“ਲਿਵ-ਇਨ ਰਿਸ਼ਤਿਆਂ ਦਾ ਵਧ ਰਿਹਾ ਰੁਝਾਨ ਇੱਕ ਗੁੰਝਲਦਾਰ ਮੁੱਦਾ ਹੈ, ਜਿਸਦੇ ਬਹੁਤ ਸਾਰੇ ...”
(28 ਅਗਸਤ 2025)
ਕਿਸੇ ਵੇਲੇ ਵੱਡੇ ਸ਼ਹਿਰਾਂ ਤੇ ਹੁਣ ਛੋਟੇ ਸ਼ਹਿਰਾਂ ਵਿੱਚ ਵੀ ਨੌਜਵਾਨ ਮੁੰਡੇ ਕੁੜੀਆਂ ਵਿੱਚ ਲਿਵ-ਇਨ ਰਿਲੇਸ਼ਨਸ਼ਿੱਪ ਦਾ ਵਧਦਾ ਰੁਝਾਨ ਇੱਕ ਮਹੱਤਵਪੂਰਨ ਸਮਾਜਿਕ ਬਦਲਾਅ ਹੈ। ਨੌਜਵਾਨ ਵਿਆਹ ਕਰਵਾਉਣ ਲਈ ਹੁਣ ਕਾਹਲੀ ਨਹੀਂ ਵਰਤਦਾ। ਪ੍ਰਾਈਵੇਟ ਯੂਨੀਵਰਸਿਟੀਆਂ ਦੇ ਆ ਜਾਣ ਤੋਂ ਬਾਅਦ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਜ਼ਿਆਦਾਤਰ ਲੜਕੇ ਲੜਕੀਆਂ ਵੱਖ ਵੱਖ ਸ਼ਹਿਰਾਂ ਅਤੇ ਵੱਖ ਵੱਖ ਰਾਜਾਂ ਤੋਂ ਹੁੰਦੇ ਹਨ। ਸ਼ੁਰੂਆਤੀ ਤੌਰ ’ਤੇ ਦੋਸਤੀ ਤੇ ਫਿਰ ਇੱਕ ਹੀ ਕਮਰੇ ਵਿੱਚ ਇਕੱਠੇ ਰਹਿਣ ਨੂੰ ਤਰਜੀਹ ਦੇਣ ਲੱਗ ਜਾਂਦੇ ਹਨ। ਲਿਵ-ਇਨ ਰਿਸ਼ਤਿਆਂ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ।
1. ਆਜ਼ਾਦੀ ਅਤੇ ਸਵੈਨਿਰਭਰਤਾ: ਅੱਜਕੱਲ੍ਹ ਨੌਜਵਾਨ ਵਧੇਰੇ ਸੁਤੰਤਰ ਅਤੇ ਸਵੈਨਿਰਭਰ ਬਣਨਾ ਚਾਹੁੰਦੇ ਹਨ। ਲਿਵ-ਇਨ ਰਿਲੇਸ਼ਨਸ਼ਿੱਪ ਉਹਨਾਂ ਨੂੰ ਆਪਣੇ ਸਾਥੀ ਨਾਲ ਰਹਿਣ ਅਤੇ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਦਿੰਦ ਹੈ। ਵਿਆਹ ਵਰਗੇ ਸੰਸਥਾਨ ਉਹਨਾਂ ਨੂੰ ਬੰਧਨ ਲਗਦੇ ਹਨ ਜਿਸ ਵਿੱਚ ਉਹ ਜਲਦੀ ਬੱਝਣਾ ਨਹੀਂ ਚਾਹੁੰਦੇ। ਜ਼ਿੰਮੇਵਾਰੀਆਂ ਤੋਂ ਮੁਕਤ ਜ਼ਿੰਦਗੀ ਜਿਊਣਾ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਜ਼ਿਆਦਾ ਪਸੰਦ ਹੈ।
2. ਭਾਵਨਾਤਮਕ ਸੰਤੁਸ਼ਟੀ: ਲਿਵ-ਇਨ ਰਿਲੇਸ਼ਨਸ਼ਿੱਪ ਨੌਜਵਾਨਾਂ ਨੂੰ ਭਾਵਨਾਤਮਕ ਸੰਤੁਸ਼ਟੀ ਪ੍ਰਦਾਨ ਕਰ ਸਕਦਾ ਹੈ। ਉਹ ਆਪਣੇ ਸਾਥੀ ਨਾਲ ਸਮਾਂ ਬਿਤਾ ਸਕਦੇ ਹਨ ਅਤੇ ਇੱਕ ਦੂਜੇ ਨਾਲ ਜੁੜ ਸਕਦੇ ਹਨ। ਨੌਜਵਾਨਾਂ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਉਹ ਜ਼ਿਆਦਾ ਬਿਹਤਰ ਭਾਵਨਾਤਮਕ ਤੌਰ ’ਤੇ ਮਜ਼ਬੂਤ ਹੋ ਸਕਦੇ ਹਨ। ਪਰਿਵਾਰ ਵੱਲੋਂ ਕਈ ਵਾਰ ਭਾਵਨਾਤਮਕ ਤੌਰ ’ਤੇ ਟੁੱਟ ਚੁੱਕੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਰਿਸ਼ਤੇ ਵਿੱਚ ਰਹਿਣਾ ਜ਼ਿਆਦਾ ਠੀਕ ਲਗਦਾ ਹੈ। ਨੌਜਵਾਨਾਂ ਨੂੰ ਲਗਦਾ ਹੈ ਕਿ ਉਹਨਾਂ ਦੇ ਸਾਥੀ ਉਹਨਾਂ ਨੂੰ ਆਪਣੇ ਮਾਤਾ ਪਿਤਾ ਨਾਲੋਂ ਜ਼ਿਆਦਾ ਬਿਹਤਰ ਸਮਝ ਸਕਦੇ ਹਨ।
3. ਵਿਆਹ ਤੋਂ ਪਹਿਲਾਂ ਸਮਝਣ ਦਾ ਮੌਕਾ: ਕਈ ਵਾਰ ਨੌਜਵਾਨ ਪੀੜ੍ਹੀ ਨੂੰ ਲਗਦਾ ਹੈ ਕਿ ਲਿਵ-ਇਨ ਰਿਲੇਸ਼ਨਸ਼ਿੱਪ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਸਾਥੀ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਮੌਕਾ ਦਿੰਦੇ ਹਨ। ਇਹ ਉਹਨਾਂ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾ ਸਕਦਾ ਹੈ। ਇਹ ਰੁਝਾਨ ਕਿਸੇ ਵੇਲੇ ਪੱਛਮੀ ਦੇਸ਼ਾਂ ਵਿੱਚ ਦੇਖਣ ਨੂੰ ਮਿਲਦਾ ਸੀ ਪਰ ਹੁਣ ਭਾਰਤ ਵਰਗੇ ਦੇਸ਼ ਵਿੱਚ ਨੌਜਵਾਨਾਂ ਨੂੰ ਆਪਣੇ ਸਾਥੀ ਨੂੰ ਸਮਝਣ ਲਈ ਵਧੀਆ ਤਰੀਕਾ ਲਗਦਾ ਹੈ।
4. ਸਮਾਜਿਕ ਤਬਦੀਲੀ: ਸਮਾਜ ਬਦਲ ਰਿਹਾ ਹੈ ਅਤੇ ਲੋਕ, ਖ਼ਾਸ ਕਰਕੇ ਉੱਚ ਮਿਡਲ ਵਰਗ ਹੁਣ ਲਿਵ-ਇਨ ਰਿਲੇਸ਼ਨਸ਼ਿੱਪ ਨੂੰ ਵਧੇਰੇ ਸਵੀਕਾਰ ਕਰ ਰਹੇ ਹਨ। ਇਹ ਨੌਜਵਾਨਾਂ ਨੂੰ ਆਪਣੇ ਰਿਸ਼ਤਿਆਂ ਬਾਰੇ ਵਧੇਰੇ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਦੇ ਰਿਹਾ ਹੈ। ਮਿਡਲ ਵਰਗ, ਜੋ ਤੇਜ਼ੀ ਨਾਲ ਵਿਦੇਸ਼ੀ ਕਲਚਰ ਨੂੰ ਅਪਣਾਉਂਦਾ ਹੈ, ਨੂੰ ਇਸ ਵਿੱਚ ਆਧੁਨਿਕਤਾ ਨਜ਼ਰ ਆਉਂਦੀ ਹੈ ਅਤੇ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਸਹਿਜੇ ਹੀ ਆਪਣਾ ਰਿਹਾ ਹੈ।
5. ਆਰਥਿਕ ਹਾਲਾਤ: ਪ੍ਰਾਈਵੇਟ ਯੂਨੀਵਰਸਿਟੀਆਂ ਬਣਨ ਤੋਂ ਬਾਅਦ ਦੂਰ ਦੁਰੇਡੇ ਤੋਂ ਆਏ ਨੌਜਵਾਨ ਅਕਸਰ ਪੀਜੀ ਵਿੱਚ ਰਹਿੰਦੇ ਹਨ। ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਮਹਿੰਗੀਆਂ ਫੀਸਾਂ ਅਤੇ ਪੀਜੀ ਦੇ ਖਰਚ ਕਈ ਵਾਰ ਭਾਰੇ ਹੋਣ ਲਗਦੇ ਹਨ ਤਾਂ ਉਸ ਵਕਤ ਵੀ ਕੁਝ ਲੜਕੇ ਲੜਕੀਆਂ ਲਿਵ-ਇਨ ਰਿਸ਼ਤਿਆਂ ਵਿੱਚ ਜੁੜ ਜਾਂਦੇ ਹਨ, ਜਿਸ ਵਿੱਚ ਉਹਨਾਂ ਵੱਲੋਂ ਖਰਚ ਵੰਡ ਹੋ ਜਾਂਦਾ ਹੈ। ਬਹੁਤੀ ਵਾਰ ਅਜਿਹੇ ਰਿਸ਼ਤੇ ਲੰਬੇ ਨਹੀਂ ਚਲਦੇ ਅਤੇ ਜਲਦੀ ਹੀ ਸਾਥੀ ਬਦਲ ਲਏ ਜਾਂਦੇ ਹਨ।
6. ਸਰੀਰਕ ਲੋੜ: ਅੱਜ ਨੌਜਵਾਨਾਂ ਦਾ ਇੱਕ ਵੱਡਾ ਤਬਕਾ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਨ ਲਈ ਵੀ ਆਪਣੇ ਪਰਿਵਾਰ ਤੋਂ ਦੂਰ ਦੂਸਰੇ ਸ਼ਹਿਰਾਂ ਵਿੱਚ ਜਾਂਦਾ ਹੈ। ਆਪਣਾ ਕੈਰੀਅਰ ਬਣਾਉਣ ਦੀ ਚਾਹਤ ਵਿੱਚ ਅਕਸਰ ਵਿਆਹ ਬੰਧਨ ਵਿੱਚ ਬੱਝਣ ਤੋਂ ਇਨਕਾਰੀ ਨੌਜਵਾਨ ਲੜਕੇ ਲੜਕੀਆਂ ਆਪਣੀਆਂ ਸਰੀਰਕ ਲੋੜਾਂ ਹਿਤ ਲਿਵ-ਇਨ ਰਿਸ਼ਤਿਆਂ ਵਿੱਚ ਜੁੜ ਜਾਂਦੇ ਹਨ।
ਹਾਲਾਂਕਿ, ਲਿਵ-ਇਨ ਰਿਲੇਸ਼ਨਸ਼ਿੱਪ ਕੁਝ ਚੁਣੌਤੀਆਂ ਦੇ ਨਾਲ ਵੀ ਆਉਂਦੇ ਹਨ:
1. ਸਮਾਜਿਕ ਦਬਾਅ: ਅੱਜ ਦੇ ਆਧੁਨਿਕ ਸਮੇਂ ਵਿੱਚ ਵੀ ਬਹੁਤ ਸਾਰੇ ਸਮਾਜਾਂ ਵਿੱਚ ਲਿਵ-ਇਨ ਰਿਲੇਸ਼ਨਸ਼ਿੱਪ ਨੂੰ ਅਜੇ ਵੀ ਸਵੀਕਾਰ ਨਹੀਂ ਕੀਤਾ ਜਾਂਦਾ, ਜੋ ਨੌਜਵਾਨਾਂ ’ਤੇ ਸਮਾਜਿਕ ਦਬਾਅ ਪਾ ਸਕਦਾ ਹੈ। ਅਜਿਹੇ ਰਿਸ਼ਤਿਆਂ ਦਾ ਸਮਾਜ ਵਿੱਚ ਕੋਈ ਨਾਮ ਨਹੀਂ ਹੁੰਦਾ ਅਤੇ ਇਖਲਾਕੀ ਤੌਰ ’ਤੇ ਇਹ ਗੈਰ ਸਮਾਜੀ ਅਤੇ ਗੈਰ ਕਾਨੂੰਨੀ ਵੀ ਮੰਨੇ ਜਾਂਦੇ ਹਨ। ਅਜਿਹੇ ਰਿਸ਼ਤੇ ਅਕਸਰ ਪਰਿਵਾਰ ਦੀ ਸਹਿਮਤੀ ਅਤੇ ਜਾਣਕਾਰੀ ਤੋਂ ਬਿਨਾਂ ਬਣਦੇ ਹਨ, ਜਿਨ੍ਹਾਂ ਨੂੰ ਬਹੁਤੇ ਪਰਿਵਾਰ ਸੌਖਿਆਂ ਸਵੀਕਾਰ ਨਹੀਂ ਕਰ ਪਾਉਂਦੇ।
2. ਭਾਵਨਾਤਮਕ ਚੁਣੌਤੀਆਂ: ਲਿਵ-ਇਨ ਰਿਸ਼ਤਿਆਂ ਵਿੱਚ ਭਾਵਨਾਤਮਕ ਚੁਣੌਤੀਆਂ ਵੀ ਆ ਸਕਦੀਆਂ ਹਨ, ਜਿਵੇਂ ਕਿ ਅਵਿਸ਼ਵਾਸ, ਵਿਸ਼ਵਾਸਘਾਤ, ਜਾਂ ਵੱਖ ਹੋਣਾ। ਕਿਉਂਕਿ ਬਹੁਤੇ ਲਿਵ-ਇਨ ਰਿਸ਼ਤੇ ਕੁਝ ਲੋੜਾਂ ਨੂੰ ਲੈ ਕੇ ਹੀ ਬਣੇ ਹੁੰਦੇ ਹਨ, ਇਸ ਲਈ ਉਹ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਅਜਿਹੇ ਰਿਸ਼ਤਿਆਂ ਵਿੱਚ ਫਿੱਕ ਪੈਣ ਲੱਗ ਜਾਂਦਾ ਹੈ। ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸ ਦੀ ਕਮੀ ਹੋਣੀ ਅਤੇ ਕਈ ਵਾਰ ਆਪਣੇ ਸਾਥੀ ਤੋਂ ਬਿਹਤਰ ਸਾਥੀ ਮਿਲ ਜਾਣ ਕਾਰਨ ਵਿਸ਼ਵਾਸਘਾਤ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਕਈ ਵਾਰ ਇਨ੍ਹਾਂ ਕਾਰਨਾਂ ਕਰਕੇ ਅਜਿਹੇ ਰਿਸ਼ਤਿਆਂ ਦਾ ਅੰਤ ਬਹੁਤ ਭਿਆਨਕ ਹੁੰਦਾ ਹੈ।
3. ਕਾਨੂੰਨੀ ਚੁਣੌਤੀਆਂ: ਲਿਵ-ਇਨ ਰਿਸ਼ਤਿਆਂ ਸੰਬੰਧੀ ਕਾਨੂੰਨੀ ਪ੍ਰਬੰਧ ਅਜੇ ਵੀ ਅਸਪਸ਼ਟ ਹਨ, ਜਿਸ ਕਾਰਨ ਨੌਜਵਾਨਾਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਸ਼ਕ ਪਿੱਛੇ ਜਿਹੇ ਸੁਪਰੀਮ ਕੋਰਟ ਵੱਲੋਂ ਕੁਝ ਅਜਿਹੇ ਫੈਸਲੇ ਦਿੱਤੇ ਹਨ, ਜਿਨ੍ਹਾਂ ਵਿੱਚ ਲਿਵ-ਇਨ ਰਿਸ਼ਤਿਆਂ ਵਿੱਚ ਜੁੜੇ ਨੌਜਵਾਨਾਂ, ਖ਼ਾਸ ਕਰਕੇ ਲੜਕੀਆਂ ਲਈ ਅਤੇ ਉਹਨਾਂ ਦੇ ਰਿਸ਼ਤਿਆਂ ਤੋਂ ਪੈਦਾ ਹੋਏ ਬੱਚਿਆਂ ਲਈ ਕੁਝ ਰਾਹਤ ਮਿਲੀ ਹੈ। ਪਰ ਫਿਰ ਵੀ ਅਜਿਹੇ ਰਿਸ਼ਤਿਆਂ ਨੂੰ ਹਾਲੇ ਵੀ ਕਾਨੂੰਨੀ ਮਾਨਤਾ ਨਹੀਂ ਹੈ।
ਸਿੱਟੇ ਵਜੋਂ ਲਿਵ-ਇਨ ਰਿਸ਼ਤਿਆਂ ਦਾ ਵਧ ਰਿਹਾ ਰੁਝਾਨ ਇੱਕ ਗੁੰਝਲਦਾਰ ਮੁੱਦਾ ਹੈ, ਜਿਸਦੇ ਬਹੁਤ ਸਾਰੇ ਫਾਇਦੇ ਅਤੇ ਚੁਣੌਤੀਆਂ ਹਨ। ਨੌਜਵਾਨਾਂ ਨੂੰ ਆਪਣੇ ਸਬੰਧਾਂ ਬਾਰੇ ਸੋਚ ਵਿਚਾਰ ਕੇ ਫੈਸਲੇ ਲੈਣੇ ਚਾਹੀਦੇ ਹਨ ਅਤੇ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (