“ਦਲਿਤ ਭਾਈਚਾਰੇ ਨਾਲ ਸਬੰਧਿਤ ਇਸ ਲੜਕੀ ਦੇ ਥੱਪੜ ਦੀ ਗੂੰਜ ਦੇਸ਼ ਦੇ ਹਰ ਕੋਨੇ ...”
(10 ਜੁਲਾਈ 2025)
ਸੋਸ਼ਲ ਮੀਡੀਆ ’ਤੇ ‘ਅੰਬੇਡਕਰ ਆਵਾਜ਼’ ਚੈਨਲ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਵੀਡੀਓ ਕਲਿੱਪ ਆਮ ਦੀ ਤਰ੍ਹਾਂ ਡਿਸਕਲੇਮਰ ਨਾਲ ਹੈ। ਕਲਿੱਪ ਅਨੁਸਾਰ ਵਾਰਾਨਸੀ ਦੇ ਲੰਕਾ ਚੌਰਾਹੇ ’ਤੇ ਜਨ-ਸਭਾ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਇੱਕ ਐੱਮ ਪੀ ਦੇ ਥੱਪੜ ਮਾਰਦੀ ਦਿਖਾਈ ਦਿੰਦੀ ਹੈ। ਦੱਸਿਆ ਗਿਆ ਹੈ ਕਿ ਮੰਚ ’ਤੇ ਸ਼੍ਰੀ ਕਾਂਤ ਪਾਂਡੇ ਮੈਂਬਰ ਪਾਰਲੀਮੈਂਟ ਬੈਠੇ ਹਨ, ਜਿਨ੍ਹਾਂ ਨੇ ਕੁਛ ਦੇਰ ਪਹਿਲਾਂ ਇਹ ਬਿਆਨ ਦਿੱਤਾ ਸੀ – “ਨੀਚ ਜਾਤੀਆਂ ਨੂੰ ਜ਼ਿਆਦਾ ਛੂਟ ਦੇਨੇ ਸੇ ਦੇਸ਼ ਕਾ ਨੁਕਸਾਨ ਹੋਤਾ ਹੈ।” ਕਵਿਤਾ ਭੀਲ ਬਨਾਰਸ ਹਿੰਦੂ ਯੂਨੀਵਰਸਟੀ ਦੀ ਵਿਦਿਆਰਥਣ ਨੇ ਇਸ ਬਿਆਨ ਦੇ ਵਿਰੁੱਧ ਯੂਨੀਵਰਸਟੀ ਅੰਦਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਉਸ ਨੂੰ ਭਾਸਿਆ ਕਿ ਸਿਆਸੀ ਅਤੇ ਅਕਾਦਮਿਕ ਹਲਕਿਆਂ ਨੇ ਬਿਆਨ ਦੇਣ ਵਾਲੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਸ ਅੰਦਰ ਰੋਸ ਦਾ ਗੁਬਾਰ ਵਧਦਾ ਗਿਆ। ਇਸ ਜਨ ਸਭਾ ਵਿੱਚ ਜਦੋਂ ਸ਼੍ਰੀ ਕਾਂਤ ਪਾਂਡੇ ਸੰਬੋਧਨ ਕਰਨ ਲੱਗੇ ਤਾਂ ਕਵਿਤਾ ਭੀਲ ਨੇ ਉਸਦੇ ਥੱਪੜ ਜੜ ਦਿੱਤਾ। ਦਲਿਤ ਭਾਈਚਾਰੇ ਨਾਲ ਸਬੰਧਿਤ ਇਸ ਲੜਕੀ ਦੇ ਥੱਪੜ ਦੀ ਗੂੰਜ ਦੇਸ਼ ਦੇ ਹਰ ਕੋਨੇ ਤਕ ਸੁਣਾਈ ਦਿੱਤੀ। ਸਭ ਸਿਆਸੀ ਪਾਰਟੀਆਂ, ਬੁੱਧੀਜੀਵੀਆਂ ਅਤੇ ਹੋਰਾਂ ਨੇ ਸ਼੍ਰੀ ਪਾਂਡੇ ਦੇ ਇਸ ਬਿਆਨ ਦੀ ਨਿੰਦਾ ਵੀ ਕੀਤੀ।
ਪਿਛਲੇ ਸਾਲ ਇੱਕ ਹੋਰ ਮਹਿਲਾ ਮੈਂਬਰ ਪਾਰਲੀਮੈਂਟ (ਜਿਸਨੇ ਅਜੇ ਸਹੁੰ ਚੁੱਕਣੀ ਸੀ) ਵੀ ਇੱਕ ਮਹਿਲਾ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਥੱਪੜ ਖਾ ਬੈਠੀ ਸੀ। ਇਸ ਥੱਪੜ ਦਾ ਕਾਰਨ ਉਸ ਹੋਣ ਵਾਲੇ ਮੈਂਬਰ ਪਾਰਲੀਮੈਂਟ ਵੱਲੋਂ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਵਿਰੁੱਧ ਕੀਤੀ ਟਿੱਪਣੀ ਦੱਸਿਆ ਜਾ ਰਿਹਾ ਸੀ।
ਦੋਵੇਂ ਘਟਨਾਵਾਂ ਵਿੱਚ ਕਈ ਗੱਲਾਂ ਸਾਂਝੀਆਂ ਹਨ। ਥੱਪੜ ਮਾਰਨ ਵਾਲੀਆਂ ਮਹਿਲਾਵਾਂ ਹਨ, ਉਹ ਸਮਾਜ ਦੇ ਗਰੀਬ ਤਬਕੇ ਨਾਲ ਸਬੰਧਤ ਹਨ, ਥੱਪੜ ਖਾਣ ਵਾਲੇ ਸਿਆਸੀ ਆਗੂ ਹਨ ਅਤੇ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਹਨ। ਉਨ੍ਹਾਂ ਨੇ ਹੀ ਦੇਸ਼ ਦੇ ਕਾਨੂੰਨ ਘੜਨ ਵਿੱਚ ਯੋਗਦਾਨ ਪਾਉਣਾ ਹੈ। ਦੋਵੇਂ ਹੀ ਕੇਂਦਰ ਵਿੱਚ ਰਾਜ ਕਰ ਰਹੀ ਸਿਆਸੀ ਪਾਰਟੀ ਜਾਂ ਉਸਦੇ ਸਹਯੋਗੀ ਦਲ ਦੇ ਹਨ। ਨਾ ਵੀ ਹੋਣ, ਹਨ ਤਾਂ ਉਹ ਸਿਆਸੀ ਵਿਅਕਤੀ ਹੀ।
ਜਿੱਥੇ ਸਿਆਸੀ ਆਗੂਆਂ ਦੇ ਥੱਪੜ ਮਾਰਨ ਦਾ ਰੁਝਾਨ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ, ਉੱਥੇ ਸਿਆਸੀ ਆਗੂਆਂ ਵੱਲੋਂ ਵਿਰੋਧੀਆਂ ਉੱਤੇ ਸ਼ਬਦੀ ਹਮਲਿਆਂ ਦੀ ਭਾਸ਼ਾ ਦਾ ਪੱਧਰ ਅਸਭਿਅਕ ਹੋਣ ਦਾ ਰੁਝਾਨ ਵੀ ਵਧਿਆ ਹੈ। ਦੇਖਿਆ ਗਿਆ ਹੈ ਕਿ ਥੱਪੜ ਮਾਰਨ ਵਾਲੇ ਸਮਾਜ ਦੇ ਗਰੀਬ ਤਬਕੇ ਨਾਲ ਅਤੇ ਥੱਪੜ ਖਾਣ ਵਾਲੇ ਸਮਾਜ ਦੇ ਅਮੀਰ ਤਬਕੇ ਨਾਲ ਸਬੰਧਤ ਹਨ। ਅਕਸਰ ਇੱਕੋ ਧਰਮ ਨਾਲ ਸਬੰਧਤ ਹਨ। ਅਜਿਹਾ ਕੀ ਹੈ ਕਿ ਸਾਡੇ ਦੇਸ਼ ਅੰਦਰ ਇੱਕੋ ਧਰਮ ਦੇ ਬੰਦੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ’ਤੇ ਹੀ ਲੱਗੇ ਰਹਿੰਦੇ ਹਨ। ਸਮਾਜ ਨੇ ਕੁਝ ਤਬਕਿਆਂ ਨੂੰ ਤਾਂ ਪ੍ਰਾਚੀਨ ਕਾਲ ਤੋਂ ਹੀ ਨੀਵੇਂ ਅਤੇ ਅਛੂਤ ਗਰਦਾਨਿਆ ਹੋਇਆ ਹੈ। ਸਾਡੇ ਦੇਸ਼ ਅੰਦਰ ਅਜਿਹਾ ਵੀ ਕਿਉਂ ਹੈ ਕਿ ਤਕੜਾ ਮਾੜੇ ਦੀ ਸ਼ਾਂਤੀ ਅਤੇ ਹੌਲੀ ਆਵਾਜ਼ ਨਾਲ ਕੀਤੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ। ਆਮ ਜੀਵਨ ਵਿੱਚ ਵੀ ਅਸੀਂ ਜਦੋਂ ਤਕ ਉੱਚੀ ਆਵਾਜ਼ ਵਿੱਚ ਨਹੀਂ ਬੋਲਦੇ, ਕੋਈ ਸਾਡੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੁੰਦਾ। ਇਸ ਲਈ ਕਮਜ਼ੋਰ ਮਨੁੱਖ ਆਪਣੀ ਗੱਲ ਸੁਣਾਉਣ ਲਈ ਅਹਿੰਸਾ ਅਤੇ ਗਾਲੀ-ਗਲੋਚ ’ਤੇ ਉੱਤਰ ਆਉਂਦਾ ਹੈ। ਕੀ ਅਜਿਹਾ ਵਰਤਾਰਾ ਕਿਸੇ ਮਹਾਨ ਸੱਭਿਅਤਾ ਦੀ ਵਿਰਾਸਤ ਹੋ ਸਕਦਾ ਹੈ? ਹਰਗਿਜ਼ ਨਹੀਂ। ਇਸਦਾ ਅਰਥ ਤਾਂ ਇਹ ਨਿਕਲਦਾ ਹੈ ਕਿ ਨਾ-ਬਰਾਬਰੀ (ਸਮਾਜਿਕ ਅਤੇ ਆਰਥਿਕ) ਸਾਡੀ ਇਤਿਹਾਸਕ ਵਿਰਾਸਤ ਹੈ। ਇਸਦੇ ਕਿੰਨੇ ਵੀ ਕਾਰਕ ਅਤੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ’ਤੇ ਸਮੇਂ ਨਾਲ ਵਿਕਸਿਤ ਹੋਈ ਸਾਇੰਸ ਅਤੇ ਵਿਗਿਆਨਕ ਸੋਚ ਦਾ ਅਸਰ ਹੋਣਾ ਲਾਜ਼ਮੀ ਹੈ।
ਵਿਗਿਆਨਕ ਖੋਜਾਂ ਨੇ ਸੰਸਾਰ ਨੂੰ ਜਿੰਨਾ ਬਦਲਿਆ ਹੈ, ਉੰਨਾ ਧਰਮਾਂ ਨੇ ਨਹੀਂ ਬਦਲਿਆ। ਧਰਮ ਰਿਵਾਇਤ ਨੂੰ ਪੱਕਾ ਕਰਦਾ ਹੈ ਜਦੋਂ ਕਿ ਵਿਗਿਆਨਕ ਸੋਚ ਰਿਵਾਇਤ ਨੂੰ ਨਿਖਾਰ ਕੇ ਨਵੀਨਤਾ ਦਾ ਬਦਲ ਮਨੁੱਖਤਾ ਅੱਗੇ ਰੱਖਦੀ ਹੈ। ਦਰਅਸਲ ਇਹ ‘ਨਵੀਨਤਾ ਦੀ ਜਾਗਰੂਕਤਾ’ ਹੀ ‘ਰੂੜ੍ਹੀਵਾਦੀ ਸੋਚ’ ਨੂੰ ਥੱਪੜ ਮਾਰ ਰਹੀ ਹੁੰਦੀ ਹੈ। ਵਾਇਰਲ ਵੀਡੀਓ ਵਿੱਚ ਠੀਕ ਹੀ ਕਿਹਾ ਜਾ ਰਿਹਾ ਹੈ ਕਿ ਕਵਿਤਾ ਭੀਲ ਨੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਥੱਪੜ ਨਹੀਂ ਮਾਰਿਆ ਬਲਕਿ ਇੱਕ ਜਮਾਤ (ਸਿਆਸੀ ਜਮਾਤ) ਦੇ ਮਾਰਿਆ ਹੈ। ਸੱਚਮੁੱਚ ਹੀ ਉਸਦਾ ਥੱਪੜ ਨਾ-ਬਰਾਬਰੀ ਬਰਕਰਾਰ ਰੱਖਦੀ ਰਿਵਾਇਤ ਨੂੰ ਬਦਲਣ ਦੀ ਕੋਸ਼ਿਸ਼ ਕਿਹਾ ਜਾ ਸਕਦਾ ਹੈ। ਇਹ ਕੋਸ਼ਿਸ਼ ਕਰਨ ਦਾ ਬਲ ਵੀ ਉਸਨੇ ‘ਪੁਲਿਟੀਕਲ ਸਾਇੰਸ’ ਦੀ ਉਚੇਰੀ ਸਿੱਖਿਆ ਹਾਸਲ ਕਰ ਕੇ ਕੀਤਾ ਹੈ। ਕੋਈ ਹੈਰਾਨੀ ਨਹੀਂ ਕਿ ਮੈਂਬਰ ਪਾਰਲੀਮੈਂਟ ਦੇ ਹਿਮਾਇਤੀ ਉਸ ਨੂੰ ਅੰਬੇਡਕਰ ਦੀ ਬੇਟੀ ਕਹਿੰਦੇ ਹਨ। ਡਾ. ਬੀ ਆਰ ਅੰਬੇਡਕਰ ਕੋਈ ਮਾਮੂਲੀ ਇਨਸਾਨ ਨਹੀਂ ਸਨ। ਉਹ ਕਰੋੜਾਂ ਦੇਸ਼ ਵਾਸੀਆਂ ਨੂੰ ਵਿੱਦਿਆ, ਵੋਟ ਅਤੇ ਸਮਾਜਿਕ ਬਰਾਬਰੀ ਦਾ ਹੱਕ ਦਿਵਾਉਣ ਵਾਲੇ ਬੁੱਧੀਜੀਵੀ ਸਨ। ਦੇਸ਼ ਦੇ ਸੰਵਿਧਾਨ ਲਿਖਣ ਵਾਲੇ ‘ਭਾਰਤ ਰਤਨ’ ਸਨ।
ਲਿਖਦੇ ਲਿਖਦੇ ਇੱਕ ਹੋਰ ਥੱਪੜ ਯਾਦ ਆ ਗਿਆ ਹੈ, ਜਿਹੜਾ ਮੇਰੇ ਬਚਪਨ ਵਿੱਚ ਇੱਕ ਤਕੜੇ ਜਿਮੀਂਦਾਰ ਨੇ ਇਸ ਲਈ ਮਾਰਿਆ ਸੀ ਕਿ ਇੱਕ ਦਲਿਤ ਪਰਿਵਾਰ ਨੇ ਉਸਦੇ ਖੇਤ ਵਿੱਚੋਂ ਸਰ੍ਹੋਂ ਦਾ ਸਾਗ ਤੋੜ ਲਿਆ ਸੀ। ਮੈਂ ਉਸ ਦਿਨ ਆਪਣੀ ਚਾਚੀ ਜੀ ਨਾਲ ਚਲਾ ਗਿਆ ਸੀ। ਕੋਈ ਦਸ-ਬਾਰਾਂ ਸਾਲ ਬਾਅਦ ਮੈਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਦਿਵਾਏ ਸਕੂਲੀ-ਦਾਖਲੇ ਦੇ ਹੱਕ ਰਾਹੀਂ ਉੱਚ ਪੜ੍ਹਾਈ ਕਰਕੇ ਪ੍ਰੋਫੈਸਰ ਹੋ ਗਿਆ ਸੀ। ਹੁਣ ਉਹੀ ਜਿਮੀਂਦਾਰ ਜਦੋਂ ਵੀ ਮੇਰੇ ਕੋਲੋਂ ਲੰਘਦੇ ਤਾਂ ਕਹਿੰਦੇ, “ਸਰਦਾਰ ਸਾਹਿਬ ਸਤਿ ਸ਼੍ਰੀ ਆਕਾਲ।” ਪੰਜਾਹ ਸਾਲ ਪਹਿਲਾਂ ਮਨ ਵਿੱਚ ਅਜਿਹਾ ਕੁਝ ਨਹੀਂ ਆਉਂਦਾ ਸੀ ਕਿ ਮੈਂ ਕੋਈ ਉਨ੍ਹਾਂ ਤੋਂ ਬਦਲਾ ਲਿਆ ਹੈ ਜਾਂ ਕੁਝ ਹੋਰ ਹੈ ਪਰ ਅੱਜ ਦੇ ਥੱਪੜਾਂ ਦਾ ਰੁਝਾਨ ਅਹਿਸਾਸ ਕਰਵਾ ਰਿਹਾ ਹੈ ਕਿ ਅਸਲ ਵਿੱਚ ਮੇਰਾ ਪੜ੍ਹ ਲਿਖ ਕੇ ਪ੍ਰੋਫੈਸਰ ਬਣ ਜਾਣਾ ਵੀ ਇੱਕ ‘ਜਮਾਤੀ ਥੱਪੜ’ ਹੀ ਸੀ।
ਗੁਰੂ ਨਾਨਕ ਸਾਹਿਬ ਦੀ ਬਾਣੀ (ਜਪੁਜੀ ਸਾਹਿਬ) ਕਹਿ ਰਹੀ ਹੈ, ‘ਜਿਸ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥’ ਅਰਥਾਤ ਜਿਸ ਕੋਲ ਤਾਕਤ ਹੈ, ਜਿਸਦੇ ਹੱਥ ਜੋਰੁ ਹੈ। ਉਹ ਜ਼ੋਰ ਅਜ਼ਮਾਈ ਕਰਕੇ ਆਪਣੀ ਮਰਜ਼ੀ ਕਰਦਾ ਹੀ ਹੈ ਪਰ ਕੋਈ ਵੀ ਉੱਤਮ ਜਾਂ ਨੀਚ ਇਨਸਾਨ ਨਹੀਂ ਹੈ। ਬਾਣੀ ਦੇ ਪਵਿੱਤਰ ਸ਼ਲੋਕ ਦਾ ਪਹਿਲਾ ਹਿੱਸਾ ਦੁਨਿਆਵੀ ਹੈ ਅਤੇ ਦੂਸਰਾ ਅਧਿਆਤਮਿਕ ਹੈ। ਅਸੀਂ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਹੋਏ ਵੀ ਦੁਨਿਆਵੀ ਹਿੱਸਾ ਅਪਣਾਉਂਦੇ ਹਾਂ। ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਹੀ ਦੇਖ ਲਓ। ਤਾਕਤਵਰ ਮੁਲਕ ਹੋਣ ਕਰਕੇ ਸਾਰੀ ਦੁਨੀਆ ਨੂੰ ਅੱਖਾਂ ਦਿਖਾ ਰਿਹਾ ਹੈ ਪਰ ਸਾਡੇ ਪਾਰਲੀਮੈਂਟ ਦੇ ਮੈਂਬਰਾਂ ਵਾਂਗ ਕਈ ਛੋਟੇ ਮੁਲਕਾਂ ਨੇ ਉਸਦੇ ਵੀ ਥੱਪੜ ਮਾਰੇ ਹਨ। ਹੁਣੇ ਹੀ ਇਰਾਨ ਨੇ ਇੱਕ ਕਰਾਰਾ ਤਮਾਚਾ ਅਮਰੀਕਾ ਦੇ ਮੂੰਹ ’ਤੇ ਮਾਰਿਆ ਹੈ। ਕੁਝ ਸਾਲ ਪਹਿਲਾਂ ਅਫ਼ਗ਼ਾਨਿਸਤਾਨ ਨੇ ਅਜਿਹਾ ਹੀ ਥੱਪੜ ਮਾਰਿਆ ਸੀ।
ਕਿੰਨਾ ਚੰਗਾ ਹੋਵੇ ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਲੋਕ ’ਤੇ ਅਮਲ ਕਰਨਾ ਸਿੱਖ ਲਈਏ, ਗਰੀਬ ਬੰਦੇ ਦੀ ਗੱਲ ਸ਼ਾਂਤੀ ਨਾਲ ਸੁਣਨ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਦਾ ਜਤਨ ਕਰੀਏ ਤਾਂ ਕਿ ਹਮ-ਧਰਮੀਆਂ ਵੱਲੋਂ ਹਮ-ਵਤਨੀਆਂ ’ਤੇ ‘ਇੱਕ ਹੋਰ ਥੱਪੜ’, ‘ਇੱਕ ਹੋਰ ਥੱਪੜ’ ਦੇ ਸਿਲਸਲੇ ਨੂੰ ਰੋਕਿਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)