“ਹਰ ਮਨੁੱਖ ਨੂੰ ਆਪਣਾ ਇਖਲਾਕੀ ਫਰਜ਼ ਸਮਝਦਿਆਂ ਰੁੱਖ-ਬੂਟੇ ਲਾਉਣੇ ਚਾਹੀਦੇ ਹਨ ...”
(8 ਅਗਸਤ 2026)
16 ਜੁਲਾਈ ਤੋਂ ਸਾਵਣ ਦਾ ਮਹੀਨਾ ਅਰੰਭ ਹੋ ਗਿਆ ਹੈ। ਇਹ ਮਹੀਨਾ ਬਰਸਾਤਾਂ ਦਾ ਮਹੀਨਾ ਹੁੰਦਾ ਹੈ, ਇਸ ਲਈ ਇਸ ਮਹੀਨੇ ਨੂੰ ਰੁੱਖ-ਬੂਟੇ ਲਾਉਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਜਿਸ ਢੰਗ ਨਾਲ ਧਰਤੀ ਉੱਤੇ ਬੰਦਿਆਂ ਦੁਆਰਾ ਗੰਦਗੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਨਿਰੰਤਰ ਰੁੱਖ-ਬੂਟੇ ਵੱਢੇ ਜਾ ਰਹੇ ਹਨ, ਜੇਕਰ ਇਹ ਵਰਤਾਰਾ ਇੰਝ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਦਸਾਂ-ਪੰਦਰ੍ਹਾਂ ਸਾਲਾਂ ਬਾਅਦ ਧਰਤੀ ਦਾ ਤਾਪਮਾਨ ਇੰਨਾ ਜ਼ਿਆਦਾ ਵਧ ਜਾਵੇਗਾ ਕਿ ਮਨੁੱਖੀ ਜੀਵਨ ਨੂੰ ਹੀ ਖਤਰਾ ਉਤਪੰਨ ਹੋ ਜਾਵੇਗਾ। ਧਰਤੀ ਤੋਂ ਕਈ ਤਰ੍ਹਾਂ ਦੇ ਜੀਵ-ਜੰਤੂ ਅਲੋਪ ਹੋ ਜਾਣਗੇ। ਕਈ ਤਰ੍ਹਾਂ ਦੀ ਬਨਸਪਤੀ ਅਲੋਪ ਹੋ ਜਾਵੇਗੀ। ਇਸਦਾ ਮੁੱਖ ਕਾਰਨ ਇਹ ਹੈ ਕਿ ਇਸ ਮਸ਼ੀਨੀ ਦੌਰ ਵਿੱਚ ਰੁੱਖ-ਬੂਟੇ ਲਗਾਤਾਰ ਵੱਢੇ ਜਾ ਰਹੇ ਹਨ। ਪੱਥਰ ਦੇ ਸ਼ਹਿਰਾਂ ਨੇ ਜੰਗਲਾਂ ਨੂੰ ਨਿਗਲ ਲਿਆ ਹੈ। ਹਰ ਪਾਸੇ ਕੰਕਰੀਟ ਦੇ ਜੰਗਲ ਵਿਛ ਗਏ ਜਾਪਦੇ ਹਨ। ਸੜਕਾਂ ਦੇ ਜਾਲ਼ ਵਿਛ ਗਏ ਹਨ ਅਤੇ ਰੁੱਖ ਨਾਮਾਤਰ ਹੀ ਦੇਖਣ ਨੂੰ ਮਿਲ ਰਹੇ ਹਨ। ਦੂਰ ਦੂਰ ਤਕ, ਜਿੱਥੋਂ ਤਕ ਨਿਗਾਹ ਜਾਂਦੀ ਹੈ, ਕਾਲੀਆਂ ਸਿਆਹ ਸੜਕਾਂ ਅਤੇ ਰੁੱਖਾਂ ਤੋਂ ਵਿਹੀਣ ਧਰਤ ਹੀ ਨਜ਼ਰੀਂ ਪੈਂਦੀ ਹੈ। ਇਹ ਦ੍ਰਿਸ਼ ਸੱਚਮੁੱਚ ਡਰਾਉਣੇ ਭਵਿੱਖ ਦੀ ਤਸਵੀਰ ਪੇਸ਼ ਕਰ ਰਹੇ ਹਨ।
ਰੁੱਖਾਂ ਦੀ ਇਸ ਅੰਨ੍ਹੇਵਾਹ ਕਟਾਈ ਨਾਲ ਜਿੱਥੇ ਹਵਾ ਵਿੱਚ ਤਪਸ਼ ਵਧ ਰਹੀ ਹੈ, ਉੱਥੇ ਹੀ ਗਰਮੀ ਦਾ ਪ੍ਰਭਾਵ ਦਿਨੋਂ-ਦਿਨ ਪ੍ਰਚੰਡ ਹੁੰਦਾ ਜਾ ਰਿਹਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਮਨੁੱਖ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਬੁੱਧੀਜੀਵੀ ਵਰਗ ਅਕਸਰ ਹੀ ਰੁੱਖਾਂ ਦੀ ਅਹਿਮੀਅਤ ਬਾਰੇ ਚਰਚਾਵਾਂ ਕਰਦੇ ਰਹਿੰਦੇ ਹਨ। ਹੁਣ ਸਾਵਣ ਦੇ ਮਹੀਨੇ ਵਿੱਚ ਰੁੱਖ-ਬੂਟੇ ਲਾਉਣ ਦਾ ਵਕਤ ਆ ਗਿਆ ਹੈ। ਅਸਲ ਵਿੱਚ ਇਸ ਮਹੀਨੇ ਵਿੱਚ ਰੁੱਖ ਬਹੁਤ ਜਲਦੀ ਜੜ੍ਹ ਫੜ ਲੈਂਦੇ ਹਨ। ਇਸ ਲਈ ਸਰਕਾਰਾਂ, ਸੰਸਥਾਵਾਂ ਅਤੇ ਬੁੱਧੀਜੀਵੀ ਲੋਕਾਂ ਨੂੰ ਚਾਹੀਦਾ ਹੈ ਕਿ ਖਾਲੀ ਥਾਂਵਾਂ ’ਤੇ ਰੁੱਖ ਲਾਉਣ ਤਾਂ ਕਿ ਧਰਤੀ ਦੀ ਤਪਸ਼ ਨੂੰ ਕੁਝ ਘੱਟ ਕੀਤਾ ਜਾ ਸਕੇ।
ਆਮ ਹੀ ਪਿੰਡਾਂ ਵਿੱਚ ਖਾਲੀ ਥਾਂਵਾਂ ਦੀ ਚੋਣ ਕਰਕੇ ਨੌਜਵਾਨਾਂ ਅਤੇ ਪੰਚਾਇਤਾਂ ਵੱਲੋਂ ਰੁੱਖਾਂ ਦੇ ਬੂਟੇ ਲਾਏ ਜਾਣਾ ਚਾਹੀਦੇ ਹਨ ਤਾਂ ਕਿ ਧਰਤੀ ’ਤੇ ਕੁਝ ਹਰਿਆਵਲ ਕੀਤੀ ਜਾ ਸਕੇ। ਇੱਥੇ (ਭਾਰਤ ਵਿੱਚ) ਖਾਸ ਗੱਲ ਇਹ ਹੈ ਕਿ ਹਰ ਮਨੁੱਖ ਆਪਣੀ ਜ਼ਿੰਦਗੀ ਦੇ ਖਤਮ ਹੋਣ ਭਾਵ ਮਰਨ ਤੋਂ ਬਾਅਦ ਇੱਕ ਰੁੱਖ ਦੀ ਲੱਕੜ ਨਾਲ ਲੈ ਕੇ ਸੜਦਾ ਹੈ। ਪਰ ਉਹੀ ਮਨੁੱਖ ਆਪਣੀ ਪੂਰੀ ਜ਼ਿੰਦਗੀ ਵਿੱਚ ਇੱਕ ਵੀ ਰੁੱਖ ਨਹੀਂ ਲਾਉਂਦਾ। ਇਸ ਨਾਲ ਧਰਤੀ ਗੰਧਲੀ ਹੁੰਦੀ ਜਾ ਰਹੀ ਹੈ, ਗਲੇਸ਼ੀਅਰ ਪਿਘਲਦੇ ਜਾ ਰਹੇ ਹਨ। ਪਹਾੜਾਂ ਉੱਤੇ ਗੰਦਗੀ ਦੇ ਅੰਬਾਰ ਆਮ ਹੀ ਦੇਖੇ ਜਾ ਸਕਦੇ ਹਨ। ਕੁਝ ਵਰ੍ਹੇ ਪਹਿਲਾਂ ਤਕ ਜਿਨ੍ਹਾਂ ਥਾਂਵਾਂ ’ਤੇ ਬਰਫ ਪੈਂਦੀ ਸੀ ਹੁਣ ਉੱਥੇ ਵੀ ਤਪਸ਼ ਵਧ ਗਈ ਹੈ। ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਮਨੁੱਖ ਨੂੰ ਘੇਰ ਰਹੀਆਂ ਹਨ। ਇਸ ਲਈ ਹਰ ਮਨੁੱਖ ਨੂੰ ਆਪਣਾ ਇਖਲਾਕੀ ਫਰਜ਼ ਸਮਝਦਿਆਂ ਰੁੱਖ-ਬੂਟੇ ਲਾਉਣੇ ਚਾਹੀਦੇ ਹਨ ਤਾਂ ਕਿ ਆਉਂਦੇ ਕੁਝ ਸਾਲਾਂ ਵਿੱਚ ਧਰਤੀ ਦੀ ਤਪਸ਼ ਨੂੰ ਕੁਝ ਹੱਦ ਤਕ ਘਟਾਇਆ ਜਾ ਸਕੇ ਅਤੇ ਧਰਤੀ ਨੂੰ ਮਨੁੱਖਾਂ ਦੇ ਰਹਿਣ ਲਾਇਕ ਛੱਡਿਆ ਜਾ ਸਕੇ। ਪਰ ਇਨ੍ਹਾਂ ਕਾਰਜਾਂ ਵੱਲ ਕੌਣ ਅਤੇ ਕਦੋਂ ਧਿਆਨ ਦਿੰਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































