“ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ 5 ਸਾਲਾ ਬੱਚੇ ਦੇ ਕਤਲ ਨੇ ਇੱਕ ਨਵੀਂ ਬਹਿਸ ਛੇੜ ...”
(19 ਸਤੰਬਰ 2025)
ਹਾਲ ਹੀ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ 5 ਸਾਲਾ ਬੱਚੇ ਦੇ ਕਤਲ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਇਹ ਬਹਿਸ ਪੰਜਾਬੀਆਂ ਦੇ ਵਿਦੇਸ਼ ਪਰਵਾਸ ਅਤੇ ਪੂਰਬੀ ਅਤੇ ਉੱਤਰ ਪੂਰਬੀ ਭਾਰਤੀਆਂ ਦੇ ਪੰਜਾਬ ਵਿੱਚ ਪਰਵਾਸ ਨੂੰ ਲੈ ਕੇ ਹੋ ਰਹੀ ਹੈ। ਜਿੱਥੇ ਬਹੁਤਾਤ ਪੰਜਾਬੀ ਪੂਰਬੀ ਭਾਰਤੀਆਂ ਨੂੰ ਪੰਜਾਬ ਵਿੱਚੋਂ ਚਲੇ ਜਾਣ ਲਈ ਕਹਿ ਰਹੇ ਹਨ, ਉੱਥੇ ਹੀ ਕੁਝ ਅਜਿਹੇ ਲੋਕ ਅਤੇ ਖਾਸ ਕਰਕੇ ਪੰਜਾਬ ਦੀ ਸਰਕਾਰੀ ਧਿਰ ਦੇ ਲੀਡਰ ਇਹ ਕਹਿ ਰਹੇ ਹਨ ਕੇ ਬਹੁਤ ਸਾਰੇ ਪੰਜਾਬੀ ਵੀ ਤਾਂ ਵਿਦੇਸ਼ਾਂ ਵਿੱਚ ਪਰਵਾਸ ਕਰ ਰਹੇ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਬਿਆਨ ਵੀ ਇਸ ਵਿਸ਼ੇ ’ਤੇ ਇੱਕ ਨਵੀਂ ਬਹਿਸ ਛੇੜ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭੋਜਨ ਦੀ ਤਲਾਸ਼ ਵਿੱਚ ਮਨੁੱਖ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਰਵਾਸ ਕਰਦਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਨੌਕਰੀ ਜਾਂ ਵਿਉਪਾਰ ਕਰਨ ਲਈ ਮਨੁੱਖ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਪਰਵਾਸ ਕਰਦਾ ਹੈ। ਹੁਣ ਜੋ ਗੱਲ ਸਮਝਣ ਵਾਲੀ ਹੈ, ਉਹ ਇਹ ਹੈ ਕਿ ਜਦੋਂ ਵੀ ਕੋਈ ਵਿਅਕਤੀ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਪਰਵਾਸ ਕਰਦਾ ਹੈ ਤਾਂ ਉਸਦੇ ਲਈ ਕਈ ਨਿਯਮ ਹੁੰਦੇ ਹਨ। ਪਰਵਾਸ ਕਰਨ ਵਾਲੇ ਨੂੰ ਉਸ ਦੇਸ਼ ਵਿੱਚ ਜਾਣ ਲਈ ਅਰਜ਼ੀ ਦੇਣ ਤੋਂ ਬਾਅਦ ਕਈ ਕਾਨੂੰਨੀ ਪ੍ਰਕਿਰਿਆਵਾਂ ਵਿੱਚੋਂ ਨਿਕਲਣਾ ਪੈਂਦਾ ਹੈ। ਉਸ ਦੇਸ਼ ਵਿੱਚ ਪਰਵਾਸ ਦੀ ਆਗਿਆ ਮਿਲੇਗੀ ਜਾਂ ਨਾ, ਇਹ ਉਸ ਦੇਸ਼ ਦੀ ਸਰਕਾਰ ਉੱਤੇ ਨਿਰਭਰ ਕਰਦਾ ਹੈ। ਉਕਤ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਉਸ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ। ਉਸ ਦੇਸ਼ ਦੇ ਸੱਭਿਆਚਾਰ ਦਾ ਸਤਿਕਾਰ ਕਰਨਾ ਪੈਂਦਾ ਹੈ। ਅਜਿਹਾ ਨਾ ਕਰਨ ’ਤੇ ਉੱਥੋਂ ਦੀਆਂ ਸਰਕਾਰਾਂ ਉੱਥੇ ਰਹਿਣ ਦੇ ਹੱਕ ਨੂੰ ਵਾਪਸ ਲੈ ਕੇ ਜੇਲ੍ਹ ਵਿੱਚ ਡੱਕ ਦਿੰਦੀਆਂ ਹਨ ਜਾਂ ਵਾਪਸ ਪਰਵਾਸੀ ਦੇ ਦੇਸ਼ ਭੇਜ ਦਿੰਦੀਆਂ ਹਨ। ਇੱਕ ਵਾਰ ਦੇਸ਼ ਨਿਕਾਲਾ ਮਿਲਣ ਤੋਂ ਬਾਅਦ ਉਸ ਵਿਅਕਤੀ ਨੂੰ ਹੋਰ ਕਿਸੇ ਦੇਸ਼ ਵਿੱਚ ਜਾਣ ਜਾਂ ਰਹਿਣ ਦੀ ਪ੍ਰਵਾਨਗੀ ਵੀ ਨਹੀਂ ਮਿਲਦੀ।
ਹਰ ਇੱਕ ਦੇਸ਼ ਵਿੱਚ ਜਿੱਥੇ ਬਹੁਤ ਸਾਰੇ ਰਾਜ ਹੁੰਦੇ ਹਨ, ਹਰ ਇੱਕ ਰਾਜ ਦੀ ਆਪਣੀ ਵਿਵਸਥਾ ਹੈ। ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਜਾ ਕੇ ਰਹਿਣ ਲਈ ਵੱਖਰੇ ਨਿਯਮ ਹੁੰਦੇ ਹਨ। ਭਾਰਤ ਵਿੱਚ ਵੀ ਹਰ ਇੱਕ ਰਾਜ ਦੀ ਆਪਣੀ ਵਿਵਸਥਾ ਹੈ। ਗੁਜਰਾਤ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਮੱਧਪ੍ਰਦੇਸ਼ ਆਦਿ ਵਿੱਚ ਕਿਸੇ ਵੀ ਰਾਜ ਦਾ ਵਿਅਕਤੀ ਜਾ ਕੇ ਕੰਮ ਤਾਂ ਕਰ ਸਕਦਾ ਹੈ ਪਰ ਉੱਥੋਂ ਦਾ ਪੱਕਾ ਵਸਨੀਕ ਨਹੀਂ ਬਣ ਸਕਦਾ ਭਾਵ ਉਹ ਉੱਥੇ ਪੱਕੇ ਤੌਰ ’ਤੇ ਰਹਿਣ ਲਈ ਜ਼ਮੀਨ ਜਾਂ ਘਰ ਨਹੀਂ ਖਰੀਦ ਸਕਦਾ। ਉਸ ਰਾਜ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਲੈ ਸਕਦਾ। ਬਿਨਾਂ ਮੂਲ ਨਿਵਾਸੀ ਹੋਣ ਦਾ ਸਬੂਤ ਦਿੱਤੇ ਬਗੈਰ ਸਰਕਾਰੀ ਨੌਕਰੀ ਨਹੀਂ ਹਾਸਲ ਕਰ ਸਕਦਾ। ਭਾਰਤ ਦਾ ਪੰਜਾਬ ਇੱਕ ਅਜਿਹਾ ਪ੍ਰਾਂਤ ਹੈ ਜਿੱਥੇ ਕੋਈ ਵੀ ਆ ਸਕਦਾ ਹੈ, ਇੱਥੇ ਆ ਕੇ ਸਰਕਾਰੀ ਨੌਕਰੀ ਹਾਸਲ ਕਰ ਸਕਦਾ ਹੈ। ਇੱਥੇ ਘਰ, ਜ਼ਮੀਨ ਆਦਿ ਬਹੁਤ ਹੀ ਸੌਖੀਆਂ ਖਰੀਦ ਸਕਦਾ ਹੈ ਅਤੇ ਇੱਥੋਂ ਦੇ ਜੱਦੀ ਵਸਨੀਕਾਂ ਨੂੰ ਅੱਖਾਂ ਵਿਖਾ ਸਕਦਾ ਹੈ। ਪੰਜਾਬ ਸਰਕਾਰ ਪੂਰੀ ਤਰ੍ਹਾਂ ਪਰਵਾਸੀਆਂ ਦੀ ਸਰਪ੍ਰਸਤ ਬਣ ਕੇ ਖੜ੍ਹੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਮੂਲ ਨਿਵਾਸੀ ਅੱਜ ਆਪਣੇ ਹੱਕਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ ਅਤੇ ਉਹਨਾਂ ਦੇ ਹੱਕ ਖੋਹ ਕੇ ਪਰਵਾਸੀਆਂ ਨੂੰ ਦਿੱਤੇ ਜਾ ਰਹੇ ਹਨ।
ਅੱਜ ਹਾਲਾਤ ਇਹ ਹਨ ਕੇ ਪੰਜਾਬ ਦਾ ਮੂਲ ਨਿਵਾਸੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ, ਉੱਧਰ ਦੂਸਰੀ ਤਰਫ ਪਰਵਾਸੀ ਪੰਜਾਬ ਸਰਕਾਰ ਦੀਆਂ ਜਨ ਹਿਤ ਵਾਲੀਆਂ ਸਕੀਮਾਂ ਦਾ ਲਾਭ ਉਠਾ ਰਹੇ ਹਨ। ਜੋ ਲੀਡਰ ਇਹ ਕਹਿੰਦੇ ਹਨ ਕੇ ਪੰਜਾਬ ਦੇ ਲੋਕ ਵੀ ਬਾਹਰ ਜਾਂਦੇ ਹਨ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਦੇਸ਼ ਜਾਣ ਲਈ ਕਾਨੂੰਨੀ ਪ੍ਰੀਕਿਰਿਆ ਤੋਂ ਲੰਘਣ ਤੋਂ ਬਾਅਦ ਉੱਥੇ ਦੀਆਂ ਸਰਕਾਰਾਂ ਨੂੰ ਆਰਥਿਕ ਤੌਰ ’ਤੇ ਵੀ ਫਾਇਦਾ ਪਹੁੰਚਾਇਆ ਜਾਂਦਾ ਹੈ। ਅਰਜ਼ੀ ਤੋਂ ਲੈ ਕੇ ਉੱਥੇ ਰਹਿਣ ਤਕ ਕਈ ਤਰ੍ਹਾਂ ਦੀਆਂ ਫੀਸਾਂ ਅਦਾ ਕਰਨੀਆਂ ਪੈਂਦੀਆਂ ਹਨ, ਉਹ ਵੀ ਉਹਨਾਂ ਦੀ ਕਰੰਸੀ ਵਿੱਚ ਅਤੇ ਉੱਥੇ ਕਮਾਈ ਕਰਕੇ ਉੱਥੋਂ ਦੀ ਸਰਕਾਰ ਨੂੰ ਟੈਕਸ ਵੀ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਆ ਰਹੇ ਪਰਵਾਸੀ ਨਾ ਤਾਂ ਪੰਜਾਬ ਸਰਕਾਰ ਨੂੰ ਕੋਈ ਟੈਕਸ ਆਦਿ ਦਿੰਦੇ ਹਨ, ਉਲਟਾ ਪੰਜਾਬ ਸਰਕਾਰ ਤੋਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਂਦੇ ਹਨ।
ਪੰਜਾਬ ਆ ਰਹੇ ਪਰਵਾਸੀਆਂ ਨੂੰ ਕਿਸੇ ਕਾਨੂੰਨੀ ਪ੍ਰਕਿਰਿਆਵਾਂ ਵਿੱਚੋਂ ਨਹੀਂ ਲੰਘਣਾ ਪੈਂਦਾ, ਇਸ ਲਈ ਬਹੁਤ ਸਾਰੇ ਜਰਾਇਮ ਪੇਸ਼ਾ ਲੋਕ ਆਪਣੇ ਰਾਜ ਵਿੱਚ ਗੁਨਾਹ ਕਰਕੇ ਇੱਥੇ ਆ ਕੇ ਬਿਨਾਂ ਡਰ ਭੈ ਦੇ ਰਹਿਣ ਲੱਗ ਜਾਂਦੇ ਹਨ, ਕਿਉਂਕਿ ਇੱਥੇ ਉਹਨਾਂ ਦੇ ਨਵੇਂ ਪਛਾਣ ਪੱਤਰ ਉਹਨਾਂ ਦਾ ਪਿਛੋਕੜ ਜਾਣੇ ਬਗੈਰ ਅਸਾਨੀ ਨਾਲ ਬਣਾ ਦਿੱਤੇ ਜਾਂਦੇ ਹਨ। ਪਰਵਾਸੀਆਂ ਦੇ ਪਿਛੋਕੜ ਬਾਰੇ ਜਾਣਕਾਰੀ ਰਿਕਾਰਡ ਵਿੱਚ ਨਾ ਹੋਣ ਕਾਰਨ ਇਹ ਲੋਕ ਇੱਥੇ ਗੁਨਾਹ ਕਰਕੇ ਭੱਜ ਜਾਂਦੇ ਹਨ ਅਤੇ ਕਾਨੂੰਨ ਦੀ ਪਹੁੰਚ ਤੋਂ ਬਚ ਜਾਂਦੇ ਹਨ। ਪੰਜਾਬ ਦੇ ਲੋਕ ਪਰਵਾਸੀਆਂ ਦੇ ਖਿਲਾਫ ਨਹੀਂ ਹਨ ਪਰ ਉਹਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਇੱਥੇ ਵੀ ਬਾਕੀ ਰਾਜਾਂ ਵਾਂਗ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਪਰਵਾਸੀਆਂ ਦਾ ਪਿਛੋਕੜ ਜਾਣਨ ਲਈ ਉਹਨਾਂ ਤੋਂ ਸਬੂਤ ਮੰਗੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਦੇ ਪਛਾਣ ਪੱਤਰ ਅਤੇ ਪਿਛਲੀ ਰਿਹਾਇਸ਼ ਦੇ ਅਧਾਰ ’ਤੇ ਉਹਨਾਂ ਦੇ ਪਿਤਰੀ ਰਾਜ ਤੋਂ ਪੁਲਿਸ ਰਾਹੀਂ ਜਾਣਕਾਰੀ ਮੰਗੀ ਜਾਣੀ ਚਾਹੀਦੀ ਹੈ। ਇਸ ਨਾਲ ਅਪਰਾਧੀ ਕਿਸਮ ਦੇ ਲੋਕਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਮਿਲੇਗੀ। ਪਰਵਾਸੀਆਂ ਨੂੰ ਪੰਜਾਬ ਵਿੱਚ ਕੰਮ ਕਰਨ ਦਾ ਹੱਕ ਤਾਂ ਜਾਇਜ਼ ਹੈ ਪਰ ਇੱਥੇ ਜ਼ਮੀਨ ਖਰੀਦਣ ’ਤੇ ਮਨਾਹੀ ਹੋਣੀ ਚਾਹੀਦੀ ਹੈ। ਅਗਰ ਸਰਕਾਰ ਅਜਿਹਾ ਕੋਈ ਕਦਮ ਨਹੀਂ ਚੁੱਕਦੀ ਤਾਂ ਇੱਕ ਦਿਨ ਪੰਜਾਬੀ ਆਪਣਾ ਗੁਆਚਾ ਪੰਜਾਬ ਲੱਭਦੇ ਫਿਰਨਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (