NishanSRathaur7ਕਿਰਤ ਕਰਨ ਨਾਲ ਮਨੁੱਖ ਜਿੱਥੇ ਸਰੀਰਕ ਰੂਪ ਵਿੱਚ ਤੰਦਰੁਸਤ ਰਹਿੰਦਾ ਹੈ ਉੱਥੇ ਹੀ ...
(27 ਜੁਲਾਈ 2025)


ਅੱਜ ਦਾ ਯੁਗ ਤਕਨੀਕ ਦਾ ਯੁਗ ਹੈ
ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖ ਦੇ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭਵਿੱਖ ਵਿੱਚ ਹੋਰ ਜ਼ਿਆਦਾ ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨਅਜੋਕੇ ਦੌਰ ਵਿੱਚ ਮਸ਼ੀਨਾਂ ਦਾ ਬੋਲਬਾਲਾ ਵਧ ਰਿਹਾ ਹੈਖ਼ਬਰੇ ਇਸੇ ਕਰਕੇ ਅੱਜ ਦਾ ਮਨੁੱਖ ਨੈਤਿਕ (ਇਖ਼ਲਾਕੀ) ਕਦਰਾਂ-ਕੀਮਤਾਂ ਤੋਂ ਦੂਰ ਹੁੰਦਾ ਜਾ ਰਿਹਾ ਹੈਅੱਜ ਦਾ ਨੌਜਵਾਨ ਤਬਕਾ ਕਰਮ-ਧਰਮ ਨੂੰ ਸਿਰਫ਼ ਪਖੰਡ ਦਾ ਰੂਪ ਸਮਝਣ ਲੱਗਾ ਹੈਇਸਦਾ ਮੂਲ ਕਾਰਨ ਇਹ ਹੈ ਕਿ ਅੱਜ ਧਰਮ ਦੀ ਪਰਿਭਾਸ਼ਾ ਕੇਵਲ ਬਾਹਰੀ ਸਰੂਪ ਨੂੰ ਸੰਭਾਲਣ-ਪ੍ਰਚਾਰਨ ਤੀਕ ਸੁੰਗੜ ਕੇ ਰਹਿ ਗਈ ਹੈਧਰਮ ਦੇ ਅਸਲੀ ਅਰਥ ਅਤੇ ਮਨੋਰਥ ਨੂੰ ਸਮਝਿਆ ਹੀ ਨਹੀਂ ਜਾ ਰਿਹਾ ਅਤੇ ਨਾ ਹੀ ਪ੍ਰਚਾਰਿਆ ਜਾ ਰਿਹਾਖ਼ੈਰ! ਇਹ ਵੱਖਰਾ ਅਤੇ ਵਿਸ਼ਾਲ ਵਿਸ਼ਾ ਹੈ

ਭਾਈ ਕਾਨ੍ਹ ਸਿੰਘ ਨਾਭਾ ਨੇ ‘ਸ਼ਬਦ ਰਤਨਾਗਰ ਮਹਾਨਕੋਸ਼’ ਵਿੱਚ ‘ਕਿਰਤ’ ਸ਼ਬਦ ਦੇ ਅਰਥ ਕਰਮ, ਕੰਮ, ਕਰਨੀ, ਕਰਤੂਤ ਆਦਿਕ ਕੀਤੇ ਹਨਕਿਰਤ ਕਰਨਾ ਭਾਵ ਮਿਹਨਤ ਕਰਨਾਗੁਰਮਤਿ ਵਿਚਾਰਧਾਰਾ ਦੇ ਅਨੁਸਾਰ ਜਿੱਥੇ ਕਿਰਤ (ਮਿਹਨਤ) ਕਰਨੀ ਸੰਸਾਰਕ ਜੀਵਨ ਲਈ ਲਾਜ਼ਮੀ ਹੈ, ਉੱਥੇ ਹੀ ਅਧਿਆਤਮਿਕ ਜੀਵਨ ਲਈ ‘ਸ਼ਬਦ ਕਿਰਤ’ ਨੂੰ ਵੀ ਜ਼ਰੂਰੀ ਕਿਹਾ ਗਿਆ ਹੈ ਤਾਂ ਕਿ ਜੀਵਨ ਨੂੰ ਸਹੀ ਦਿਸ਼ਾ ਵਾਲੇ ਪਾਸੇ ਤੋਰਿਆ ਜਾ ਸਕੇ;

ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ
ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-418)

ਭਾਵ ਧਰਮ ਦੀ ਭੂਮੀ ’ਤੇ ਸੱਚ ਦਾ ਬੀਜ ਲਾਉਣਾ ਚਾਹੀਦਾ ਹੈ; ਇਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈਵਪਾਰੀ ਨੂੰ ਤਾਂ ਹੀ ਸਫਲ ਮੰਨਿਆ ਜਾਂਦਾ ਹੈ ਜੇਕਰ ਉਹ ਲਾਭ (ਮੁਨਾਫਾ) ਪ੍ਰਾਪਤ ਕਰੇਜਿਹੜਾ ਵਪਾਰੀ ਆਪਣੇ ਵਪਾਰ ਵਿੱਚ ਨੁਕਸਾਨ ਝੱਲਦਾ ਹੈ ਉਸ ਨੂੰ ਕਾਮਯਾਬ ਵਪਾਰੀ ਨਹੀਂ ਕਿਹਾ ਜਾ ਸਕਦਾਖ਼ੈਰ, ਗੁਰੂ ਸਾਹਿਬ ਇਹ ਵਿਚਾਰ ਅਧਿਆਤਮਿਕ ਜਗਤ ਸੰਬੰਧੀ ਪ੍ਰਗਟਾ ਰਹੇ ਹਨ ਅਤੇ ਸੱਚੇ ਨਾਮ ਦੀ ਕਿਰਤ ਕਰਨ ਦੀ ਸਿੱਖਿਆ ਦੇ ਰਹੇ ਹਨ

ਜਗਤ ਗੁਰੂ ਨਾਨਕ ਦੇਵ ਜੀ ਦੇ ਤਿੰਨ ਸ਼ਾਹਕਾਰ ਨਿਯਮ ਹਨ

1. ਕਿਰਤ ਕਰੋ,
2. ਨਾਮ ਜਪੋ,
3. ਵੰਡ ਛਕੋ

ਇਨ੍ਹਾਂ ਨਿਯਮਾਂ ਦਾ ਅਧਿਐਨ ਕਰਨ ਤੋਂ ਪਹਿਲਾ ਜਿਹੜਾ ਪ੍ਰਭਾਵ ਮਨੁੱਖੀ ਮਨ ’ਤੇ ਅਸਰ ਕਰਦਾ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਨੇ ਕਿਰਤ ਦੇ ਸੰਕਲਪ ਨੂੰ ਸਰਵੋਤਮ ਥਾਂ ’ਤੇ ਰੱਖਿਆ ਹੈਸਭ ਤੋਂ ਪਹਿਲਾਂ ਕਿਰਤ ਕਰੋ, ਫਿਰ ਨਾਮ ਜਪੋ ਅਤੇ ਆਖ਼ਰ ਵਿੱਚ ਵੰਡ ਕੇ ਛਕੋਜਿਹੜਾ ਮਨੁੱਖ ਕਿਰਤ ਕਰਦਾ ਹੈ ਭਾਵ ਮਿਹਨਤ ਕਰਦਾ ਹੈ, ਉਹੀ ਦੂਜੇ ਲੋਕਾਂ ਨਾਲ ਵੰਡ ਕੇ ਛਕ ਸਕਦਾ ਹੈਜਿਹੜਾ ਖ਼ੁਦ ਹੀ ਮੰਗ ਕੇ ਖਾ ਰਿਹਾ ਹੈ, ਉਸਦੇ ਮਨ ਵਿੱਚ ਵੰਡ ਕੇ ਛਕਣ ਦਾ ਵਿਚਾਰ ਹੀ ਪੈਦਾ ਨਹੀਂ ਹੋ ਸਕਦਾਦੂਜੀ ਗੱਲ, ਪ੍ਰਮਾਤਮਾ ਦਾ ਨਾਮ ਵੀ ਉਹੀ ਮਨੁੱਖ ਸ਼ੁੱਧ ਹਿਰਦੇ ਨਾਲ (ਅੰਤਰ ਮਨ) ਨਾਲ ਜਪ ਸਕਦਾ ਹੈ ਜਿਹੜਾ ਹੱਥੀਂ ਕਿਰਤ ਕਰਨ ਦੇ ਸੰਕਲਪ ਉੱਪਰ ਚਲਦਾ ਹੈ

ਇੱਥੇ ਖ਼ਾਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਆਪਣੀਆਂ ਰਚਨਾਵਾਂ ਵਿੱਚ ‘ਕਿਰਤ’ ਨੂੰ ਸਰਵੋਤਮ ਥਾਂ ਦਿੱਤੀ ਹੈ, ਉੱਥੇ ਹੀ ਆਪ ਹੱਥੀਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਦੇ ਰਾਹ ਪਾਉਣ ਦਾ ਯਤਨ ਵੀ ਕੀਤਾਇਸ ਸਿਧਾਂਤ ਨੂੰ ਉਨ੍ਹਾਂ ਵੱਲੋਂ ਆਪਣੀਆਂ ਪ੍ਰਚਾਰ ਯਾਤਰਾਵਾਂ ਦੀ ਸਮਾਪਤੀ ਤੋਂ ਉਪਰੰਤ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰੇ ਆਪਣੇ ਜੀਵਨ ਦੇ ਆਖ਼ਰੀ ਪੜਾਅ ਦੇ ਲਗਭਗ ਦੋ ਦਹਾਕਿਆਂ ਦੌਰਾਨ ਵਾਸਤਵਿਕ ਰੂਪ ਵਿੱਚ ਪ੍ਰਦਾਨ ਕੀਤਾ ਹੈਉਨ੍ਹਾਂ ਪ੍ਰਮਾਤਮਾ ਦੇ ਨਾਮ ਦੇ ਜਾਪ ਲਈ ਸੰਗਤ ਦੀ ਸਥਾਪਨਾ ਕੀਤੀ, ਆਪਣੇ ਖੇਤਾਂ ਵਿੱਚ ਹਲ ਚਲਾ ਕੇ ਹੱਥੀਂ ਕਿਰਤ ਵੀ ਕੀਤੀ ਅਤੇ ਪੰਗਤ (ਲੰਗਰ) ਸੰਗਤ ਸੰਸਥਾ ਦੀ ਆਰੰਭਤਾ ਕਰਕੇ ਵੰਡ ਕੇ ਛਕਣ ਦੇ ਸਿਧਾਂਤ ਨੂੰ ਅਮਲੀ ਰੂਪ ਪ੍ਰਦਾਨ ਕੀਤਾ

ਗੁਰਮਤਿ ਵਿਚਾਰਧਾਰਾ ਵਿੱਚ ਮਨੁੱਖ ਨੂੰ ਇਸ ਜੀਵਨ ਵਿੱਚ ਉੱਦਮ (ਕਿਰਤ) ਕਰਨ ਦਾ ਉਪਦੇਸ਼ ਦਿੱਤਾ ਗਿਆ ਹੈਗੁਰੂ ਸਾਹਿਬਾਨ ਨੇ ਜੰਗਲਾਂ ਵਿੱਚ ਜਾ ਕੇ ਪ੍ਰਭੂ ਦੀ ਭਗਤੀ ਕਰਨ, ਪੁੱਠੇ ਲਟਕਣ, ਘਰੋਂ ਭੱਜ ਜਾਣ ਅਤੇ ਸੰਸਾਰਕ ਤਿਆਗ ਨੂੰ ਮੂਲੋਂ ਹੀ ਰੱਦ ਕੀਤਾ ਹੈਇਸ ਜੀਵਨ ਵਿੱਚ ਮਨੁੱਖ ਨੂੰ ਪ੍ਰਮਾਤਮਾ ਦੇ ਮਿਲਾਪ ਦੇ ਯਤਨ ਕਰਨੇ ਚਾਹੀਦੇ ਹਨਪ੍ਰੰਤੂ ਸੰਸਾਰਕ ਜ਼ਿੰਮੇਵਾਰੀਆਂ ਦਾ ਪਾਲਣ ਵੀ ਕਰਨਾ ਚਾਹੀਦਾ ਹੈਗ੍ਰਹਿਸਥ ਜੀਵਨ ਜਿਊਂਦਿਆਂ ਪਤਨੀ ਅਤੇ ਬੱਚਿਆਂ ਦਾ ਪਾਲਣ-ਪੋਸਣ ਵੀ ਕਰਨਾ ਹੈ ਅਤੇ ਪ੍ਰਮਾਤਮਾ ਨੂੰ ਪਾਉਣ ਦੇ ਯਤਨ ਵੀ ਕਰਨੇ ਹਨ;

ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-1421)

ਸਰੀਰਕ ਕਿਰਤ ਜਿੱਥੇ ਸੰਸਾਰਕ ਕਾਰ-ਵਿਹਾਰ ਵਾਸਤੇ ਕਰਨੀ ਲਾਜ਼ਮੀ ਹੈ, ਉੱਥੇ ਨਾਮ ਸਿਮਰਨ ਦੀ ਆਤਮਿਕ ਕਿਰਤ ਮਨੁੱਖ ਦੀ ਆਤਮਾ ਦੀ ਸ਼ਾਂਤੀ ਦਾ ਸਹਾਰਾ ਵੀ ਬਣਦੀ ਹੈਗੁਰੂ ਸਾਹਿਬਾਨ ਤਾਂ ਮਨੁੱਖ ਨੂੰ ਆਪਣੇ ਕੰਮ ਆਪ ਕਰਨ ਦਾ ਸੰਦੇਸ਼ ਦਿੰਦੇ ਹਨਗੁਰਮਤਿ ਅਨੁਸਾਰ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਤੰਦਰੁਸਤ ਸਰੀਰ ਦਿੱਤਾ ਹੈ ਉਸ ਨੂੰ ਦੂਜਿਆਂ ਉੱਪਰ ਨਿਰਭਰ ਨਹੀਂ ਰਹਿਣਾ ਚਾਹੀਦਾਉਸ ਨੂੰ ਆਲਸ ਦਾ ਤਿਆਗ ਕਰਕੇ ਆਪਣੇ ਕਾਰਜ ਆਪ ਕਰਨੇ ਚਾਹੀਦੇ ਹਨ;

ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਏ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-474)

ਭਾਵ ਆਪਣੇ ਕੰਮ ਆਪ ਕਰਕੇ ਆਲਸ ਦਾ ਤਿਆਗ ਕਰਨਾ ਚਾਹੀਦਾ ਹੈਕਿਰਤ ਕਰਦੇ ਹੋਏ, ਸੰਸਾਰਕ ਜੀਵਨ ਜਿਊਂਦੇ ਹੋਏ, ਪ੍ਰਮਾਤਮਾ ਨੂੰ ਸੱਚੇ ਅਤੇ ਸ਼ੁੱਧ ਹਿਰਦੇ ਨਾਲ ਚੇਤੇ ਰੱਖਦੇ ਹੋਏ ਹੀ ਪ੍ਰਾਪਤ ਕੀਤਾ ਜਾ ਸਕਦਾ ਹੈਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਕੋਈ ਹੋਰ ਰਾਹ ਨਹੀਂ ਹੈ, ਵਸੀਲਾ ਨਹੀਂ ਹੈ, ਢੰਗ ਨਹੀਂ ਹੈ;

ਸਾਚ ਕਹੌਂ ਸੁਨ ਲੇਹੁ ਸਭੈ
ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ
(ਅਕਾਲ ਉਸਤਤਿ, ਗੁਰੂ ਗੋਬਿੰਦ ਸਿੰਘ ਜੀ)

ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਸੰਸਾਰਕ ਜੀਵਨ ਜਿਊਣ ਲਈ ਪ੍ਰੇਰਤ ਕਰਦੀ ਹੈਜਿਸ ਵਕਤ ਮਨੁੱਖ ਸੰਸਾਰਕ ਜੀਵਨ ਜਿਊਂਦਾ ਹੈ ਤਾਂ ਉਸ ਨੂੰ ਕਿਰਤ ਦੇ ਸੰਕਲਪ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾਜਦੋਂ ਮਨੁੱਖ ਗ੍ਰਹਿਸਥ ਜੀਵਨ ਬਤੀਤ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਸੰਸਾਰਕ ਵਸਤੂਆਂ ਦੀ ਲੋੜ ਹੁੰਦੀ ਹੈਇਨ੍ਹਾਂ ਵਸਤੂਆਂ ਨੂੰ ਪੂਰਾ ਕਰਨ ਹਿਤ ਉਹ ਕਿਰਤ ਦੇ ਰਾਹ ਤੁਰੇਗਾਇਹੀ ਗੁਰਮਤਿ ਵਿਚਾਰਧਾਰਾ ਦਾ ਸ਼ਾਹਕਾਰ ਨਿਯਮ ਹੈ;

ਕਿਰਤੁ ਪਇਆ ਨਹ ਮੇਟੈ ਕੋਇ
ਕਿਆ ਜਾਣਾ ਕਿਆ ਆਗੈ ਹੋਇ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-154)

ਅਤੇ

ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ
ਪੂਰਬਿ ਲਿਖਿਆ ਕਿਉਂ ਮੇਟੀਐ ਲਿਖਿਆ ਲੇਖੁ ਰਜਾਇ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-59)

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਜਦੋਂ ਇਹ ਵਾਕ ਦ੍ਰਿਸ਼ਟੀਗੋਚਰ ਹੁੰਦੇ ਹਨ ਤਾਂ ਸਹਿਜੇ ਹੀ ਕਿਰਤ (ਮਿਹਨਤ) ਕਰਨ ਅਤੇ ਵੰਡ ਕੇ ਛਕਣ ਦਾ ਮਹੱਤਵ ਸਮਝਿਆ ਜਾ ਸਕਦਾ ਹੈ;

ਘਾਲ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-1245)

ਇੱਥੇ ਘਾਲ ਖਾਇ ਦਾ ਮੂਲ ਭਾਵ ਜਾਂ ਪ੍ਰਯੋਜਨ ਕਿਰਤ (ਮਿਹਨਤ) ਕਰਨ ਦਾ ਸਿਧਾਂਤ ਪੇਸ਼ ਕਰਨਾ ਹੈ ਅਤੇ ‘ਹੱਥੋਂ ਦੇ’ ਦਾ ਭਾਵ ਦਾਨ ਦੇਣਾ (ਗ਼ਰੀਬ-ਗੁਰਬਿਆਂ) ਦੀ ਮਦਦ ਕਰਨਾ ਹੈਗੁਰਮਤਿ ਵਿਚਾਰਧਾਰਾ ਦਾ ਮੂਲ ਸਿਧਾਂਤ ਹੀ ਕਿਰਤ (ਮਿਹਨਤ) ਕਰਕੇ ਖਾਣਾ ਅਤੇ ਜਿਊਣਾ ਹੈ;

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉੱਤਰੀ ਚਿੰਤ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-522)

ਅਤੇ

ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ-156)

ਸੱਚੀ ਕਿਰਤ ਆਤਮਿਕ, ਸਰੀਰਕ ਅਤੇ ਸਮਾਜਿਕ ਧਰਮ ਦੀ ਨੀਂਹ ਮੰਨੀ ਜਾਂਦੀ ਹੈਇਸ ਤਰ੍ਹਾਂ ਦੀ ਕਿਰਤ (ਮਿਹਨਤ) ਲਈ ਨਿਰਛਲ ਤੇ ਇਕਾਗਰ ਮਨ, ਚੋਰੀ, ਹੱਕ-ਹਰਾਮ ਨੂੰ ਤਿਲਾਂਜਲੀ ਅਤੇ ਨਾਲ ਹੀ ਵੈਰ-ਵਿਰੋਧ ਤੋਂ ਰਹਿਤ ਭਾਈਚਾਰਕ ਸਾਂਝ ਦਾ ਹੋਣਾ ਜ਼ਰੂਰੀ ਹੈ ਤਾਂ ਹੀ ਨਾਮ, ਕਿਰਤ ਅਤੇ ਵੰਡ ਕੇ ਛਕਣ ਦੇ ਤ੍ਰੈਪੱਖੀ ਸਿਧਾਂਤ ਨੂੰ ਸੱਚੀ ਕਿਰਤ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈਗੁਰਮਤਿ ਵਿਚਾਰਧਾਰਾ ਦੇ ਅੰਤਰਗਤ ਕਿਰਤ ਦੇ ਸੰਕਲਪ ਨੂੰ ਤਵੱਜੋ ਦਿੰਦੇ ਹੋਏ ਗੁਰੂ ਸਾਹਿਬਾਨ ਨੇ ਧਰਮ ਦੇ ਨਾਮ ’ਤੇ ਹੁੰਦੇ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਆਡੰਬਰਾਂ ਨੂੰ ਵੀ ਭੰਡਿਆ ਹੈ ਤਾਂ ਕਿ ਇਨ੍ਹਾਂ ਤੋਂ ਬਚਿਆ ਜਾ ਸਕੇ ਅਤੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਪ੍ਰੇਮ-ਪੂਰਵਕ ਬਤੀਤ ਹੋ ਸਕੇਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਾਦਾ ਅਤੇ ਨੇਕ ਜੀਵਨ ਜਿਊਣ ਦੀ ਤਾਕੀਦ ਕੀਤੀ ਹੈਉਨ੍ਹਾਂ ਅਨੁਸਾਰ ਮਨੁੱਖ ਦਾ ਜਨਮ ਬਹੁਤ ਭਾਗਾਂ ਦੀ ਨਿਸ਼ਾਨੀ ਹੈ, ਇਸ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾਇਸ ਮਨੁੱਖਾ ਦੇਹੀ ਦਾ ਮੂਲ ਪ੍ਰਯੋਜਨ ਪ੍ਰਮਾਤਮਾ ਦਾ ਮਿਲਾਪ ਹੈ ਅਤੇ ਇਹ ਮਿਲਾਪ ਗ੍ਰਹਿਸਥ ਜੀਵਨ ਬਤੀਤ ਕਰਦਿਆਂ ਸੰਭਵ ਹੈ

ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਅਧਾਰ ’ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਗੁਰਮਤਿ ਵਿਚਾਰਧਾਰਾ ਵਿੱਚ ਕਿਰਤ ਦੇ ਸੰਕਲਪ ਨੂੰ ਮਹੱਤਵਪੂਰਨ ਅਤੇ ਨਵੇਕਲਾ ਸਥਾਨ ਪ੍ਰਦਾਨ ਕੀਤਾ ਗਿਆ ਹੈਕਿਰਤ ਕਰਨ ਨਾਲ ਮਨੁੱਖ ਜਿੱਥੇ ਸਰੀਰਕ ਰੂਪ ਵਿੱਚ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਮਾਨਸਿਕ ਰੂਪ ਵਿੱਚ ਵੀ ਸੁਖ ਦੀ ਅਨੁਭੂਤੀ ਪ੍ਰਾਪਤ ਹੁੰਦੀ ਹੈਕਿਰਤ ਦੇ ਸੰਕਲਪ ਦੇ ਮਾਧਿਅਮ ਦੁਆਰਾ ‘ਆਦਰਸ਼ਕ ਸਮਾਜ’ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਸਭ ਤੋਂ ਮਹਤੱਵਪੂਰਨ ਜ਼ਰੂਰਤ ਹੈਇਸ ਸਿਧਾਂਤ ’ਤੇ ਅਮਲ ਕਰਕੇ ਮਨੁੱਖ ਦੁਆਰਾ ਸੱਚੇ-ਸੁੱਚੇ ਸਮਾਜ ਦੀ ਸਿਰਜਣਾ ਵਿੱਚ ਸਾਰਥਕ ਰੋਲ ਅਦਾ ਕੀਤਾ ਜਾ ਸਕਦਾ ਹੈਪਰ, ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author