ShangaraSBhullar7ਇੱਧਰ ਸੁਖਪਾਲ ਸਿੰਘ ਖਹਿਰਾ ਨਾ ਕੇਵਲ ਪੰਜਾਬ ਵਿਧਾਨ ਸਭਾ ਦੇ ਅੰਦਰ ਹੀ, ਸਗੋਂ ਬਾਹਰ ਵੀ ...
(2 ਅਗਸਤ 2017)

 

SukhpalSKhehra1ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਲੀਡਰ ਬਣ ਗਿਆ ਹੈ। ਸਾਫ ਹੈ ਕਿ ਇਸ ਨਾਲ ਆਮ ਆਦਮੀ ਪਾਰਟੀ ਤਾਂ ਮਜ਼ਬੂਤ ਹੋਵੇਗੀ ਹੀ ਸਗੋਂ ਮੋਟੇ ਤੌਰ ’ਤੇ ਸਮੁੱਚੀ ਵਿਰੋਧੀ ਧਿਰ ਹੀ ਤਕੜੀ ਹੋਵੇਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਇੱਥੇ ਦੋ ਵਿਰੋਧੀ ਧਿਰਾਂ ਹਨ। ਇਕ ਆਮ ਆਦਮੀ ਪਾਰਟੀ ਅਤੇ ਦੂਜੀ ਸ਼੍ਰੋਮਣੀ ਅਕਾਲੀ ਦਲ। ਹੁਣ ਤਕ ਹੁੰਦਾ ਕੀ ਰਿਹਾ ਹੈ ਕਿ ਵਿਧਾਨ ਸਭਾ ਵਿਚ ਇਕ ਹੀ ਵਿਰੋਧੀ ਧਿਰ ਰਹੀ ਹੈ। ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਅਤੇ ਭਾਵੇਂ ਕਾਂਗਰਸ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਹੁਤਾ ਸਮਾਂ ਹਕੂਮਤ ਕਾਂਗਰਸ ਨੇ ਕੀਤੀ ਹੈ ਅਤੇ ਉਸ ਪਿੱਛੋਂ ਇਕ ਐਸਾ ਸਮਾਂ ਆਇਆ ਜਦੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਾਰੋ ਵਾਰੀ ਹਕੂਮਤ ਕਰਨ ਲੱਗੀਆਂ। ਦਿਲਚਸਪ ਗੱਲ ਇਹ ਹੈ ਕਿ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਵਿਧਾਨ ਸਭਾ ਵਿਚ ਇਕ ਤਰ੍ਹਾਂ ਬਾਹਰੋਂ ਆਈ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਹੀ ਚੋਣ ਲੜੀ ਅਤੇ ਪਹਿਲੀ ਵਾਰ ਹੀ ਮੁੱਖ ਵਿਰੋਧੀ ਧਿਰ ਬਣ ਗਈ। ਇਹ ਗੱਲ ਅਲੱਗ ਹੈ ਕਿ ਉਹ ਇੱਥੇ ਬਣਾਉਣਾ ਤਾਂ ਆਪਣੀ ਸਰਕਾਰ ਚਾਹੁੰਦੀ ਸੀ ਅਤੇ ਉਸ ਨੇ ਚੋਣਾਂ ਦੇ ਨੇੜੇ ਤੇੜੇ ਜਾ ਕੇ ਹਿੱਕ ਠੋਕ ਕੇ ਇਹ ਦਾਅਵਾ ਵੀ ਕੀਤਾ ਸੀ ਕਿ ਉਹ ਘੱਟੋ-ਘੱਟ ਸੌ ਸੀਟਾਂ ਜਿੱਤੇਗੀ ਪਰ ਸਮੇਂ ਦੀ ਨਬਜ਼ ਨੂੰ ਕੋਈ ਨਹੀਂ ਜਾਣ ਸਕਿਆ। ਇਹ ਤਾਂ ਆਪਣੇ ਆਪ ਹੀ ਕਿਸੇ ’ਤੇ ਮਿਹਰਬਾਨ ਹੋ ਜਾਂਦਾ ਹੈ ਜਿਵੇਂ ਇਸ ਵਾਰੀ ਪਿਛਲੇ ਇਕ ਦਹਾਕੇ ਤੋਂ ਸੱਤਾ ਤੋਂ ਬਾਹਰ ਬੈਠੀ ਕਾਂਗਰਸ ਨੂੰ ਸੱਤਾਧਾਰੀ ਬਣਾ ਦਿੱਤਾ ਅਤੇ ਉੱਧਰੋਂ ਆਮ ਆਦਮੀ ਪਾਰਟੀ ਨੂੰ 117 ਵਿੱਚੋਂ 20 ਸੀਟਾਂ ਜਿਤਾ ਕੇ ਨਵੀਂ ਵਿਰੋਧੀ ਧਿਰ ਬਣਾ ਦਿੱਤਾ ਕਿਉਂਕਿ ਦੂਸਰੇ ਪਾਸੇ ਦਸਾਂ ਸਾਲਾਂ ਤੋਂ ਲਗਾਤਾਰ ਹਕੂਮਤ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 15 ਸੀਟਾਂ ਨਾਲ ਹੀ ਸਬਰ ਕਰਨਾ ਪਿਆ

ਇਹ ਵੀ ਵਿਚਾਰਨਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ 2014 ਵਿਚ ਉਦੋਂ ਹੀ ਕਰ ਲਿਆ ਸੀ ਜਦੋਂ ਲੋਕ ਸਭਾ ਵਿਚ ਪੰਜਾਬ ਨੇ ਚਾਰ ਐੱਮ.ਪੀ. ਚੁਣ ਕੇ ਪਾਰਲੀਮੈਂਟ ਦੀਆਂ ਬਰੂਹਾਂ ਲੰਘਾ ਦਿੱਤੇ ਸਨ। ਦਰਅਸਲ ਉਸੇ ਦਿਨ ਤੋਂ ਹੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਅੱਖਾਂ ਵਿਚ ਪਾਲ ਲਿਆ ਸੀ। ਉਸਨੇ ਆਪਣੇ ਦੋ ਭਰੋਸੇਯੋਗ ਬੰਦਿਆਂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਦੀ ਅਗਵਾਈ ਹੇਠਾਂ ਪੰਜਾਬ ਦੀ ਟੀਮ ਬਣਾ ਕੇ ਇਸ ਨੂੰ ਪੰਜਾਬ ਦੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਦਾ ਗੇੜਾ ਲਾਉਣ ਲਈ ਤੋਰ ਦਿੱਤਾ। ਇਕ ਹੰਡੇ ਵਰਤੇ ਸਿਆਸਤਦਾਨ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ। ਪੰਜਾਬ ਵਿਧਾਨ ਸਭਾ ਚੋਣਾਂ ਤੱਕ ਇਸ ਟੀਮ ਨੇ ਪੂਰਾ ਪੰਜਾਬ ਗਾਹ ਮਾਰਿਆ ਸੀ ਅਤੇ ਇਸ ਨੇ ਪੰਜਾਬ ਵਿਚ ਜੋ ਭ੍ਰਿਸ਼ਟਾਚਾਰ ਰਹਿਤ ਨਿਜ਼ਾਮ ਦਾ ਹੋਕਾ ਦਿੱਤਾ, ਉਸਦਾ ਇਸ ਨੂੰ ਪਿੰਡਾਂ ਵਿੱਚੋਂ ਇੰਨਾ ਜ਼ਬਰਦਸਤ ਹੁੰਗਾਰਾ ਮਿਲਿਆ ਕਿ ਇਹਦੇ ਕੋਲ ਬੇਸ਼ੁਮਾਰ ਪਾਰਟੀ ਕਾਡਰ ਬਿਨਾਂ ਕਿਸੇ ਤਰੱਦਦ ਦੇ ਇਕੱਠਾ ਹੋ ਗਿਆ ਸੀ। ਇਹੀਓ ਸਮਾਂ ਸੀ ਜਦੋਂ ਸੁਖਪਾਲ ਸਿੰਘ ਖਹਿਰਾ ਵੀ ਇਸ ਪਾਰਟੀ ਵਿਚ ਆਇਆ। ਸਿਆਸਤ ਉਸ ਨੂੰ ਵੀ ਵਿਰਸੇ ਵਿੱਚੋਂ ਮਿਲੀ ਸੀ। ਉਸਦੇ ਪਿਤਾ ਸੁਖਜਿੰਦਰ ਸਿੰਘ ਖੁਦ ਰਾਜਨੀਤੀ ਵਿਚ ਸਰਗਰਮ ਰਹੇ ਅਤੇ ਇਕ ਵਾਰ ਮੰਤਰੀ ਵੀ ਬਣੇ। ਉਹ ਵੀ ਬੜੇ ਧੜੱਲੇਦਾਰ ਸਨ ਅਤੇ ਲਗਪਗ ਉਹੋ ਜਿਹੀ ਬੇਬਾਕੀ ਅਤੇ ਨਿਡਰਤਾ ਵਾਲੇ ਗੁਣ ਸੁਖਪਾਲ ਸਿੰਘ ਖਹਿਰਾ ਵਿਚ ਵੀ ਹਨ। ਉਹ ਚੂੰਕਿ ਜ਼ਰਾ ਲੋੜ ਤੋਂ ਵਧੇਰੇ ਇੱਛਾਵਾਨ ਹੈ ਇਸ ਲਈ ਸਿਆਸਤ ਵਿਚ ਆਏ ਦਿਨ ਕੁਝ ਨਾ ਕੁਝ ਕਰਕੇ ਵਿਖਾਉਣਾ ਚਾਹੁੰਦਾ ਸੀ ਜਿਸ ਦਾ ਮੌਕਾ ਉਸ ਨੂੰ ਨਾ ਤਾਂ ਉਦੋਂ ਹੀ ਮਿਲਿਆ ਜਦੋਂ ਉਹ ਖੁਦ ਕਾਂਗਰਸ ਵਿਚ ਵਿਧਾਇਕ ਸੀ ਅਤੇ ਨਾ ਹੀ ਇਸ ਪਾਰਟੀ ਵਿਚ ਵਿਧਾਇਕ ਬਣਨ ਤੋਂ ਬਾਅਦ।

ਕਿਹਾ ਜਾ ਸਕਦਾ ਹੈ ਕਿ ਉਹ ਕਿਸਮਤ ਦਾ ਧਨੀ ਜ਼ਰੂਰ ਹੈ ਅਤੇ ਪੰਜਾਬ ਵਿਚ ਵਿਰੋਧੀ ਧਿਰ ਦਾ ਲੀਡਰ ਬਣਨ ਵਿੱਚ ਵੀ ਉਹਦਾ ਸਾਥ ਕੁਝ ਕਿਸਮਤ ਨੇ ਦਿੱਤਾ ਅਤੇ ਕੁਝ ਉਸ ਦੀ ਦਲੇਰੀ ਅਤੇ ਸੂਝਬੂਝ ਨੇ। ਉਂਜ ਤਾਂ ਚੋਣਾਂ ਪਿੱਛੋਂ ਇਹ ਅਹੁਦਾ ਸ੍ਰੀ ਐੱਚ.ਐੱਸ. ਫੂਲਕਾ ਦੀ ਝੋਲੀ ਪੈ ਗਿਆ ਸੀ ਪਰ ਪਿੱਛੇ ਜਿਹੇ ਉਨ੍ਹਾਂ ਨੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਦੇ ਰਹਿਣ ਲਈ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਉਸੇ ਸੀਟ ਤੇ ਸੁਖਪਾਲ ਸਿੰਘ ਖਹਿਰਾ ਨੂੰ ਬਿਠਾ ਦਿੱਤਾ ਗਿਆ ਹੈ। ਉਂਜ ਜਦੋਂ ਇਹ ਸੀਟ ਖਾਲੀ ਹੋਈ ਸੀ ਤਾਂ ਉਹ ਵੀ ਭਾਵੇਂ ਇਸ ਦੌੜ ਵਿਚ ਕੁਝ ਵਿਧਾਇਕਾਂ ਸਣੇ ਸ਼ਾਮਲ ਸੀ ਪਰ ਵਿਧਾਨ ਸਭਾ ਵਿਚ ਮੌਜੂਦਾ ਵੇਲੇ ਜਿਸ ਤਰ੍ਹਾਂ ਦੇ ਸੁਲਝੇ ਹੋਏ ਅਤੇ ਰਾਜਨੀਤੀ ਦੀਆਂ ਪਰਤਾਂ ਖੋਲ੍ਹਣ ਵਾਲੇ ਇਕ ਤਕੜੇ ਨੇਤਾ ਦੀ ਲੋੜ ਸੀ ਉਸ ਸੂਰਤ ਵਿਚ ਇਹ ਗੁਣਾ ਸੁਖਪਾਲ ਸਿੰਘ ਖਹਿਰਾ ’ਤੇ ਪਿਆ ਵੈਸੇ ਆਮ ਆਦਮੀ ਪਾਰਟੀ ਦੇ ਜਿਹੜੇ ਵੀਹ ਵਿਧਾਇਕ ਚੁਣੇ ਗਏ ਹਨ ਉਨ੍ਹਾਂ ਵਿੱਚੋਂ ਸਣੇ ਸ੍ਰੀ ਫੂਲਕਾ ਦੇ ਸੁਖਪਾਲ ਸਿੰਘ ਖਹਿਰਾ ਨੂੰ ਛੱਡ ਕੇ ਬਾਕੀ ਸਭ ਨਵੇਂ ਹਨ ਯਾਨੀ ਉਹ ਇਸ ਸਦਨ ਦੇ ਪਹਿਲੀ ਵਾਰੀ ਮੈਂਬਰ ਬਣੇ ਹਨ।

ਪੰਜਾਬ ਵਿਧਾਨ ਸਭਾ ਦੇ ਹੁਣ ਤਕ ਦੋ ਛੋਟੇ ਛੋਟੇ ਸੈਸ਼ਨ ਹੋਏ ਹਨ ਅਤੇ ਇਨ੍ਹਾਂ ਦੋਹਾਂ ਵਿਚ ਸੁਖਪਾਲ ਸਿੰਘ ਖਹਿਰਾ ਨੇ ਨਾ ਕੇਵਲ ਆਪਣੀ ਵਰਨਣਯੋਗ ਹਾਜ਼ਰੀ ਲਵਾਈ ਹੈ ਸਗੋਂ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਖਾਸ ਕਰਕੇ ਉਦੋਂ ਜਦੋਂ ਉਸ ਨੂੰ ਸਦਨ ਵਿੱਚੋਂ ਬਾਕੀ ਰਹਿੰਦੇ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਉਦੋਂ ਹੀ ਇਸ ਸਦਨ ਵਿਚ ਸਿਰਫ ਤੇ ਸਿਰਫ ਇਸੇ ਪਾਰਟੀ ਦੇ ਕਈ ਵਿਧਾਇਕਾਂ ਦੀਆਂ ਪੱਗਾਂ ਲੱਥੀਆਂ ਅਤੇ ਵਿਧਾਇਕ ਬੀਬੀਆਂ ਦੀਆਂ ਚੁੰਨੀਆਂ। ਇਸ ਤਰ੍ਹਾਂ ਦਾ ਸ਼ਰਮਨਾਕ ਕਾਂਡ ਵੀ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਅਤੇ ਇਹ ਸ਼ਾਇਦ ਸਪੀਕਰ ਦੇ ਵੀ ਨਾ ਹੋਣ ਕਾਰਨ ਵਾਪਰਿਆ। ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿਚ ਜੋਸ਼ ਤਾਂ ਲੋੜੋਂ ਵੱਧ ਵਿਖਾਇਆ ਪਰ ਇਸ ਜੋਸ਼ ਨੂੰ ਅਸਲ ਵਿਚ ਹੋਸ਼ ਦੀ ਅਗਵਾਈ ਦੀ ਲੋੜ ਸੀ ਜਿਹੜੀ ਸ੍ਰੀ ਫੂਲਕਾ ਵਰਗੇ ਵਿਧਾਇਕ ਖੁਦ ਨਵੇਂ ਹੋਣ ਕਰਕੇ ਨਹੀਂ ਦੇ ਸਕੇ ਪਰ ਸੁਖਪਾਲ ਖਹਿਰਾ ਇਹ ਅਗਵਾਈ ਹੁਣ ਠੀਕ ਢੰਗ ਨਾਲ ਦੇ ਸਕਦਾ ਹੈ।

ਇਸ ਪੜਾਅ ਤੇ ਹੁਣ ਦੋ ਗੱਲਾਂ ਵਾਚਣਯੋਗ ਹਨ। ਪਹਿਲੀ ਇਹ ਹੈ ਕਿ ਚੋਣਾਂ ਤਕ ਪੰਜਾਬ ਵਿਚ ਮਾਹੌਲ ਅਜਿਹਾ ਬਣ ਗਿਆ ਲਗਦਾ ਸੀ ਕਿ ਇਹ ਪਾਰਟੀ ਜੇਤੂ ਰਹਿ ਸਕਦੀ ਹੈ ਪਰ ਇਨ੍ਹਾਂ ਦਿਨਾਂ ਵਿਚ ਹੀ ਪਾਰਟੀ ਵਿਚ ਪੈ ਗਈ ਅੰਦਰੂਨੀ ਫੁੱਟ ਅਤੇ ਦੂਜਾ ਸੁੱਚਾ ਸਿੰਘ ਛੋਟੇਪੁਰ ਨੂੰ ਚਲਦਾ ਕਰ ਦੇਣ ਕਰਕੇ ਇਹ ਇਕ ਦਮ ਲੀਹੋਂ ਲੱਥ ਗਈ ਅਤੇ ਇਸ ਸਭ ਕੁਝ ਨਾਲ ਉਸ ਪਾਰਟੀ ਹਮਦਰਦ ਨੂੰ ਬੜਾ ਧੱਕਾ ਲੱਗਾ ਸੀ ਜਿਹੜਾ ਇਹ ਸੋਚ ਕੇ ਇਸ ਵਿਚ ਸ਼ਾਮਲ ਹੋਇਆ ਸੀ ਕਿ ਇਹ ਦੂਜੀਆਂ ਧਿਰਾਂ ਤੋਂ ਨਿਵੇਕਲੀ ਹੈ। ਇਸ ਦੇ ਬਾਵਜੂਦ ਪਹਿਲੀ ਵਾਰੀ ਚੋਣ ਲੜ ਕੇ ਪਹਿਲੀ ਵਾਰੀ ਮੁੱਖ ਵਿਰੋਧੀ ਧਿਰ ਦੇ ਤੌਰ ’ਤੇ ਉੱਭਰਨਾ ਵੀ ਕੋਈ ਛੋਟੀ ਗੱਲ ਨਹੀਂ। ਇਸ ਧਿਰ ਦੀ ਵਾਗਡੋਰ ਹੁਣ ਚੂੰਕਿ ਇਕ ਪਾਸੇ ਸੁਖਪਾਲ ਸਿੰਘ ਖਹਿਰਾ ਕੋਲ ਹੈ ਅਤੇ ਦੂਜੇ ਪਾਸੇ ਸੰਗਰੂਰ ਤੋਂ ਲੋਕ ਸਭਾ ਦੇ ਐੱਮ.ਪੀ. ਭਗਵੰਤ ਮਾਨ ਕੋਲ। ਦੋਹਾਂ ਵਿਚ ਅੰਦਰਖਾਤੇ ਤਾਂ ਪਤਾ ਨਹੀਂ ਕਿੰਨੀ ਕੁ ਬਣਦੀ ਹੈ ਜਾਂ ਨਹੀਂ ਪਰ ਇਕ ਸਾਂਝ ਤਾਂ ਹੈ ਹੀ ਅਤੇ ਉਹ ਇਹ ਕਿ ਦੋਵੇਂ ਹੀ ਵਾਹਵਾ ਬੜਬੋਲੇ ਹਨ। ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦੇ। ਭਗਵੰਤ ਮਾਨ ਨੇ ਤਾਂ ਇਸੇ ਲਹਿਜ਼ੇ ਨਾਲ ਪੂਰੀ ਲੋਕ ਸਭਾ ਨੂੰ ਆਪਣੇ ਭਾਸ਼ਨਾਂ ਨਾਲ ਵਾਹਣੋ ਵਾਹਣੀ ਪਾਇਆ ਹੋਇਆ ਹੈ। ਇੱਧਰ ਸੁਖਪਾਲ ਸਿੰਘ ਖਹਿਰਾ ਨਾ ਕੇਵਲ ਪੰਜਾਬ ਵਿਧਾਨ ਸਭਾ ਦੇ ਅੰਦਰ ਹੀ, ਸਗੋਂ ਬਾਹਰ ਵੀ ਸੱਤਾਧਾਰੀ ਧਿਰ ਕਾਂਗਰਸ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਰਗੜੇ ਤੇ ਰਗੜਾ ਲਾ ਰਿਹਾ ਹੈ। ਉਹ ਕਿਉਂਕਿ ਵਾਹਵਾ ਸਮਾਂ ਪੰਜਾਬ ਕਾਂਗਰਸ ਵਿਚ ਰਿਹਾ ਹੈ ਅਤੇ ਇਕ ਸਮਾਂ ਵਿਧਾਇਕ ਵੀ, ਇਸ ਲਈ ਉਹ ਕਾਂਗਰਸ ਦੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਅਸਾਨੀ ਨਾਲ ਫੜ ਕੇ ਜ਼ਾਹਿਰ ਕਰਨ ਲੱਗਿਆਂ ਪਲ ਛਿਣ ਨਹੀਂ ਲਾਉਂਦਾ। ਉਸ ਨੂੰ ਵੈਸੇ ਵੀ ਸੱਤਾਧਾਰੀ ਧਿਰ ’ਤੇ ਹਮਲੇਤੇ ਹਮਲਾ ਕਰਨ ਦਾ ਮਾਹਿਰ ਮੰਨਿਆ ਜਾਂਦਾ ਹੈ ਅਤੇ ਕੁਝ ਸਿਆਸਤਦਾਨਾਂ ਦੇ ਅਗਲੇ ਪਿਛਲੇ ਪੋਤੜੇ ਫੋਲਣ ਦਾ ਖਿਡਾਰੀ ਵੀ। ਉਸਦੇ ਕੋਲ ਸੁੰਘਣ ਸ਼ਕਤੀ ਵੀ ਹੈ, ਅਤੇ ਨਾਲ ਹੀ ਅੰਕੜਿਆਂ ਤੇ ਤੱਥਾਂ ਸਮੇਤ ਗਲਤ ਕੰਮਾਂ ਨੂੰ ਸਾਹਮਣੇ ਲਿਆਉਣ ਦੀ ਕਲਾ ਵੀ।

ਜੇ ਗੱਲ ਬਹੁਤ ਵਧਾ ਚੜ੍ਹਾ ਕੇ ਨਾ ਵੀ ਆਖੀ ਜਾਵੇ ਤਾਂ ਪਿਛਲੇ ਚਾਰ ਮਹੀਨਿਆਂ ਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਜੋ ਰਿਕਾਰਡ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਜੋ ਚੰਗਾ ਮਾੜਾ ਰਿਕਾਰਡ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਦਾ ਰਿਹਾ ਹੈ ਉਸ ਨੂੰ ਸੁਖਪਾਲ ਸਿੰਘ ਖਹਿਰਾ ਆਪਣੀ ਸ਼ੈਲੀ ਰਾਹੀਂ ਸਾਹਮਣੇ ਲਿਆਉਣ ਵਿਚ ਪਿੱਛੇ ਰਹਿਣ ਵਾਲਾ ਨਹੀਂ। ਆਮ ਹਲਕਿਆਂ ਦੀ ਰਾਏ ਤਾਂ ਇਹੀ ਬਣ ਰਹੀ ਹੈ ਕਿ ਉਹ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ, ਦੋਹਾਂ ਲਈ ਵੱਡਾ ਖਤਰਾ ਜਾਪ ਰਿਹਾ ਹੈ ਹਾਲਾਂਕਿ ਕੁਝ ਕਿਹਾ ਨਹੀਂ ਜਾ ਸਕਦਾ, ਸ਼੍ਰੋਮਣੀ ਅਕਾਲੀ ਦਲ ਵੀ ਕਿਉਂਕਿ ਵਿਰੋਧੀ ਧਿਰ ਹੈ ਅਤੇ ਕੱਲ੍ਹ ਕਲੋਤਰ ਨੂੰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਵਿਰੋਧੀ ਧਿਰਾਂ ਇਕ ਮਜ਼ਬੂਤ ਧਿਰ ਬਣ ਕੇ ਉਹ ਇਤਿਹਾਸ ਦੁਹਰਾ ਦੇਣ ਜਿਸ ਮੁਤਾਬਿਕ ਇਕ ਸਰਕਾਰ ਲਈ ਤਕੜੀ ਵਿਰੋਧੀ ਧਿਰ ਹੋਣੀ ਬਹੁਤ ਜ਼ਰੂਰੀ ਹੈ। ਵੈਸੇ ਵੀ ਪੰਜਾਬ ਵਿਚ ਵਿਰੋਧੀ ਧਿਰ ਦੀ ਚਰਚਾ ਐਤਕੀਂ ਵਧੇਰੇ ਹੋਣ ਲੱਗੀ ਹੈ।

*****

(784)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author