“ਬਹੁਤ ਹੱਦ ਤਕ ਸਾਡੇ ਭਾਰਤੀ ਲੋਕਾਂ, ਖਾਸ ਕਰਕੇ ਮੱਧ ਵਰਗੀ ਪਰਿਵਾਰਾਂ ਵੱਲੋਂ ਪੱਛਮੀ ਸੱਭਿਅਤਾ ...”
(11 ਅਗਸਤ 2025)
ਪਿਛਲੇ ਕੁਝ ਦਿਨਾਂ ਵਿੱਚ ਦੋ ਵੱਡੀਆਂ ਕਤਲ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਰਿਸ਼ਤੇ ਤਾਰ ਤਾਰ ਹੋ ਗਏ। ਦੋਨਾਂ ਹੀ ਘਟਨਾਵਾਂ ਵਿੱਚ ਇੱਕ ਸਮਾਨਤਾ ਇਹ ਸੀ ਕਿ ਵਿਆਹ ਵਿੱਚ ਕਾਹਲੀ ਕੀਤੀ ਗਈ ਅਤੇ ਕੁੜੀ ਵਾਲਿਆਂ ਦੇ ਪਿਛੋਕੜ ਦੀ ਬਹੁਤੀ ਜਾਂਚ ਨਹੀਂ ਕੀਤੀ ਗਈ। ਸੋਨਮ ਅਤੇ ਰਾਜਾ ਰਘੁਵੰਸ਼ ਦੇ ਵਿਆਹ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿੱਥੇ ਮੁੰਡੇ ਦਾ ਪਰਿਵਾਰ ਹਾਲੇ ਇੱਕ ਸਾਲ ਤਕ ਵਿਆਹ ਨਹੀਂ ਚਾਹੁੰਦਾ ਸੀ, ਉੱਥੇ ਹੀ ਕੁੜੀ ਦੇ ਪਿਤਾ ਵਲੋਂ ਵਿਆਹ ਦੀ ਕਾਹਲੀ ਕੀਤੀ ਗਈ ਅਤੇ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਵਿਆਹ ਕਰਨ ਲਈ ਮੁੰਡੇ ਦੇ ਪਰਿਵਾਰ ’ਤੇ ਜ਼ੋਰ ਪਾਇਆ ਗਿਆ। ਨਤੀਜਾ ਸਭ ਦੇ ਸਾਹਮਣੇ ਹੈ।
ਇੱਕ ਸਮਾਂ ਸੀ ਜਦੋਂ ਵੀ ਪਰਿਵਾਰਾਂ ਵਿੱਚ ਰਿਸ਼ਤਾ ਜੁੜਦਾ ਸੀ, ਉਸ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੇ ਪਰਿਵਾਰਾਂ ਵੱਲੋਂ ਇੱਕ ਦੂਜੇ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾਂਦੀ ਸੀ। ਪਿਛੋਕੜ ਤਕ ਵੀ ਪੁੱਛਗਿੱਛ ਕੀਤੀ ਜਾਂਦੀ ਸੀ। ਇਸ ਤੋਂ ਵੀ ਅੱਗੇ ਵਧ ਕੇ ਪਿੰਡ ਵਾਲਿਆਂ ਤੋਂ ਵੀ ਉਹਨਾਂ ਦੇ ਚਰਿੱਤਰ ਬਾਰੇ ਬਾਰੇ ਪੁੱਛ ਪੜਤਾਲ ਕੀਤੀ ਜਾਂਦੀ ਸੀ। ਇਹੀ ਕਾਰਨ ਸੀ ਕਿ ਸੋਚ ਸਮਝ ਕੇ ਕੀਤੇ ਰਿਸ਼ਤੇ ਟਿਕਾਊ ਹੁੰਦੇ ਸਨ, ਧੋਖਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਸੀ। ਜੇਕਰ ਵਿਆਹ ਤੋਂ ਬਾਅਦ ਪਤੀ ਪਤਨੀ ਵਿੱਚ ਕਿਸੇ ਗੱਲੋਂ ਕੋਈ ਮਨ ਮੁਟਾਵ ਹੁੰਦਾ ਵੀ ਤਾਂ ਦੋਨੋਂ ਪਰਿਵਾਰ ਅਤੇ ਰਿਸ਼ਤੇਦਾਰ ਬੈਠ ਕੇ ਮਸਲੇ ਦਾ ਹੱਲ ਲੱਭ ਲੈਂਦੇ।
ਅੱਜਕਲ ਦੇ ਸਮੇਂ ਵਿੱਚ ਰਿਸ਼ਤੇ ਕਰਨ ਲੱਗੇ ਪਰਿਵਾਰ ਦਾ ਪਿਛੋਕੜ ਦੇਖਣ ਦੀ ਜਗਾਹ ਅਮੀਰੀ ਵੇਖੀ ਜਾਂਦੀ ਹੈ। ਮੁੰਡਾ ਚੰਗੀ ਆਮਦਨ ਵਾਲਾ ਹੋਵੇ, ਘਰ ਵਿੱਚ ਗੱਡੀਆਂ ਤੇ ਵੱਡੀ ਕੋਠੀ ਹੋਵੇ, ਮੁੰਡਾ ਇਕੱਲਾ ਹੋਵੇ ਤਾਂ ਕੁੜੀ ਵਾਲੇ ਕੋਈ ਵੀ ਪੜਤਾਲ ਕੀਤੇ ਬਿਨਾਂ ਝੱਟ ਰਿਸ਼ਤਾ ਕਰ ਦਿੰਦੇ ਹਨ। ਕਈ ਵਾਰ ਬਾਅਦ ਵਿੱਚ ਪਤਾ ਚਲਦਾ ਹੈ ਕਿ ਜੋ ਆਮਦਨ ਵਿਖਾਈ ਗਈ ਸੀ, ਉਹ ਸਿਰਫ ਝੂਠ ਦਾ ਪੁਲੰਦਾ ਸੀ। ਘਰ ਵਿੱਚ ਖੜ੍ਹੀ ਗੱਡੀ ਵੀ ਕਿਸੇ ਹੋਰ ਰਿਸ਼ਤੇਦਾਰ ਦੀ ਨਿਕਲਦੀ ਹੈ ਤੇ ਮੁੰਡਾ ਵੀ ਨਸ਼ੇੜੀ ਹੁੰਦਾ ਹੈ। ਇਸ ਬਾਰੇ ਕਦੀ ਪੜਤਾਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁੰਦੀ ਜਾਂ ਇਹ ਕਹਿ ਕੇ ਗੱਲ ਅੱਖੋਂ ਪਰੋਖੇ ਕਰ ਦਿੱਤੀ ਜਾਂਦੀ ਹੈ ਕਿ ਕੋਈ ਨਾ ਵਿਆਹ ਤੋਂ ਬਾਅਦ ਮੁੰਡਾ ਸੁਧਰ ਜਾਵੇਗਾ। ਇਹੀ ਹਾਲ ਕੁੜੀਆਂ ਦੇ ਮਾਮਲੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਕੁੜੀ ਕਮਾਊ ਹੋਵੇ ਜਾਂ ਫਿਰ ਘਰ ਦੀ ਇਕੱਲੀ ਔਲਾਦ ਹੋਵੇ ਤਾਂ ਮੁੰਡੇ ਵਾਲੇ ਝੱਟ ਵਿਆਹ ਲਈ ਮੰਨ ਜਾਂਦੇ ਹਨ ਤੇ ਬਾਅਦ ਵਿੱਚ ਜਦੋਂ ਪਤਾ ਚਲਦਾ ਹੈ ਕਿ ਕੁੜੀ ਦਾ ਚਰਿੱਤਰ ਵਧੀਆ ਨਹੀਂ ਤਾਂ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਲਾਲਚ ਵਿੱਚ ਕੀਤੇ ਗਏ ਵਿਆਹ ਕਦੀ ਵੀ ਸਫਲ ਨਹੀਂ ਹੁੰਦੇ। ਇਸੇ ਤਰ੍ਹਾਂ ਬਿਨਾਂ ਮਾਂ ਬਾਪ ਦੀ ਮਰਜ਼ੀ ਦੇ ਆਪ ਮੁਹਾਰੇ ਹੋ ਕੇ ਕੀਤੇ ਗਏ ਵਿਆਹ ਵੀ ਅੱਜ ਦੇ ਸਮੇਂ ਵਿੱਚ ਬਹੁਤੇ ਸਫਲ ਨਹੀਂ ਹੁੰਦੇ ਤੇ ਜਲਦੀ ਹੀ ਤਲਾਕ ਦੀ ਭੇਂਟ ਚੜ੍ਹ ਜਾਂਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਤਲਾਕ ਸੌਖੀ ਕਮਾਈ ਦਾ ਸਾਧਨ ਬਣ ਰਹੇ ਹਨ ਕੁੜੀਆਂ ਲਈ। ਇਸਦੇ ਲਈ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਵਿੱਚ ਵੀ ਬਹੁਤ ਵੱਡੀ ਕਮਜ਼ੋਰੀ ਹੈ, ਜਿਸ ਵਿੱਚ ਕੁੜੀਆਂ ਦੇ ਮਾਮਲੇ ਵਿੱਚ ਪੁਲਿਸ ਪਰਚਾ ਦਰਜ ਕਰਨ ਲੱਗੀ ਬਹੁਤ ਕਾਹਲੀ ਕਰਦੀ ਹੈ ਅਤੇ ਅਦਾਲਤਾਂ ਵੀ ਬਹੁਤੇ ਤਲਾਕ ਦੇ ਮਾਮਲਿਆਂ ਵਿੱਚ ਆਰਥਿਕ ਮਦਦ ਦੇ ਨਾਮ ’ਤੇ ਕੁੜੀਆਂ ਦੇ ਹੱਕ ਵਿੱਚ ਵੱਡੀ ਰਕਮ ਦੇਣ ਦੇ ਫੈਸਲੇ ਹੁੰਦੇ ਹਨ। ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ, ਜਿੱਥੇ ਕੁੜੀਆਂ ਵੱਲੋਂ ਇੱਕ ਤੋਂ ਜ਼ਿਆਦਾ ਵਾਰ ਵਿਆਹ ਕਰਵਾ ਕੇ ਅਤੇ ਸਹੁਰੇ ਘਰ ਸਿਰਫ ਕੁਝ ਦਿਨ ਰਹਿ ਕੇ ਤਲਾਕ ਦੇ ਨਾਮ ’ਤੇ ਮੋਟੀ ਰਕਮ ਵਸੂਲ ਕੀਤੀ ਗਈ ਹੈ। ਬਹੁਤੀ ਵਾਰ ਮੁੰਡੇ ਵਾਲੇ ਪੁਲਿਸ ਅਤੇ ਅਦਾਲਤ ਵਿੱਚ ਖੱਜਲ਼ ਖੁਆਰੀ ਦੇ ਡਰ ਤੋਂ ਪੈਸਾ ਦੇ ਕੇ ਖਹਿੜਾ ਛੁਡਵਾਉਣਾ ਪਸੰਦ ਕਰਦੇ ਹਨ। ਅੱਜਕਲ ਵਿਆਹ ਨੂੰ ਗੁੱਡੇ ਗੁੱਡੀਆਂ ਦੀ ਖੇਡ ਸਮਝਿਆ ਜਾਣ ਲੱਗ ਪਿਆ ਹੈ।
ਬਹੁਤ ਹੱਦ ਤਕ ਸਾਡੇ ਭਾਰਤੀ ਲੋਕਾਂ, ਖਾਸ ਕਰਕੇ ਮੱਧ ਵਰਗੀ ਪਰਿਵਾਰਾਂ ਵੱਲੋਂ ਪੱਛਮੀ ਸੱਭਿਅਤਾ ਨੂੰ ਤੇਜ਼ੀ ਨਾਲ ਅਪਣਾਉਣਾ ਵੀ ਅੱਜਕਲ ਦੇ ਹਾਲਾਤ ਨੂੰ ਜਨਮ ਦੇ ਰਿਹਾ ਹੈ। ਆਧੁਨਿਕਤਾ ਅਤੇ ਆਜ਼ਾਦੀ ਦੇ ਨਾਮ ’ਤੇ ਮਾਂ ਬਾਪ ਵੀ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਆਪਣੇ ਵਿਰਸੇ ਤੋਂ ਦੂਰ ਰੱਖਦੇ ਹਨ। ਦਾਦਾ ਦਾਦੀ, ਨਾਨਾ ਨਾਨੀ ਤੋਂ ਚੰਗੇ ਸੰਸਕਾਰ ਮਿਲਦੇ ਹਨ ਪਰ ਬਹੁਤੀ ਵਾਰ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਿਆ ਜਾਂਦਾ ਹੈ। ਬਹੁਤ ਸਾਰੇ ਮੱਧ ਵਰਗੀ ਪਰਿਵਾਰਾਂ ਵਿੱਚ ਮਾਂ ਅਤੇ ਬਾਪ, ਦੋਨੋਂ ਹੀ ਕਮਾਈ ਕਰਨ ਹਿਤ ਬਹੁਤਾ ਸਮਾਂ ਘਰ ਤੋਂ ਬਾਹਰ ਗੁਜ਼ਾਰਦੇ ਹਨ। ਇਸੇ ਕਰਕੇ ਵੀ ਬੱਚਿਆਂ ਲਈ ਉਹਨਾਂ ਕੋਲ ਘੱਟ ਸਮਾਂ ਹੁੰਦਾ ਹੈ। ਤੇ ਜੋ ਸਮਾਂ ਬਚਦਾ ਹੈ। ਉਹ ਆਪਣੀ ਥਕਾਣ ਉਤਾਰਨ ਅਤੇ ਆਪਣੇ ਨਿੱਜੀ ਅਨੰਦ ਵਿੱਚ ਗੁਜ਼ਾਰ ਦਿੰਦੇ ਹਨ। ਬੱਚੇ ਜੋ ਕੁਝ ਬਾਹਰ ਤੋਂ ਸਿੱਖਦੇ ਹਨ, ਉਸ ਉੱਪਰ ਹੀ ਵੱਡੇ ਹੋ ਕੇ ਅਮਲ ਕਰਦੇ ਹਨ। ਬੱਚਿਆਂ ਨੂੰ ਜਾਤ ਪਾਤ ਅਤੇ ਅਮੀਰ ਗਰੀਬ ਵਾਲੀਆਂ ਗੱਲਾਂ ਸਮਝ ਤੋਂ ਬਾਹਰ ਹੁੰਦੀਆਂ ਹਨ। ਜਦੋਂ ਉਹ ਕਿਸੇ ਹੋਰ ਜਾਤ ਵਿੱਚ ਜਾਂ ਆਪਣੇ ਤੋਂ ਘਟ ਆਰਥਿਕ ਰੁਤਬੇ ਵਾਲੇ ਪਰਿਵਾਰ ਨਾਲ ਰਿਸ਼ਤਾ ਜੋੜਨ ਦੀ ਗੱਲ ਕਰਦੇ ਹਨ ਤਾਂ ਫਿਰ ਮਾਂ ਬਾਪ ਦੀ ਅਣਖ ਉੱਥੇ ਅੜਿੱਕਾ ਬਣ ਜਾਂਦੀ ਹੈ। ਕੁੜੀਆਂ ਜਾਂ ਮੁੰਡੇ, ਜੇਕਰ ਮਾਂ ਬਾਪ ਦੇ ਦਬਾਓ ਵਿੱਚ ਆ ਕੇ ਵਿਆਹ ਕਰਵਾ ਵੀ ਲੈਂਦੇ ਹਨ ਤਾਂ ਉਹਨਾਂ ਵਿੱਚ ਉਹ ਪਿਆਰ ਨਹੀਂ ਪੈਦਾ ਨਹੀਂ ਹੋ ਪਾਉਂਦਾ, ਜੋ ਇੱਕ ਪਤੀ ਪਤਨੀ ਵਿੱਚ ਹੋਣਾ ਚਾਹੀਦਾ ਹੈ। ਅਸਲ ਵਿੱਚ ਇੱਦਾਂ ਦੇ ਹਾਲਾਤ ਵਿੱਚ ਵਿਆਹ ਕਾਹਲੀ ਵਿੱਚ ਕੀਤਾ ਜਾਂਦਾ ਹੈ, ਜਿੱਥੇ ਸਿਰਫ ਜਾਤ ਜਾਂ ਆਪਣੇ ਬਰਾਬਰ ਦਾ ਆਰਥਿਕ ਰੁਤਬਾ ਦੇਖਿਆ ਜਾਂਦਾ ਹੈ। ਕੁੜੀ ਮੁੰਡੇ ਦਾ ਪਿਛੋਕੜ ਅਣਗੌਲਿਆ ਕੀਤਾ ਜਾਂਦਾ ਹੈ। ਅਜਿਹੇ ਵਿਆਹ ਸਿਰਫ ਆਪਣੀ ਅਣਖ ਦੀ ਖਾਤਰ ਕੀਤੇ ਜਾਂਦੇ ਹਨ, ਜਿੱਥੇ ਕੁੜੀ ਮੁੰਡੇ ਦੀ ਮਰਜ਼ੀ ਨਹੀਂ ਹੁੰਦੀ। ਅਜਿਹੇ ਵਿਆਹ ਕਈ ਵਾਰ ਭਿਆਨਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (