੀ ਪ੍ਰਕਿਰਿਆ ਵਿੱਚ ਧਾਂਦਲੀ ਹੋਈ ਹੈ ਅਤੇ ਇਸਨੇ 10 ਮਈ ਨੂੰ ਇਸ ਨੂੰ ਰੱਦ ਕਰ ਦਿੱਤਾਜਾਂਚ ਸੀ ਬੀ ਆਈ ਹਵਾਲੇ ਕਰ ਦਿੱਤੀ ਗਈ

ਕਾਫੀ ਸਾਲ ਪਹਿਲਾਂ ਇੱਕ ਫਿਲਮ ਚੱਲੀ ਸੀ - ਅਬ ਤਕ ਛੱਪਨ - ਇਹ ਫਿਲਮ ਕਿਸ ਬਾਰੇ ਸੀ, ਪਤਾ ਨਹੀਂ, ਮੈਂ ਸਿਰਫ ਅੰਦਾਜ਼ਾ ਲਾਉਂਦਾ ਹਾਂ ਕਿ ਇਹ ਉਸ ਸ਼ਖਸ ਦੀ ਕਹਾਣੀ ਹੋਵੇਗੀ ਜਿਸਨੇ ਫਿਲਮ ਬਣਨ ਤਕ ਛਪੰਜਾ ਸੰਗੀਨ ਅਪਰਾਧ ਕੀਤੇ ਹੋਣਗੇਅੱਜ ਅਸੀਂ ਅਸਲੀ ਜੀਵਨ ਵਿੱਚ ਵੀ ਅਜਿਹਾ ਇੱਕ ਚਲਚਿੱਤਰ ਆਪਣੇ ਦੇਸ਼ ਦੇ ਨੀਲੇ ਅਸਮਾਨ ’ਤੇ ਚੱਲ ਰਿਹਾ ਦੇਖ ਰਹੇ ਹਾਂ ਜਿਸ ਨੂੰ ਬਾਕੀ ਦੁਨੀਆਂ ਦੇ ਕੁਝ ਹੋਰ ਬਾਸ਼ਿੰਦੇ ਵੀ ਦੇਖ ਰਹੇ ਹੋਣਗੇਇਸ ਫਿਲਮ ਵਿੱਚ - ਅਬ ਤਕ ਦਸ --- ਗ੍ਰਿਫਤਾਰੀਆਂ ਹੋ ਚੁੱਕੀਆਂ ਹਨਇਹ ਦਸਵਾਂ ਲਾਟੂਰ (ਮਹਾਰਾਸ਼ਟਰ) ਦਾ ਕੋਚਿੰਗ ਸੈਂਟਰ ਬਾਨੀ ਸ਼ਿਵਰਾਜ ਮੋਟੇਗਾਓਂਕਰ ਦੱਸਿਆ ਜਾ ਰਿਹਾ ਹੈਇਸ ਕੋਚਿੰਗ ਸੈਂਟਰ ਦੀਆਂ ਵੱਖ ਵੱਖ ਬਰਾਂਚਾਂ ਵਿੱਚ 40 ਹਜ਼ਾਰ ਕੋਚਿੰਗ ਲੈਣ ਵਾਲੇ ਵਿਦਿਆਰਥੀ 50 ਹਜ਼ਾਰ ਰੁਪਏ ਤੋਂ 65 ਹਜ਼ਾਰ ਰੁਪਏ ਤਕ ਸਲਾਨਾ ਫੀਸ ਦਿੰਦੇ ਹਨ। ਅਰਥਾਤ ਮੋਟੀ ਕਮਾਈ ਹੈਐਡੀ ਵੱਡੀ ਕਮਾਈ ਵਾਲੇ ਬੰਦੇ ਲਈ ਕਿਸੇ ਵੀ ਸਰਕਾਰੀ ਸੰਸਥਾ ਵਿੱਚ ਸੰਨ੍ਹ ਲਾਉਣਾ ਅੱਜ ਦੇ ਜ਼ਮਾਨੇ ਵਿੱਚ ਮਾਮੂਲੀ ਕੰਮ ਹੈਨੈਸ਼ਨਲ ਟੈਸਟਿੰਗ ਏਜੈਂਸੀ ਵਿੱਚ ਕੰਮ ਕਰਦੇ ਰਿਟਾਇਰਡ ਪ੍ਰੋਫੈਸਰ ਨਾਲ ਬਾਨੀ ਸ਼ਿਵਰਾਜ ਦੇ ਚੰਗੇ ਸੰਬੰਧ ਦੱਸੇ ਜਾ ਰਹੇ ਹਨਰਿਪੋਰਟਾਂ ਮੁਤਾਬਿਕ ਗ੍ਰਿਫਤਾਰੀਆਂ ਮਹਾਰਾਸ਼ਟਰ ਦੇ ਨਾਸਿਕ, ਪੁਣੇ, ਲਟੂਰ, ਅਹਿਮਦਨਗਰ, ਰਾਜਸਥਾਨ ਦੇ ਜੈਪੁਰ ਅਤੇ ਹਰਿਆਣਾ ਦੇ ਗੁਰੁਗ੍ਰਮ, ਦਿੱਲੀ ਵਿੱਚੋਂ ਹੋਈਆਂ ਹਨਇਸ ਫਿਲਮ ਦੇ ਹੋਰ ਐਕਟਰ ਫੈਸ਼ਨ ਡਿਜ਼ਾਈਨਰ, ਰੀਅਲ ਅਸਟੇਟ ਏਜੰਟਸ, ਪੇਪਰ ਸੈਟਿੰਗ ਨਾਲ ਜੁੜੇ ਪ੍ਰੋਫੈਸਰ, ਵਟਸਐਪ ਗਰੁੱਪ ਆਦਿ ਸਾਹਮਣੇ ਆ ਰਹੇ ਹਨਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਤਾਂ ਧਿਆਨ ਹੀ ਘੱਟ ਖਿੱਚਦੇ ਹਨਜਾਂਚ ਇਨ੍ਹਾਂ ਤਕ ਵੀ ਪਹੁੰਚ ਜਾਣੀ ਚਾਹੀਦੀ ਹੈਵਪਾਰਕ ਅਦਾਰਿਆਂ ਦਾ ਅਕਾਦਮਿਕ ਵਿਅਕਤੀਆਂ ਨਾਲ ਮਿਲਗੋਭਾ ਹੈਰਾਨ ਕਰਨ ਵਾਲਾ ਹੈਸਾਂਝੀ ਤਾਰ ‘ਮਾਇਆ’ ਦੀ ਹੈਖਬਰਾਂ ਇਹ ਵੀ ਹਨ ਕਿ ਰਾਜਸਥਾਨ ਦਾ ਇੱਕ ਪਰਿਵਾਰ ਤਕੜੀ ਸਿਆਸੀ ਪਹੁੰਚ ਵਾਲਾ ਹੈ ਜਿਸਦੇ ਬੱਚੇ ਹਰ ਸਾਲ ਵਧੀਆ ਨੰਬਰ ਲੈਕੇ ਇਹ ਟੈੱਸਟ ਪਾਸ ਕਰ ਜਾਂਦੇ ਹਨਪਤਾ ਲੱਗਿਆ ਹੈ ਕਿ ਰਸਾਇਣ ਵਿਗਿਆਨ ਦੇ ਅਸਲ ਪੇਪਰ ਵਿਚਲੇ ਸਵਾਲ ਗੈੱਸ ਪੇਪਰ ਵਿਚਲੇ ਸਵਾਲਾਂ ਨਾਲ ਹੂ-ਬ-ਹੂ ਮਿਲਦੇ ਸਨਕਿਸੇ ਲਈ ਵੀ ਗੈੱਸ ਪੇਪਰ ਖਰੀਦ ਲੈਣਾ ਜਾਂ ਕਿਸੇ ਐਪ ’ਤੇ ਘੁਮਾ ਦੇਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ

ਅਜਿਹਾ ਨਹੀਂ ਕਿ ਬੇਪਰਵਾਹੀ ਅਤੇ ਧਾਂਦਲੀ ਇਸ ਸਾਲ ਹੀ ਹੋਈ, ਇਹ ਵਰਤਾਰਾ ਪਹਿਲਾਂ ਵੀ ਸਾਹਮਣੇ ਆਇਆ ਹੈ2024 ਵਿੱਚ ਵੀ ਪੇਪਰ ਲੀਕ ਜਿਹੀਆਂ ਲਾਪਰਵਾਹੀਆਂ ਹੋਈਆਂ ਸਨਮਾਮਲਾ ਉੱਚ ਅਦਾਲਤ ਤਕ ਵੀ ਪਹੁੰਚਿਆ ਸੀਸੀ ਬੀ ਆਈ ਜਾਂਚ ਵੀ ਹੋਈ ਸੀਪਤਾ ਲੱਗਿਆ ਕਿ ਸੈਂਟਰ ਸੁਪ੍ਰਿੰਟੈਂਡੈਂਟ ਨੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਹੱਲ ਕਰਨ ਲਈ ਬਾਹਰ ਭੇਜ ਦਿੱਤਾ ਸੀਇਹ ਝਾਰਖੰਡ ਵਿੱਚ ਹੋਇਆ ਜ਼ਿੰਮੇਵਾਰੀ ਕਿਸੇ ਦੀ ਤੈਅ ਨਹੀਂ ਹੋਈ। ਸ਼ਾਇਦ ਜਾਂਚ ਹਾਲੇ ਚੱਲ ਰਹੀ ਹੈਕਾਲਜ ਦੇ ਇਮਿਤਹਾਨਾਂ ਦੌਰਾਨ ਵੀ ਸੁਪ੍ਰਿੰਟੈਂਡੈਂਟ ਸਹਿਬਾਨਾਂ ਦਾ ਅਜਿਹਾ ਵਰਤਾਰਾ ਦੇਖਣ ਨੂੰ ਮਿਲਦਾ ਸੀ

ਵਿਸ਼ਾ ਮਾਹਿਰਾਂ ਵੱਲੋਂ ਪੈਸੇ ਲੈ ਕੇ ਨੀਟ-ਯੂ ਜੀ ਦੇ ਪੇਪਰ ਲੀਕ ਦੀ ਖਬਰ ਨੇ ਮੇਰੇ ਜ਼ਿਹਨ ਵਿੱਚ ਖਲਬਲੀ ਮਚਾ ਦਿੱਤੀਆਪਣੇ ਕਾਲਜ ਇਮਤਿਹਾਨਾਂ ਅਤੇ ਮੁਕਾਬਲੇ ਦੇ ਇਮਿਤਹਾਨ ਦੇ ਦਿਨ ਅੱਖਾਂ ਅੱਗੇ ਘੁੰਮਣ ਲੱਗੇਪਿਛਲੀ ਸਦੀ ਦੇ ਸੱਠਵਿਆਂ ਦੇ ਸ਼ੁਰੂਆਤੀ ਸਾਲਾਂ ਵਿੱਚ ਮੈਂ ਸਾਇੰਸ ਦਾ ਵਿਦਿਆਰਥੀ ਸੀਸਾਇੰਸ ਵਿਸ਼ਾ ਪੜ੍ਹਨ ਵਾਲਿਆਂ ਕੋਲ ਵਿਹਲਾ ਪੀਰੀਅਡ ਘੱਟ ਹੀ ਹੁੰਦਾ ਸੀ ਅਤੇ ਮੈਂ ਉਸ ਨੂੰ ਲਾਇਬਰੇਰੀ ਵਿੱਚ ਕੁਝ ਸਮਕਾਲੀ ਰਸਾਲੇ --- ਪੰਜਾਬੀ ਦਾ ਪ੍ਰੀਤ-ਲੜੀ, ਹਿੰਦੀ ਦਾ ਧਰਮਯੁੱਗ ਅਤੇ ਅੰਗਰੇਜ਼ੀ ਦਾ ਬਲਿਟਜ਼, You said it - by R K Laxman ਦੇਖਣ/ਪੜ੍ਹਨ ਲਈ ਗੁਜ਼ਾਰਦਾਇੱਕ ਕਾਰਟੂਨਿਸਟ ਦੀ ਪ੍ਰੇਰਨਾ ਆਮ ਜੀਵਨ ਵਿੱਚ ਘਟ ਰਹੀਆਂ ਘਟਨਾਵਾਂ ਹੁੰਦੀਆਂ ਹਨ - ਚੰਗਾ ਕਾਰਟੂਨਿਸਟ ਇਨ੍ਹਾਂ ਬਾਰੇ ਬੜਾ ਕੁਝ ਕਹਿ ਜਾਂਦਾ ਸੀ ਅਤੇ ਆਰ ਕੇ ਦੇ ਕਾਰਟੂਨਾਂ ਵਿਚਲਾ ‘ਕਾਮਨ ਮੈਨ’ ਜਨ-ਸਮੂਹ ਦੀਆਂ ਭਾਵਨਾਵਾਂ ਦੀ ਚੰਗੀ ਤਰਜਮਾਨੀ ਕਰਦਾ ਸਭ ਨੂੰ ਚੰਗਾ ਲਗਦਾ ਸੀਧਰਮਯੁੱਗ ਵਿੱਚ ਇੱਕ ਕਾਰਟੂਨ ਛਪਿਆ, ਜਿਸਦਾ ਪਹਿਲਾ ਫਰੇਮ ਕਹਿ ਰਿਹਾ ਸੀ ਕਿ -  ਉਸਨੇ ਰਿਸ਼ਵਤ ਦੇ ਕੇ ਨਕਲ ਮਾਰ ਲਈ ਅਤੇ ਡਿਗਰੀ ਹਾਸਲ ਕਰ ਲਈ। ਦੂਸਰਾ ਕਹਿ ਰਿਹਾ ਸੀ ਕਿ ਉਸਨੇ ਰਿਸ਼ਵਤ ਦੇ ਕੇ ਨੌਕਰੀ ਹਾਸਲ ਕਰ ਲਈ ਅਤੇ ਤੀਸਰੇ ਵਿੱਚ ਉਹ ਕੁਰਸੀ ’ਤੇ ਬੈਠਾ ਬੜੀ ਸ਼ੇਖੀ ਮਾਰਦਾ ਦਿਸ ਰਿਹਾ ਸੀ ਕਿ ਹੁਣ ਉਹ ਖੂਬ ਰਿਸ਼ਵਤ ਲੈ ਸਕਦਾ ਸੀਉਸ ਵੇਲੇ ਦਿਮਾਗੀ ਝੌਲਾ ਜਿਹਾ ਪੈਂਦਾ ਸੀ ਕਿ ਇਹ ਸਭ ਹੁੰਦਾ ਵੀ ਹੋਵੇਗਾ, ਯਕੀਨ ਘੱਟ ਹੀ ਆਉਂਦਾ ਸੀਹੋ ਸਕਦਾ ਹੈ ਕਿ ਇਸਦਾ ਕਾਰਨ ਇਹ ਹੋਵੇ ਕਿ ਮੈਂ ਕਦੇ ਰਿਸ਼ਵਤ ਦੇਣ ਬਾਰੇ ਸੋਚ ਹੀ ਨਹੀਂ ਸਕਦਾ ਸੀ ਕਿਉਂਕਿ ਮੇਰੀ ਟੇਕ ਤਾਂ ਆਪਣੀ ਮਿਹਨਤ ’ਤੇ ਟਿਕੀ ਹੋਈ ਸੀ

ਇਸ ਲੀਕ ਨੇ ਉਨ੍ਹਾਂ ਪ੍ਰੀਖਿਆਰਥੀਆਂ ’ਤੇ ਕੀ ਗੁਜ਼ਾਰੀ ਹੋਵੇਗੀ ਜਿਨ੍ਹਾਂ ਦੀ ਟੇਕ ਮੇਰੇ ਵਾਂਗ ਮਿਹਨਤ ’ਤੇ ਹੋਵੇਗੀ? ਬਾਈ ਲੱਖ ਵਿੱਚੋਂ ਬਹੁਤੇ ਅਜਿਹੇ ਹੀ ਹੋਣਗੇਫੀਸ-ਮੁਆਫੀ ਅਤੇ ਵਜ਼ੀਫੇ ਆਸਰੇ ਪੜ੍ਹਨ ਵਾਲਿਆਂ ਨਾਲ ਜੇਕਰ ਮੇਰੇ ਕਾਲਜ ਦੇ ਦਿਨੀਂ ਅਜਿਹਾ ਹੋਇਆ ਹੁੰਦਾ ਤਦ ਮੇਰੇ ਵਰਗਿਆਂ ਦਾ ਕੀ ਹਾਲ ਹੁੰਦਾ? ਇੱਕ ਵਾਰ ਤਾਂ ਲੱਗਿਆ ਕਿ ਉਹ ਵਕਤ ਚੰਗੇ ਸਨ ਪਰ ਫਿਰ ਉਹ ਘਟਨਾ ਵੀ ਯਾਦ ਆ ਗਈ ਜਦੋਂ ਮੈਂ ਆਪਣੇ ਸਹਿਕਰਮੀਆਂ ਨੂੰ ਨਕਲ ਮਰਵਾਉਣ ਲਈ ਪੈਸੇ ਲੈਂਦੇ ਦੇਖਿਆਉਦੋਂ ਬਾਰ੍ਹਵੀਂ ਜਮਾਤ ਦੇ ਸਲਾਨਾ ਇਮਿਤਹਾਨ ਵਿੱਚ ਲਏ ਨੰਬਰਾਂ ਦੇ ਅਧਾਰ ’ਤੇ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਾ ਹੁੰਦਾ ਸੀਇਸ ਜਮਾਤ ਦੀਆਂ ਉੱਤਰ-ਪੱਤਰੀਆਂ ’ਤੇ ਗਲਤ ਜਵਾਬ ਦੇ ਪੂਰੇ ਨੰਬਰ ਅਤੇ ਸਹੀ ਜਵਾਬ ਦਾ ਜ਼ੀਰੋ ਨੰਬਰ ਲੱਗਿਆਂ ਦਾ ਵੀ ਚਸ਼ਮਦੀਦ ਗਵਾਹ ਬਣਿਆ ਇੱਥੋਂ ਤਕ ਵੀ ਯਾਦ ਆਇਆ ਕਿ ਅਣਵੰਡੇ ਪੰਜਾਬ ਦੇ ਘਾਗ ਮੁੱਖ-ਮੰਤਰੀ ਦੇ ਲਾਡਲੇ ਨੇ ਸਾਡੇ ਮਿੱਤਰ ਨੂੰ ਕਿਸੇ ਦੇ ਪ੍ਰੀ-ਇੰਜਨੀਅਰਿੰਗ ਜਮਾਤ ਦੇ ਵਿਦਿਆਰਥੀ ਦੇ ਨੰਬਰ ਵਧਾਉਣ ਲਈ ਹੁਕਮ ਦਿੱਤਾ ਸੀ ਤਾਂ ਕਿ ਉਨ੍ਹਾਂ ਦਾ ਚਹੇਤਾ ‘ਇੰਜਨੀਅਰ’ ਬਣ ਸਕੇਮਿੱਤਰ ਦੀ ਨਾਂਹ ਸੁਣ ਕੇ ਉਹ ਅੱਗ ਬਗੋਲਾ ਹੋਇਆ ਧਮਕੀਆਂ ਦਿੰਦਾ ਘਰੋਂ ਬਿਨਾਂ ਪਾਣੀ ਪੀਤੇ ਤੁਰ ਗਿਆ ਸੀਇਹ ਸਮਾਂ ਸੱਤਰਵਿਆਂ ਦੇ ਦਹਾਕੇ ਦਾ ਸੀ

ਅਜਿਹਾ ਕਿਉਂ ਹੋ ਰਿਹਾ ਹੈ? ਇਸਦਾ ਜਵਾਬ ਸੌਖਾ ਵੀ ਹੈ ਅਤੇ ਔਖਾ ਵੀਅਜਿਹੇ ਵਰਤਾਰੇ ਦੀਆਂ ਜੜ੍ਹਾਂ ਸਾਡੇ ਸੱਭਿਆਚਾਰਕ ਸੁਭਾ ਵਿੱਚ ਹਨਸਮੂਹਿਕ ਅਤੇ ਨਿੱਜੀ ਤੌਰ ’ਤੇ ਅਸੀਂ ਸੱਚ ਸੁਣਨ ਦੇ ਆਦੀ ਨਹੀਂ ਹਾਂਕਿਸੇ ਸਮੱਸਿਆ ਦਾ ਪਾਏਦਾਰ ਹੱਲ ਕਰਨ ਵਿੱਚ ਸਾਡਾ ਵਿਸ਼ਵਾਸ ਨਹੀਂ ਹੈ ਜ਼ਿੰਮੇਵਾਰੀ ਲੈਣਾ ਅਤੇ ਉਸ ਪ੍ਰਤੀ ਜਵਾਬਦੇਹ ਹੋਣਾ ਸਾਨੂੰ ਭਾਉਂਦਾ ਨਹੀਂ ਹੈਕਹਿਣ ਨੂੰ ਭਾਵੇਂ ਅਸੀਂ ਰਾਸ਼ਟਰਵਾਦੀ ਹਾਂ ਪਰ ਨਿੱਜ ਸਾਡੀ ਪਹਿਲ ਹੁੰਦਾ ਹੈਪਿਛਲੇ ਲਿਖੇ ਕਾਰਟੂਨ ਵੱਲ ਧਿਆਨ ਮਾਰੀਏ- ਰਿਸ਼ਵਤ ਦਾ ਬੋਲਬਾਲਾ ਉਦੋਂ ਵੀ ਸੀ ਅਤੇ ਅੱਜ ਵੀ ਹੈਇੱਕ ਆਦਮੀ ਰਿਸ਼ਵਤ ਲੈਂਦਾ ਹੈ ਤਾਂ ਦੂਸਰਾ ਦਿੰਦਾ ਹੈ, ਜਦੋਂ ਕਿ ਦੋਵੇਂ ਇੱਕੋ ਸਮਾਜ ਦੇ ਨਾਗਰਿਕ ਹਨ ਅਤੇ ਦੋਹਾਂ ਦਾ ਸੱਭਿਆਚਾਰ, ਰਹਿਣ-ਸਹਿਣ ਅਤੇ ਧਾਰਮਿਕ ਅਕੀਦੇ ਸਾਂਝੇ ਹਨ

ਅੱਗੇ ਨੂੰ ਪੇਪਰ ਲੀਕ ਨਾ ਹੋਵੇ, ਇਸ ਬਾਰੇ ਸੁਝਾਵਾਂ ਦੀ ਝੜੀ ਲੱਗੀ ਹੋਈ ਹੈਦੇਸ਼ ਦੇ ਸਿੱਖਿਆ ਮੰਤਰੀ ਕਹਿ ਰਹੇ ਹਨ ਕਿ ਅਗਲੇ ਸਾਲ ਇਹ ਪ੍ਰੀਖਿਆ ਕੰਪਿਊਟਰ ਰਾਹੀਂ ਆਨ-ਲਾਈਨ ਹੋਵੇਗੀਪਰ ਕੀ ਇਹ ਸੁਝਾ ਕਾਰਗਰ ਸਿੱਧ ਹੋਵੇਗਾ? ਆਖਰਕਾਰ ਕੰਪਿਊਟਰ ਇੱਕ ਮਸ਼ੀਨ ਹੀ ਤਾਂ ਹੈ ਜਿਸ ਨੂੰ ਕਰਿੰਦਿਆਂ ਨੇ ਹੀ ਕਿਰਿਆਸ਼ੀਲ ਕਰਨਾ ਹੈਵੋਟਿੰਗ ਮਸ਼ੀਨ ਵਿੱਚ ਵੀ ਤਾਂ ਕੰਪਿਊਟਰ ਹੀ ਲੱਗਾ ਹੁੰਦਾ ਹੈ ਅਤੇ ਉਸ ਅੰਦਰ ਗੜਬੜੀ ਕਰਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨਸਾਨੂੰ ਅੱਜ ਉਨ੍ਹਾਂ ਮਨੁੱਖਾਂ ਦੀ ਲੋੜ ਹੈ ਜਿਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਨਾ ਹੋਵੇ ਇੱਕੋ ਜਨੂੰਨ ਹੋਵੇ ਕਿ ਇਸ ਦੇਸ਼ ਦੇ ਭਵਿੱਖ ਲਈ ਅੱਜ ਦੀ ਜਵਾਨ ਹੁੰਦੀ ਪੀੜ੍ਹੀ ਨੂੰ ਮੈਰਿਟ ਦੇ ਪੈਮਾਨੇ ’ਤੇ ਪਰਖ ਕੇ ਹੀ ਅੱਗੇ ਵਧਣ ਦੇਣਾ ਹੈ, ਲੀਕ ਅਤੇ ਰਿਸ਼ਵਤਾਂ ਰਾਹੀਂ ਨਹੀਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author