ShangaraSBhullar7ਦੋਵੇਂ ਹੀ ਉਸ ਨੂੰ ਮਿਲਣ ਲਈ ਸਹਿਕਦੇ ਇਸ ਦੁਨੀਆਂ ਤੋਂ ਤੁਰ ਗਏ ਹਨ ...
(29 ਅਕਤੂਬਰ 2016)


ਮਨੁੱਖੀ ਜੀਵਨ ਦੀਆਂ ਕੁਝ ਯਾਦਾਂ ਅਜਿਹੀਆਂ ਕੌੜੀਆਂ ਕਸੈਲੀਆਂ ਹੁੰਦੀਆਂ ਹਨ ਜਿਹੜੀਆਂ ਸਮੇਂ ਦੀ ਤੋਰ ਨਾਲ ਭਾਵੇਂ ਕੁਝ ਫਿੱਕੀਆਂ ਜ਼ਰੂਰ ਪੈ ਜਾਂਦੀਆਂ ਹਨ ਪਰ ਸਮੇਂ-ਸਮੇਂ ਫਿਰ ਵੀ ਉਨ੍ਹਾਂ ਦੀ ਕੁਝ ਟੀਸ ਮਨ ਮਸਤਕ ਨੂੰ ਝੰਜੋੜਦੀ ਰਹਿੰਦੀ ਹੈ। ਇੱਕ ਇਸੇ ਤਰ੍ਹਾਂ ਦੀ ਯਾਦ ਹੇਠਾਂ ਦਰਜ ਹੈ।

ਸੱਠਵਿਆਂ ਦੇ ਨੇੜੇ-ਤੇੜੇ ਦੀ ਗੱਲ ਹੈ ਕਿ ਸਾਡੇ ਦਾਦੇ ਵੱਲੋਂ ਉੱਤਰ ਪ੍ਰਦੇਸ਼ ਦੇ ਬਾਜਪੁਰ ਖੇਤਰ ਵਿੱਚ ਲਈ ਬੇਆਬਾਦ ਅਤੇ ਬੰਜਰ ਜ਼ਮੀਨ ’ਤੇ ਖੇਤੀ ਕਰਨ ਵਿੱਚ ਅਸਫ਼ਲ ਰਹਿ ਜਾਣ ਕਾਰਨ ਘਰ ਦੀ ਮਾਲੀ ਹਾਲਤ ਇਕਦਮ ਡਾਵਾਂਡੋਲ ਹੋ ਗਈ ਸੀ। ਇੱਥੇ ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਸੀ, ਉਹ ਵੇਚ ਕੇ ਉੱਥੇ ਲੈ ਲਈ ਸੀ ਪਰ ਜਿਸ ਤਰ੍ਹਾਂ ਗੱਲ ਬਣਨੀ ਚਾਹੀਦੀ ਸੀ, ਉਸ ਤਰ੍ਹਾਂ ਨਹੀਂ ਸੀ ਬਣੀ। ਸਿੱਟਾ, ਬੇਰੰਗ ਹੋ ਕੇ ਵਾਪਸ ਆਉਣਾ ਪਿਆ। ਤਦੇ ਸਾਡੇ ਵੱਡੇ ਭਰਾ ਨੇ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ ਅਤੇ ਘਰ ਦੀ ਮੁੜ ਰੋਟੀ ਚੰਗੀ ਤੁਰਨ ਲੱਗ ਪਈ। ਇਸ ਦੌਰਾਨ ਵੱਡੇ ਭਰਾ ਦਾ ਵਿਆਹ ਵੀ ਹੋ ਗਿਆ। ਪਿਓ ਵੀ ਕੰਮ ਕਰਨ ਲੱਗ ਗਿਆ। ਕੁਲ ਮਿਲਾ ਕੇ ਛੇ ਸੱਤ ਜੀਆਂ ਦਾ ਪਰਿਵਾਰ ਸੀ।

ਕੁਦਰਤ ਨੂੰ ਸ਼ਾਇਦ ਇਸ ਘਰ ਦੀ ਇਹ ਖ਼ੁਸ਼ੀ ਪ੍ਰਵਾਨ ਨਹੀਂ ਸੀ। ਇੱਕ ਸ਼ਾਮ ਨੂੰ ਘਰ ਖ਼ਬਰ ਆਈ ਕਿ ਵੱਡੇ ਭਰਾ ਦੀ ਕੰਮ ਕਰਦਿਆਂ ਬਿਜਲੀ ਦੇ ਝਟਕੇ ਨਾਲ ਮੌਤ ਹੋ ਗਈ ਹੈ। ਹੇਠਲੀ ਉੱਤੇ ਆ ਗਈ। ਮਾਂ-ਪਿਓ ਦਾ ਤਾਂ ਜਵਾਨ ਪੁੱਤਰ ਦੀ ਮੌਤ ਨਾਲ ਉਂਜ ਹੀ ਲੱਕ ਟੁੱਟ ਜਾਂਦਾ ਹੈ। ਰੋਣ-ਧੋਣ ਪਿੱਛੋਂ ਸਭ ਕੁਝ ਹੌਲੀ ਹੌਲੀ ਥਾਂ ਸਿਰ ਆਉਣ ਲੱਗਾ ਸੀ ਪਰ ਵੱਡੇ ਭਰਾ ਦੀ ਘਰਵਾਲੀ ਦਾ ਕੀ ਕੀਤਾ ਜਾਵੇ, ਸਾਡੇ ਮਾਂ-ਪਿਓ ਨੂੰ ਇਹ ਫ਼ਿਕਰ ਵੱਢ-ਵੱਢ ਖਾਣ ਲੱਗਾ। ਉੱਧਰੋਂ ਸਾਡੀ ਭਰਜਾਈ ਦੇ ਮਾਂ-ਪਿਓ ਅਤੇ ਭੈਣ-ਭਰਾ ਵੀ ਬੜੇ ਫ਼ਿਕਰਮੰਦ ਸਨ। ਮੈਂ ਅਤੇ ਮੇਰਾ ਵੱਡਾ ਭਰਾ ਅਜੇ ਪੜ੍ਹਦੇ ਸਾਂ। ਉਹ ਕਾਫ਼ੀ ਸੰਵੇਦਨਸ਼ੀਲ ਬਿਰਤੀ ਵਾਲਾ ਸੀ। ਬਹੁਤੀਆਂ ਗੱਲਾਂ ਵੀ ਨਹੀਂ ਸੀ ਕਰਦਾ ਪਰ ਪੜ੍ਹਾਈ ਅਤੇ ਘਰ ਦੇ ਹੋਰ ਕੰਮਾਂ ਵਿਚ ਰੁੱਝਾ ਰਹਿੰਦਾ। ਸਾਡਾ ਵੱਡਾ ਭਰਾ ਵੀ ਬਹੁਤਾ ਨਹੀਂ ਸੀ ਪੜ੍ਹਿਆ ਹੋਇਆ, ਇਸ ਲਈ ਉਹ ਸਾਨੂੰ ਦੋਹਾਂ ਨੂੰ ਇੱਕ ਤਾਂ ਬੇਹੱਦ ਪਿਆਰ ਕਰਦਾ ਸੀ ਅਤੇ ਦੂਜਾ ਉਸ ਦੀ ਮਨਸ਼ਾ ਸੀ ਕਿ ਅਸੀਂ ਖ਼ੂਬ ਪੜ੍ਹੀਏ। ਇਸੇ ਲਈ ਉਹ ਜਦੋਂ ਕਦੇ ਵੀ ਵਿਹਲਾ ਹੁੰਦਾ ਤਾਂ ਸਾਡੀ ਪੜ੍ਹਾਈ ਬਾਰੇ ਪੁੱਛਦਾ ਰਹਿੰਦਾ। ਸਾਨੂੰ ਖ਼ਰਚਾ-ਪਾਣੀ ਵੀ ਉਹ ਹੀ ਦਿੰਦਾ ਸੀ। ਸਾਡੇ ਵੱਡੇ ਭਰਾ ਦਾ ਦੇਹਾਂਤ ਨੂੰ ਜਦੋਂ ਚਾਰ-ਪੰਜ ਮਹੀਨੇ ਹੋ ਗਏ ਤਾਂ ਘਰ ਵਿੱਚ ਇਹ ਗੱਲਾਂ ਚੱਲਣ ਲੱਗ ਪਈਆਂ ਕਿ ਉਸ ਦੀ ਪਤਨੀ ਨੂੰ ਮੇਰੇ ਤੋਂ ਵੱਡੇ ਭਰਾ ਦੇ ਘਰ ਬਿਠਾ ਦਿੱਤਾ ਜਾਵੇ ਭਾਵ ਕਿ ਭਰਜਾਈ ’ਤੇ ਚਾਦਰ ਪਾ ਦਿੱਤੀ ਜਾਵੇ। ਜਦੋਂ ਮੇਰੇ ਉਸ ਭਰਾ ਦੇ ਕੰਨਾਂ ਤਕ ਇਹ ਗੱਲ ਪਹੁੰਚੀ ਤਾਂ ਉਹ ਤਾਂ ਇਕਦਮ ਹੈਰਾਨ ਤੇ ਪ੍ਰੇਸ਼ਾਨ ਜਿਹਾ ਹੋ ਗਿਆ ਕਿਉਂਕਿ ਉਹ ਤਾਂ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਜਿਹੜਾ ਭਰਾ ਉਸ ਨੂੰ ਪੁੱਤਾਂ ਵਾਂਗ ਲਾਡ-ਪਿਆਰ ਕਰਦਾ ਸੀ, ਹੁਣ ਉਸ ਦੀ ਬੀਵੀ ਨੂੰ ਆਪਣੇ ਘਰ ਬਿਠਾ ਲਵੇ। ਸਾਡੀ ਭਰਜਾਈ ਵੀ ਸੱਚੀਂ-ਮੁੱਚੀਂ ਸਾਡੇ ਨਾਲ ਮਾਵਾਂ ਵਰਗਾ ਵਿਹਾਰ ਕਰਦੀ ਸੀ।  ਉਸ ਨੇ ਵਿਆਹ ਪਿੱਛੋਂ ਸਾਡੇ ਘਰ ਆ ਕੇ ਇੱਕ ਤਾਂ ਦਿਨਾਂ ਵਿੱਚ ਹੀ ਸਾਰਾ ਕੰਮ ਸੰਭਾਲ ਲਿਆ ਸੀ, ਦੂਜਾ ਉਸ ਦਾ ਵਰਤੋਂ-ਵਿਹਾਰ ਸਭ ਨਾਲ ਬੜਾ ਮਿਲਾਪੜਾ ਸੀ। ਹਾਲਾਂਕਿ ਸਾਡੀ ਮਾਂ ਸੁਭਾਅ ਦੀ ਕੁਝ ਅੜਬ ਸੀ।

ਅਜਿਹੀਆਂ ਗੱਲਾਂ ਸੁਣ ਕੇ ਮੇਰਾ ਵੱਡਾ ਭਰਾ ਥੋੜ੍ਹਾ-ਥੋੜ੍ਹਾ ਚੁੱਪ ਰਹਿਣ ਲੱਗਾ ਅਤੇ ਗੱਲਾਂ-ਗੱਲਾਂ ਵਿੱਚ ਉਸ ਨੇ ਇਹ ਰਿਸ਼ਤਾ ਮਨਜ਼ੂਰ ਕਰਨੋਂ ਨਾਂਹ ਕਰ ਦਿੱਤੀ ਸੀ। ਉਸ ਨੂੰ ਅੰਦਰੋ-ਅੰਦਰੀ ਇਹ ਡਰ ਵੀ ਸੀ ਕਿ ਘਰਦੇ ਕਿਤੇ ਕਿਸੇ ਦਿਨ ਧੱਕੇਜ਼ੋਰੀ ਭਰਜਾਈ ਨੂੰ ਉਸ ਦੇ ਘਰ ਨਾ ਬਿਠਾ ਦੇਣ। ਭਰਜਾਈ ਦੀ ਆਪਣੀ ਮੁਸ਼ਕਲ ਸੀ ਕਿਉਂਕਿ ਉਸ ਦੇ ਕੋਈ ਬੱਚਾ ਨਹੀਂ ਸੀ, ਇਸ ਲਈ ਦੋਹਾਂ ਧਿਰਾਂ ਨੂੰ ਉਸ ਦਾ ਕੋਈ ਨਾ ਕੋਈ ਹੀਲਾ-ਵਸੀਲਾ ਕਰਨਾ ਹੀ ਪੈਣਾ ਸੀ। ਇਸ ਸਥਿਤੀ ਵਿੱਚ ਚਾਦਰ ਪਾਉਣੀ ਹੀ ਸਭ ਤੋਂ ਉੱਚਿਤ ਗੱਲ ਜਾਪਦੀ ਸੀ। ਇਸੇ ਦੁੱਖ ਦੀ ਘੜੀ ਵਿੱਚ ਦਿਨ ਹੌਲੀ-ਹੌਲੀ ਲੰਘ ਰਹੇ ਸਨ। ...

ਦਿਵਾਲੀ ਦੇ ਨੇੜੇ-ਤੇੜੇ ਦੇ ਦਿਨਾਂ ਦੀ ਗੱਲ ਹੋਵੇਗੀ ਜਦੋਂ ਇੱਕ ਦਿਨ ਮੇਰਾ ਵੱਡਾ ਭਰਾ ਘਰੋਂ ਸ਼ਹਿਰ ਗਿਆ ... ਅੱਜ ਤਕ ਮੁੜਿਆ ਹੀ ਨਹੀਂ। ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਾਡੇ ਮਾਂ-ਪਿਓ ਦਾ ਰਹਿੰਦਾ-ਖੂੰਹਦਾ ਲੱਕ ਇੱਕ ਵਾਰੀ ਫਿਰ ਟੁੱਟ ਗਿਆ। ਦੋਵੇਂ ਹੀ ਉਸ ਨੂੰ ਮਿਲਣ ਲਈ ਸਹਿਕਦੇ ਇਸ ਦੁਨੀਆਂ ਤੋਂ ਤੁਰ ਗਏ ਹਨ ਹਾਲਾਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਸਾਡੀ ਭਰਜਾਈ ਨੂੰ ਉਸ ਦੇ ਪੇਕੇ ਭੇਜ ਦਿੱਤਾ ਸੀ। ਇਸ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ।

ਮੇਰੇ ਮਾਂ-ਪਿਓ ਨੇ ਜਹਾਨੋਂ ਰੁਖ਼ਸਤ ਹੋਣ ਤੋਂ ਪਹਿਲਾਂ ਉਸ ਦੀ ਉੱਘ-ਸੁੱਘ ਜਾਣਨ ਲਈ ਕੋਈ ਪਾਂਧਾ ਜੋਤਸ਼ੀ ਨਹੀਂ ਸੀ ਛੱਡਿਆ ਪਰ ਪੱਲੇ ਕੁਝ ਨਹੀਂ ਪਿਆ।

ਮੈਂ ਜਦੋਂ ਹੋਸ਼ ਸੰਭਾਲੀ ਤਾਂ ਕਦੇ ਕਦੇ ਕੁਝ ਥਾਵਾਂ ’ਤੇ ਉਸ ਦੇ ਹੋਣ ਦੀ ਕੰਨਸੋਅ ਪੈਂਦੀ। ਉੱਥੇ ਪਹੁੰਚਣ ਤਕ ਮਨ ਵਿੱਚ ਉਸ ਨੂੰ ਗਲਵੱਕੜੀ ਪਾਉਣ ਦੇ ਸੌ ਹਵਾਈ ਕਿਲ੍ਹੇ ਉੱਸਰਦੇ ਪਰ ਅੱਗੋਂ ਹਰ ਵਾਰ ਡਾਢੀ ਮਾਯੂਸੀ ਪੱਲੇ ਪੈਂਦੀ। ਦਿਵਾਲੀ ਦੇ ਨੇੜੇ-ਤੇੜੇ ਦੇ ਦਿਨਾਂ ਵਿੱਚ ਉਸ ਦੀ ਯਾਦ ਇੱਕ ਵਾਰੀ ਫਿਰ ਘੇਰਾ ਪਾ ਲੈਂਦੀ ਹੈ। ਪਤਾ ਨਹੀਂ ਉਹ ਹੈ ਵੀ ਜਾਂ ਨਹੀਂ? ਜੇ ਕਿਤੇ ਹੈ ਤਾਂ ਉਸ ਨੂੰ ਮਿਲਣ ਲਈ ਅੱਖਾਂ ਅਜੇ ਵੀ ਬੇਤਾਬ ਹਨ।

*****

(ਨੋਟ: ਇਹ ਲੇਖ 24 ਅਕਤੂਬਰ ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਛਪ ਚੁੱਕਿਆ ਹੈ।)

(478)

ਦਰਸ਼ਨ ਸਿੰਘ (ਕੁਰੂਕਸ਼ੇਤਰ) ਲਿਖਦੇ ਹਨ:

ਸ਼ਿੰਗਾਰਾ ਸਿੰਘ ਭੁੱਲਰ ਦੀ ਰਚਨਾ ਉਸ ਨੂੰ ਅਜੇ ਵੀ ਉਡੀਕਦੀਆਂ ਨੇ ਅੱਖਾਂ’ ਜ਼ਿੰਦਗੀ ਵਿਚ ਵਾਪਰਦੇ ਅਣਕਿਆਸੇ ਹਾਦਸਿਆਂ ਦਾ ਦੁਖਾਂਤ ਹੈ। ਜੀਵਨ ਦੀ ਰਫ਼ਤਾਰ ਨੂੰ ਮੱਠਾ ਕਰਦੀਅਾਂਯਾਦਾਂ ਵਿਚ ਡੁਬਾਉਂਦੀਆਂ ਅਤੇ ਅਤੋਲਵੇਂ ਬੋਝ ਮਨ ਉੱਪਰ ਪਾਉਂਦੀਆਂ ਇਹ ਅਸਹਿ ਅਣਹੋਣੀਆਂ ਸਦਾ ਲਈ ਨਾ ਪੂਰੀਆਂ ਹੋਣ ਵਾਲੀਆਂ ਉਡੀਕਾਂ ਅੱਖਾਂ ਵਿਚ ਛੱਡ ਜਾਂਦੀਆਂ ਹਨ। ਰਿਸ਼ਤਿਆਂ ਦੀ ਪਵਿੱਤਰਤਾ ਨੂੰ ਭਾਰੀ ਮੁੱਲ ਚੁੱਕਾ ਕੇ ਕਾਇਮ ਰੱਖਣਾ ਅਤੇ ਨਿਭਾਉਣਾ ਇਸ ਰਚਨਾ ਦੀ ਇਕ ਹੋਰ ਉਪਲਭਦੀ ਅਤੇ ਵਿਸ਼ੇਸ਼ਤਾ ਹੈ।

ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)

(3 ਨਵੰਬਰ 2016)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author