“ਸ਼ਹਿਰੀਕਰਨ ਅਤੇ ਪ੍ਰਤੀਯੋਗਤਾ ਦੇ ਦੌਰ ਵਿੱਚ ਨੌਜਵਾਨ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ...”
(12 ਫਰਵਰੀ 2026)
ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਵਿੱਚ ਸਹਿਣਸ਼ੀਲਤਾ ਦੀ ਘਾਟ ਇੱਕ ਵੱਡੀ ਸਮੱਸਿਆ ਬਣ ਗਈ ਹੈ। ਸਹਿਣਸ਼ੀਲਤਾ ਇੱਕ ਅਜਿਹਾ ਗੁਣ ਹੈ ਜੋ ਸਾਨੂੰ ਦੂਜਿਆਂ ਦੀਆਂ ਭਾਵਨਾਵਾਂ, ਵਿਚਾਰਾਂ ਅਤੇ ਜੀਵਨ ਸ਼ੈਲੀ ਦਾ ਆਦਰ ਕਰਨ ਦੀ ਸਿੱਖਿਆ ਦਿੰਦਾ ਹੈ। ਪਰ ਅੱਜ ਦੇ ਨੌਜਵਾਨ ਇਸ ਗੁਣ ਤੋਂ ਦੂਰ ਹੁੰਦੇ ਜਾ ਰਹੇ ਹਨ। ਹਾਲ ਹੀ ਵਿੱਚ ਤਰਨਤਾਰਨ ਦੇ ਇੱਕ ਲਾਅ ਕਾਲਜ ਵਿੱਚ ਹੋਈ ਘਟਨਾ ਦੱਸਦੀ ਹੈ ਕਿ ਕਿਸ ਤਰ੍ਹਾਂ ਇੱਕ ਲੜਕੀ ਵੱਲੋਂ ਲੜਕੇ ਦੇ ਵਿਆਹ ਦੇ ਪ੍ਰਸਤਾਵ ਨੂੰ ਮਨ੍ਹਾਂ ਕਰਨ ’ਤੇ ਲੜਕਾ ਬਰਦਾਸ਼ਤ ਨਹੀਂ ਕਰ ਸਕਿਆ, ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਗਿਆ। ਇਹ ਘਟਨਾ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਨੌਜਵਾਨ ਪੀੜ੍ਹੀ ਵਿੱਚ ਇੰਨੀ ਜ਼ਿਆਦਾ ਸਹਿਣਸ਼ੀਲਤਾ ਦੀ ਘਾਟ ਕਿਉਂ ਹੁੰਦੀ ਜਾ ਰਹੀ ਹੈ, ਇਸ ਬਾਰੇ ਘਰ ਤੋਂ ਲੈਕੇ ਸਕੂਲ ਅਤੇ ਕਾਲਜ ਪੱਧਰ ਤਕ ਕਾਰਨਾਂ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ। ਕੁਝ ਇੱਕ ਕਾਰਨਾਂ ਵਿੱਚੋਂ ਜੋ ਗੱਲ ਸਮਝ ਆਉਂਦੀ ਹੈ, ਉਹ ਕੁਝ ਇਸ ਤਰ੍ਹਾਂ ਹਨ:
ਸੋਸ਼ਲ ਮੀਡੀਆ ਦਾ ਪ੍ਰਭਾਵ:
ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨੇ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਇੱਕ ਪਲੇਟਫਾਰਮ ਦਿੱਤਾ ਹੈ, ਪਰ ਇਸ ਵਿੱਚ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਉਹ ਆਪਣੀ ਗੱਲ ਤਾਂ ਦੂਜਿਆਂ ਨੂੰ ਸੁਣਾਉਣਾ ਚਾਹੁੰਦੇ ਹਨ, ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਆਦਰ ਕਰਨ ਦੀ ਤਾਕਤ ਗੁਆ ਰਹੇ ਹਨ। ਇਹ ਆਮ ਪ੍ਰਭਾਵ ਹੈ ਕਿ ਜੋ ਗੱਲ ਮੈਂ ਕਹਿ ਰਿਹਾ ਹਾਂ, ਉਹ ਹੀ ਸਹੀ ਹੈ। ਜੇਕਰ ਕੋਈ ਕਿਸੇ ਦੀ ਗੱਲ ’ਤੇ ਅਜਿਹਾ ਕੁਮੈਟ ਕਰ ਦਿੰਦਾ ਹੈ, ਜੋ ਉਸ ਨੌਜਵਾਨ ਨੂੰ ਪਸੰਦ ਨਹੀਂ ਆਉਂਦਾ ਤਾਂ ਕਈ ਵਾਰ ਸੋਸ਼ਲ ਮੀਡੀਆ ਤੇ ਹੀ ਇੱਕ ਦੂਸਰੇ ਨੂੰ ਗਾਲੀ ਗਲੋਚ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇੱਕ ਗੱਲ ਜੋ ਸੋਸ਼ਲ ਮੀਡਿਆ ਉੱਪਰ ਵੱਖ ਵੱਖ ਲੋਕਾਂ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਚਲਦੀ ਹੈ, ਉਹ ਇਹ ਹੈ ਕਿ ਸੋਸ਼ਲ ਮੀਡਿਆ ਦੀ ਵੱਧ ਵਰਤੋਂ ਕਾਰਨ ਨੌਜਵਾਨ ਪੀੜ੍ਹੀ ਆਪਣੇ ਦਿਮਾਗ ਦੀ ਸੋਚਣ ਸ਼ਕਤੀ ਨੂੰ ਗੁਆ ਰਹੀ ਹੈ, ਜਿਸਦਾ ਉਸਦੇ ਵਿਉਹਾਰ ਉੱਪਰ ਨਕਾਰਾਤਮਕ ਅਸਰ ਪੈ ਰਿਹਾ ਹੈ।
ਪਰਿਵਾਰਕ ਅਤੇ ਸਮਾਜਿਕ ਮੁੱਲਾਂ ਦੀ ਘਾਟ:
ਅੱਜ ਦੇ ਸਮੇਂ ਵਿੱਚ ਪਰਿਵਾਰਕ ਅਤੇ ਸਮਾਜਿਕ ਮੁੱਲਾਂ ਦੀ ਘਾਟ ਨੇ ਨੌਜਵਾਨਾਂ ਨੂੰ ਸਹਿਣਸ਼ੀਲਤਾ ਦੀ ਮਹੱਤਤਾ ਨੂੰ ਸਮਝਣ ਤੋਂ ਵਾਂਝਿਆਂ ਰੱਖਿਆ ਹੋਇਆ ਹੈ। ਛੋਟੇ ਹੁੰਦੇ ਪਰਿਵਾਰ ਅਤੇ ਸਹਿਹੋਂਦ ਤੋਂ ਇਕੱਲਤਾ ਵੱਲ ਨੂੰ ਵਧ ਰਿਹਾ ਰੁਝਾਨ ਨੌਜਵਾਨ ਪੀੜ੍ਹੀ ਵਿੱਚ ਵਿਰਸੇ ਤੋਂ ਮਿਲਣ ਵਾਲੇ ਸਹਿਣਸ਼ੀਲਤਾ ਦੇ ਗੁਣ ਨਹੀਂ ਭਰ ਪਾ ਰਿਹਾ। ਕਿਸੇ ਵੇਲੇ ਦਾਦੀ ਅਤੇ ਨਾਨੀ ਤੋਂ ਸੁਣੀਆਂ ਜਾਣ ਵਾਲੀਆਂ ਕਹਾਣੀਆਂ ਬੱਚਿਆਂ ਦਾ ਬੌਧਿਕ ਵਿਕਾਸ ਕਰਦੀਆਂ ਸਨ, ਜਿਸ ਨਾਲ ਵੱਡਾ ਹੋ ਕੇ ਨੌਜਵਾਨ ਬਾਕੀ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਵਾਲਾ ਬਣਦਾ ਸੀ। ਵੱਡੇ ਪਰਿਵਾਰ ਵਿੱਚ ਰਹਿ ਕੇ ਮਿਲਜੁਲ ਕੇ ਰਹਿਣਾ, ਦੂਸਰਿਆਂ ਦੇ ਵਿਚਾਰਾਂ ਦੀ ਕਦਰ ਕਰਨਾ ਸਿੱਖਦਾ ਸੀ। ਆਪਸ ਵਿੱਚ ਸਕਾਰਾਤਮਕ ਪ੍ਰਤੀਯੋਗਤਾ ਦੇਖਣ ਨੂੰ ਮਿਲਦੀ ਸੀ, ਜਿਸ ਕਾਰਨ ਬੱਚੇ ਦੀ ਸਹਿਣਸ਼ੀਲਤਾ ਵਿੱਚ ਵਾਧਾ ਹੁੰਦਾ ਸੀ। ਇੱਕ ਵੱਡੇ ਪਰਿਵਾਰ ਵਿੱਚ ਹੋਣ ਕਾਰਨ ਨੌਜਵਾਨ ਆਪਸ ਵਿੱਚ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਸਨ, ਜਿਸ ਨਾਲ ਉਹ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਵਧੇਰੇ ਚੰਗੇ ਤਰੀਕੇ ਨਾਲ ਲੜਨ ਯੋਗ ਬਣਦੇ ਸਨ।
ਸ਼ਹਿਰੀਕਰਨ ਅਤੇ ਪ੍ਰਤੀਯੋਗਤਾ:
ਸ਼ਹਿਰੀਕਰਨ ਅਤੇ ਪ੍ਰਤੀਯੋਗਤਾ ਦੇ ਦੌਰ ਵਿੱਚ ਨੌਜਵਾਨ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ, ਜਿਸ ਨਾਲ ਉਹ ਦੂਜਿਆਂ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਭੁੱਲ ਜਾਂਦੇ ਹਨ। ਸ਼ਹਿਰਾਂ ਦੇ ਸਕੂਲਾਂ ਵਿੱਚ ਹੀ ਪ੍ਰਤੀਯੋਗਤਾ ਜਿੱਤਣ ਲਈ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾਉਣ ਕਾਰਨ ਵਿਦਿਅਰਥੀ ਅੱਗੇ ਜੀਵਨ ਵਿੱਚ ਵੀ ਇਸੇ ਨੀਤੀ ’ਤੇ ਹੀ ਕੰਮ ਕਰਦੇ ਹਨ। ਸ਼ਹਿਰੀਕਰਨ ਨੇ ਬੱਚਿਆਂ ਨੂੰ ਜ਼ਿੱਦੀ ਸੁਭਾਅ ਦਾ ਬਣਾਇਆ ਹੈ। ਸ਼ਹਿਰਾਂ ਵਿੱਚ ਮਹਿੰਗੀ ਜੀਵਨਸ਼ੈਲੀ ਕਾਰਨ ਇੱਕ ਜਾਂ ਦੋ ਬੱਚਿਆਂ ਦਾ ਰਿਵਾਜ਼ ਅਤੇ ਮਾਂ ਦੇ ਪਿਆਰ ਦੀ ਜਗ੍ਹਾ ਕੰਮ ਵਾਲੀ ਦੇ ਪਿਆਰ ਸਹਾਰੇ ਪਲਣ ਵਾਲੇ ਬੱਚੇ ਅਕਸਰ ਜ਼ਿੱਦੀ ਹੁੰਦੇ ਵੇਖੇ ਗਏ ਹਨ। ਮਾਂ ਬਾਪ ਨਾਲ ਘੱਟ ਸਮਾਂ ਗੁਜ਼ਾਰਨ ਬਦਲੇ ਉਹਨਾਂ ਦੀ ਹਰ ਜ਼ਿਦ ਅੱਗੇ ਮਾਂ ਬਾਪ ਵੱਲੋਂ ਹਾਰ ਜਾਣਾ ਬੱਚੇ ਦੇ ਵਿਵਹਾਰ ਵਿੱਚ ਅਜਿਹੀ ਤਬਦੀਲੀ ਲਿਆਉਂਦਾ ਹੈ ਕਿ ਬੱਚਾ ਹਰ ਚੀਜ਼ ਨੂੰ ਹਾਸਲ ਕਰ ਲੈਣਾ ਆਪਣਾ ਅਧਿਕਾਰ ਸਮਝਣ ਲਗ ਜਾਂਦਾ ਹੈ ਅਤੇ ਜ਼ਿਦ ਪੂਰੀ ਹੁੰਦੀ ਨਾ ਦੇਖ ਕੇ ਗਲਤ ਕਦਮ ਚੁੱਕਣ ਲਈ ਵੀ ਤਿਆਰ ਹੋ ਜਾਂਦਾ ਹੈ। ਅਕਸਰ ਅਜਿਹੀ ਜ਼ਿਦ ਦੇ ਨਤੀਜੇ ਵੀ ਮਾੜੇ ਹੀ ਨਿਕਲਦੇ ਹਨ।
ਸਹਿਣਸ਼ੀਲਤਾ ਦੀ ਘਾਟ ਕਾਰਨ ਪੈਦਾ ਹੋਣ ਵਾਲੇ ਮਾੜੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਕੁਝ ਗੱਲਾਂ ਜੋ ਸਾਹਮਣੇ ਆਉਂਦੀਆਂ ਹਨ। ਸਹਿਣਸ਼ੀਲਤਾ ਦੀ ਘਾਟ ਸਮਾਜਿਕ ਤਣਾਅ ਦਾ ਕਾਰਨ ਬਣਦੀ ਹੈ, ਜਿਸ ਨਾਲ ਸਮਾਜ ਵਿੱਚ ਅਸ਼ਾਂਤੀ, ਨਫਰਤ ਅਤੇ ਹਿੰਸਾ ਫੈਲਦੀ ਹੈ। ਆਏ ਦਿਨ ਤੋੜ-ਫੋੜ ਦੀਆਂ ਘਟਨਾਵਾਂ, ਸੜਕ ਉੱਤੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜਾਈ ਝਗੜੇ, ਨੌਜਵਾਨਾਂ ਦਾ ਨਸ਼ਿਆਂ ਪ੍ਰਤੀ ਰੁਝਾਨ, ਇਹ ਸਭ ਘਟ ਰਹੀ ਸਹਿਣਸ਼ੀਲਤਾ ਦਾ ਹੀ ਨਤੀਜਾ ਹਨ।
ਪਰਿਵਾਰਕ ਸੰਬੰਧਾਂ ਵਿੱਚ ਤਣਾਅ:
ਸਹਿਣਸ਼ੀਲਤਾ ਦੀ ਘਾਟ ਪਰਿਵਾਰਕ ਸੰਬੰਧਾਂ ਵਿੱਚ ਤਣਾਅ ਦਾ ਕਾਰਨ ਬਣਦੀ ਹੈ, ਜਿਸ ਨਾਲ ਪਰਿਵਾਰ ਟੁੱਟ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਵਿਆਹ ਦੇ ਬੰਧਨ ਵਿੱਚ ਬਹੁਤ ਜ਼ਿਆਦਾ ਦੇਰ ਤਕ ਬੱਝੀ ਨਹੀਂ ਰਹਿ ਸਕਦੀ, ਜਿਸਦਾ ਇੱਕ ਮਾਤਰ ਕਾਰਨ ਸਹਿਣਸ਼ੀਲਤਾ ਦੀ ਕਮੀ ਹੈ। ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾ ਖ਼ਾਸ ਕਰਕੇ ਆਰਥਿਕ ਸੰਕਟ ਦਾ ਸਾਹਮਣਾ ਨਾ ਕਰ ਪਾਉਣਾ। ਛੋਟੀਆਂ ਛੋਟੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਦੀ ਤਾਕਤ ਗੁਆ ਲੈਣਾ, ਇਹ ਸਭ ਪਰਿਵਾਰ ਟੁੱਟਣ ਦਾ ਕਾਰਨ ਬਣ ਰਹੇ ਹਨ।
ਨੌਜਵਾਨਾਂ ਦੇ ਵਿਅਕਤੀਗਤ ਵਿਕਾਸ ਵਿੱਚ ਰੁਕਾਵਟ: ਸਹਿਣਸ਼ੀਲਤਾ ਦੀ ਘਾਟ ਨੌਜਵਾਨਾਂ ਦੇ ਵਿਅਕਤੀਗਤ ਵਿਕਾਸ ਵਿੱਚ ਰੁਕਾਵਟ ਬਣਦੀ ਹੈ, ਜਿਸ ਨਾਲ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਜਦੋਂ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਉਹ ਜ਼ਿੰਦਗੀ ਤੋਂ ਨਿਰਾਸ਼ ਹੋਣ ਲਗਦੇ ਹਨ ਅਤੇ ਇਹ ਨਿਰਾਸ਼ਤਾ ਹੀ ਅਸਲ ਵਿੱਚ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਵਿੱਚ ਧਕੇਲਦੀ ਹੈ ਜਾਂ ਫੇਰ ਨੌਜਵਾਨ ਖੁਦਕੁਸ਼ੀ ਦੇ ਰਾਹ ਵੱਲ ਨੂੰ ਤੁਰ ਪੈਂਦੇ ਹਨ।
ਸਹਿਣਸ਼ੀਲਤਾ ਦੀ ਘਾਟ ਇੱਕ ਵੱਡੀ ਸਮੱਸਿਆ ਹੈ, ਜਿਸ ਨੂੰ ਹੱਲ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਹ ਕੰਮ ਘਰ, ਪਰਿਵਾਰ ਤੋਂ ਸ਼ੁਰੂ ਕਰਕੇ ਨੌਜਵਾਨਾਂ ਦੇ ਕੰਮ ਦੇ ਸਥਾਨ ਤਕ ਕਰਨਾ ਪਵੇਗਾ। ਅੱਜ ਦੇ ਸਮੇਂ ਵਿੱਚ ਸਕੂਲਾਂ-ਕਾਲਜਾਂ ਤੋਂ ਇਲਾਵਾ ਕੰਮ ਵਾਲੇ ਸਥਾਨਾਂ ਅਤੇ ਮਾਹਿਰ ਮਨੋਵਿਗਿਆਨਿਕਾਂ ਦੀਆਂ ਸੇਵਾਵਾਂ ਦੀ ਸਖ਼ਤ ਲੋੜ ਹੈ, ਜਿੱਥੇ ਨੌਜਵਾਨਾਂ ਦੀ ਕਾਉਂਸਿਲਿੰਗ ਸਮੇਂ ਸਮੇਂ ’ਤੇ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਨੌਜਵਾਨਾਂ ਨੂੰ ਸਹਿਣਸ਼ੀਲਤਾ ਦੀ ਮਹੱਤਤਾ ਨੂੰ ਸਮਝਾਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਗੁਣ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































