“ਮੇਰੇ ਪਿੰਡ ਇੱਕ ‘ਰੋਡਾ ਬਾਬਾ’ ਹੁੰਦਾ ਸੀ, ਜਿਸਦਾ ਪਿਛੋਕੜ ਚੋਰ-ਡਾਕੂ ਸੀ। ਪਵਿੱਤਰ ਬਾਣੇ ...”
(21 ਅਗਸਤ 2025)
ਮਨੁੱਖ ਦੇ ਸੁਭਾਅ ਵਿੱਚ ਨੇਕੀ ਦਾ ਹੋਣਾ ਚੰਗਾ ਗੁਣ ਮੰਨਿਆ ਗਿਆ ਹੈ। ਸਮੁੱਚੀ ਮਾਨਵਤਾ ਲਈ ਇਸਦਾ ਇੱਕੋ ਸੰਕਲਪ ਹੋਣਾ ਚਾਹੀਦਾ ਸੀ ਪਰ ਸੱਭਿਆਤਾਵਾਂ, ਭੂਗੋਲਿਕ ਅਤੇ ਸਮਾਜਿਕ ਪ੍ਰਸਥਿਤੀਆਂ ਵੱਖ ਵੱਖ ਹੋਣ ਕਰਕੇ ਇਸਦੇ ਸੰਕਲਪ ਦਾ ਅੰਤਰੀਵ ਭਾਵ ਪ੍ਰਭਾਵਿਤ ਹੁੰਦਾ ਰਿਹਾ ਹੈ।
ਪ੍ਰਾਚੀਨ ਕਾਲ ਤੋਂ ਹੀ ਸਾਡਾ ਦੇਸ਼ ਬਹੁ-ਮੱਤੀ ਕਬੀਲਿਆਂ ਦਾ ਦੇਸ਼ ਰਿਹਾ ਹੈ। ਤਕੜੇ ਕਬੀਲੇ ਦੇ ਦਬਦਬਾ ਨੇ ਉਨ੍ਹਾਂ ਦਾ ਮੱਤ, ਧਰਮ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ। ਸਮੇਂ ਨਾਲ ਆਉਂਦੇ ਉਤਰਾਅ ਚੜ੍ਹਾ ਨੇ ਇਸ ਖਿੱਤੇ ਨੂੰ ਇੱਕ ਬਹੁ-ਧਰਮੀ ਦੇਸ਼ ਬਣਾ ਦਿੱਤਾ। ਹਰ ਧਰਮ ਵਿੱਚ ਨੇਕੀ ਦੇ ਪ੍ਰੀਭਾਸ਼ਿਤ ਸੰਕਲਪ ਨੇ ਵੀ ਵੱਖਰਾ ਵੱਖਰਾ ਰੂਪ ਧਾਰ ਲਿਆ। ਅਮਲੀ ਜੀਵਨ ਵਿੱਚ ਇਸਦਾ ਬਿਰਤਾਂਤ ਅਤੇ ਵਰਤਣ ਦਾ ਅਮਲ ਵੀ ਬਦਲਦਾ ਰਿਹਾ।
ਆਮ ਤੌਰ ’ਤੇ ਅਸੀਂ ਉਸ ਮਨੁੱਖ ਨੂੰ ਨੇਕ ਮਨੁੱਖ ਦਾ ਰੁਤਬਾ ਦਿੰਦੇ ਹਾਂ, ਜਿਹੜਾ ਜਨ-ਹਿਤ ਦੇ ਕੰਮ ਕਰਦਾ ਹੈ। ਮਨੁੱਖਤਾ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਵਿਚਾਰ ਅਤੇ ਵਿਹਾਰ ਨੇਕ ਪ੍ਰਮਾਣਿਤ ਕੀਤਾ ਜਾਂਦਾ ਹੈ। ਸਾਡਾ ਜਨ-ਸਮੂਹ ਇਸ ਗੱਲ ਵਿੱਚ ਯਕੀਨ ਰੱਖਦਾ ਹੈ ਕਿ ਨੇਕੀ ਵਿੱਚ ਸਵਾਰਥ ਦਾ ਤੱਤ ਨਹੀਂ ਹੁੰਦਾ। ਇਸ ਨੂੰ ਅਸੀਂ ਪੂਰਬ ਦੇ ਖਿੱਤੇ ਦਾ ਸੰਕਲਪ ਵੀ ਕਹਿ ਸਕਦੇ ਹਾਂ। ਅਸੀਂ ਕਿਸੇ ਦੇ ਸਵਾਰਥੀ ਹੋਣ ’ਤੇ ਉਸ ਬਾਰੇ ਚੰਗੀ ਰਾਇ ਨਹੀਂ ਰੱਖਦੇ। ਸਾਡੇ ਸਮਾਜ ਵਿੱਚ ਆਮ ਕਿਹਾ ਜਾਂਦਾ ਹੈ, “ਨੇਕੀ ਕਰ ਤੇ ਖੂਹ ਵਿੱਚ ਪਾ” ਅਰਥਾਤ ਮਨੁੱਖ ਚੰਗੇ ਲੋਕ-ਭਲਾਈ ਦੇ ਕੰਮ ਕਰੇ ਅਤੇ ਫਿਰ ਭੁੱਲ ਜਾਵੇ।
ਪੱਛਮੀ ਖਿੱਤੇ ਦੀ ਮਸ਼ਹੂਰ ਲੇਖਕਾ ਆਇਨ ਰੈਂਡ (Ayn Rand) ਦਾ ਵਿਚਾਰ ਇਸਦੇ ਬਿਲਕੁਲ ਉਲਟ ਹੈ। ਉਸਦੀ ਕ੍ਰਿਤ ‘Selfishness is a Virtue’ ਸਵਾਰਥਪੁਣਾ ਨੇਕੀ ਹੈ, ਬਹੁਤ ਚਰਚਿਤ ਰਹੀ ਹੈ। ਉਸਦਾ ਮੰਨਣਾ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰਨ ਦਾ ਪ੍ਰੇਰਨਾ ਸਰੋਤ ਮਨੁੱਖੀ ਸੁਭਾਅ ਵਿੱਚ ‘ਸਵਾਰਥਪੁਣੇ ਦੀ ਚਿਣਗ’ ਦਾ ਹੋਣਾ ਹੁੰਦਾ ਹੈ। ਉਸ ਅਨੁਸਾਰ ਮਨੁੱਖੀ ਸਵਾਰਥ ਕਾਰਨ ਹੀ ਅਸੀਂ ਆਧੁਨਿਕ ਐਸ਼ੋ-ਆਰਾਮ ਦਾ ਸਾਜ਼ੋ ਸਾਮਾਨ, ਬਿਹਤਰ ਸਿਹਤ ਸੰਭਾਲ, ਮਨੋਰੰਜਨ ਦੇ ਬਿਹਤਰ ਬਦਲ, ਗਗਨਚੁੰਬੀ ਇਮਾਰਤਸਾਜ਼ੀ, ਖਗੋਲ ਦੀ ਛਾਣ-ਬੀਣ, ਮੋਬਾਇਲ ਫੋਨ, ਇੰਟਰਨੈੱਟ ਅਤੇ ਅੰਤ ਆਰਟੀਫਿਸ਼ਲ ਇੰਟੈਲੀਜੈਂਸ ਦੇ ਯੁਗ ਅੰਦਰ ਦਾਖਲ ਹੋ ਰਹੇ ਹਾਂ। ਸਿਆਸਤ ਵਿੱਚ ਨਵੇਂ ਵਾਦ ਪ੍ਰਚਲਤ ਹੋਏ ਹਨ, ਸਮਾਜਿਕ ਵਿਵਹਾਰ ਵਿੱਚ ਅਣਕਿਆਸਿਆ ਬਦਲਾਵ ਆਇਆ ਆ ਰਿਹਾ ਹੈ। ਉਸਦਾ ਇਹ ਵੀ ਮੰਨਣਾ ਹੈ ਕਿ ਮੱਲ ਮਾਰਨ ਵਾਲੇ ਨੂੰ ਉਸਦਾ ਲਾਭ ਨਿੱਜ ਲਈ ਕਮਾਉਣਾ ਸਿਰਫ ਉਸਦਾ ਹੀ ਹੱਕ ਹੈ।
ਅੰਗਰੇਜ਼ ਫਿਲਾਸਫਰ ਬਰਟਰੈਂਡ ਰੱਸਲ (1872-1970) ਨੈਤਿਕਤਾ ਨੂੰ ਬੇਲੋੜੀ ਹੀ ਨਹੀਂ ਸਗੋਂ ਦੁਖਦਾਈ ਵੀ ਕਹਿਣ ਲੱਗ ਪਿਆ ਸੀ। ਉਸਦਾ ਖਿਆਲ ਸੀ ਕਿ ਮਸ਼ੀਨੀ ਸਭਿਅਤਾ ਨੂੰ ਸਰਕਾਰੀ ਨੈਤਿਕਤਾ ਜਾਂ ਕਾਨੂੰਨ ਦੀ ਲੋੜ ਤਾਂ ਹੈ ਪਰ ਵਿਅਕਤੀਗਤ ਨੈਤਿਕਤਾ ਦੀ ਕੋਈ ਲੋੜ ਨਹੀਂ। ਮਸ਼ੀਨੀ ਯੁਗ ਵਿੱਚ ਨੈਤਿਕ ਪਤਨ ਸਾਡੇ ਸਾਹਮਣੇ ਹੈ। ਨਿੱਜ ਦਾ ਹਿਤ ਸਮੂਹਿਕ ਹਿਤ ਤੋਂ ਬਾਜ਼ੀ ਮਾਰ ਗਿਆ ਹੈ।
ਖੇਤੀ ਅਧਾਰਿਤ ਸਮਾਜ ਦੇ ਪਿੰਡ ਦਾ ਜਮਪਾਲ ਹੋਣ ਕਰਕੇ ਬਚਪਨ ਤੋਂ ਹੀ ਨੈਤਿਕ ਨਸੀਹਤਾਂ ਸੁਣਦੇ ਸੁਣਦੇ ਭਰਮ ਹੋ ਗਿਆ ਸੀ ਕਿ ਨੈਤਿਕਤਾ ਨਾਲ ਸਮਾਜ ਬਦਲ ਜਾਵੇਗਾ। ਸਮੇਂ ਨਾਲ ਇਹ ਭਰਮ ਪਨਪਦਾ ਹੀ ਰਿਹਾ ਕਿ ਮਨੁੱਖਤਾ ਨੈਤਿਕਤਾ ਵਿੱਚ ਹੁੰਦੀ ਤਰੱਕੀ ਦੀ ਰਫਤਾਰ ਨੂੰ ਬਣਾਈ ਰੱਖੇਗੀ। ਅਜਿਹਾ ਮੰਨਣਾ ਸ਼ਾਇਦ ਬਚਗਾਨਾ ਸੀ। ਜੀਵਨ ਦੇ ਹਰ ਖੇਤਰ ਵਿੱਚ ਅਨੈਤਿਕਤਾ ਦਾ ਬੋਲ-ਬਾਲਾ ਵਧਿਆ ਦੇਖ ਕੇ ਇਹ ਭਰਮ ਵੀ ਦੂਰ ਹੋ ਗਿਆ ਹੈ। ਰੱਸਲ ਸਹੀ ਜਾਪਦਾ ਹੈ।
ਖ਼ੈਰ ਜੋ ਵੀ ਹੈ, ਦੁਨੀਆ ਦਾ ਜਨ-ਸਮੂਹ ਨੇਕੀ ਦੇ ਸੰਕਲਪ ਦੇ ਉਪਰੋਕਤ ਦੋਹਾਂ ਸਿਰਿਆਂ ਦਰਮਿਆਨ ਵਿਵਹਾਰ ਕਰਦਾ ਹੈ। ਜਨ-ਹਿਤ ਦੀ ਗੱਲ ਕਰਦੇ ਹੋਏ ਵੀ ਅਸੀਂ ਆਪਣੇ ਨਿੱਜੀ-ਹਿਤ ਦੀ ਲੁਕਵੀਂ ਬਾਤ ਪਾ ਰਹੇ ਹੁੰਦੇ ਹਾਂ। ਇੱਕ ਸੱਜਣ ਨਾਲ ‘ਸਰਬੱਤ ਦੇ ਭਲੇ’ ਦੀ ਗੱਲ ਹੋ ਰਹੀ ਸੀ। ਕਹਿਣ ਲੱਗਾ ਬਾਬੇ ਅੱਗੇ ਰੋਜ਼ ਇਹੋ ਅਰਦਾਸ ਕਰਦੇ ਹਾਂ ਕਿ ਮਾਲਕਾ ਸਰਬੱਤ ਦਾ ਭਲਾ ਕਰੀਂ ਪਰ ਸ਼ੁਰੂ ਮੇਰੇ ਤੋਂ ਕਰੀਂ।
ਨਿੱਜੀ ਹਿਤ ਪਾਲਣ ਲਈ ਨੈਤਿਕਤਾ ਰਾਹੀਂ ਸਮਾਜਿਕ ਬਦਲਾਅ ਦਾ ਭਰਮ ਧਰਮ ਦੀ ਆੜ ਅੰਦਰ ਪ੍ਰਚਾਰਿਆ ਜਾਂਦਾ ਰਿਹਾ ਹੈ ਅਤੇ ਪ੍ਰਚਾਰਿਆ ਜਾ ਰਿਹਾ ਹੈ। ਦੇਸ਼ ਅੰਦਰ ਵੱਖ ਵੱਖ ਧਰਮਾਂ ਦੇ ਕਿੰਨੇ ਹੀ ਪ੍ਰਚਾਰਕ ਮਨੁੱਖਤਾ ਨੂੰ ਨੇਕੀ ਦਾ ਉਪਦੇਸ਼ ਦਿੰਦੇ ਹਨ ਪਰ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਨਿੱਜੀ ਜੀਵਨ ਅਨੈਤਿਕਤਾ ਨਾਲ ਲਥਪਥ ਦੇਖਿਆ ਗਿਆ ਹੈ। ‘ਬਾਪੂ ਸੰਤ’ ਬਲਾਤਕਾਰ ਦੇ ਦੋਸ਼ ਹੇਠ ਜੇਲ੍ਹ ਕੱਟ ਰਿਹਾ ਹੈ। ‘ਪਿਤਾ ਜੀ …’ ਵੀ ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਜੁਰਮਾਂ ਦੀ ਸਜ਼ਾ ਭੁਗਤ ਰਹੇ ਹਨ। ਹੋਰ ਅਜਿਹੇ ਅਖੌਤੀ ਸੰਤ ਬੇਹਿਸਾਬੇ ਹਨ, ਜਿਨ੍ਹਾਂ ਦਾ ਕੌਮੀ ਪੱਧਰ ’ਤੇ ਕੋਈ ਜ਼ਿਕਰ ਸਾਹਮਣੇ ਨਹੀਂ ਆਉਂਦਾ। ਮੇਰੇ ਪਿੰਡ ਇੱਕ ‘ਰੋਡਾ ਬਾਬਾ’ ਹੁੰਦਾ ਸੀ, ਜਿਸਦਾ ਪਿਛੋਕੜ ਚੋਰ-ਡਾਕੂ ਸੀ। ਪਵਿੱਤਰ ਬਾਣੇ ਦੀ ਆੜ ਵਿੱਚ ਜਾਤੀ ਭੇਦ-ਭਾਵ ਸ਼ਰੇਆਮ ਕਰਦਾ ਸੀ। ‘ਲੈਚੀ ਸਾਧ’ ਮਦਿਰਾ-ਪਾਨ, ਜਿਣਸੀ-ਸ਼ੋਸ਼ਣ ਅਤੇ ਗਾਲੀ-ਗਲੋਚ ਦਾ ਆਦੀ ਸੀ। ਗੁਆਂਢ ਦੇ ਪਿੰਡ ਦਾ ਬਾਬਾ ‘ਦੜਾ-ਸੱਟਾ’ ਦੱਸ ਕੇ ਲੋਕਾਂ ਨੂੰ ਝੱਟ ਅਮੀਰ ਬਣਨ ਦੇ ਰਾਹੇ ਪਾਉਂਦਾ ਸੀ। ਉਂਝ ਇਹ ਸਾਰੇ ਸੰਤ ਨੇਕੀ ਦੇ ਪ੍ਰਚਾਰ ਵਿੱਚ ਜੁਟੇ ਰਹਿੰਦੇ ਸਨ। ਇਸ ਪ੍ਰਚਾਰ ਬਦਲੇ ਇਨ੍ਹਾਂ ਦਾ ਦਾਲ-ਫੁਲਕਾ ਆਮ ਬੰਦੇ ਨਾਲੋਂ ਕਿਤੇ ਵਧੀਆ ਚਲਦਾ ਸੀ। ਇਨ੍ਹਾਂ ਸਾਰੇ ਸੱਜਣਾਂ ਦਾ ਪ੍ਰੇਰਨਾ ਸਰੋਤ ਕੁੱਲੀ-ਗੁੱਲੀ-ਜੁੱਲੀ ਦਾ ਨਿੱਜੀ-ਹਿਤ ਹੀ ਸੀ, ਸਭ ਵਿਹਲੇ ਬਹਿ ਕੇ ਹਾਸਲ ਹੋ ਜਾਂਦਾ ਸੀ।
ਕੇਵਲ ਧਰਮ ਖੇਤਰ ਵਿੱਚ ਹੀ ਨਹੀਂ ਬਲਕਿ ਰਾਜਨੀਤਕ ਖੇਤਰ ਵਿੱਚ ਵੀ ਇਸਦੀ ਵਰਤੋਂ ਬੜੇ ਲੁਕਵੇਂ ਢੰਗ ਨਾਲ ਸਦੀਆਂ ਤੋਂ ਕੀਤੀ ਗਈ ਹੈ। ਸਾਡੇ ਦੇਸ਼ ਵਿੱਚ ਜਾਤੀ ਭੇਦ-ਭਾਵ ਇਸਦੀ ਜਿਊਂਦੀ ਜਾਗਦੀ ਮਿਸਾਲ ਹੈ। ਦੇਸ਼ ਦੀ ਆਜ਼ਾਦੀ-ਜੰਗ ਦੌਰਾਨ ਦੇਸ਼ ਦੇ ਰਾਸ਼ਟਰ ਪਿਤਾ ‘ਗਾਂਧੀ ਜੀ’ ਨੇ ਛੂਤ-ਛਾਤ ਦੂਰ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਪਰ ਇਹ ਇੱਕ ਫੋਕਾ ਨਾਅਰਾ ਹੀ ਸੀ। ਧਰਮ ਅਤੇ ਰਾਜਨੀਤੀ ਦਾ ਰਲਗੱਡ ਸੀ। ਇਸ ਵਿਸ਼ੇ ’ਤੇ ਸਮਾਜ-ਸੁਧਾਰਕ ਅਤੇ ਸਿਆਸੀ-ਚਿੰਤਕ ਡਾ. ਬੀ ਆਰ ਅੰਬੇਡਕਰ ਅਤੇ ਮਹਾਤਮਾ ਗਾਂਧੀ ਜੀ ਦੀ ਪਹਿਲੀ ਮੁਲਾਕਾਤ ਦਾ ਜ਼ਿਕਰ ਡਾਕਟਰ ਸਾਹਿਬ ਦੀ ਦੂਸਰੀ ਪਤਨੀ ਸਵਿਤਾ ਅੰਬੇਡਕਰ ਦੀ ਕਿਤਾਬ: BABASAHEB My Life with Dr. Ambedkar ਵਿੱਚ ਪੰਨਾ 8 ’ਤੇ ਮਿਲਦਾ ਹੈ। ਇਹ ਵਿਚਾਰਨਯੋਗ ਹੈ। ਗਾਂਧੀ ਜੀ ਚਤੁਰ-ਵਰਨ ਦੇ ਹੱਕ ਵਿੱਚ ਨਿੱਤਰੇ ਸਨ, ਉਂਝ ਉਹ ਪ੍ਰਚਾਰ ਛੂਤ-ਛਾਤ ਮਿਟਾਉਣ ਦਾ ਕਰਦੇ ਸਨ। ਡਾ. ਅੰਬੇਡਕਰ ਨੂੰ ਛੋਟਾ ਦਿਖਾਉਣ ਲਈ ਗਾਂਧੀ ਜੀ ਨੇ ਕਿਹਾ, “ਡਾਕਟਰ! ਮੈਂ ਉਦੋਂ ਤੋਂ ਛੂਤ-ਛਾਤ ਦੇ ਵਿਸ਼ੇ ’ਤੇ ਵਿਚਾਰ ਕਰ ਰਿਹਾ ਹਾਂ ਜਦੋਂ ਤੂੰ ਜੰਮਿਆ ਵੀ ਨਹੀਂ ਸੀ। ਇਹ ਮੈਂ ਹੀ ਹਾਂ ਜਿਸਨੇ ਬੜੀ ਕੋਸ਼ਿਸ਼ ਨਾਲ ਛੂਤ-ਛਾਤ ਮਿਟਾਉਣ ਦੇ ਵਿਸ਼ੇ ਨੂੰ ਕਾਂਗਰਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਵਾਇਆ ਹੈ। ਛੂਤ-ਛਾਤ ਦੇ ਖਾਤਮੇ ਦਾ ਸਵਾਲ ਹਿੰਦੂ-ਮੁਸਲਿਮ ਏਕਤਾ ਦੇ ਸਵਾਲ ਤੋਂ ਕਿਤੇ ਜ਼ਿਆਦਾ ਮੇਰੇ ਦਿਲ ਦੇ ਨਜ਼ਦੀਕ ਹੈ। ਇਹੋ ਕਾਰਨ ਹੈ ਕਿ ਇਸ ਕੰਮ ’ਤੇ ਅੱਜ ਤਕ 20 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।”
ਹਾਜ਼ਰ ਜਵਾਬ ਡਾ. ਅੰਬੇਡਕਰ ਕਿਹਾ, “ਇਹ ਸੱਚ ਹੈ ਕਿ ਤੁਸੀਂ ਇਹ ਕੰਮ ਮੇਰੇ ਜੰਮਣ ਤੋਂ ਪਹਿਲਾਂ ਦੇ ਕਰ ਰਹੇ ਹੋ। ਆਪਣੇ ਵਿੱਚ ਅਜਿਹੇ ਬਹੁਤ ਹਨ, ਜਿਹੜੇ ਵੱਡੀ ਉਮਰ ਦੇ ਹੋਣ ਦੀ ਦਲੀਲ ਦਿੰਦੇ ਹਨ। ਮੈਂ ਇਸ ਤੱਥ ਨੂੰ ਕਿਵੇਂ ਝੁਠਲਾ ਸਕਦਾ ਹਾਂ ਕਿ ਤੁਸੀਂ ਮੇਰੇ ਨਾਲੋਂ ਉਮਰ ਵਿੱਚ ਵੱਡੇ ਨਹੀਂ ਹੋ? ਇਹ ਵੀ ਸੱਚ ਹੈ ਕਿ ਤੁਹਾਡੇ ਜ਼ੋਰ ਦੇਣ ’ਤੇ ਹੀ ਕਾਂਗਰਸ ਨੇ ਛੂਤ-ਛਾਤ ਮਿਟਾਉਣ ਦੇ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਸੀ ਪਰ ਕਾਂਗਰਸ ਨੇ ਸਿਰਫ ਰਿਵਾਇਤੀ ਪ੍ਰਮਾਣਿਕਤਾ ਦੇਣ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਅਛੂਤਾਂ ਲਈ 20 ਲੱਖ ਰੁਪਏ ਖਰਚ ਕਰ ਦਿੱਤੇ ਹਨ, ਇਹ ਵੀ ਮੈਨੂੰ ਮੰਨਣਾ ਪਵੇਗਾ। ਪਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡਾ ਇਹ ਪੈਸਾ ਖੂਹ-ਖਾਤੇ ਪਿਆ ਹੈ। ਜੇ ਕਿਤੇ ਐਨੀ ਵੱਡੀ ਰਕਮ ਮੇਰੇ ਵਰਗੇ ਦੇ ਹੱਥ ਲੱਗੀ ਹੁੰਦੀ, ਮੈਂ ਇਸ ਨੂੰ ਲਗਨ ਅਤੇ ਮਰਯਾਦਾ ਨਾਲ ਵਰਤ ਕੇ ਅਛੂਤਾਂ ਅੰਦਰ ਤਰੱਕੀ ਨੂੰ ਵੱਡਾ ਹੁਲਾਰਾ ਦੇ ਚੁੱਕਿਆ ਹੁੰਦਾ।”
ਇਸੇ ਮੀਟਿੰਗ ਦੌਰਾਨ ਬਾਬਾ ਸਾਹਿਬ ਨੇ ਗਾਂਧੀ ਜੀ ਦੇ ਮੂੰਹ ’ਤੇ ਹੀ ਉਨ੍ਹਾਂ ਨੂੰ ਤਾੜਨਾ ਕਰਦੇ ਹੋਏ ਕਿਹਾ, “ਮਿਸਟਰ ਗਾਂਧੀ! ਅਸੀਂ ਆਪਣੇ ਭਰੋਸੇ ਅਤੇ ਸਵੈ-ਵਿਸ਼ਵਾਸ ਦੀ ਤਾਕਤ ’ਤੇ ਆਪਣਾ ਰਸਤਾ ਆਪ ਬਣਾਵਾਂਗੇ। ਸਾਨੂੰ ਤੁਹਾਡੇ ਵਰਗੇ ਮਹਾਤਮਾ ਵਿੱਚ ਵੀ ਕੋਈ ਭਰੋਸਾ ਨਹੀਂ ਹੈ, ਇਸ ਲਈ ਅਸੀਂ ਤੁਹਾਡੇ ਭਰੋਸੇ ਨਹੀਂ ਰਹਾਂਗੇ। ਇਤਿਹਾਸ ਇਸ ਤੱਥ ਦਾ ਗਵਾਹ ਹੈ ਕਿ ਮਹਾਤਮਾ ਛਿਣ-ਭੰਗਰ ਛਲਾਵੇ ਦੀ ਤਰ੍ਹਾਂ ਹੁੰਦੇ ਹਨ। ਉਨ੍ਹਾਂ ਦੀਆਂ ਸਰਗਰਮੀਆਂ ਬਹੁਤ ਸਾਰਾ ਧੂੰਆਂ ਅਤੇ ਰੇਤ ਉਡਾਉਂਦੀਆਂ ਹਨ ਪਰ ਉਹ ਸਮਾਜ ਦਾ ਸਤਰ ਉੱਚਾ ਨਹੀਂ ਚੁੱਕ ਸਕਦੇ।” ਇਹ ਕਹਿਕੇ ਡਾਕਟਰ ਅੰਬੇਡਕਰ ਨੇ ਗਾਂਧੀ ਜੀ ਦੇ ਮਹਾਤਮਪੁਣੇ ’ਤੇ ਸਿੱਧਾ ਹਮਲਾ ਕੀਤਾ ਸੀ। ਦਰਅਸਲ ਗਾਂਧੀ ਜੀ ਅੰਬੇਡਕਰ ਨੂੰ ਬ੍ਰਾਹਮਣ ਹੀ ਸਮਝਦੇ ਸਨ ਕਿਉਂਕਿ ਉਹ ਬਹੁਤ ਹੀ ਪੜ੍ਹਿਆ ਲਿਖਿਆ ਸੀ।
ਉਪਰੋਕਤ ਬਿਰਤਾਂਤ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਮਹਾਤਮਾ-ਗਾਂਧੀ ਆਪਣੇ ਸ਼੍ਰੇਣੀ-ਹਿਤ ਲਈ ਨੇਕੀ ਦਾ ਪ੍ਰਚਾਰਕ ਸੀ। ਇਸ ਅੰਦਰ ਉਨ੍ਹਾਂ ਦਾ ਨਿੱਜੀ ਹਿਤ ਵੀ ਸੁਰੱਖਿਅਤ ਸੀ। ਡਾ. ਬਾਬਾ ਸਾਹਿਬ ਅੰਬੇਡਕਰ ਦੀ ਨੇਕੀ ਸ਼੍ਰੇਣੀ-ਹਿਤ ਤੋਂ ਪ੍ਰੇਰਿਤ ਸੀ। ਦੋਹਾਂ ਦੇ ਮੰਤਵ ਵਿੱਚ ਜ਼ਮੀਨ-ਅਸਮਾਨ ਦਾ ਫਰਕ ਸੀ। ਮਹਾਤਮਾ ਜੀ ਉਸ ਸ਼੍ਰੇਣੀ ਦੇ ਹਿਤਾਂ ਦੀ ਰੱਖਿਆ ਕਰ ਰਹੇ ਸਨ, ਜਿਹੜੀ ਸਦੀਆਂ ਤੋਂ ਸ਼ੋਸ਼ਣ ਕਰ ਰਹੀ ਸੀ ਪਰ ਡਾਕਟਰ ਅੰਬੇਡਕਰ ਸ਼ੋਸ਼ਿਤ ਵਰਗ ਨੂੰ ਸ਼ੋਸ਼ਣ ਤੋਂ ਨਿਜਾਤ ਦਿਵਾਉਣ ਲਈ ਕੰਮ ਕਰ ਰਹੇ ਸਨ। ਇਸ ਪੱਖ ਤੋਂ ਦੇਖਿਆਂ ਤਾਂ ਕਹਿ ਸਕਦੇ ਹਾਂ ਕਿ ਸਵਾਰਥ ਇੱਕ ਬਹੁਤ ਵੱਡੀ ਨੇਕੀ ਹੈ ਅਤੇ ਪੱਛਮੀ ਲੇਖਕ ਆਇਨ ਰੈਂਡ ਦਾ ਵਿਚਾਰ ਸਹੀ ਹੋਣ ਦੇ ਨੇੜੇ ਹੈ। ਅੰਬੇਡਕਰ ਸਾਹਿਬ ਦੇ ਸਵਾਰਥ ਨੇ ਅਜਿਹੀ ਨੇਕੀ ਨੂੰ ਜਨਮ ਦਿੱਤਾ ਜਿਸ ਰਾਹੀਂ ਉਹ ਕਰੋੜਾਂ ਗ਼ਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਵਿੱਚ ਕਾਮਯਾਬ ਹੀ ਨਹੀਂ ਹੋਏ ਬਲਕਿ ਸੰਵਿਧਾਨ ਰਾਹੀਂ ਉਨ੍ਹਾਂ ਹੱਕਾਂ ਦੀ ਰਾਖੀ ਦਾ ਪ੍ਰਬੰਧ ਵੀ ਕਰ ਸਕੇ।
ਜਨ-ਜੀਵਨ ਦੀ ਅਗਵਾਈ ਕਰਦੇ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਨੇਕੀ ਦਾ ਅਜਿਹਾ ਸੰਕਲਪ ਅਪਣਾਉਣਾ ਪਵੇਗਾ, ਜਿਸ ਰਾਹੀਂ ਅਜਿਹਾ ਸੰਸਾਰ ਸਿਰਜਿਆ ਜਾ ਸਕੇ ਜਿਸ ਵਿੱਚ ਅਧਿਆਤਮਵਾਦ ਅਤੇ ਪਦਾਰਥ ਦਾ ਸੰਤੁਲਨ ਕਾਇਮ ਹੋ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (