NishanSRathaur7ਜੇਕਰ ਸਾਹਮਣੇ ਵਾਲਾ ਸ਼ਖਸ ਕੁਝ ਮੰਦਾ-ਚੰਗਾ ਬੋਲ ਰਿਹਾ ਹੈ ਤਾਂ ਇਸ ...
(2 ਜੁਲਾਈ 2026)


ਗੱਲ ਸਾਲ
1998 ਦੀ ਹੈ ਜਦੋਂ ਮੈਂ ਆਪਣੇ ਬਾਰ੍ਹਵੀਂ ਜਮਾਤ ਦੇ ਪੇਪਰ ਦੇ ਕੇ ਸ਼ਾਹਬਾਦ-ਮਾਰਕੰਡਾ ਵਿਖੇ ਗੁਰਮਤਿ ਵਿੱਦਿਆਲਿਆ ਵਿੱਚ ਗੁਰਬਾਣੀ-ਕੀਰਤਨ ਸਿੱਖਣ ਲਈ ਦਾਖਲਾ ਲੈ ਲਿਆਸਾਡੇ ਅਧਿਆਪਕ ਗਿਆਨੀ ਸਾਹਿਬ ਸਿੰਘ ਜੀ ਹੁੰਦੇ ਸਨਮੈਂ ਪੜ੍ਹਨ-ਲਿਖਣ ਵਿੱਚ ਰਤਾ ਹੁਸ਼ਿਆਰ ਸਾਂ, ਇਸ ਲਈ ਛੇਤੀ ਹੀ ਗੁਰਬਾਣੀ ਦੀ ਵਿਆਕਰਣ ਨੂੰ ਸਮਝਣ ਲੱਗ ਪਿਆਗਿਆਨੀ ਜੀ ਗੁਰਮਤਿ ਦੀ ਕਥਾ-ਵਿਚਾਰ ਕਰਨ ਲਈ ਦੂਰ-ਦੂਰਾਡੇ ਪਿੰਡਾਂ-ਸ਼ਹਿਰਾਂ ਵਿੱਚ ਜਾਂਦੇ ਹੁੰਦੇ ਸਨਉਹ ਹਫਤੇ ਵਿੱਚ ਦੋ ਜਾਂ ਤਿੰਨ ਦਿਨ ਹੀ ਸ਼ਾਹਬਾਦ-ਮਾਰਕੰਡਾ ਵਿਖੇ ਹੁੰਦੇ ਸਨਇਨ੍ਹਾਂ ਦਿਨਾਂ ਵਿੱਚ ਹੀ ਉਹ ਸਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਦਿੰਦੇਉਹ ਬਹੁਤ ਹੀ ਵਿਸਥਾਰ ਨਾਲ ਗੁਰਬਾਣੀ ਦੇ ਅਰਥਾਂ ਬਾਰੇ ਦੱਸਦੇ ਅਤੇ ਸਬਕ ਦੇ ਤੌਰ ’ਤੇ ਸਾਨੂੰ ਉਹੀ ਪਾਠ ਦੁਬਾਰਾ ਪੜ੍ਹਨ ਲਈ ਆਖਦੇ

ਸ਼ਾਹਬਾਦ-ਮਾਰਕੰਡਾ ਵਾਲੇ ਇਸ ਗੁਰਮਤਿ ਵਿੱਦਿਆਲਿਆ ਵਿੱਚ ਉਸ ਵਕਤ ਅਸੀਂ ਤਕਰੀਬਨ 30-35 ਵਿਦਿਆਰਥੀ ਪੜ੍ਹਦੇ ਹੁੰਦੇ ਸਾਂਵਿੱਦਿਆਲਿਆ ਵਿੱਚ ਗੁਰਬਾਣੀ-ਕੀਰਤਨ ਸਿੱਖਣ ਵਾਲੇ ਵਿਦਿਆਰਥੀਆਂ ਦੀ ਉਮਰ ਵਿੱਚ ਕਾਫ਼ੀ ਫਰਕ ਸੀਕੋਈ 18 ਸਾਲਾਂ ਦਾ ਨੌਜਵਾਨ ਮੁੰਡਾ ਸੀ ਅਤੇ ਕੋਈ 40 ਸਾਲਾਂ ਦਾ ਗ੍ਰਹਿਸਥੀ ਵਿਅਕਤੀਸਭ ਦਾ ਮੂਲ ਟੀਚਾ ਧਾਰਮਿਕ ਖ਼ੇਤਰ ਵਿੱਚ ਸਾਰਥਕ ਭੂਮਿਕਾ ਅਦਾ ਕਰਨਾ ਸੀਸ਼ਾਹਬਾਦ ਵਿਖੇ ਇੱਕ ਸਾਲ ਗੁਰਮਤਿ ਸੰਥਿਆ ਲੈਣ ਤੋਂ ਉਪਰੰਤ ਮੈਂ ਵਾਪਸ ਘਰ ਆ ਗਿਆ ਅਤੇ ਸਰਕਾਰੀ ਕਾਲਜ, ਅੰਬਾਲਾ ਛਾਉਣੀ ਵਿਖੇ ਬੀ. ਏ. ਕਰਨ ਲੱਗਿਆ

ਗਿਆਨੀ ਸਾਹਿਬ ਸਿੰਘ ਜੀ ਕੋਲ ਇੱਕ ਸਾਲ ਗੁਰਮਤਿ ਵਿੱਦਿਆ ਪੜ੍ਹਦਿਆਂ ਬਹੁਤ ਸਾਰੇ ਨਵੇਂ ਅਨੁਭਵ ਪ੍ਰਾਪਤ ਹੋਏਮੇਰੀ ਲਗਨ ਅਤੇ ਪੜ੍ਹਾਈ ਵਿੱਚ ਦਿਲਚਸਪੀ ਦੇਖ ਕੇ ਗਿਆਨੀ ਜੀ ਮੇਰੇ ਨਾਲ ਅਕਸਰ ਹੀ ਗੱਲ ਕਰਦੇ ਅਤੇ ਆਪਣੇ ਜੀਵਨ ਦੇ ਖੱਟੇ-ਮਿੱਠੇ ਅਨੁਭਵਾਂ ਬਾਰੇ ਜਾਣਕਾਰੀ ਦਿੰਦੇਗਿਆਨੀ ਜੀ ਦੀਆਂ ਦੱਸੀਆਂ ਗੱਲਾਂ ਵਿੱਚੋਂ ਇੱਕ ਬਹੁਤ ਹੀ ਵਧੀਆ ਅਤੇ ਦਿਲਚਸਪ ਘਟਨਾ ਇੰਝ ਹੈ

ਗਿਆਨੀ ਜੀ ਮੁਤਾਬਿਕ ਇੱਕ ਵਾਰ ਉਹ ਸਰਕਾਰੀ ਬੱਸ ਵਿੱਚ ਯਾਤਰਾ ਕਰ ਰਹੇ ਸਨਹਰਿਆਣਾ ਰੋਡਵੇਜ਼ ਦੀ ਇਹ ਬੱਸ ਸ਼ਾਹਬਾਦ-ਮਾਰਕੰਡਾ ਤੋਂ ਬਰਾੜੇ (ਅੰਬਾਲੇ) ਵੱਲ ਨੂੰ ਜਾ ਰਹੀ ਸੀਦਸੰਬਰ ਦਾ ਮਹੀਨਾ ਹੋਣ ਕਰਕੇ ਠੰਢ ਅਤੇ ਧੁੰਦ ਦਾ ਮੌਸਮ ਸੀਪਿੰਡਾਂ ਦਾ ਇਲਾਕਾ ਹੋਣ ਕਰਕੇ ਬੱਸ ਵਿੱਚ ਸਵਾਰ ਕੁਝ ਲੋਕਾਂ ਨੇ ਲੋਈਆਂ ਅਤੇ ਖੇਸਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨਗਿਆਨੀ ਜੀ ਆਪਣੀ ਸੀਟ ਦੇ ਬੈਠੇ ‘ਚੌਪਈ ਸਾਹਿਬ’ ਦਾ ਪਾਠ ਕਰ ਰਹੇ ਸਨਬੱਸ ਵਿੱਚ ਬਹੁਤ ਸਾਰੀਆਂ ਸਵਾਰੀਆਂ ਗਿਆਨੀ ਜੀ ਨੂੰ ਪਹਿਲਾਂ ਹੀ ਜਾਣਦੀਆਂ ਸਨਅਸਲ ਵਿੱਚ ਹਰਿਆਣੇ ਦੇ ਬਹੁਤੇ ਸਿੱਖ ਅਤੇ ਪੰਜਾਬੀ ਲੋਕ ਉਨ੍ਹਾਂ ਨੂੰ ਇਸ ਕਰਕੇ ਜਾਣਦੇ ਹਨ ਕਿਉਂਕਿ ਉਹ ਕਥਾ-ਵਿਚਾਰ ਕਰਨ ਲਈ ਨੇੜੇ-ਤੇੜੇ ਦੇ ਪਿੰਡਾਂ ਵਿੱਚ ਅਕਸਰ ਹੀ ਜਾਂਦੇ ਸਨ

ਇੱਕ ਪਿੰਡ ਦੇ ਅੱਡੇ ਤੋਂ ਇੱਕ ਚਾਲੀ-ਪੰਤਾਲੀ ਕੁ ਸਾਲਾਂ ਦਾ ਬੰਦਾ ਬੱਸ ਵਿੱਚ ਚੜ੍ਹਿਆਕੰਬਲ ਦੀ ਬੁੱਕਲ ਮਾਰੀ ਉਸ ਬੰਦੇ ਨੇ ਮੂੰਹ ਵਿੱਚ ਬੀੜੀ ਲਾਈ ਹੋਈ ਸੀਹਾਲਾਂਕਿ ਬੱਸਾਂ ਵਿੱਚ ਬੀੜੀ-ਸਿਗਰੇਟ ਪੀਣਾ ਮਨ੍ਹਾ ਹੁੰਦਾ ਹੈ ਪਰ ਬਹੁਤਾ ਗਿਆਨ ਨਾ ਹੋਣ ਕਰਕੇ ਹਰਿਆਣੇ ਦੇ ਪੇਂਡੂ ਇਲਾਕਿਆਂ ਵਿੱਚ ਕਈ ਵਾਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਬਹੁਤੀ ਵਾਰ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਵੀ ਨਹੀਂ ਹੁੰਦਾਹਾਂ, ਕਦੇ-ਕਦੇ ਕੁਝ ਸ਼ਰਾਰਤੀ ਬੰਦੇ ਜਾਣਬੁੱਝ ਕੇ ਵੀ ਸ਼ਰਾਰਤ ਕਰਦੇ ਹਨ ਤਾਂ ਕਿ ਲੜਾਈ-ਝਗੜੇ ਵਾਲਾ ਮਾਹੌਲ ਬਣ ਜਾਵੇ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ

ਉਹ ਬੀੜੀ ਵਾਲਾ ਬੰਦਾ ਜਿਵੇਂ ਹੀ ਬੱਸ ਵਿੱਚ ਚੜ੍ਹਿਆ ਤਾਂ ਬੱਸ ਵਿੱਚ ਅਜੀਬ ਦੀ ਮੁਸ਼ਕ ਫੈਲ ਗਈਬੱਸ ਵਿੱਚ ਬੈਠੀਆਂ ਬਹੁਤੀਆਂ ਸਵਾਰੀਆਂ ਨੂੰ ਇਸ ਗੱਲ ਦਾ ਕੋਈ ਬਹੁਤਾ ਫਰਕ ਨਾ ਪਿਆਪਰ ਗਿਆਨੀ ਜੀ ਨੂੰ ਬਹੁਤ ਬੁਰਾ ਲੱਗਿਆ ਅਤੇ ਉਹ ਅਸਹਿਜ ਹੋ ਗਏਪਾਠ ਕਰਦਿਆਂ ਉਨ੍ਹਾਂ ਦਾ ਧਿਆਨ ਭਟਕ ਗਿਆਇੰਨੀ ਦੇਰ ਨੂੰ ਉਹ ਸ਼ਖਸ ਹੱਥ ਵਿੱਚ ਬੀੜੀ ਫੜੀ ਗਿਆਨੀ ਜੀ ਦੇ ਨਾਲ ਵਾਲੀ ਸੀਟ ’ਤੇ ਆ ਕੇ ਬਹਿ ਗਿਆ ਅਤੇ ਫਿਰ ਬੀੜੀ ਪੀਣ ਲੱਗਿਆਕੁਝ ਚਿਰ ਉਡੀਕ ਤੋਂ ਬਾਅਦ ਗਿਆਨੀ ਜੀ ਨੇ ਉਸ ਬੰਦੇ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਕਾਕਾ, ਬੀੜੀ ਪੀਣੀ ਬੰਦ ਕਰ।”

ਉਹ ਅੱਗਿਓਂ ਕਹਿੰਦਾ, “ਮੈਂ ਪੈਸੇ ਖਰਚੇ ਨੇ, ਮੈਂ ਨਹੀਂ ਕਰਦਾ।”

ਗਿਆਨੀ ਜੀ ਕਹਿੰਦੇ, ‘ਤੈਨੂੰ ਪਤਾ ਨਹੀਂ ਹੈ ਕਿ ਬੱਸਾਂ ਵਿੱਚ ਇੰਝ ਬੀੜੀ-ਸਿਗਰੇਟ ਪੀਣੀ ਮਨ੍ਹਾ ਹੁੰਦੀ ਹੈ?”

ਉਹ ਫਿਰ ਵੀ ਨਾ ਮੰਨਿਆ ਅਤੇ ਤੈਸ਼ ਵਿੱਚ ਆ ਗਿਆਉਹ ਗਿਆਨੀ ਜੀ ਨੂੰ ਮੰਦਾ-ਚੰਗਾ ਬੋਲ ਪਿਆਇਹ ਸੁਣ ਕੇ ਗਿਆਨੀ ਜੀ ਨੂੰ ਵੀ ਗੁੱਸਾ ਆ ਗਿਆਜਦੋਂ ਉਸ ਬੰਦੇ ਨੇ ਗਿਆਨੀ ਜੀ ਨੂੰ ਮੰਦਾ-ਚੰਗਾ ਬੋਲਿਆ ਤਾਂ ਅੱਗਿਓਂ ਗਿਆਨੀ ਜੀ ਨੇ ਵੀ ਉਸ ਨੂੰ ਗਾਲ੍ਹ ਕੱਢ ਦਿੱਤੀ

ਗਿਆਨੀ ਜੀ ਦੇ ਮੂੰਹੋਂ ਗਾਲ੍ਹ ਸੁਣਦਿਆਂ ਹੀ ਉਹ ਬੰਦਾ ਅਚਾਨਕ ਨਰਮ ਪੈ ਗਿਆਬੀੜੀ ਨੂੰ ਬੱਸ ਦੀ ਤਾਕੀ ਵਿੱਚੋਂ ਬਾਹਰ ਸੁੱਟ ਕੇ ਉਹਨੇ ਗਿਆਨੀ ਜੀ ਦੇ ਪੈਰ ਫੜ ਲਏ ਤੇ ਕਹਿੰਦਾ, “ਗਿਆਨੀ ਜੀ, ਮੈਂ ਤਾਂ ਮੂਰਖ ਹਾਂ, ਅਨਪੜ੍ਹ ਹਾਂਮੈਂ ਕੋਈ ਗਿਆਨੀ ਵਿਅਕਤੀ ਨਹੀਂ ਪਰ ਤੁਸੀਂ ਇੰਨੇ ਗਿਆਨਵਾਨ ਹੋ, ਸਿਆਣੇ ਹੋਤੁਸੀਂ ਮੈਨੂੰ ਗਾਲ੍ਹ ਕਿਉਂ ਕੱਢੀ?”

ਗਿਆਨੀ ਜੀ ਨੂੰ ਉਸ ਬੰਦੇ ਤੋਂ ਇਸ ਤਰ੍ਹਾਂ ਦੇ ਚੰਗੇ ਵਰਤਾਓ ਦੀ ਆਸ ਉੱਕਾ ਹੀ ਨਹੀਂ ਸੀਗਿਆਨੀ ਜੀ ਵੀ ਨਰਮ ਪੈ ਗਏ ਅਤੇ ਉਨ੍ਹਾਂ ਨੂੰ ਕੋਈ ਜਵਾਬ ਨਾ ਅਹੁੜੇਇਸ ਲਈ ਉਹ ਚੁੱਪ ਧਾਰ ਗਏਉਹ ਬੰਦਾ ਫਿਰ ਬੋਲਿਆ, ‘ਗਿਆਨੀ ਜੀ, ਮੂਰਖ ਬੰਦਾ ਗਲਤੀ ਕਰੇ ਤਾਂ ਕੁਝ ਹੱਦ ਤਕ ਸਵੀਕਾਰ ਕੀਤੀ ਜਾ ਸਕਦੀ ਹੈ ਪਰ ਗਿਆਨੀ ਬੰਦਾ ਗਲਤੀ ਕਰੇ ਤਾਂ ਉਸ ਨੂੰ ਤਾਂ ਮੁੱਢੋਂ ਹੀ ਸਵੀਕਾਰ ਨਹੀਂ ਕੀਤਾ ਜਾ ਸਕਦਾ।”

ਗਿਆਨੀ ਜੀ ਨੇ ਉਸਦੀ ਗੱਲ ਸੁਣ ਕੇ ਅੱਗਿਓਂ ਹਾਂ ਵਿੱਚ ਸਿਰ ਹਿਲਾਇਆਪਰ ਉਹ ਬੰਦਾ ਕਿੱਥੇ ਮੰਨੇ? ਉਹ ਫਿਰ ਕਹਿੰਦਾ, “ਗਿਆਨੀ ਜੀ, ਜਵਾਬ ਦਿਓਮੈਂ ਤਾਂ ਮੂਰਖ ਹਾਂ ਪਰ ਤੁਸੀਂ ਗਿਆਨੀ ਹੋ ਕੇ ਵੀ ਮੈਨੂੰ ਗਾਲ੍ਹ ਕਿਉਂ ਕੱਢੀ? ਤੁਸੀਂ ਮੈਨੂੰ ਪਿਆਰ ਨਾਲ ਵੀ ਸਮਝਾ ਸਕਦੇ ਸੀਹੁਣ ਤੁਹਾਡੇ ਗਿਆਨ ਅਤੇ ਮੇਰੇ ਅਗਿਆਨ ਵਿੱਚ ਕੀ ਫਰਕ ਰਹਿ ਗਿਆ?”

ਗਿਆਨੀ ਜੀ ਕਹਿੰਦੇ, “ਬੇਟਾ, ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮੁਆਫ ਕਰੋ।”

ਉਹ ਕਹਿੰਦਾ, “ਮੈਂ ਕੌਣ ਹੁੰਦਾ ਹਾਂ ਮੁਆਫ ਕਰਨ ਵਾਲਾਤੁਸੀਂ ਗਿਆਨਵਾਨ ਹੋ ਕੇ ਗਲਤੀ ਕਰ ਸਕਦੇ ਹੋ, ਮੈਂ ਮੂਰਖ ਹੋ ਕੇ ਕਿਉਂ ਨਹੀਂ ਕਰ ਸਕਦਾ?”

ਗੱਲ ਕੀ, ਗਿਆਨੀ ਜੀ ਕਹਿੰਦੇ ਮੈਂ ਉਸ ਬੰਦੇ ਤੋਂ ਮੁਆਫ਼ੀ ਮੰਗ ਕੇ ਆਪਣੀ ਗਲਤੀ ਦਾ ਪਛਤਾਵਾ ਕੀਤਾਇਸ ਤੋਂ ਬਾਅਦ ਤਾਂ-ਉਮਰ ਮੈਂ ਆਪਣੀ ਹੱਦਬੰਦੀ ਕਦੇ ਪਾਰ ਨਹੀਂ ਕੀਤੀਹਾਂ, ਕਈ ਵਾਰ ਕੁਝ ਬੰਦੇ ਪਿਆਰ ਦੀ ਬੋਲੀ ਨਹੀਂ ਸਮਝਦੇ ਫਿਰ ਉਨ੍ਹਾਂ ਨੂੰ ਗੁੱਸੇ ਨਾਲ ਵੀ ਸਮਝਾਉਣਾ ਪੈਂਦਾ ਹੈ ਪਰ ਬੰਦੇ ਦੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਹੁੰਦਾ ਹੈ ਕਿ ਸਾਹਮਣੇ ਵਾਲੇ ਬੰਦੇ ਨਾਲ ਪਿਆਰ ਨਾਲ ਗੱਲ ਕੀਤੀ ਜਾਵੇਦੂਜੀ ਗੱਲ, ਗੁੱਸੇ ਵਿੱਚ ਵੀ ਆਪਣੀ ਮਰਯਾਦਾ ਦੀ ਉਲੰਘਣਾ ਕਰਨਾ ਸਿਆਣੇ ਬੰਦੇ ਨੂੰ ਕਦੇ ਸ਼ੋਭਾ ਨਹੀਂ ਦਿੰਦਾ

ਗਿਆਨੀ ਜੀ ਕਹਿ ਲੱਗੇ ਕਿ ਜਿਸ ਤਰ੍ਹਾਂ ਬਰਦਾਸ਼ਤ ਕਰਨ ਦੀ ਇੱਕ ਹੱਦ ਹੁੰਦੀ ਹੈ, ਉਸੇ ਤਰ੍ਹਾਂ ਕਰੋਧ ਕਰਨ ਦੀ ਵੀ ਇੱਕ ਸੀਮਾ ਹੁੰਦੀ ਹੈਦਾਇਰੇ ਤੋਂ ਪਾਰ ਕੀਤਾ ਗਿਆ ਕਰੋਧ ਵੀ ਅਕਸਰ ਨੁਕਸਾਨਦਾਇਕ ਹੀ ਸਾਬਤ ਹੁੰਦਾ ਹੈਸਿਆਣੇ ਬੰਦੇ ਨੂੰ ਕਰੋਧ ਦੀ ਅਵਸਥਾ ਵਿੱਚ ਵੀ ਚਿਤੰਨ ਰਹਿਣਾ ਚਾਹੀਦਾ ਹੈ

ਸੋ ਦੋਸਤੋ, ਇਹ ਗੱਲ ਅੱਜ ਦੇ ਪ੍ਰਸੰਗ ਵਿੱਚ ਵੀ 100 ਫ਼ੀਸਦੀ ਢੁੱਕਦੀ ਹੈਅਸੀਂ ਹਰ ਬੰਦੇ ਕੋਲੋਂ ਉਸੇ ਵਰਤਾਓ ਦੀ ਆਸ ਰੱਖਦੇ ਹਾਂ ਜਿਹੜਾ ਕਿ ਸਾਡੇ ਆਪਣੇ ਜ਼ਿਹਨ ਵਿੱਚ ਹੁੰਦਾ ਹੈਪਰ ਸਾਡੀ ਲਿਆਕਤ, ਸਿੱਖਿਆ ਅਤੇ ਪਾਲਣ-ਪੋਸਣ ਸਾਡੀ ਬੋਲੀ, ਵਰਤਾਓ ਅਤੇ ਪਹਿਰਾਵੇ ਨੂੰ ਪ੍ਰਭਾਵਿਤ ਕਰਦਾ ਹੈਕਿਸੇ ਮੂਰਖ ਬੰਦੇ ਕੋਲੋਂ ਸਿਆਣਪ ਦੀ ਆਸ ਨਿਰੀ ਮੂਰਖਤਾ ਹੀ ਕਹੀ ਜਾ ਸਕਦੀ ਹੈ ਅਤੇ ਕਿਸੇ ਸਿਆਣੇ ਬੰਦੇ ਤੋਂ ਮੂਰਖਤਾ ਦੀ ਗੱਲ ਮੁੱਢੋਂ ਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀਇਸ ਲਈ ਜੇਕਰ ਸਾਹਮਣੇ ਵਾਲਾ ਸ਼ਖਸ ਕੁਝ ਮੰਦਾ-ਚੰਗਾ ਬੋਲ ਰਿਹਾ ਹੈ ਤਾਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਉਹ ਕਿਸ ਸਮਾਜ ਦਾ ਹਿੱਸਾ ਹੋ ਸਕਦਾ ਹੈ ਉਸਦੀ ਸਿੱਖਿਆ ਕਿੰਝ ਦੀ ਹੋਈ ਹੋਵੇਗੀ, ਉਸਦਾ ਮਾਨਸਿਕਤਾ ਦਾ ਪੱਧਰ ਕੀ ਹੋਵੇਗਾ ਅਤੇ ਉਸਨੂੰ ਮਾਂ-ਬਾਪ ਕੋਲੋਂ ਕਿਹੋ ਜਿਹੇ ਸੰਸਕਾਰ ਮਿਲੇ ਹੋਣਗੇਮੂਰਖ ਬੰਦੇ ਕੋਲੋਂ ਸਿਆਣਪ ਦੀ ਆਸ ਅਸਲ ਵਿੱਚ ਮੂਰਖਤਾ ਹੀ ਹੁੰਦੀ ਹੈ, ਹੋਰ ਕੁਝ ਨਹੀਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author