“ਵਿਦਿਆਰਥੀਆਂ ਦੇ ਜੀਵਨ ’ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਗੁੰਝਲਦਾਰ ਹੈ ਅਤੇ ਇਸ ਲਈ ...”
(21 ਜੁਲਾਈ 2025)
ਸੋਸ਼ਲ ਮੀਡੀਆ ਦੇ ਵਿਦਿਆਰਥੀਆਂ ਦੇ ਜੀਵਨ ’ਤੇ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ, ਜਿਨ੍ਹਾਂ ਵਿੱਚ ਕੁਝ ਸਕਾਰਾਤਮਕ ਹੁੰਦੇ ਹਨ ਅਤੇ ਕੁਝ ਨਕਾਰਾਤਮਕ। ਜੇਕਰ ਸੋਸ਼ਲ ਮੀਡੀਆ ਦੀ ਵਰਤੋਂ ਸੁੱਚਜੇ ਢੰਗ ਨਾਲ ਕੀਤੀ ਜਾਵੇ ਤਾਂ ਇਹ ਆਧੁਨਿਕ ਯੁਗ ਬਹੁਤ ਵੱਡੇ ਸਕਾਰਾਤਮਕ ਪ੍ਰਭਾਵ ਛੱਡਦਾ ਹੈ। ਜਿਵੇਂ ਕਿ:
1. ਗਿਆਨ ਅਤੇ ਜਾਣਕਾਰੀ- ਵਿਦਿਆਰਥੀ ਸੋਸ਼ਲ ਮੀਡੀਆ ’ਤੇ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਪਣਾ ਗਿਆਨ ਵਧਾ ਸਕਦੇ ਹਨ। ਸੋਸ਼ਲ ਮੀਡੀਆ ਰਾਹੀਂ ਹਰ ਇੱਕ ਸਵਾਲ ਦਾ ਜਵਾਬ ਸੌਖੇ ਹੀ ਲੱਭਿਆ ਜਾ ਸਕਦਾ ਹੈ। ਸਵਾਲਾਂ ਦੇ ਜਵਾਬ ਲਈ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ ਅਤੇ ਸਮੇਂ ਦੀ ਬੱਚਤ ਹਿ ਜਾਂਦੀ ਹੈ।
2. ਸੰਚਾਰ ਅਤੇ ਸ਼ਮੂਲੀਅਤ- ਸੋਸ਼ਲ ਮੀਡੀਆ ਵਿਦਿਆਰਥੀਆਂ ਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਅਧਿਆਪਕਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਵਿਦਿਆਰਥੀ ਜਦੋਂ ਸਿੱਖਿਆ ਪ੍ਰਾਪਤੀ ਲਈ ਕਿਸੇ ਦੂਰ ਸ਼ਹਿਰ ਜਾਂ ਦੇਸ਼ ਵਿੱਚ ਗਿਆ ਹੁੰਦਾ ਹੈ, ਆਪਣੇ ਆਪ ਨੂੰ ਦੋਸਤਾਂ ਅਤੇ ਆਪਣੇ ਪਰਿਵਾਰ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਵਿਦਿਆਰਥੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਅਤੇ ਘਰ ਤੋਂ ਦੂਰ ਰਹਿਣ ਕਾਰਨ ਹੋਣ ਵਾਲੇ ਤਣਾਓ ਤੋਂ ਬਚਿਆ ਰਹਿੰਦਾ ਹੈ। ਵਿਦਿਆਰਥੀ ਦੀ ਪਹੁੰਚ ਅਧਿਆਪਕ ਤਕ ਵੀ ਸੁਖਾਲੀ ਹੋ ਜਾਂਦੀ ਹੈ। ਜਿਹੜੇ ਸਵਾਲ ਉਹ ਆਪਣੇ ਅਧਿਆਪਕ ਨਾਲ ਆਹਮਣੇ ਸਾਹਮਣੇ ਹੋਣ ’ਤੇ ਕਰਨ ਤੋਂ ਡਰਦਾ ਹੈ ਜਾਂ ਗੁਰੇਜ਼ ਕਰਦਾ ਹੈ, ਉਹ ਸਵਾਲ ਪੁੱਛਣ ਲਈ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਲੈਂਦਾ ਹੈ ਅਤੇ ਹੌਲੀ ਹੋਈ ਅਧਿਆਪਕ ਨਾਲ ਇੱਕ ਚੰਗਾ ਰਿਸ਼ਤਾ ਬਣਾਉਣ ਵਿੱਚ ਕਾਮਯਾਬ ਹੁੰਦਾ ਹੈ।
3. ਸਿੱਖਿਆ ਸਰੋਤ- ਵਿਦਿਆਰਥੀ ਸੋਸ਼ਲ ਮੀਡੀਆ ’ਤੇ ਆਨਲਾਈਨ ਸਿੱਖਿਆ ਸਰੋਤਾਂ ਤਕ ਪਹੁੰਚ ਕਰ ਸਕਦੇ ਹਨ, ਜਿਵੇਂ ਕਿ ਵੀਡੀਓ ਲੈਕਚਰ, ਆਨਲਾਈਨ ਕੋਰਸ ਆਦਿ। ਸੋਸ਼ਲ ਮੀਡੀਆ ਰਾਹੀਂ ਕਾਲਜ ਦੀ ਚੋਣ ਤੋਂ ਲੈ ਕੇ ਕੋਰਸ ਦੀ ਚੋਣ ਕਰਨ ਤਕ ਮਦਦ ਮਿਲਦੀ ਹੈ ਅਤੇ ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਹੁੰਦੀ ਹੈ। ਕੋਰਸ ਚੁਣਨ ਲਈ ਜ਼ਿਆਦਾ ਆਪਸ਼ਨ ਮਿਲਦੀ ਹੈ ਅਤੇ ਉਸ ਕੋਰਸ ਤੋਂ ਬਾਅਦ ਮਿਲਣ ਵਾਲੀ ਨੌਕਰੀ ਜਾਂ ਕਾਰੋਬਾਰ ਬਾਰੇ ਜ਼ਿਆਦਾ, ਵਧੀਆ ਤੇ ਸਟੀਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਦੀ ਮਦਦ ਨਾਲ ਕਿਸੇ ਵੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਸਟੇਟਸ ਅਤੇ ਮਾਹੌਲ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ
ਦੂਸਰੀ ਤਰਫ ਜੇਕਰ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਕੁਤਾਹੀ ਵਰਤੀ ਜਾਵੇ ਤਾਂ ਇਸਦੇ ਬਹੁਤ ਹੀ ਜ਼ਿਆਦਾ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ ਜਿਵੇਂ ਕਿ:
1. ਧਿਆਨ ਭਟਕਾਉਣਾ- ਸੋਸ਼ਲ ਮੀਡੀਆ ਵਿਦਿਆਰਥੀਆਂ ਦਾ ਧਿਆਨ ਭਟਕਾ ਸਕਦਾ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਉੱਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਕਈ ਵਾਰ ਸੋਸ਼ਲ ਮੀਡੀਆ ਉੱਤੇ ਅੱਪਲੋਡ ਹੁੰਦਾ ਅਸ਼ਲੀਲ ਅਤੇ ਹਿੰਸਾਤਮਕ ਸਮੱਗਰੀ ਵਿਦਿਆਰਥੀ ਦੀ ਮਾਨਸਿਕਤਾ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੀਆਂ ਪੋਸਟਾਂ ਦੇਖਣ ਨੂੰ ਮਿਲਦੀਆਂ ਹਨ, ਜਿਹੜੀਆਂ ਵਿਦਿਆਰਥੀ ਨੂੰ ਭਾਵਨਾਤਮਕ ਤੌਰ ’ਤੇ ਕਮਜ਼ੋਰ ਕਰਦੀਆਂ ਹਨ ਅਤੇ ਕਈ ਵਾਰ ਉਹਨਾਂ ਦੀਆਂ ਭਾਵਨਾਵਾਂ ਨੂੰ ਉਕਸਾ ਕੇ ਗਲਤ ਕਦਮ ਚੁੱਕਣ ਲਈ ਵੀ ਮਜਬੂਰ ਕਰ ਦਿੰਦੀਆਂ ਹਨ। ਨਕਾਰਾਤਮਕ ਕੰਟੈਂਟ ਵਿਦਿਆਰਥੀ ਦੀਆਂ ਭਾਵਨਾਵਾਂ ਨੂੰ ਭਟਕਾ ਕੇ ਉਸਦੇ ਅਸਲ ਉਦੇਸ਼ ਤੋਂ ਦੂਰ ਕਰਦਾਂ ਹੈ।
2. ਮਾਨਸਿਕ ਸਿਹਤ- ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ, ਜਿਵੇਂ ਕਿ ਤਣਾਅ, ਚਿੰਤਾ ਅਤੇ ਡਿਪਰੈਸ਼ਨ। ਬਹੁਤ ਦੇਰ ਤਕ ਸੋਸ਼ਲ ਮੀਡੀਆ ਦਾ ਇਸਤੇਮਾਲ ਵਿਦਿਆਰਥੀ ਨੂੰ ਦਿਮਾਗੀ ਤੌਰ ’ਤੇ ਥਕਾ ਦੇਣ ਵਾਲਾ ਹੁੰਦਾ ਹੈ, ਜਿਸ ਨਾਲ ਨੀਂਦ ਨਾ ਆਉਣਾ, ਯਾਦਦਾਸ਼ਤ ਦਾ ਕਮਜ਼ੋਰ ਪੈਣਾ ਅਤੇ ਅੱਖਾਂ ਦੀ ਰੌਸ਼ਨੀ ’ਤੇ ਅਸਰ ਵਿਖਾਈ ਦਿੰਦਾ ਹੈ। ਬਹੁਤ ਵਾਰ ਵਿਦਿਆਰਥੀ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਕੇ ਪੜ੍ਹਾਈ ਅੱਧ ਵਿਚਾਲੇ ਛੱਡ ਜਾਂਦੇ ਹਨ ਜਾਂ ਫਿਰ ਖੁਦਕੁਸ਼ੀ ਵਰਗੇ ਖੌਫਨਾਕ ਕਦਮ ਵੀ ਚੁੱਕ ਲੈਂਦੇ ਹਨ। ਵਿਦਿਆਰਥੀਆਂ ਵਿੱਚ ਨਸ਼ੇ ਪ੍ਰਤੀ ਵਧ ਰਹੇ ਰੁਝਾਨ ਦਾ ਇੱਕ ਕਾਰਨ ਸੋਸ਼ਲ ਮੀਡੀਆ ਵੀ ਹੈ, ਜਿਸਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਮਾਨਸਿਕ ਤੌਰ ’ਤੇ ਥੱਕ ਕੇ ਦਿਮਾਗ ਨੂੰ ਆਰਾਮ ਦੇਣ ਲਈ ਵਿਦਿਆਰਥੀ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਨ ਲੱਗ ਜਾਂਦੇ ਹਨ।
3. ਸਾਈਬਰ ਧੱਕੇਸ਼ਾਹੀ- ਵਿਦਿਆਰਥੀ ਸੋਸ਼ਲ ਮੀਡੀਆ ’ਤੇ ਸਾਈਬਰ ਧੱਕੇਸ਼ਾਹੀ ਦਾ ਸ਼ਿਕਾਰ ਹੋ ਸਕਦੇ ਹਨ, ਜੋ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਆਨਲਾਈਨ ਖੇਡਾਂ, ਜਿਸਦੀ ਲੱਤ ਲੱਗਣ ਕਰਕੇ ਅਨੇਕਾਂ ਵਿਦਿਆਰਥੀ ਪੈਸੇ ਦਾ ਨੁਕਸਾਨ ਕਰ ਬੈਠਦੇ ਹਨ। ਕਈ ਵਾਰ ਸਾਈਬਰ ਫਰਾਡ ਦਾ ਸ਼ਿਕਾਰ ਵੀ ਵਿਦਿਆਰਥੀਆਂ ਨੂੰ ਹੁੰਦੇ ਦੇਖਿਆ ਗਿਆ ਹੈ, ਜਿਸ ਵਿੱਚ ਪੈਸੇ ਦੀ ਲੁੱਟ ਤੋਂ ਇਲਾਵਾ ਆਪਣੀ ਇੱਜ਼ਤ ਅਤੇ ਕਈ ਵਾਰ ਆਪਣੀ ਜਾਨ ਤਕ ਗੁਆ ਬੈਠਦੇ ਹਨ।
ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵ ਤੋਂ ਬਚਣ ਲਈ ਜ਼ਰੂਰੀ ਹੈ ਸੰਤੁਲਨ ਬਣਾਈ ਰੱਖਣਾ।
1. ਸਮਾਂ ਪ੍ਰਬੰਧਨ- ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਲਈ ਸਮਾਂ ਸੀਮਾਵਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ। ਸੋਸ਼ਲ ਮੀਡੀਆ ਤੋਂ ਇਲਾਵਾ ਕਿਤਾਬਾਂ ਨੂੰ ਵੀ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ
2. ਜਾਗਰੂਕਤਾ- ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸਦੇ ਲਈ ਬਚਪਨ ਤੋਂ ਹੀ ਮਾਤਾ ਪਿਤਾ ਅਤੇ ਸਕੂਲ ਪੱਧਰ ’ਤੇ ਅਧਿਆਪਕਾਂ ਵੱਲੋਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਵਿਦਿਆਰਥੀ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਨਕਾਰਾਤਮਕ ਵੈੱਬਸਾਈਟ ਅਤੇ ਕੰਟੈਂਟ ਦੇਖਣ ਦੇ ਕੀ ਮਾੜੇ ਅਸਰ ਹੋ ਸਕਦੇ ਹਨ।
3. ਸਕਾਰਾਤਮਕ ਵਰਤੋਂ- ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਕਾਰਾਤਮਕ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿ ਆਨਲਾਈਨ ਸਿੱਖਿਆ ਸਰੋਤਾਂ ਦੀ ਵਰਤੋਂ ਕਰਨਾ।
ਵਿਦਿਆਰਥੀਆਂ ਦੇ ਜੀਵਨ ’ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਗੁੰਝਲਦਾਰ ਹੈ ਅਤੇ ਇਸ ਲਈ ਸੰਤੁਲਨ ਬਣਾਈ ਰੱਖਣ ਦੀ ਬੇਹੱਦ ਲੋੜ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (