ShangaraSBhullar7ਉਹਨੇ ਪੱਤਰਕਾਰੀ ਵਿਚ ਤਾਂ ਨਾਂ ਕਮਾਇਆ ਹੀ ਸਗੋਂ ਸ਼ਾਇਰੀ ਅਤੇ ਕਲਾ ਵਿਚ ਵੀ ਜ਼ਿਕਰਯੋਗ ਪ੍ਰਾਪਤੀ ਕੀਤੀ ਹੈ ...
(17 ਮਈ 2017)

 

TurGayeYaar2ShamSingh7ਸ਼ਾਮ ਸਿੰਘ ਅਤੇ ਸ਼ਾਮ ਸਿੰਘ ‘ਅੰਗ ਸੰਗ’ ਇੱਕੋ ਬੰਦਾ ਹੈ ਅਤੇ ਉਹ ਬੜਾ ਹੀ ਮੌਜੀ ਬੰਦਾ ਹੈ। ਸ਼ਾਇਰੀ ਉਹਨੂੰ ਉੱਤਰਦੀ ਹੈ। ਗੱਲਾਂ ਉਹਨੂੰ ਫੁਰਦੀਆਂ ਹਨ। ਜੇ ਇਕ-ਅੱਧੀ ਗਲਾਸੀ ਖੜਕਾ ਲਈ ਹੋਵੇ, ਫੇਰ ਤਾਂ ਰੱਬ ਈ ਰਾਖਾ। ਕਿਸੇ ਮਹਿਫਲ ਵਿਚ ਗਾਇਕ ਹੋਵੇ ਨਾ ਹੋਵੇ ਉਹ ਖੁਦ ਬਖੁਦ ਇਸਦਾ ਪ੍ਰਬੰਧ ਕਰ ਲੈਂਦਾ ਹੈ ਅਤੇ ਸਮਝੋ ਸਟੇਜ ਪੂਰੀ ਤਰ੍ਹਾਂ ਉਹਦੇ ਹੱਥ ਹੁੰਦੀ ਹੈ। ਇਸ ਵੇਲੇ ਉਹਦੀ ਸ਼ਾਇਰੀ ਦਾ ਰੰਗ ਹੋਰ ਗੂੜ੍ਹਾ ਹੋ ਜਾਂਦਾ ਹੈ ਅਤੇ ਬਹੁਤੀ ਵਾਰ ਉਹ ਸ਼ਾਇਰੀ ਤੋਂ ਸ਼ੁਰੂ ਕਰਕੇ ਗਾਇਕੀ ਤੱਕ ਜਾ ਅੱਪੜਦਾ ਹੈ। ਲਤੀਫੇ ਵੀ ਉਹਨੂੰ ਚੰਗੇ ਉੱਤਰਦੇ ਹਨ। ਬਸ ਫਿਰ ਸਮਝੋ ਜੋ ਆਇਆ ਉਹ ਸਭ ਨਾਲ ਵੰਡਿਆ-ਵਰਤਾਇਆ ਜਾਂਦਾ ਹੈ, ਭਾਵੇਂ ਕਿਸੇ ਨੂੰ ਚੰਗਾ ਲੱਗੇ ਜਾਂ ਨਾ। ਉਹਦੇ ਕੋਲ ਸ਼ਾਇਰੀ ਦੀਆਂ, ਗੀਤਾਂ ਦੀਆਂ, ਗ਼ਜ਼ਲਾਂ ਦੀਆਂ ਅਤੇ ਬੈਂਤਾਂ ਦੀਆਂ ਕਈ ਵੰਨਗੀਆਂ ਹਨ। ਤੁਸੀਂ ਇਕ ਵਾਰੀ ਇਸ਼ਾਰਾ ਜਿਹਾ ਕਰੋ ਤਾਂ ਸਭ ਕੁਝ ਹਾਜ਼ਰ ਹੈ। ਕਦੀ ਕਦੀ ਤਾਂ ਉਹ ਮਸਤੀ ਵਿਚ ਆਇਆ ਲਗਦਾ।

ਉਹ ਹਰ ਵੇਲੇ ਕੁਝ ਨਵਾਂ ਸਿਰਜਣ ਦੇ ਆਹਰ ਵਿਚ ਰਹਿੰਦਾ ਹੈ, ਜਾਗਦਾ ਹੋਇਆ ਤੇ ਸੁੱਤਾ ਹੋਇਆ ਵੀ। ਹੁਣੇ ਜਿਹੇ ਉਹਨੇ ਪੰਜਾਬੀ ਸਾਹਿਤ ਦੀ ਝੋਲ਼ੀ ਬੜੀ ਨਿਵੇਕਲੀ ਕਿਰਤ ਪਾਈ ਹੈ। ਨਾਂ ਹੈ ਇਹਦਾ ‘ਤੁਰ ਗਏ ਯਾਰ ਨਿਰਾਲੇ। ਇਹ ਸਹੀ ਅਰਥਾਂ ਵਿਚ ਉਹਦੇ ਜਾਣੂ ਪਛਾਣੂ ਅਤੇ ਕੁਝ ਆਪਣੇ ਸਮਿਆਂ ਦੀਆਂ ਪ੍ਰਸਿੱਧ ਅਤੇ ਚਰਚਿਤ ਸ਼ਖਸੀਅਤਾਂ ਨੂੰ ਸ਼ਾਇਰੀ ਦੀ ਬੈਂਤ ਵਿਧਾ ਵਿਚ ਦਿੱਤੀ ਗਈ ਸ਼ਰਧਾਂਜਲੀ ਹੈ। ਮੈਨੂੰ ਨਹੀਂ ਲਗਦਾ ਕਿ ਪੰਜਾਬੀ ਸਾਹਿਤ ਵਿਚ ਇਸ ਤਰ੍ਹਾਂ ਦੀ ਪਹਿਲਾਂ ਕੋਈ ਮਰਸੀਆ ਨੁਮਾ ਕਿਤਾਬ ਹੋਵੇ, ਉਹ ਵੀ ਕਵਿਤਾ ਵਿੱਚ। ਦੋ ਵੀਹਾਂ ਅਤੇ ਤਿੰਨ ਉੱਪਰ ਅਜਿਹੇ ਚਿਹਰੇ ਹਨ ਜਿਨ੍ਹਾਂ ਦੇ ਸ਼ਬਦ ਚਿੱਤਰ ਉਨ੍ਹਾਂ ਦੇ ਤੁਰ ਜਾਣ ਪਿੱਛੋਂ ਸ਼ਾਮ ਸਿੰਘ ਨੇ ਉਲੀਕੇ ਹਨ ਅਤੇ ਸ਼ਾਇਰੀ ਵਿਚ ਉਲੀਕੇ ਹਨ। ਇਨ੍ਹਾਂ ਚਿਹਰਿਆਂ ਵਿਚ ਭਗਤ ਪੂਰਨ ਸਿੰਘ ਤੋਂ ਸ਼ੁਰੂ ਕੀਤਾ ਗਿਆ ਹੈ। ਹੋਰ ਮਹਾਨ ਚਿਹਰਿਆਂ ਵਿਚ ਦਵਿੰਦਰ ਸਤਿਆਰਥੀ, ਪ੍ਰੋ. ਸਾਹਿਬ ਸਿੰਘ, ਸਾਧੂ ਸਿੰਘ ਹਮਦਰਦ, ਬਲਵੰਤ ਗਾਰਗੀ, ਨੇਕ ਚੰਦ, ਸ. ਗੁਰਨਾਮ ਸਿੰਘ ਡੇਰਾ ਬਸੀ, ਡਾ. ਹਰਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਜਸਪਾਲ ਭੱਟੀ, ਜਗਦੇਵ ਸਿੰਘ ਜੱਸੋਵਾਲਡਾ. ਐੱਮ ਐੱਸ ਰੰਧਾਵਾ, ਰਾਮ ਸਰੂਪ ਅਣਖੀ, ਹਰਭਜਨ ਸਿੰਘ ਹਲਵਾਰਵੀ, ਬਾਬਾ ਗੁਰਬਖਸ਼ ਸਿੰਘ ਬੰਨੂਆਣਾ, ਦਲਬੀਰ ਅਤੇ ਨਰਿੰਦਰ ਸਿੰਘ ਸਿੱਟਾ ਐਡਵੋਕੇਟ ਆਦਿ ਹਨ। ਇਨ੍ਹਾਂ ਸ਼ਖਸੀਅਤਾਂ ਵਿਚ ਜ਼ਿਆਦਾ ਲੇਖਕ, ਵਿਦਵਾਨ, ਕਲਾਕਾਰ ਅਤੇ ਅਫਸਰ। ਹਰ ਸ਼ਖ਼ਸ ਦਾ ਮਰਸੀਆ ਲਿਖਣ ਲੱਗਿਆਂ ਉਹਨੇ, ਉਹਦੇ ਨਾਲ ਪੂਰਾ ਇਨਸਾਫ ਕੀਤਾ। ਕੋਈ ਵੀ ਮਰਸੀਆਂ ਪੜ੍ਹਨ ਲੱਗ ਪਵੋ, ਉਸ ਦਾ ਸਾਰਾ ਜੀਵਨ ਅਤੇ ਕੰਮ ਨਾਲ ਹੀ ਸਪਸ਼ਟ ਨਜ਼ਰ ਆ ਜਾਂਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਪੜ੍ਹ ਕੇ ਮਨ ਵੈਰਾਗ ਮਈ ਅਵਸਥਾ ਵਿਚ ਤਾਰੀ ਹੋਣ ਲਗਦਾ ਹੈ।

ਕਿਸੇ ਵਿਅਕਤੀ ਦਾ ਸ਼ਬਦ ਜਾਂ ਰੇਖਾ ਚਿੱਤਰ ਅਸਲ ਵਾਰਤਕ ਵਿਚ ਹੀ ਲਿਖਿਆ ਜਾ ਸਕਦਾ ਹੈ, ਭਾਵੇਂ ਉਸ ਨੂੰ ਸ਼ਾਇਰੀ ਵਿਚ ਬਿਆਨਣਾ ਅਸੰਭਵ ਤਾਂ ਨਹੀਂ ਪਰ ਰਤਾ ਔਖਾ ਜ਼ਰੂਰ ਹੈ। ਕਿਸੇ ਵੀ ਲੇਖਕ ਜਾਂ ਪੱਤਰਕਾਰ ਬਾਰੇ ਮਰਸੀਆ ਪੜ੍ਹਕੇ ਲਗਦਾ ਹੈ ਜਿਵੇਂ ਉਹਨੇ ਇਹ ਬਹੁਤ ਹੀ ਆਸਾਨੀ ਨਾਲ ਲਿਖਿਆ ਹੋਵੇ। ਅਸਲ ਵਿਚ ਇਹ ਲਿਖਤ ਬਹੁਤ ਹੀ ਪ੍ਰਸ਼ੰਸਾਯੋਗ ਹੈ। ਉਂਝ ਵੀ ਸ਼ਾਇਰੀ ਮਾਨਣਯੋਗ ਹੁੰਦੀ ਹੈ। ਇਹ ਰਚਨਾ ਚੂੰਕਿ ਸ਼ਾਇਰੀ ਦੀ ਬੈਂਤ ਵਿਧਾ ਵਿਚ ਹੈ, ਇੱਥੇ ਇਸ ਬਾਰੇ ਇਕ ਹੋਰ ਗੱਲ ਚੇਤੇ ਆਈ ਹੈ, ਉਹ ਇਹ ਕਿ ਵਾਰਿਸ ਸ਼ਾਹ ਨੇ ਆਪਣੇ ਕਿੱਸੇ ਦੇ ਸ਼ੁਰੂ ਵਿਚ ਲਿਖਿਆ ਹੈ ਕਿ ਉਸਨੇ ਕਿਸੇ ਦੇ ਕਹਿਣ ਉੱਤੇ ਇਹ ਰਚਨਾ ਲਿਖੀ, ਜਿਹੜੀ ਹੁਣ ਤੱਕ ਵੀ ਪੰਜਾਬੀ ਕਾਵਿ ਜਗਤ ਵਿਚ ਇਕ ਲਾਮਿਸਾਲ ਰਚਨਾ ਬਣੀ ਹੋਈ ਹੈ। ਸ਼ਾਮ ਸਿੰਘ ਨੇ ਵੀ ਮਰਸੀਏ ਵਾਲੀ ਇਹ ਕਿਤਾਬ ਆਪਣੇ ਦੋ ਮਿੱਤਰਾਂ, ਇੰਜਨੀਅਰ ਗੁਰਦਰਸ਼ਨ ਸਿੰਘ ਡੇਰਾਬੱਸੀ ਅਤੇ ਬਲਵਿੰਦਰ ਸਿੰਘ ਉੱਤਮ ਦੇ ਕਹਿਣ ਤੇ ਲਿਖੀ। ਹੈ।

ਸ਼ਾਮ ਸਿੰਘ ਦੀ ਇਹ ਕੋਈ ਪਹਿਲੀ ਕਿਤਾਬ ਨਹੀਂ, ਇਸ ਤੋਂ ਪਹਿਲਾਂ ਉਹ ਘੱਟੋ-ਘੱਟ ਸੱਤ ਅੱਠ ਕਿਤਾਬਾਂ ਛਪਵਾ ਚੁੱਕਾ ਹੈ। ਇਨ੍ਹਾਂ ਵਿਚ ਕਾਵਿ ਸੰਗ੍ਰਹਿ ਵੀ ਹੈ ਅਤੇ ਲੇਖ ਸੰਗ੍ਰਹਿ ਵੀ ਅਤੇ ਸ. ਗੁਰਨਾਮ ਸਿੰਘ ਡੇਰਾਬੱਸੀ ਵਾਲਿਆਂ ਦੀ ਜੀਵਨੀ ਵੀ। ਇੱਕ ਕਿਤਾਬ ਦਾ ਉਹਨੇ ਅਨੁਵਾਦ ਕੀਤਾ ਹੈ।

ਸ਼ਾਮ ਸਿੰਘ ਨੂੰ ਮੈਂ ਲਗਪਗ ਸਾਢੇ ਤਿੰਨ ਦਹਾਕਿਆਂ ਤੋਂ ਜਾਣਦਾ ਹਾਂ। ਜਦੋਂ 1982 ਵਿਚ ਮੈਂ ਦਿੱਲੀਉਂ, ਚੰਡੀਗੜ੍ਹ ਆ ਕੇ ‘ਪੰਜਾਬੀ ਟ੍ਰਿਬਿਊਨਦੇ ਪਰਵਾਰ ਵਿਚ ਸ਼ਾਮਲ ਹੋਇਆ ਸਾਂ, ਸ਼ਾਮ ਸਿੰਘ ਇੱਥੇ ਹੀ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਉਹ ਲੁਧਿਆਣੇ ਦੇ ਇਕ ਕਾਲਜ ਵਿਚ ਧਾਰਮਿਕ ਸਾਹਿਤ ਦਾ ਪ੍ਰੋਫੈਸਰ ਸੀ ਪਰ ਪੱਤਰਕਾਰੀ ਵਾਲੇ ਪਾਸੇ ਆ ਕੇ ਉਹਨੇ ਪੱਤਰਕਾਰੀ ਵਿਚ ਤਾਂ ਨਾਂ ਕਮਾਇਆ ਹੀ ਸਗੋਂ ਸ਼ਾਇਰੀ ਅਤੇ ਕਲਾ ਵਿਚ ਵੀ ਜ਼ਿਕਰਯੋਗ ਪ੍ਰਾਪਤੀ ਕੀਤੀ ਹੈ। ਸੱਚੀ ਗੱਲ ਇਹ ਹੈ ਕਿ ‘ਪੰਜਾਬੀ ਟ੍ਰਿਬਿਊਨਵਿਚ ਇੱਕ ਵੇਲੇ ਮੇਰੀ ਤੇ ਸ਼ਾਮ ਸਿੰਘ ਦੀ ਦੇਸੀ ਜੋੜੀ ਸੀ। ਮੈਂ ਐਡੀਟਰ ਸਾਂ ਤੇ ਉਹ ਨਿਊਜ਼ ਐਡੀਟਰ, ਆਪਸੀ ਸਾਂਝ ਹੁਣ ਵੀ ਹੈ। ਇੱਕੋ ਸ਼ਹਿਰ ਰਹਿੰਦੇ ਹਾਂ ਅਤੇ ਉਹਦੇ ਨਾਲ ਕਿਤੇ ਨਾ ਕਿਤੇ ਮੁਲਾਕਾਤ ਹੋ ਹੀ ਜਾਂਦੀ ਹੈ। ਇੱਕ ਇਹੋ ਜਿਹੀ ਮੁਲਾਕਾਤ ਵਿਚ ਇੱਕ ਹੋਰ ਦੋਸਤ ਨੇ ਉਹਦੇ ਕੋਲੋਂ ਉਹਦੇ ਘਰ ਦਾ ਪਤਾ ਪੁੱਛਿਆ ਤਾਂ ਉਹ ਤੁਰਤ ਕਹਿਣ ਲੱਗਾ - ‘ਸ਼ਾਮ ਸਿੰਘ ਦਾ ਪਤਾ ਹੈ ਕੀ, ਵੀਹ ਸੌ ਵੀਹ ਪੰਜਤਾਲੀ ਸੀ। ਭਾਵ ਮਕਾਨ ਨੰਬਰ 2020/ ਸੈਕਟਰ 45 ਸੀ।

ਸ਼ਾਮ ਸਿੰਘ ਦੀ ਕਿਤਾਬ ਦਾ ਸਵਾਗਤ ਹੈ। ਮੇਰੀ ਜਾਚੇ ਇਹ ਪੁਸਤਕ ਇਕ ਦਿਨ ਰੈਫਰੈਂਸ ਬੁੱਕ ਬਣ ਜਾਵੇਗੀ। ਮੈਂ ਇਸ ਦਾ ਪੂਰਾ ਆਨੰਦ ਮਾਣਿਆ ਹੈ, ਤੁਸੀਂ ਵੀ ਜ਼ਰੂਰ ਮਾਣਿਉਂ।

*****

(704)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author