ShangaraSBhullar7ਮੈਂ ਹੁਣ ਤਕ ਅਨੇਕਾਂ ਪੁਸਤਕਾਂ ਪੜ੍ਹੀਆਂ ਹਨ ਪਰ ਕਿਸੇ ਇਕ ਪੁਸਤਕ ਵਿਚ ਵੀ ...
(24 ਨਵੰਬਰ 2017)

 

ਗੱਲ ਕੁਝ ਵਰ੍ਹੇ ਪਹਿਲਾਂ ਦੀ ਹੈ। ਮੈਂ ਉਦੋਂ ਜਲੰਧਰੋਂ ਸ਼ੁਰੂ ਹੋਏ ਇਕ ਨਵੇਂ ਪੰਜਾਬੀ ਅਖਬਾਰ ਵਿੱਚ ਕੰਮ ਕਰਦਾ ਸਾਂ। ਉੱਥੇ ਹੀ ਜਿਨ੍ਹਾਂ ਲੇਖਕਾਂ ਨਾਲ ਮੇਰਾ ਵਾਹ ਪਿਆ, ਉਨ੍ਹਾਂ ਵਿਚ ਇਕ ਡਾ. ਰਾਜਿੰਦਰ ਸਿੰਘ ਸਨ। ਮੈਂ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਨਾ ਤਾਂ ਬਹੁਤਾ ਜਾਣਦਾ ਸਾਂ ਅਤੇ ਨਾ ਹੀ ਉਨ੍ਹਾਂ ਦੀ ਕੋਈ ਲਿਖਤ ਪੜ੍ਹੀ ਸੀ। ਉਹ ਮੇਰੇ ਇਕ ਦੋਸਤ ਕਰਨਲ ਤਿਲਕ ਰਾਜ ਰਾਹੀਂ ਮੇਰੇ ਸੰਪਰਕ ਵਿਚ ਆਏ ਸਨ। ਤਿਲਕ ਰਾਜ ਤਕੜੇ ਸਾਹਿਤ ਪ੍ਰੇਮੀ ਸਨ ਅਤੇ ਮੈਂ ਉਨ੍ਹਾਂ ਨੂੰ ਉਦੋਂ ਤੋਂ ਜਾਣਦਾ ਸਾਂ ਜਦੋਂ ਉਹ ਲਗਭਗ ਡੇਢ ਦਹਾਕਾ ਪਹਿਲਾਂ ਚੰਡੀਗੜ੍ਹ ਵਿਚ ਰਹਿੰਦੇ ਸਨ। ਉਹ ਉਸ ਵੇਲੇ ਪੰਜਾਬ ਦੇ ਪੋਸਟ ਮਾਸਟਰ ਜਨਰਲ ਸਨ। ਉਨ੍ਹਾਂ ਦੀ ਬਹੁਤੀ ਨੌਕਰੀ ਫੌਜ ਵਿਚ ਸੀ ਅਤੇ ਫੌਜ ਦੇ ਕੁਝ ਅਫਸਰ ਰਿਟਾਇਰਮੈਂਟ ਦੇ ਨੇੜੇ ਇਹੋ ਜਿਹੀਆਂ ਅਸਾਮੀਆਂ ’ਤੇ ਲਾ ਦਿੱਤੇ ਜਾਂਦੇ ਸਨ।

ਇਕ ਦਿਨ ਜਦੋਂ ਉਹ ਮੈਨੂੰ ਮਿਲਣ ਆਏ ਤਾਂ ਆਪਣੇ ਨਾਲ ਡਾ. ਰਾਜਿੰਦਰ ਸਿੰਘ ਦੀਆਂ ਕੁਝ ਪੁਸਤਕਾਂ ਵੀ ਲੈ ਆਏ। ਇਨ੍ਹਾਂ ਵਿਚ ਬਹੁਤੇ ਨਾਵਲ ਸਨ ਅਤੇ ਇਕ ਵੱਡ ਅਕਾਰੀ ਨਾਵਲ ‘ਪਰਾਤੜੇ ’ਚ ਗੰਗਾ’ ਵੀ ਸੀ। ਕੁਝ ਸਮੇਂ ਪਿੱਛੋਂ ਮੈਂ ਜਦ ਉੱਥੋਂ ਵਿਹਲਾ ਹੋ ਕੇ ਚੰਡੀਗੜ੍ਹ ਆਪਣੇ ਘਰ ਪਰਤ ਆਇਆ ਸਾਂ ਤਾਂ ਕੁਝ ਚੰਗੀਆਂ ਪੁਸਤਕਾਂ ਨਾਲ ਲੈ ਆਇਆ ਸਾਂ। ਉਂਜ ਸੱਚੀ ਗੱਲ ਇਹ ਕਿ ਇਹ ਨਾਵਲ ਡੇਢ-ਦੋ ਸਾਲ ਉਂਜ ਹੀ ਪਿਆ ਰਿਹਾ। ਇਕ ਦਿਨ ਫਿਰ ਕਰਨਲ ਤਿਲਕ ਰਾਜ ਨਾਲ ਫੋਨ ’ਤੇ ਹੋਈ ਤਾਂ ਗੱਲਬਾਤ ਵਿਚ ਡਾ. ਰਾਜਿੰਦਰ ਸਿੰਘ ਦਾ ਜ਼ਿਕਰ ਛਿੜਿਆ। ਸੋਚਿਆ ਕਿ ਇਹ ਨਾਵਲ ਪੜ੍ਹ ਕੇ ਵੇਖੀਏ।

ਜਦੋਂ ਮੈਂ ਇਹ ਨਾਲ ਪੜ੍ਹਨਾ ਸ਼ੁਰੂ ਕੀਤਾ ਤਾਂ ਹੌਲੀ-ਹੌਲੀ ਮੇਰੀਆਂ ਅੱਖਾਂ ਖੁੱਲ੍ਹਣ ਲੱਗੀਆਂ ਅਤੇ ਹੈਰਾਨੀ ਇਹ ਹੋਈ ਕਿ ਇਹ ਐਵੇਂ ਹੀ ਅਣਗੌਲਿਆ ਪਿਆ ਰਿਹਾ ਹੈ। ਇਹ ਨਾਵਲ ਦੁਆਬੇ ਦੀ ਧਰਤੀ ਦੇ ਇਕ ਛੋਟੇ ਜਿਹੇ ਪਿੰਡ ਜਮਾਲਪੁਰ ਅਤੇ ਉਸ ਦੇ ਨੇੜੇ ਹੀ ਦੂਜੇ ਪਿੰਡ ਕਮਾਲਪੁਰ ਦੇ ਦੋ ਪਰਿਵਾਰਾਂ ਦੀ ਇਕ ਜੀਵੰਤ ਗਾਥਾ ਹੈ, ਜਿਹੜੀ ਕਿਰਸਾਨੀ ਨਾਲ ਤਾਂ ਬਿਨਾਂ ਸ਼ੱਕ ਜੁੜੀ ਹੋਈ ਨਹੀਂ ਜਿਵੇਂ ਕਿ ਪੰਜਾਬ ਦੇ ਬਹੁਤੇ ਨਾਵਲ ਇਸ ਪਿੱਠ ਭੂਮੀ ਵਿਚ ਲਿਖੇ ਗਏ ਹਨ ਪਰ ਇਹ ਦਰਜੀਆਂ ਦੇ ਪਰਿਵਾਰ ਦੀ ਗਾਥਾ ਹੈ। ਬਲਕਿ ਉਸ ਪਰਿਵਾਰ ਦੀ ਭਰ ਉਮਰੇ ਵਿਧਵਾ ਹੋਈ ਇਕ ਸੋਹਣੀ ਸੁਨੱਖੀ ਮੁਟਿਆਰ ਦੀ ਦੁੱਖ ਭਰੀ ਗਾਥਾ ਹੈ ਜੋ ਅਸਲ ਵਿੱਚ ਖੁਸ਼ਹਾਲੀ ਤੋਂ ਬਦਹਾਲੀ ਅਤੇ ਫਿਰ ਸਿਰੇ ਦੀ ਬਦਹਾਲੀ ਤੋਂ ਖੁਸ਼ਹਾਲੀ ਵਲ ਦੇ ਇਕ ਸਫਰ ਦੀ ਅਤਿਅੰਤ ਰਸਦਾਇਕ ਕਥਾ ਹੈ। ਇਸ ਨਾਵਲ, ਜੋ ਜੀਵਨੀ ਮੂਲਕ ਹੈ, ਵਿਚ ਲੇਖਕ ਨੇ ਇਸ ਕਦਰ ਔੌਰਤ ਮਨ, ਖਾਸ ਕਰਕੇ ਗੋਡੇ ਗੋਡੇ ਦੁਖੀ ਅਤੇ ਸਮਾਜ ਤੋਂ ਸਤਾਈ ਹੋਈ ਵਿਧਵਾ ਦੀ ਮਾਨਸਿਕ ਵੇਦਨਾ ਨੂੰ ਜਿਸ ਭਾਸ਼ਾ ਵਿਚ ਅਤੇ ਸ਼ਿੱਦਤ ਨਾਲ ਬਿਆਨ ਕੀਤਾ ਹੈ, ਉਹ ਪੜ੍ਹ ਕੇ ਆਮ ਬੰਦੇ ਦੀ ਅਕਲ ਦੰਗ ਰਹਿ ਜਾਂਦੀ ਹੈ। ਲੇਖਕ ਦਾ ਗਿਆਨ ਅਤੇ ਵਾਕਫੀ ਕਮਾਲ ਦੀ ਅਤੇ ਚਕਾਚੌਂਧ ਕਰਨ ਵਾਲੀ ਹੈ। ਇਸ ਵਿੱਚ ਲੇਖਕ ਦੀ ਮਿਹਨਤ, ਲਗਨ, ਯਾਦ ਸ਼ਕਤੀ, ਬਿਆਨ ਅਤੇ ਵੇਰਵਿਆਂ ਦਾ ਜਵਾਬ ਨਹੀਂ। ਇਹ ਅਸਲ ਵਿੱਚ ਦੁਆਬੇ ਦੇ 50 ਸਾਲ ਪਹਿਲਾਂ ਦੀ ਜਿੰਦਗੀ ਨੂੰ ਸੰਪੂਰਨ ਰੂਪ ਵਿਚ ਚਿਤਰਦੀ ਰਚਨਾ ਹੈ।

ਬਿਨਾਂ ਸ਼ੱਕ ਇਸ ਵੱਡ ਅਕਾਰੀ ਨਾਵਲ ਦੇ ਇਸ ਵਿਸ਼ਾਲ ਕੈਨਵਸ ਵਿਚ ਅਨੇਕਾਂ ਪਾਤਰਾਂ ਦੀ ਸ਼ਮੂਲੀਅਤ ਹੈ ਪਰ ਮੋਟੇ ਤੌਰ ’ਤੇ ਦੋ ਮੁੱਖ ਪਾਤਰ ਹਨ। ਅੱਛਰੀ ਅਤੇ ਉਸਦਾ ਗੋਦ ਲਿਆ ਪੁੱਤਰ ਜਿੰਦਰ ਪ੍ਰਭਜਿੰਦਰ ਸਿੰਘ ਹੈ। ਰੱਜੇ ਪੁੱਜੇ ਪਰਵਾਰ ਦੀ ਧੀ, ਜਿਸ ਦਾ ਪਹਿਲਾਂ ਨਾਂ ਜੀਣੀ ਸੀ, ਵਿਆਹ ਪਿੱਛੋਂ ਅਪੱਛਰ ਕੌਰ ਬਣ ਜਾਂਦੀ ਹੈ। ਉਹ ਸਮੇਂ ਮੁਤਾਬਿਕ ਠੀਕ ਪੜ੍ਹੀ ਲਿਖੀ ਪਰ ਹੁੰਦੜਹੇਲ ਅਤੇ ਖੂਸਬੂਰਤ ਮੁਟਿਆਰ ਹੈ। ਇਹ ਵੱਖਰੀ ਗੱਲ ਹੈ ਕਿ ਕੁਦਰਤ ਨੇ ਉਹਨੂੰ ਛੇਤੀ ਹੀ ਸੁਖਮਈ ਜੀਵਨ ਤੋਂ ਵੱਡੇ ਸੰਤਾਪ ਵਿਚ ਸੁੱਟ ਦਿੱਤਾ ਜਦ ਉਸਦੇ ਪਤੀ ਲਹਿਣਾ ਸਿੰਘ ਦੀ ਮੌਤ ਹੋ ਗਈ। ਉੱਤੋਂ ਕੁਦਰਤ ਦਾ ਇਕ ਹੋਰ ਸਿਤਮ ਕਿ ਉਹਦੇ ਘਰ ਕੋਈ ਸੰਤਾਨ ਨਹੀਂ ਸੀ। ਫਿਰ ਵੀ ਉਹਨੇ ਧੀ ਬਣ ਕੇ ਸੁਹਰੇ ਪਰਿਵਾਰ ਦੀ ਸੇਵਾ ਕੀਤੀ। ਘਰ ਵਿਚ ਆਏ ਉਸ ਦੁੱਖ ਨਾਲ ਘਰ ਦਾ ਕੰਮ ਕਾਜ ਵੀ ਮੱਠਾ ਹੁੰਦਾ ਗਿਆ ਅਤੇ ਹੌਲੀ ਹੌਲੀ ਉੱਥੇ ਗੁਰਬਤ ਦਾ ਪਹਿਰਾ ਵਾਰਾ ਹੋਣ ਲੱਗਾ। ਤਦੇ ਸ਼ਰੀਕੇ ਵਿੱਚੋਂ ਉਹਦੇ ਜੇਠ ਸੰਤਾ ਸਿੰਘ ਨੇ ਆਪਣਾ ਪੁੱਤਰ ਉਹਦੀ ਝੋਲੀ ਪਾ ਦਿੱਤਾ ਤਾਂ ਕਿ ਉਹਦੀ ਜ਼ਿੰਦਗੀ ਦੀ ਤੋਰ ਤੁਰਦੀ ਰਹੇ। ਉਹਨੇ ਆਪਣੇ ਆਪ ਨੂੰ ਸਮਾਜ ਦੀਆਂ ਕੋਝੀਆਂ ਨਜ਼ਰਾਂ ਤੋਂ ਹਰ ਤਰ੍ਹਾਂ ਬਚਾ ਕੇ ਆਪਣੇ ਪੁੱਤਰ ਦੀ ਬੜੇ ਦੁੱਖ ਭਰੇ ਹਾਲਾਤ ਵਿਚ ਪਰਵਰਿਸ਼ ਕੀਤੀ। ਇਹੀਓ ਪੁੱਤਰ ਜਦੋਂ ਦੁੱਖਾਂ ਤਕਲੀਫਾਂ ਦੇ ਡੂੰਘੇ ਸਾਗਰ ਪਾਰ ਕਰਦਾ ਹੋਇਆ ਆਪਣੀ ਮਾਂ ਦੀ ਜਾਨ ਵਾਰ ਦੇਣ ਵਾਲੀ ਕੁਰਬਾਨੀ ਤੋਂ ਪ੍ਰਭਾਵਤ ਹੁੰਦਾ ਹੋਇਆ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਲੱਗ ਗਿਆ ਤਾਂ ਉਸੇ ਅੱਛਰੀ ਦੇ ਦਿਨ ਫਿਰਨ ਲੱਗੇ। ਅਪੱਛਰਾ ਕੌਰ ਉਹਦਾ ਨਾਂ ਉਦੋਂ ਸਹੁਰੇ ਪਰਿਵਾਰ ਨੇ ਰੱਖਿਆ ਸੀ ਜਦੋਂ ਪਿੰਡ ਦੀਆਂ ਔੌਰਤਾਂ ਨੇ ਵਿਆਹ ਕੇ ਆਈ ਉਸ ਮੁਟਿਆਰ ਨੂੰ ਇੰਦਰ ਦੇ ਅਖਾੜੇ ਦੀ ਅਪੱਛਰਾਂ ਨਾਲ ਜੋੜ ਕੇ ਉਹਦੀ ਖੂਬਸੂਰਤੀ ਦੀ ਤਾਰੀਫ ਕੀਤੀ ਸੀ।

ਦਿਲਚਸਪ ਅਤੇ ਹੈਰਾਨੀ ਵਾਲੀ ਗੱਲ ਇਹ ਕਿ ਇਸ ਨਾਵਲ ਦਾ ਕੁਝ ਹਿੱਸਾ ਮਾਂ ਪੁੱਤ ਦੇ ਆਪਸੀ ਵਾਰਤਾਲਾਪ ਦਾ ਹੈ। ਇਸ ਵਿਚ ਮਾਂ ਨੇ ਪੁੱਤਰ ਕੋਲੋਂ ਕਦੀ ਵੀ ਕੁਝ ਲੁਕਾਇਆ ਨਹੀਂ। ਵਿਧਵਾ ਮਾਂ ਦੇ ਇਸੇ ਨੇਕ ਚਲਣੀ ਵਾਲੇ ਵਿਹਾਰ ’ਤੇ ਹੀ ਪੁੱਤਰ ਉਹਦੇ ਵਾਰੇ ਵਾਰੇ ਜਾਂਦਾ ਹੈ। ਆਪਣੀ ਮਾਂ ਨੂੰ ਹੀ ਉਹ ਆਪਣੇ ਘਰ ਵਿਚ ਵਹਿੰਦੀ ਪਵਿੱਤਰ ਨਦੀ ਗੰਗਾ ਮੰਨਦਾ ਹੈ। ਸੋ ਇਹ ਨਾਵਲ ਬੜੀ ਗੰਭੀਰ ਵਿਚਾਰਧਾਰਾ ਪੇਸ਼ ਕਰਦਾ ਹੈ ਅਤੇ ਲੇਖਕ ਨੇ ਇਸ ਨੂੰ ਜਿਸ ਵਿਸਥਾਰ ਨਾਲ ਬਿਆਨਿਆ ਹੈ ਉਸ ਤੋਂ ਸ਼ੱਕ ਹੁੰਦਾ ਹੈ ਕਿ ਇਹ ਉਸਦੀ ਆਪਣੀ ਜੀਵਨ ਗਾਥਾ ਹੀ ਹੈ। ਇਸਦੀ ਪੁਸ਼ਟੀ ਇਸ ਨਾਵਲ ਦੇ ਸਮਰਪਨ ਸ਼ਬਦਾਂ ਤੋਂ ਵੀ ਹੁੰਦੀ ਹੈ ਜਿਸ ਵਿਚ ਉਹ ਮਾਂ ਉਹਦੀ ਪਿਤਾ ਵੀ ਸੀ ਅਤੇ ਰੱਬ ਵੀ ਸੀ। ਇਹੋ ਜਿਹੇ ਸ਼ਬਦ ਲਿਖਤ ਵਿਚ ਵੀ ਮਾਂ ਪੁੱਤ ਦੇ ਵਾਰਤਾਲਾਪ ਵਿਚ ਵੀ ਮਿਲਦੇ ਹਨ। ਤਾਂ ਵੀ ਪੁੱਤਰ ਨੇ ਜਿਸ ਕਦਰ ਪੜ੍ਹਦਿਆਂ ਅਤੇ ਫਿਰ ਨੌਕਰੀ ਕਰਦਿਆਂ ਮਾਂ ਦੀ ਸੇਵਾ ਕੀਤੀ ਉਸਦੀ ਮਿਸਾਲ ਕਿਤੇ ਘੱਟ ਹੀ ਮਿਲਦੀ ਹੈ।

ਇਸ ਨਾਵਲ ਦੀ ਕਹਾਣੀ ਲੇਖਕ ਦੇ ਮਨ ਵਿਚ ਉਦੋਂ ਹੀ ਰਿੜਕੀ ਜਾਣ ਲੱਗੀ ਸੀ ਜਦੋਂ ਉਹ ਇੱਧਰ ਉੱਧਰ ਦੇ ਧੱਕੇ ਧੋੜੇ ਖਾ ਕੇ ਦਿੱਲੀ ਵਿੱਚ ਨੌਕਰੀ ਕਰਨ ਲੱਗਦਾ ਹੈ। ਉੱਥੇ ਹੀ ਉਹਦਾ ਵਾਹ ਕੁਝ ਲੇਖਕਾਂ ਨਾਲ ਪਿਆ। ਤਾਂ ਵੀ ਕਈ ਵਰ੍ਹਿਆਂ ਪਿੱਛੋਂ ਜਾ ਕੇ ਕਿਤੇ ਇਸ ਕਹਾਣੀ ਨੇ ਨਾਵਲੀ ਰੂਪ ਧਾਰਿਆ ਜਿਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ ਹੈ। 247 ਪੰਨਿਆਂ ਵਿੱਚ ਫੈਲੀ ਇਹ ਵੱਖਰੀ ਕਿਸਮ ਦੀ ਰਚਨਾ ਹੈ ਅਤੇ ਨਿਵੇਕਲੀ ਸ਼ੈਲੀ ਨੂੰ ਪ੍ਰਗਟਾਉਂਦੀ ਹੈ। ਇਸ ਵਿਚ ਸਮੇਂ ਤੇ ਪ੍ਰਸਥਿਤੀਆਂ ਮੁਤਾਬਕ ਲੱਛੇਦਾਰ ਮੁਹਾਵਰਿਆਂ ਦਾ ਜ਼ਿਕਰ ਹੈ। ਮੈਂ ਹੁਣ ਤਕ ਅਨੇਕਾਂ ਪੁਸਤਕਾਂ ਪੜ੍ਹੀਆਂ ਹਨ ਪਰ ਕਿਸੇ ਇਕ ਪੁਸਤਕ ਵਿਚ ਵੀ ਏਨੇ ਖੂਬਸੂਰਤ ਅਤੇ ਢੁੱਕਵੇਂ ਮੁਹਾਵਰਿਆਂ ਦੀ ਵਰਤੋਂ ਨਹੀਂ ਪੜ੍ਹੀ ਹੋਵੇਗੀ। ਉਂਜ ਇਸ ਨਾਵਲ ਨੂੰ ਲਿਖਤੀ ਰੂਪ ਦੇਣ ਲਈ ਪ੍ਰਸਿੱਧ ਕਥਾ ਲੇਖਿਕਾ ਬਚਿੰਤ ਕੌਰ ਦੀ ਸਵੈ-ਜੀਵਨੀ ‘ਪਗਡੰਡੀਆਂ’ ਵੀ ਆਧਾਰ ਬਣੀ। ਮੋਟੇ ਤੌਰ ’ਤੇ ਇਹ ਨਾਵਲ ਦੁਆਬੇ ਦੇ ਇਸ ਖੇਤਰ ਦੀ ਲਗਪਗ ਅੱਧੀ ਸਦੀ ਦੀ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਇਤਿਹਾਸ ਦੀ ਤਸਵੀਰ ਹੈ।

ਡਾ. ਰਾਜਿੰਦਰ ਸਿੰਘ ਨੂੰ ਇਸ ਵੱਡਮੁਲੀ ਲਿਖਤ ਲਈ ਵਧਾਈ ਅਤੇ ਦੇ ਨਾਲ ਹੀ ਪਾਠਕਾਂ ਨੂੰ ਇਹ ਨਾਵਲ ਜ਼ਰੂਰ ਪੜ੍ਹਨ ਲਈ ਮੇਰੇ ਵੱਲੋਂ ਸਿਫਾਰਿਸ਼ ਹੈ।

*****

(906)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author