“26 ਕੁ ਸਾਲ ਪਹਿਲਾਂ ਮੈਂ ਇਸ ਪ੍ਰਾਂਤ ਵਿੱਚ ਇਲੈਕਸ਼ਨ ਬਜ਼ਰਵਰ ਸੀ। ਵੋਟਾਂ ਪਰਚੀਆਂ ਨਾਲ ...”
(7 ਸਤੰਬਰ 2024)
ਕੋਈ ਵੀ ਜਮਾਂਦਰੂ ਚੋਰ ਨਹੀਂ ਹੁੰਦਾ। ਜੀਵਨ ਸਫ਼ਰ ਦੌਰਾਨ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਚੋਰੀ ਕਰਨ ਲਈ ਮਜਬੂਰ ਹੋ ਜਾਂਦੇ ਹਾਂ। ਕੋਈ ਚਿੱਤ-ਚੋਰ ਅਤੇ ਕੋਈ ਧਨ-ਚੋਰ ਹੋ ਨਿੱਬੜਦਾ ਹੈ। ਅਰਥਾਤ ਸਾਰੇ ਚੋਰ ਹੀ ਮਰਦੇ ਹਨ, ਕੋਈ ਵਿਰਲਿਆਂ ਵਿੱਚੋਂ ਵਿਰਲਾ ਹੀ ਬਚਦਾ ਹੈ। ਮਨੁੱਖ ਚੋਰ ਕਿਉਂ ਅਤੇ ਕਿਵੇਂ ਬਣਦਾ ਹੈ, ਬੜਾ ਹੀ ਗੁੰਝਲਦਾਰ ਪ੍ਰਸ਼ਨ ਹੈ। ਕਈ ਕਾਰਨ ਸੋਚੇ ਜਾ ਸਕਦੇ ਹਨ ਜਿਵੇਂ ਕਿ ਕੁਦਰਤੀ ਵਸੀਲਿਆਂ ਦੀ ਅਣਸੁਖਾਵੀਂ ਵੰਡ, ਮਨੁੱਖ ਦੀਆਂ ਨਿੱਜੀ ਇੱਛਾਵਾਂ, ਲਾਲਚ, ਦੂਸਰਿਆਂ ’ਤੇ ਹੁਕਮ ਚਲਾਉਣ ਦੀ ਬਿਰਤੀ, ਗਰੀਬੀ, ਮਜਬੂਰੀ ਆਦਿ।
ਜਮਾਤ ਦੇ ਕਮਰੇ ਵਿੱਚ ਤੱਪੜ ’ਤੇ ਬੈਠਿਆਂ ਕਮਰੇ ਦੀਆਂ ਕੰਧਾਂ ਤੇ ਲੱਗੇ ਹੱਥ-ਲਿਖਤ ਚਾਰਟ ‘ਚੋਰੀ ਕਰਨਾ ਪਾਪ ਹੈ’ ਉੱਤੇ ਅਕਸਰ ਨਜ਼ਰ ਪੈਂਦੀ ਰਹਿੰਦੀ। ਚੋਰੀ ਕੀ ਹੁੰਦੀ ਹੈ ਦਾ ਤਾਂ ਕੁਝ ਗਿਆਨ ਹੁੰਦਾ ਸੀ ਪਰ ਪਾਪ ਸ਼ਬਦ ਡਰਾਉਣਾ ਲਗਦਾ ਸੀ। ਇੰਝ ਲਗਦਾ ਹੁੰਦਾ ਕਿ ਜੇਕਰ ਚੋਰੀ ਕਰ ਲਈ ਤਾਂ ਰੱਬ ਪਤਾ ਨੀ ਕਿਹੜੇ ਖੂਹ-ਖਾਤੇ ਸੁੱਟ ਦੇਵੇਗਾ। ਬੱਚਾ ਮਨ ਅੰਦਰ ਇੱਕ ਡਰ ਪੈਦਾ ਕਰ ਦਿੱਤਾ ਗਿਆ ਸੀ। ਮਕਸਦ ਸ਼ਾਇਦ ਇਹ ਸੀ ਕਿ ਵੱਡੇ ਹੋ ਕੇ ਬੱਚੇ ਚੋਰੀ ਨਾ ਕਰਨ, ਚੋਰ ਨਾ ਬਣਨ। ਚੋਰ ਰਹਿਤ ਸਮਾਜ ਦੀ ਸਿਰਜਣਾ ਹੋ ਸਕੇ। ਬੱਚਾ ਮਨ ਸੋਚਦਾ ਸੀ ਕਿ ਸਾਰੇ ਸਕੂਲਾਂ ਵਿੱਚ ਅਜਿਹਾ ਸਭ ਹੀ ਸਿਖਾਇਆ ਜਾਂਦਾ ਹੋਵੇਗਾ। ਪੇਂਡੂ ਗਰੀਬ ਕਿਸਾਨ-ਮਜ਼ਦੂਰਾਂ ਦੇ ਬੱਚਿਆਂ ਲਈ ਅਜਿਹੀ ਸਿੱਧਰੀ ਧਾਰਨਾ ਹੋਣਾ ਕੁਦਰਤੀ ਸੀ।
ਪਝੰਤਰ ਕੁ ਸਾਲ ਪਹਿਲਾਂ ਸਾਰੇ ਸਕੂਲਾਂ ਵਿੱਚ ਤੱਪੜ ਵੀ ਨਹੀਂ ਹੁੰਦੇ ਸਨ। ਪਟਸਨ ਦੀਆਂ ਫਟੀਆਂ ਪੁਰਾਣੀਆਂ ਬੋਰੀਆਂ ਵੀ ਘਰੋਂ ਲਿਆ ਕੇ ਕੰਮ ਸਾਰ ਲਿਆ ਜਾਂਦਾ ਸੀ। ਥੁੜ ਦਾ ਜ਼ਮਾਨਾ ਸੀ। ਕਿਸੇ ਕੋਲ ਪੈਨਸਿਲ ਨਹੀਂ, ਕਿਸੇ ਕੋਲ ਕਲਮ ਨਹੀਂ (ਕਲਮ ਸਰਕੜੇ ਦੀ ਛਟੀ ਨੂੰ ਬਲੇਡ ਨਾਲ ਤਰਾਸ਼ ਕੇ ਬਣਾਈ ਜਾਂਦੀ ਸੀ। ਕਲਮਾਂ ਅਕਸਰ ਮਾਸਟਰ ਜੀ ਹੀ ਘੜ ਦਿਆ ਕਰਦੇ ਸਨ ਕਿਉਂਕਿ ਬਲੇਡ ਖਰੀਦਣ ਜੋਗੇ ਪੈਸੇ ਸਭ ਕੋਲ ਨਹੀਂ ਹੁੰਦੇ ਸਨ)। ਕਿਸੇ ਕੋਲ ਸਿਆਹੀ ਵਾਲੀ ਦਵਾਤ ਨਹੀਂ, ਕਿਸੇ ਕੋਲ ਕਾਪੀ ਨਹੀਂ, ਕਿਸੇ ਕੋਲ ਕਿਤਾਬ ਨਹੀਂ। ਇਸ ਥੁੜ ਨੇ ਸਾਡੇ ਅੰਦਰ ਇੱਕ ਦੂਜੇ ਦੀਆਂ ਇਹ ਜ਼ਰੂਰੀ ਚੀਜ਼ਾਂ ਚੋਰੀ ਕਰਨ ਦੀ ਆਦਤ ਨੂੰ ਉਤਸ਼ਾਹਿਤ ਹੀ ਕੀਤਾ ਸੀ। ਮਾਸਟਰ ਜੀ ਦਾ ਡੰਡਾ ਹੀ ਇਸ ਤੋਂ ਵਰਜਦਾ ਸੀ। ਕੰਧ ਵਾਲਾ ਚਾਰਟ ਕੋਈ ਅਸਰ ਨਹੀਂ ਕਰਦਾ ਸੀ। ਕਰਦਾ ਵੀ ਕਿਵੇਂ? ਉਹ ਇੱਕ ਨਸੀਹਤ ਸੀ। ਹਕੀਕਤ ਅੱਗੇ ਨਸੀਹਤ ਦਾ ਜ਼ੋਰ ਨਹੀਂ ਚੱਲ ਸਕਦਾ।
ਥੁੜ ਦੇ ਮਾਰੇ ਸਮਾਜ ਵਿੱਚ ਚੋਰਾਂ ਦਾ ਪੈਦਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਬੱਚਿਆਂ ਨੂੰ ਚੋਰ-ਸਿਪਾਹੀ ਦੀ ਖੇਲ ਖੇਡਣਾ ਇਹੋ ਸਿਖਾਉਂਦਾ ਸੀ ਕਿ ਉਨ੍ਹਾਂ ਦੁਆਲੇ ਚੋਰ ਵੀ ਹਨ ਅਤੇ ਚੋਰਾਂ ਨੂੰ ਫੜਨ ਵਾਲੇ ਸਿਪਾਹੀ ਵੀ ਹਨ। ਚੋਰ ਦਾ ਤਾਂ ਪਤਾ ਹੀ ਨਹੀਂ ਲਗਦਾ ਸੀ ਕਿ ਕੌਣ ਚੋਰ ਹੈ ਪਰ ਅਸੀਂ ਸਿਪਾਹੀ ਨੂੰ ਦੇਖ ਕੇ ਭੱਜ ਜਾਇਆ ਕਰਦੇ ਸੀ। ਅੱਜ ਵੀ ਦੋਹਾਂ ਦਾ ਡਰ ਉੰਨਾ ਹੀ ਹੈ। ਉਨ੍ਹੀਂ ਦਿਨੀਂ ਅਫੀਮ ਦੇ ਠੇਕੇ ਹੋਇਆ ਕਰਦੇ ਸਨ ਅਤੇ ਪਿੰਡ ਵਿੱਚ ਬਹੁਤ ਅਮਲੀ ਸਨ। ਇੱਕ ਦਿਨ ਘਰ ਦੇ ਸੰਦੂਕ ਵਿੱਚੋਂ ਕਾਂਸੀ ਦਾ ਛੰਨਾ ਅਤੇ ਦੋ ਚਾਰ ਖੇਸ ਖੇਸੀਆਂ ਚੋਰੀ ਹੋ ਗਏ ਤਾਂ ਪਤਾ ਲੱਗਿਆ ਕਿ ਇੱਕ ਅਮਲੀ ਚੋਰੀ ਕਰਕੇ ਲੈ ਗਿਆ ਸੀ। ਅੱਜ ਦਾ ਪੰਜਾਬ ਚਿੱਟੇ ਦੇ ਨਸ਼ੇ ਦੀ ਸਮੱਸਿਆ ਨਾਲ ਜੂਝਦਾ ਦੇਖ ਰਿਹਾ ਹੈ ਕਿ ਕਿਵੇਂ ਇਸਦੇ ਆਦੀ ਚੋਰੀਆਂ ਕਰ ਰਹੇ ਹਨ। ਘਰ ਦੇ ਬਰਤਨ ਤਕ ਨੌਜਵਾਨ ਚੋਰੀ ਕਰਦੇ ਦੇਖੇ ਗਏ ਹਨ। ਪੁਲਿਸ ਦਾ ਕੋਈ ਡਰ ਨਹੀਂ, ਬਲਕਿ ਚਿੱਟਾ ਵੇਚਣ ਵਾਲਿਆਂ ਨਾਲ ਪੁਲਿਸ ਦੀ ਮਿਲੀ-ਭੁਗਤ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਆਲਾ-ਦੁਆਲਾ ਅਤੇ ਨਿੱਜੀ ਹਾਲਾਤ ਬੱਚੇ, ਜਵਾਨ, ਮਰਦ ਅਤੇ ਔਰਤਾਂ ਨੂੰ ਪ੍ਰਭਾਵਿਤ ਕਰਦੇ ਹਨ। ਹਾਈ ਸਕੂਲ ਜਾਣ ਵੇਲੇ ਅੱਧੀ ਛੁੱਟੀ ਵਕਤ ਟਿੱਕੀ, ਸਮੋਸੇ, ਛੋਲਿਆਂ ਦੀ ਫੜੀ ਤੋਂ ਸ਼ਹਿਰੀਆਂ ਨੂੰ ਖਾਂਦੇ ਦੇਖ ਕੇ ਪੇਂਡੂ ਗ਼ਰੀਬਾਂ ਦਾ ਜੀਅ ਵੀ ਲਲਚਾਉਂਦਾ ਸੀ। ਘਰੋਂ ਆਨਾ-ਦੁਆਨੀ ਇਸ ਸੁਆਦ ਲਈ ਚੁਰਾ ਹੀ ਲਿਆ ਕਰਦੇ ਸੀ। ਹੁਣ ਪਾਪ ਦੇ ਸੰਕਲਪ ਦੀ ਵੀ ਥੋੜ੍ਹੀ ਬਹੁਤੀ ਸਮਝ ਆਉਣ ਲੱਗ ਪਈ ਸੀ ਪਰ ਨਸੀਹਤ ਅਤੇ ਹਕੀਕਤ ਉਸ ਵੇਲੇ ਭਾਰੂ ਪੈ ਗਈ ਜਦੋਂ ਮੇਰਾ ਇੱਕ ਦੋਸਤ ਭੁੱਖ ਨਾਲ ਵਿਲਕ ਰਿਹਾ ਸੀ। ਉਸਦੀ ਭੁੱਖ ਮਿਟਾਉਣ ਲਈ ਮੈਂ ਤੇ ਮੇਰਾ ਇੱਕ ਹੋਰ ਦੋਸਤ ਰਾਤ ਨੂੰ ਗੋਭੀ ਚੋਰੀ ਕਰਕੇ ਉਸਦੀ ਸੁਆਦ ਪੂਰਤੀ ਨਹੀਂ ਬਲਕਿ ਪੇਟ ਭਰਨ ਵਿੱਚ ਤਸੱਲੀ ਮਹਿਸੂਸ ਕਰ ਰਹੇ ਸੀ।
ਛੋਟੀਆਂ ਮੋਟੀਆਂ ਚੋਰੀਆਂ ਦੇਖਣ ਤੋਂ ਬਾਅਦ ਹੁਣ ਵੱਡੀਆਂ ਅਤੇ ਮਹੱਤਵਪੂਰਨ ਚੋਰੀਆਂ ਦੇਖਣ ਦਾ ਦੌਰ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ‘ਨਕਲ ਚੋਰ’ ਸਾਹਮਣੇ ਆਏ। ਇਮਿਤਹਾਨ ਵਿੱਚ ਨਕਲ ਕਰਨਾ ਆਮ ਜਿਹਾ ਰੁਟੀਨ ਹੋ ਗਿਆ। ਮੈਂ ਨਕਲ ਫੜਨ ਵਾਲਿਆਂ ਵਿੱਚ ਸ਼ਾਮਲ ਸੀ। ਉਸ ਵੇਲੇ ਸਿਰਫ ਇੰਨਾ ਹੀ ਗਿਆਨ ਸੀ ਕਿ ਇਹ ਵਿਚਾਰੇ ਜਮਾਤ ਪਾਸ ਕਰਨ ਲਈ ਹੀ ਨਕਲ ਕਰ ਰਹੇ ਹਨ। ਦਰਅਸਲ ਇਸ ਚੋਰੀ ਦਾ ਅਸਲ ਸਰੂਪ ‘ਬੌਧਿਕ ਚੋਰੀ’ ਸੀ। ਨਕਲ ਕਰਨ ਵਾਲਾ ਕਿਸੇ ਦੀ ਬੌਧਿਕਤਾ ਹੀ ਤਾਂ ਚੋਰੀ ਕਰ ਰਿਹਾ ਸੀ। ਉਹ ਇਸ ਗੱਲੋਂ ਵੀ ਅਨਜਾਣ ਸੀ ਕਿ ਉਹ ਵਿੱਦਿਆ ਤੋਂ ਕੋਰਾ ਹੀ ਰਹਿ ਰਿਹਾ ਸੀ। ਸਮਾਂ ਥੋੜ੍ਹਾ ਹੋਰ ਅੱਗੇ ਤੁਰਿਆ ਤਾਂ ਸਾਹਮਣੇ ਆਇਆ ਕਿ ਸਿਰਫ ਵਿਦਿਆਰਥੀ ਹੀ ਚੋਰੀ ਨਹੀਂ ਕਰਦੇ ਸਨ ਬਲਕਿ ਅਧਿਆਪਕ-ਵ-ਖੋਜਾਰਥੀ ਵੀ ਚੋਰੀ ਕਰਦੇ ਸਨ। ਕਿਸੇ ਦੂਸਰੇ ਦਾ ਖੋਜ ਪੱਤਰ ਚੋਰੀ ਕਰਕੇ ਆਪਣੇ ਨਾਂ ਹੇਠ ਛਪਾ ਦੇਣਾ ਬਹੁਤ ਵੱਡੀ ਬੌਧਿਕ ਚੋਰੀ ਹੈ। ਸਾਹਿਤ ਦੇ ਖੇਤਰ ਵਿੱਚ ਵੀ ਇਸ ਬਿਰਤੀ ਦੇ ਆਮ ਚਰਚੇ ਹਨ।
ਫਿਰ ਮੇਰਾ ਕਾਰਜ ਖੇਤਰ ਹੀ ਬਦਲ ਗਿਆ। ਮੈਨੂੰ ਵੱਡੇ ਚੋਰਾਂ ਨਾਲ ਦੋ ਹੱਥ ਕਰਨ ਦਾ ਮੌਕਾ ਮਿਲਿਆ। ਸਭ ਨੂੰ ਪਤਾ ਹੈ ਕਿ ਟੈਕਸ ਚੋਰੀ ਵੱਡੇ ਪੱਧਰ ’ਤੇ ਹੁੰਦੀ ਹੈ। ਇਹ ਚੋਰੀ ਕਿਸੇ ਵੀ ਦੇਸ਼/ਕੌਮ ਦੀ ਸੱਭਿਆਚਾਰਕ ਦਿੱਖ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਜਨ ਜੀਵਨ ਦੀ ਸ਼ੈਲੀ ਦਾ ਕੰਨ ਮਰੋੜ ਸਕਦੀ ਹੈ। ਇਸ ਲਈ ਸਰਕਾਰ ਦੀਆਂ ਨੀਤੀਆਂ, ਮਨੁੱਖ ਦਾ ਨਿੱਜੀ ਹਿਤ ਅਤੇ ਲਾਲਚ ਜਿੰਮੇਵਾਰ ਹਨ। ਦਿਖਾਈ ਤਾਂ ਇੱਦਾਂ ਦਿੰਦਾ ਹੈ ਕਿ ਸਰਕਾਰ ਦੀ ਨੀਤੀ ਕਿਸੇ ਖਾਸ ਖੇਤਰ ਵਿੱਚ ਨਿਵੇਸ਼ ਨੂੰ ਬੜ੍ਹਾਵਾ ਦੇ ਰਹੀ ਹੈ ਪਰ ਟੈਕਸ ਚੋਰੀ ਲਈ ਚੋਰ ਮੋਰੀਆਂ ਕਾਨੂੰਨ ਦੀਆਂ ਧਾਰਾਵਾਂ ਅੰਦਰ ਹੀ ਬੁਣ ਦਿੱਤੀਆਂ ਜਾਂਦੀਆਂ ਹਨ, ਆਮ ਆਦਮੀ ਦੀ ਸਮਝ ਤੋਂ ਪਰੇ। ਕਦੇ ਕਦੇ ਤਾਂ ਹੁਸ਼ਿਆਰ ਤੋਂ ਹੁਸ਼ਿਆਰ ਅਫਸਰ ਅਤੇ ਵਕੀਲ ਵੀ ਲਫਜ਼ਾਂ ਦਾ ਹੇਰ-ਫੇਰ ਸਮਝ ਨਹੀਂ ਪਾਉਂਦੇ।
ਅੱਸੀਵਿਆਂ ਦੇ ਦਹਾਕੇ ਵਿੱਚ ਕੱਚੇ ਅਨਘੜ ਹੀਰਿਆਂ ਨੂੰ ਘਸਾ ਕੇ ਮਾਂਜੇ-ਸੰਵਾਰੇ ਚਮਕਦੇ ਹੀਰਿਆਂ ਦੀ ਬਰਾਮਦੀ ਤੋਂ ਹੁੰਦੀ ਕਮਾਈ ’ਤੇ ਆਮਦਨ-ਕਰ ਲਗਦਾ ਸੀ। ਹੀਰਿਆਂ ਦੀ ਘਸਾਈ ਦਾ ਕੰਮ ਭਾਰਤ ਦੇ ਸੂਰਤ, ਭਾਵਨਗਰ ਆਦਿ ਸ਼ਹਿਰਾਂ ਵਿੱਚ ਵੱਡੇ ਪੱਧਰ ’ਤੇ ਹੁੰਦਾ ਸੀ। ਚਮਕਦੇ ਅਤੇ ਮਾਂਜੇ-ਸੰਵਾਰੇ ਹੀਰੇ ਬੰਬਈ (ਹੁਣ ਮੁੰਬਈ) ਤੋਂ ਬਰਾਮਦ ਕੀਤੇ ਜਾਂਦੇ ਸਨ। ਟੈਕਸ ਚੋਰੀ ਕਰਨ ਦੇ ਇਰਾਦੇ ਨਾਲ ਹੀਰਿਆਂ ਦਾ ਬਹੁਤਾ ਵਪਾਰ ਕਿਤਾਬਾਂ ਤੋਂ ਬਾਹਰ ਹੀ ਹੁੰਦਾ ਸੀ। ਵਪਾਰੀਆਂ ਦਾ ਕਹਿਣਾ ਸੀ ਕਿ ਇਸ ਵਪਾਰ ਨੂੰ ਭੋਰੇਸੇ ’ਤੇ ਹੀ ਚਲਾਇਆ ਜਾ ਸਕਦਾ ਹੈ ਕਿਉਂਕਿ ਹੀਰਿਆਂ ਨੂੰ ਬਜ਼ਾਰ ਵਿੱਚ ਵੇਚਣ ਲਈ ਕਈ ਫਰਮਾਂ ਵਿੱਚ ਦਿਖਾਉਣਾ ਪੈਂਦਾ ਹੈ। ਇੱਕ ਛੋਟੀ ਜਿਹੀ ਪੁੜੀ ਵਿੱਚ ਲੱਖਾਂ-ਕਰੋੜਾਂ ਦੇ ਹੀਰੇ ਆ ਸਕਦੇ ਹਨ। ਅਜਿਹਾ ਅਸੀਂ ਫਿਲਮਾਂ ਵਿੱਚ ਦੇਖਦੇ ਆਏ ਸਾਂ। ਇਨ੍ਹਾਂ ਦੀ ਕੀਮਤ ’ਤੇ ਯਕੀਨ ਤਾਂ ਨਹੀਂ ਹੁੰਦਾ ਸੀ ਪਰ ਅਸੀਂ ਸੱਚ ਮੰਨ ਲੈਂਦੇ ਸੀ ਅਤੇ ਉਹ ਹਕੀਕਤ ਹੀ ਸੀ। ਇਸ ਪੁੜੀ ਵਿੱਚ ਇੱਕ ਸਲਿੱਪ ਰੱਖ ਦਿੱਤੀ ਜਾਂਦੀ ਸੀ ਜਿਸ ਉੱਤੇ ਹੀਰਿਆਂ ਦੀ ਕੁਆਲਿਟੀ, ਦਾਗ਼ ਰਹਿਤ ਹੋਣ ਦੀ ਭਰੋਸਗੀ, ਭਾਰ ਅਤੇ ਰੰਗ ਲਿਖ ਦਿੱਤਾ ਜਾਂਦਾ ਸੀ। ਗੁਜਰਾਤੀ ਵਿੱਚ ਇਸ ਨੂੰ ‘ਜਾਂਗੜ ਸਲਿਪ’ ਕਹਿੰਦੇ ਸਨ ਪਰ ਅਸੀਂ ਇਸ ਨੂੰ ‘ਝਗੜਾ ਸਲਿਪ’ ਕਹਿੰਦੇ ਸੀ। ਪੁੜੀ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਣ ਵਾਲਾ ਭਰੋਸੇਮੰਦ ਵਿਅਕਤੀ ‘ਆਂਗੜੀਆ’ ਹੁੰਦਾ ਸੀ। ਕਦੇ ਨਹੀਂ ਸੁਣਿਆ ਸੀ ਕਿ ਪੁੜੀ ਵਿੱਚੋਂ ਕੋਈ ਹੀਰਾ ਘੱਟ ਨਿਕਲਿਆ ਹੋਵੇ। ਇਸ ਨੂੰ ਵਪਾਰੀ ਆਪਣੀ ਮਰਜ਼ੀ ਮੁਤਾਬਿਕ ਬਦਲ ਅਤੇ ਵਿਆਖਿਆਤ ਕਰ ਦਿੰਦੇ ਸਨ। ਕਾਨੂੰਨੀ ਚੋਰ ਮੋਰੀਆਂ ਵਿੱਚੋਂ ਬਚ ਨਿਕਲਦੇ ਸਨ। ਝਗੜਾ ਮਿਟਾਉਣ ਲਈ ਕਮੇਟੀ ਬਣੀ। ਸਰਕਾਰ ਅਤੇ ਵਪਾਰੀ ਮੇਜ਼ ’ਤੇ ਇਕੱਠੇ ਬੈਠੇ। ਮੀਟਿੰਗ ’ਤੇ ਮੀਟਿੰਗ ਹੋਈ। ਰਿਪੋਰਟ ਤਿਆਰ ਹੋਈ। ਮੇਰੀ ਬਦਲੀ ਹੋਈ ਜਾਂ ਕਰਵਾਈ ਗਈ, ਪਤਾ ਨਹੀਂ। ਵੱਡੇ ਦਰਬਾਰ ਵਿੱਚ ਰਿਪੋਰਟ ਪੇਸ਼ ਹੋਣ ਤੋਂ ਮਹੀਨੇ ਕੁ ਬਾਅਦ ਮੇਰੀ ਫੌਜ ਦੇ ਇੱਕ ਲੜਾਕੂ ਜਵਾਨ ਨੇ ਆ ਦੱਸਿਆ, “ਸ਼ਾਹ ਮੁਹੰਮਦਾ ਇੱਕ ਸਰਦਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ।”
ਚੋਰ ਆਪਣਾ ਕੰਮ ਕਰ ਗਏ ਸਨ। ਉਨ੍ਹਾਂ ਬਰਾਮਦੀ ਦੀ ਰਕਮ ’ਤੇ ਟੈਕਸ ਲਾਉਣ ਦਾ ਕਾਨੂੰਨ ਹੀ ਖਤਮ ਕਰਵਾ ਦਿੱਤਾ। ਟੈਕਸ ਚੋਰੀ ਸਮਾਜ ਵਿੱਚ ਅਨੈਕਿਤਤਾ, ਅਨੁਸ਼ਾਸਨਹੀਣਤਾ, ਆਪ-ਹੁਦਰਪੁਣੇ, ਨਾ-ਬਰਾਬਰੀ ਨੂੰ ਬੜ੍ਹਾਵਾ ਦਿੰਦੀ ਹੈ। ਲੋਕਤੰਤਰ ਵਿੱਚ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਕੇ ਸਮਾਜਿਕ ਅਸਾਵੇਂਪਣ ਨੂੰ ਉਤਸ਼ਾਹਿਤ ਕਰਦੀ ਹੈ।
ਅੱਜ ਕੱਲ੍ਹ ‘ਵੋਟ ਚੋਰੀ’ ਕੌਮੀ ਪ੍ਰੈੱਸ ਵਿੱਚ ਆਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਚੋਰੀ ਹੋਈ ਜਾਂ ਨਹੀਂ ਹੋਈ, ਜਾਂਚ ਦਾ ਵਿਸ਼ਾ ਹੈ ਪਰ ਇਹ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ। ਇਹ ਵੀ ਇੱਕ ਇਤਫ਼ਾਕ ਹੀ ਹੈ ਕਿ ਜਿਸ ਸੂਬੇ (ਬਿਹਾਰ) ਵਿੱਚ ਵਿਰੋਧੀ ਸਿਆਸੀ ਧਿਰ ‘ਵੋਟਰ ਅਧਿਕਾਰ ਯਾਤਰਾ’ ਕਰਕੇ ਸਰਕਾਰ ’ਤੇ ਵੋਟ ਚੋਰੀ ਦੇ ਇਲਜ਼ਾਮ ਲਾ ਰਹੀ ਹੈ, ਉਸ ਸੂਬੇ ਵਿੱਚ ਮੈਂ ਵੋਟਾਂ ’ਤੇ ਡਾਕਾ ਪੈਂਦਾ ਦੇਖਿਆ ਹੈ। ਕੋਈ 26 ਕੁ ਸਾਲ ਪਹਿਲਾਂ ਮੈਂ ਇਸ ਪ੍ਰਾਂਤ ਵਿੱਚ ਇਲੈਕਸ਼ਨ ਬਜ਼ਰਵਰ ਸੀ। ਵੋਟਾਂ ਪਰਚੀਆਂ ਨਾਲ ਪੈਂਦੀਆਂ ਸਨ। ਤਿੰਨੋਂ ਇਲੈਕਸ਼ਨ ਅਬਜ਼ਰਵਰ ਆਪਣੀ ਪੂਰੀ ਵਾਹ ਲਾ ਕੇ ਵੀ ਵੋਟ-ਚੋਰੀ ਨਹੀਂ ਰੋਕ ਸਕੇ ਸਨ। ਸਿਆਸੀ ਬਾਹੂਬਲੀ ਸ਼ਰੇਆਮ ਵੋਟ-ਪਰਚੀਆਂ ’ਤੇ ਮੁਹਰਾਂ ਲਾਉਂਦੇ ਦੇਖੇ ਗਏ ਸਨ। ਅਜਿਹੀ ਚੋਰੀ ਤਾਕਤ ਦੇ ਬਲਬੂਤੇ ਹੀ ਕੀਤੀ ਜਾ ਸਕਦੀ ਸੀ। ਲੋਕ ਰਾਇ ਨੂੰ ਪ੍ਰਵਾਭਿਤ ਕਰਦੀ ਇਹ ਚੋਰੀ ਲੋਕਤੰਤਰ ਦਾ ਚੀਰ-ਹਰਨ ਕਰਦੀ ਹੋਈ ਇਸਦੇ ਬੁਨਿਆਦੀ ਸਿਧਾਂਤ ’ਤੇ ਕਰਾਰੀ ਸੱਟ ਮਾਰਦੀ ਹੈ।
ਇਨ੍ਹਾਂ ਸਭ ਚੋਰੀਆਂ ਤੋਂ ਘਾਤਕ ਚੋਰੀ ਦਾ ਆਮ ਮਨੁੱਖ ਨੂੰ ਚਿੱਤ-ਚੇਤਾ ਵੀ ਨਹੀਂ। ਵਿਦਵਾਨ ਚਿੰਤਕ ਇਸ ਬਾਰੇ ਸੁਚੇਤ ਹਨ ਪਰ ਅਫਸੋਸ ਕਿ ਉਹ ਇਸਦੇ ਭਾਗੀਦਾਰ ਹੁੰਦੇ ਹਨ। ਧਰਮ ਆਪਣੇ ਆਪ ਵਿੱਚ ਬਹੁਤ ਹੀ ਸੁੰਦਰ ਵਿਚਾਰ ਹੈ। ਨਿੱਜੀ ਧਰਮ ਮਨੁੱਖ ਨੂੰ ਸਕੂਨ ਦਿੰਦਾ ਹੈ ਪਰ ਸੰਗਠਿਤ ਰੂਪ ਵਿੱਚ ਇਹੋ ਧਰਮ ਹੋਰ ਰੂਪ ਧਾਰਨ ਕਰ ਜਾਂਦਾ ਹੈ। ਹਰ ਧਰਮ ਦਾ ਪ੍ਰਚਾਰਕ ਆਪਣੇ ਧਰਮ ਨੂੰ ਸਭ ਤੋਂ ਉੱਤਮ ਪ੍ਰਚਾਰਦਾ ਹੈ। ਕੋਈ ਗਲਤ ਨਹੀਂ ਹੁੰਦਾ। ਇਹ ਕੁਦਰਤੀ ਹੈ। ਹਰ ਰੋਜ਼ ਇੱਕੋ ਵਿਚਾਰ ਨੂੰ ਸੁਣੀ ਜਾਣਾ ਅਤੇ ਅਮਲੀ ਜੀਵਨ ਵਿੱਚ ਅਪਣਾਉਣ ਨਾਲ ਮਨੁੱਖ ਦੇ ਮਨ ’ਤੇ ਉਸਦੀ ਪਰਤ ਇੰਨੀ ਪੱਕੀ ਹੋ ਜਾਂਦੀ ਹੈ ਕਿ ਮਨੁੱਖ ਦੂਸਰੇ ਧਰਮ ਦੇ ਵਿਚਾਰਾਂ ਨੂੰ ਵਿਚਾਰਨ ਤੋਂ ਅਸਮਰੱਥ ਹੋ ਜਾਂਦਾ ਹੈ। ਅਰਥਾਤ ਸੰਗਠਿਤ ਧਰਮ ਦੇ ਪ੍ਰਚਾਰਕ ਆਮ ਮਨੁੱਖ ਤੋਂ ਉਸਦੀ ਸੋਚਣ ਸ਼ਕਤੀ ਹੀ ਖੋਹ ਲੈਂਦੇ ਹਨ। ਮਨੁੱਖ ਸਿਰਫ ਅਤੇ ਸਿਰਫ ਆਪਣੇ ਧਰਮ ਬਾਰੇ ਹੀ ਸੋਚ ਸਕਦਾ ਹੈ। ਉਸਦੇ ਵਿਚਾਰਾਂ ਵਿੱਚ ਕੱਟੜਤਾ ਆ ਜਾਂਦੀ ਹੈ ਅਤੇ ਸਹਿਣਸ਼ੀਲਤਾ ਦਾ ਮਾਦਾ ਦਿਨ-ਬ-ਦਿਨ ਘਟਦਾ ਜਾਂਦਾ ਹੈ। ਆਪਸੀ ਭਾਈਚਾਰਕ ਸਾਂਝ ਨੂੰ ਖੋਰਾ ਲਗਦਾ ਹੈ। ਮਨੁੱਖਤਾ ਦੇ ਕਿਸੇ ਵੱਡੇ ਹਿੱਸੇ ਦੀ ਸੋਚਣ ਸ਼ਕਤੀ ਨੂੰ ਚੁਰਾ ਲੈਣਾ ਸਭ ਤੋਂ ਵੱਡੀ ਚੋਰੀ ਕਿਹਾ ਜਾ ਸਕਦਾ ਹੈ। ਸਿਤਮ ਜ਼ਰੀਫੀ ਇਹ ਹੈ ਕਿ ਅਜਿਹੇ ਗੁਨਾਹ ਦੀ ਸਜ਼ਾ ਲਈ ਕੋਈ ਕਾਨੂੰਨ ਨਹੀਂ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ।
ਮਨੁੱਖ ਦੇ ਅੰਤਰੀਵ ਨੂੰ ਬੰਧਨ ਪਸੰਦ ਨਹੀਂ ਹੈ। ਕੱਟੜਤਾ ਤੋਂ ਆਕੀ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਸਮਾਜਿਕ ਜਾਂ ਪ੍ਰਬੰਧਕੀ ਕਾਨੂੰਨ ਤੋੜਨ ਲਈ ਮਜਬੂਰ ਹੋ ਹੀ ਜਾਂਦਾ ਹੈ ਅਰਥਾਤ ਅਸੀਂ ਕੋਈ ਛੋਟਾ ਅਤੇ ਕੋਈ ਵੱਡਾ ਚੋਰ ਹੋ ਕੇ ਹੀ ਪਰਲੋਕ ਸਿਧਾਰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (