“ਕਵਿਤਾ: ਉੱਠ ਖੜ੍ਹੀ ਜਵਾਨੀ ਜੇ ਲਾਟ ਬਣ ਕੇ --- ਡਾ. ਅਮਨਦੀਪ ਸਿੰਘ ਟੱਲੇਵਾਲੀਆ”
(25 ਮਈ 2026)
ਕਵਿਤਾ: ਉੱਠ ਖੜ੍ਹੀ ਜਵਾਨੀ ਜੇ ਲਾਟ ਬਣ ਕੇ --- ਡਾ. ਅਮਨਦੀਪ ਸਿੰਘ ਟੱਲੇਵਾਲੀਆ
ਕੋਈ ਆਖਦਾ ਏਂ ਸਾਨੂੰ ਪਰਜੀਵੀ,
ਕੋਈ ਕਹਿੰਦਾ ਏ ਕਾਕਰੋਚ ਮੀਆਂ।
ਜਾਂ ਤਾਂ ਇਹਨਾਂ ਦੀ ਅਕਲ ’ਤੇ ਪਿਆ ਪਰਦਾ,
ਜਾਂ ਮਾੜੀ ਹੋ ਗਈ ਸੋਚ ਮੀਆਂ।
ਕਿਸਤੋਂ ਲੈਂਦੇ ਨੇ ਇਲਮ ਇਹ ਬੋਲਣੇ ਦਾ,
ਕਿਹੜਾ ਆਗੂ ਹੈ ਇਹਨਾਂ ਦਾ ਕੋਚ ਮੀਆਂ।
ਆਮ ਬੰਦੇ ਲਈ ਬਣੇ ਕਾਨੂੰਨ ਤਕੜੇ,
ਆਉਂਦੀ ਇਹਨਾਂ ’ਤੇ ਨਹੀਂ ਖਰੋਚ ਮੀਆਂ।
ਬੇਰੁਜ਼ਗਾਰਾਂ ਨੂੰ ਦੇਣਾ ਰੁਜ਼ਗਾਰ ਕੀ ਸੀ,
ਸਗੋਂ ਜਜ਼ਬੇ ਵੀ ਦਿੱਤੇ ਨੇ ਨੋਚ ਮੀਆਂ।
ਉੱਠ ਖੜ੍ਹੀ ਜਵਾਨੀ ਜੇ ਲਾਟ ਬਣ ਕੇ,
ਫੱਟੀ ਦੇਊਗੀ ਇਹਨਾਂ ਦੀ ਪੋਚ ਮੀਆਂ।
* * *
(ਬਰਨਾਲਾ 98146-99446)
* * *
ਆਖਿਰ ਜੈੱਨ ਜ਼ੀ (Gen Z) ਜਾਗ ਪਿਆ
ਪਿਛਲੇ ਹਫਤੇ ਮੈਂ ਇੱਕ ਲੇਖ ਲਿਖ ਰਿਹਾ ਸਾਂ ਕਿ ਭਾਰਤ ਦਾ ਜ਼ੈੱਨ ਜ਼ੀ ਸੰਘਰਸ਼ ਤੋਂ ਪਿਛਾਂਹ ਕਿਉਂ ਹਟ ਰਿਹਾ ਹੈ। ਹਾਲੇ ਮੈਂ ਆਪਣਾ ਇਹ ਲੇਖ ਅਖਬਾਰਾਂ ਨੂੰ ਭੇਜਣ ਬਾਰੇ ਸੋਚ ਹੀ ਰਿਹਾ ਸੀ ਕਿ ਅਚਾਨਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਦਿੱਤੇ ਇੱਕ ਬਿਆਨ ਕਾਰਨ ਮੈਨੂੰ ਆਪਣਾ ਲੇਖ ਨਾ ਸਿਰਫ ਅਖਬਾਰਾਂ ਨੂੰ ਭੇਜਣ ਤੋਂ ਰੋਕਣਾ ਪਿਆ ਸਗੋਂ ਮੈਂ ਉਹ ਪੰਨੇ ਹੀ ਪਾੜ ਦਿੱਤੇ, ਜਿਨ੍ਹਾਂ ’ਤੇ ਇਹ ਲੇਖ ਲਿਖਿਆ ਸੀ। ਚੀਫ ਜਸਟਿਸ ਦੇ ਬਿਆਨ ਨੇ ਭਾਰਤ ਦੇ ਨੌਜਵਾਨਾਂ ਦੀ ਰੂਹ ਨੂੰ ਅਜਿਹਾ ਹਲੂਣਾ ਦਿੱਤਾ ਕਿ ਜਿਹੜਾ ਨੌਜਵਾਨ ਸੁੱਤਾ ਪਿਆ ਸੀ, ਆਖਰ ਉਹ ਜਾਗ ਉੱਠਿਆ। ਭਾਰਤ ਵਿੱਚ ਭ੍ਰਿਸ਼ਟ ਤੰਤਰ ਨੂੰ ਜੇਕਰ ਕੋਈ ਖਤਮ ਕਰਨ ਦੀ ਤਾਕਤ ਰੱਖਦਾ ਹੈ ਤਾਂ ਉਹ ਹੈ ਸਿਰਫ ਨੌਜਵਾਨ ਵਰਗ। ਪਿਛਲੇ ਕੁਝ ਸਮੇਂ ਵਿੱਚ ਜਦੋਂ ਵੀ ਦੇਸ਼ ਵਿੱਚ ਕੋਈ ਵੱਡਾ ਸੰਘਰਸ਼ ਹੋਇਆ ਹੈ ਤਾਂ ਉਸ ਸੰਘਰਸ਼ ਦੀ ਜਿੱਤ ਦਾ ਸਿਹਰਾ ਨੌਜਵਾਨਾਂ ਨੂੰ ਹੀ ਗਿਆ ਹੈ। ਜੇਕਰ ਗੱਲ ਕਰੀਏ 2013/14 ਦੇ ਅੰਨਾ ਅੰਦੋਲਨ ਦੀ ਤਾਂ ਬੇਸ਼ਕ ਇਸ ਅੰਦੋਲਨ ਦਾ ਆਗਾਜ਼ ਇੱਕ ਬਜ਼ੁਰਗ ਵੱਲੋਂ ਕੀਤਾ ਗਿਆ ਸੀ ਪਰ ਇਹ ਅੰਦੋਲਨ ਕਦੀ ਵੀ ਸਿਰੇ ਨਹੀਂ ਚੜ੍ਹ ਸਕਦਾ ਸੀ ਜੇਕਰ ਨੌਜਵਾਨ ਵਰਗ ਇਸ ਅੰਦੋਲਨ ਦਾ ਹਿੱਸਾ ਨਾ ਬਣਦਾ। ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਜੇਕਰ ਸਰਕਾਰ ਨੇ ਲਿਆ ਤਾਂ ਉੱਥੇ ਵੀ ਇੱਕ ਬਹੁਤ ਵੱਡਾ ਰੋਲ ਨੌਜਵਾਨਾਂ ਦੀ ਤਾਕਤ ਦਾ ਹੀ ਰਿਹਾ। ਨਿਪਾਲ ਦੀ ਉਦਾਹਰਨ ਬਿਨਾਂ ਗੱਲ ਪੂਰੀ ਨਹੀਂ ਹੁੰਦੀ। ਨਿਪਾਲ ਵਿੱਚ ਭ੍ਰਿਸ਼ਟ ਵਿਵਸਥਾ ਨੂੰ ਖਤਮ ਕਰਨ ਵਿੱਚ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੇ ਕੰਮ ਕੀਤਾ, ਉਸਦੀ ਸ਼ਲਾਘਾ ਸਾਰੇ ਸੰਸਾਰ ਵਿੱਚ ਹੋਈ ਹੈ।
ਇਹ ਗੱਲ ਹਮੇਸ਼ਾ ਹੀ ਦੇਖਣ ਵਿੱਚ ਆਈ ਹੈ ਕਿ ਜਦੋਂ ਵੀ ਨੌਜਵਾਨ ਪੀੜ੍ਹੀ ਨੇ ਇਕੱਠੇ ਹੋ ਕੇ ਆਪਣੀ ਊਰਜਾ ਨੂੰ ਸਕਾਰਾਤਮਕ ਤਰੀਕੇ ਨਾਲ ਇਸਤੇਮਾਲ ਕੀਤਾ ਹੈ ਤਾਂ ਸੰਸਾਰ ਵਿੱਚ ਵੱਡੇ ਵੱਡੇ ਬਦਲਾਅ ਆਏ ਹਨ, ਉਹ ਬਦਲਾਅ ਚਾਹੇ ਸ਼ਾਸਨ ਬਦਲਣ ਦੇ ਹੋਣ ਜਾਂ ਫਿਰ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਬਦਲਣ ਦੇ। ਪਿਛਲੇ ਦੋਂਹ ਦਹਾਕਿਆਂ ਤੋਂ ਇਹ ਗੱਲ ਉੱਠਦੀ ਰਹੀ ਹੈ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਪੂਰੀ ਤਾਕਤ ਨਾਲ ਰਾਜਨੀਤੀ ਵਿੱਚ ਕਦਮ ਰੱਖਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਵਿੱਚ ਅੱਜ ਵੀ ਦੇਸ਼ ਲਈ ਜਜ਼ਬਾ ਹੈ, ਲੋਕਾਂ ਲਈ ਪਿਆਰ ਹੈ, ਸਮਾਜ ਅਤੇ ਦੇਸ਼ ਨੂੰ ਉੱਚਾ ਚੁੱਕਣ ਦੇ ਸੁਪਨੇ ਹਨ। ਇਹ ਸੁਪਨੇ ਨੌਜਵਾਨ ਪੀੜ੍ਹੀ ਦੇ ਐਕਟਿਵ ਰਾਜਨੀਤੀ ਵਿੱਚ ਆਉਣ ਨਾਲ ਹੀ ਪੂਰੇ ਹੋ ਸਕਦੇ ਹਨ। ਬੇਸ਼ਕ ਕਾਕਰੋਚ ਜਨਤਾ ਪਾਰਟੀ ਇੱਕ ਮਜ਼ਾਕ ਵਿੱਚ ਹੀ ਬਣਾਈ ਗਈ ਹੋਵੇ ਪਰ ਇਸਦੇ ਪਿੱਛੇ ਨੌਜਵਾਨ ਪੀੜ੍ਹੀ ਦਾ ਜੋ ਰੁਝਾਨ ਦੇਖਣ ਨੂੰ ਮਿਲਿਆ ਹੈ ਉਸਤੋਂ ਇਹੀ ਲਗਦਾ ਹੈ ਕਿ ਇਸ ਮਜ਼ਾਕ ਨੂੰ ਸਚਾਈ ਵਿੱਚ ਬਦਲਣਾ ਚਾਹੁੰਦੀ ਹੈ ਅੱਜ ਦੀ ਨੌਜਵਾਨ ਪੀੜ੍ਹੀ। ਜਿਸ ਪ੍ਰਸਿੱਧੀ ਨੂੰ ਹਾਸਲ ਕਰਨ ਲਈ ਕਈ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ 15 ਤੋਂ 20 ਸਾਲ ਤਕ ਲੱਗ ਗਏ, ਉਸਤੋਂ ਵੀ ਵੱਧ ਪ੍ਰਸਿੱਧੀ ਸਿਰਫ ਦੋਂਹ ਦਿਨਾਂ ਵਿੱਚ ਹੀ ਹਾਸਲ ਕਰਕੇ ਦਿਖਾ ਦਿੱਤਾ ਕਿ ਜ਼ੈੱਨ ਜ਼ੀ ਬਦਲਾਅ ਚਾਹੁੰਦੀ ਹੈ। ਉਹ ਇਸ ਭ੍ਰਿਸ਼ਟ ਵਿਵਸਥਾ ਤੋਂ ਇੰਨੀ ਦੁਖੀ ਹੈ ਕਿ ਤੇਲ ਨੂੰ ਤੀਲੀ ਵਿਖਾਉਣ ਦੀ ਲੋੜ ਹੈ, ਭਾਂਬੜ ਆਪ ਹੀ ਮੱਚ ਪੈਣੇ ਹਨ।
ਜ਼ੈੱਨ ਜ਼ੀ ਸੰਘਰਸ਼ ਲਈ ਤਿਆਰ ਹੈ, ਬੱਸ ਯੋਗ ਅਗਵਾਈ ਦੀ ਲੋੜ ਹੈ। ਇਸ ਬਾਰ ਜੋ ਅੰਦੋਲਨ ਇਸ ਨੌਜਵਾਨ ਪੀੜ੍ਹੀ ਵੱਲੋਂ ਸ਼ੁਰੂ ਕੀਤਾ ਜਾਵੇਗਾ ਉਸਨੂੰ ਸੰਭਾਲਣਾ ਵਰਤਮਾਨ ਸਰਕਾਰਾਂ ਲਈ ਸੌਖਾ ਨਹੀਂ ਹੋਵੇਗਾ। ਬੇਰੋਜ਼ਗਾਰੀ, ਮਹਿੰਗੀ ਸਿੱਖਿਆ, ਨਿਆਂ ਪ੍ਰਣਾਲੀ ’ਤੇ ਵਿਸ਼ਵਾਸ ਦੀ ਘਾਟ, ਲੀਡਰਾਂ ਅਤੇ ਅਫਸਰਸ਼ਾਹੀ ਦੀ ਤਾਨਾਸ਼ਾਹੀ ਅਤੇ ਵਧ ਰਹੇ ਭ੍ਰਿਸ਼ਟਾਚਾਰ ਤੋਂ ਅੱਕਿਆ ਹੋਇਆ ਨੌਜਵਾਨ ਅੰਦੋਲਨ ਦੇ ਰਾਹ ’ਤੇ ਤੁਰ ਪੈਂਦਾ ਹੈ। ਪਰ ਲੋੜ ਹੈ ਅੰਦੋਲਨ ਦੌਰਾਨ ਸੰਜਮ ਵਰਤ ਕੇ ਚੱਲਣ ਦੀ। ਬਹੁਤੀ ਵਾਰ ਕਿਸੇ ਵੀ ਅੰਦੋਲਨ ਨੂੰ ਕੁਚਲਣ ਲਈ ਸਰਕਾਰਾਂ ਹਰ ਤਰ੍ਹਾਂ ਦਾ ਸਾਮ, ਦਾਮ, ਦੰਡ ਭੇਤ ਇਸਤੇਮਾਲ ਕਰਦੀਆਂ ਹਨ। ਅੰਦੋਲਨ ਨੂੰ ਬਦਨਾਮ ਕਰਨ ਲਈ ਅੰਦੋਲਨਕਾਰੀਆਂ ਦਾ ਚਰਿੱਤਰ ਹਨਨ ਕਰਨਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ। ਇਸ ਲਈ ਅੰਦੋਲਨ ਨੂੰ ਕਾਮਯਾਬ ਕਰਨ ਲਈ ਆਪਣੇ ਆਪ ਨੂੰ ਬਹੁਤ ਸੀਮਿਤ ਰੱਖ ਕੇ ਚੱਲਣਾ ਪੈਂਦਾ ਹੈ। ਜ਼ੈੱਨ ਜ਼ੀ ਲਈ ਕੋਈ ਵੀ ਅੰਦੋਲਨ ਇਸ ਲਈ ਵੀ ਸੌਖਾ ਨਹੀਂ ਹੋਵੇਗਾ ਕਿਉਂਕਿ ਵਰਤਮਾਨ ਵਿੱਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਿਰਫ ਸਰਕਾਰੀ ਪਿੱਠੂ ਬਣ ਕੇ ਕੰਮ ਕਰ ਰਿਹਾ ਹੈ। ਇਸ ਗੱਲ ਦੀ ਉਮੀਦ ਬਹੁਤ ਘੱਟ ਹੈ ਕਿ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੌਜਵਾਨ ਪੀੜ੍ਹੀ ਦਾ ਸਾਥ ਦੇਵੇਗਾ। ਇਹ ਵਿਕਾਊ ਮੀਡੀਆ ਨੌਜਵਾਨਾਂ ਦੀ ਆਵਾਜ਼ ਸਰਕਾਰ ਤਕ ਕਦੀ ਵੀ ਨਹੀਂ ਪਹੁੰਚਣ ਦੇਵੇਗਾ। ਸੋਸ਼ਲ ਮੀਡੀਆ ਹੀ ਇੱਕ ਮਾਤਰ ਸਹਾਰਾ ਬਚਦਾ ਹੈ ਪਰ ਉੱਥੇ ਵੀ ਸਰਕਾਰਾਂ ਕੋਲ ਆਪਣੇ IT cell ਹਨ ਜਿਨ੍ਹਾਂ >ਤੇ ਉਹ ਕਰੋੜਾਂ ਖਰਚ ਕਰਦੇ ਹਨ। ਇਸ ਲਈ ਨੌਜਵਾਨ ਪੀੜ੍ਹੀ ਸਾਹਮਣੇ ਔਕੜਾਂ ਵੀ ਬਹੁਤ ਹਨ ਪਰ ਹਰ ਔਕੜ ਨੂੰ ਹੱਲ ਕਰਨਾ ਹੀ ਜ਼ੈੱਨ ਜ਼ੀ ਦੀ ਤਾਕਤ ਹੈ। ਹੁਣ ਵਕਤ ਹੀ ਦੱਸੇਗਾ ਕੇ ਕਾਕਰੋਚ ਜਨਤਾ ਪਾਰਟੀ ਇੱਕ ਮਜ਼ਾਕ ਬਣ ਕੇ ਰਹਿ ਜਾਂਦੀ ਹੈ ਜਾਂ ਇਹ ਅੰਦੋਲਨ ਦਾ ਰੂਪ ਧਾਰਨ ਕਰਦੀ ਹੈ।
**
ਡ. ਸੁਖਰਾਜ ਸਿੰਘ ਬਾਜਵਾ, 7888684597**















































































































