“ਪੁਸਤਕ: ਕਾਫ਼ਲਿਆਂ ’ਚ ਗੁਆਚੇ ਲੋਕ ...”
(15 ਜੂਨ 2026)
ਇਹ ਗੱਲ ਪਿਛਲੇ ਸਾਲ (2025) ਦੀ ਹੈ। ਫ਼ੌਜ ਵਿੱਚ ਸਰਵਿਸ ਕਰਦਿਆਂ ਮੈਨੂੰ ਬਹੁਤ ਵਾਰ ਟਰੇਨ ਦਾ ਸਫਰ ਕਰਨਾ ਪੈਂਦਾ ਹੈ। ਦਸੰਬਰ ਮਹੀਨੇ ਜੰਮੂ ਵਿਖੇ ਡਿਉਟੀ ’ਤੇ ਹਾਜ਼ਰ ਹੋਣ ਲਈ ਮੈਂ ਅੰਬਾਲਿਓਂ ‘ਵੰਦੇ ਭਾਰਤ’ ਟਰੇਨ ਵਿੱਚ ਸੀਟ ਬੁੱਕ ਕਰਵਾਈ ਹੋਈ ਸੀ। ਅਸਲ ਵਿੱਚ ਲੇਹ-ਲਦਾਖ ਤੋਂ ਲੈ ਕੇ ਪੁਣਛ-ਰਾਜੌਰੀ ਤਕ ਦੇ ਇਲਾਕਿਆਂ ਵਿੱਚ ਤਾਇਨਾਤ ਫ਼ੌਜੀ ਜਵਾਨਾਂ ਨੂੰ ਪਹਿਲਾਂ ਜੰਮੂ ਸ਼ਹਿਰ ਵਿਖੇ ਹੀ ਹਾਜ਼ਰ ਹੋਣਾ ਪੈਂਦਾ ਹੈ। ਹਾਂ, ਕਦੇ-ਕਦੇ ਚੰਡੀਗੜ੍ਹ ਜਾਂ ਦਿੱਲੀ ਲਈ ਵੀ ਹੁਕਮ ਹੋ ਜਾਂਦਾ ਹੈ, ਪਰ ਬਹੁਤੀ ਵਾਰ ਫ਼ੌਜੀ ਜਵਾਨ ਜੰਮੂ ਵਿਖੇ ਹੀ ਹਾਜ਼ਰ ਹੁੰਦੇ ਹਨ।
ਜੰਮੂ ਵਿਖੇ ਹਾਜ਼ਰ ਹੋਣ ਲਈ ਮੈਂ ਅੰਬਾਲਾ ਛਾਉਣੀ ਤੋਂ ‘ਵੰਦੇ ਭਾਰਤ’ ਟਰੇਨ ਵਿੱਚ ਸਵਾਰ ਹੋ ਗਿਆ। ਰੇਲਗੱਡੀ ਵਿੱਚ ਬੈਠਦਿਆਂ ਹੀ ਘਰ ਆਪਣੀ ਪਤਨੀ ਨੂੰ ਫੋਨ ਲਾ ਲਿਆ ਅਤੇ ਗੱਡੀ ਵਿੱਚ ਬੈਠਣ ਅਤੇ ਗੱਡੀ ਦੇ ਤੁਰਨ ਬਾਰੇ ਦੱਸ ਦਿੱਤਾ। ਫਿਰ ਇੱਕ-ਦੋਂਹ ਹੋਰ ਦੋਸਤਾਂ-ਮਿੱਤਰਾਂ ਦੇ ਫੋਨ ਆ ਗਏ। ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ਵਿੱਚ ਰੁੱਝਾ ਹੋਇਆ ਸਾਂ। ਮੇਰਾ ਧਿਆਨ ਇੱਧਰ-ਉੱਧਰ ਘੱਟ ਹੀ ਸੀ। ਅਸਲ ਵਿੱਚ ਘਰ ਛੱਡ ਕੇ ਜਾਣ ਕਰਕੇ ਮਨ ਰਤਾ ਉਦਾਸ ਹੁੰਦਾ ਹੈ। ਇਹ ਹਰ ਵਾਰ ਦਾ ਵਰਤਾਰਾ ਹੁੰਦਾ ਹੈ। ਪਤਾ ਹੁੰਦਾ ਹੈ ਕਿ ਹੁਣ ਤਿੰਨ-ਚਾਰ ਮਹੀਨੇ ਫਿਰ ਜੰਗਲ, ਬਰਫ ਅਤੇ ਪਹਾੜ ’ਤੇ ਰਹਿਣਾ ਪੈਣਾ ਹੈ। ਖ਼ੈਰ, ਇਹ ਫ਼ੌਜੀ ਜ਼ਿੰਦਗੀ ਹੈ, ਇਹ ਇੰਝ ਹੀ ਤੁਰੀ ਜਾਂਦੀ ਹੈ।
ਰਾਜਪੁਰਾ ਲੰਘ ਕੇ ਟਰੇਨ ਜਦੋਂ ਸਰਹਿੰਦ ਦੇ ਨੇੜੇ ਪਹੁੰਚੀ ਤਾਂ ਮੈਂ ਅਨੁਭਵ ਕੀਤਾ ਕਿ ਮੇਰੇ ਨਾਲ ਵਾਲੀ ਸੀਟ ’ਤੇ ਬੈਠੇ ਸ਼ਖਸ ਨੂੰ ਟਰੇਨ ਵਿੱਚ ਬੈਠੇ ਬਹੁਤੇ ਯਾਤਰੀ (ਖਾਸ ਕਰਕੇ ਬੀਬੀਆਂ ਅਤੇ ਬੱਚੇ) ਮੱਥਾ ਟੇਕ ਕੇ ਲੰਘ ਰਹੇ ਹਨ। ਕੋਈ ਉਨ੍ਹਾਂ ਨੂੰ ਝੁਕ ਕੇ ਨਮਸਕਾਰ ਕਰਦਾ ਅਤੇ ਕੋਈ ਮੁਸਕਰਾਕੇ ਉਨ੍ਹਾਂ ਦੇ ਕੋਲੋਂ ਲੰਘਦਾ। ਉਹ ਤਕਰੀਬਨ 70 ਕੁ ਸਾਲ ਦੇ ਬਜ਼ੁਰਗ ਵਿਅਕਤੀ ਸਨ। ਉਨ੍ਹਾਂ ਇੱਕ-ਦੋ ਵਾਰ ਮੇਰੇ ਵੱਲ ਮੁਸਕਰਾ ਕੇ ਦੇਖਿਆ। ਮੈਂ ਵੀ ਹਲਕੀ ਜਿਹੀ ਮੁਸਕਰਾਹਟ ਨਾਲ ਉਨ੍ਹਾਂ ਦਾ ਸਤਿਕਾਰ ਕੀਤਾ। ਉਹ ਮੇਰੇ ਨਾਲ ਗੱਲ ਕਰਨ ਦੇ ਚਾਹਵਾਨ ਲਗਦੇ ਸਨ ਪਰ ਮੈਂ ਫੋਨ ’ਤੇ ਆਪਣੇ ਦੋਸਤਾਂ ਨਾਲ ਗੱਲਾਂ ਵਿੱਚ ਮਸਤ ਸਾਂ।
ਮੇਰਾ ਇੱਕ ਦੋਸਤ ਫੋਨ ’ਤੇ ਕੋਈ ਹਾਸੇ ਵਾਲੀ ਗੱਲ ਸੁਣਾ ਰਿਹਾ ਸੀ। ਮੈਂ ਵੀ ਹੱਸ ਕੇ ਉਸਦੀ ਗੱਲ ਵਿੱਚ ਕੋਈ ਹੋਰ ਗੱਲ ਜੋੜੀ ਤਾਂ ਉਹ ਬਾਬਾ ਜੀ ਵੀ ਹੱਸ ਪਏ। ਫਿਰ ਮੈਨੂੰ ਅਹਿਸਾਸ ਹੋਇਆ ਕਿ ਉਹ ਪੰਜਾਬੀ ਵੀ ਸਮਝ ਸਕਦੇ ਹਨ। ਫੋਨ ਕੱਟ ਕੇ ਮੈਂ ਉਨ੍ਹਾਂ ਨੂੰ ਨਮਸਕਾਰ ਕੀਤੀ। ਉਹ ਕਹਿੰਦੇ, “ਸਰਦਾਰ ਜੀ, ਤੁਹਾਡੀ ਗੱਲ ਬਹੁਤ ਮਜ਼ੇਦਾਰ ਸੀ।” ਮੈਂ ਸ਼ੁਕਰੀਆ ਕਹਿ ਕੇ ਪੁੱਛਿਆ, ‘ਪੰਜਾਬੀ ਵੀ ਸਮਝ ਲੈਂਦੇ ਹੋ?”
ਉਹ ਕਹਿੰਦੇ, “ਮੇਰੇ ਬਹੁਤ ਸਾਰੇ ਸ਼ਿੱਸ਼ (ਭਗਤ) ਪੰਜਾਬੀ ਲੋਕ ਹੀ ਹਨ।”
ਮੈਂ ਪੁੱਛਿਆ, “ਕਿਸੇ ਡੇਰੇ ਦੇ ਆਗੂ ਹੋ ਜਾਂ ਕੋਈ ਸੰਸਥਾ ਚਲਾਉਂਦੇ ਹੋ?”
ਉਹ ਮੁਸਕਰਾਕੇ ਕਹਿੰਦੇ, “ਟਰੇਨ ਦੇ ਇਸ ਡੱਬੇ ਵਿੱਚ ਬਹੁਤੇ ਮੇਰੇ ਭਗਤ-ਮਿੱਤਰ ਹਨ ਅਤੇ ਮੈਂ ਇਨ੍ਹਾਂ ਨੂੰ ਇੱਕ ਧਾਰਮਿਕ ਸਮਾਗਮ ’ਤੇ ਜੰਮੂ ਲੈ ਕੇ ਜਾ ਰਿਹਾ ਹਾਂ।”
ਮੈਂ ਕਿਹਾ, “ਚੰਗੀ ਗੱਲ ਹੈ। ਲੋਕਾਂ ਨੂੰ ਕਰਮ-ਧਰਮ ਨਾਲ ਜੋੜਨਾ ਚਾਹੀਦਾ ਹੈ।”
ਉਹ ਅੱਗਿਓਂ ਕਹਿੰਦੇ, “ਸਰਦਾਰ ਜੀ, ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਸੀ।”
ਮੈਂ ਕਿਹਾ, “ਬਾਬਾ ਜੀ, ਉਹ ਮੇਰੇ ਮਿੱਤਰ ਹਨ। ਮੇਰੇ ਡਿਉਟੀ ਜਾਣ ਦੀ ਉਨ੍ਹਾਂ ਨੂੰ ਵੀ ਤਕਲੀਫ ਹੁੰਦੀ ਹੈ। ਹੁਣ ਅਗਲੀ ਛੁੱਟੀ ਤਕ ਇੰਤਜ਼ਾਰ ਕਰਨਾ ਪੈਣਾ ਹੈ, ਤਾਂ ਹੀ ਹਾਸੇ ਵਾਲੀਆਂ ਗੱਲਾਂ ਕਰਕੇ ਮੇਰੀ ਉਦਾਸੀ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਸਨ।”
ਇਹ ਗੱਲ ਸੁਣ ਕੇ ਉਹ ਬਜ਼ੁਰਗ ਬਾਬਾ ਜੀ ਕਹਿੰਦੇ, “ਮੈਨੂੰ ਆਪਣੀ ਜਵਾਨੀ ਦੇ ਦਿਨ ਚੇਤੇ ਆ ਗਏ ਜਦੋਂ ਮੈਂ ਆਪਣੇ ਘਰ ਤੋਂ ਦਿੱਲੀ ਪੜ੍ਹਨ ਜਾਂਦਾ ਹੁੰਦਾ ਸਾਂ।”
ਇੰਨੀ ਗੱਲਬਾਤ ਹੋਣ ਤੋਂ ਬਾਅਦ ਮੈਂ ਉਨ੍ਹਾਂ ਨਾਲ ਰਤਾ ਖੁੱਲ੍ਹ ਗਿਆ, ਇਸ ਲਈ ਮੈਂ ਸਿੱਧਾ ਹੀ ਪੁੱਛ ਲਿਆ, “ਫੇਰ ਇਹ ‘ਕਰਮ-ਧਰਮ’ ਵਾਲੇ ਕੰਮ ਵਿੱਚ ਕਿਵੇਂ ਆ ਗਏ?”
ਉਹ ਗੁੱਸੇ ਨਹੀਂ ਹੋਏ ਅਤੇ ਨਾ ਹੀ ਮੱਥੇ ’ਤੇ ਕੋਈ ਵੱਟ ਪਾਇਆ ਬਲਕਿ ਸਹਿਜਤਾ ਨਾਲ ਕਹਿੰਦੇ, “ਬੇਟਾ ਜੀ, ਲੋਕ ਤੁਹਾਨੂੰ ਖੁਦ ਹੀ ਰੱਬ ਬਣਾ ਦਿੰਦੇ ਹਨ। ਭਾਵੇਂ ਤੁਹਾਡੇ ਅੰਦਰ ਉਹ ਕਾਬਲੀਅਤ ਹੋਵੇ ਤੇ ਭਾਵੇਂ ਨਾ ਹੋਵੇ। ਤੁਸੀਂ ਉਸ ਵਿੱਚ ਕੁਝ ਨਹੀਂ ਕਰ ਸਕਦੇ।”
ਇਹ ਸੁਣ ਕੇ ਮੈਨੂੰ ਰਤਾ ਅਚੰਭਾ ਹੋਇਆ। ਉਨ੍ਹਾਂ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਕੇ ਘੁੱਟਿਆ ਅਤੇ ਮੁਸਕਰਾਕੇ ਕਿਹਾ, “ਬੇਟਾ ਜੀ, ਅੱਜ ਦੇ ਦੌਰ ਵਿੱਚ ਲੋਕ ਇੰਨੇ ਜ਼ਿਆਦਾ ਦੁਖੀ ਅਤੇ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ। ਜਦੋਂ ਇਹ ਸਹਾਰਾ ਤੁਹਾਡੇ ਕੋਲੋਂ ਮਿਲ ਜਾਂਦਾ ਹੈ ਤਾਂ ਲੋਕ ਤੁਹਾਡੇ ਸ਼ਰਧਾਲੂ ਬਣ ਜਾਂਦੇ ਹਨ, ਭਗਤ-ਮਿੱਤਰ ਬਣ ਜਾਂਦੇ ਹਨ।”
ਮੈਂ ਹਾਮੀ ਵਿੱਚ ਸਿਰ ਹਿਲਾਇਆ।
ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਕਿਹਾ, “ਹਾਂ, ਮੈਂ ਮੰਨਦਾ ਹਾਂ ਕਿ ਬਹੁਤੀ ਵਾਰ ਆਮ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਫਿਰ ਵੀ ਮਾਨਸਿਕ ਸਕੂਨ ਦੀ ਤਲਾਸ਼ ਵਿੱਚ ਲੋਕ ਭਟਕਦੇ ਫਿਰਦੇ ਹਨ। ਅੱਜ ਬਹੁਤੇ ਲੋਕਾਂ ਨੂੰ ਮਾਨਸਿਕ ਸਹਾਰੇ ਦੀ ਲੋੜ ਹੈ ਕਿਉਂਕਿ ਸ਼ਹਿਰੀ ਜ਼ਿੰਦਗੀ ਨੇ ਬੰਦੇ ਕੋਲੋਂ ਸਾਂਝੇ ਪਰਿਵਾਰ ਖੋਹ ਲਏ ਹਨ। ਹੁਣ ਵਿਅਕਤੀ ਆਪਣੇ ਦੁੱਖ ਆਪਣੇ ਵੱਡੇ-ਵਡੇਰਿਆਂ ਨੂੰ ਨਹੀਂ ਦੱਸਦਾ ਬਲਕਿ ਕਿਸੇ ਅਜਿਹੇ ਸ਼ਖਸ ਦੀ ਭਾਲ ਵਿੱਚ ਰਹਿੰਦਾ ਹੈ ਜੋ ਉਸ ਨੂੰ ਇਸ ਦੁੱਖ ਤੋਂ ਨਜਾਤ ਦਿਵਾ ਦੇਵੇ।”
ਮੈਂ ਕਿਹਾ, “ਬਿਲਕੁਲ ਠੀਕ ਕਿਹਾ ਤੁਸੀਂ। ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਬੰਦਾ ਹੋਰ ਸਹਾਰੇ ਭਾਲਦੇ ਫਿਰਦਾ ਹੈ।”
ਉਹ ਮੁਸਕਰਾ ਕੇ ਕਹਿੰਦੇ, “ਬਿਲਕੁਲ ਠੀਕ ਕਿਹਾ ਬੇਟਾ ਜੀ।”
ਮੈਂ ਉਨ੍ਹਾਂ ਨਾਲ ਗੱਲਾਂ ਵਿੱਚ ਲੱਗਾ ਹੋਇਆ ਸਾਂ ਕਿ ਮੈਨੂੰ ਮਹਿਸੂਸ ਹੋਇਆ, ਹੁਣ ਟਰੇਨ ਵਿੱਚ ਘੁੰਮਦੇ ਕੁਝ ਲੋਕ ਉਸ ਬਾਬਾ ਜੀ ਦੇ ਨਾਲ-ਨਾਲ ਮੈਨੂੰ ਵੀ ਨਮਸਕਾਰ ਕਰ ਰਹੇ ਸਨ। ਮੈਂ ਥੋੜ੍ਹੀ ਝਿਜਕ ਮਹਿਸੂਸ ਕੀਤੀ। ਬਜ਼ੁਰਗ ਬਾਬਾ ਜੀ ਨੇ ਇਹ ਸਭ ਦੇਖ ਲਿਆ। ਉਨ੍ਹਾਂ ਮੇਰਾ ਹੱਥ ਫੜਿਆ ਤੇ ਕਿਹਾ, “ਬੇਟਾ ਜੀ ਘਬਰਾਓ ਨਾ, ਹੁਣ ਤੁਹਾਡੀ ਯਾਰੀ ‘ਰੱਬ’ ਨਾਲ ਪੈ ਗਈ ਹੈ।” ਇਹ ਆਖ ਕੇ ਉਹ ਉੱਚੀ ਹੱਸ ਪਏ।
ਮੇਰੇ ਕੰਨਾਂ ਵਿੱਚ ਖੌਰੇ ਕਿੱਧਰੋਂ ਅਵਾਜ਼ ਆਈ, “ਹਰੀ ਓਮ... ਜੈ ਬਾਬਾ ਜੀ ਕੀ... ਜੈ...!!!
ਜਿਊਂਦੇ-ਵਸਦੇ ਰਹੋ ਸਾਰੇ।
* * *
ਪੁਸਤਕ: ਕਾਫ਼ਲਿਆਂ ’ਚ ਗੁਆਚੇ ਲੋਕ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਡਾ. ਨਿਸ਼ਾਨ ਸਿੰਘ ਰਾਠੌਰ ਦੀ ਨਵ ਪ੍ਰਕਾਸ਼ਤ ਪੁਸਤਕ ‘ਕਾਫ਼ਲਿਆਂ ’ਚ ਗੁਆਚੇ ਲੋਕ’ ਨੂੰ ਇੱਕ ਭਰਵੇਂ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਕਾਬਿਲੇਗੌਰ ਹੈ ਕਿ ਡਾ. ਨਿਸ਼ਾਨ ਸਿੰਘ ਰਾਠੌਰ ਭਾਰਤੀ ਫ਼ੌਜ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਇਹ ਉਨ੍ਹਾਂ ਦੀ ਛੇਵੀਂ ਪੁਸਤਕ ਹੈ ਜਿਹੜੀ ਕਿ ਪੰਜਾਬੀ ਪਾਠਕਾਂ ਨੂੰ ਸਮਰਪਤ ਕੀਤੀ ਗਈ।
ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸੁਦਰਸ਼ਨ ਗਾਸੋ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਡਿਪਟੀ ਚੇਅਰਮੈਨ ਡਾ. ਨਰਿੰਦਰ ਸਿੰਘ ਵਿਰਕ, ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ, ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਡਾ. ਗੁਰਸਾਹਿਬ ਸਿੰਘ, ਸਹਾਇਕ ਪ੍ਰੋਫੈਸਰ ਡਾ. ਬੀਰਬਲ ਸਿੰਘ, ਡਾ. ਬਲਵਾਨ ਸਿੰਘ ਔਜਲਾ, ਡਾ. ਸਿਮਰਜੀਤ ਕੌਰ, ਗੁਰਚਰਨ ਸਿੰਘ ਜੋਗੀ, ਤਰਲੋਚਨ ਮੀਰ ਆਦਿਕ ਵਿਦਵਾਨ ਮੌਜੂਦ ਸਨ।
ਜ਼ਿਕਰਯੋਗ ਹੈ ਕਿ ‘ਕਾਫ਼ਲਿਆਂ ’ਚ ਗੁਆਚੇ ਲੋਕ’ ਡਾ. ਨਿਸ਼ਾਨ ਸਿੰਘ ਰਾਠੌਰ ਦੀ ਸੱਜਰੀ ਸੰਸਮਰਣ ਪੁਸਤਕ ਹੈ ਜਿਸ ਵਿੱਚ ਉਹਨਾਂ ਨੇ ਫ਼ੌਜੀ ਜੀਵਨ ਦੀਆਂ ਘਟਨਾਵਾਂ ਨੂੰ ਕਲਮਬੱਧ ਕੀਤਾ ਹੈ। ਇਸ ਪੁਸਤਕ ਵਿੱਚ ਹਿੰਦੋਸਤਾਨ ਦੇ ਵੱਖ-ਵੱਖ ਸੂਬਿਆਂ ਦੇ ‘ਲੋਕ ਜੀਵਨ’ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 1947 ਦੀ ਵੰਡ ਦੇ ਦਰਦਨਾਕ ਵਾਕੇ ਨੂੰ ਭਾਵਪੂਰਨ ਢੰਗ ਨਾਲ ਸਿਰਜਿਆ ਗਿਆ ਹੈ, ਜਿਸਨੂੰ ਪੜ੍ਹਦਿਆਂ ਪਾਠਕ ਕਈ ਵਾਰ ਭਾਵੁਕ ਵੀ ਹੋ ਜਾਂਦਾ ਹੈ।
ਖ਼ਾਸ ਗੱਲ ਇਹ ਹੈ ਕਿ ਲੇਖਕ ਕੋਲ਼ ਲੰਮੇ ਫ਼ੌਜੀ ਜੀਵਨ ਦਾ ਅਨੁਭਵ ਹੈ ਜਿਸ ਨਾਲ ਉਸਦੀ ਲੇਖਣੀ ਵਿੱਚ ਸੰਜੀਦਗੀ ਅਤੇ ਗੰਭੀਰਤਾ ਪੜ੍ਹਨ ਨੂੰ ਮਿਲਦੀ ਹੈ। ਡਾ. ਰਾਠੌਰ ਨੇ ਜਿੱਥੇ ਪੰਜਾਬੀ ਲੋਕ ਜੀਵਨ ਨਾਲ ਸਬੰਧਤ ਬਿਰਤਾਂਤ ਸਿਰਜੇ ਹਨ, ਉੱਥੇ ਹੀ ਹੋਰ ਸੂਬਿਆਂ ਦੇ ਜੀਵਨ ਨੂੰ ਵੀ ਬਾਖ਼ੂਬੀ ਚਿੱਤਰਣ ਕੀਤਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਇਸ ਤਰ੍ਹਾਂ ਦੀ ਸਿਰਜਣਾ ਨਾਲ ਨਵਾਂ ਪ੍ਰਯੋਗ ਕੀਤਾ ਗਿਆ ਹੈ।
ਖ਼ਾਸ ਗੱਲ ਇਹ ਹੈ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਜਗਤ ਵਿੱਚ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਘਾਟ ਹੈ ਜਿਸ ਵਿੱਚ ਹੋਰ ਸੂਬਿਆਂ ਦੇ ਲੋਕ ਜੀਵਨ ਨੂੰ ਪੇਸ਼ ਕੀਤਾ ਗਿਆ ਹੋਵੇ। ਆਖ਼ਰ ਵਿੱਚ ਲੇਖਕਾਂ, ਆਲੋਚਕਾਂ ਅਤੇ ਵਿਦਿਆਰਾਥੀਆਂ ਨੇ ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਡਾ. ਹਰਵਿੰਦਰ ਸਿੰਘ ਸਿਰਸਾ, ਮਲੂਕ ਸਿੰਘ ਵਿਰਕ, ਦਰਸ਼ਨ ਸਿੰਘ ਸ਼ਾਹਬਾਦ, ਚਰਨ ਪੁਆਧੀ, ਅਨਿਲ ਖ਼ਿਆਲ ਸਮੇਤ ਪੰਜਾਬੀ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਥੀ ਮੌਜੂਦ ਸਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































