“ਕਈ ਦਿਨਾਂ ਦੀ ਮੇਰੀ ਸੰਤ ਬਣਨ ਦੀ ਕੋਸ਼ਿਸ਼ ਦੇਖ ਕੇ ਇੱਕ ਸ਼ਾਮ ਬੇਬੇ ਨੇ ਮੈਨੂੰ ...”
(21 ਅਗਸਤ 2026)
ਇੱਕ ਦਿਨ ਸਵੇਰੇ-ਸਵੇਰੇ ਮੇਰੇ ਮੰਨ ਵਿੱਚ ਖਿਆਲ ਆਇਆ ਕਿ ਆਹ ਮੋਬਾਇਲ ਅਤੇ ਹੋਰ ਸੁਖ ਸਹੂਲਤਾਂ ਛੱਡ ਕੇ ਸਾਧਾਂ ਵਾਲੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਤੇ ਮੈਂ ਉਸ ਦਿਨ ਤੋਂ ਹੀ ਇਸ ਪਾਸੇ ਲੱਗਣ ਦੀ ਸ਼ੁਰੂਆਤ ਕਰ ਦਿੱਤੀ। ਮੈਂ ਆਪਣੀ ਮਾਂ ਕੋਲ ਜਾ ਕੇ ਪੂਰੇ ਵਿਸ਼ਵਾਸ ਨਾਲ ਕਿਹਾ, “ਬੇਬੇ ਜੀ, ਮੈਂ ਸੰਤ ਬਣੂੰਗਾ।”
ਮੇਰੀ ਬੇਬੇ ਨੇ ਪਹਿਲਾਂ ਮੇਰੇ ਮੂੰਹ ਵੱਲ ਦੇਖਿਆ, ਫਿਰ ਪੈਰਾਂ ਵੱਲ, ਫਿਰ ਮੇਰੇ ਹੱਥ ਵਿੱਚ ਫੜੇ ਮੋਬਾਇਲ ਵੱਲ, ਤੇ ਆਖਿਆ, “ਪੁੱਤ, ਪਹਿਲਾਂ ਜਾ ਕੇ ਦੁੱਧ ਲੈਕੇ ਆ ਤੇ ਨਹਾ ਕੇ ਚਾਹ ਪੀ ਕੇ ਬਿਜਲੀ ਦੇ ਬਿੱਲ ਦੇ ਪੈਸੇ ਦੇ ਆ; ਨਹੀਂ ਤਾਂ ਅਗਲਿਆਂ ਮੀਟਰ ਕੱਟ ਦੇਣਾ, ਫਿਰ ਆ ਕੇ ਸੰਤ ਬਣੀਂ।”
ਮੈਂ ਕਿਹਾ, “ਬੇਬੇ ਜੀ, ਹੁਣ ਮੈਂ ਦੁਨਿਆਦਾਰੀ ਛੱਡਣੀ ਆ। ਮਾਇਆ-ਮੋਹ ਤੋਂ ਦੂਰ ਹੋਣਾ। ਨਾ ਕੋਈ ਲਾਲਚ, ਨਾ ਕੋਈ ਝਗੜਾ, ਨਾ ਕੋਈ ਟੈਂਸ਼ਨ।”
ਬੇਬੇ ਹੱਸ ਕੇ ਕਹਿੰਦੀ, “ਪੁੱਤ! ਇਹ ਗੱਲ ਤੂੰ ਪਿਛਲੇ ਸਾਲ ਵੀ ਕਹੀ ਸੀ। ਉਦੋਂ ਤੂੰ ਸਿਰਫ ਫੇਸਬੁੱਕ ਛੱਡਣੀ ਸੀ, ਤਿੰਨ ਦਿਨ ਬਾਅਦ ਫਿਰ ਰੀਲਾਂ ਪਾਉਣ ਲੱਗ ਪਿਆ ਸੀ।”
ਮੈਂ ਕਿਹਾ, “ਇਸ ਵਾਰ ਮੇਰਾ ਪੱਕਾ ਫੈਸਲਾ ਹੈ। ਹੁਣ ਮੈਂ ਸਵੇਰੇ ਚਾਰ ਵਜੇ ਉੱਠ ਕੇ ਧਿਆਨ ਲਾਵਾਂਗਾ ਤੇ ਪਾਠ ਕਰਿਆ ਕਰਾਂਗਾ।”
ਬੇਬੇ ਕਹਿੰਦੀ, “ਚੰਗੀ ਗੱਲ ਆ ਇਹ ਤਾਂ ...।”
ਮੈਂ ਕਿਹਾ, “ਫਿਰ ਮੈਂ ਨਹਿਰ ਕੰਢੇ ਜਾ ਕੇ ਯੋਗਾ ਕਰਿਆ ਕਰਾਂਗਾ।”
ਬੇਬੇ ਕਹਿੰਦੀ, “ਇਹ ਤਾਂ ਹੋਰ ਵੀ ਚੰਗੀ ਗੱਲ ਆ।”
ਮੈਂ ਕਿਹਾ, “ਫਿਰ ਮੈਂ ਲੋਕਾਂ ਨੂੰ ਉਪਦੇਸ਼ ਦਿਆ ਕਰਾਂਗਾ।”
ਬੇਬੇ ਕਹਿੰਦੀ, “ਵੇ ਪੁੱਤ, ਪਹਿਲਾਂ ਘਰ ਵਿੱਚ ਆਪਣੀ ਘਰਵਾਲੀ ਨੂੰ ਉਪਦੇਸ਼ ਦੇ ਕੇ ਤਾਂ ਵੇਖੀਂ… ਫਿਰ ਪਤਾ ਲੱਗੂ ਤੂੰ ਸੰਤ ਬਣ ਗਿਆ ਏਂ ਕਿ ਨਹੀਂ!”
ਮੈਂ ਥੋੜ੍ਹੀ ਦੇਰ ਲਈ ਚੁੱਪ ਹੋ ਗਿਆ। ਫਿਰ ਕਿਹਾ, “ਬੇਬੇ ਜੀ, ਸੰਤ ਬਣਨ ਲਈ ਸਭ ਤੋਂ ਪਹਿਲਾਂ ਮੋਹ-ਮਾਇਆ ਛੱਡਣੀ ਪੈਂਦੀ ਆ।”
ਬੇਬੇ ਕਹਿੰਦੀ, “ਹਾਂ ਪੁੱਤ ਬਿਲਕੁਲ ਠੀਕ ਆ।”
ਮੈਂ ਆਪਣਾ ਮੋਬਾਇਲ ਮੇਜ਼ ’ਤੇ ਰੱਖ ਕੇ ਕਿਹਾ, “ਅੱਜ ਤੋਂ ਮੋਬਾਇਲ ਛੱਡ ਦਿੱਤਾ।”
ਦੋ ਕੁ ਮਿੰਟ ਬਾਅਦ ਮੈਂ ਮੋਬਾਇਲ ਚੁੱਕ ਕੇ ਕਿਹਾ, “ਬੇਬੇ ਜੀ, ਜ਼ਰਾ ਵੇਖੀਏ ਤਾਂ, ਮੇਰੇ ਸੰਤ ਬਣਨ ਵਾਲੇ ਐਲਾਨ ’ਤੇ Facebook ’ਤੇ ਕਿੰਨੇ ਲਾਈਕ ਆ ਗਏ?”
ਬੇਬੇ ਨੇ ਮੱਥੇ ’ਤੇ ਹੱਥ ਮਾਰਿਆ, “ਜਾ ਪੁੱਤ, ਜਾ ਕੇ ਕੋਈ ਕੰਮਕਾਰ ਕਰ ਲੈ। ਐਵੇਂ ਯਬਲੀਆਂ ਨਾ ਮਾਰ।”
ਪਰ ਮੈਂ ਹੁਣ ਦਿਲ ਕਰੜਾ ਕਰ ਲਿਆ ਸੀ ਕਿ ਸਭ ਕੁਛ ਤਿਆਗ ਕੇ ਸੰਤ ਬਣ ਹੀ ਜਾਣਾ ਹੈ। ਸੰਤ ਬਣਨ ਦੀ ਮੈਂ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਸੋਚਿਆ, ਸੰਤ ਬਣਨਾ ਹੈ ਤਾਂ ਪਹਿਰਾਵਾ ਵੀ ਸੰਤਾਂ ਵਾਲਾ ਹੋਣਾ ਚਾਹੀਦਾ। ਬਜ਼ਾਰ ਜਾ ਕੇ ਝੱਟ ਸੰਤਾਂ ਵਾਲਾ ਲੀੜਾ ਲੱਤਾਂ ਲੈ ਆਂਦਾ। ਮੈਂ ਕੇਸਰੀ ਕੱਪੜੇ ਪਾ ਲਏ। ਗਲ ਵਿੱਚ ਮਾਲਾ ਪਾ ਲਈ ਤੇ ਹੱਥ ਵਿੱਚ ਇੱਕ ਸੋਹਣੀ ਜਿਹੀ ਡਾਂਗ ਫੜ ਲਈ। ਸ਼ੀਸ਼ੇ ਮੋਹਰੇ ਖੜ੍ਹ ਕੇ ਆਪਣੇ ਆਪ ਨੂੰ ਦੇਖਿਆ ਤਾਂ ਮੇਰੇ ਮੂੰਹੋਂ ਆਪ ਮੁਹਾਰ ਇਹ ਬੋਲ ਨਿਕਲੇ, “ਵਾਹ ਬਾਬਾ ਜੀ! ਚਿਹਰੇ ’ਤੇ ਤਾਂ ਪੂਰਾ ਤੇਜ ਆ ਗਿਆ।”
ਉੱਧਰੋਂ ਬੇਬੇ ਦੀ ਅਵਾਜ਼ ਆਈ, “ਤੇਜ ਨਹੀਂ ਪੁੱਤ, ਇਹ ਤਾਂ ਕੱਲ੍ਹ ਰਾਤ ਦੇ ਮੱਛਰ ਦੇ ਕੱਟਣ ਦੀ ਸੋਜ ਆ।”
ਮੇਰਾ ਸਾਰਾ ਆਤਮਿਕ ਤੇਜ ਉੱਥੇ ਹੀ ਖਤਮ ਹੋ ਗਿਆ।
ਹੁਣ ਮੈਂ ਧਿਆਨ ਲਾਉਣ ਦੀ ਤਿਆਰੀ ਵੀ ਖਿੱਚ ਲਈ। ਸਵੇਰੇ ਚਾਰ ਦਾ ਵਜੇ ਅਲਾਰਮ ਲਾਇਆ।
ਅਲਾਰਮ ਵੱਜਿਆ। ਮੈਂ ਅੱਖ ਖੋਲ੍ਹੀ। ਮੋਬਾਇਲ ਵੱਲ ਦੇਖਿਆ।
ਮਨ ਨੇ ਕਿਹਾ, “ਉੱਠ ਬਾਬਾ! ਸੰਸਾਰ ਤੇਰੀ ਉਡੀਕ ਕਰ ਰਿਹਾ।”
ਦੂਜੀ ਅਵਾਜ਼ ਆਈ, “ਪਹਿਲਾਂ ਪੰਜ ਮਿੰਟ ਹੋਰ ਸੌਂ ਲੈ, ਸੰਸਾਰ ਕਿਤੇ ਭੱਜ ਨਹੀਂ ਜਾਣਾ।”
ਮੈਂ ਦੂਜੀ ਅਵਾਜ਼ ਦੀ ਗੱਲ ਮੰਨ ਲਈ। ਪੰਜ ਮਿੰਟ ਇੱਕ ਘੰਟਾ ਬਣ ਗਏ। ਸੱਤ ਵਜੇ ਬੇਬੇ ਨੇ ਆ ਕੇ ਕਿਹਾ, “ਬਾਬਾ ਜੀ, ਉੱਠੋ! ਅੱਜ ਦਾ ਸੰਸਾਰ ਤਾਂ ਚਾਹ ਪੀ ਕੇ ਕੰਮਾਂ ’ਤੇ ਵੀ ਚਲਾ ਗਿਆ।”
ਮੈਂ ਉੱਠਿਆ, ਇਸ਼ਨਾਨ ਕਰਕੇ ਮਾਲਾ ਫੜ ਕੇ ਬੈਠ ਗਿਆ। ਇੱਕ ਮਣਕਾ ਘੁਮਾਇਆ - ਵਾਹਿਗੁਰੂ…, ਦੂਜਾ ਮਣਕਾ ਘਮਾਇਆ - ਵਾਹਿਗੁਰੂ…, ਤੀਜਾ ਮਣਕ - ਵਾਹਿਗੁਰੂ…, ਚੌਥੇ ਮਣਕੇ ’ਤੇ ਮੋਬਾਇਲ ਦੀ ਨੋਟੀਫਿਕੇਸ਼ਨ ਆ ਗਈ। ਮੈਂ ਅੱਖਾਂ ਬੰਦ ਰੱਖੀਆਂ। ਮੰਨ ਨੇ ਕਿਹਾ, “ਧਿਆਨ ਕਰ।”
ਦੂਜੀ ਅਵਾਜ਼ ਆਈ, “ਦੇਖ ਤਾਂ ਸਹੀ, ਕਿਸਦਾ ਮੈਸੇਜ ਆਇਆ?”
ਮੈਂ ਆਪਣੇ ਆਪ ਨੂੰ ਸਮਝਾਇਆ, ਸੰਤ ਬਣਨਾ ਹੈ, ਮੈਸੇਜ ਨਹੀਂ ਵੇਖਣਾ।
ਪਰ ਪੰਜ ਮਿੰਟ ਬਾਅਦ ਮੋਬਾਇਲ ਖੋਲ੍ਹ ਹੀ ਲਿਆ। ਮੈਸੇਜ ਕਿਸੇ ਚੇਲੇ ਦਾ ਨਹੀਂ ਸੀ। ਆਨਲਾਈਨ ਸ਼ਾਪਿੰਗ ਦੀ ਸੇਲ ਸੀ। ਮੈਂ ਝੱਟ ਮੋਬਾਇਲ ਬੰਦ ਕਰ ਦਿੱਤਾ। ਫਿਰ ਮਾਲਾ ਫੇਰਨ ਲੱਗਾ ਤੇ ਸਿਮਰਨ ਕਰਨ ਲੱਗਾ।
ਮੇਰੇ ਸੰਤ ਬਣਨ ਦੀ ਖਬਰ ਹੌਲੀ-ਹੌਲੀ ਪਿੰਡ ਵਿੱਚ ਫੈਲ ਗਈ।
ਇੱਕ ਬੰਦਾ ਆ ਕੇ ਕਹਿੰਦਾ, “ਬਾਬਾ ਜੀ, ਮੈਨੂੰ ਕੋਈ ਅਜਿਹਾ ਮੰਤਰ ਦੱਸੋ ਜਿਸ ਨਾਲ ਮੇਰੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣ।”
ਮੈਂ ਅੱਖਾਂ ਬੰਦ ਕੀਤੀਆਂ, ਗੰਭੀਰ ਚਿਹਰਾ ਬਣਾਇਆ ਤੇ ਕਿਹਾ, “ਪੁੱਤਰ! ਸਵੇਰੇ ਜਲਦੀ ਉੱਠਿਆ ਕਰ।”
ਉਹ ਕਹਿੰਦਾ, “ਬਾਬਾ ਜੀ, ਹੋਰ ਕੋਈ ਮੰਤਰ?”
ਮੈਂ ਕਿਹਾ, “ਹਾਂ, ਘੱਟ ਖਾ, ਵੱਧ ਤੁਰਿਆ ਕਰ।”
ਉਹ ਕਹਿੰਦਾ, “ਬਾਬਾ ਜੀ, ਇਹ ਤਾਂ ਮੇਰਾ ਡਾਕਟਰ ਵੀ ਕਹਿੰਦਾ।”
ਮੈਂ ਕਿਹਾ, “ਫਿਰ ਪੁੱਤ ਤੂੰ ਡਾਕਟਰ ਨੂੰ ਹੀ ਗੁਰੂ ਮੰਨ ਲੈ… ਮੇਰੇ ਕੋਲ ਕਿਉਂ ਆਇਆ?”
ਸੰਤ ਬਣਨ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਹੁਣ ਸਾਦਾ ਭੋਜਨ ਖਾਵਾਂਗਾ। ਸਿਰਫ ਦਾਲ, ਰੋਟੀ, ਸਬਜ਼ੀ, ਬੱਸ।
ਪਰ ਇੱਕ ਦਿਨ ਲੰਗਰ ਵਿੱਚ ਕੜਾਹ ਪ੍ਰਸ਼ਾਦ ਤੇ ਪੂਰੀਆਂ ਛੋਲੇ ਬਣ ਰਹੇ ਸੀ। ਛੋਲਿਆਂ ਵਿੱਚ ਪਨੀਰ ਵੀ ਪਾਇਆ ਸੀ। ਖੁਸ਼ਬੂ ਮੇਰੇ ਨੱਕ ਤਕ ਪਹੁੰਚ ਗਈ। ਮੈਂ ਅੱਖਾਂ ਬੰਦ ਕਰਕੇ ਕਿਹਾ, “ਓਏ ਰੱਬਾ, ਮੇਰੀ ਪਰੀਖਿਆ ਨਾ ਲੈ।”
ਅੰਦਰੋਂ ਆਤਮਾ ਦੀ ਅਵਾਜ਼ ਆਈ ਕਹਿੰਦੀ, “ਪੁੱਤ! ਪਰੀਖਿਆ ਨਹੀਂ, ਪਲੇਟ ਆ ਰਹੀ ਆ, ਫੜ ਲੈ।”
ਮੈਂ ਸੋਚਿਆ, ਸੰਤ ਬਣਨਾ ਅਸਾਨ ਹੋ ਸਕਦਾ, ਪਰ ਕੜਾਹ ਪ੍ਰਸ਼ਾਦ ਛੋਲੇ ਪੂਰੀਆਂ ਤੋਂ ਦੂਰ ਰਹਿਣਾ ਬਹੁਤ ਔਖਾ ਹੈ।
ਸੰਤ ਬਣਨ ਲਈ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਮੈਂ ਫੈਸਲਾ ਕੀਤਾ ਕਿ ਹੁਣ ਕਦੇ ਗੁੱਸਾ ਨਹੀਂ ਕਰਾਂਗਾ।
ਇੱਕ ਦਿਨ ਘਰ ਵਿੱਚ ਘਰਵਾਲੀ ਨੇ ਮੇਰੀ ਚਾਹ ਵਿੱਚ ਖੰਡ ਘੱਟ ਪਾ ਦਿੱਤੀ। ਮੈਂ ਕੱਪ ਦੇਖਿਆ, ਫਿਰ ਘਰਵਾਲੀ ਵੱਲ ਦੇਖਿਆ, ਗੁੱਸਾ ਆਇਆ। ਮੈਂ ਡੂੰਘਾ ਸਾਹ ਲਿਆ। ਆਪਣੇ ਆਪ ਨੂੰ ਕਿਹਾ, “ਪੁੱਤ ਸ਼ਾਂਤ ਰਹਿ… ਤੂੰ ਸੰਤ ਹੈਂ।”
ਫਿਰ ਹੌਲੀ ਜਿਹੀ ਅਵਾਜ਼ ਵਿੱਚ ਕਿਹਾ, “ਬੇਬੇ ਜੀ, ਖੰਡ ਥੋੜ੍ਹੀ ਹੋਰ ਪਾ ਦਿਓ।”
ਬੇਬੇ ਕਹਿੰਦੀ, “ਲੈ ਪੁੱਤ, ਇਹੀ ਤਾਂ ਸੰਤ ਬਣਨ ਦੀ ਪਹਿਲੀ ਨਿਸ਼ਾਨੀ ਆ। ਜਿੱਦਾਂ ਦਾ ਮਿਲੇ, ਛੱਕ ਜਾਈਦਾ।”
ਮੈਂ ਖੁਸ਼ ਹੋ ਗਿਆ।
ਫਿਰ ਬੇਬੇ ਨੇ ਕਿਹਾ, “ਪਰ ਕੱਲ੍ਹ ਜਿਹੜਾ ਤੂੰ ਦੁੱਧ ਵਾਲੇ ਨਾਲ ਲੜਿਆ ਸੀ, ਉਹ ਕਿਹੜੀ ਨਿਸ਼ਾਨੀ ਸੀ?”
ਮੈਂ ਕਿਹਾ, “ਉਹ ਪੁਰਾਣੇ ਜਨਮ ਵਾਲਾ ਮੈਂ ਸੀ।”
ਕਈ ਦਿਨਾਂ ਦੀ ਮੇਰੀ ਸੰਤ ਬਣਨ ਦੀ ਕੋਸ਼ਿਸ਼ ਦੇਖ ਕੇ ਇੱਕ ਸ਼ਾਮ ਬੇਬੇ ਨੇ ਮੈਨੂੰ ਕੋਲ ਬਿਠਾਇਆ। ਕਹਿੰਦੀ, “ਪੁੱਤ, ਸੰਤ ਬਣਨਾ ਮਾੜੀ ਗੱਲ ਨਹੀਂ। ਪਰ ਸੰਤ ਬਣਨ ਲਈ ਸਿਰਫ ਕੱਪੜੇ ਬਦਲਣ ਦੀ ਲੋੜ ਨਹੀਂ।”
ਮੈਂ ਧਿਆਨ ਨਾਲ ਸੁਣਨ ਲੱਗ ਪਿਆ।
ਬੇਬੇ ਕਹਿੰਦੀ, “ਸੰਤ ਉਹ ਨਹੀਂ ਜੋ ਸਿਰਫ ਮਾਲਾ ਫੇਰੇ। ਸੰਤ ਉਹ ਹੈ ਜੋ ਕਿਸੇ ਦਾ ਦਿਲ ਨਾ ਦੁਖਾਵੇ, ਜੋ ਲੋੜਵੰਦ ਦੀ ਮਦਦ ਕਰੇ, ਜੋ ਝੂਠ ਘੱਟ ਬੋਲੇ, ਜੋ ਗੁੱਸਾ ਪੀ ਜਾਵੇ ਤੇ ਜੋ ਆਪਣੇ ਤੋਂ ਪਹਿਲਾਂ ਦੂਜੇ ਦਾ ਸੋਚੇ।”
ਮੈਂ ਕਿਹਾ, “ਬੇਬੇ ਜੀ, ਇਹ ਤਾਂ ਬੜਾ ਔਖਾ ਕੰਮ ਹੈ।”
ਬੇਬੇ ਹੱਸ ਕੇ ਕਹਿੰਦੀ, “ਇਸੇ ਕਰਕੇ ਤਾਂ ਕਿਹਾ ਸੀ, ਪਹਿਲਾਂ ਬਿਜਲੀ ਦੇ ਬਿੱਲ ਦੇ ਪੈਸੇ ਦੇ ਆ, ਫਿਰ ਸੰਤ ਬਣੀਂ।”
ਮੈਂ ਆਪਣੇ ਦਿਲ ਵਿੱਚ ਪੱਕਾ ਧਾਰ ਲਿਆ ਕਿ ਹੁਣ ਮੈਂ ਸੰਤ ਬਣਨ ਦੀ ਕੋਸ਼ਿਸ਼ ਜਾਰੀ ਰੱਖਾਂਗਾ। ਪਹਿਲਾਂ ਗੁੱਸਾ ਘੱਟ ਕਰਾਂਗਾ, ਝੂਠ ਘੱਟ ਬੋਲਾਂਗਾ, ਲੋੜਵੰਦ ਦੀ ਮਦਦ ਕਰਾਂਗਾ, ਘਰ ਵਾਲਿਆਂ ਨੂੰ ਖੁਸ਼ ਰੱਖਾਂਗਾ, ਮੋਬਾਇਲ ਥੋੜ੍ਹਾ ਘੱਟ ਚਲਾਵਾਂਗਾ। ਪਰ ਚਾਹ ਨਹੀਂ ਛੱਡਾਂਗਾ। ਕਿਉਂਕਿ ਬੇਬੇ ਜੀ ਨੇ ਆਖਿਆ ਸੀ, “ਪੁੱਤ, ਸੰਤ ਬਣ ਜਾਈਂ, ਪਰ ਇੰਨਾ ਵੀ ਸੰਤ ਨਾ ਬਣੀਂ ਕਿ ਘਰ ਵਾਲੇ ਤੈਨੂੰ ਪਛਾਣਨੋਂ ਇਨਕਾਰ ਕਰ ਦੇਣ।”
ਤੇ ਮੈਂ ਬੇਬੇ ਫਿਰ ਕਿਹਾ, “ਬੇਬੇ ਜੀ, ਮੈਂ ਸੰਤ ਬਣੂੰਗਾ… ।”
ਬੇਬੇ ਅੱਗੋਂ ਹੱਸ ਕੇ ਕਹਿੰਦੀ, “ਹਾਂ ਪੁੱਤ, ਬਣੀ… ਪਰ ਪਹਿਲਾਂ ਜਾ ਕੇ ਬਜਰਾਂ ਸਬਜ਼ੀ ਲੈ ਆ। ਸੰਤ ਬਣਨ ਤੋਂ ਪਹਿਲਾਂ ਘਰ ਦੀ ਸੇਵਾ ਕਰ!”
ਇੱਕ ਗੱਲ ਮੈਂ ਸਿੱਖ ਲਈ, ਸੰਤ ਬਣਨ ਲਈ ਕੇਸਰੀ ਕੱਪੜੇ ਨਹੀਂ, ਸਾਫ ਦਿਲ ਚਾਹੀਦਾ ਹੈ। ਤੇ ਜੇ ਦਿਲ ਸਾਫ ਹੋਵੇ ਤਾਂ ਬੇਬੇ ਦੀ ਝਿੜਕ ਵੀ ਦੇਸੀ ਘਿਓ ਵਾਂਗ ਲਗਦੀ ਹੈ!
ਡਾ. ਸੁਖਰਾਜ ਸਿੰਘ ਬਾਜਵਾ ਉਰਫ ਸੰਤ ਸੁੱਖਾਨੰਦ
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































